ਰਿਸ਼ਭ ਪੰਤ : ਕ੍ਰਿਕਟ ਦੇ ਗੁਰ ਸਿੱਖਣ ਦਿੱਲੀ ਆਏ ਤਾਂ ਕਿਵੇਂ ਗੁਰਦੁਆਰਾ ਮੋਤੀ ਬਾਗ ’ਚ ਪਨਾਹ ਮਿਲੀ ਸੀ

ਤਸਵੀਰ ਸਰੋਤ, Getty Images
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
12 ਸਾਲ ਦੇ ਰਿਸ਼ਭ ਪੰਤ ਜਦੋਂ ਆਪਣੀ ਮਾਂ ਸਰੋਜ ਪੰਤ ਨਾਲ ਉੱਤਰਾਖੰਡ ਦੇ ਰੁੜਕੀ ਤੋਂ ਦਿੱਲੀ ਆਏ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਕ੍ਰਿਕਟ ਦੇ ਸੁਪਨੇ ਸਨ, ਇੱਕ ਇੱਛਾ ਸੀ ਕ੍ਰਿਕਟ ਦੇ ਗੁਰ ਸਿੱਖਣ ਦੀ ਪਰ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ।
ਰਿਸ਼ਭ ਦਿੱਲੀ ਦੀ ਸੋਨੇਟ ਕ੍ਰਿਕਟ ਅਕੈਡਮੀ ਵਿੱਚ ਟ੍ਰੇਨਿੰਗ ਲੈਣਾ ਚਾਹੁੰਦੇ ਸੀ ਤਾਂ ਉਨ੍ਹਾਂ ਨੂੰ ਆਸਰਾ ਮਿਲਿਆ ਦਿੱਲੀ ਦੇ ਰਿੰਗ ਰੋਡ ਉੱਤੇ ਸਥਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ।
ਉੱਥੇ ਹੀ ਰਿਸ਼ਭ ਨੇ ਆਪਣੀਆਂ ਰਾਤਾਂ ਗੁਜ਼ਾਰੀਆਂ ਤੇ ਭੁੱਖ ਨੂੰ ਮਿਟਾਉਣ ਲਈ ਲੰਗਰ ਛਕਿਆ।
ਇਸੇ ਰਿਸ਼ਭ ਪੰਤ ਨੇ ਦਿੱਲੀ ਦੀ ਅਕਾਦਮੀ ਵਿੱਚ ਕੋਚ ਤਾਰਕ ਸਿਨਹਾ ਦੀ ਦੇਖ ਰੇਖ ਹੇਠ ਆਪਣੇ ਖੇਡ ਨੂੰ ਅਜਿਹਾ ਉਭਾਰਿਆ ਕਿ ਉਹ ਸਫ਼ਲਤਾ ਨਾਲ ਆਪਣੀ ਮੰਜ਼ਿਲ ਯਾਨੀ ਭਾਰਤੀ ਕ੍ਰਿਕਟ ਟੀਮ ਤੱਕ ਕਾਫੀ ਛੋਟੀ ਉਮਰੇ ਹੀ ਪਹੁੰਚ ਗਏ।
30 ਦਸੰਬਰ, 2022 ਨੂੰ ਰੁੜਕੀ ਨੇੜੇ ਹੋਏ ਸੜਕ ਹਾਦਸੇ ਵਿੱਚ ਰਿਸ਼ਭ ਪੰਤ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਹਨ।
ਉਨ੍ਹਾਂ ਦਾ ਇਲਾਜ ਮੈਕਸ ਹਸਪਤਾਲ, ਦੇਹਰਾਦੂਨ ਵਿੱਚ ਹੋ ਰਿਹਾ ਹੈ।
ਆਓ ਇਸ ਸ਼ਾਨਦਾਰ ਨੌਜਵਾਨ ਖਿਡਾਰੀ ਬਾਰੇ ਜਾਣਦੇ ਹਾਂ ਕੁਝ ਖ਼ਾਸ ਗੱਲਾਂ...
“ਦਿੱਲੀ ਵਿੱਚ ਮੈਂ ਗੁਰਦੁਆਰੇ ਵਿੱਚ ਰਿਹਾ’’

ਤਸਵੀਰ ਸਰੋਤ, DSGMC.IN
ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਰਿਸ਼ਭ ਪੰਤ ਦਾ ਜਨਮ ਉੱਤਰਾਖੰਡ ਦੇ ਰੁੜਕੀ ਵਿੱਚ 4 ਅਕਤੂਬਰ, 1997 ਨੂੰ ਹੋਇਆ।
ਇੱਕ ਇੰਟਰਵਿਊ ਵਿੱਚ ਰਿਸ਼ਭ ਦੱਸਦੇ ਹਨ, “ਮੇਰੇ ਪਿਤਾ ਰਾਜਿੰਦਰ ਪੰਤ ਵੀ ਕ੍ਰਿਕਟ ਖੇਡਿਆ ਕਰਦੇ ਸਨ। ਉਹ ਚਾਹੁੰਦੇ ਸਨ ਕਿ ਮੈਂ ਵੀ ਕ੍ਰਿਕਟ ਖੇਡਾਂ। ਮੈਂ ਪਹਿਲੀ ਜਮਾਤ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ।”
“ਰੁੜਕੀ ਵਿੱਚ ਮੈਂ ਸਥਾਨਕ ਟੂਰਨਾਮੈਂਟ ਖੇਡਦਾ ਸੀ। ਉੱਥੇ ਮੇਰਾ ਕੈਂਪ ਸਵੇਰੇ 8 ਵਜੇ ਲੱਗਦਾ ਸੀ। ਉਸ ਵੇਲੇ ਕੈਂਪ ਤੱਕ ਪਹੁੰਚਣ ਲਈ ਰੋਡਵੇਜ਼ ਦੀ ਬੱਸ ਰਾਹੀਂ ਜਾਣਾ ਪੈਂਦਾ ਸੀ ਜੋ 6 ਘੰਟੇ ਵਿੱਚ ਪਹੁੰਚਾਉਂਦੀ ਸੀ। ਇਸ ਲਈ ਮੈਂ ਸਵੇਰੇ 2 ਵਜੇ ਦੀ ਬੱਸ ਫੜਦਾ ਸੀ।”
ਰਿਸ਼ਭ ਅੱਗੇ ਦੱਸਦੇ ਹਨ, “ਰੁੜਕੀ ਨੂੰ ਅਜੇ ਕ੍ਰਿਕਟ ਦੀ ਐਫੀਲੇਸ਼ਨ ਨਹੀਂ ਮਿਲੀ ਸੀ ਇਸ ਲਈ ਕਿਸੇ ਨੇ ਮੈਨੂੰ ਕਿਹਾ ਕਿ ਮੈਨੂੰ ਦਿੱਲੀ ਜਾ ਕੇ ਟ੍ਰੇਨਿੰਗ ਕਰਨੀ ਚਾਹੀਦੀ ਹੈ। ਮੈਂ ਪਹਿਲਾਂ ਦਿੱਲੀ ਗਿਆ, ਫਿਰ ਰਾਜਸਥਾਨ ਗਿਆ ਤੇ ਮੁੜ ਦਿੱਲੀ ਪਰਤਿਆ।”
“ਦਿੱਲੀ ਵਿੱਚ ਮੈਂ ਗੁਰਦੁਆਰੇ ਵਿੱਚ ਰਿਹਾ ਤੇ ਉੱਥੇ ਨੇੜੇ ਹੀ ਮੈਂ ਅਕੈਡਮੀ ਵਿੱਚ ਕ੍ਰਿਕਟ ਦੀ ਟ੍ਰੇਨਿੰਗ ਲਈ ਜਾਂਦਾ ਸੀ।”
ਰਿਸ਼ਭ ਪੰਤ ਦੇ ਕੋਚ ਤਾਰਕ ਸਿਨਹਾ ਨੇ ਇੱਕ ਇੰਟਰਵਿਊ ਵਿੱਚ ਸਾਲ 2021 ਵਿੱਚ ਕਿਹਾ ਸੀ, “ਗਰਮੀਆਂ ਦੀ ਛੁੱਟੀਆਂ ਵਿੱਚ ਇੱਕ ਕੈਂਪ ਲਗਦਾ ਸੀ ਜਿਸ ਵਿੱਚ ਦਿੱਲੀ ਦੇ ਬਾਹਰ ਦੇ ਬੱਚੇ ਆ ਕੇ ਕ੍ਰਿਕਟ ਸਿੱਖਦੇ ਸਨ। ਰਿਸ਼ਭ ਵੀ ਉਸੇ ਕੈਂਪ ਵਿੱਚ ਆਇਆ ਸੀ।”
“ਇੱਕ ਟੂਰਨਾਮੈਂਟ ਵਿੱਚ ਉਸ ਨੇ ਸਭ ਤੋਂ ਸ਼ਾਨਦਾਰ ਖੇਡਿਆ, ਉਸ ਵੇਲੇ ਮੈਨੂੰ ਲੱਗਿਆ ਕਿ ਇਹ ਇੱਕ ਬਿਹਤਰੀਨ ਖਿਡਾਰੀ ਵਜੋਂ ਉਭਰ ਸਕਦਾ ਹੈ।”

ਇਹ ਵੀ ਪੜ੍ਹੋ:

ਅੰਡਰ – 19 ਵਿੱਚ ਚਮਕੇ ਰਿਸ਼ਭ

ਤਸਵੀਰ ਸਰੋਤ, Getty Images
ਰਣਜੀ ਟਰਾਫੀ ਵਿੱਚ ਦਿੱਲੀ ਲਈ ਖੇਡਦੇ ਰਿਸ਼ਭ ਪੰਤ ਦੇ ਹੁਨਰ ਦੀ ਚਮਕ 2016 ਦੇ ਅੰਡਰ-19 ਵਿਸ਼ਵ ਕੱਪ ਵਿੱਚ ਨਜ਼ਰ ਆਈ ਸੀ, ਜਦੋਂ ਉਨ੍ਹਾਂ ਨੇ ਨੇਪਾਲ ਖਿਲਾਫ਼ 24 ਗੇਂਦਾਂ ਉੱਤੇ 78 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।
ਉਸ ਮਗਰੋਂ ਉਸੇ ਟੂਰਨਾਮੈਂਟ ਵਿੱਚ ਰਿਸ਼ਭ ਨੇ ਨਾਂਮੀਬੀਆ ਖਿਲਾਫ ਸੈਂਕੜਾ ਜੜਿਆ ਸੀ।
ਭਾਰਤ ਭਾਵੇਂ ਉਹ ਟੂਰਨਾਮੈਂਟ ਤਾਂ ਨਹੀਂ ਜਿੱਤ ਸਕਿਆ ਸੀ ਪਰ ਇਸ ਟੂਰਨਾਮੈਂਟ ਵਿੱਚੋਂ ਰਿਸ਼ਭ ਪੰਤ ਦੀ ਇੱਕ ਕ੍ਰਿਕਟਰ ਵਜੋਂ ਖੋਜ ਹੋ ਗਈ ਸੀ।
ਇਸ ਪਰਫੋਰਮੈਂਸ ਮਗਰੋਂ ਰਿਸ਼ਭ ਪੰਤ ਦੀ ਆਈਪੀਐੱਲ ਦੀ ਟੀਮ ਦਿੱਲੀ ਡੇਅਰਡੇਵਿਲਜ਼ ਲਈ ਚੋਣ ਹੋਈ। ਦਿੱਲੀ ਦੇ ਘਰੇਲੂ ਕ੍ਰਿਕਟ ਵਿੱਚ ਵੀ ਰਿਸ਼ਭ ਪੰਤ ਨੇ ਆਪਣੀ ਥਾਂ ਪੱਕੀ ਕਰ ਲਈ।
ਭਾਰਤੀ ਟੀਮ ਲਈ ਰਿਸ਼ਭ ਪੰਤ ਨੇ ਆਪਣਾ ਪਹਿਲਾ ਟੀ20 ਸਾਲ 2017 ਵਿੱਚ ਇੰਗਲੈਂਡ ਖਿਲਾਫ ਖੇਡਿਆ।
ਰਿਸ਼ਭ ਪੰਤ ਦੀ ਪਹਿਲੀ ਸੈਂਚੁਰੀ ਉਨ੍ਹਾਂ ਦੇ ਤੀਜੇ ਟੈਸਟ ਮੈਚ ਦੌਰਾਨ ਹੀ ਆਈ, ਉਹ ਵੀ ਇੰਗਲੈਂਡ ਦੀ ਧਰਤੀ ਉੱਤੇ ਜਿੱਥੇ ਕਈ ਭਾਰਤੀ ਦਿੱਗਜ ਫੇਲ੍ਹ ਹੁੰਦੇ ਨਜ਼ਰ ਆਉਂਦੇ ਹਨ।

ਤਸਵੀਰ ਸਰੋਤ, Getty Images
ਉਸ ਮੈਚ ਵਿੱਚ ਉਹ 7ਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਨ ਆਏ। ਭਾਰਤ ਸਾਹਮਣੇ 464 ਦੌੜਾਂ ਦਾ ਵੱਡਾ ਟੀਚਾ ਸੀ। ਜਦੋਂ ਤੱਕ ਉਹ ਕਰੀਜ਼ ਉੱਤੇ ਸਨ ਤਾਂ ਲੱਗ ਰਿਹਾ ਸੀ ਕਿ ਭਾਰਤ ਉਸ ਟੀਚੇ ਨੂੰ ਹਾਸਲ ਕਰ ਲਵੇਗਾ।
ਉਸ ਤੋਂ ਬਾਅਦ ਸਿਡਨੀ ਵਿੱਚ ਆਸਟਰੇਲੀਆ ਖਿਲਾਫ ਵੀ ਉਨ੍ਹਾਂ ਨੇ 159 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਉਸ ਮਗਰੋਂ ਆਸਟਰੇਲੀਆ ਖਿਲਾਫ਼ 89 ਦੌੜਾਂ ਦੀ ਪਾਰੀ ਤਾਂ ਕਿਸੇ ਨੂੰ ਨਹੀਂ ਭੁੱਲਦੀ ਜਦੋਂ ਟੀਮ ਇੰਡੀਆ ਨੂੰ ਉਨ੍ਹਾਂ ਨੇ ਆਪਣੇ ਸ਼ਾਨਦਾਰ ਖੇਡ ਦੀ ਬਦੌਲਤ ਮੈਚ ਜਿੱਤਵਾਇਆ ਸੀ ਤੇ ਨਾਲ ਹੀ ਸੀਰੀਜ਼ ਵੀ ਜਿੱਤਵਾਈ ਸੀ।
ਰਿਸ਼ਭ ਪੰਤ ਦਾ ਅੰਦਾਜ਼ ਨਿਰਭੈ ਹੋ ਕੇ ਖੇਡਣ ਦਾ ਹੈ। ਉਨ੍ਹਾਂ ਦੇ ਇਸ ਅੰਦਾਜ਼ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਟੈਸਟ ਮੈਚ ਵਿੱਚ ਜਿੰਨੇ ਰਿਸ਼ਭ ਦੇ ਸੈਂਕੜੇ ਹਨ ਉੰਨੇ ਹੀ ਉਨ੍ਹਾਂ ਦੇ ਸਕੋਰ 90 ਤੇ 100 ਦੇ ਵਿਚਾਲੇ ਹਨ।
ਇਸ ਨੂੰ ਇੱਕ ਹੋਰ ਉਦਾਹਾਰਨ ਰਾਹੀਂ ਸਮਝ ਸਕਦੇ ਹੋ। ਜਦੋਂ ਰਿਸ਼ਭ ਪੰਤ ਨੇ ਸਾਲ 2015 ਵਿੱਚ 18 ਸਾਲ ਦੀ ਉਮਰ ਵਿੱਚ ਰਣਜੀ ਦਾ ਡੈਬਿਊ ਕੀਤਾ ਸੀ ਤਾਂ ਉਨ੍ਹਾਂ ਨੇ ਮਹਾਰਾਸ਼ਟਰ ਖਿਲਾਫ ਟ੍ਰਿਪਲ ਸੈਂਚੁਰੀ ਜੜ ਦਿੱਤੀ ਸੀ ਤੇ ਉਸ ਮਗਰੋਂ ਝਾਰਖੰਡ ਦੇ ਖਿਲਾਫ ਇੱਕੋ ਮੈਚ ਵਿੱਚ ਦੋ ਸੈਂਕੜੇ ਲਗਾ ਦਿੱਤੇ ਸਨ। ਇਨ੍ਹਾਂ ਵਿੱਚੋਂ 67 ਗੇਂਦਾਂ ਉੱਤੇ 135 ਦੌੜਾਂ ਦੀ ਪਾਰੀ ਸ਼ਾਮਿਲ ਸੀ।
ਦਿੱਲੀ ਕੈਪੀਟਲਜ਼ ਲਈ ਬੀਤੇ 7 ਸੀਜ਼ਨਾਂ ਵਿੱਚ ਰਿਸ਼ਭ ਪੰਤ ਨੇ 3000 ਦੌੜਾਂ ਬਣਾਈਆਂ ਹਨ ਤੇ ਉਨ੍ਹਾਂ ਦਾ ਸਟ੍ਰਾਈਕ ਰੇਟ 148 ਦਾ ਰਿਹਾ ਹੈ।
ਉਹ ਦਿੱਲੀ ਦੀ ਟੀਮ ਲਈ ਇੱਕ ਤਾਕਤ ਰਹੇ ਹਨ। ਸਾਲ 2021 ਵਿੱਚ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ਦਾ ਕਪਤਾਨ ਬਣਾਇਆ ਗਿਆ ਸੀ।
ਮਾੜੀ ਖੇਡ ਕਰਕੇ ਸਵਾਲ ਉੱਠੇ

ਤਸਵੀਰ ਸਰੋਤ, Getty Images
ਰਿਸ਼ਭ ਪੰਤ ਦਾ ਟੀ-20 ਕ੍ਰਿਕਟ ਵਿੱਚ ਬਹੁਤ ਸ਼ਾਨਦਾਰ ਆਗਾਜ਼ ਰਿਹਾ ਪਰ ਉਸ ਮਗਰੋਂ ਉਨ੍ਹਾਂ ਦੀ ਪਰਫੌਰਮੈਂਸ ਉਮੀਦਾਂ ਮੁਤਾਬਕ ਨਹੀਂ ਰਿਹਾ। ਈਐੱਸਪੀਐੱਨ ਕ੍ਰਿਕ ਇਨਫੋ ਅਨੁਸਾਰ ਸਤੰਬਰ 2019 ਤੋਂ ਟੀ20 ਦੀਆਂ 78 ਪਾਰੀਆਂ ਵਿੱਚ ਉਨ੍ਹਾਂ ਦਾ ਔਸਤ 29 ਰਿਹਾ।
ਟੀ20 ਦੇ ਕੌਮਾਂਤਰੀ ਮੈਚਾਂ ਵਿੱਚ ਤਾਂ ਔਸਤ 24.48 ਤੱਕ ਪਹੁੰਚ ਗਈ। ਜਦੋਂ ਰਿਸ਼ਭ ਪੰਤ ਦੀ ਪਰਫੌਸਮੈਂਸ ਵਿੱਚ ਗਿਰਾਵਟ ਆਈ ਤਾਂ ਉਨ੍ਹਾਂ ਦੀ ਥਾਂ ਸੰਜੂ ਸੈਮਸਨ, ਈਸ਼ਾਨ ਕਿਸ਼ਨ ਨੂੰ ਖਿਡਾਉਣ ਦੀ ਗੱਲ ਹੋਈ।
2022 ਦੇ ਟੀ20 ਵਿਸ਼ਵ ਕੱਪ ਵਿੱਚ ਵੀ ਦਿਨੇਸ਼ ਕਾਰਤਿਕ ਨੂੰ ਜ਼ਿਆਦਤਰ ਮੈਚਾਂ ਵਿੱਚ ਰਿਸ਼ਭ ਪੰਤ ਦੀ ਥਾਂ ਖਿਡਾਇਆ ਗਿਆ।
ਭਾਵੇਂ ਰਿਸ਼ਭ ਪੰਤ ਦੀ ਟੀ20 ਮੈਚਾਂ ਵਿੱਚ ਪਰਫੌਰਮੈਂਸ ਠੀਕ-ਠਾਕ ਰਹੀ ਪਰ ਉਹ ਇੱਕ ਚੰਗੇ ਟੈਸਟ ਕ੍ਰਿਕਟਰ ਵਜੋਂ ਉਭਰੇ ਹਨ।
ਉਨ੍ਹਾਂ ਦੀ ਬੈਟਿੰਗ ਦੇ ਵਿਚਾਲੇ ਕਈ ਵਾਰ ਉਨ੍ਹਾਂ ਦੀ ਕੀਪਿੰਗ ਦੀ ਗੱਲ ਨਹੀਂ ਹੁੰਦੀ। ਉਨ੍ਹਾਂ ਨੇ ਕਈ ਸ਼ਾਨਦਾਰ ਕੈਚ ਲਏ ਹਨ। ਉਨ੍ਹਾਂ ਦਾ ਰਿਕਾਰਡ ਹੈ ਕਿ ਉਨ੍ਹਾਂ ਨੇ ਇੱਕ ਮੈਚ ਵਿੱਚ ਸਭ ਤੋਂ ਵੱਧ 11 ਡਿਸਮਿਸਲ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਮੈਚ ਵਿੱਚ ਸਭ ਤੋਂ ਵੱਧ 11 ਕੈਚ ਲੈਣ ਦਾ ਵੀ ਰਿਕਾਰਡ ਹੈ।
ਰਿਸ਼ਭ ਪੰਤ ਦਾ ਅਜੇ ਲੰਬਾ ਕਰੀਅਰ ਬਾਕੀ ਹੈ। ਜ਼ਿੰਦਗੀ ਦੇ ਉਤਰਾਅ-ਚੜਾਅ ਵਿਚਾਲੇ ਮਹਾਨ ਖਿਡਾਰੀਆਂ ਵਿੱਚ ਸ਼ਾਮਿਲ ਹੋਣ ਲਈ ਉਨ੍ਹਾਂ ਕੋਲ ਅਜੇ ਕਾਫੀ ਮੌਕੇ ਹਨ।













