ਨਾਸਤਿਕ ਦਲਿਤ ਅਧਿਆਪਕ ਨੂੰ ‘ਧੱਕੇ’ ਨਾਲ ਮੰਦਰ ਲਿਜਾ ਕੇ ਪੂਜਾ ਕਰਵਾਈ ਤੇ, ‘ਮਾਫ਼ੀ ਮੰਗਵਾਈ'

ਨਾਸਤਿਕ ਦਲਿਤ ਅਧਿਆਪਕ

ਤਸਵੀਰ ਸਰੋਤ, UGC

    • ਲੇਖਕ, ਪਰਵੀਨ ਸ਼ੁਭਮ
    • ਰੋਲ, ਬੀਬੀਸੀ ਸਹਿਯੋਗੀ

ਹਿੰਦੂਤਵੀ ਜਥੇਬੰਦੀਆਂ ਅਤੇ ਭਾਜਪਾ ਦੇ ਕਾਡਰ ਵਲੋਂ ਧੱਕੇ ਨਾਲ ਇੱਕ ਨਾਸਤਿਕ ਦਲਿਤ ਅਧਿਆਪਕ ਤੋਂ ਤੇਲੰਗਾਨਾ ਵਿੱਚ ਮੁਆਫ਼ੀ ਮੰਗਵਾਉਣ ਦੇ ਮਾਮਲੇ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਮੱਲਾਮਾਰੀ ਮਲਿਕਾਅਰੁਜਨ ਨਿਜ਼ਾਮਾਬਾਦ ਜ਼ਿਲ੍ਹੇ ਦੇ ਕੋਟਾਗਿਰੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਾਉਂਦੇ ਹਨ ਅਤੇ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ।

ਹਿੰਦੂਤਵੀ ਜਥੇਬੰਦੀਆਂ ਅਤੇ ਭਾਜਪਾ ਦੇ ਕਾਰਕੁਨਾਂ ਨੇ 2 ਜਨਵਰੀ ਨੂੰ ਸਰਕਾਰੀ ਹਾਈ ਸਕੂਲ ਦੇ ਬਾਹਰ ਇਕੱਠੇ ਹੋ ਕੇ ਇਲਜ਼ਾਮ ਲਗਾਇਆ ਕਿ ਮਲਿਕਾਅਰੁਜਨ ਹਿੰਦੂ ਦੇਵਤਿਆਂ ਦੇ ਖਿਲਾਫ਼ ਪੜਾਉਂਦੇ ਹਨ।

ਉਹ ਮਲਿਕਾਅਰੁਜਨ ਤੋਂ ਮੰਗ ਕਰ ਰਹੇ ਸਨ ਕਿ ਉਹ ਮੁਆਫ਼ੀ ਮੰਗਣ।

ਅਧਿਆਪਕ ਯੂਨੀਅਨ ਨੇ ਕਿਹਾ ਕਿ ਇਹ ਲੋਕ ‘ਧੱਕੇ’ ਨਾਲ ਮਲਿਕਾਅਰੁਜਨ ਨੂੰ ਮੁਆਫ਼ੀ ਮੰਗਾਉਣ ਲਈ ਨੇੜੇ ਦੇ ਹਨੂੰਮਾਨ ਮੰਦਰ ਲੈ ਗਏ, ਉਸ ਤੋਂ ਪੂਜਾ ਕਰਵਾਈ ਅਤੇ ‘ਧੱਕੇ’ ਨਾਲ ਉਸ ਤੋਂ ਮੁਆਫ਼ੀ ਮੰਗਵਾਈ।

ਵਿਵਾਦ ਕੀ ਹੈ?

ਕੋਟਾਗਿਰੀ ਪਿੰਡ ਤੇਲਗਾਨਾ ਅਤੇ ਮਹਾਂਰਾਸ਼ਟਰ ਦੇ ਬਾਰਡਰ ਉਪਰ ਸਥਿਤ ਹੈ।

ਅਣਵੰਡੇ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਦਾਮੋਦਰਮ ਸੰਜੇਵਾਹੀਆ ਨੇ ਜ਼ਿਲ੍ਹਾ ਪਰਿਸ਼ਦ ਹਾਈ ਸਕੂਲ ਕੋਟਾਗਿਰੀ ਦਾ ਨੀਂਹ ਪੱਥਰ ਰੱਖਿਆ ਸੀ।

ਸਾਲ 2022 ਦੇ ਅਗਸਤ ਮਹੀਨੇ ਕੁਝ ਨੌਜਵਾਨ ਸਕੂਲ ਵਿੱਚ ਗਣੇਸ਼ ਚੱਤੁਰਥੀ ਲਈ ਦਾਨ ਲੈਣ ਆਏ ਸਨ ਪਰ ਨਾਸਤਿਕ ਮੱਲਾਮਾਰੀ ਮਲਿਕਾਅਰੁਜਨ ਨੇ ਦਾਨ ਦੇਣ ਤੋਂ ਇਨਕਾਰ ਕਰ ਦਿੱਤਾ।

ਮੱਲਾਮਾਰੀ ਮਲਿਕਾਅਰੁਜਨ ਨੇ ਕਿਹਾ, “ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਾਸਤਿਕ ਹਾਂ। ਉਹ ਕਹਿੰਦੇ ‘ਫੇਰ ਕੀ ਹੋਇਆ? ਤੁਸੀਂ ਰੱਬ ਵਿੱਚ ਯਕੀਨ ਨਹੀਂ ਰੱਖਦੇ? ਜੇ ਰੱਬ ਨਾ ਹੁੰਦਾ ਤਾਂ ਤੁਹਾਨੂੰ ਸਿੱਖਿਆ ਕਿੱਥੋਂ ਮਿਲਦੀ?’

ਉਹਨਾਂ ਨੂੰ ਜਵਾਬ ਦਿੰਦਿਆਂ ਮੱਲਾਮਾਰੀ ਮਲਿਕਾਅਰੁਜਨ ਨੇ ਕਿਹਾ, “ਕੀ ਸਾਨੂੰ ਸਿਰਫ਼ ਸਰਸਵਤੀ ਵਿੱਚ ਵਿਸ਼ਵਾਸ਼ ਕਰਨ ਕਰਕੇ ਸਿੱਖਿਆ ਮਿਲਣੀ ਸੀ? ਅਮਰੀਕਾ ਵਰਗੇ ਦੇਸ਼ ਵਿੱਚ ਲੋਕ ਸਰਸਵਤੀ ਨੂੰ ਨਹੀਂ ਮੰਨਦੇ। ਠੀਕ ਹੈ ਨਾ ? ਕੀ ਉਹ ਸਿੱਖਿਆ ਨਹੀਂ ਲੈ ਰਹੇ ?”

ਨਾਸਤਿਕ ਦਲਿਤ ਅਧਿਆਪਕ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਅਧਿਆਪਕ ਮਲਿਕਾਅਰੁਜਨ

ਮਲਿਕਾਅਰੁਜਨ ਦੀ ਇਹ ਟਿੱਪਣੀ ਪਿਛਲੇ ਸਮੇਂ ਲੋਕਾਂ ਵਿੱਚ ਆਈ ਜੋਂ ਕੇ ਉਸ ਘਟਨਾ ਤੋਂ ਕਈ ਮਹੀਨੇ ਬਾਅਦ ਦੀ ਗੱਲ ਹੈ।

ਇਹਨਾਂ ਜਥੇਬੰਦੀਆਂ ਨੇ ਇਹ ਮੁੱਦਾ ਚੁੱਕਿਆ, ਉਹਨਾਂ ਦੇ ਕਾਰਕੁਨ ਸਕੂਲ ਵੱਲ ਗਏ ਅਤੇ ਮੁਆਫ਼ੀ ਦੀ ਮੰਗ ਕਰਨ ਲੱਗੇ।

ਸਕੂਲ ਦੇ ਮੁੱਖ ਅਧਿਆਪਕ ਅਤੇ ਮੰਡਲ ਸਿੱਖਿਆ ਅਫ਼ਸਰ ਨੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਕੂਲ ਅੱਗੇ ਧਰਨਾ ਲਗਾ ਕੇ ਬੈਠ ਗਏ ਅਤੇ ਮੱਲਾਮਾਰੀ ਮਲਿਕਾਅਰੁਜਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।

ਇਸ ਤੋਂ ਬਾਅਦ ਮੱਲਾਮਾਰੀ ਮਲਿਕਾਅਰੁਜਨ ਨੇ ਇਹਨਾਂ ਜਥੇਬੰਦੀਆਂ ਤੋਂ ਸਕੂਲ ਦੇ ਸਾਹਮਣੇ ਮੁਆਫ਼ੀ ਮੰਗ ਲਈ।

ਪਰ ਉਹ ਉਸ ਨੂੰ ਬਾਅਦ ਵਿੱਚ ਮਨੂੰਮਾਨ ਮੰਦਰ ਲੈ ਗਏ, ਪੂਜਾ ਕਰਵਾਈ ਅਤੇ ਉਸ ਤੋਂ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਵਾਏ।

ਉਹਨਾਂ ਨੇ ਉਸ ਦੇ ਮੱਥੇ ਉਪਰ ਸੰਧੂਰ ਲਗਾਇਆ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉਪਰ ਵਾਇਰਲ ਵੀ ਹੋਈਆਂ।

ਇਹ ਸਭ ਪੁਲਿਸ ਦੇ ਮੌਜੂਦਗੀ ਵਿੱਚ ਵਾਪਰਿਆ ਸੀ।

ਨਾਸਤਿਕ ਦਲਿਤ ਅਧਿਆਪਕ

ਮਾਮਲਾ ਕਿਵੇਂ ਭਖਿਆ ?

  • ਇੱਕ ਨਾਸਤਿਕ ਦਲਿਤ ਅਧਿਆਪਕ ਤੋਂ ਮੁਆਫ਼ੀ ਮੰਗਵਾਉਣ ਦੇ ਮਾਮਲੇ ਨਾਲ ਖੜ੍ਹਾ ਹੋਇਆ ਵਿਵਾਦ।
  • ਮੱਲਾਮਾਰੀ ਮਲਿਕਾਅਰੁਜਨ ਸਰਕਾਰੀ ਸਕੂਲ ਵਿੱਚ ਪਿਛਲੇ 4 ਸਾਲਾਂ ਤੋਂ ਤੇਲਗੂ ਭਾਸ਼ਾ ਪੜਾ ਰਹੇ ਹਨ।
  • ਨੌਜਵਾਨ ਸਕੂਲ ਵਿੱਚ ਗਣੇਸ਼ ਚੱਤੁਰਥੀ ਲਈ ਦਾਨ ਲੈਣ ਆਏ ਪਰ ਮਲਿਕਾਅਰੁਜਨ ਨੇ ਇਨਕਾਰ ਕਰ ਦਿੱਤਾ।
  • ਹਿੰਦੂਵਾਦੀ ਅਤੇ ਭਾਜਪਾ ਵਰਕਰਾਂ ਉਪਰ ਹਿੰਦੂ ਦੇਵਤਿਆਂ ਖਿਲਾਫ਼ ਬੋਲਣ ਦਾ ਇਲਜ਼ਾਮ ਲਗਾਇਆ।
  • ਕਾਰਕੁਨ ਕਥਿਤ ਤੌਰ ’ਤੇ ਉਸ ਨੂੰ ਮਹੂਮਾਨ ਮੰਦਰ ਲੈ ਗਏ, ਪੂਜਾ ਕਰਵਾਈ ਅਤੇ ਉਸ ਤੋਂ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਵਾਏ।
ਨਾਸਤਿਕ ਦਲਿਤ ਅਧਿਆਪਕ

ਮੱਲਾਮਾਰੀ ਮਲਿਕਾਅਰੁਜਨ ਨੇ ਕੀ ਕਿਹਾ?

ਬੀਬੀਸੀ ਦੀ ਟੀਮ ਕੋਟਾਗਿਰੀ ਹਾਈ ਸਕੂਲ ਪਹੁੰਚੀ ਜਿੱਥੇ ਇਹ ਵਿਵਾਦ ਸ਼ੁਰੂ ਹੋਇਆ ਸੀ।

ਮੱਲਾਮਾਰੀ ਮਲਿਕਾਅਰੁਜਨ ਨੇ ਕਿਹਾ ਕਿ ਉਸ ਨੂੰ ਆਪਣੇ ਵਿਚਾਰਾਂ ਦੇ ਉਲਟ ਮੁਆਫ਼ੀ ਮੰਗਣ ਲਈ ਕਿਹਾ ਗਿਆ।

ਉਸ ਨੇ ਕਿਹਾ, “ ਉਹ ਕਹਿੰਦੇ ਜੇਕਰ ਤੂੰ ਮੁਆਫ਼ੀ ਨਹੀਂ ਮੰਗੇਗਾ ਤਾਂ ਤੈਨੂੰ ਸਕੂਲ ਤੋਂ ਬਾਹਰ ਨਹੀਂ ਜਾਣ ਦਿੰਦੇ। ਉਹ ਕਿਸੇ ਵੀ ਸੈਕਿੰਡ ਮੇਰੇ ਉਪਰ ਹਮਲਾ ਕਰ ਸਕਦੇ ਸਨ। ਹਲਾਤ ਨੂੰ ਦੇਖਦੇ ਹੋਏ ਮੈਂ ਨਾ ਚਹੁੰਦੇ ਹੋਏ ਮੁਆਫ਼ੀ ਮੰਗ ਲਈ। ਮੈਂ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ।”

“ਫ਼ਿਰ ਉਹ ਕਹਿੰਦੇ ਐਨਾ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ, ‘ਤੂੰ ਰੱਬ ਵਿੱਚ ਯਕੀਨ ਨਹੀਂ ਕਰਦਾ ਇਸ ਲਈ ਤੈਨੂੰ ਮੰਦਰ ਵਿੱਚ ਜਾ ਕੇ ਮੁਆਫ਼ੀ ਮੰਗਣੀ ਪੈਣੀ ਹੈ।’ ਉਹਨਾਂ ਨੇ ਮੈਨੂੰ ਧੱਕੇ ਨਾਲ ਰੱਬ ਦੀ ਭਗਤੀ ਵਿੱਚ ਜੈਕਾਰੇ ਮਾਰਨ ਲਈ ਮਜ਼ਬੂਰ ਕੀਤਾ ਅਤੇ ਮੇਰੇ ਮੱਥੇ ਉਪਰ ਸੰਧੂਰ ਲਗਾਇਆ ਗਿਆ।”

“ਮੈਂ ਕਦੇ ਨਹੀਂ ਕਿਹਾ ਸੀ ਕਿ ਸਰਸਵਤੀ ਦੀ ਪੂਜਾ ਨਾ ਕਰੋ। ਨਾ ਸਕੂਲ ਦੀ ਕਲਾਸ ਵਿੱਚ ਅਤੇ ਨਾ ਹੀ ਕਿਤੇ ਬਾਹਰ, ਮੈਂ ਅਜਿਹਾ ਕਦੇ ਵੀ ਨਹੀਂ ਕਿਹਾ।”

ਨਾਸਤਿਕ ਦਲਿਤ ਅਧਿਆਪਕ

‘ਉਹ ਹਿੰਦੂ ਵਿਰੋਧੀ ਮੱਤ ਬਣਾ ਰਹੇ ਹਨ’

ਬੀਬੀਸੀ ਨਾਲ ਗੱਲ ਕਰਦਿਆਂ ਬੀਜੇਪੀ ਦੇ ਕੋਟਾਗਿਰੀ ਮੰਡਲ ਦੇ ਪ੍ਰਧਾਨ ਕਾਪੁਗੰਦਾਲਾ ਸ਼੍ਰੀਨਿਵਾਸ ਨੇ ਕਿਹਾ, “ਭਾਵੇਂ ਕਿ ਉਸ ਦੇ ਹਿੰਦੂ ਵਿਰੋਧੀ ਬਿਆਨ ਪਿਛਲੇ ਸਮੇਂ ਵਿੱਚ ਦਿੱਤੇ ਗਏ ਸਨ ਪਰ ਇਹ ਹੁਣ ਸਾਹਮਣੇ ਆਏ। ਅਸੀਂ ਉਸ ਵੱਲੋਂ ਮੁਆਫ਼ੀ ਮੰਗਣ ਦੀ ਮੰਗ ਕਰ ਰਹੇ ਸੀ।”

ਉਨ੍ਹਾਂ ਕਿਹਾ, “ਅਸੀਂ ਇਸ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਕਿ ਮਲਿਕਾਅਰੁਜਨ ਹਿੰਦੂ ਵਿਰੋਧੀ ਗੱਲਾਂ ਪੜਾ ਰਿਹਾ ਸੀ। ਅਸੀਂ ਉਸ ਤੋਂ ਧੱਕੇ ਨਾਲ ਮੁਆਫ਼ੀ ਨਹੀਂ ਮੰਗਵਾਈ। ਉਹ ਹਨੂਮਾਨ ਮੰਦਰ ਵਿੱਚ ਆਪਣੀ ਮਰਜ਼ੀ ਨਾਲ ਆਇਆ ਸੀ।”

“ਜਿਸ ਅਧਿਆਪਕ ਦਾ ਕੰਮ ਬੱਚਿਆਂ ਨੂੰ ਪੜਾਉਣਾਂ ਹੈ, ਉਹ ਹਿੰਦੂ ਦੇਵੀ ਦੇਵਤਿਆਂ ਬਾਰੇ ਮੰਦਾ ਕਿਵੇਂ ਬੋਲ ਸਕਦਾ ਹੈ? ਇਸ ਦੇਸ ਦੇ ਕਈ ਪਿੰਡਾਂ ਵਿੱਚ ਅਧਿਆਪਕਾਂ ਅਤੇ ਲੋਕਾਂ ਨੇ ਸਰਸਵਤੀ ਦੀਆਂ ਮੂਰਤੀਆਂ ਲਗਾਈਆਂ ਹਨ। ਉਹ ਸਰਸਵਤੀ ਦੇਵੀ ਬਾਰੇ ਮੰਦਾ ਬੋਲਦਾ ਸੀ। ਸਾਡੇ ਕੋਲ ਇਸ ਦੇ ਸਬੂਤ ਹਨ।”

ਨਾਸਤਿਕ ਦਲਿਤ ਅਧਿਆਪਕ

ਇਹ ਵੀ ਪੜ੍ਹੋ:

ਨਾਸਤਿਕ ਦਲਿਤ ਅਧਿਆਪਕ
ਨਾਸਤਿਕ ਦਲਿਤ ਅਧਿਆਪਕ

ਸਕੂਲ ਦੇ ਮੁਖੀ ਨੇ ਕੀ ਕਿਹਾ ?

ਇਸ ਸਕੂਲ ਵਿੱਚ 600 ਵਿਦਿਆਰਥੀ ਪੜ੍ਹਦੇ ਹਨ ਅਤੇ ਕਰੀਬ 30 ਅਧਿਆਪਕ ਪੜ੍ਹਾਉਂਦੇ ਹਨ।

ਸਕੂਲ ਦੇ ਹੈਡਮਾਸਟਰ ਸਿਵਾਲਿੰਗ ਗਲੱਪਾ ਨੇ ਬੀਬੀਸੀ ਨੂੰ ਦੱਸਿਆ, “ਕੋਈ ਵੀ ਸਕੂਲ ਵਿੱਚ ਨਾ ਤਾਂ ਦੇਵੀ-ਦੇਵਤਿਆਂ ਖਿਲਾਫ਼ ਕੁਝ ਸਿਖਾ ਰਿਹਾ ਹੈ ਅਤੇ ਨਾ ਹੀ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਲਿਕਾਅਰੁਜਨ ਵੀ ਅਜਿਹਾ ਕੁਝ ਬੱਚਿਆਂ ਨੂੰ ਨਹੀਂ ਸਿਖਾ ਰਹੇ। ਮੈਂ ਇਸ ਬਾਰੇ ਵਿਦਿਆਰਥੀਆਂ ਤੋਂ ਵੀ ਪੁੱਛਿਆ ਹੈ। ਅਜਿਹਾ ਕੁਝ ਵੀ ਨਹੀਂ ਵਾਪਰਿਆ ਸੀ।”

ਕੁਝ ਅਧਿਆਪਕਾਂ ਨੇ ਕਿਹਾ ਕਿ ਮਲਿਕਅਰੁਜਨ ਨੂੰ ਮੰਡਲ ਸਿੱਖਿਆ ਅਫ਼ਸਰ ਦੀ ਹਾਜ਼ਰੀ ਵਿਚ ਹਨੂਮਾਨ ਮੰਦਰ ਲਿਜਾਇਆ ਗਿਆ।

ਮੰਡਲ ਸਿੱਖਿਆ ਅਫ਼ਸਰ ਨਾਗਾਨਾਦ ਨੇ ਬੀਬੀਸੀ ਨੂੰ ਕਿਹਾ, “ਜੋ ਅਧਿਆਪਕ ਨਾਲ ਹੋਇਆ ਅਸੀਂ ਉਸ ਨੂੰ ਪਸੰਦ ਨਹੀਂ ਕਰਦੇ। ਮੈਂ ਸਕੂਲ ਮੁਖੀ ਨੂੰ ਇਸ ਘਟਨਾ ਦੀ ਰਿਪੋਰਟ ਮੈਨੂੰ ਅਤੇ ਜ਼ਿਲ੍ਹਾਂ ਸਿੱਖਿਆ ਅਫ਼ਸਰ ਨੂੰ ਦੇਣ ਲਈ ਕਿਹਾ ਹੈ।”

ਨਾਸਤਿਕ ਦਲਿਤ ਅਧਿਆਪਕ

ਵਿਦਿਆਰਥੀਆਂ ਵਿੱਚ ਵਿਗਿਆਨਿਕ ਸੋਚ ਕਿਵੇਂ ਪੈਦਾ ਹੋਵੇਗੀ ?

ਸਮਾਜਿਕ ਸੰਸਥਾਵਾਂ ਦਾ ਕਹਿਣਾ ਹੈ ਕਿ ਭਾਰਤੀ ਸੰਵਿਧਾਨ ਦਾ ਮੁੱਖ ਮੰਤਵ ਕਿ ਲੋਕਾਂ ਵਿੱਚ ਵਿਗਿਆਨਿਕ ਸੋਚ ਪੈਦਾ ਕੀਤੀ ਜਾਵੇ, ਇਹ ਵਿਦਿਆਰਥੀ ਜੀਵਨ ਤੋਂ ਹੀ ਸ਼ੁਰੂ ਹੁੰਦਾ ਹੈ।

“ਕੋਠਾਰੀ ਕਮਿਸ਼ਨ ਨੇ ਕਿਹਾ ਕਿ ਦੇਸ਼ ਦਾ ਭਵਿੱਖ ਕਲਾਸ ਰੂਮ ਵਿੱਚ ਬਣਦਾ ਹੈ। ਅੱਜ ਦੇ ਬੱਚੇ ਅਤੇ ਕੱਲ੍ਹ ਦੇ ਨਾਗਰਿਕ ਹੋਣ ਦੇ ਨਾਤੇ ਸਿਰਫ ਵਿਗਿਆਨਕ ਸੋਚ ਵਾਲੇ ਵਿਦਿਆਰਥੀ ਹੀ ਵੱਡੇ ਹੋ ਕੇ ਮਹਾਨ ਇਨਸਾਨ ਬਣ ਸਕਦੇ ਹਨ।”

ਭਾਰਤੀ ਨਾਸਤਿਕ ਸਮਾਜ ਦੇ ਰਾਸ਼ਟਰੀ ਪ੍ਰਧਾਨ, ਜੀਦੀ ਸਰਾਇਆ, ਨੇ ਕਿਹਾ, “ਭਾਵੇਂ ਨਾਸਤਿਕਤਾਵਾਦ ਪ੍ਰਮਾਤਮਾ ਵਿੱਚ ਯਕੀਨ ਨਹੀਂ ਰੱਖਦਾ ਪਰ ਇਹ ਲੋਕਾਂ ਦੀ ਭਲਾਈ ਵਿੱਚ ਪੂਰਾ ਵਿਸ਼ਵਾਸ਼ ਰੱਖਦਾ ਹੈ।”

ਕੀ ਅਧਿਆਪਕ ਯੂਨੀਅਨਾਂ ਮਲਿਕਾਅਰੁਜਨ ਦੇ ਦਲਿਤ ਹੋਣ ਕਾਰਨ ਚੁੱਪ ਹਨ?

ਇਸ ਮਾਮਲੇ ਨੂੰ ਲੈ ਕੇ ਅਧਿਆਪਕ ਯੂਨੀਅਨਾਂ ਨਿਸ਼ਾਨੇ ਉਪਰ ਹਨ।

ਤੇਲੰਗਾਨਾ ਐਸਸੀ-ਐਸਟੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਕੋਂਗਲਾ ਵੈਂਕਟ ਨੇ ਦੋਸ਼ ਲਾਇਆ ਕਿ ਮੱਲਿਕਾਅਰੁਜਨ ਦੇ ਦਲਿਤ ਹੋਣ ਕਾਰਨ ਪ੍ਰੋਗਰੈਸਿਵ ਰੈਕੋਗਨਾਈਜ਼ਡ ਟੀਚਰਜ਼ ਯੂਨੀਅਨ (PRTU) ਵਰਗੀਆਂ ਵੱਡੀਆਂ ਅਧਿਆਪਕ ਯੂਨੀਅਨਾਂ ਇਸ ਮੁੱਦੇ 'ਤੇ ਚੁੱਪ ਹਨ।

ਉਨ੍ਹਾਂ ਨੇ ਸਵਾਲ ਕੀਤਾ ਕਿ 50 ਤੋਂ ਵੱਧ ਅਧਿਆਪਕ ਯੂਨੀਅਨਾਂ ਹੋਣ ਦੇ ਬਾਵਜੂਦ ਇਸ ਦਾ ਢੁੱਕਵਾਂ ਜਵਾਬ ਕਿਉਂ ਨਹੀਂ ਦਿੱਤਾ ਗਿਆ।

ਸ਼੍ਰੀਪਾਲ ਰੈੱਡੀ, ਪ੍ਰਧਾਨ, ਪ੍ਰਗਤੀਸ਼ੀਲ ਰੈਕੋਗਨਾਈਜ਼ਡ ਅਧਿਆਪਕ ਯੂਨੀਅਨ (ਤੇਲੰਗਾਨਾ) ਨੇ ਕਿਹਾ, “ਸ਼ੁਰੂ ਵਿਚ ਕਿਹਾ ਗਿਆ ਸੀ ਕਿ ਮੱਲਿਕਾਅਰੁਜਨ ਨੇ ਆਪਣੀ ਮਰਜ਼ੀ ਨਾਲ ਮੁਆਫੀ ਮੰਗੀ ਹੈ। ਬਾਅਦ ਵਿੱਚ ਜਦੋਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਤਾਂ ਸਾਡੀ ਯੂਨੀਅਨ ਨੇ ਇੱਕ ਪ੍ਰੈਸ ਬਿਆਨ ਰਾਹੀਂ ਇਸ ਘਟਨਾ ਦੀ ਨਿਖੇਧੀ ਕੀਤੀ।”

“ਅਸੀਂ ਇੱਕ ਅਧਿਆਪਕ ਨੂੰ ਅਧਿਆਪਕ ਵਜੋਂ ਦੇਖਦੇ ਹਾਂ। ਅਧਿਆਪਕ ਯੂਨੀਅਨਾਂ ਵਿੱਚ ਜਾਤ ਦਾ ਕੋਈ ਸੰਕਲਪ ਨਹੀਂ ਹੈ।”

ਦੋਵਾਂ ਧਿਰਾਂ ਖਿਲਾਫ ਕੇਸ ਦਰਜ

ਕੋਟਾਗਿਰੀ ਪੁਲਿਸ ਨੇ ਘਟਨਾ ਸਬੰਧੀ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਕੋਟਾਗਿਰੀ ਦੇ ਸਬ-ਇੰਸਪੈਕਟਰ, ਮਚੇਂਦਰ ਰੈਡੀ ਨੇ ਕਿਹਾ ਕਿ ਮਲਿਕਾਰਜੁਨ ਵੱਲੋਂ ਦਿੱਤੀ ਸ਼ਿਕਾਇਤ ਤੋਂ ਬਾਅਦ ਹਮਲਾ ਕਰਨ ਅਤੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਲਈ ਆਈਪੀਸੀ ਦੀ ਧਾਰਾ 353 ਅਤੇ ਐਸਸੀ/ਐਸਟੀ (ਪੀਓਏ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਕਾਪੁਗੰਦਲਾ ਸ਼੍ਰੀਨਿਵਾਸ ਦੀ ਸ਼ਿਕਾਇਤ ਤੋਂ ਬਾਅਦ ਕਿ ਮੱਲੀਕਾਅਰੁਜਨ ਨੇ ਹਿੰਦੂ ਦੇਵਤਿਆਂ ਬਾਰੇ ਦੁਰਪ੍ਰਚਾਰ ਕੀਤਾ ਸੀ, ਇਸ ਲਈ ਮੱਲਿਕਾਅਰੁਜਨ ਦੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)