ਕਾਂਸ਼ੀ ਰਾਮ: ਭਿੰਡਰਾਵਾਲੇ ਨਾਲ ਗਠਜੋੜ ਕਰਕੇ ਕੀ ਤਜਰਬਾ ਕਰਨਾ ਚਾਹੁੰਦੇ ਸਨ ਬਸਪਾ ਦੇ ਬਾਨੀ

ਤਸਵੀਰ ਸਰੋਤ, COURTESY BADRINARAYAN
- ਲੇਖਕ, ਨੀਲੇਸ਼ ਧੋਤਰੇ
- ਰੋਲ, ਬੀਬੀਸੀ ਮਰਾਠੀ
ਕਾਂਸ਼ੀ ਰਾਮ ਨੂੰ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਨੂੰ ਲੈ ਕੇ ਯਾਦ ਕੀਤਾ ਜਾਂਦਾ ਹੈ। ਪਰ, ਬਹੁਤ ਸਾਰੇ ਸ਼ਾਇਦ ਇਹ ਨਹੀਂ ਜਾਣਦੇ ਕਿ ਉੱਤਰ ਪ੍ਰਦੇਸ਼ ਵਿੱਚ ਬਹੁਜਨ ਰਾਜਨੀਤੀ ਦਾ ਆਧਾਰ ਬਣਾਉਣ ਵਾਲੇ ਕਾਂਸ਼ੀ ਰਾਮ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਸਨ।
ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਕੀਤੀ ਸੀ, ਤਾਂ ਫਿਰ ਮਹਾਰਾਸ਼ਟਰ ਵਿੱਚ ਅੰਬੇਡਕਰਵਾਦੀ ਅੰਦੋਲਨ ਨੇ ਕਾਂਸ਼ੀ ਰਾਮ ਤੋਂ ਦੂਰੀ ਕਿਉਂ ਬਣਾ ਕੇ ਰੱਖੀ ਹੋਈ ਹੈ?
ਕਾਂਸ਼ੀ ਰਾਮ ਨੇ ਆਪਣੇ ਗ੍ਰਹਿ ਸੂਬੇ ਪੰਜਾਬ ਦੀ ਬਜਾਏ ਆਪਣੀ ਰਾਜਨੀਤੀ ਉੱਤਰ ਪ੍ਰਦੇਸ਼ ਵਿੱਚ ਕਿਉਂ ਕੀਤੀ?
ਉਨ੍ਹਾਂ ਦੀ ਸਿਆਸਤ ਨੂੰ ਪੰਜਾਬ ਵਿੱਚ ਕਾਮਯਾਬੀ ਕਿਉਂ ਨਹੀਂ ਮਿਲੀ? ਕੀ ਉਨ੍ਹਾਂ ਨੇ ਸਾਕਾ ਨੀਲਾ ਤਾਰਾ ਵਾਪਰਨ ਤੋਂ ਬਹੁਤ ਪਹਿਲਾਂ, ਭਿੰਡਰਾਂਵਾਲੇ ਨਾਲ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਸੀ?
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਵਿਦਵਾਨਾਂ ਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਭਾਵੇਂ ਕਾਂਸ਼ੀ ਰਾਮ ਅਤੇ ਡਾ. ਬੀ.ਆਰ. ਅੰਬੇਡਕਰ ਦਾ ਮਿਸ਼ਨ ਇੱਕੋ ਸੀ, ਪਰ ਉਨ੍ਹਾਂ ਦੇ ਰਸਤੇ ਵੱਖਰੇ ਸਨ?
ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।
ਮਹਾਰਾਸ਼ਟਰ ਵਿੱਚ ਸ਼ੁਰੂਆਤ
ਘਟਨਾ ਪੁਣੇ ਦੀ ਹੈ। 1957 ਵਿੱਚ ਕਾਂਸ਼ੀ ਰਾਮ ਪੁਣੇ ਵਿੱਚ ਰੱਖਿਆ ਵਿਭਾਗ ਦੀ ਅਸਲਾ ਫੈਕਟਰੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰਨ ਲੱਗੇ।
ਉਨ੍ਹਾਂ ਨੇ ਉੱਥੇ ਪੰਜ ਸਾਲ ਕੰਮ ਕੀਤਾ, ਪਰ ਉਦੋਂ ਇੱਕ ਘਟਨਾ ਹੋਈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਲਕੁਲ ਵੱਖਰੇ ਰਸਤੇ 'ਤੇ ਲਿਆਂਦਾ।
ਇਸ ਤੋਂ ਪਹਿਲਾਂ, ਫੈਕਟਰੀ ਵਿੱਚ ਹੋਰ ਪ੍ਰਚੱਲਿਤ ਮੌਕਿਆਂ ਦੇ ਨਾਲ-ਨਾਲ ਬੁੱਧ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਨ 'ਤੇ ਛੁੱਟੀ ਹੁੰਦੀ ਸੀ।
ਪਰ, ਫਿਰ ਪ੍ਰਸ਼ਾਸਨ ਨੇ ਇਹ ਦੋਵੇਂ ਛੁੱਟੀਆਂ ਰੱਦ ਕਰ ਦਿੱਤੀਆਂ। ਕਾਂਸ਼ੀ ਰਾਮ ਨੇ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਇਸ ਫੈਸਲੇ ਵਿਰੁੱਧ ਸੰਘਰਸ਼ ਵਿੱਢਦਿਆਂ ਮੰਗ ਕੀਤੀ ਕਿ ਇਹ ਛੁੱਟੀਆਂ ਬਹਾਲ ਕੀਤੀਆਂ ਜਾਣ।
ਤਤਕਾਲੀ ਰੱਖਿਆ ਮੰਤਰੀ ਯਸ਼ਵੰਤਰਾਓ ਚਵਾਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਛੁੱਟੀਆਂ ਰੱਦ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ।
ਇਸੇ ਸਮੇਂ ਦੌਰਾਨ ਕਾਂਸ਼ੀ ਰਾਮ ਨੇ ਮਹਾਤਮਾ ਜੋਤੀਰਾਓ ਫੂਲੇ ਅਤੇ ਡਾ. ਅੰਬੇਡਕਰ ਦਾ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ।

ਬਾਬੂ ਕਾਂਸ਼ੀ ਰਾਮ ਦਾ ਸਿਆਸੀ ਸਫ਼ਰ
- ਬਾਬੂ ਕਾਂਸ਼ੀ ਰਾਮ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਨ ਅਤੇ ਉਨ੍ਹਾਂ ਦਲਿਤ ਸਿਆਸਤ ਨੂੰ ਨਵਾਂ ਰੁਖ ਦਿੱਤਾ
- ਕਾਂਸ਼ੀ ਰਾਮ ਦਾ ਜਨਮ 15 ਮਾਰਟ 1934 ਵਿਚ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਖੁਆਸਪੁਰਾ ਪਿੰਡ ਵਿਚ ਹੋਇਆ
- 1957 ਵਿੱਚ ਕਾਂਸ਼ੀ ਰਾਮ ਪੁਣੇ ਵਿੱਚ ਰੱਖਿਆ ਵਿਭਾਗ ਦੀ ਅਸਲਾ ਫੈਕਟਰੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰਨ ਲੱਗੇ
- ਇਸੇ ਸਮੇਂ ਦੌਰਾਨ ਕਾਂਸ਼ੀ ਰਾਮ ਨੇ ਮਹਾਤਮਾ ਜੋਤੀਰਾਓ ਫੂਲੇ ਅਤੇ ਡਾ. ਅੰਬੇਡਕਰ ਦਾ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ।
- ਕਾਂਸ਼ੀ ਰਾਮ ਨੇ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਵਿੱਚ ਆ ਗਏ
- 1978 ਵਿੱਚ, ਉਨ੍ਹਾਂ ਨੇ ਪੁਣੇ ਵਿੱਚ ਆਲ ਇੰਡੀਆ ਬੈਕਵਰਡ ਐਂਡ ਮਾਇਨੌਰਟੀ ਕਮਿਊਨਿਟੀਜ਼ ਐਂਪਲਾਈਜ਼ ਫੈਡਰੇਸ਼ਨ ਦਾ ਗਠਨ ਕੀਤਾ
- 1981 ਵਿੱਚ, ਉਨ੍ਹਾਂ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (DS4) ਨਾਂ ਦੀ ਇੱਕ ਹੋਰ ਸੰਸਥਾ ਬਣਾਈ।
- 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਨ ਕੀਤਾ ਸੀ
- ਕਾਂਸ਼ੀ ਰਾਮ ਨੂੰ ਆਪਣੇ ਸੂਬੇ ਪੰਜਾਬ ਦੀ ਸਿਆਸਤ ਵਿਚ ਕੋਈ ਖਾਸ ਸਫ਼ਲਤਾ ਨਹੀਂ ਮਿਲੀ
- ਉੱਤਰ ਪ੍ਰਦੇਸ਼ ਉਨ੍ਹਾਂ ਦੀ ਕਰਮ ਭੂਮੀ ਬਣੀ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣੀ ਸਰਕਾਰ ਬਣਾਈ
- ਬਾਬੂ ਕਾਂਸ਼ੀ ਰਾਮ ਦਾ 9 ਅਕਤੂਬਰ 2006 ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ

15 ਬਨਾਮ 85 ਦੀ ਰਾਜਨੀਤੀ
ਉਨ੍ਹਾਂ ਨੇ ਮਹਿਸੂਸ ਕੀਤਾ ਕਿ ਦੇਸ਼ ਦੀ ਸੱਤਾ ਉੱਚ ਜਾਤੀ ਦੇ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੈ ਜੋ ਆਬਾਦੀ ਦਾ ਸਿਰਫ਼ 15 ਪ੍ਰਤੀਸ਼ਤ ਹੀ ਬਣਦੇ ਹਨ।
ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜੇਕਰ ਕਿਸੇ ਨੇ ਇਸ ਤਸਵੀਰ ਨੂੰ ਬਦਲਣਾ ਹੈ, ਤਾਂ ਬਾਕੀ 85 ਪ੍ਰਤੀਸ਼ਤ ਜਨਤਾ ਵਿੱਚ ਇਕਜੁਟਤਾ ਹੋਣੀ ਚਾਹੀਦੀ ਹੈ।
ਕਾਂਸ਼ੀ ਰਾਮ ਨੇ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਵਿੱਚ ਆ ਗਏ। 1978 ਵਿੱਚ, ਉਨ੍ਹਾਂ ਨੇ ਪੁਣੇ ਵਿੱਚ ਆਲ ਇੰਡੀਆ ਬੈਕਵਰਡ ਐਂਡ ਮਾਇਨੌਰਟੀ ਕਮਿਊਨਿਟੀਜ਼ ਐਂਪਲਾਈਜ਼ ਫੈਡਰੇਸ਼ਨ (ਬੀਏਐੱਮਸੀਈਐੱਫ) ਦਾ ਗਠਨ ਕੀਤਾ।
1981 ਵਿੱਚ, ਉਨ੍ਹਾਂ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (DS4) ਨਾਂ ਦੀ ਇੱਕ ਹੋਰ ਸੰਸਥਾ ਬਣਾਈ।
ਕਾਂਸ਼ੀ ਰਾਮ ਨੇ ਆਪਣੇ ਸਿਆਸੀ ਸੰਘਰਸ਼ ਦੀ ਸ਼ੁਰੂਆਤ ਪੁਣੇ ਤੋਂ ਕੀਤੀ ਸੀ। ਮਹਾਰਾਸ਼ਟਰ, ਅੰਬੇਡਕਵਾਦੀ ਅੰਦੋਲਨ ਦਾ ਗੜ੍ਹ ਹੋਣ ਕਰਕੇ, ਉਨ੍ਹਾਂ ਨੂੰ ਅਨੁਕੂਲ ਮਾਹੌਲ ਉੱਥੇ ਅਨੁਕੂਲ ਮਾਹੌਲ ਮਿਲਿਆ।
ਜਦੋਂ ਜਾਰਜ ਫਰਨਾਂਡੀਜ਼ ਵਰਗਾ ਟਰੇਡ ਯੂਨੀਅਨ ਆਗੂ ਮਹਾਰਾਸ਼ਟਰ ਵਿੱਚ ਆਪਣੀ ਉਗਰ ਰਾਜਨੀਤੀ ਕਰ ਰਿਹਾ ਸੀ ਤਾਂ ਕਾਂਸ਼ੀ ਰਾਮ ਨੇ ਇੱਕ ਵੱਖਰਾ ਰਾਹ ਚੁਣਿਆ। ਕਾਂਸ਼ੀ ਰਾਮ ਨੇ ਮਹਾਰਾਸ਼ਟਰ ਵਿੱਚ ਆਪਣੀ ਰਾਜਨੀਤੀ ਕਿਉਂ ਨਹੀਂ ਜਾਰੀ ਰੱਖੀ?

ਤਸਵੀਰ ਸਰੋਤ, BBC / NITIN NAGARKAR
ਸੀਨੀਅਰ ਲੇਖਕ ਰਾਓਸਾਹਿਬ ਕਸਬੇ ਸ਼ੁਰੂਆਤੀ ਦਿਨਾਂ ਵਿੱਚ ਕਾਂਸ਼ੀ ਰਾਮ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਸਨ। ਉਹ ਵਿਸਥਾਰ ਨਾਲ ਦੱਸਦੇ ਹਨ ਕਿ ਕਾਂਸ਼ੀ ਰਾਮ ਮਹਾਰਾਸ਼ਟਰ ਵਿੱਚ ਆਪਣੀ ਰਾਜਨੀਤੀ ਕਿਉਂ ਨਹੀਂ ਕਰ ਸਕੇ।
ਕਸਬੇ ਕਹਿੰਦੇ ਹਨ, "ਕਾਂਸ਼ੀ ਰਾਮ ਮੋਚੀ ਜਾਤ ਨਾਲ ਸਬੰਧਤ ਸਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਡਾ ਅੰਬੇਡਕਵਾਦੀ ਸਮੂਹ ਬੋਧੀ ਸਨ, ਪਹਿਲਾਂ ਮਹਾਰ ਸਨ। ਇਹ ਭਾਈਚਾਰਾ ਕਿਸੇ ਹੋਰ ਸਮੂਹ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰਦਾ ਇਸ ਲਈ, ਕਾਂਸ਼ੀ ਰਾਮ ਲਈ ਇੱਥੇ ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਥਾਪਤ ਕਰਨਾ ਸੰਭਵ ਨਹੀਂ ਸੀ।''
ਇਸ ਦੌਰਾਨ ਔਰੰਗਾਬਾਦ ਵਿੱਚ ਮਰਾਠਵਾੜਾ ਯੂਨੀਵਰਸਿਟੀ ਦਾ ਨਾਮ ਬਦਲ ਕੇ ਡਾ. ਅੰਬੇਡਕਰ ਦੇ ਨਾਂ 'ਤੇ ਰੱਖਣ ਦੇ ਅੰਦੋਲਨ ਦੌਰਾਨ ਉਨ੍ਹਾਂ ਦੇ ਰੁਖ਼ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਰਾਜਨੀਤਕ ਖੇਤਰ ਦੋਂ ਅਲੱਗ ਕਰ ਦਿੱਤਾ।
ਕਸਬੇ ਕਹਿੰਦੇ ਹਨ, "ਕਾਂਸ਼ੀ ਰਾਮ ਨੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਂ ਬਦਲਣ ਲਈ ਅੰਦੋਲਨ ਦੌਰਾਨ ਵਿਰੋਧ ਦਾ ਰੁਖ਼ ਅਪਣਾਇਆ। ਉਨ੍ਹਾਂ ਨੇ ਸੋਚਿਆ ਕਿ ਇਹ ਬ੍ਰਾਹਮਣਾਂ ਦੀ ਸਾਜ਼ਿਸ਼ ਹੈ ਜਿਸ ਨੇ ਇਸ ਅੰਦੋਲਨ ਨੂੰ ਭੜਕਾਇਆ ਹੈ ਪਰ, ਜਨਤਾ ਨੇ ਉਨ੍ਹਾਂ ਦੇ ਤਰਕ ਨੂੰ ਨਹੀਂ ਮੰਨਿਆ।

ਇਹ ਵੀ ਪੜ੍ਹੋ-

"ਇਸ ਅੰਦੋਲਨ ਦੌਰਾਨ ਹੋਈ ਬੇਇਨਸਾਫ਼ੀ ਅਤੇ ਅੱਤਿਆਚਾਰ ਨੂੰ ਦੇਖਣ ਤੋਂ ਬਾਅਦ, ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਦ੍ਰਿੜ ਸੰਕਲਪ ਲਿਆ ਸੀ। ਹਾਲਾਂਕਿ, ਕਾਂਸ਼ੀ ਰਾਮ ਨੇ ਇਸ ਤੋਂ ਉਲਟ ਰਾਇ ਰੱਖੀ। ਇਸ ਲਈ ਆਖਰਕਾਰ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਲੋਕਾਂ ਤੋਂ ਦੂਰ ਕਰ ਦਿੱਤਾ ਗਿਆ।''
ਡਾ. ਅੰਬੇਡਕਰ ਤੋਂ ਵੱਖਰਾ ਮਾਰਗ
ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਉਦੋਂ ਕਾਂਸ਼ੀ ਰਾਮ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੀ ਰਾਜਨੀਤੀ ਦਾ ਬ੍ਰਾਂਡ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਨੇ ਸਮਝ ਲਿਆ ਸੀ ਕਿ ਜੇ ਬਹੁਜਨ ਭਾਈਚਾਰਿਆਂ ਨੇ ਸਿਆਸੀ ਸੱਤਾ 'ਤੇ ਕਾਬਜ਼ ਹੋਣਾ ਹੈ ਤਾਂ ਡੀ.ਐੱਸ.-4 ਅਤੇ ਬਾਮਸੇਫ (BAMSEF) ਵਰਗੀਆਂ ਸੰਸਥਾਵਾਂ ਕਾਫ਼ੀ ਨਹੀਂ ਹਨ।
ਇਸ ਲਈ, ਉਨ੍ਹਾਂ ਨੇ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਨ ਕੀਤਾ ਸੀ।
ਕਾਂਸ਼ੀ ਰਾਮ ਨੇ 'ਜਿਤਨੀ ਜਿਸਕੀ ਸੰਖਿਆ ਭਾਰੀ, ਉਤਨੀ ਉਸਕੀ ਭਾਗੀਦਾਰੀ' (ਤੁਹਾਡੀ ਗਿਣਤੀ ਤੁਹਾਡਾ ਹਿੱਸਾ ਤੈਅ ਕਰੇਗੀ) ਅਤੇ 'ਜੋ ਬਹੁਜਨ ਬਾਤ ਕਰੇਗਾ, ਵੋ ਦਿੱਲੀ ਪੇ ਰਾਜ ਕਰੇਗਾ' (ਬਹੁਜਨਾਂ ਲਈ ਬੋਲਣ ਵਾਲੇ ਦਿੱਲੀ 'ਤੇ ਰਾਜ ਕਰਨਗੇ) ਵਰਗੇ ਨਾਅਰੇ ਦਿੱਤੇ।
1984 ਦੀਆਂ ਲੋਕ ਸਭਾ ਚੋਣਾਂ ਨੇੜੇ ਸਨ। ਬਸਪਾ ਨੇ ਨੌਂ ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ।
ਬਸਪਾ ਨੇ ਇਨ੍ਹਾਂ ਚੋਣਾਂ ਵਿੱਚ ਲਗਭਗ 10 ਲੱਖ ਵੋਟਾਂ ਹਾਸਲ ਕੀਤੀਆਂ ਅਤੇ ਪਾਰਟੀ ਨੂੰ ਛੇ ਲੱਖ ਵੋਟਾਂ ਇਕੱਲੀਆਂ ਉੱਤਰ ਪ੍ਰਦੇਸ਼ ਤੋਂ ਆਈਆਂ ਸਨ।
ਇਹ ਉਹ ਸਮਾਂ ਸੀ ਜਦੋਂ ਰਾਮ ਮੰਦਰ ਅੰਦੋਲਨ ਜ਼ੋਰ ਫੜ ਰਿਹਾ ਸੀ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੇ ਬਹਿਸ ਛੇੜ ਦਿੱਤੀ ਸੀ।
ਕਾਂਸ਼ੀ ਰਾਮ ਨੂੰ ਇਸ ਖੇਤਰ ਵਿੱਚ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
ਉੱਤਰ ਪ੍ਰਦੇਸ਼ ਦੇ ਪ੍ਰੋਫੈਸਰ ਬਦਰੀ ਨਰਾਇਣ ਨੇ ਕਾਂਸ਼ੀ ਰਾਮ ਦੀ ਜੀਵਨੀ ਲਿਖੀ ਹੈ। ਉਹ ਉੱਤਰ ਪ੍ਰਦੇਸ਼ ਵਿੱਚ ਕਾਂਸ਼ੀ ਰਾਮ ਦੇ ਕੰਮ ਬਾਰੇ ਗੱਲ ਕਰਦੇ ਹਨ:
"ਕਾਂਸ਼ੀ ਰਾਮ ਨੇ ਖੁਦ ਦੱਸਿਆ ਸੀ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਨੂੰ ਕਿਉਂ ਚੁਣਿਆ। ਉਹ ਕਹਿੰਦੇ ਸਨ ਕਿ ਉਸ ਨੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਦੀ ਮਿੱਟੀ ਵਿੱਚ ਪੌਦਾ ਲਾਇਆ ਹੈ। ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਨੂੰ ਪੰਜਾਬ ਦੇ ਦਲਿਤਾਂ ਨਾਲੋਂ ਕਿਤੇ ਵੱਧ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਹੈ।”
ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਵਿੱਚ ਦਲਿਤਾਂ 'ਤੇ ਇੰਨੇ ਅੱਤਿਆਚਾਰ ਕਦੇ ਨਹੀਂ ਦੇਖੇ, ਜਿੰਨੇ ਉੱਤਰ ਪ੍ਰਦੇਸ਼ ਵਿੱਚ ਵੇਖੇ ਹਨ। ਨਾਲ ਹੀ, ਇਹ ਮੰਦਿਰ ਅੰਦੋਲਨ ਦਾ ਦੌਰ ਸੀ।
ਇਸ ਲਈ, ਉਨ੍ਹਾਂ ਕੋਲ ਆਪਣੀ ਰਾਜਨੀਤੀ ਦਾ ਬ੍ਰਾਂਡ ਸਥਾਪਤ ਕਰਨ ਦਾ ਮੌਕਾ ਸੀ।''
"ਉਨ੍ਹਾਂ ਨੇ ਰਾਮਾਇਣ ਅਤੇ ਮਹਾਭਾਰਤ ਦੀਆਂ ਕਥਾਵਾਂ ਨਾਲ ਆਢਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਮਹਾਂਕਾਵਾਂ ਵਿੱਚ ਪੀੜਤਾਂ ਵਜੋਂ ਦਰਸਾਏ ਗਏ ਪਾਤਰਾਂ ਤੋਂ ਦਲਿਤਾਂ ਲਈ ਪ੍ਰਤੀਕ ਅਤੇ ਮੂਰਤੀਆਂ ਦਾ ਨਿਰਮਾਣ ਕੀਤਾ। ਉਹ ਜਾਣਦੇ ਸਨ ਕਿ ਇਹ ਸਭ ਕੁਝ ਉੱਤਰ ਪ੍ਰਦੇਸ਼ ਦੀ ਰਾਜਨੀਤੀ ਲਈ ਮਹੱਤਵਪੂਰਨ ਹੋਵੇਗਾ। ਲੋਕ ਇਸ ਖੇਤਰ ਨੂੰ ਆਰੀਆ ਦੀ ਧਰਤੀ ਕਹਿੰਦੇ ਹਨ।''

ਤਸਵੀਰ ਸਰੋਤ, COURTESY BADRINARAYAN
ਪਰ, ਕਾਂਸ਼ੀ ਰਾਮ ਨੇ ਕਿਹਾ ਕਿ ਉਹ ਇਸ ਨੂੰ 'ਚਮਾਰਾਂ' ਦੀ ਧਰਤੀ ਬਣਾ ਦੇਣਗੇ ਅਤੇ ਉਨ੍ਹਾਂ ਨੇ ਇਸ ਨੂੰ ਪ੍ਰਾਪਤ ਕੀਤਾ।
ਉਨ੍ਹਾਂ ਨੇ ਮਾਇਆਵਤੀ ਵਰਗੀ ਦਲਿਤ ਔਰਤ ਨੂੰ ਚਾਰ ਵਾਰ ਸੂਬੇ ਦੀ ਮੁੱਖ ਮੰਤਰੀ ਬਣਾਇਆ। ਇਹ ਰਾਜ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਵਿੱਚ ਕਮਲਾਪਤੀ ਤ੍ਰਿਪਾਠੀ ਵਰਗੇ ਮੁੱਖ ਮੰਤਰੀਆਂ ਦੀ ਪਰੰਪਰਾ ਰਹੀ ਹੈ।
ਕਾਂਸ਼ੀ ਰਾਮ ਜੋ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਸੀ, ਦਾ ਜਨਮ ਰੋਪੜ ਜ਼ਿਲ੍ਹੇ ਦੇ ਪਿੰਡ ਖੁਆਸਪੁਰਾ ਹੈ, ਪਰ ਉਨ੍ਹਾਂ ਦਾ ਕਾਫ਼ੀ ਸਮਾਂ ਨਾਨਕੇ ਪਿੰਡ ਅਟਾਰੀ (ਨੇੜੇ ਬੁੰਗਾ ਸਾਹਿਬ) ਬੀਤੀਆ ਸੀ।
ਪੰਜਾਬ ਵਿੱਚ ਦੇਸ਼ ਵਿੱਚ ਅਨੁਸੂਚਿਤ ਜਾਤੀ ਭਾਈਚਾਰਿਆਂ ਦੀ ਸਭ ਤੋਂ ਵੱਧ ਆਬਾਦੀ ਹੈ। ਪਰ, ਜਿੱਥੋਂ ਤੱਕ ਕਾਂਸ਼ੀ ਰਾਮ ਦੀ ਰਾਜਨੀਤੀ ਦਾ ਸਬੰਧ ਹੈ, ਇਸ ਜ਼ਮੀਨ ਤੋਂ ਬਹੁਤੀ ਉਪਜ ਨਹੀਂ ਹੋਈ।
ਜਲੰਧਰ ਦੇ ਰਹਿਣ ਵਾਲੇ ਸੀਨੀਅਰ ਪੱਤਰਕਾਰ ਗੁਰਬਚਨ ਸਿੰਘ ਨੇ ਸ਼ੁਰੂ ਤੋਂ ਹੀ ਕਾਂਸ਼ੀ ਰਾਮ ਦੀ ਰਾਜਨੀਤੀ ਨੂੰ ਸੂਬੇ ਵਿੱਚ ਦੇਖਿਆ ਹੈ।
ਉਹ ਕਹਿੰਦੇ ਹਨ, "ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੇ ਜਾਤ-ਪਾਤ ਦੀ ਨਿਖੇਧੀ ਕੀਤੀ ਹੈ। ਪਰ, ਅਸਲ ਵਿੱਚ ਇੱਥੇ ਜਾਤ-ਪਾਤ ਸਰਵ ਵਿਆਪਕ ਹੈ। ਮੋਚੀ (ਚਮਾਰ) ਜਾਤੀ ਦਾ ਆਰਥਿਕ ਅਤੇ ਸਮਾਜਿਕ ਕੱਦ ਉੱਚਾ ਹੈ।''

ਤਸਵੀਰ ਸਰੋਤ, Getty Images
''ਉਹ ਆਪਣੇ ਆਪ ਨੂੰ ਬਾਲਮੀਕੀ ਸਮਾਜ ਤੋਂ ਉੱਚਾ ਸਮਝਦੇ ਹਨ ਅਤੇ ਵਾਲਮੀਕ ਹੋਰ ਗਰੀਬ ਹਨ।
ਸ਼ੁਰੂਆਤੀ ਦਿਨਾਂ ਵਿੱਚ ਕਾਂਸ਼ੀ ਰਾਮ ਨੇ ਪੰਜਾਬ ਵਿੱਚ ਇਨ੍ਹਾਂ ਦੋ ਪ੍ਰਮੁੱਖ ਦਲਿਤ ਭਾਈਚਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਪਰ, ਅਮੀਰ ਚਮਾਰ ਨੇਤਾਵਾਂ ਨੇ ਬਾਲਮੀਕੀ ਮੈਂਬਰਾਂ ਨੂੰ ਬਸਪਾ ਵਿੱਚ ਨਹੀਂ ਰਹਿਣ ਦਿੱਤਾ।"
ਕਾਂਸ਼ੀ ਰਾਮ ਪੰਜਾਬ ਤੋਂ ਸਿੱਖ ਘੱਟ-ਗਿਣਤੀ ਭਾਈਚਾਰੇ ਨੂੰ ਰਾਸ਼ਟਰੀ ਰਾਜਨੀਤੀ ਵਿੱਚ ਮਜ਼ਬੂਤ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਪੂਰੀ ਕੋਸ਼ਿਸ਼ ਕੀਤੀ।
ਅਜਿਹਾ ਹੀ ਇੱਕ ਯਤਨ ਓਪਰੇਸ਼ਨ ਬਲੂ ਸਟਾਰ ਤੋਂ ਬਹੁਤ ਪਹਿਲਾਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਵਿੱਚ ਕੀਤਾ ਗਿਆ ਸੀ। ਇਹ ਭਿੰਡਰਾਂਵਾਲੇ ਨੂੰ ਜਮਹੂਰੀ ਰਾਜਨੀਤੀ ਵਿੱਚ ਲਿਆਉਣ ਦੀ ਕੋਸ਼ਿਸ਼ ਸੀ।
ਪੰਜਾਬੀ ਲੇਖਕ ਦੇਸ ਰਾਜ ਕਾਲੀ ਕਹਿੰਦੇ ਹਨ, "ਮੈਂ ਇਸ ਬਾਰੇ ਕੁਝ ਥਾਵਾਂ 'ਤੇ ਪੜ੍ਹਿਆ ਹੈ। ਕਾਂਸ਼ੀ ਰਾਮ ਨਾਲ ਕੰਮ ਕਰਨ ਵਾਲੇ ਕੁਝ ਸੀਨੀਅਰ ਆਗੂਆਂ ਨੇ ਵੀ ਮੈਨੂੰ ਦੱਸਿਆ ਹੈ ਕਿ ਕਾਂਸ਼ੀ ਰਾਮ ਅੰਮ੍ਰਿਤਸਰ ਵਿਖੇ ਭਿੰਡਰਾਂਵਾਲੇ ਨੂੰ ਮਿਲੇ ਸਨ।"
"ਉਹ ਚਾਹੁੰਦੇ ਸਨ ਕਿ ਭਿੰਡਰਾਵਾਲਾ ਉਨ੍ਹਾਂ ਦੇ ਨਾਲ ਜਮਹੂਰੀ ਰਾਜਨੀਤੀ ਵਿੱਚ ਸ਼ਾਮਲ ਹੋਵੇ। ਪਰ, ਭਿੰਡਰਾਵਾਲੇ ਨੇ ਬਿਲਕੁਲ ਵੱਖਰਾ ਰਸਤਾ ਅਪਣਾਇਆ ਸੀ।"
ਅਸਲ ਵਿੱਚ ਕਾਂਸ਼ੀ ਰਾਮ ਅਤੇ ਡਾ. ਅੰਬੇਡਕਰ ਦਾ ਇੱਕ ਹੀ ਮਿਸ਼ਨ ਸੀ ਪਰ, ਉਨ੍ਹਾਂ ਦੇ ਰਸਤੇ ਵੱਖਰੇ ਸਨ। ਡਾ. ਅੰਬੇਡਕਰ ਨੇ ਕਿਹਾ ਸੀ ਕਿ ਬਹੁਜਨ ਭਾਈਚਾਰਿਆਂ ਨੂੰ ਹਾਕਮ ਜਮਾਤਾਂ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ। ਕਾਂਸ਼ੀ ਰਾਮ ਨੇ ਵੀ ਇਹੀ ਮਹਿਸੂਸ ਕੀਤਾ।
ਪ੍ਰੋਫੈਸਰ ਬਦਰੀ ਨਰਾਇਣ ਕਹਿੰਦੇ ਹਨ, "ਕਾਂਸ਼ੀ ਰਾਮ ਹਮੇਸ਼ਾ ਕਹਿੰਦੇ ਸਨ ਕਿ ਡਾ. ਅੰਬੇਡਕਰ ਨੇ ਕਿਤਾਬਾਂ ਇਕੱਠੀਆਂ ਕੀਤੀਆਂ, ਮੈਂ ਲੋਕਾਂ ਨੂੰ ਇਕੱਠਾ ਕੀਤਾ। ਡਾ. ਅੰਬੇਡਕਰ ਨੇ ਚਿੰਤਨ ਕੀਤਾ ਅਤੇ ਬਹੁਤ ਲਿਖਿਆ। ਦੂਜੇ ਪਾਸੇ, ਕਾਂਸ਼ੀ ਰਾਮ ਨੇ ਸਿਰਫ਼ ਇੱਕ ਕਿਤਾਬ ਲਿਖੀ - 'ਚਮਚਾ ਯੁੱਗ'। ਹਾਲਾਂਕਿ, ਉਨ੍ਹਾਂ ਨੇ ਲੋਕਾਂ ਨੂੰ ਇਕੱਠਾ ਕੀਤਾ, ਉਨ੍ਹਾਂ ਨੇ ਇੱਕ ਅੰਦੋਲਨ ਦੀ ਅਗਵਾਈ ਕੀਤੀ ਅਤੇ ਇੱਕ ਸਫਲ ਚੋਣ ਰਾਜਨੀਤੀ ਵੀ ਕੀਤੀ। ਡਾ. ਅੰਬੇਡਕਰ ਨੂੰ ਕਦੇ ਵੀ ਚੋਣ ਮੈਦਾਨ ਵਿੱਚ ਇੰਨੀ ਸਫਲਤਾ ਨਹੀਂ ਮਿਲੀ।"
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਹਾਤਮਾ ਫੂਲੇ, ਸ਼ਾਹੂ ਮਹਾਰਾਜ ਅਤੇ ਡਾਕਟਰ ਬੀ.ਆਰ. ਅੰਬੇਡਕਰ ਦੇ ਵਿਚਾਰਾਂ ਨੂੰ ਦੇਸ਼ ਭਰ ਵਿੱਚ ਫੈਲਾਉਣ ਵਿੱਚ ਕਾਂਸ਼ੀ ਰਾਮ ਦਾ ਵੱਡਾ ਯੋਗਦਾਨ ਹੈ। ਇਹ ਕਾਂਸ਼ੀ ਰਾਮ ਲਈ ਸਿਹਰਾ ਜਾਂਦਾ ਹੈ ਕਿ ਅੱਜ ਉੱਤਰ ਪ੍ਰਦੇਸ਼ ਵਰਗੇ ਰਾਜ ਵਿੱਚ ਇਨ੍ਹਾਂ ਤਿੰਨਾਂ ਸਮਾਜ ਸੁਧਾਰਕਾਂ ਦੇ ਨਾਂ 'ਤੇ ਕਈ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਜ਼ਿਲ੍ਹੇ ਹਨ।
ਕਾਂਸ਼ੀ ਰਾਮ ਅੱਜ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਦੀ ਬਹੁਜਨ ਸਮਾਜ ਪਾਰਟੀ ਵੀ ਜੋਸ਼ ਗੁਆ ਚੁੱਕੀ ਹੈ। ਪਰ, ਇੱਕ ਨੇਤਾ ਵਜੋਂ ਕਾਂਸ਼ੀ ਰਾਮ ਨੇ ਦੁਨੀਆ ਨੂੰ ਦਿਖਾਇਆ ਕਿ ਵੰਚਿਤ ਲੋਕਾਂ ਦੇ ਕੋਲ ਵੀ ਉਚਿੱਤ ਰਾਜਨੀਤਿਕ ਸ਼ਕਤੀ ਹੈ।
(ਇਹ ਲੇਖ ਪਹਿਲੀ ਵਾਰ 15 ਮਾਰਚ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ )
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












