ਗੁਜਰਾਤ ਗ੍ਰਾਉਂਡ ਰਿਪੋਰਟ-ਦਲਿਤਾਂ ਦੀਆਂ ਜੀਨਾਂ ਤੇ ਮੁੱਛਾਂ ਕਿਉਂ ਖਟਕਦੀਆਂ ਹਨ?

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਦੁਬੇ
- ਰੋਲ, ਬੀਬੀਸੀ ਪੱਤਰਕਾਰ
ਗੁਜਰਾਤ ਦੇ ਗਾਂਧੀਨਗਰ ਤੋਂ ਸਿਰਫ਼ 20 ਕਿਲੋਮੀਟਰ ਦੂਰ ਰਹਿਣ ਵਾਲੇ ਕੁਨਾਲ ਮੇਹਰਿਆ ਇਨ੍ਹਾਂ ਚੋਣਾਂ ਨੂੰ ਅਹਿਮ ਨਹੀਂ ਸਮਝਦੇ।
ਲਿਮਬੋਦਰਾ ਪਿੰਡ ਦੇ ਦਲਿਤ ਮੁਹੱਲੇ ਵਿੱਚ ਰਹਿਣ ਵਾਲੇ ਕੁਨਾਲ ਦਾ ਕਹਿਣਾ ਹੈ ਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ, ਉਨ੍ਹਾਂ ਵਰਗੇ ਦਲਿਤਾਂ ਦੇ ਜੀਵਨ ਵਿੱਚ ਕੋਈ ਬੇਹਤਰੀ ਨਹੀਂ ਆਉਣ ਵਾਲੀ।
ਸਰਕਾਰ ਤੋਂ ਨਾਉਮੀਦ ਕਿਉਂ?
ਉਨ੍ਹਾਂ ਦੇ ਅਜਿਹਾ ਕਹਿਣ ਪਿੱਛੇ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ।
"ਉਸ ਰਾਤ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਘਰੋਂ ਨਿਕਲਿਆ ਹੀ ਸੀ ਕਿ ਮੈਨੂੰ ਥੋੜੀ ਦੂਰੋਂ ਦਰਬਾਰ ਮੁਹੱਲੇ ਵਿੱਚ ਰਹਿਣ ਵਾਲੇ ਭਰਤ ਵਾਘੇਲਾ ਦੀ ਮੋਟਰਸਾਈਕਲ ਦੀ ਅਵਾਜ਼ ਸੁਣੀ।
ਮੈਂ ਪੈਦਲ ਚੱਲ ਰਿਹਾ ਸੀ, ਪਰ ਉਸ ਦੀ ਗੱਡੀ ਦੀ ਅਵਾਜ਼ ਸੁਣ ਕੇ ਮੈਂ ਪਹਿਲਾਂ ਚੁੱਪਚਾਪ ਇੱਕ ਪਾਸੇ ਹੋ ਕੇ ਚੱਲਣ ਲੱਗਾ। ਉਹ ਫਿਰ ਵੀ ਮੇਰੇ ਵੱਲ ਆਇਆ ਅਤੇ ਆਪਣੀ ਮੋਟਰਸਾਈਕਲ ਮੇਰੇ 'ਤੇ ਚੜ੍ਹਾ ਦਿੱਤੀ।
ਮੈਂ ਦੂਰ ਹਟਿਆ ਤੇ ਉਸ ਨੇ ਮੈਨੂੰ ਗਾਲ੍ਹਾਂ ਕੱਢਦੇ ਹੋਏ ਕਿਹਾ ਕਿ ਮੈਂ ਖੁਦ ਨੂੰ ਕੀ ਸਮਝਦਾ ਹਾਂ। ਛੋਟੀ ਜਾਤੀ ਦਾ ਹੁੰਦੇ ਹੋਏ ਵੀ ਮੇਰੀ ਹਿੰਮਤ ਕਿਵੇਂ ਹੋਈ ਉਸ ਦੇ ਸਾਹਮਣੇ ਬੋਲਣ ਦੀ।"
ਇੰਨਾ ਕਹਿਣ ਤੋਂ ਬਾਅਦ ਦੋ ਕਮਰੇ ਦੇ ਪੱਕੇ ਮਕਾਨ ਵਿੱਚ ਆਪਣੇ ਪਿਤਾ ਨਾਲ ਬੈਠੇ ਕੁਨਾਲ ਖਾਮੋਸ਼ ਹੋ ਜਾਂਦਾ ਹੈ। ਫਿਰ ਆਪਣੇ ਹੱਥਾਂ ਵਿੱਚ ਰੱਖੇ ਮੋਬਾਈਲ ਫੋਨ ਨੂੰ ਬੇਚੈਨੀ ਨਾਲ ਉਲਟਦੇ-ਪਲਟਦੇ ਹੋਏ ਨਜ਼ਰਾਂ ਹੇਠਾਂ ਕਰ ਕੇ ਫਰਸ਼ ਨੂੰ ਘੂਰਨ ਲਗਦਾ ਹੈ।
ਉੱਚੀਆਂ ਜਾਤਾਂ ਨਾਲ ਟਕਰਾਅ
ਕੁਝ ਦੇਰ ਬਾਅਦ ਕੰਬਦੀ ਹੋਈ ਅਵਾਜ਼ ਵਿੱਚ ਉਹ ਅੱਗੇ ਕਹਿੰਦਾ ਹੈ, "ਮੈਂ ਫਿਰ ਕਿਹਾ ਕਿ ਮੈਂ ਕੋਈ ਲੜਾਈ ਨਹੀਂ ਕਰਨੀ। ਮੈਂ ਆਪਣੇ ਰਾਹ 'ਤੇ ਜਾਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਉਹ ਨਹੀਂ ਮੰਨਿਆ ਅਤੇ ਆਪਣੀ ਮੋਟਰਸਾਈਕਲ ਸਾਹਮਣੇ ਲਿਆ ਕੇ ਖੜ੍ਹੀ ਕਰ ਦਿੱਤੀ।
ਮੈਨੂੰ ਉਸ ਦੀਆਂ ਕੁਝ ਗੱਲਾਂ ਚੁੱਭ ਰਹੀਆਂ ਸਨ, ਪਰ ਮੈਂ ਲੜਨਾ ਨਹੀਂ ਚਾਹੁੰਦਾ ਸੀ।"
"ਫਿਰ ਉਸ ਨੇ ਆਪਣੀ ਮੋਟਰਸਾਈਕਲ 'ਤੇ ਬੰਨ੍ਹਿਆ ਡੰਡਾ ਕੱਢਿਆ ਤੇ ਮੈਨੂੰ ਗਾਲ੍ਹਾਂ ਕੱਢਦੇ ਹੋਏ ਜ਼ੋਰ-ਜ਼ੋਰ ਦੀ ਕੁੱਟਣ ਲੱਗਾ।
ਉੱਥੇ ਨੇੜੇ ਖੜ੍ਹੇ ਲੋਕਾਂ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਮਾਰਦੇ ਹੋਏ ਵਾਰੀ-ਵਾਰੀ ਮੇਰੀ ਜਾਤੀ ਦੱਸਦਾ ਰਿਹਾ ਅਤੇ ਦੇਖ ਲੈਣ ਦੀਆਂ ਧਮਕੀਆਂ ਦਿੰਦਾ ਰਿਹਾ।"

ਤਸਵੀਰ ਸਰੋਤ, Getty Images
ਕੁਨਾਲ 'ਤੇ ਹੋਇਆ ਹਮਲਾ ਬੀਤੇ ਸਤੰਬਰ ਅਤੇ ਅਕਤੂਬਰ ਦੌਰਾਨ ਦਲਿਤ ਨੌਜਵਾਨਾਂ 'ਤੇ ਹੋਏ ਤਿੰਨ ਹਮਲਿਆਂ 'ਚੋਂ ਇੱਕ ਹੈ।
ਮਾਮਲੇ ਵਿੱਚ ਤਾਲੁਕਾ ਦੇ ਕਾਲੋਲ ਪੁਲਿਸ ਥਾਣੇ ਵਿੱਚ ਭਰਤ ਵਾਘੇਲਾ ਖਿਲਾਫ਼ ਆਈਪੀਸੀ ਦੀ ਧਾਰਾ 323 ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ (ਤਸ਼ਦੱਦ ਰੋਕੂ) ਅਧੀਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੁਨਾਲ ਦੱਸਦੇ ਹਨ ਕਿ ਪੁਲਿਸ ਨੇ ਇੱਕ ਦਿਨ ਆ ਕੇ ਭਰਤ ਅਤੇ ਉਸ ਦੇ ਦੋਸਤਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਉਸ ਤੋਂ ਅੱਗੇ ਕੁਝ ਨਹੀਂ ਹੋਇਆ।
"ਘਟਨਾ ਤੋਂ ਬਾਅਦ ਜਦੋਂ ਮੈਂ ਘਰ ਆਇਆ ਤਾਂ ਮੇਰੇ ਪਿਤਾ ਮੈਨੂੰ ਹਸਪਤਾਲ ਲੈ ਗਏ।
ਸਰਕਾਰੀ ਹਸਪਤਾਲ ਸੀ ਤਾਂ ਡਾਕਟਰ ਨੇ ਮੇਰੀ ਪਿੱਠ ਦੇ ਜ਼ਖ਼ਮ ਦੇਖ ਕੇ ਕਿਹਾ ਕਿ ਪੁਲਿਸ ਕੇਸ ਬਣੇਗਾ।
ਅਸੀਂ ਕੇਸ ਦਰਜ ਵੀ ਕਰਵਾਇਆ ਪਰ ਕੁਝ ਨਹੀਂ ਹੋਇਆ। ਪੁਲਿਸ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ।"
ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਹਮਲੇ ਦੀ ਸ਼ੁਰੂਆਤ
ਕੁਨਾਲ 'ਤੇ ਹੋਏ ਹਮਲੇ ਨਾਲ ਜੁੜੀ ਇਸ ਘਟਨਾ ਦੀ ਸ਼ੁਰੂਆਤ 25 ਸਤੰਬਰ ਨੂੰ ਲਿੰਬੋਦਰਾ ਵਿੱਚ ਹੀ ਪੀਯੂਸ਼ ਪਰਮਾਰ ਅਤੇ ਦਿਗਨ ਮੇਹਰਿਆ 'ਤੇ ਹੋਏ ਹਮਲਿਆਂ ਨਾਲ ਹੋਈ ਸੀ।
21 ਸਾਲਾ ਪੀਯੂਸ਼ ਅਤੇ 17 ਸਾਲਾ ਦਿਗਨ ਪਿੰਡ ਵਿੱਚ ਚੱਲ ਰਹੇ ਗਰਬਾ ਮੇਲੇ ਵਿੱਚ ਗਏ ਸੀ।
"ਪਿੰਡ ਦੇ ਦਰਬਾਰ ਠਾਕੋਰ ਲੋਕਾਂ ਨੂੰ ਉਨ੍ਹਾਂ ਦਾ ਮੇਲਾ ਦੇਖਣਾ ਪਸੰਦ ਨਹੀਂ ਆਇਆ।
ਦਰਬਾਰ ਦੇ ਕੁਝ ਮੁੰਡਿਆਂ ਨੇ ਪਿਯੂਸ਼ ਅਤੇ ਦਿਗਨ ਨੂੰ ਦਲਿਤ ਹੋ ਕੇ ਵੀ ਮੁੱਛ ਰੱਖਣ, ਕਮੀਜ਼ ਨੂੰ ਜੀਨ ਵਿੱਚ ਸੈਟਿੰਗ ਕਰਕੇ ਗਰਬਾ ਦੇਖਣ ਆਉਣ ਨੂੰ ਲੈ ਕੇ ਤਾਅਨੇ ਮਾਰੇ।

ਤਸਵੀਰ ਸਰੋਤ, Getty Images
ਉਨ੍ਹਾਂ 'ਚ ਬੋਲ-ਬੁਲਾਰਾ ਹੋ ਗਿਆ ਪਰ ਉਸ ਦਿਨ ਮਾਮਲਾ ਉੱਥੇ ਹੀ ਖਤਮ ਹੋ ਗਿਆ, ਅਗਲੇ ਦਿਨ ਦਰਬਾਰ ਦੇ ਦੋ ਮੁੰਡਿਆਂ ਨੇ ਆ ਕੇ ਪੀਯੂਸ਼ ਅਤੇ ਦਿਗਨ ਨੂੰ ਧਮਕਾਉਂਦੇ ਹੋਏ ਕਿਹਾ ਕਿ ਦਲਿਤ ਹੁੰਦੇ ਹੋਏ ਉਨ੍ਹਾਂ ਦੀ ਹਿੰਮਤ ਕਿਵੇਂ ਹੋਈ ਉਨ੍ਹਾਂ ਨੂੰ ਜਵਾਬ ਦੇਣ ਦੀ।"
ਕੁਨਾਲ ਦੱਸਦੇ ਹਨ, "ਦਿਗਨ ਤੇ ਪੀਯੂਸ਼ ਨੇ ਪਿੰਡ ਦੀ ਚੌਂਕੀ ਵਿੱਚ ਅਰਜ਼ੀ ਦਰਜ ਕੀਤੀ ਪਰ ਕੁਝ ਨਹੀਂ ਹੋਇਆ। ਦਰਬਾਰ ਪਰਿਵਾਰਾਂ ਦੇ ਮੁੰਡੇ ਦਿਗਨ ਨੂੰ ਸਕੂਲ ਜਾਂਦੇ ਹੋਏ ਪਰੇਸ਼ਾਨ ਕਰਦੇ ਅਤੇ ਪੀਯੂਸ਼ ਨੂੰ ਨੌਕਰੀ 'ਤੇ ਜਾਂਦੇ ਹੋਏ।
ਦਿਗਨ ਤਾਂ ਆਪਣੀ 11ਵੀਂ ਪ੍ਰੀਖਿਆ ਵੀ ਠੀਕ ਤਰ੍ਹਾਂ ਨਹੀਂ ਦੇ ਸਕਿਆ। ਫਿਰ ਮੇਰੇ ਨਾਲ ਕੁੱਟਮਾਰ ਹੋਈ ਅਤੇ ਉਸ ਤੋਂ ਕੁਝ ਦਿਨ ਬਾਅਦ 3 ਅਕਤੂਬਰ ਨੂੰ ਦਿਗਨ ਦੀ ਪਿੱਠ 'ਤੇ ਬਲੇਡ ਨਾਲ ਹਮਲਾ ਹੋਇਆ।
ਉਦੋਂ ਮੈਨੂੰ ਲੱਗਿਆ ਕਿ ਹੁਣ ਅਗਲਾ ਨੰਬਰ ਮੇਰਾ ਹੈ।"
ਇਲਜ਼ਾਮ ਵਾਪਸ ਲੈਣ ਦਾ ਦਬਾਅ
ਦਿਗਨ ਦੀ ਪਿੱਠ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਕੇਸ ਦਰਜ ਕੀਤਾ ਗਿਆ, ਪਰ ਘਟਨਾ ਦੇ ਕੁਝ ਹੀ ਦਿਨ ਬਾਅਦ ਦਿਗਨ ਅਤੇ ਉਸ ਦੇ ਪਰਿਵਾਰ ਨੇ ਹਮਲੇ ਦੀ ਪੂਰੀ ਜ਼ਿੰਮੇਵਾਰੀ ਆਪਣੇ 'ਤੇ ਲੈਂਦੇ ਹੋਏ ਸ਼ਿਕਾਇਤ ਵਾਪਸ ਲਈ।
ਕੁਨਾਲ ਦੇ ਪਿਤਾ ਰਮੇਸ਼ ਭਾਈ ਦਾ ਕਹਿਣਾ ਹੈ ਕਿ ਦਿਗਨ ਅਤੇ ਪੀਯੂਸ਼ 'ਤੇ ਸਾਰੇ ਇਲਜ਼ਾਮ ਵਾਪਸ ਲੈਣ ਦਾ ਦਬਾਅ ਸੀ।
"ਬਲੇਡ ਵਾਲੇ ਹਮਲੇ ਤੋਂ ਬਾਅਦ ਸਭ ਬਹੁਤ ਡਰ ਗਏ ਸੀ ਅਤੇ ਦਬਾਅ ਵਿੱਚ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਹੁਣ ਸਮਝੌਤਾ ਕਰ ਲਿਆ ਹੈ, ਇਸ ਲਈ ਹੁਣ ਉਹ ਮੀਡੀਆ ਨਾਲ ਵੀ ਗੱਲ ਨਹੀਂ ਕਰਦੇ।"
ਦਲਿਤਾਂ 'ਤੇ ਹਮਲੇ ਦੀ ਵਜ੍ਹਾ ਕੀ?
ਲ਼ਿੰਬੋਦਰਾ ਵਿੱਚ ਦਲਿਤਾਂ 'ਤੇ ਹੋ ਰਹੇ ਇੰਨ੍ਹਾਂ ਹਮਿਲਆਂ ਦੀ ਵਜ੍ਹਾ ਪੁੱਛਣ 'ਤੇ ਕੁਨਾਲ ਕਹਿੰਦੇ ਹਨ, "ਪਹਿਲਾਂ ਸਾਡਾ ਪਰਿਵਾਰ ਪਿੰਡ ਦੇ ਦਰਬਾਰ ਲੋਕਾਂ ਕੋਲ ਮਜ਼ਦੂਰੀ ਕਰਦਾ ਸੀ, ਪਰ ਹੁਣ ਸਾਡੇ ਘਰ ਵਿੱਚ ਸਾਰੇ ਨੌਕਰੀ ਕਰਦੇ ਹਨ।
ਇਸ ਲਈ ਹੁਣ ਅਸੀਂ ਉਨ੍ਹਾਂ ਦੀ ਮਜ਼ਦੂਰੀ ਨਹੀਂ ਕਰਦੇ। ਬਸ ਉਨ੍ਹਾਂ ਨੂੰ ਇਹੀ ਗੱਲ ਬੁਰੀ ਲਗਦੀ ਹੈ।"

ਤਸਵੀਰ ਸਰੋਤ, PIYUSH PARMAR
ਕੁਨਾਲ ਦੇ ਪਿਤਾ ਰਮੇਸ਼ ਗਾਂਧੀਨਗਰ ਵਿੱਚ ਆਟੋ ਚਲਾਉਂਦੇ ਹਨ, ਜਦਕਿ ਕੁਨਾਲ ਟੈਲੀਕੌਮ ਕੰਪਨੀ ਰਿਲਾਇੰਸ-ਜਿਓ ਵਿੱਚ ਮੁਲਾਜ਼ਮ ਹਨ।
"ਦਰਬਾਰ ਦੇ ਲੋਕਾਂ ਨੂੰ ਸਾਡਾ ਮੁੱਛਾਂ ਰੱਖਣਾ ਪਸੰਦ ਨਹੀਂ। ਸਾਡਾ ਜੀਨ ਤੇ ਕਮੀਜ਼ ਪਾਉਣਾ ਪਸੰਦ ਨਹੀਂ।
ਸਾਡਾ ਸ਼ਾਂਤੀ ਨਾਲ ਖਾਣਾ-ਕਮਾਉਣਾ ਅਤੇ ਆਪਣੇ ਇਸ ਛੋਟੇ ਜਿਹੇ ਮਕਾਨ ਵਿੱਚ ਰਹਿਣਾ ਵੀ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ।
ਉਨ੍ਹਾਂ ਨੂੰ ਇਸੇ ਗੱਲ ਦਾ ਬੁਰਾ ਲੱਗਦਾ ਹੈ ਕਿ ਹੁਣ ਅਸੀਂ ਉਨ੍ਹਾਂ ਦੀ ਗੁਲਾਮੀ ਬੰਦ ਕਰ ਦਿੱਤੀ ਹੈ।"
ਲਿੰਬੋਦਰਾ ਦੇ ਦਲਿਤ ਨੌਜਵਾਨਾਂ 'ਤੇ ਹੋਏ ਇੰਨ੍ਹਾਂ ਜਾਤੀਗਤ ਹਮਲਿਆਂ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ 'ਤੇ 'ਜਾਤੀਵਾਦ ਦੇ ਵਿਰੋਧ ਅਤੇ ਪੀੜਤਾਂ ਦੀ ਹਿਮਾਇਤ ਵਿੱਚ' ਜਿਵੇਂ ਹੈਸ਼ਟੈਗ ਦੇ ਨਾਲ 'ਮੈਂ ਵੀ ਦਲਿਤ' ਮੁਹਿੰਮ ਸ਼ੁਰੂ ਹੋ ਗਈ ਸੀ।
ਇਸ ਮੁਹਿੰਮ ਤਹਿਤ ਦੇਸ ਭਰ ਦੇ ਦਲਿਤ ਨੌਜਵਾਨਾਂ ਨੇ ਮੁੱਛਾਂ ਨਾਲ ਆਪਣੀਆਂ ਤਸਵੀਰਾਂ ਮੀਡੀਆ 'ਤੇ ਪੋਸਟ ਕਰਨੀਆਂ ਸ਼ੁਰੂ ਕੀਤੀਆਂ।
ਸੋਸ਼ਲ ਮੀਡੀਆ
ਸੋਸ਼ਲ ਮੀਡੀਆ ਬਾਰੇ ਕੁਨਾਲ ਕਹਿੰਦੇ ਹਨ, "ਸੋਸ਼ਲ ਮੀਡੀਆ 'ਤੇ ਜੋ ਸਮਰਥਨ ਮੈਨੂੰ ਮਿਲਿਆ ਉਹ ਬਹੁਤ ਅਹਿਮ ਹੈ ਅਤੇ ਉਸ ਤੋਂ ਮੈਨੂੰ ਹਿੰਮਤ ਮਿਲੀ, ਪਰ ਫਿਰ ਵੀ ਮੈਨੂੰ ਰੋਜ਼ ਆਪਣੀ ਜ਼ਿੰਦਗੀ ਇਕੱਲੇ ਖੁਦ ਹੀ ਜਿਉਣੀ ਪੈਂਦੀ ਹੈ।
ਸੋਸ਼ਲ ਮੀਡੀਆ ਤੋਂ ਕੋਈ ਵੀ ਆ ਕੇ ਮੈਨੂੰ ਇਹ ਨਹੀਂ ਪੁੱਛਦਾ ਕਿ ਅੱਜ ਮੈਂ ਇਕੱਲੇ ਦਫ਼ਤਰ ਜਾਉਂਗਾ? ਕਿਤੇ ਰਾਹ ਵਿੱਚ ਮੈਨੂੰ ਕੋਈ ਮਾਰ ਤਾਂ ਨਹੀਂ ਦੇਵੇਗਾ? ਕੋਈ ਨਹੀਂ ਆਉਂਦਾ ਅਤੇ ਕੋਈ ਕੁਝ ਨਹੀਂ ਪੁੱਛਦਾ। ਮੈਂ ਰੋਜ਼ ਡਰਦੇ-ਡਰਦੇ ਜਾਂਦਾ ਹਾਂ।"
29 ਸਤੰਬਰ ਦੀ ਘਟਨਾ ਨੇ ਕੁਨਾਲ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਹੈ।

ਤਸਵੀਰ ਸਰੋਤ, Facebook
ਗੁਜਰਾਤ ਚੋਣਾਂ ਨਾਲ ਇਸ ਦਲਿਤ ਨੌਜਵਾਨ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਜਿਗਨੇਸ਼ ਮੇਵਾਨੀ ਦਾ ਨਾਮ ਲੈਂਦਿਆਂ ਹੀ ਨਜ਼ਰਾਂ ਉੱਤੇ ਕਰਕੇ ਕਹਿੰਦਾ ਹੈ, "ਜਿਗਨੇਸ਼ ਭਾਈ ਨੇ ਸਾਡੀ ਮਦਦ ਕੀਤੀ।
ਉਨ੍ਹਾਂ ਦਾ ਫੋਨ ਆਇਆ ਸੀ ਮੈਨੂੰ। ਉਨ੍ਹਾਂ ਨੇ ਫੋਨ 'ਤੇ ਕਿਹਾ ਕਿ ਮੈਂ ਨਾ ਡਰਦਾ ਹਾਂ ਤੇ ਨਾ ਉਹ ਮੇਰੇ ਨਾਲ ਹਨ। ਉਨ੍ਹਾਂ ਤੋਂ ਸਾਨੂੰ ਹਿੰਮਤ ਤਾਂ ਮਿਲੀ, ਪਰ ਸਿਆਸਤ ਅਤੇ ਚੋਣਾਂ ਤੋਂ ਕੋਈ ਉਮੀਦ ਨਹੀਂ ਹੈ।"
"ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਸਾਡੇ ਪਿੰਡ ਵਿੱਚ ਜੋ ਵਿਧਾਇਕ ਹਨ, ਉਹ ਕਾਂਗਰਸ ਦੀ ਟਿਕਟ ਤੋਂ ਜਿੱਤ ਕੇ ਆਏ ਸੀ ਪਰ ਦੋਹਾਂ 'ਚੋਂ ਕੋਈ ਵੀ ਸਾਡੀ ਮਦਦ ਲਈ ਅੱਗੇ ਨਹੀਂ ਆਇਆ।
ਇਸ ਲਈ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਦਲਿਤਾਂ ਦੀ ਦੇਸ ਵਿੱਚ ਅਤੇ ਇੰਨ੍ਹਾਂ ਚੋਣਾਂ ਵਿੱਚ ਕੋਈ ਸੁਣਵਾਈ ਨਹੀਂ ਹੈ।"
ਗੁਜਰਾਤ ਵਿੱਚ ਦਲਿਤਾਂ ਦੀ ਅਬਾਦੀ 7 ਫੀਸਦੀ ਹੈ, ਪਰ ਉਹ ਹਾਲੇ ਤੱਕ ਕੋਈ ਸਿਆਸੀ ਦਬਾਅ ਸੰਗਠਨ ਨਹੀਂ ਬਣਾ ਸਕੇ ਹਨ।












