ਬਜ਼ੁਰਗਾਂ ਦੇ ਇਲਾਜ ਨਾਲ ਜੁੜੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਬਾਰੇ 15 ਅਹਿਮ ਸਵਾਲਾਂ ਦੇ ਜਵਾਬ

ਤਸਵੀਰ ਸਰੋਤ, Getty Images
- ਲੇਖਕ, ਸਾਜਿਦ ਹੁਸੈਨ
- ਰੋਲ, ਬੀਬੀਸੀ ਸਹਿਯੋਗੀ
ਸਰਕਾਰ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਸਾਰੇ ਬਜ਼ੁਰਗ ਨਾਗਰਿਕਾਂ ਨੂੰ ਸਿਹਤ ਬੀਮਾ ਕਵਰ ਦੇਣ ਦੀ ਸ਼ੁਰੂਆਤ ਕੀਤੀ ਹੈ।
ਇਸ ਯੋਜਨਾ ਦੇ ਤਹਿਤ ਸਾਰੇ ਬਜ਼ੁਰਗਾਂ ਨੂੰ 'ਆਯੁਸ਼ਮਾਨ ਵੈਅ ਵੰਦਨਾ' ਕਾਰਡ ਜਾਰੀ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਪਿਛਲੇ ਮਹੀਨੇ 11 ਸਤੰਬਰ ਨੂੰ 'ਆਯੁਸ਼ਮਾਨ ਭਾਰਤ' ਯੋਜਨਾ ਵਿੱਚ 70 ਸਾਲ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਸੀ।
ਸਰਕਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਸ ਯੋਜਨਾ ਦਾ 4.5 ਕਰੋੜ ਪਰਿਵਾਰਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿੱਚ 6 ਕਰੋੜ ਸੀਨੀਅਰ ਨਾਗਰਿਕ ਹਨ।
ਇਸ ਫ਼ੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਲਿਖਿਆ, "ਅਸੀਂ ਹਰ ਭਾਰਤੀ ਲਈ ਕਿਫਾਇਤੀ ਅਤੇ ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹਾਂ।"
ਹੁਣ ਜਾਣਦੇ ਹਾਂ ਸਕੀਮ ਨਾਲ ਸਬੰਧਤ ਸਵਾਲ ਜਿਨ੍ਹਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ।

1. ਇਸ ਸਕੀਮ ਦਾ ਲਾਭ ਕਿਸ ਉਮਰ ਦੇ ਲੋਕਾਂ ਨੂੰ ਮਿਲੇਗਾ?
ਇਸ ਸਕੀਮ ਦਾ ਲਾਭ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਮਿਲੇਗਾ। ਇਸ ਸਕੀਮ ਦੇ ਲਾਭ ਪਰਿਵਾਰ ਦੇ ਕਿਸੇ ਵੀ ਛੋਟੀ ਉਮਰ ਵਾਲੇ ਮੈਂਬਰ ਨਾਲ ਸਾਂਝੇ ਨਹੀਂ ਕੀਤੇ ਜਾ ਸਕਣਗੇ।
2. ਕੀ ਇਸ ਸਕੀਮ ਅਧੀਨ ਕੋਈ ਆਮਦਨ ਸਬੰਧੀ ਸੀਮਾ ਹੈ?
ਨੈਸ਼ਨਲ ਹੈਲਥ ਅਥਾਰਟੀ ਅਨੁਸਾਰ, ਇਸ ਯੋਜਨਾ ਦੇ ਤਹਿਤ ਆਮਦਨ ਸਬੰਧੀ ਕੋਈ ਸੀਮਾ ਨਹੀਂ ਹੈ। ਜੇਕਰ ਤੁਹਾਡੀ ਉਮਰ 70 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਤੁਸੀਂ ਬਿਨਾਂ ਕਿਸੇ ਵਿੱਤੀ ਸੀਮਾ ਦੇ ਇਸ ਸਕੀਮ ਦਾ ਲਾਭ ਲੈ ਸਕਦੇ ਹੋ।
ਇਸ ਦਾ ਮਤਲਬ ਹੈ ਕਿ ਇਸ ਉਮਰ ਦੇ ਬਜ਼ੁਰਗ ਵਿਅਕਤੀ ਦੀ ਆਮਦਨ ਭਾਵੇਂ ਕਿੰਨੀ ਵੀ ਹੋਵੇ, ਉਹ ਇਸ ਦਾ ਲਾਭ ਲੈ ਸਕਦੇ ਹਨ।
3. ਇਸ ਸਕੀਮ ਦੇ ਤਹਿਤ ਲੋਕਾਂ ਨੂੰ ਕਿੰਨੇ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਵੇਗਾ?
ਇਸ ਯੋਜਨਾ ਤਹਿਤ ਸਰਕਾਰ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਏਗੀ। ਜਿਸ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਤੋਂ ਇਲਾਵਾ ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਵਾਧੂ ਟਾਪ-ਅੱਪ ਹੈਲਥ ਕਵਰ ਮਿਲੇਗਾ।

ਤਸਵੀਰ ਸਰੋਤ, Getty Images
4. ਸਕੀਮ ਦਾ ਲਾਭ ਲੈਣ ਲਈ ਕਿਹੜੇ ਕਾਰਡ ਦੀ ਲੋੜ ਹੈ?
ਇਸ ਯੋਜਨਾ ਦਾ ਲਾਭ ਲੈਣ ਲਈ ਬਜ਼ੁਰਗਾਂ ਨੂੰ 'ਆਯੁਸ਼ਮਾਨ ਵੈਅ ਵੰਦਨਾ' ਕਾਰਡ ਜਾਰੀ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਆਯੁਸ਼ਮਾਨ ਭਾਰਤ ਕਾਰਡ ਦੀ ਮਾਨਤਾ ਨਹੀਂ ਹੋਵੇਗੀ।
5. ਜੇਕਰ ਕਿਸੇ ਕੋਲ ਆਯੁਸ਼ਮਾਨ ਕਾਰਡ ਹੈ, ਤਾਂ ਕੀ ਉਸ ਨੂੰ ਇਸ ਨਵੇਂ ਕਾਰਡ ਲਈ ਅਪਲਾਈ ਕਰਨਾ ਪਵੇਗਾ?
ਹਾਂ, ਜੇਕਰ ਕਿਸੇ ਕੋਲ ਪਹਿਲਾਂ ਤੋਂ ਹੀ ਆਯੁਸ਼ਮਾਨ ਕਾਰਡ ਹੈ, ਤਾਂ ਵੀ ਉਸ ਨੂੰ ਇਸ ਕਾਰਡ ਲਈ ਅਪਲਾਈ ਕਰਨਾ ਹੋਵੇਗਾ।
6. ਆਯੁਸ਼ਮਾਨ ਵੈਅ ਵੰਦਨਾ ਕਾਰਡ ਲਈ ਅਪਲਾਈ ਕਿਵੇਂ ਕਰੀਏ?
ਇਹ ਕਾਰਡ ਪ੍ਰਾਪਤ ਕਰਨ ਲਈ, ਤੁਹਾਨੂੰ ਪ੍ਰਧਾਨ ਮੰਤਰੀ ਜਨ ਆਰੋਗਿਆ ਪੋਰਟਲ 'ਤੇ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਆਪਣੇ ਕਾਰਡ ਨੂੰ ਐਕਟੀਵੇਟ ਕਰਨ ਲਈ, ਉਨ੍ਹਾਂ ਦੀ ਈ-ਕੇਵਾਈਸੀ ਵੀ ਕਰਵਾਉਣੀ ਪਵੇਗੀ।
ਇਸ ਤੋਂ ਇਲਾਵਾ ਤੁਸੀਂ ਆਯੁਸ਼ਮਾਨ ਐਪ ਰਾਹੀਂ ਵੀ ਇਸ ਕਾਰਡ ਲਈ ਅਪਲਾਈ ਕਰ ਸਕਦੇ ਹੋ।
7. ਜੇਕਰ ਕਿਸੇ ਕੋਲ ਪਹਿਲਾਂ ਹੀ ਆਯੁਸ਼ਮਾਨ ਕਾਰਡ ਹੈ, ਤਾਂ ਕੀ ਉਸ ਨੂੰ ਫਿਰ ਵੀ ਈ-ਕੇਵਾਈਸੀ ਕਰਵਾਉਣਾ ਪਵੇਗੀ?
ਹਾਂ, ਫਿਰ ਵੀ ਉਸ ਨੂੰ ਈ-ਕੇਵਾਈਸੀ ਕਰਵਾਉਣੀ ਪਵੇਗੀ ਕਿਉਂਕਿ ਅਜਿਹਾ ਕਰ ਕੇ ਹੀ ਕਾਰਡ ਐਕਟੀਵੇਟ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
8. 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ, ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਨਿੱਜੀ ਬੀਮਾ ਕਰਵਾ ਲਿਆ ਹੈ ਕੀ ਉਹ ਵੀ ਆਯੁਸ਼ਮਾਨ ਵੈਅ ਵੰਦਨਾ ਕਾਰਡ ਲਈ ਯੋਗ ਹਨ?
ਜੀ ਹਾਂ, ਨੈਸ਼ਨਲ ਹੈਲਥ ਅਥਾਰਟੀ ਦੇ ਅਨੁਸਾਰ, ਇਹ ਲੋਕ ਆਯੁਸ਼ਮਾਨ ਵੈਅ ਵੰਦਨਾ ਕਾਰਡ ਲਈ ਵੀ ਯੋਗ ਹਨ।
9. ਜੇਕਰ ਕੋਈ ਬਜ਼ੁਰਗ ਵਿਅਕਤੀ ਭਵਿੱਖ ਵਿੱਚ ਨਿੱਜੀ ਬੀਮਾ ਲੈਣਾ ਚਾਹੁੰਦਾ ਹੈ, ਤਾਂ ਕੀ ਉਹ ਵੀ ਇਸ ਸਕੀਮ ਲਈ ਯੋਗ ਹੋਵੇਗਾ?
ਹਾਂ, ਭਵਿੱਖ ਵਿੱਚ ਵੀ ਜੇਕਰ ਕੋਈ ਬਜ਼ੁਰਗ ਵਿਅਕਤੀ ਨਿੱਜੀ ਬੀਮਾ ਲੈਣਾ ਚਾਹੁੰਦਾ ਹੈ, ਤਾਂ ਉਸ ਤੋਂ ਬਾਅਦ ਵੀ ਉਹ ਇਸ ਸਕੀਮ ਲਈ ਯੋਗ ਹੋਵੇਗਾ।
10. ਲੋਕ ਇਸ ਸਕੀਮ ਅਧੀਨ ਇਲਾਜ ਕਿੱਥੇ ਕਰਵਾ ਸਕਦੇ ਹਨ?
ਲੋਕ ਇਸ ਸਕੀਮ ਅਧੀਨ ਸਾਰੇ ਸਰਕਾਰੀ ਹਸਪਤਾਲਾਂ ਅਤੇ ਇਸ ਸਕੀਮ ਅਧੀਨ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਸਕਦੇ ਹਨ।

ਤਸਵੀਰ ਸਰੋਤ, Getty Images
11. ਕੀ ਇਸ ਸਕੀਮ ਤਹਿਤ ਲੋਕਾਂ ਨੂੰ ਕਿਸੇ ਕਿਸਮ ਦੀ ਰਕਮ ਅਦਾ ਕਰਨੀ ਪਵੇਗੀ?
ਨਹੀਂ, ਇਹ ਯੋਜਨਾ ਬਿਲਕੁਲ ਮੁਫ਼ਤ ਹੈ। ਤੁਹਾਨੂੰ ਇਸ ਸਕੀਮ ਦੇ ਤਹਿਤ ਇਲਾਜ ਲਈ ਕੋਈ ਰਕਮ ਅਦਾ ਕਰਨ ਦੀ ਲੋੜ ਨਹੀਂ ਹੈ।
12. ਇਸ ਸਕੀਮ ਲਈ ਅਰਜ਼ੀ ਦੇਣ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?
ਇਸ ਸਕੀਮ ਲਈ ਅਪਲਾਈ ਕਰਨ ਲਈ ਤੁਹਾਨੂੰ ਸਿਰਫ਼ ਆਧਾਰ ਕਾਰਡ ਦੀ ਲੋੜ ਹੈ।
13. ਜੇਕਰ ਤੁਹਾਡਾ ਪਰਿਵਾਰ ਪਹਿਲਾਂ ਹੀ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਲੈ ਰਿਹਾ ਹੈ, ਤਾਂ ਕੀ ਉਸ ਪਰਿਵਾਰ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਸ ਸਕੀਮ ਅਧੀਨ ਲਾਭ ਮਿਲੇਗਾ?
ਨਹੀਂ, ਉਨ੍ਹਾਂ ਨੂੰ 5 ਲੱਖ ਰੁਪਏ ਦਾ ਵੱਖਰਾ ਕਵਰੇਜ ਦਿੱਤਾ ਜਾਵੇਗਾ, ਪਰ ਇਸਦੇ ਲਈ ਆਧਾਰ ਈ-ਕੇਵਾਈਸੀ ਦੁਬਾਰਾ ਕਰਾਉਣਾ ਜ਼ਰੂਰੀ ਹੈ।

ਤਸਵੀਰ ਸਰੋਤ, Getty Images
14. ਕੀ ਪਰਿਵਾਰ ਦੇ ਹਰ ਬਜ਼ੁਰਗ ਨੂੰ 5 ਲੱਖ ਰੁਪਏ ਦਾ ਕਵਰੇਜ ਦਿੱਤਾ ਜਾਵੇਗਾ?
ਨਹੀਂ, ਅਜਿਹਾ ਨਹੀਂ ਹੈ, ਪਰਿਵਾਰ ਦੇ ਆਧਾਰ 'ਤੇ 5 ਲੱਖ ਰੁਪਏ ਦਾ ਕਵਰੇਜ ਦਿੱਤਾ ਜਾਂਦਾ ਹੈ। ਇਸਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਪਰਿਵਾਰ ਦੇ ਇੱਕ ਤੋਂ ਵੱਧ ਬਜ਼ੁਰਗ ਮੈਂਬਰਾਂ ਨੂੰ ਨਾਮਜ਼ਦ ਕਰਦੇ ਹੋ, ਤਾਂ 5 ਲੱਖ ਰੁਪਏ ਦੀ ਰਕਮ ਇੱਕ ਪਰਿਵਾਰ ਦੇ ਰੂਪ ਵਿੱਚ ਉਨ੍ਹਾਂ ਵਿੱਚ ਸਾਂਝੀ ਕੀਤੀ ਜਾਵੇਗੀ।
15. ਜੇਕਰ ਤੁਹਾਡੇ ਪਰਿਵਾਰ ਵਿੱਚ ਇੱਕ ਤੋਂ ਵੱਧ ਬਜ਼ੁਰਗ ਰਹਿੰਦੇ ਹਨ, ਤਾਂ ਕੀ ਤੁਹਾਨੂੰ ਹਰੇਕ ਵਿਅਕਤੀ ਨੂੰ ਵੱਖਰੇ ਤੌਰ 'ਤੇ ਨਾਮਜ਼ਦ ਕਰਨ ਦੀ ਲੋੜ ਹੈ?
ਨਹੀਂ, ਵੱਖਰੇ ਤੌਰ 'ਤੇ ਨਾਮਜ਼ਦ ਕਰਨ ਦੀ ਕੋਈ ਲੋੜ ਨਹੀਂ ਹੈ। ਪਹਿਲੇ ਮੈਂਬਰ ਨੂੰ ਨਾਮਜ਼ਦ ਕਰਨ ਤੋਂ ਬਾਅਦ, ਤੁਹਾਨੂੰ ਉਸ ਵਿੱਚ ਦੂਜੇ ਮੈਂਬਰਾਂ ਨੂੰ ਸ਼ਾਮਲ ਕਰਨਾ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












