You’re viewing a text-only version of this website that uses less data. View the main version of the website including all images and videos.
ਬੀਚ 'ਤੇ ਬੈਠੀ ਇਸ ਸ਼ੇਰਨੀ ਦੀ ਫੋਟੋ ਕਿਉਂ ਹੈ ਖਾਸ... ਸਮੁੰਦਰ ਕਿਨਾਰੇ ਜਿੱਥੇ ਜੰਗਲ ਹੀ ਨਹੀਂ, ਉੱਥੇ ਸ਼ੇਰ ਕੀ ਖਾਂਦੇ ਹਨ ਤੇ ਕਿਵੇਂ ਜ਼ਿੰਦਾ ਰਹਿੰਦੇ ਹਨ?
- ਲੇਖਕ, ਇਜ਼ਾਬੇਲ ਗੇਰੇਟਸਨ
- ਰੋਲ, ਬੀਬੀਸੀ ਫਿਊਚਰ
ਨਾਮੀਬੀਆ ਵਿੱਚ 'ਮਾਰੂਥਲ ਸ਼ੇਰਾਂ' ਦਾ ਇੱਕ ਸਮੂਹ ਆਪਣੇ ਰਵਾਇਤੀ ਸ਼ਿਕਾਰ ਸਥਾਨਾਂ ਨੂੰ ਛੱਡ ਕੇ ਐਟਲਾਂਟਿਕ ਸਮੁੰਦਰੀ ਤੱਟ ਵੱਲ ਚਲਾ ਗਿਆ ਹੈ।
ਸ਼ੇਰਾਂ ਦਾ ਇਹ ਸਮੂਹ ਦੁਨੀਆਂ ਦਾ ਇਕਲੌਤਾ ਸਮੁੰਦਰੀ ਸ਼ੇਰਾਂ ਵਾਲਾ ਝੁੰਡ ਬਣ ਗਿਆ ਹੈ।
ਇੱਕ ਫੋਟੋਗ੍ਰਾਫਰ ਨੇ ਇਨ੍ਹਾਂ ਸ਼ੇਰਾਂ ਦੇ ਵਿਵਹਾਰ ਵਿੱਚ ਆਈ ਇਸ ਤਬਦੀਲੀ ਨੂੰ ਕੈਦ ਕੀਤਾ ਹੈ।
ਇਸ ਸ਼ਾਨਦਾਰ ਫੋਟੋ ਵਿੱਚ, ਇੱਕ ਮਾਦਾ ਸ਼ੇਰਨੀ ਨਾਮੀਬੀਆ ਵਿੱਚ ਇੱਕ ਪਥਰੀਲੀ ਬੀਚ 'ਤੇ ਬੈਠੀ ਹੈ ਅਤੇ ਆਪਣੇ ਪਰਲੇ ਪਾਸੇ ਕਿਨਾਰੇ ਨਾਲ ਟਕਰਾ ਰਹੀਆਂ ਲਹਿਰਾਂ ਨੂੰ ਧਿਆਨ ਨਾਲ ਦੇਖ ਰਹੀ ਹੈ।
ਉਸ ਦਾ ਪੂਰਾ ਧਿਆਨ ਇੱਕ 'ਕੇਪ ਫਰ ਸੀਲ' (ਇੱਕ ਕਿਸਮ ਦੀ ਸੀਲ) ਦੀ ਲਾਸ਼ 'ਤੇ ਹੈ, ਜਿਸ ਦਾ ਇਸ ਸ਼ੇਰਨੀ ਨੇ ਸ਼ਿਕਾਰ ਕੀਤਾ ਸੀ। ਇਹ ਸੀਲ ਤਸਵੀਰ 'ਚ ਨਜ਼ਰ ਨਹੀਂ ਆ ਰਹੀ।
ਨਾਮੀਬੀਆ ਦੇ ਮਾਰੂਥਲ ਸ਼ੇਰਾਂ ਵਿੱਚੋਂ ਇੱਕ, ਇਸ ਸ਼ੇਰਨੀ ਦਾ ਨਾਮ ਹੈ - ਗਾਮਾ, ਜਿਸ ਦੀ ਇਹ ਸ਼ਾਨਦਾਰ ਫੋਟੋ ਬੈਲਜੀਅਨ ਮਹਿਲਾ ਫੋਟੋਗ੍ਰਾਫਰ ਗ੍ਰੀਟ ਵੈਨ ਮਾਲਡੇਰੇਨ ਨੇ ਖਿੱਚੀ ਹੈ।
ਇੱਕ ਅਦਭੁਤ ਤਸਵੀਰ
ਸਕੈਲਟਨ ਤੱਟ (ਨਾਮੀਬੀਆ ਦੇ ਐਟਲਾਂਟਿਕ ਤੱਟ ਦਾ ਉੱਤਰੀ ਹਿੱਸਾ) ਦੀਆਂ ਕਠੋਰ ਸਥਿਤੀਆਂ ਵਿੱਚ ਬਚਣ ਲਈ ਗਾਮਾ ਨੇ ਸੀਲਾਂ ਦਾ ਸ਼ਿਕਾਰ ਕਰਨਾ ਸਿੱਖਿਆ।
ਵੈਨ ਮਾਲਡੇਰੇਨ ਦੁਆਰਾ ਖਿੱਚੀ ਗਈ ਇਸ ਫੋਟੋ ਨੂੰ ਲੰਦਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੁਆਰਾ ਆਯੋਜਿਤ ਮਸ਼ਹੂਰ 'ਵਾਈਲਡਲਾਈਫ ਫੋਟੋਗ੍ਰਾਫਰ ਆਫ਼ ਦ ਈਅਰ ਮੁਕਾਬਲੇ' ਵਿੱਚ ਬਹੁਤ ਸਰਾਹਿਆ ਗਿਆ।
ਵੈਨ ਮਾਲਡੇਰੇਨ ਕਹਿੰਦੇ ਹਨ, "ਇਹ ਸਾਰਾ ਦਿਨ ਇੱਕ ਸੀਲ ਦੀ ਲਾਸ਼ ਦੀ ਰਾਖੀ ਕਰ ਰਹੀ ਸੀ।''
ਮਾਲਡੇਰੇਨ ਨੇ ਇਸ ਤਸਵੀਰ ਨੂੰ ਕੈਦ ਕਰਨ ਵਿੱਚ ਕਈ ਦਿਨ ਬਿਤਾਏ। ਆਪਣੀ ਕਾਰ ਵਿੱਚ ਬੈਠ ਕੇ ਉਨ੍ਹਾਂ ਨੇ ਬਿਨਾਂ ਪਲਕ ਝਪਕਾਏ ਗਾਮਾ ਨੂੰ ਦੇਖਿਆ।
ਉਨ੍ਹਾਂ ਕਿਹਾ, "ਇਹ ਦੇਖਣਾ ਹੈਰਾਨੀਜਨਕ ਹੈ ਕਿ ਉਨ੍ਹਾਂ ਦਾ ਵਿਵਹਾਰ ਕਿਵੇਂ ਬਦਲ ਰਿਹਾ ਹੈ।''
80 ਮਾਰੂਥਲ ਸ਼ੇਰਾਂ ਵਿੱਚੋਂ ਸਿਰਫ਼ 12 ਸ਼ੇਰ ਸਕੈਲਟਨ ਕੋਸਟ ਰੀਜਨ (ਸਕੈਲਟਨ ਦੇ ਤੱਟੀ ਇਲਾਕੇ) ਵਿੱਚ ਰਹਿੰਦੇ ਹਨ।
ਉਹ ਭੋਜਨ ਦੀ ਭਾਲ ਵਿੱਚ ਸੁੱਕੇ ਨਾਮੀਬ ਮਾਰੂਥਲ ਤੋਂ ਅਟਲਾਂਟਿਕ ਮਹਾਂਸਾਗਰ ਵੱਲ ਚਲੇ ਗਏ ਹਨ।
2017 ਵਿੱਚ, ਉਨ੍ਹਾਂ ਨੇ ਇਸ ਨਵੇਂ ਨਿਵਾਸ ਸਥਾਨ ਦੇ ਅਨੁਕੂਲ ਹੋਣ ਲਈ ਆਪਣੀ ਖੁਰਾਕ ਅਤੇ ਵਿਵਹਾਰ ਵਿੱਚ ਕਾਫ਼ੀ ਬਦਲਾਅ ਕੀਤਾ।
ਵੈਨ ਮਾਲਡੇਰੇਨ ਨੇ ਕਿਹਾ, "ਇਹ ਫੋਟੋ ਦਰਸਾਉਂਦੀ ਹੈ ਕਿ ਇਹ ਜਾਨਵਰ ਕਿੰਨੇ ਮਜ਼ਬੂਤ ਹਨ। ਉਨ੍ਹਾਂ ਨੇ ਬਚਣ ਲਈ ਆਪਣੇ ਨਿਵਾਸ ਸਥਾਨ ਬਦਲ ਲਏ ਹਨ।''
"ਇਹ ਸ਼ੇਰ ਬਹੁਤ ਮਜ਼ਬੂਤ ਹਨ। ਜ਼ਿੰਦਾ ਬਚੇ ਰਹਿਣਾ ਹੀ ਜ਼ਿੰਦਗੀ ਹੈ ਅਤੇ ਹਰ ਚੀਜ਼ ਲਈ ਸੰਘਰਸ਼ ਕਰਨਾ ਪੈਂਦਾ ਹੈ।''
ਇੱਕ ਰਾਤ 'ਚ 40 ਸੀਲਾਂ ਦਾ ਸ਼ਿਕਾਰ ਕਰ ਸਕਦੀ ਹੈ ਇਹ ਸ਼ੇਰਨੀ
ਵੈਨ ਮਾਲਡੇਰੇਨ ਇਸ ਸ਼ੇਰਨੀ 'ਤੇ ਉਦੋਂ ਤੋਂ ਨਜ਼ਰ ਰੱਖ ਰਹੇ ਹਨ, ਜਦੋਂ ਉਹ ਮਹਿਜ਼ 3 ਮਹੀਨਿਆਂ ਦੀ ਸੀ। ਹੁਣ ਉਹ ਸਾਢੇ ਤਿੰਨ ਸਾਲ ਦੀ ਹੈ।
ਇਹ ਮਾਦਾ ਸ਼ੇਰਨੀ ਹੁਣ ਇੱਕ ਭਿਆਨਕ ਸ਼ਿਕਾਰੀ ਬਣ ਗਈ ਹੈ, ਜੋ ਸਿਰਫ਼ ਇੱਕ ਰਾਤ ਵਿੱਚ 40 ਸੀਲਾਂ ਦਾ ਸ਼ਿਕਾਰ ਕਰਨ ਦੀ ਤਾਕਤ ਰੱਖਦੀ ਹੈ।
ਫਿਲਿਪ ਸਟੈਂਡਰ, ਜੰਗਲੀ ਜੀਵਨ ਦੀ ਸਾਂਭ-ਸੰਭਾਲ ਸਬੰਧੀ ਕੰਮ ਕਰਦੇ ਹਨ। ਉਹ 1980 ਦੇ ਦਹਾਕੇ ਤੋਂ ਨਾਮੀਬੀਆ ਦੇ ਮਾਰੂਥਲ ਸ਼ੇਰਾਂ ਦਾ ਪਤਾ ਲਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਸ਼ਾਵਕ (ਸ਼ੇਰ ਦਾ ਬੱਚਾ) ਸਕੈਲਟਨ ਤੱਟ 'ਤੇ ਪਾਲੀ ਗਈ ਸ਼ੇਰਾਂ ਦੀ ਪਹਿਲੀ ਪੀੜ੍ਹੀ ਦਾ ਹਿੱਸਾ ਹੈ।
ਵੈਨ ਮਾਲਡੇਰੇਨ ਨੇ ਕਿਹਾ ਕਿ ਇਹ ਫੋਟੋ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਗਾਮਾ ਪਹਿਲੀ ਵਾਰ ਬੀਚ 'ਤੇ ਇੱਕਲੀ ਬੈਠੀ ਨਜ਼ਰ ਆ ਰਹੀ ਹੈ।
ਸਟੈਂਡਰ ਨੇ ਕਿਹਾ ਕਿ ਨਾਮੀਬੀਆ ਦੇ ਮਾਰੂਥਲ ਸ਼ੇਰ 1980 ਦੇ ਦਹਾਕੇ ਵਿੱਚ ਸਕੈਲਟਨ ਤੱਟ 'ਤੇ ਰਹਿੰਦੇ ਸਨ, ਪਰ ਸੋਕੇ ਅਤੇ ਬਾਅਦ ਵਿੱਚ ਕਿਸਾਨਾਂ ਨਾਲ ਟਕਰਾਅ ਨੇ ਉਨ੍ਹਾਂ ਦੀ ਆਬਾਦੀ ਨੂੰ ਵੱਡੇ ਪੱਧਰ 'ਤੇ ਖਤਮ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ 30 ਸਾਲ ਬਾਅਦ, ਇਹ ਜਾਨਵਰ ਹੁਣ ਆਪਣੇ ਤੱਟਵਰਤੀ ਖੇਤਰ ਵਿੱਚ ਵਾਪਸ ਆ ਗਏ ਹਨ।
'ਮਾਰੂਥਲ ਦੇ ਇਹ ਸ਼ੇਰ ਬਹੁਤ ਵਿਲੱਖਣ ਹਨ'
ਸਟੈਂਡਰ ਨੇ ਕਿਹਾ ਕਿ ਇਹ ਜਾਨਵਰ ਇੱਕ ਬਹੁਤ ਹੀ ਕਠੋਰ ਵਾਤਾਵਰਣ ਵਿੱਚ ਰਹਿਣ ਦੇ ਅਨੁਕੂਲ ਹਨ, ਜਿੱਥੇ ਕੋਈ ਬਨਸਪਤੀ ਨਹੀਂ ਹੈ ਅਤੇ ਸਿਰਫ਼ ਸਮੁੰਦਰੀ ਰੇਤ ਦੇ ਟਿੱਬੇ ਹਨ।
ਉਨ੍ਹਾਂ ਨੇ 1997 ਵਿੱਚ ਗੈਰ-ਮੁਨਾਫ਼ਾ ਸੰਗਠਨ ਡੇਜ਼ਰਟ ਲਾਇਨ ਕੰਜ਼ਰਵੇਸ਼ਨ ਟਰੱਸਟ ਦੀ ਸਥਾਪਨਾ ਕੀਤੀ।
ਉਨ੍ਹਾਂ ਕਿਹਾ, "ਮਾਰੂਥਲ ਦੇ ਇਹ ਸ਼ੇਰ ਬਹੁਤ ਵਿਲੱਖਣ ਹਨ।'' ਅਤੇ ਉਨ੍ਹਾਂ ਕੋਲ ਕਿਸੇ ਵੀ ਹੋਰ ਸ਼ੇਰ ਨਾਲੋਂ ਸਭ ਤੋਂ ਵੱਡਾ ਨਿਵਾਸ ਸਥਾਨ ਹੈ।
ਸਟੈਂਡਰ ਮੁਤਾਬਕ, ਮਾਰੂਥਲ ਦੇ ਸ਼ੇਰਾਂ ਦਾ ਔਸਤ ਨਿਵਾਸ ਸਥਾਨ 12,000 ਵਰਗ ਕਿਲੋਮੀਟਰ ਹੈ।
ਸੇਰੇਨਗੇਟੀ (ਤਨਜ਼ਾਨੀਆ ਵਿੱਚ ਇੱਕ ਜੰਗਲੀ ਜੀਵ ਰਿਜ਼ਰਵ) ਵਿੱਚ ਸ਼ੇਰਾਂ ਦਾ ਖੇਤਰਫਲ ਲਗਭਗ 100 ਵਰਗ ਕਿਲੋਮੀਟਰ ਹੈ।
ਸਟੈਂਡਰ ਦੱਸਦੇ ਹਨ ਕਿ ਉਹ ਸ਼ੇਰ ਪਾਣੀ ਤੋਂ ਬਿਨਾਂ ਰਹਿਣ ਦੇ ਵੀ ਆਦੀ ਹਨ ਅਤੇ ਉਹ ਪਾਣੀ ਦੀ ਆਪਣੀ ਜ਼ਿਆਦਾਤਰ ਜ਼ਰੂਰਤ ਉਸ ਮਾਸ ਤੋਂ ਪ੍ਰਾਪਤ ਕਰਦੇ ਹਨ ਜੋ ਉਹ ਖਾਂਦੇ ਹਨ।
ਲੰਦਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਵਿੱਚ ਜੀਵਨ ਵਿਗਿਆਨ ਵਿਭਾਗ ਵਿੱਚ ਇੱਕ ਸੀਨੀਅਰ ਖੋਜਕਰਤਾ, ਨੈਟਲੀ ਕੂਪਰ ਨੇ ਕਿਹਾ, "ਅਸੀਂ ਸਵਾਨਾ ਨਿਵਾਸ ਸਥਾਨਾਂ ਵਿੱਚ ਸ਼ੇਰਾਂ ਨੂੰ ਇੱਕ ਵੱਡੀ ਚੱਟਾਨ 'ਤੇ ਬੈਠੇ ਜਾਂ ਲੇਟੇ ਹੋਏ ਦੇਖਣ ਦੇ ਆਦੀ ਹਾਂ। ਪਰ ਬੀਚ 'ਤੇ ਬੈਠੇ ਸ਼ੇਰ ਨੂੰ ਦੇਖਣਾ ਸੱਚਮੁੱਚ ਹੈਰਾਨੀਜਨਕ ਹੈ। ਇਹ ਬਹੁਤ ਅਜੀਬ ਅਤੇ ਅਸਾਧਾਰਨ ਹੈ।"
ਕੂਪਰ ਨੇ ਕਿਹਾ ਕਿ ਮਾਰੂਥਲ ਦੇ ਸ਼ੇਰ ਸਵਾਨਾ ਸ਼ੇਰਾਂ ਨਾਲੋਂ ਛੋਟੇ ਸਮੂਹਾਂ ਵਿੱਚ ਯਾਤਰਾ ਕਰਦੇ ਹਨ। ਉਹ ਭੋਜਨ ਦੀ ਭਾਲ ਵਿੱਚ ਛੋਟੇ ਸਮੂਹਾਂ ਵਿੱਚ ਲੰਬੀ ਦੂਰੀ ਦੀ ਯਾਤਰਾ ਕਰਦੇ ਹਨ, ਜਿਸ ਨਾਲ ਚਲਦੇ ਹੋਏ ਸ਼ੇਰਾਂ ਦੀ ਫੋਟੋ ਖਿੱਚਣਾ ਵਧੇਰੇ ਮੁਸ਼ਕਲ ਹੋ ਜਾਂਦਾ ਹੈ।
ਵੈਨ ਮਾਲਡੇਰੇਨ ਨੇ ਕਿਹਾ, "ਇੱਕ ਫੋਟੋਗ੍ਰਾਫਰ ਲਈ, ਇਹ ਹੈਰਾਨੀਜਨਕ ਹੈ ਕਿਉਂਕਿ ਇਹ ਸ਼ੇਰ ਲਗਾਤਾਰ ਘੁੰਮਦੇ ਰਹਿੰਦੇ ਹਨ।''
"ਉਹ ਲੇਟਦੇ ਵੀ ਨਹੀਂ ਹਨ ਅਤੇ ਨਾ ਹੀ ਸੌਂਦੇ ਹਨ। ਉਹ ਆਪਣੇ ਬਚਾਅ ਲਈ ਲਗਾਤਾਰ ਸ਼ਿਕਾਰ ਕਰਦੇ ਰਹਿੰਦੇ ਹਨ।''
ਮਾਰੂਥਲ ਤੋਂ ਸਮੁੰਦਰ ਵੱਲ
ਸੋਕੇ ਤੋਂ ਪ੍ਰਭਾਵਿਤ ਮੈਦਾਨੀ ਇਲਾਕਿਆਂ ਵਿੱਚ ਉਨ੍ਹਾਂ ਦੇ ਸ਼ਿਕਾਰ ਵਾਲੇ ਜਾਨਵਰ ਸ਼ੁਤਰਮੁਰਗ, ਸਪਰਿੰਗਬੋਕਸ ਅਤੇ ਓਰਿਕਸ ਘਟ ਗਏ ਸਨ। ਇਸ ਲਈ ਇਹ ਸ਼ੇਰ 2015 ਵਿੱਚ ਸਮੁੰਦਰ ਕੰਢੇ ਵਾਪਸ ਆ ਗਏ ਅਤੇ ਇੱਥੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ, "ਵਾਤਾਵਰਣ ਵਿੱਚ ਆਈ ਤਬਦੀਲੀ ਨੇ ਇਨ੍ਹਾਂ ਮਾਰੂਥਲੀ ਸ਼ੇਰਾਂ ਨੂੰ ਸਮੁੰਦਰ ਵੱਲ ਧੱਕ ਦਿੱਤਾ ਹੈ। ਉਨ੍ਹਾਂ ਨੂੰ ਅਟਲਾਂਟਿਕ ਤੱਟ ਦੇ ਕੰਢਿਆਂ 'ਤੇ ਬਚਣ ਲਈ ਅਸਾਧਾਰਨ ਤਰੀਕੇ ਅਪਣਾਉਣ ਲਈ ਮਜਬੂਰ ਕੀਤਾ ਗਿਆ ਹੈ।''
ਜਦੋਂ 30 ਸਾਲ ਪਹਿਲਾਂ ਮਾਰੂਥਲ ਦੀਆਂ ਸ਼ੇਰਨੀਆਂ ਦਾ ਪਹਿਲੀ ਵਾਰ ਅਧਿਐਨ ਕੀਤਾ ਗਿਆ ਸੀ, ਤਾਂ ਉਨ੍ਹਾਂ ਨੂੰ ਜਿਰਾਫਾਂ ਦਾ ਸ਼ਿਕਾਰ ਕਰਨ ਵਿੱਚ ਮਾਹਰ ਪਾਇਆ ਗਿਆ ਸੀ।
ਵਰਤਮਾਨ ਵਿੱਚ ਇਹ ਸੀਲ ਕਲੋਨੀ ਇਨ੍ਹਾਂ ਸ਼ੇਰਾਂ ਨੂੰ ਬਚੇ ਰਹਿਣ ਦਾ ਮੌਕਾ ਦੇ ਰਹੀ ਹੈ।
ਵੈਨ ਮਾਲਡੇਰੇਨ ਨੇ ਦੱਸਿਆ ਕਿ ਮਾਰਚ 2025 ਵਿੱਚ ਤੱਟਵਰਤੀ ਖੇਤਰ ਵਿੱਚ ਸ਼ੇਰਾਂ ਦੇ ਦੋ ਬੱਚੇ ਪੈਦਾ ਹੋਏ ਸਨ।
ਨਾਮੀਬੀਆ ਦੇ ਮਾਰੂਥਲ ਵਾਲੇ ਸ਼ੇਰ ਇਕਲੌਤੇ ਅਜਿਹੇ ਸ਼ੇਰ ਹਨ ਜੋ ਸਮੁੰਦਰੀ ਜੀਵਾਂ ਦਾ ਸ਼ਿਕਾਰ ਕਰਨ ਲਈ ਜਾਣੇ ਜਾਂਦੇ ਹਨ।
ਸਟੈਂਡਰ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਸਮੁੰਦਰੀ ਸ਼ੇਰ ਕਹਿੰਦੇ ਹਾਂ ਕਿਉਂਕਿ ਉਨ੍ਹਾਂ ਨੇ ਸਮੁੰਦਰੀ ਵਾਤਾਵਰਣ ਨੂੰ ਸਮਝਣਾ ਅਤੇ ਸਮੁੰਦਰ ਤੋਂ ਭੋਜਨ ਪ੍ਰਾਪਤ ਕਰਨਾ ਸਿੱਖਿਆ ਹੈ।''
ਸਟੈਂਡਰ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 18 ਮਹੀਨਿਆਂ ਦੀ ਮਿਆਦ ਵਿੱਚ ਤਿੰਨ ਜਵਾਨ ਸ਼ੇਰਨੀਆਂ ਦੁਆਰਾ ਖਪਤ ਕੀਤੇ ਗਏ ਬਾਇਓਮਾਸ ਦਾ 86% ਹਿੱਸਾ ਕੋਰਮੋਰੈਂਟਸ (ਜਲਕਾਗ), ਫਲੇਮਿੰਗੋ (ਇੱਕ ਕਿਸਮ ਦੇ ਵੱਡੇ ਪੰਛੀ) ਅਤੇ ਸੀਲਾਂ ਸਨ।
ਸਟੈਂਡਰ ਕਹਿੰਦੇ ਹਨ, "ਹਾਲਾਂਕਿ ਇਨ੍ਹਾਂ ਸ਼ੇਰਾਂ ਦੀ ਆਬਾਦੀ ਘੱਟ ਹੈ, ਪਰ ਕਿਉਂਕਿ ਹੁਣ ਉਹ ਸਮੁੰਦਰ ਨੂੰ ਜਾਣ ਗਏ ਸਨ ਇਸ ਲਈ [ਸਾਨੂੰ ਉਮੀਦ ਹੈ] ਕਿ ਉਹ ਹੁਣ ਸੈਟ ਹੋ ਜਾਣਗੇ। ਪਰ ਸਾਨੂੰ ਉਨ੍ਹਾਂ ਦੀ ਰੱਖਿਆ ਕਰਨੀ ਪਵੇਗੀ।"
ਮਨੁੱਖਾਂ ਨਾਲ ਟਕਰਾਅ
ਇਸਦਾ ਮਤਲਬ ਹੈ - ਸਕੈਲਟਨ ਤੱਟ ਲਾਗੇ ਰਹਿਣ ਵਾਲੇ ਮਨੁੱਖਾਂ ਨਾਲ ਸ਼ੇਰਾਂ ਦੇ ਟਕਰਾਅ ਨੂੰ ਘਟਾਉਣਾ। ਸਟੈਂਡਰ ਕਹਿੰਦੇ ਹਨ ਕਿ ਜਦੋਂ ਸ਼ੇਰ ਮਨੁੱਖੀ ਬਸਤੀਆਂ ਦੇ ਬਹੁਤ ਨੇੜੇ ਜਾਂਦੇ ਹਨ ਤਾਂ ਲਾਇਨ ਰੇਂਜਰ ਸ਼ੇਰਾਂ ਨੂੰ ਡਰਾਉਣ ਲਈ ਪਟਾਕਿਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਇੱਕ ਵਰਚੁਅਲ ਵਾੜ ਪ੍ਰਣਾਲੀ ਵੀ ਬਣਾਈ ਹੈ ਜੋ ਸ਼ੇਰਾਂ ਦੇ ਇਸ ਪਾਰ ਹੋਣ 'ਤੇ ਚੇਤਾਵਨੀਆਂ ਭੇਜਦੀ ਹੈ, ਜਿਸ ਨਾਲ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਅਤੇ ਸੈਲਾਨੀਆਂ ਦੋਵਾਂ ਦੀ ਰੱਖਿਆ ਹੁੰਦੀ ਹੈ।
ਫੋਟੋਗ੍ਰਾਫੀ ਵੀ ਇਨ੍ਹਾਂ ਜਾਨਵਰਾਂ ਦੀ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਵੈਨ ਮਾਲਡੇਰੇਨ ਕਹਿੰਦੇ ਹਨ ਕਿ ਉਨ੍ਹਾਂ ਦੇ ਕੰਮ ਦਾ ਮੁੱਖ ਉਦੇਸ਼ ਉਸ ਪ੍ਰਜਾਤੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨਾ ਹੈ, ਜਿਸਦੀਆਂ ਉਹ ਫੋਟੋਆਂ ਖਿੱਚਦੇ ਹਨ।
ਉਹ ਕਹਿੰਦੇ ਹਨ, "[ਮੇਰੀਆਂ ਤਸਵੀਰਾਂ] ਇਨ੍ਹਾਂ ਜਾਨਵਰਾਂ ਦੀ ਸੁੰਦਰਤਾ ਦੇ ਨਾਲ-ਨਾਲ ਉਨ੍ਹਾਂ ਦੀ ਕਮਜ਼ੋਰੀ ਨੂੰ ਵੀ ਉਜਾਗਰ ਕਰਦੀਆਂ ਹਨ। ਦੇਸ਼ਕਾਲ ਅਨੁਸਾਰ ਆਪਣੇ-ਆਪ ਨੂੰ ਢਾਲਣ ਦਾ ਉਨ੍ਹਾਂ ਦਾ ਗੁਣ ਸਾਡੇ ਸਾਰਿਆਂ ਲਈ ਇੱਕ ਸਬਕ ਹੈ। ਤਬਦੀਲੀ ਦਾ ਸਾਹਮਣਾ ਕਰਨਾ, ਇਸ ਦੇ ਅਨੁਕੂਲ ਹੋਣਾ ਅਤੇ ਇਸ ਦੇ ਮੁਤਾਬਕ ਕੰਮ ਕਰਨਾ.. ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।''
ਸਟੈਂਡਰ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਫੋਟੋ "ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਸੁੰਦਰ ਸਬਕ ਹੈ ਕਿ ਜਾਨਵਰਾਂ ਵਿੱਚ ਉਸ ਸੁੰਦਰਤਾ ਅਤੇ ਤਾਕਤ ਨੂੰ ਮੁੜ ਪ੍ਰਾਪਤ ਕਰਨ ਦੀ ਸਮਰੱਥਾ ਹੁੰਦੀ ਹੈ ਜਿਸ ਲਈ ਉਹ ਜਾਣੇ ਜਾਂਦੇ ਹਨ। ਸਾਨੂੰ ਸਿਰਫ਼ ਉਨ੍ਹਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ