ਇਸ ਕੁੜੀ ਨੇ ਮੋਢੇ ਉੱਤੇ ਕੈਮਰਾ ਟੰਗ ਕੇ ਬਾਘਾਂ ਦੀ ਅਣਡਿੱਠੀ ਦੁਨੀਆਂ ਦੇ ਕਿਹੜੇ ਰਾਜ਼ ਖੋਲ੍ਹੇ

    • ਲੇਖਕ, ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਪੱਤਰਕਾਰ

ਆਰਜ਼ੂ ਖੁਰਾਨਾ ਨੇ ਦੇਸ਼ ਦੇ 56 ਟਾਈਗਰ ਰਿਜ਼ਰਵ ਦਾ ਦੌਰਾ ਕਰਨ ਲਈ ਪੂਰੇ ਭਾਰਤ ਵਿੱਚ 203 ਦਿਨਾਂ ਦੀ ਯਾਤਰਾ ਕੀਤੀ ਹੈ। ਆਰਜ਼ੂ ਦਾ ਮੰਨਣਾ ਹੈ ਕਿ ਇਹ ਯਾਤਰਾ ਕਰਨ ਵਾਲੇ ਉਹ ਪਹਿਲੇ ਹਨ।

30 ਸਾਲਾ ਆਰਜ਼ੂ ਕਹਿੰਦੇ ਹਨ ਕਿ ''ਅਸੀਂ ਜਾਣਦੇ ਹਾਂ ਕਿ ਬਾਘ ਵੱਖ-ਵੱਖ ਖੇਤਰਾਂ ਜਾਂ ਇਲਾਕਿਆਂ ਵਿੱਚ ਹੋ ਸਕਦੇ ਹਨ, ਇਸਨੂੰ (ਬਾਘ) ਸਧਾਰਨ ਤੌਰ 'ਤੇ ਦੇਖਣਾ ਪੂਰੀ ਤਰ੍ਹਾਂ ਨਾਲ ਇੱਕ ਵੱਖਰਾ ਅਨੁਭਵ ਹੈ।''

ਦਿੱਲੀ ਦੇ ਰਹਿਣ ਵਾਲੇ ਆਰਜ਼ੂ ਪੇਸ਼ੇ ਵਜੋਂ ਇੱਕ ਵਕੀਲ ਹਨ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੇ ਜੰਗਲੀ ਜੀਵਨ ਸਬੰਧੀ ਫੋਟੋਗ੍ਰਾਫੀ ਨੂੰ ਇੱਕ ਸ਼ੌਕ ਵਜੋਂ ਸ਼ੁਰੂ ਕੀਤਾ ਸੀ। ਪਰ ਹੁਣ ਆਰਜ਼ੂ ਆਪਣਾ ਸਮਾਂ ਅਦਾਲਤ ਦੇ ਕਮਰੇ ਨਾਲੋਂ ਜ਼ਿਆਦਾ ਜੰਗਲ ਵਿੱਚ ਬਿਤਾਉਂਦੇ ਹਨ।

ਕੈਮਰੇ ਨਾਲ ਪਿਆਰ

ਬਚਪਨ ਵਿੱਚ ਆਰਜ਼ੂ ਨੂੰ ਫੋਟੋਗ੍ਰਾਫੀ ਬਹੁਤ ਚੰਗੀ ਲੱਗਦੀ ਸੀ ਅਤੇ ਇਹੀ ਕਾਰਨ ਸੀ ਕਿ 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਨੂੰ ਇੱਕ ਕੈਮਰਾ ਖਰੀਦਣ ਲਈ ਮਨਾ ਲਿਆ। ਯੂਨੀਵਰਸਿਟੀ 'ਚ ਪੜ੍ਹਦੇ ਸਮੇਂ, ਉਨ੍ਹਾਂ ਨੂੰ ਆਪਣੀ ਪਹਿਲੀ ਜੰਗਲੀ ਜੀਵ ਫੋਟੋਗ੍ਰਾਫੀ ਵਰਕਸ਼ਾਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ।

ਆਰਜ਼ੂ ਨੇ ਦੱਖਣੀ ਭਾਰਤ ਵਿੱਚ ਆਪਣੀਆਂ ਪਰਿਵਾਰਕ ਛੁੱਟੀਆਂ ਦੌਰਾਨ ਪਹਿਲੀ ਵਾਰ ਇੱਕ ਜੰਗਲੀ ਬਾਘ ਨੂੰ ਦੇਖਿਆ ਸੀ।

ਉਸ ਪਲ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ, "ਇਹ ਇੱਕ ਬਹੁਤ ਹੀ ਦਿਲਚਸਪ ਪਲ ਸੀ। ਇੱਕ ਮਾਦਾ ਬਾਘ ਆਈ ਅਤੇ ਸਾਡੇ ਸਫਾਰੀ ਵਾਹਨ ਦੇ ਆਲੇ-ਦੁਆਲੇ ਘੁੰਮਣ ਲੱਗੀ। ਫਿਰ ਉਹ ਘਾਹ ਅਤੇ ਰੁੱਖਾਂ ਦੇ ਆਲੇ-ਦੁਆਲੇ ਇੱਧਰ-ਉੱਧਰ ਘੁੰਮਦੀ ਰਹੀ।''

ਆਰਜ਼ੂ ਦਾ ਮੰਨਣਾ ਸੀ ਕਿ ਜਿਹੜੇ ਲੋਕ ਬਾਘਾਂ ਦੀ ਸਾਂਭ-ਸੰਭਾਲ ਸਬੰਧੀ ਅਧਿਐਨ ਕਰਦੇ ਹਨ, ਉਹ ਵੀ ਭਾਰਤ ਦੇ ਸਭ ਤੋਂ ਮਸ਼ਹੂਰ ਟਾਈਗਰ ਰਿਜ਼ਰਵਾਂ ਵਿੱਚੋਂ ਸਿਰਫ਼ ਇੱਕ ਦਰਜਨ ਹੀ ਗਏ ਹਨ ਅਤੇ ਹੋ ਸਕਦਾ ਹੈ ਕਿ ਉਹ ਘੱਟ ਜਾਣੇ-ਪਛਾਣੇ ਟਾਈਗਰ ਰੇਂਜਾਂ ਤੋਂ ਜਾਣੂ ਹੀ ਨਾ ਹੋਣ।

ਇਸੇ ਵਿਚਾਰ ਨਾਲ ਉਨ੍ਹਾਂ ਨੇ ਭਾਰਤ ਦੀਆਂ ਉਨ੍ਹਾਂ ਸਾਰੀਆਂ ਥਾਵਾਂ 'ਤੇ ਜਾਣ ਦਾ ਮਨ ਬਣਾਇਆ ਜਿੱਥੇ-ਜਿੱਥੇ ਬਾਗ਼ ਹੋ ਸਕਦੇ ਸਨ। ਇਸ ਦੌਰਾਨ ਆਰਜ਼ੂ ਦੇ ਨਾਲ ਇੱਕ ਟਾਈਗਰ ਟਰੈਕਰ ਅਤੇ ਇੱਕ ਵੀਡੀਓ ਸੰਪਾਦਕ ਵੀ ਰਹੇ।

ਉਹ ਨਿਯਮਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਰਹੇ ਸਨ ਅਤੇ ਇਸ ਤਰ੍ਹਾਂ ਨਾਲ ਉਹ ਆਪਣੀਆਂ ਯਾਤਰਾਵਾਂ ਦਾ ਖਰਚਾ ਵੀ ਆਪ ਹੀ ਚੁੱਕਣ ਦੇ ਕਾਬਿਲ ਸਨ।

ਕੁਝ ਘੱਟ ਜਾਣੇ-ਪਛਾਣੇ ਟਾਈਗਰ ਰਿਜ਼ਰਵਾਂ ਵਿੱਚ ਸੜਕ ਸੰਪਰਕ ਬਹੁਤ ਹੀ ਮਾੜਾ ਸੀ ਅਤੇ ਹੋਟਲ ਆਦਿ ਦਾ ਪ੍ਰਬੰਧ ਵੀ ਕੋਈ ਖਾਸ ਚੰਗਾ ਨਹੀਂ ਸੀ। ਕਈ ਵਾਰ ਤਾਂ ਆਰਜ਼ੂ ਨੂੰ ਖੁੱਲ੍ਹੇ ਵਿੱਚ ਵੀ ਕੈਂਪ ਲਗਾ ਕੇ ਰਹਿਣਾ ਪੈਂਦਾ ਸੀ।

ਖਾਣੇ ਨੂੰ ਲੈ ਕੇ ਵੀ ਕਈ ਵਾਰ ਦਿੱਕਤਾਂ ਆਉਂਦੀਆਂ। ਸ਼ਾਕਾਹਾਰੀ ਹੋਣ ਕਰਕੇ, ਉਨ੍ਹਾਂ ਕੋਲ ਉੱਤਰ-ਪੂਰਬੀ ਭਾਰਤ ਵਿੱਚ ਬਹੁਤ ਘੱਟ ਵਿਕਲਪ ਸਨ ਅਤੇ ਕਈ ਵਾਰ ਉਨ੍ਹਾਂ ਨੂੰ ਦਿੱਲੀ ਤੋਂ ਘਰ ਵਿੱਚ ਪਕਾਏ ਗਏ ਖਾਣੇ ਦੇ ਪਾਰਸਲ 'ਤੇ ਨਿਰਭਰ ਹੋਣਾ ਪੈਂਦਾ ਸੀ।

ਹੋਰ ਬਾਘ

ਬਾਘ, ਭਾਰਤ ਦੇ ਲਗਭਗ ਪੰਜਵੇਂ ਹਿੱਸੇ ਵਿੱਚ ਪਾਏ ਜਾਂਦੇ ਹਨ ਪਰ ਸੁਰੱਖਿਅਤ ਅਸਥਾਨ ਦੇਸ਼ ਦੇ ਤਿੰਨ ਪ੍ਰਤੀਸ਼ਤ ਤੋਂ ਘੱਟ ਜਾਂ ਲਗਭਗ 82,000 ਵਰਗ ਕਿਲੋਮੀਟਰ ਹੀ ਬਣਦੇ ਹਨ। ਇਸ ਦੇ ਬਾਵਜੂਦ, ਸਰਕਾਰ ਵੱਲੋਂ ਸਾਂਭ-ਸੰਭਾਲ ਦੇ ਯਤਨਾਂ ਨੂੰ ਤੇਜ਼ ਕਰਨ ਤੋਂ ਬਾਅਦ ਬਾਘਾਂ ਦੀ ਗਿਣਤੀ ਵਿੱਚ ਚੰਗਾ ਸੁਧਾਰ ਹੋਇਆ ਹੈ।

2006 ਵਿੱਚ ਰਿਕਾਰਡ ਕੀਤੇ ਗਏ ਭਾਰਤ ਵਿੱਚ ਮਹਿਜ਼ 1,411 ਬਾਘ ਸਨ ਜੋ ਕਿ ਇਤਿਹਾਸਕ ਤੌਰ 'ਤੇ ਸਭ ਤੋਂ ਘੱਟ ਸਨ। ਪਰ ਸਰਕਾਰੀ ਉਪਰਾਲਿਆਂ ਸਦਕਾ 2023 ਵਿੱਚ ਇਨ੍ਹਾਂ ਦੀ ਗਿਣਤੀ ਵੱਧ ਕੇ ਲਗਭਗ 3,600 ਤੱਕ ਬਾਘਾਂ ਤੱਕ ਪਹੁੰਚ ਗਈ ਹੈ।

ਫਿਰ ਵੀ ਬਾਘ ਕਿਸਮਤ ਨਾਲ ਹੀ ਨਜ਼ਰ ਆਉਂਦੇ ਹਨ। ਆਰਜ਼ੂ ਵੀ ਆਪਣੀ ਪੂਰੀ ਯਾਤਰਾ ਦੌਰਾਨ ਸਿਰਫ਼ 30 ਬਾਘ ਹੀ ਦੇਖ ਸਕੇ ਹਨ।

ਉਨ੍ਹਾਂ ਕਿਹਾ, "ਇੱਕ ਰਿਜ਼ਰਵ ਵਿੱਚ, ਜੰਗਲਾਤ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਭਾਵੇਂ ਰੱਬ ਵੀ ਆ ਕੇ ਸਾਨੂੰ ਕਹਿ ਦੇਵੇ ਕਿ ਉਸਨੇ ਇੱਕ ਬਾਘ ਦੇਖਿਆ ਹੈ, ਅਸੀਂ ਉਸ 'ਤੇ ਵਿਸ਼ਵਾਸ ਨਹੀਂ ਕਰਾਂਗੇ। ਕਾਗਜ਼ਾਂ 'ਤੇ ਇਹ ਇੱਕ ਟਾਈਗਰ ਰਿਜ਼ਰਵ ਹੈ ਪਰ ਇਸ ਵਿੱਚ ਕੋਈ ਟਾਈਗਰ ਨਹੀਂ ਹੈ।''

ਟਾਈਮਜ਼ ਆਫ਼ ਇੰਡੀਆ ਦੁਆਰਾ ਪ੍ਰਕਾਸ਼ਿਤ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤ ਦੇ ਟਾਈਗਰ ਰਿਜ਼ਰਵ ਵਿੱਚੋਂ ਪੰਜ ਵਿੱਚ ਕੋਈ ਬਾਘ ਨਹੀਂ ਹੈ ਅਤੇ ਸੱਤ ਵਿੱਚ ਸਿਰਫ਼ ਇੱਕ ਬਾਘ ਹੈ।

ਮੱਧ ਭਾਰਤ ਤੋਂ ਦੱਖਣੀ ਭਾਰਤ ਦੀ ਆਪਣੀ ਯਾਤਰਾ ਦੌਰਾਨ ਲਗਭਗ ਛੇ ਹਫ਼ਤਿਆਂ ਤੱਕ ਆਰਜ਼ੂ ਇੱਕ ਵੀ ਬਾਘ ਨਹੀਂ ਦੇਖ ਸਕੇ। ਦੱਖਣੀ ਭਾਰਤ ਦੇ ਕੁਝ ਜੰਗਲ ਪਹਾੜੀ ਇਲਾਕਿਆਂ 'ਤੇ ਸਥਿਤ ਹਨ ਅਤੇ ਬੇਹੱਦ ਸੰਘਣੇ ਹਨ ਜੋ ਬਾਘਾਂ ਨੂੰ ਲੁਕੇ ਰਹਿਣ ਵਿੱਚ ਮਦਦ ਕਰਦੇ ਹਨ।

ਦੁਰਲੱਭ ਵਿਵਹਾਰ

ਫਿਰ ਵੀ, ਜਦੋਂ ਆਰਜ਼ੂ ਨੇ ਬਾਘ ਵੇਖੇ ਤਾਂ ਉਹ ਬਾਘਾਂ ਦੇ ਦੁਰਲੱਭ ਵਿਵਹਾਰ ਦੇਖਣ ਵਿੱਚ ਕਾਮਯਾਬ ਰਹੀ, ਜੋ ਆਮ ਤੌਰ 'ਤੇ ਦੇਖੇ ਨਹੀਂ ਜਾਂਦੇ।

ਦੇਸ਼ ਦੇ ਕੇਂਦਰ ਵਿੱਚ, ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਟਾਈਗਰ ਰਿਜ਼ਰਵ ਵਿੱਚ ਆਰਜ਼ੂ ਨੇ ਇੱਕ ਛੇ ਸਾਲ ਦੀ ਮਾਦਾ ਬਾਘ ਨੂੰ ਇੱਕ ਤਿੰਨ ਸਾਲ ਦੇ ਨਰ ਬਾਘ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ। ਉਹ ਕਹਿੰਦੇ ਹਨ ਕਿ ਬਾਘਾਂ ਵਿੱਚ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪਿਆਰ ਦੇ ਮਾਮਲੇ ਵਿੱਚ ਮਾਦਾ ਪਹਿਲ ਕਰੇ।

ਉਸੇ ਜੰਗਲ ਵਿੱਚ ਉਨ੍ਹਾਂ ਦੇਖਿਆ, ਕਿਵੇਂ ਇੱਕ ਨਰ ਇੱਕ ਮਾਦਾ ਬਾਘ ਨਾਲ ਮੇਲ ਕਰਨਾ ਚਾਹੁੰਦਾ ਸੀ ਪਰ ਨੇ ਗੁਰਾਉਂਦੇ ਹੋਏ ਹਮਲਾਵਰ ਢੰਗ ਨਾਲ ਉਸ ਦਾ ਵਿਰੋਧ ਕੀਤਾ।

ਆਰਜ਼ੂ ਨੇ ਪੱਛਮੀ ਭਾਰਤ ਵਿੱਚ ਮਹਾਰਾਸ਼ਟਰ ਦੇ ਟੋਡਾਬਾ ਵਿੱਚ ਇੱਕ ਪਿਆਰਾ ਪਲ ਵੀ ਦੇਖਿਆ, ਜਿੱਥੇ ਉਨ੍ਹਾਂ ਨੇ ਇੱਕ ਮਾਂ ਬਾਘ ਨੂੰ ਆਪਣੇ ਨਿੱਕੇ-ਨਿੱਕੇ ਬੱਚਿਆਂ ਨਾਲ ਦੇਖਿਆ।

ਜੰਗਲ ਦੇ ਸੁਰੱਖਿਆ ਕਰਮੀਆਂ ਨੇ ਆਰਜ਼ੂ ਨੂੰ ਇੱਕ ਮਾਦਾ ਬਾਘ ਬਾਰੇ ਦੱਸਿਆ ਸੀ ਜਿਸਨੇ ਹਾਲ ਹੀ ਵਿੱਚ ਜਨਮ ਦਿੱਤਾ ਸੀ। ਆਰਜ਼ੂ ਦੀ ਟੀਮ ਉਨ੍ਹਾਂ ਨੂੰ ਲੱਭਣ ਗਈ। ਸੂਰਜ ਡੁੱਬਣ ਤੋਂ ਠੀਕ ਪਹਿਲਾਂ ਉਨ੍ਹਾਂ ਸਾਥੀ ਨੇ ਇੱਕ ਬਾਂਦਰ ਦੀ ਚੇਤਾਵਨੀ ਵਾਲੀ ਆਵਾਜ਼ ਸੁਣੀ ਅਤੇ ਇਸੇ ਵੇਲੇ ਉਨ੍ਹਾਂ ਨੇ ਬਾਘ ਨੂੰ ਦੇਖਿਆ।

ਆਰਜ਼ੂ ਮੁਤਾਬਕ, ''ਅਸੀਂ ਇੱਕ ਮਾਦਾ ਬਾਘ ਨੂੰ ਆਪਣੇ ਮੂੰਹ ਵਿੱਚ ਆਪਣਾ ਇੱਕ ਬੱਚਾ ਲੈ ਕੇ ਜਾਂਦੇ ਦੇਖਿਆ। ਕੈਟਰੀਨਾ ਵਜੋਂ ਜਾਣੀ ਜਾਂਦੀ ਇਸ ਬਾਘ ਨੇ ਮੈਨੂੰ ਦੇਖਿਆ ਅਤੇ ਉਸਨੇ ਅਚਾਨਕ ਆਪਣੇ ਬੱਚੇ ਨੂੰ ਜ਼ਮੀਨ 'ਤੇ ਛੱਡ ਦਿੱਤਾ। ਬੱਚਾ ਸੜਕ 'ਤੇ ਬਹੁਤ ਪਿਆਰ ਨਾਲ ਘੁੰਮ ਰਿਹਾ ਸੀ।''

ਆਰਜ਼ੂ ਸਮਝਾਉਂਦੇ ਹਨ ਕਿ "ਆਮ ਤੌਰ 'ਤੇ ਇੱਕ ਬਾਘਣੀ ਤਿੰਨ ਮਹੀਨੇ ਦੀ ਉਮਰ ਤੋਂ ਪਹਿਲਾਂ ਆਪਣੇ ਬੱਚੇ ਖੁੱਲ੍ਹੇ ਵਾਤਾਵਰਣ ਵਿੱਚ ਨਹੀਂ ਕੱਢਦੀ ਕਿਉਂਕਿ ਇਹ ਬਹੁਤ ਅਸੁਰੱਖਿਅਤ ਹੁੰਦਾ ਹੈ।"

"ਉਹ ਪਲ ਬਹੁਤ, ਬਹੁਤ ਦਿਲਚਸਪ ਸੀ ਕਿਉਂਕਿ ਬਾਘ ਹਰ ਸਮੇਂ ਰੱਖਿਆਤਮਕ ਸੀ। ਉਹ ਡਰੀ ਹੋਈ ਸੀ। ਉਸੇ ਸਮੇਂ, ਉਹ ਬਾਘ ਸੋਚ ਰਹੀ ਸੀ ਕਿ ਉਸਨੂੰ ਕੀ ਕਰਨਾ ਚਾਹੀਦਾ ਹੈ ਅਤੇ ਤੁਸੀਂ ਅਸਲ ਵਿੱਚ ਉਸਦੇ ਹਾਵ-ਭਾਵ ਨੂੰ ਪੜ੍ਹ ਸਕਦੇ ਹੋ।

ਆਦਮਖੋਰ

ਇਨਸਾਨਾਂ ਅਤੇ ਬਾਘਾਂ ਵਿਚਕਾਰ ਦੀਆਂ ਅਜਿਹੀਆਂ ਮੁਲਾਕਾਤਾਂ ਦਾ ਅੰਤ ਦੁੱਖਦਾਈ ਵੀ ਹੋ ਸਕਦਾ ਹੈ।

ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2019 ਅਤੇ 2023 ਦੇ ਵਿਚਕਾਰ, ਭਾਰਤ ਵਿੱਚ ਬਾਘਾਂ ਦੁਆਰਾ 349 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ। ਅਧਿਕਾਰੀ ਜਾਂ ਤਾਂ ਆਦਮਖੋਰਾਂ ਨੂੰ ਦਵਾਈ ਦੇ ਕੇ ਸ਼ਾਂਤ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਤੇ ਹੋਰ ਭੇਜ ਦਿੰਦੇ ਹਨ ਜਾਂ ਕਈ ਵਾਰ ਉਨ੍ਹਾਂ ਨੂੰ ਮਾਰਨਾ ਵੀ ਪੈ ਸਕਦਾ ਹੈ।

ਕਈ ਵਾਰ ਸਥਾਨਕ ਲੋਕ ਵੀ ਆਦਮਖੋਰ ਜਾਨਵਰ ਨੂੰ ਜ਼ਹਿਰ ਦੇਣ ਅਤੇ ਮਾਰਨ ਦੀ ਕੋਸ਼ਿਸ਼ ਕਰਦੇ ਹਨ।

ਗੰਗਾ ਡੈਲਟਾ ਵਿੱਚ ਇੱਕ ਮੈਂਗ੍ਰੋਵ ਜੰਗਲ ਵਿੱਚ ਇੱਕ ਕਿਸ਼ਤੀ 'ਤੇ ਰਹਿੰਦੇ ਹੋਏ ਆਰਜ਼ੂ ਨੇ ਸਿੱਖਿਆ ਕਿ ਲੋਕ ਬਾਘਾਂ ਦੇ ਹਮਲਿਆਂ ਦਾ ਕਿਵੇਂ ਸਾਹਮਣਾ ਕਰ ਰਹੇ ਹਨ।

ਉਹ ਦੱਸਦੇ ਹਨ, "ਸੁੰਦਰਬਨ ਵਿੱਚ ਮੈਂ ਆਦਮਖੋਰਾਂ ਬਾਰੇ ਸੁਣਿਆ ਪਰ ਲੋਕ ਇਸ ਨਾਲ ਸਹਿਜ ਹਨ। ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ ਕਿ ਇਨਸਾਨ ਬਾਘ ਦੀ ਭੋਜਨ ਲੜੀ ਦਾ ਹਿੱਸਾ ਹਨ।"

ਬਾਘ ਘੂਰਨ, ਗਰਜਣ, ਚੀਕਣ, ਵਿਰਲਾਪ ਕਰਨ ਅਤੇ ਹਾਫਣ ਲਈ ਜਾਣੇ ਜਾਂਦੇ ਹਨ। ਪਰ ਸ਼ਿਕਾਰ ਕਰਦੇ ਸਮੇਂ ਉਹ ਆਮ ਤੌਰ 'ਤੇ ਦਬਿਆ ਹਮਲਾ ਕਰਦੇ ਹਨ, ਬਿਨਾਂ ਕੋਈ ਆਵਾਜ਼ ਕੀਤੇ।

ਆਰਜ਼ੂ ਅੰਦਾਜ਼ਾ ਲਗਾਉਂਦੇ ਹਨ ਕਿ ਬਾਘਾਂ ਦੇ ਹਮਲੇ ਉੱਥੋਂ ਦੀ ਵਿਲੱਖਣ ਵਾਤਾਵਰਣ ਪ੍ਰਣਾਲੀ ਕਾਰਨ ਹੋ ਸਕਦੇ ਹਨ।

"ਇਹ ਇਲਾਕਾ ਮੁਸ਼ਕਲ ਭਰਿਆ ਹੈ। ਇੱਥੇ ਬਾਘ ਥੋੜ੍ਹੇ ਹਲਕੇ, ਮਧਰੇ ਅਤੇ ਛੋਟੇ ਆਕਾਰ ਵਿੱਚ ਹਨ ਕਿਉਂਕਿ ਇਥੇ ਭੋਜਨ ਦੀ ਘਾਟ ਹੈ। ਜ਼ਮੀਨ ਵੀ ਚਿੱਕੜ ਅਤੇ ਗਾਰੇ ਨਾਲ ਢਕੀ ਹੋਈ ਹੈ, ਇਸ ਲਈ ਬਾਘ ਦੌੜ ਜਾਂ ਛਾਲ ਨਹੀਂ ਮਾਰ ਸਕਦਾ।"

ਆਰਜ਼ੂ ਜੰਗਲਾਂ ਦੀ ਕਟਾਈ, ਜੰਗਲੀ ਖੇਤਰਾਂ ਦੇ ਅੰਦਰ ਬਣੀਆਂ ਸੜਕਾਂ, ਮਨੁੱਖੀ ਕਬਜ਼ੇ, ਸੁੱਟੇ ਗਏ ਪਲਾਸਟਿਕ, ਅਵਾਰਾ ਪਸ਼ੂਆਂ ਅਤੇ ਅਵਾਰਾ ਕੁੱਤਿਆਂ ਬਾਰੇ ਵੀ ਚਿੰਤਤ ਹਨ।

ਉਹ ਕਹਿੰਦੇ ਹਨ ਕਿ ''ਬਾਘਾਂ ਦੀ ਗਿਣਤੀ ਵਧ ਰਹੀ ਹੈ ਪਰ ਜੰਗਲ ਦਾ ਇਲਾਕਾ ਘਟ ਰਿਹਾ ਹੈ।''

ਬਾਘ ਖੇਤਰੀ ਜਾਨਵਰ ਹਨ ਅਤੇ ਆਪਣੀ ਜੀਵੰਤ ਆਬਾਦੀ ਨੂੰ ਬਣਾਈ ਰੱਖਣ ਲਈ ਉਨ੍ਹਾਂ ਨੂੰ ਵਿਭਿੰਨ ਸ਼ਿਕਾਰ ਅਧਾਰ ਦੀ ਲੋੜ ਹੈ। ਪਰ ਕੁਝ ਥਾਵਾਂ 'ਤੇ ਬਾਘਾਂ ਦੀ ਆਬਾਦੀ ਹੁਣ ਅਸਥਿਰ ਹੈ।

"ਉਹ ਥਾਵਾਂ ਜੋ ਕੇਵਲ 40 ਤੋਂ 50 ਬਾਘਾਂ ਦੇ ਭੋਜਨ ਲਈ ਹਨ, ਉੱਥੇ ਹੁਣ 80 ਬਾਘ ਹਨ। ਇਸ ਤਰ੍ਹਾਂ ਨਾਲ, ਜਾਂ ਤਾਂ ਬਾਘ ਆਪਸੀ ਲੜਾਈਆਂ ਵਿੱਚ ਮਾਰੇ ਜਾਣਗੇ ਜਾਂ ਜਦੋਂ ਉਹ ਬਫਰ ਜ਼ੋਨਾਂ ਤੋਂ ਬਾਹਰ ਆਉਣਗੇ ਅਤੇ ਪਿੰਡ ਵਾਸੀਆਂ ਦੁਆਰਾ ਮਾਰੇ ਜਾਣਗੇ।"

ਆਰਜ਼ੂ ਕਮਿਊਨਿਟੀ-ਅਗਵਾਈ ਵਾਲੇ ਸੈਰ-ਸਪਾਟੇ ਵਿੱਚ ਵਾਧਾ ਚਾਹੁੰਦੇ ਹਨ। ਉਹ ਮੰਨਦੇ ਹਨ ਕਿ ਬਾਘਾਂ ਦੀ ਸੰਭਾਲ ਵਿੱਚ ਸਥਾਨਕ ਸ਼ਮੂਲੀਅਤ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਜ਼ਰੂਰੀ ਹੈ।

ਆਰਜ਼ੂ ਹੁਣ ਉਨ੍ਹਾਂ ਫੋਟੋਆਂ ਦੀਆਂ ਪ੍ਰਦਰਸ਼ਨੀਆਂ ਲਗਾ ਰਹੇ ਹਨ, ਜੋ ਉਨ੍ਹਾਂ ਨੇ ਅਕਤੂਬਰ 2023 ਅਤੇ ਅਪ੍ਰੈਲ 2024 ਦੇ ਵਿਚਕਾਰ ਕੀਤੇ ਆਪਣੇ ਦੌਰੇ ਦੌਰਾਨ ਖਿੱਚੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਬਾਘਾਂ ਦੇ ਨਾਲ-ਨਾਲ ਹੋਰ ਦੁਰਲੱਭ ਥਣਧਾਰੀ ਜੀਵਾਂ ਅਤੇ ਪੰਛੀਆਂ ਦੀਆਂ ਵੀ ਤਸਵੀਰਾਂ ਹਨ।

ਭਾਰਤ ਸਰਕਾਰ ਨੇ ਹਾਲ ਹੀ ਵਿੱਚ ਮੱਧ ਭਾਰਤ ਵਿੱਚ ਇੱਕ ਹੋਰ ਟਾਈਗਰ ਰਿਜ਼ਰਵ ਬਣਾਉਣ ਲਈ ਕਦਮ ਚੁੱਕੇ ਹਨ। ਆਰਜ਼ੂ ਹੁਣ ਅੱਗੇ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹਨ।

ਆਰਜ਼ੂ ਚਾਹੁੰਦੇ ਹਨ ਕਿ ਉਹ ਲੋਕਾਂ ਅਤੇ ਕੁਦਰਤ ਵਿਚਕਾਰ ਇੱਕ ਪੁੱਲ ਦੀ ਤਰ੍ਹਾਂ ਬਣੇ ਰਹਿਣ।

ਉਹ ਕਹਿੰਦੇ ਹਨ, ''ਮੈਂ ਇੱਥੇ ਜਾਵਾਂਗੀ, ਰੁਕਾਂਗੀ, ਕਲਿੱਕ ਕਰਾਂਗੀ ਅਤੇ ਫਿਰ ਉਨ੍ਹਾਂ ਨੂੰ ਦਿਖਾਵਾਂਗੀ ਕਿ ਜੰਗਲ ਵਿੱਚ ਚੀਜ਼ਾਂ ਕਿੰਨੀਆਂ ਸੁੰਦਰ ਹਨ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)