ਗੱਡੀਆਂ 'ਚ ਐੱਲਈਡੀ ਲਾਈਟ ਦੀ ਵਰਤੋਂ ਕਰਨ ਬਾਰੇ ਕੀ ਨਿਯਮ ਹਨ, ਕੀ ਕੰਪਨੀਆਂ ਵੱਲੋਂ ਲਾਈਆਂ ਲਾਈਟਾਂ ਬਦਲੀਆਂ ਜਾ ਸਕਦੀਆਂ

    • ਲੇਖਕ, ਕੋਟੇਰੂ ਸਰਾਵਨੀ
    • ਰੋਲ, ਬੀਬੀਸੀ ਪੱਤਰਕਾਰ

ਰਾਤ ਨੂੰ ਸਫ਼ਰ ਕਰਨ ਵੇਲੇ ਲਾਈਟਾਂ ਵਾਹਨ ਚਾਲਕਾਂ ਦਾ ਮੁੱਖ ਆਧਾਰ ਹੁੰਦੀਆਂ ਹਨ। ਹੈੱਡਲਾਈਟਾਂ, ਬ੍ਰੇਕ ਲਾਈਟਾਂ ਜਾਂ ਪਾਰਕਿੰਗ ਲਾਈਟਾਂ ਹੋਣ, ਵਾਹਨ ਦੀ ਗਤੀਵੀਧੀ ਨੂੰ ਇਨ੍ਹਾਂ ਲਾਈਟਾਂ ਰਾਹੀਂ ਸਮਝਿਆ ਜਾਂਦਾ ਹੈ।

ਹਾਲਾਂਕਿ, ਇਹ ਲਾਈਟਾਂ ਡਰਾਈਵਰਾਂ ਲਈ ਪਰੇਸ਼ਾਨੀ ਦਾ ਸਬੱਬ ਵੀ ਬਣਦੀਆਂ ਹਨ, ਖ਼ਾਸ ਤੌਰ 'ਤੇ ਕੁਝ ਕਿਸਮ ਦੀਆਂ ਐੱਲਈਡੀ ਲਾਈਟਾਂ ਵਾਲੇ ਵਾਹਨ ਜਦੋਂ ਉਲਟ ਦਿਸ਼ਾ ਤੋਂ ਆਉਂਦੇ ਹਨ।

ਕੁਝ ਸੂਬਿਆਂ ਨੇ ਰੀਟਰੋਫਿਟਡ ਅਤੇ ਬਿਹਤਰ ਰੌਸ਼ਨੀ ਪ੍ਰਦਾਨ ਕਰਨ ਵਾਲੀਆਂ ਐੱਲਈਡੀ ਲਾਈਟਸ ਦੀ ਵਰਤੋਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਇਹ ਖ਼ਤਰਨਾਕ ਹੁੰਦੀਆਂ ਜਾ ਰਹੀਆਂ ਹਨ।

ਟਾਈਮਜ਼ ਆਫ ਇੰਡੀਆ ਦੇ ਲੇਖ ਵਿੱਚ ਕਿਹਾ ਗਿਆ ਹੈ, "ਕਰਨਾਟਕ ਪੁਲਿਸ ਨੇ ਹਾਈ-ਬੀਮ ਐੱਲਈਡੀ ਹੈੱਡਲਾਈਸ ਦੀ ਵਰਤੋਂ ਕਰਨ ਵਾਲੇ ਵਾਹਨਾਂ ʼਤੇ ਨਕੇਲ ਕੱਸਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।"

"ਇਸ ਸਾਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਹੀ ਸੂਬਾ ਪੁਲਿਸ ਨੇ 8 ਹਜ਼ਾਰ ਚਲਾਨ ਜਾਰੀ ਕੀਤੇ ਹਨ। ਇਕੱਲੇ ਬੰਗਲੁਰੂ ਸ਼ਹਿਰ ਵਿੱਚ 3 ਹਜ਼ਾਰ ਚਲਾਨ ਜਾਰੀ ਕੀਤੇ ਗਏ ਹਨ।"

ਇੱਕ ਹੋਰ ਲੇਖ ਮੁਤਾਬਕ, "ਗੁਜਰਾਤ ਸਰਕਾਰ ਉਨ੍ਹਾਂ ਵਾਹਨ ਚਾਲਕਾਂ 'ਤੇ ਜੁਰਮਾਨਾ ਲਗਾ ਰਹੀ ਹੈ ਜੋ ਕੰਪਨੀ ਵੱਲੋਂ ਲਗਾਈਆਂ ਲਾਈਟਾਂ ਦੀ ਬਜਾਇ ਆਪਣੇ ਵਾਹਨਾਂ 'ਤੇ ਚਿੱਟੀਆਂ ਐੱਲਈਡੀ ਲਾਈਟਾਂ ਲਗਾ ਰਹੇ ਹਨ।"

ਐੱਲਈਡੀ ਲਾਈਟਾਂ ਨਾਲ ਕੀ ਸਮੱਸਿਆ

ਹਾਈ ਬੀਮ ਵਾਲੀਆਂ ਐੱਲਈਡੀ ਲਾਈਟਾਂ ਸੜਕ ʼਤੇ ਆਉਣ-ਜਾਣ ਵਾਲਿਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ। ਕਈ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਜਦੋਂ ਇਨ੍ਹਾਂ ਲਾਈਟਾਂ ਵਾਲੇ ਵਾਹਨ ਉਲਟ ਦਿਸ਼ਾ ਤੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੜਕ 'ਤੇ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ।

ਪਹਿਲਾਂ, ਹਰ ਲਾਈਟ ਵਿੱਚ ਇੱਕ ਕਾਲਾ ਸ਼ੀਸ਼ਾ ਹੁੰਦਾ ਸੀ, ਜਿਸ ਦਾ ਉਦੇਸ਼ ਸਾਹਮਣਿਓਂ ਆ ਰਹੇ ਵਾਹਨ ਚਾਲਕ ਦੀਆਂ ਅੱਖਾਂ ਵਿੱਚ ਰੌਸ਼ਨੀ ਨੂੰ ਪੈਣ ਤੋਂ ਰੋਕਣਾ ਹੁੰਦਾ ਸੀ ਪਰ ਹੁਣ ਕੋਈ ਅਜਿਹਾ ਨਿਯਮ ਨਹੀਂ ਹੈ।

ਹੈਦਰਾਬਾਦ ਦੇ ਰਹਿਣ ਵਾਲੇ ਇੱਕ ਵਾਹਨ ਚਾਲਕ ਦਾ ਕਹਿਣਾ ਹੈ, "ਜਦੋਂ ਮੈਂ ਹੈਦਰਾਬਾਦ ਤੋਂ ਆਪਣੇ ਪਿੰਡ ਜਾਂਦਾ ਹਾਂ ਤਾਂ ਮੈਨੂੰ ਸਿੰਗਲ ਸੜਕ ਦੇ ਵਿਚਕਾਰ ਵਾਹਨ ਚਲਾਉਣਾ ਪੈਂਦਾ ਹੈ। ਕਈ ਵਾਰ ਐੱਲਈਡੀ ਲਾਈਟਾਂ ਵਾਲੀ ਗੱਡੀ ਮੇਰੇ ਸਾਹਮਣਿਓਂ ਆਉਂਦੀ ਹੈ ਤੇ ਲੰਘ ਜਾਣ ਮਗਰੋਂ ਵੀ ਮੇਰੀਆਂ ਅੱਖਾਂ ਅੱਗੇ ਕੁਝ ਸਕਿੰਟਾਂ ਲਈ ਹਨੇਰਾ ਛਾ ਜਾਂਦਾ ਹੈ।"

"ਮੈਨੂੰ ਕੁਝ ਨਜ਼ਰ ਨਹੀਂ ਆਉਂਦਾ। ਜਦੋਂ ਕਿਤੇ ਗੱਡੀ ਤੇਜ਼ ਚੱਲ ਰਹੀ ਹੋਵੇ ਤਾਂ ਮੇਰਾ ਉਸ ʼਤੇ ਕੰਟ੍ਰੋਲ ਵੀ ਨਹੀਂ ਰਹਿੰਦਾ। ਅਜਿਹੀ ਪਰੇਸ਼ਾਨੀ ਮੈਨੂੰ ਕਈ ਵਾਰ ਝੱਲਣੀ ਪੈਂਦੀ ਹੈ।"

ਡਰਾਈਵਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਲਾਈਟ ਕਦੋਂ ਵਰਤਣੀ ਹੈ

ਹੈੱਡਲਾਈਟਾਂ ਗੱਡੀ ਲਈ ਬੇਹੱਦ ਜ਼ਰੂਰੀ ਹਨ। ਅਜਿਹੀਆਂ ਹੈੱਡਲਾਈਟਾਂ ਦੇ ਦੋ ਪ੍ਰਕਾਰ ਹੁੰਦੇ ਹਨ, ਹਾਈ ਬੀਮ ਅਤੇ ਲੋਅ ਬੀਮ।

ਹਾਲਾਂਕਿ ਇਹ ਲਾਈਟਾਂ ਸੁਰੱਖਿਅਤ ਡਰਾਈਵਿੰਗ ਲਈ ਬਹੁਤ ਮਹੱਤਵਪੂਰਨ ਹਨ, ਪਰ ਭਾਰਤ ਵਿੱਚ ਇਨ੍ਹਾਂ ਦੀ ਵਰਤੋਂ ਸੰਬੰਧੀ ਨਿਯਮ ਅਤੇ ਕਾਨੂੰਨ ਹਨ।

ਹਨੇਰੇ ਵਿੱਚ, ਮੀਂਹ ਵਿੱਚ ਜਾਂ ਧੁੰਦ ਦੌਰਾਨ ਜਦੋਂ ਸਾਫ਼ ਨਜ਼ਰ ਨਾ ਆ ਰਿਹਾ ਹੋਵੇ ਤਾਂ ਫੋਗ ਲੈਂਪ ਡਰਾਈਵਰਾਂ ਨੂੰ ਸੜਕ ਦੇਖਣ ਵਿੱਚ ਮਦਦ ਕਰਦੇ ਹਨ। ਇਹ ਲਾਈਟਾਂ ਡਰਾਈਵਰਾਂ ਲਈ ਅੱਗੋਂ ਆਉਣ ਵਾਲੇ ਵਾਹਨ ਦੀ ਪਛਾਣ ਕਰਨ ਲਈ ਵੀ ਅਹਿਮ ਹੁੰਦੀਆਂ ਹਨ।

ਹਾਲਾਂਕਿ, ਡਰਾਈਵਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਲਾਈਟ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ। ਨਹੀਂ ਤਾਂ ਉਹ ਖ਼ਤਰੇ ਵਿੱਚ ਵੀ ਪੈ ਸਕਦੇ ਹਨ।

ਜੇਕਰ ਤੁਸੀਂ ਆਪਣੀ ਮਰਜ਼ੀ ਨਾਲ ਹਾਈ ਬੀਮ ਹੈੱਡਲਾਈਟ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਮੋਟਰ ਵ੍ਹੀਹਲ ਐਕਟ 1988 ਦੇ ਤਹਿਤ ਜੁਰਮਾਨਾ ਭਰਨਾ ਪੈ ਸਕਦਾ ਹੈ। ਜ਼ਿਆਦਾਤਰ ਲੋਕ ਲੋਅ ਬੀਮ ਹੈੱਡਲਾਈਟਾਂ ਦੀ ਵਰਤੋਂ ਕਰਦੇ ਹਨ।

ਡਰਾਈਵਰ ਕੋਲ ਹਾਈ ਬੀਮ ਅਤੇ ਲੋਅ ਬੀਮ ਵਿੱਚ ਇੱਕ ਸਵਿੱਚ ਹੁੰਦਾ ਹੈ।

ਕਈ ਲੋਕ ਆਪਣੀਆਂ ਹੈੱਡਲਾਈਟਾਂ ʼਤੇ ਐੱਲਈਡੀ ਬਲਬਾਂ ਦੀ ਵਰਤੋਂ ਕਰਦੇ ਹਨ।

ਹਾਲਾਂਕਿ, ਭਾਰਤ ਵਿੱਚ ਇਨ੍ਹਾਂ ʼਤੇ ਮੁਕੰਮਲ ਪਾਬੰਦੀ ਨਹੀਂ ਹੈ ਪਰ ਸਰਕਾਰ ਨੇ ਇਨ੍ਹਾਂ ਦੀ ਵਰਤੋਂ ਲਈ ਨਿਯਮ ਨਿਰਧਾਰਿਤ ਕੀਤੇ ਹਨ।

ਭਾਰਤ ਕੰਪਨੀਆਂ ਵੱਲੋਂ ਲਗਾਈਆਂ ਗਈਆਂ ਹੈੱਡਲਾਈਟਾਂ ਅਤੇ ਟੇਲਲਾਈਟਾਂ ਨੂੰ ਬਦਲਣਾ ਗ਼ੈਰ-ਕਾਨੂੰਨੀ ਹੈ। ਅਜਿਹਾ ਕਰਨ ਨਾਲ ਬੀਮਾ ਲੈਣਾ ਵਿੱਚ ਵੀ ਪਰੇਸ਼ਾਨੀ ਹੋ ਸਕਦਾ ਹੈ।

ਜੇਕਰ ਵਿਜ਼ੀਬਿਲਿਟੀ ਨੂੰ ਵਧਾਉਣ ਲਈ ਵੱਖ-ਵੱਖ ਰੰਗਾਂ ਦੀਆਂ ਲਾਈਟਾਂ ਲਗਾਈਆਂ ਜਾਣ ਤਾਂ ਵੀ ਕਿਸੇ ਹਾਦਸੇ ਦਾ ਸ਼ਿਕਾਰ ਹੋਣ ʼਤੇ ਬੀਮਾ ਨਾਲ ਮਿਲਣ ਦੀ ਸੰਭਾਵਨਾ ਹੈ।

ਆਂਧਰਾ ਪ੍ਰਦੇਸ਼ ਦੇ ਡਿਪਟੀ ਟਰਾਂਸਪੋਰਟ ਕਮਿਸ਼ਨਰ (ਸੜਕ ਸੁਰੱਖਿਆ) ਰਾਜਾ ਰਤਨਮ ਦਾ ਕਹਿਣਾ ਹੈ, "ਵਾਹਨ ਚਾਲਕਾਂ ਅਤੇ ਕੰਪਨੀਆਂ ʼਤੇ ਐੱਲਈਡੀ ਲਾਈਟ ਨਾ ਲਗਾਉਣ ਦੀ ਕੋਈ ਪਾਬੰਦੀ ਨਹੀਂ ਹੈ।"

"ਕੰਪਨੀਆਂ ਨੂੰ ਘਰੇਲੂ ਮਾਨਕਾਂ ਮੁਤਾਬਕ ਵਾਹਨ ਬਣਾਉਣਾ ਚਾਹੀਦਾ ਹੈ। ਟਰਾਂਸਪੋਰਟ ਵਿਭਾਗ ਜਾਂਚ ਕਰੇਗਾ ਕਿ ਉਹ ਪਾਲਣ ਕਰਦੇ ਹਨ ਜਾਂ ਨਹੀਂ। ਕਿਉਂਕਿ ਐੱਲਈਡੀ ਲਾਈਟਾਂ ਮੌਜੂਦਾ ਵਾਹਨ ਚਾਲਕਾਂ ਲਈ ਅਸੁਵਿਧਾ ਦਾ ਕਾਰਨ ਬਣ ਰਹੀਆਂ ਹਨ, ਇਸ ਲਈ ਲਾਈਟਾਂ ʼਤੇ ਸਟੀਕਰ ਲਗਾਉਣ ਦੇ ਪਿਛਲੇ ਨਿਯਮ ਨੂੰ ਵਾਪਸ ਲੈ ਕੇ ਆਉਣਾ ਬਿਹਤਰ ਹੋਵੇਗਾ।"

ਸਾਬਕਾ ਵਧੀਕ ਟਰਾਂਸਪੋਰਟ ਕਮਿਸ਼ਨਰ ਸੀਐੱਲਐੱਨ ਗਾਂਧੀ ਨੇ ਕਿਹਾ, "ਸੈਂਟਰਲ ਮੋਟਹ ਵ੍ਹੀਕਲ ਨਿਯਮਾਂ ਦੀ ਧਾਰਾ 105 ਵਿੱਚ ਵਾਹਨਾਂ ਨਾਲ ਸਬੰਧਤ ਲਾਈਟਿੰਗ ਰੈਗੂਲੇਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ।

"ਇਸ ਹੱਦ ਤੱਕ ਕੰਪਨੀਆਂ ਦੁਆਰਾ ਬਣਾਈਆਂ ਗਈਆਂ ਲਾਈਟਾਂ ਨੂੰ ਬਦਲਣਾ ਸੰਭਵ ਨਹੀਂ ਹੈ। ਕੁਝ ਲੋਕ ਖ਼ੁਦ ਲਾਈਟਾਂ ਬਦਲਦੇ ਹਨ। ਕੰਪਨੀਆਂ ਦੁਆਰਾ ਨਿਰਮਿਤ ਅਤੇ ਪ੍ਰਦਾਨ ਕੀਤੀਆਂ ਗਈਆਂ ਐੱਲਈਡੀ ਲਾਈਟਾਂ ਨਾਲ ਕੋਈ ਸਮੱਸਿਆ ਨਹੀਂ ਹੈ, ਬਦਲੀਆਂ ਗਈਆਂ ਲਾਈਟਾਂ ਕਾਰਨ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਹੈ।"

ਐੱਲਈਡੀ ਲਾਈਟਾਂ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ

ਐੱਲਈਡੀ ਹੈੱਡਲਾਈਟਾਂ ਦੀ ਵਰਤੋਂ ਨਾਲ, ਡਰਾਈਵਰ ਆਸਾਨੀ ਨਾਲ ਦੂਰ ਦੀਆਂ ਵਸਤੂਆਂ ਨੂੰ ਦੇਖ ਸਕਦਾ ਹੈ।

ਇਸ ਤੋਂ ਇਲਾਵਾ ਇਹ ਬੈਟਰੀ ਦੀ ਪਾਵਰ ਵੀ ਬਚਾਉਂਦਾ ਹੈ। ਮਾਰਕੀਟ ਰਿਸਰਚ ਫਿਊਚਰ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਲਗਜ਼ਰੀ ਵਾਹਨਾਂ ਲਈ ਇਨ੍ਹਾਂ ਲਾਈਟਾਂ ਦੀ ਮੰਗ ਵਧ ਰਹੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਆਟੋਮੋਟਿਵ ਐੱਲਈਡੀ ਲਾਇਟਾਂ ਦੀ ਮਾਰਕੀਟ ਦੀ ਸਾਲਾਨਾ ਵਿਕਾਸ ਦਰ ਵਿਸ਼ਵ ਪੱਧਰ 'ਤੇ ਵੱਧ ਰਹੀ ਹੈ। ਨਿਰਮਾਤਾ ਲਗਜ਼ਰੀ ਵਾਹਨਾਂ ਨੂੰ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਉੱਚ-ਪੱਧਰ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਮਾਰਕੀਟ ਵਿੱਚ ਲਿਆ ਰਹੇ ਹਨ।

ਉਹ ਇਨ੍ਹਾਂ ਲਾਈਟਾਂ ਦੀ ਵਰਤੋਂ ਵਾਹਨਾਂ ਦੀ ਦਿੱਖ ਨੂੰ ਦਿਲਕਸ਼ ਬਣਾਉਣ ਲਈ ਕਰ ਰਹੇ ਹਨ।

ਮਾਰਕੀਟ ਰਿਸਰਚ ਫਿਊਚਰ ਦਾ ਕਹਿਣਾ ਹੈ ਕਿ ਭਾਰਤੀ ਆਟੋਮੋਟਿਵ ਐੱਲਈਡੀ ਲਾਈਟਿੰਗ ਮਾਰਕੀਟ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।

ਮੋਰਡੋਰ ਇੰਟੈਲੀਜੈਂਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਆਟੋਮੋਟਿਵ ਐੱਲਈਡੀ ਲਾਈਟਿੰਗ ਮਾਰਕੀਟ ਵੀ ਵਧ ਰਹੀ ਹੈ।

ਇਸ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਦੀਆਂ ਵਿੱਚ ਧੁੰਦ ਕਾਰਨ ਹਾਦਸਿਆਂ ਵਿੱਚ ਵਾਧਾ ਹੋਣ ਕਾਰਨ ਫੌਗ ਐੱਲਈਡੀ ਲੈਂਪ ਦੀ ਵਰਤੋਂ ਵੱਧ ਰਹੀ ਹੈ।

ਹਾਦਸਿਆਂ ਵਿੱਚ ਕਿੰਨਾ ਵਾਧਾ ਹੋਇਆ ਹੈ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਜੰਗ, ਖਾੜਕੂਵਾਦ ਅਤੇ ਨਕਸਲਵਾਦ ਨਾਲੋਂ ਵੱਧ ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ।

ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਕਾਰਨ ਦੇਸ਼ ਆਪਣੇ ਕੁੱਲ ਘਰੇਲੂ ਉਤਪਾਦ ਦਾ 3 ਫੀਸਦੀ ਗੁਆ ਦਿੰਦਾ ਹੈ।

ਇਕੋਨਾਮਿਕ ਟਾਈਮਜ਼ ਨੇ ਦੱਸਿਆ ਹੈ ਕਿ ਭਾਰਤ ਵਿੱਚ ਹਰ ਸਾਲ 5 ਲੱਖ ਹਾਦਸੇ ਹੁੰਦੇ ਹਨ, ਜਿਨ੍ਹਾਂ ਦੇ ਸਿੱਟੇ ਵਜੋਂ 1.5 ਲੱਖ ਲੋਕ ਮਾਰੇ ਜਾਂਦੇ ਹਨ ਅਤੇ 3 ਲੱਖ ਲੋਕ ਜਖ਼ਮੀ ਹੁੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)