You’re viewing a text-only version of this website that uses less data. View the main version of the website including all images and videos.
5 ਨੌਕਰੀਆਂ ਜਿਨ੍ਹਾਂ ਦੀ ਭਵਿੱਖ 'ਚ ਸਭ ਤੋਂ ਵੱਧ ਮੰਗ ਹੋਵੇਗੀ, ਉਨ੍ਹਾਂ ਲਈ ਕਿਹੜੇ ਹੁਨਰ ਸਿੱਖਣ ਦੀ ਲੋੜ ਹੈ
- ਲੇਖਕ, ਓਲੇਗ ਕਾਰਪਿਕ
- ਰੋਲ, ਬੀਬੀਸੀ ਨਿਊਜ਼ ਯੂਕਰੇਨ
ਲੇਬਰ ਮਾਰਕੀਟ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਅੱਜ ਦੀਆਂ ਬਹੁਤ ਸਾਰੀਆਂ ਨੌਕਰੀਆਂ ਜਲਦ ਹੀ ਅਲੋਪ ਹੋਣ ਕਿਨਾਰੇ ਆ ਜਾਣਗੀਆਂ।
ਵਿਸ਼ਵ ਇਕਨੌਮਿਕ ਫਾਰਮ ਦੇ ਤਾਜ਼ਾ ਅਧਿਐਨ ਮੁਤਾਬਕ ਚੀਜ਼ਾਂ 'ਚ ਤਬਦੀਲੀਆਂ ਲਿਆਉਣ ਵਾਲੇ ਦੋ ਮੁੱਖ ਕਾਰਕ ਹਨ, ਨਵੀਂ ਤਕਨਾਲੋਜੀ ਅਤੇ ਆਟੋਮੇਸ਼ਨ ਦਾ ਉਭਰਨਾ ਅਤੇ ਹਰੀ ਆਰਥਿਕਤਾ ਤੇ ਸਥਿਰਤਾ ਵੱਲ ਰੁਖ ਕਰਨਾ।
ਨਵੀਆਂ ਤਕਨੀਕਾਂ ਜਿਵੇਂ ਕਿ ਵੱਡਾ ਡੇਟਾ, ਕਲਾਉਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਤੇਜ਼ੀ ਨਾਲ ਹੋ ਰਹੀ ਤਰੱਕੀ ਲੇਬਰ ਮਾਰਕੀਟ ਵਿੱਚ ਗੰਭੀਰ ਬਦਲਾਅ ਲਿਆ ਸਕਦੀ ਹੈ।
ਹਾਲਾਂਕਿ ਚੰਗੀ ਖ਼ਬਰ ਇਹ ਹੈ ਕਿ ਨਵੀਆਂ ਤਕਨੀਕਾਂ ਦੇ ਆਉਣ ਨਾਲ ਜਿੱਥੇ ਸਮੁੱਚੀ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ, ਉੱਥੇ ਹੀ ਇਹ ਕੁਝ ਨੌਕਰੀਆਂ ਨੂੰ ਤਬਾਹ ਕਰਦੇ ਹੋਏ, ਕਈ ਹੋਰ ਪੈਦਾ ਵੀ ਕਰਦਾ ਹੈ।
ਆਖ਼ਰਕਾਰ, ਜਦੋਂ ਕਿਸੇ ਕਾਰੋਬਾਰ ਵਿੱਚ ਘੱਟ ਸਰੋਤਾਂ ਨਾਲ ਵਧੇਰੇ ਪ੍ਰਾਪਤੀਆਂ ਹੋ ਰਹੀਆਂ ਹੋਣ, ਤਾਂ ਉਹ ਕੁਦਰਤੀ ਤੌਰ 'ਤੇ ਵੱਧਦਾ ਹੀ ਹੈ।
ਵਿਸ਼ਵ ਆਰਥਿਕ ਫੋਰਮ ਦੇ ਖੋਜਕਰਤਾਵਾਂ ਦੇ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ ਸਾਰੇ ਮੌਜੂਦਾ ਪੇਸ਼ਿਆਂ ਦਾ ਲਗਭਗ ਇੱਕ ਚੌਥਾਈ ਹਿੱਸਾ ਬਦਲ ਜਾਵੇਗਾ।
ਇਸ ਲਈ, ਲੇਬਰ ਮਾਰਕੀਟ ਵਿੱਚ ਵੱਧ ਰਹੀ ਪ੍ਰਤੀਯੋਗਿਤਾ ਵਿਚਾਲੇ ਕਾਮਯਾਬ ਹੋਣ ਲਈ, ਇੱਕ ਵਿਅਕਤੀ ਨੂੰ ਲਗਾਤਾਰ ਨਵੇਂ ਹੁਨਰ ਅਤੇ ਯੋਗਤਾਵਾਂ ਸਿੱਖਣ ਦੀ ਲੋੜ ਹੋਵੇਗੀ।
ਚੋਟੀ ਦੇ ਹੁਨਰ
ਨਵੀਂ ਲੇਬਰ ਮਾਰਕੀਟ ਵਿੱਚ ਮੁਕਾਬਲਾ ਕਰਨ ਯੋਗ ਹੋਣ ਲਈ 'ਤਕਨੀਕੀ ਸਾਖਰਤਾ' ਹੋਣਾ ਮੁੱਖ ਹੁਨਰਾਂ ਵਿੱਚੋਂ ਇੱਕ ਹੈ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਕਿਸੇ ਨੂੰ ਪ੍ਰੋਗਰਾਮਿੰਗ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਹਨ ਜਾਂ ਮਸ਼ੀਨੀ ਸਿਖਲਾਈ ਦੀਆਂ ਪੇਚੀਦਗੀਆਂ ਦੀ ਸਮਝ ਹੋਣੀ ਚਾਹੀਦੀ ਹੈ।
ਪਰ ਇਹ ਮੰਨਿਆ ਜਾਂਦਾ ਹੈ ਕਿ ਭਵਿੱਖ ਵਿੱਚ 'ਐੱਸਟੀਈਐੱਮ ਨੌਕਰੀਆਂ' ਦੀ ਮੰਗ ਹੋਰ ਵੀ ਵੱਧ ਜਾਵੇਗੀ।
ਐੱਸਟੀਈਐੱਮ ਯਾਨੀ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਗਣਿਤ। ਇਹ ਸ਼ਬਦ ਵੱਖਰੇ ਪਰ ਸੰਬੰਧਿਤ ਤਕਨੀਕੀ ਵਿਸ਼ਿਆਂ ਨੂੰ ਇਕੱਠੇ ਕਰਨ ਲਈ ਵਰਤਿਆ ਜਾਂਦਾ ਹੈ।
ਤਾਂ ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਬੱਚਿਆਂ ਨੂੰ ਸਕੂਲ ਵਿੱਚ ਕਿਹੜੇ ਵਿਸ਼ਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਇਸ ਦਾ ਜਵਾਬ ਹੈ: ਗਣਿਤ, ਕੰਪਿਊਟਰ ਵਿਗਿਆਨ ਅਤੇ ਕੁਦਰਤੀ ਵਿਗਿਆਨ।
ਅਗਲਾ ਧਿਆਨ ਦੇਣ ਯੋਗ ਹੁਨਰ ਹੈ ਵਿਸ਼ਲੇਸ਼ਣਾਤਮਕ ਸੋਚ। ਇਸ ਵਿੱਚ ਬਿਹਤਰ ਹੋਣ ਲਈ ਬੋਧਾਤਮਕ ਯੋਗਤਾਵਾਂ ਯਾਨੀ ਮਨ ਅਤੇ ਪੈਟਰਨਾਂ ਨੂੰ ਧਿਆਨ ਵਿੱਚ ਰੱਖਣ, ਤੱਥਾਂ ਨੂੰ ਜੋੜਨ ਅਤੇ ਭਾਵਨਾਵਾਂ ਜਾਂ ਨਿੱਜੀ ਤਰਜੀਹਾਂ ਨੂੰ ਪਿੱਛੇ ਰੱਖ ਕੇ ਸਿੱਟੇ ਕੱਢਣ ਦੀ ਯੋਗਤਾ ਨੂੰ ਨਿਖਾਰਨ ਦੀ ਲੋੜ ਹੁੰਦੀ ਹੈ।
ਇਨ੍ਹਾਂ ਹੁਨਰਾਂ ਦੇ ਯੋਗ ਹੋਣ ਲਈ ਤੁਹਾਡਾ ਧਿਆਨ ਦੇਣਾ ਅਤੇ ਇਕਾਗਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਯੰਤਰ, ਸੋਸ਼ਲ ਨੈਟਵਰਕ, ਔਨਲਾਈਨ ਗੇਮਾਂ ਅਤੇ ਇਸ਼ਤਿਹਾਰ ਲਗਾਤਾਰ ਸਾਡਾ ਧਿਆਨ ਆਪਣੇ ਵੱਲ ਖਿੱਚਦੇ ਹਨ।
ਵਿਸ਼ਲੇਸ਼ਣਾਤਮਕ ਹੁਨਰ ਵਿੱਚ ਉਤਸੁਕਤਾ ਹੋਣਾ ਅਤੇ ਨਿਰੰਤਰ ਸਵੈ-ਸਿੱਖਿਆ ਵੀ ਸ਼ਾਮਲ ਹੁੰਦੀ ਹੈ ਅਤੇ ਲਗਾਤਾਰ ਬਿਹਤਰ ਕਰਨ ਤੇ ਸਿੱਖਣ ਲਈ ਤੁਹਾਡਾ ਆਪਣੇ ਟੀਚੇ ਵੱਲ ਧਿਆਨ ਕੇਂਦਰਿਤ ਕਰਨਾ ਬੇਹੱਦ ਜ਼ਰੂਰੀ ਹੈ।
ਉੱਚ ਪੱਧਰੀ ਅੰਗਰੇਜ਼ੀ ਸਿੱਖਣਾ ਅਤੇ ਰਚਨਾਤਮਕ ਹੋਣਾ ਵੀ ਬਹੁਤ ਜ਼ਰੂਰੀ ਹੁਨਰ ਹਨ।
ਵਿਗਿਆਨ, ਇੰਜੀਨੀਅਰਿੰਗ ਅਤੇ ਡਿਜ਼ਾਈਨ ਜਾਂ ਕਲਾ ਵਿੱਚ ਉਹ ਵਿਅਕਤੀ ਸੁਨਹਿਰੀ ਕਾਮਯਾਬੀ ਹਾਸਲ ਕਰ ਸਕਦਾ ਹੈ ਜੋ ਤਕਨੀਕੀ ਸਾਖਰਤਾ ਨੂੰ ਰਚਨਾਤਮਕਤਾ ਨਾਲ ਜੋੜਨ ਦੇ ਯੋਗ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਯੁੱਗ ਵਿੱਚ ਵਿਸ਼ੇਸ਼ ਤੌਰ 'ਤੇ ਸੰਚਾਰ ਅਤੇ ਹਮਦਰਦੀ ਦੋ ਬਹੁਤ ਹੀ ਉੱਚ ਕੀਮਤੀ ਹੁਨਰ ਹੋਣਗੇ।
ਮਸ਼ੀਨਾਂ ਭਾਵੇਂ ਜਿੰਨੀ ਵੀ ਤੇਜ਼ੀ ਨਾਲ ਵਿਕਸਿਤ ਕਿਉਂ ਨਾ ਹੋਣ, ਇਨਸਾਨਾਂ ਨੂੰ ਹਮੇਸ਼ਾ ਇਨਸਾਨ ਦੀ ਹੀ ਲੋੜ ਪਵੇਗੀ ਅਤੇ ਇਸ ਦੌਰਾਨ ਮਨੁੱਖੀ ਧਿਆਨ, ਟੀਮ ਵਰਕ, ਸੁਣਨ ਦੀ ਯੋਗਤਾ, ਕਹਾਣੀ ਸੁਣਾਉਣ, ਸਮਰਥਨ ਅਤੇ ਹਮਦਰਦੀ ਦੀ ਹੋਰ ਵੀ ਜ਼ਿਆਦਾ ਕਦਰ ਕੀਤੀ ਜਾਵੇਗੀ।
ਪੇਸ਼ੇਵਰਾਂ ਲਈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ 'ਤੇ 2020 ਵਿੱਚ ਪ੍ਰਕਾਸ਼ਿਤ ਕੀਤੀ ਗਈ ਇੱਕ ਰਿਪੋਰਟ ਅਨੁਸਾਰ, ਅੱਜ ਦੇ ਨੌਕਰੀ ਦੇ ਖੇਤਰ ਵਿੱਚ ਸੰਚਾਰ ਅਜਿਹਾ ਹੁਨਰ ਹੈ ਜਿਸ ਦੀ ਸਭ ਤੋਂ ਵੱਧ ਮੰਗ ਹੈ।
ਇੱਕ ਵਰਕਪਲੇਸ ਟੈਲੇਂਟ ਅਤੇ ਐਨਗੇਜਮੈਂਟ ਮਾਹਰ ਡੈਨ ਨੇਗਰੋਨੀ ਦਾ ਕਹਿਣਾ ਹੈ ਕਿ, "ਕੰਮ ਵਾਲੀ ਥਾਂ 'ਤੇ ਏਆਈ ਅਤੇ ਰੋਬੋਟਿਕਸ ਦੀ ਵੱਧ ਰਹੀ ਵਰਤੋਂ, ਵੱਧਦੀ ਰਿਮੋਟ ਵਰਕਫੋਰਸ (ਵੱਖ-ਵੱਖ ਥਾਵਾਂ ਤੋਂ ਕੰਮ ਕਰਨ ਵਾਲੇ) ਅਤੇ ਤਕਨਾਲੋਜੀ ਸਾਨੂੰ ਦੁਨੀਆ ਭਰ ਦੇ ਲੋਕਾਂ ਨਾਲ ਜੁੜਨ ਦੀ ਇਜਾਜ਼ਤ ਦਿੰਦੀ ਹੈ।”
“ਇਹ ਕਦੇ ਵੀ ਮਹੱਤਵਪੂਰਨ ਨਹੀਂ ਸੀ ਕਿ ਸਾਨੂੰ ਪਤਾ ਹੋਵੇ ਕਿ ਅਸਲ ਵਿੱਚ ਗੱਲ ਕਿਵੇਂ ਕਰਨੀ ਹੈ, ਇੱਕ ਦੂਜੇ ਨੂੰ ਸੁਣਨਾ ਕਿਵੇਂ ਹੈ ਅਤੇ ਸੰਪਰਕ ਕਿਵੇਂ ਸਥਾਪਿਤ ਕਰਨਾ ਹੈ।"
ਨਵੀਆਂ ਤਕਨੀਕਾਂ
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸੂਚਨਾ ਤਕਨਾਲੋਜੀਆਂ ਅਤੇ ਨਵੀਆਂ ਤਕਨਾਲੋਜੀਆਂ ਨੇੜਲੇ ਭਵਿੱਖ ਵਿੱਚ ਵੀ ਸਭ ਤੋਂ ਵੱਧ ਹੋਣਹਾਰ ਉਦਯੋਗਾਂ ਵਿੱਚੋਂ ਇੱਕ ਹੋਣਗੀਆਂ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦਾ ਵਿਕਾਸ ਵੀ ਆਕਰਸ਼ਕ ਵਿਕਲਪ ਲਿਆਵੇਗਾ।
ਇਸ ਖੇਤਰ ਵਿੱਚ ਭਵਿੱਖ ਦੇ ਸਭ ਤੋਂ ਵੱਧ ਆਸਵੰਦ ਪੇਸ਼ਿਆਂ 'ਚੋਂ ਇੱਕ ਪੇਸ਼ਾ ਪ੍ਰੋਂਪਟ ਇੰਜੀਨੀਅਰ ਦਾ ਹੈ, ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਡਲਾਂ ਨਾਲ ਸੰਚਾਰ ਕਰਨ 'ਚ ਮਾਹਰ ਹੈ। ਇਹ ਬੇਨਤੀਆਂ ਨੂੰ ਸਹੀ ਢੰਗ ਨਾਲ ਤਿਆਰ ਕਰਨ ਵਿੱਚ ਮਦਦ ਕਰੇਗਾ ਅਤੇ ਮਸਨੂਈ ਬੁੱਧੀ (ਏਆਈ) ਅਤੇ ਲੋਕਾਂ ਵਿਚਾਲੇ ਇੱਕ ਵਿਚੋਲੇ ਵਜੋਂ ਕੰਮ ਕਰੇਗਾ।
AI ਨਾਲ ਸਬੰਧਤ ਹੋਰ ਸੰਭਾਵਿਤ ਨੌਕਰੀਆਂ ਵਿੱਚ ਨੈਤਿਕ ਵਿਗਿਆਨੀ ਵੀ ਸ਼ਾਮਲ ਹਨ।
ਇਹ ਉਹ ਵਿਅਕਤੀ ਹਨ ਜੋ ਨੈਤਿਕਤਾ, ਸੁਰੱਖਿਆ ਇੰਜੀਨੀਅਰ ਅਤੇ ਮਨੁੱਖੀ-ਮਸ਼ੀਨ ਦੇ ਆਪਸੀ ਤਾਲਮੇਲ ਲਈ ਉਪਭੋਗਤਾ-ਅਨੁਕੂਲ ਇੰਟਰਫੇਸ ਦੇ ਡਿਵੈਲਪਰਾਂ ਵਿੱਚ ਮੁਹਾਰਤ ਰੱਖਦੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਵਿੱਚ, ਆਮ ਔਰ 'ਤੇ ਵੱਖ-ਵੱਖ ਪੇਸ਼ਿਆਂ ਦੇ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਨੂੰ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਹੀਂ, ਸਗੋਂ ਇੱਕ ਸਾਥੀ ਦੇ ਰੂਪ ਵਿੱਚ ਦੇਖਣ ਅਤੇ ਇਹ ਸਮਝਣ ਕਿ ਇਸ ਨਾਲ ਕਿਵੇਂ ਸਹਿਯੋਗ ਕਰਨਾ ਹੈ।
ਇੱਕ ਹੋਰ ਖੇਤਰ ਜਿਸ ਵਿੱਚ ਸੰਭਾਵਨਾਵਾਂ ਹਨ ਉਹ ਹੈ ਵੱਡੇ ਡੇਟਾ ਦਾ ਵਿਸ਼ਲੇਸ਼ਣ, ਜੋ ਕਿ ਨੈੱਟਫਲਿਕਸ ਵਰਗੇ ਔਨਲਾਈਨ ਪਲੇਟਫਾਰਮਾਂ ਤੋਂ ਲੈ ਕੇ ਹੈਡਰੋਨ ਕੋਲਾਈਡਰ ਜਾਂ ਕੰਟਰੋਲ ਪ੍ਰਣਾਲੀਆਂ ਤੱਕ ਜਾਣਕਾਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ।
ਇਸ ਦੇ ਨਾਲ ਹੀ ਸਾਈਬਰ ਸੁਰੱਖਿਆ ਮਾਹਰਾਂ ਲਈ ਵੀ ਕੰਮ ਦੀ ਕੋਈ ਕਮੀ ਨਹੀਂ ਹੋਵੇਗੀ, ਉਸ ਇਸ ਕਰਕੇ ਕਿਉਂਕਿ ਸਾਡੇ ਆਲੇ-ਦੁਆਲੇ ਕਾਫ਼ੀ ਸੰਵੇਦਨਸ਼ੀਲ ਜਾਣਕਾਰੀ ਹੋਵੇਗੀ।
ਵਿੱਤੀ ਤਕਨਾਲੋਜੀਆਂ ਦੇ ਮਾਹਰ, ਵਪਾਰਕ ਵਿਸ਼ਲੇਸ਼ਕ ਅਤੇ ਬਲਾਕਚੈਨ ਪ੍ਰਣਾਲੀਆਂ ਦੇ ਡਿਵੈਲਪਰਾਂ ਦੀ ਵੀ ਲੋੜ ਹੋਵੇਗੀ।
ਵਾਤਾਵਰਣ ਨੂੰ ਸੁਰੱਖਿਅਤ ਰੱਖਣ ਸਬੰਧੀ ਨੌਕਰੀਆਂ
ਗਰੀਨ ਜੌਬਸ ਉਹ ਹੁੰਦੀਆਂ ਹਨ ਜੋ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਜਾਂ ਬਹਾਲ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ।
ਵਰਲਡ ਇਕਨਾਮਿਕ ਫੋਰਮ ਦੀ 2023 ਫਿਊਚਰ ਆਫ਼ ਜੌਬਜ਼ ਰਿਪੋਰਟ ਦੇ ਅਨੁਸਾਰ, ਗਰੀਨ ਜੌਬਸ ਦੀ ਮੰਗ ਸਾਰੇ ਸੈਕਟਰਾਂ ਅਤੇ ਉਦਯੋਗਾਂ ਵਿੱਚ ਤੇਜ਼ੀ ਨਾਲ ਵਧ ਰਹੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, "ਗਰੀਨ ਪਰਿਵਰਤਨ ਵਿਸ਼ਵ ਪੱਧਰ 'ਤੇ 2030 ਤੱਕ ਸਾਫ਼ ਊਰਜਾ, ਕੁਸ਼ਲਤਾ ਅਤੇ ਘੱਟ-ਨਿਕਾਸ ਵਾਲੀਆਂ ਤਕਨਾਲੋਜੀਆਂ ਵਿੱਚ 30 ਮਿਲੀਅਨ ਨੌਕਰੀਆਂ ਪੈਦਾ ਕਰ ਸਕਦਾ ਹੈ।"
ਮੌਜੂਦਾ ਸਮੇਂ ਦੌਰਾਨ ਹਰੀ ਊਰਜਾ ਅਤੇ ਟਿਕਾਊ ਵਿਕਾਸ ਵਿੱਚ ਰੁਜ਼ਗਾਰ ਦੇ ਨਵੇਂ ਮੌਕਿਆਂ 'ਚ ਪ੍ਰਮੁੱਖ ਦੇਸ਼ਾਂ ਵਜੋਂ ਪੱਛਮੀ ਦੇਸ਼, ਜਪਾਨ ਅਤੇ ਚੀਨ ਹੌਲੀ-ਹੌਲੀ ਉਭਰ ਰਹੇ ਹਨ।
ਇਹ ਨੌਕਰੀਆਂ ਉਨ੍ਹਾਂ ਖੇਤਰਾਂ ਦੇ ਅੰਦਰ ਵਪਾਰ, ਵਿਗਿਆਨ, ਰਾਜਨੀਤੀ ਜਾਂ ਸਿੱਧੇ ਵਾਤਾਵਰਣ ਨਾਲ ਸਬੰਧਤ ਹੋ ਸਕਦੀਆਂ ਹਨ ਜੋ ਨਵਿਆਉਣਯੋਗ ਊਰਜਾ ਜਾਂ ਨਵੇਂ ਊਰਜਾ ਸਰੋਤਾਂ ਅਤੇ ਬੈਟਰੀਆਂ ਦੇ ਵਿਕਾਸ ਲਈ ਕੰਮ ਕਰਦੇ ਹਨ, ਖ਼ਤਰੇ ਵਿਚ ਪਈਆਂ ਨਸਲਾਂ ਦੀ ਸੰਭਾਲ, ਵਪਾਰਕ ਸਲਾਹ ਜਾਂ ਉਦਾਹਰਨ ਵਜੋਂ ਕਾਨੂੰਨੀ ਅਭਿਆਸ ਅਤੇ ਵਾਤਾਵਰਣ ਸੁਰੱਖਿਆ ਕਾਨੂੰਨਾਂ ਵਿੱਚ ਬਦਲਾਅ ਸਬੰਧੀ ਕੰਮ ਕਰਦੇ ਹਨ।
ਇਸ ਦੇ ਨਾਲ ਹੀ ਸਮਾਰਟ ਹਾਊਸਾਂ ਦੇ ਸ਼ਹਿਰੀ ਯੋਜਨਾਕਾਰਾਂ, ਆਰਕੀਟੈਕਟਾਂ, ਡਿਜ਼ਾਈਨਰਾਂ ਅਤੇ ਡਿਵੈਲਪਰਾਂ ਦੀ ਵੀ ਬਹੁਤ ਜ਼ਿਆਦਾ ਲੋੜ ਹੋਵੇਗੀ।
ਸਿਹਤ ਸਬੰਧੀ ਨੌਕਰੀਆਂ
ਸੰਸਾਰ ਦੀ ਆਬਾਦੀ ਬਜ਼ੁਰਗ ਹੋ ਰਹੀ ਹੈ ਅਤੇ ਜੀਵਨ ਦੀ ਸੰਭਾਵਨਾ ਵੀ ਵੱਧ ਰਹੀ ਹੈ। ਦੇਖਭਾਲ ਅਤੇ ਇਲਾਜ ਦੀ ਤਾਂ ਹੋਰ ਵੀ ਲੋੜ ਪਵੇਗੀ।
ਇਸ ਲਈ ਨੇੜਲੇ ਭਵਿੱਖ ਵਿੱਚ ਸਿਹਤ ਪੇਸ਼ੇਵਰਾਂ ਦੀ ਵੀ ਬਹੁਤ ਜ਼ਿਆਦਾ ਮੰਗ ਰਹੇਗੀ। ਖਾਸ ਤੌਰ 'ਤੇ ਮਹੱਤਵਪੂਰਨ ਹੋਣਗੇ ਮੈਡੀਕਲ ਕਰਮਚਾਰੀ, ਜੋ ਮਰੀਜ਼ਾਂ ਨੂੰ ਨਾ ਸਿਰਫ਼ ਦਵਾਈ ਦੇਣ ਸਗੋਂ ਉਨ੍ਹਾਂ ਨੂੰ ਨੈਤਿਕ ਸਹਾਇਤਾ ਵੀ ਪ੍ਰਦਾਨ ਕਰਨ।
ਡਾਕਟਰਾਂ ਅਤੇ ਸਿਹਤ ਮਾਹਰਾਂ ਨੂੰ ਨਿਦਾਨ ਅਤੇ ਇਲਾਜ ਦੇ ਨਵੇਂ ਤਰੀਕਿਆਂ ਨੂੰ ਲਗਾਤਾਰ ਅਪਣਾਉਣ ਅਤੇ ਸਿੱਖਣ ਦੀ ਲੋੜ ਹੈ। ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਮਦਦਗਾਰ ਸਾਬਿਤ ਹੋਵੇਗੀ।
ਮਨੋ-ਚਿਕਿਤਸਕ ਅਤੇ ਵਿਅਕਤੀਗਤ ਵਿਕਾਸ ਦੇ ਵੱਖ-ਵੱਖ ਸਲਾਹਕਾਰਾਂ ਜਾਂ ਅਧਿਆਤਮਿਕ ਅਭਿਆਸਾਂ ਦੇ ਇੰਸਟ੍ਰਕਟਰਾਂ ਲਈ ਵੀ ਬਹੁਤ ਕੰਮ ਹੋਵੇਗਾ।
ਹੱਥੀਂ ਕਿਰਤ ਕਰਨ ਵਾਲੇ
ਹੱਥੀਂ ਕਿਰਤ ਕਰਨ ਵਾਲੇ ਪੇਸ਼ੇਵਰ, ਜਿਵੇਂ ਕਿ ਮਕੈਨਿਕ, ਮੁਰੰਮਤ ਕਰਨ ਵਾਲੇ, ਇਲੈਕਟ੍ਰੀਸ਼ੀਅਨ ਜਾਂ ਬਿਲਡਰਾਂ ਦੀ ਵੀ ਅਜੇ ਆਉਣ ਵਾਲੇ ਸਾਲਾਂ ਵਿੱਚ ਬਹੁਤ ਜ਼ਰੂਰਤ ਹੋਵੇਗੀ।
ਜਿਥੇ ਵੱਖ-ਵੱਖ ਸਥਿਤੀਆਂ ਵਿੱਚ ਛੋਟੇ ਅਤੇ ਸਟੀਕ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਉੱਥੇ ਅਜੇ ਮਨੁੱਖ ਹੀ ਕੰਮ ਆਉਣਗੇ, ਉਨ੍ਹਾਂ ਦਾ ਬਦਲਾਅ ਲੱਭਣਾ ਫਿਲਹਾਲ ਅਸੰਭਵ ਹੈ।
ਪਰ ਇਸ ਮੰਗ ਨੂੰ ਜਾਰੀ ਰੱਖਣ ਲਈ, ਇਹਨਾਂ ਮਾਹਰਾਂ ਨੂੰ ਆਪਣੇ ਤਕਨੀਕੀ ਗਿਆਨ ਵਿੱਚ ਲਗਾਤਾਰ ਸੁਧਾਰ ਕਰਨ ਅਤੇ ਨਵੇਂ ਸਮਾਰਟ ਟੂਲਸ ਵਿੱਚ ਮੁਹਾਰਤ ਹਾਸਲ ਕਰਨ ਦੀ ਵੀ ਲੋੜ ਹੋਵੇਗੀ।
ਖੇਤੀਬਾੜੀ ਵਿੱਚ ਵੀ ਨਵੇਂ ਪੇਸ਼ਿਆਂ ਦੀ ਮੰਗ ਵਧਣ ਦੀ ਉਮੀਦ ਹੈ। ਧਰਤੀ 'ਤੇ ਆਬਾਦੀ ਵਧ ਰਹੀ ਹੈ ਅਤੇ ਹਰ ਕਿਸੇ ਲਈ ਭੋਜਨ ਇੱਕ ਜ਼ਰੂਰਤ ਹੈ। ਪਰ ਇਸ ਮਾਮਲੇ ਵਿੱਚ ਫਿਰ ਕਿਸਾਨਾਂ ਦੀ ਬਜਾਏ ਹੁਨਰਮੰਦ ਇੰਜੀਨੀਅਰਾਂ ਦੀ ਮੰਗ ਜ਼ਿਆਦਾ ਹੋਵੇਗੀ।
ਹੋਰ ਨੌਕਰੀਆਂ ਨਹੀਂ
ਬਹੁਤ ਸਾਰੀਆਂ ਨੌਕਰੀਆਂ ਅਜਿਹੀਆਂ ਹੋਣਗੀਆਂ ਜੋ ਜਲਦੀ ਹੀ ਅਲੋਪ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇਹ ਉਸ ਕਿਸਮ ਦੇ ਕੰਮ ਹਨ ਜਿਨ੍ਹਾਂ ਨੂੰ ਸਵੈਚਲਿਤ ਕਰਨਾ ਤੇਜ਼ੀ ਨਾਲ ਆਸਾਨ ਹੁੰਦਾ ਜਾ ਰਿਹਾ ਹੈ।
ਇਹ ਉਨ੍ਹਾਂ ਨੌਕਰੀਆਂ ਦੀ ਸੂਚੀ ਹੈ ਜੋ ਸੰਭਾਵਿਤ ਤੌਰ 'ਤੇ ਲੇਬਰ ਮਾਰਕੀਟ 'ਚੋਂ ਜਲਦੀ ਹੀ ਗਾਇਬ ਹੋ ਜਾਣਗੀਆਂ:
- ਗਾਹਕ ਸੇਵਾ (ਕੈਸ਼ੀਅਰ, ਵਿਕਰੇਤਾ, ਸਲਾਹਕਾਰ, ਆਦਿ)
- ਦਫ਼ਤਰ ਪ੍ਰਬੰਧਨ (ਘਰਾਂ ਤੋਂ ਜਾਂ ਵੱਖ-ਵੱਖ ਥਾਵਾਂ ਤੋਂ ਕੰਮ ਕਰਨ ਵਿੱਚ ਵਾਧਾ ਹੋਣ ਕਰਕੇ)
- ਡੇਟਾ ਐਂਟਰੀ (ਅੰਕੜੇ, ਵਿੱਤ, ਟਾਈਪਿਸਟ, ਤਕਨੀਕੀ ਅਨੁਵਾਦਕ ਦੇ ਖੇਤਰ ਵਿੱਚ ਕਲਰਕ)
- ਅਕਾਊਂਟਿੰਗ (ਲੇਖਾਕਾਰੀ)
- ਫੈਕਟਰੀ ਵਰਕਰ
ਕਹਾਣੀ ਸੁਣਾਉਣ ਵਾਲੇ
ਇੱਕ ਹੋਰ ਪੇਸ਼ਾ ਜਿਸ ਦਾ ਭਵਿੱਖਵਾਦੀਆਂ ਵੱਲੋਂ ਘੱਟ ਹੀ ਜ਼ਿਕਰ ਕੀਤਾ ਗਿਆ ਹੈ ਪਰ ਜੋ ਬਿੰਨਾ ਕਿਸੇ ਸ਼ੱਕ ਤੋਂ ਭਵਿੱਖ ਵਿੱਚ ਜ਼ਰੂਰੀ ਰਹੇਗਾ ਉਹ ਹੈ ਕਹਾਣੀਕਾਰਾਂ ਦਾ।
ਹਜ਼ਾਰਾਂ ਸਾਲ ਪਹਿਲਾਂ ਜਿਵੇਂ ਇਸਦੀ ਲੋੜ ਹੁੰਦੀ ਸੀ, ਉਵੇਂ ਹੀ ਮਨੁੱਖੀ ਅਨੁਭਵ ਨਾਲ ਸਬੰਧਤ ਕੋਈ ਵੀ ਰਚਨਾਤਮਕ ਕੰਮ ਅੱਜ ਵੀ ਮਹੱਤਵ ਰੱਖੇਗਾ।
ਲੇਖਕਾਂ, ਕਵੀਆਂ, ਨਿਰਦੇਸ਼ਕਾਂ, ਅਦਾਕਾਰਾਂ, ਹਾਸਰਸ ਕਲਾਕਾਰਾਂ, ਆਰਟਿਸਟਾਂ ਅਤੇ ਸੰਗੀਤਕਾਰਾਂ ਦੀ ਅਜੇ ਵੀ ਲੋੜ ਪੈਂਦੀ ਰਹੇਗੀ, ਭਾਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਚੁਣੌਤੀਆਂ ਲਿਆਉਂਦੀ ਰਹਿੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ