ਕੈਨੇਡਾ ਵਿੱਚ ਡਰੱਗ ਦੀ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਵਧੀ, ਕੀ ਦੇਸ਼ ਇਸ ਸਮੱਸਿਆ ਦਾ ਹੱਲ ਕੱਢ ਸਕੇਗਾ

ਕੈਨੇਡਾ ਵਿੱਚ ਸਿੰਥੈਟਿਕ ਡਰੱਗ ਅਤੇ ਓਪੀਓਇਡ ਯਾਨਿ ਦਰਦ ਨਿਵਾਰਕ ਦਵਾਈਆਂ ਦੀ ਦੁਰਵਰਤੋਂ ਅਤੇ ਬਹੁਤ ਜ਼ਿਆਦਾ ਇਸਤੇਮਾਲ ਜਾਂ ਓਵਰਡੋਜ਼ ਦੇਸ਼ ਦੇ ਸਾਹਮਣੇ ਇੱਕ ਗੰਭੀਰ ਸਮੱਸਿਆ ਬਣ ਗਈ ਹੈ।

ਅਜਿਹੇ ʼਚ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟਰਾਂਟੋ ਨੇ ਦੋ ਸਾਲ ਪਹਿਲਾਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਸ਼ਹਿਰ ਵਿੱਚ ਨਿੱਜੀ ਵਰਤੋਂ ਲਈ ਡਰੱਗ ਰੱਖਣ ਨੂੰ ਡਿਕ੍ਰਿਮੀਨਲਾਇਜ਼ ਕੀਤਾ ਜਾਵੇ ਭਾਵ ਇਸ ਨੂੰ ਅਪਰਾਧ ਨਾ ਮੰਨਿਆ ਜਾਵੇ।

ਮਈ 2024 ਵਿੱਚ, ਕੇਂਦਰ ਸਰਕਾਰ ਨੇ ਇਸ ਮੰਗ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਸੀ ਕਿ ਇਸ ਨਾਲ ਲੋਕਾਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ।

ਸੂਬਾ ਸਰਕਾਰ ਨੇ ਵੀ ਇਸ ਯੋਜਨਾ ਨੂੰ ਖ਼ਤਰਨਾਕ ਅਤੇ ਦਿਸ਼ਾਹੀਣ ਕਰਾਰ ਦਿੱਤਾ ਹੈ।

ਜੇਕਰ ਟਰਾਂਟੋ ਸ਼ਹਿਰ ਦੀ ਮੰਗ ਮੰਨ ਲਈ ਜਾਂਦੀ ਤਾਂ ਵੀ ਅਜਿਹਾ ਕੈਨੇਡਾ ਵਿੱਚ ਪਹਿਲੀ ਵਾਰ ਨਹੀਂ ਸੀ ਹੋਣਾ ਕਿਉਂਕਿ ਟਰਾਂਟੋ ਤੋਂ ਦੋ ਹਜ਼ਾਰ ਮੀਲ ਦੂਰ ਬ੍ਰਿਟਿਸ਼ ਕੋਲੰਬੀਆ ਵਿੱਚ ਤਜਰਬੇ ਦੇ ਤੌਰ ’ਤੇ ਅਜਿਹੀ ਯੋਜਨਾ ਪਹਿਲਾਂ ਹੀ ਲਾਗੂ ਹੈ, ਹਾਲਾਂਕਿ ਇਸ ਦਾ ਦਾਇਰਾ ਘਟਾ ਦਿੱਤਾ ਗਿਆ ਹੈ।

ਇਸ ਰਿਪੋਰਟ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੈਨੇਡਾ ਆਪਣੀ ਡਰੱਗ ਓਵਰਡੋਜ਼ ਦੀ ਸਮੱਸਿਆ ਨੂੰ ਹੱਲ ਕਰਨ ਦੇ ਯੋਗ ਹੋਵੇਗਾ?

ਕੈਨੇਡਾ ਵਿੱਚ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ਵਿੱਚ ਭਾਰੀ ਵਾਧਾ

ਓਟਵਾ ਵਿੱਚ ਕੈਨੇਡੀਅਨ ਸੈਂਟਰ ਆਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ ਦੇ ਮੁਖੀ ਡਾ. ਅਲੈਗਜ਼ੈਂਡਰ ਕੌਡਰੈਲਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਓਪੀਓਇਡ ਡਰੱਗ ਦੀ ਓਵਰਡੋਜ਼ ਦੀ ਸਮੱਸਿਆ ਸੱਚਮੁੱਚ ਬਹੁਤ ਗੰਭੀਰ ਹੈ।

"ਮੌਜੂਦਾ ਸਮੱਸਿਆ ਮੁੱਖ ਤੌਰ 'ਤੇ ਆਕਸੀਕੌਂਟਿਨ ਵਰਗੇ ਸਿੰਥੈਟਿਕ ਓਪੀਓਇਡ ਦੀ ਜ਼ਰੂਰਤ ਤੋਂ ਜ਼ਿਆਦਾ ਪ੍ਰਿਸਕ੍ਰਿਪਸ਼ਨ ਕਾਰਨ ਖੜ੍ਹੀ ਹੋਈ ਹੈ।"

ਸਿੰਥੈਟਿਕ ਓਪੀਓਇਡ ਇੱਕ ਅਜਿਹਾ ਪਦਾਰਥ ਹੈ ਜੋ ਪ੍ਰਯੋਗਸ਼ਾਲਾ ਵਿੱਚ ਬਣਾਇਆ ਜਾਂਦਾ ਹੈ ਪਰ ਇਸ ਨਾਲ ਉਹੀ ਅਸਰ ਹੁੰਦਾ ਹੈ, ਜੋ ਹੈਰੋਇਨ ਵਰਗੇ ਓਪੀਓਇਡ ਨਾਲ ਹੁੰਦਾ ਹੈ।

ਡਾ. ਕੌਡਰੈਲਾ ਦੱਸਦੀ ਹੈ ਕਿ ਫੈਂਟਾਨਿਲ ਵਰਗੇ ਸਿੰਥੈਟਿਕ ਓਪੀਓਇਡ ਦੀ ਵਰਤੋਂ ਦਰਦ ਨਿਵਾਰਕ ਦਵਾਈ ਵਜੋਂ ਕੈਂਸਰ ਵਰਗੀਆਂ ਬਿਮਾਰੀਆਂ ਦੇ ਦਰਦ ਨੂੰ ਘਟਾਉਣ ਲਈ ਜਾਂ ਓਪਰੇਸ਼ਨ ਦੌਰਾਨ ਕੀਤਾ ਜਾਂਦਾ ਹੈ ਅਤੇ ਇਹ ਕੁਦਰਤੀ ਓਪੀਓਇਡ ਨਾਲੋਂ ਹਜ਼ਾਰਾਂ ਗੁਣਾ ਤੇਜ਼ ਜਾਂ ਤਾਕਤਵਰ ਹੁੰਦੇ ਹਨ।

ਜਿਵੇਂ ਜਿਵੇਂ ਸਿੰਥੈਟਿਕ ਓਪੀਓਇਡ ਦੀ ਮੰਗ ਵਧਦੀ ਗਈ, ਉਨ੍ਹਾਂ ਦਵਾਈਆਂ ਦੇ ਰੂਪ ਵਿੱਚ ਉਹਨਾਂ ਦੀ ਵਰਤੋਂ 'ਤੇ ਨਿਯੰਤਰਣ ਲਗਾ ਦਿੱਤੇ ਗਏ। ਪਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਅਨਿਯਮਿਤ ਜਾਂ ਗ਼ੈਰ-ਕਾਨੂੰਨੀ ਸਪਲਾਇਰ ਬਾਜ਼ਾਰ ਵਿੱਚ ਆ ਗਏ।

ਡਾਕਟਰ ਅਲੈਗਜ਼ੈਂਡਰ ਕੌਡੇਰੈਲਾ ਦਾ ਕਹਿਣਾ ਹੈ ਕਿ ਫੈਂਟਾਨਿਲ ਵਰਗੇ ਸਿੰਥੈਟਿਕ ਓਪੀਓਇਡ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਬਹੁਤ ਸਸਤੀ ਅਤੇ ਆਸਾਨੀ ਨਾਲ ਉਪਲਬਧ ਹੈ।

ਲੋਕ ਇਸ ਦੀ ਵਰਤੋਂ ਵੱਡੇ ਪੱਧਰ 'ਤੇ ਕਰ ਰਹੇ ਹਨ ਅਤੇ ਇਸ ਦੀ ਆਸਾਨੀ ਨਾਲ ਉਪਲਬਧਤਾ ਕਾਰਨ ਸਮੱਸਿਆ ਬਹੁਤ ਗੰਭੀਰ ਹੋ ਗਈ ਹੈ।

ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿ ਕਈ ਵਾਰ ਹੈਰੋਇਨ ਅਤੇ ਦੂਜੇ ਡਰੱਗਜ਼ ਵਿੱਚ ਸਿੰਥੈਟਿਕ ਓਪੀਓਇਡ ਦੀ ਮਿਲਾਵਟ ਕੀਤੀ ਜਾਂਦੀ ਹੈ।

ਡਾ. ਕੌਡਰੈਲਾ ਦੱਸਦੇ ਹਨ ਕਿ ਇਹ ਦਿਖਣ ਵਿੱਚ ਅਤੇ ਸਵਾਦ ਵਿੱਚ ਡਰੱਗਜ਼ ਵਾਂਗ ਹੁੰਦੇ ਹਨ ਪਰ ਇਨ੍ਹਾਂ ਦਾ ਅਸਰ ਹਜ਼ਾਰਾਂ ਗੁਣਾ ਵੱਧ ਹੁੰਦਾ ਹੈ। ਕਈ ਲੋਕ ਇਸਨੂੰ ਇੱਕ ਕੁਦਰਤੀ ਦਵਾਈ ਮੰਨ ਕੇ ਸੇਵਨ ਕਰ ਰਹੇ ਹੁੰਦੇ ਹਨ ਜਦਕਿ ਉਹ ਅਸਲ ਵਿੱਚ ਫੈਂਟਾਨਿਲ ਹੈ।

ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ।

ਗੁੰਝਲਦਾਰ ਸਮੱਸਿਆ

ਡਾ. ਕੌਡਰੈਲਾ ਨੇ ਕਿਹਾ ਕਿ 2015 ਤੋਂ ਬਾਅਦ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਵਾਧਾ ਹੋਇਆ ਹੈ। “ਕੁਝ ਦਹਾਕੇ ਪਹਿਲਾਂ, ਓਵਰਡੋਜ਼ ਕਾਰਨ ਪ੍ਰਤੀ ਸਾਲ 100-200 ਮੌਤਾਂ ਨੂੰ ਅਸਧਾਰਨ ਨਹੀਂ ਮੰਨਿਆ ਜਾਂਦਾ ਸੀ।"

"ਪਰ ਹੁਣ ਹਰ ਸਾਲ ਅੱਠ ਤੋਂ ਦਸ ਹਜ਼ਾਰ ਲੋਕ ਓਵਰਡੋਜ਼ ਕਾਰਨ ਮਰ ਰਹੇ ਹਨ। ਇਸ ਵਿੱਚ ਮਰਦ, ਔਰਤਾਂ ਅਤੇ ਹਰ ਉਮਰ ਦੇ ਲੋਕ ਸ਼ਾਮਲ ਹਨ।"

"ਫਿਲਹਾਲ ਕੈਨੇਡਾ ਵਿੱਚ 14 ਤੋਂ 65 ਸਾਲ ਦੀ ਉਮਰ ਵਿੱਚ ਡਰੱਗ ਦੀ ਓਵਰਡੋਜ਼ ਲੋਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ।"

"ਇਸ ਦਾ ਆਰਥਿਕ ਪਹਿਲੂ ਇਹ ਹੈ ਕਿ ਡਰੱਗ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਕਾਰਨ ਇੱਕ ਔਸਤ ਕੈਨੇਡੀਅਨ ਵਿਅਕਤੀ ਨੂੰ ਸਾਲਾਨਾ ਲਗਭਗ 1300 ਡਾਲਰ ਦਾ ਨੁਕਸਾਨ ਹੁੰਦਾ ਹੈ।"

ਇਸ ਸਮੱਸਿਆ ਨਾਲ ਨਜਿੱਠਣ ਵਿੱਚ ਇੱਕ ਵੱਡੀ ਮੁਸ਼ਕਲ ਇਹ ਹੈ ਕਿ ਸਮਾਜ ਦੇ ਡਰ ਕਾਰਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਲੋਕ ਮਦਦ ਲੈਣ ਲਈ ਅੱਗੇ ਨਹੀਂ ਆਉਣਾ ਚਾਹੁੰਦੇ। ਕੈਨੇਡਾ ਦੀ ਆਬਾਦੀ ਲਗਭਗ ਚਾਰ ਕਰੋੜ ਹੈ।

ਡਾ. ਕੌਡਰੈਲਾ ਦਾ ਕਹਿਣਾ ਹੈ ਕਿ ਸਿੰਥੈਟਿਕ ਡਰੱਗ ਦੀ ਲਤ ਅਤੇ ਓਵਰਡੋਜ਼ ਦੀ ਸਮੱਸਿਆ ਪੂਰੇ ਦੇਸ਼ ਵਿੱਚ ਹੈ ਪਰ ਇਸ ਸਮੱਸਿਆ ਨੂੰ ਲੈ ਕੇ ਜ਼ਿਆਦਾ ਧਿਆਨ ਵੱਡੇ ਸ਼ਹਿਰਾਂ ʼਤੇ ਜਾਂਦਾ ਹੈ ਜਦਕਿ ਓਵਰਡੋਜ਼ ਕਾਰਨ ਮੌਤ ਦਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਜ਼ਿਆਦਾ ਹੈ ਅਤੇ ਇਹ ਇੱਕ ਗੁੰਝਲਦਾਰ ਸਮੱਸਿਆ ਹੈ।

ਪਾਇਲਟ ਪ੍ਰੋਜੈਕਟ

ਵੈਨਕੂਵਰ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਪਬਲਿਕ ਪਾਲਿਸੀ ਦੇ ਐਸੋਸੀਏਟ ਪ੍ਰੋਫੈਸਰ ਕੈਨੇਡੀ ਸਟੀਵਰਟ ਦਾ ਕਹਿਣਾ ਹੈ ਕਿ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਇਸ ਦੀ ਆਬਾਦੀ ਸਾਢੇ ਸੱਤ ਲੱਖ ਦੇ ਕਰੀਬ ਹੈ।

ਬੰਦਰਗਾਹ ਵਾਲੇ ਸਾਰੇ ਸ਼ਹਿਰਾਂ ਵਾਂਗ ਇੱਥੇ ਵੀ ਡਰੱਗ ਦੀ ਸਮੱਸਿਆ ਹਮੇਸ਼ਾ ਰਹੀ ਹੈ। ਇੱਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਇੱਥੋਂ ਦੀ 30 ਫੀਸਦੀ ਆਬਾਦੀ ਚੀਨੀ ਮੂਲ ਦੇ ਲੋਕਾਂ ਦੀ ਹੈ।

ਇਸ ਦੇ ਨਾਲ ਹੀ ਦੱਖਣੀ ਏਸ਼ੀਆਈ ਅਤੇ ਫਿਲੀਪੀਨਜ਼ ਦੇ ਲੋਕ ਵੀ ਹਨ ਪਰ ਇੱਥੇ ਸਥਾਨਕ ਮੂਲ ਦੇ ਲੋਕਾਂ ਦੀ ਆਬਾਦੀ ਤਿੰਨ ਫੀਸਦ ਹੈ। ਇਹ ਭਾਈਚਾਰਾ ਡਰੱਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਕੈਨੇਡੀ ਸਟੀਵਰਟ ਪਹਿਲੇ ਵੈਨਕੂਵਰ ਦੇ ਮੇਅਰ ਰਹਿ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਵੈਨਕੂਵਰ ਵਿੱਚ ਡਰੱਗ ਦੀ ਸਮੱਸਿਆ ਨਾਲ ਨਜਿੱਠਣ ਲਈ ਹਮੇਸ਼ਾ ਹੀ ਨਵੀਂ ਸੋਚ ਵਰਤੀ ਗਈ ਹੈ। ਉਹ ਕਹਿੰਦੇ ਹਨ ਕਿ 2003 ਵਿੱਚ ਹੀ ਉੱਥੇ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਨਸ਼ਾ ਛੁਡਾਊ ਕੇਂਦਰ ਬਣਾਏ ਗਏ ਸਨ।

ਇਸ ਲਈ ਡਰੱਗ ਦੇ ਸੇਵਨ ਨੂੰ ਡੀਕ੍ਰਿਮੀਨਲਾਈਜ਼ ਕਰਨ ਲਈ ਇੱਥੇ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਜਿਸ ਨੂੰ ਪੁਲਿਸ ਅਤੇ ਸਿਹਤ ਸੰਭਾਲ ਸੰਸਥਾਵਾਂ ਦਾ ਵੀ ਸਮਰਥਨ ਪ੍ਰਾਪਤ ਸੀ।

ਕੁਝ ਲੋਕ ਹੈਰਾਨ ਹੋਣਗੇ ਕਿ ਪੁਲਿਸ ਕਿਉਂ ਡਰੱਗ ਦੇ ਸੇਵਨ ਅਤੇ ਨਿੱਜੀ ਵਰਤੋਂ ਲਈ ਡਰੱਗ ਰੱਖਣ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਣ ਦੀ ਮੰਗ ਕਰ ਰਹੀ ਸੀ।

ਕੈਨੇਡੀ ਸਟੀਵਰਟ ਦਾ ਕਹਿਣਾ ਹੈ ਕਿ ਸ਼ਹਿਰ ਦੇ ਮੁੱਖ ਜ਼ਿਲ੍ਹੇ ਵਿੱਚ ਕਈ ਅਜਿਹੇ ਹੋਟਲ ਹਨ ਜਿੱਥੇ ਸਿਰਫ਼ ਇੱਕ ਕਮਰਾ ਕਿਰਾਏ 'ਤੇ ਦਿੱਤਾ ਜਾਂਦਾ ਹੈ, ਜਿਸ ਵਿੱਚ ਵਿਸ਼ੇਸ਼ ਸਹੂਲਤਾਂ ਨਹੀਂ ਹੁੰਦੀਆਂ ਅਤੇ ਉੱਥੇ ਸਾਂਝੇ ਬਾਥਰੂਮ ਹੁੰਦੇ ਹਨ। ਡਰੱਗ ਦਾ ਸੇਵਨ ਕਰਨ ਵਾਲੇ ਕਈ ਲੋਕ ਇੱਥੇ ਰਹਿੰਦੇ ਹਨ।

ਇੱਥੇ ਡਰੱਗ ਦੀ ਓਵਰਡੋਜ਼ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਸਨ। “ਉਸ ਸਮੇਂ ਵੈਨਕੂਵਰ ਪੁਲਿਸ ਮੁਖੀ ਇੱਕ ਅਗਾਂਹਵਧੂ ਸੋਚ ਵਾਲਾ ਵਿਅਕਤੀ ਸੀ। ਉਨ੍ਹਾਂ ਨੇ ਗ਼ੈਰ-ਰਸਮੀ ਤੌਰ 'ਤੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਉਹ ਡਰੱਗ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਨਾ ਕਰਨ।"

ਉਨ੍ਹਾਂ ਨੇ ਦੇਸ਼ ਦੇ ਦੂਜੇ ਸ਼ਹਿਰਾਂ ਦੇ ਪੁਲਿਸ ਮੁਖੀਆਂ ਨਾਲ ਮਿਲ ਕੇ ਡਰੱਗ ਦੀ ਵਰਤੋਂ ਨੂੰ ਅਪਰਾਧਿਕ ਸ਼੍ਰਣੀ ਵਿੱਚੋਂ ਬਾਹਰ ਕਰਨ ਦੇ ਯਤਨ ਕੀਤੇ।

"ਦਰਅਸਲ, ਅਸੀਂ ਨਸ਼ੇ ਦੇ ਸੇਵਨ ਨੂੰ ਇੱਕ ਅਪਰਾਧ ਨਹੀਂ ਸਗੋਂ ਇੱਕ ਸਿਹਤ ਸਮੱਸਿਆ ਵਜੋਂ ਦੇਖਦੇ ਹਾਂ। ਜਦੋਂ ਮੈਂ 2018 ਤੋਂ 2022 ਤੱਕ ਵੈਨਕੂਵਰ ਦਾ ਮੇਅਰ ਸੀ, ਮੈਂ ਡਰੱਗ ਦੀ ਵਰਤੋਂ ਨਾਲ ਜੁੜੇ ਲੋਕਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਡਰੱਗ ਦੇ ਸੇਵਨ ਨੂੰ ਡਿਕ੍ਰਿਮੀਨਲਾਈਜ਼ ਕਰਨ ਦਾ ਫ਼ੈਸਲਾ ਲਿਆ।"

2016 ਵਿੱਚ, ਕੈਨੇਡੀਅਨ ਰਾਜ ਬ੍ਰਿਟਿਸ਼ ਕੋਲੰਬੀਆ ਨੇ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੱਡੇ ਵਾਧੇ ਕਾਰਨ ਰਾਜ ਵਿੱਚ ਸਿਹਤ ਐਮਰਜੈਂਸੀ ਐਲਾਨ ਦਿੱਤੀ ਗਈ ਸੀ।

ਕੈਨੇਡੀ ਸਟੀਵਰਟ ਨੇ ਕਿਹਾ, "ਜਦੋਂ ਮੈਂ 2018 ਵਿੱਚ ਵੈਨਕੂਵਰ ਦਾ ਮੇਅਰ ਚੁਣਿਆ ਗਿਆ ਸੀ, ਤਾਂ ਉਸ ਵੇਲੇ ਉੱਥੇ ਡਰੱਗ ਦੀ ਵਰਤੋਂ ਕਾਰਨ ਰੋਜ਼ਾਨਾ ਇੱਕ ਵਿਅਕਤੀ ਦੀ ਮੌਤ ਹੁੰਦੀ ਸੀ।"

"ਪਰ 2020 ਵਿੱਚ ਕੋਵਿਡ ਮਹਾਂਮਾਰੀ ਤੋਂ ਬਾਅਦ, ਸ਼ਹਿਰ ਵਿੱਚ ਡਰੱਗ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਵਾਧਾ ਹੋ ਗਿਆ ਕਿਉਂਕਿ ਸੜਕਾਂ 'ਤੇ ਮਿਲਣ ਵਾਲੀ 95 ਫੀਸਦੀ ਹੈਰੋਇਨ ਅਤੇ ਕੋਕੀਨ ਵਿੱਚ ਫੈਂਟਾਨਿਲ ਵਰਗੇ ਸਿੰਥੈਟਿਕ ਡਰੱਗ ਦੀ ਮਿਲਾਵਟ ਹੋਣ ਲੱਗੀ ਸੀ।"

"ਲੋਕ ਸਮਝਦੇ ਸਨ ਕਿ ਉਹ ਕੋਕੀਨ ਜਾਂ ਹੈਰੋਈਨ ਦਾ ਸੇਵਨ ਕਰ ਰਹੇ ਹਨ ਪਰ ਅਸਲ ਵਿੱਚ ਉਹ ਉਸ ਤੋਂ ਕਿਤੇ ਜ਼ਿਆਦਾ ਤੇਜ਼ ਡਰੱਗ ਦਾ ਸੇਵਨ ਕਰ ਰਹੇ ਸਨ, ਜਿਸ ਕਾਰਨ ਓਵਰਡੋਜ਼ ਦੀ ਸਮੱਸਿਆ ਨੇ ਬੇਹੱਦ ਖ਼ੌਫ਼ਨਾਕ ਰੂਪ ਧਾਰਨ ਕਰ ਲਿਆ ਸੀ।"

"ਇਸ ਲਈ ਅਸੀਂ ਡਰੱਗ ਸਬੰਧੀ ਨੀਤੀਆਂ ਵਿੱਚ ਸੁਧਾਰ ਕਰਨ ਦਾ ਸੋਚਿਆ। ਮੈਨੂੰ ਇਹ ਗ਼ਲਤਫਹਿਮੀ ਨਹੀਂ ਸੀ ਕਿ ਇਸ ਨਾਲ ਇੱਕ ਦਮ ਤੋਂ ਡਰੱਗ ਦੇ ਓਵਰਡੋਜ਼ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਅਸੀਂ ਜਾਣਦੇ ਸਾਂ ਕਿ ਨੀਤੀ ਵਿੱਚ ਸੁਧਾਰ ਇੱਕ ਛੋਟਾ ਜਿਹਾ ਕਦਮ ਹੈ। ਸਾਡਾ ਉਦੇਸ਼ ਗ੍ਰਿਫ਼ਤਾਰੀਆਂ ਅਤੇ ਮੌਤ ਦੀ ਦਰ ਨੂੰ ਘੱਟ ਕਰਨਾ ਸੀ।"

ਕੈਨੇਡੀ ਸਟੀਵਰਟ ਦਾ ਕਹਿਣਾ ਹੈ ਕਿ ਵੈਨਕੂਵਰ ਸ਼ਹਿਰ ਅਤੇ ਬ੍ਰਿਟਿਸ਼ ਕੋਲੰਬੀਆ ਰਾਜ ਸਰਕਾਰ ਨੇ ਡਰੱਗ ਸਬੰਧੀ ਕੇਂਦਰ ਸਰਕਾਰ ਦੇ ਕਾਨੂੰਨ ਤੋਂ ਖ਼ੁਦ ਨੂੰ ਬਾਹਰ ਰੱਖਣ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ 2022 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ 2023 ਤੋਂ ਡਰੱਗ ਨੂੰ ਅਪਰਾਧਿਕ ਸ਼੍ਰੇਣੀ ਤੋਂ ਬਾਹਰ ਰੱਖਣ ਦੀ ਨੀਤੀ ਲਾਗੂ ਹੋ ਗਈ।

ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ 50 ਲੱਖ ਹੈ। ਇਸ ਨੀਤੀ ਦੇ ਤਹਿਤ ਤਿੰਨ ਸਾਲਾਂ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਦੇ ਅਨੁਸਾਰ, ਰਾਜ ਵਿੱਚ ਰਹਿਣ ਵਾਲੇ ਬਾਲਗ਼ ਕਾਨੂੰਨੀ ਤੌਰ 'ਤੇ 2.5 ਗ੍ਰਾਮ ਤੱਕ ਕੋਕੀਨ, ਹੈਰੋਇਨ ਜਾਂ ਫੈਂਟਾਨਿਲ ਰੱਖ ਸਕਦੇ ਹਨ। ਪਰ ਡਰੱਗ ਦੀ ਤਸਕਰੀ ਅਤੇ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਉਰੂਗਵੇ ਤੋਂ ਬਾਅਦ 2018 ਵਿੱਚ, ਕੈਨੇਡਾ ਕੈਨਬੀਜ਼ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੂਜਾ ਦੇਸ਼ ਬਣ ਗਿਆ ਪਰ ਇਹ ਡਿਕ੍ਰਿਮੀਨਲਾਈਜੇਸ਼ਨ ਨਹੀਂ ਸੀ।

ਕੈਨੇਡੀ ਸਟੀਵਰਟ ਦਾ ਕਹਿਣਾ ਹੈ ਕਿ ਡਰੱਗ ਨੂੰ ਡਿਕ੍ਰਿਮੀਨਲਾਈਜ਼ ਕਰਨ ਦਾ ਮਤਲਬ ਹੈ ਕਿ ਸ਼ਰਾਬ ਵਾਂਗ ਤੁਸੀਂ ਉਸ ਦਾ ਸੇਵਨ ਤਾਂ ਕਰ ਸਕਦੇ ਹੋ, ਪਰ ਹੈਰੋਇਨ ਅਤੇ ਫੈਂਟਾਨਿਲ ਵਰਗੇ ਡਰੱਗ ਦਾ ਉਤਪਾਦਨ ਅਜੇ ਵੀ ਅਪਰਾਧ ਹੀ ਰਹੇਗਾ।

ਇਸ ਪਾਇਲਟ ਪ੍ਰੋਜੈਕਟ ਦੇ ਵਿਰੋਧੀਆਂ ਨੇ ਇਸ ਨੂੰ ਗ਼ੈਰ-ਜ਼ਿੰਮੇਵਾਰਾਨਾ ਪ੍ਰਯੋਗ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਲੋਕਾਂ ਦੀ ਸਿਹਤ ਅਤੇ ਜੀਵਨ ਲਈ ਖ਼ਤਰਾ ਪੈਦਾ ਹੋਵੇਗਾ।

ਇਸ ਸਾਲ ਅਪ੍ਰੈਲ ਵਿੱਚ, ਬ੍ਰਿਟਿਸ਼ ਕੋਲੰਬੀਆ ਰਾਜ ਨੇ ਇਸ ਨੀਤੀ ਵਿੱਚ ਬਦਲਾਅ ਕਰ ਕੇ ਤੈਅ ਕੀਤਾ ਕਿ ਕੇਵਲ ਲੋਕ ਨਿੱਜੀ ਥਾਵਾਂ ʼਤੇ ਹੀ ਡਰੱਗ ਦਾ ਸੇਵਨ ਕਰ ਸਕਦੇ ਹਨ ਜਾਂ ਉਸ ਨੂੰ ਕੋਲ ਰੱਖ ਸਕਦੇ ਹਨ।

ਜਨਤਕ ਥਾਵਾਂ 'ਤੇ ਇਸ ਦਾ ਸੇਵਨ ਕਰਨਾ ਅਤੇ ਰੱਖਣਾ ਅਪਰਾਧ ਮੰਨਿਆ ਜਾਵੇਗਾ।

ਬ੍ਰਿਟਿਸ਼ ਕੋਲੰਬੀਆ ਦਾ ਇਹ ਪਾਇਲਟ ਪ੍ਰੋਜੈਕਟ ਜਨਵਰੀ 2026 ਤੱਕ ਚੱਲੇਗਾ। ਪਰ ਅਜਿਹਾ ਤਜਰਬਾ ਕਰਨ ਵਾਲੀ ਇਹ ਪਹਿਲੀ ਸਰਕਾਰ ਨਹੀਂ ਹੈ। ਯੂਰਪ ਵਿੱਚ ਐਸਟੋਨੀਆ ਨੇ ਲਗਭਗ ਵੀਹ ਸਾਲਾਂ ਤੋਂ ਡਰੱਗ ਨੂੰ ਡਿਕ੍ਰਿਮੀਨਲਾਈਜ਼ ਕੀਤਾ ਹੋਇਆ ਹੈ।

ਦੂਜਾ ਹੱਲ

ਐਸਟੋਨੀਆ ਦੇ ਸੈਂਟਰ ਫਾਰ ਹੈਲਥ ਪ੍ਰਮੋਸ਼ਨ ਦੀ ਮੁਖੀ ਅਲੀਓਨਾ ਕੁਰਬਾਤੋਵਾ ਦਾ ਕਹਿਣਾ ਹੈ ਕਿ ਐਸਟੋਨੀਆ ਸਿੰਥੈਟਿਕ ਓਪੀਓਇਡ ਦੀ ਦੁਰ ਵਰਤੋਂ ਅਤੇ ਡਰੱਗ ਦੀ ਸਮੱਸਿਆ ਨਾਲ ਨਜਿੱਠਣ ਲਈ ਅਮਰੀਕਾ ਅਤੇ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ।

“ਐਸਟੋਨੀਆ ਵਿੱਚ ਲਗਭਗ 25 ਸਾਲਾਂ ਤੋਂ ਡਰੱਗ ਦੀ ਸਮੱਸਿਆ ਰਹੀ ਹੈ। ਕਾਫੀ ਹੱਦ ਤੱਕ ਇਸ ਦਾ ਸਬੰਧ ਦੇਸ਼ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨਾਲ ਵੀ ਰਿਹਾ ਹੈ।"

1991 ਵਿੱਚ, ਐਸਟੋਨੀਆ ਸੋਵੀਅਤ ਯੂਨੀਅਨ ਤੋਂ ਵੱਖ ਹੋ ਗਿਆ ਅਤੇ ਉਸ ਨੇ ਨਵੇਂ ਸਿਰੇ ਤੋਂ ਆਰਥਿਕਤਾ ਦਾ ਪੁਨਰ ਨਿਰਮਾਣ ਸ਼ੁਰੂ ਕੀਤਾ।

ਅਲੀਓਨਾ ਕੁਰਬਾਤੋਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਐਸਟੋਨੀਆ ਦੇ ਸਾਰੇ ਉਦਯੋਗ ਸੋਵੀਅਤ ਯੂਨੀਅਨ ਦੀਆਂ ਲੋੜਾਂ ਮੁਤਾਬਕ ਕੰਮ ਕਰਦੇ ਸਨ। ਦੇਸ਼ ਵਿੱਚ ਬੇਰੁਜ਼ਗਾਰੀ ਸੀ। ਨਾਲ ਹੀ ਦੇਸ਼ ਵਿੱਚ ਡਰੱਗ ਦੀ ਤਸਕਰੀ ਹੋਣ ਲੱਗੀ ਸੀ।

1990 ਦੇ ਦਹਾਕੇ ਦੇ ਅਖੀਰ ਵਿੱਚ ਐਸਟੋਨੀਆ ਵਿੱਚ ਜ਼ਿਆਦਾਤਰ ਹੈਰੋਇਨ ਅਤੇ ਅਫੀਮ ਪਹੁੰਚਦੀ ਸੀ ਪਰ ਜਲਦੀ ਹੀ ਓਪੀਓਇਡਜ਼ ਨੇ ਇਸ ਮਾਰਕੀਟ ਵਿੱਚ ਆਪਣੀ ਜਗ੍ਹਾ ਲੈ ਲਈ।

ਉਸੇ ਸਮੇਂ ਦੌਰਾਨ, ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਅਫੀਮ ਦੀ ਖੇਤੀ 'ਤੇ ਪਾਬੰਦੀ ਲਗਾ ਦਿੱਤੀ ਸੀ। ਅਫ਼ਗਾਨਿਸਤਾਨ ਅਫੀਮ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਰਿਹਾ ਹੈ।

ਅਫੀਮ ਤੋਂ ਹੈਰੋਇਨ ਬਣਾਈ ਜਾਂਦੀ ਹੈ, ਇਸ ਲਈ ਕੌਮਾਂਤਰੀ ਬਾਜ਼ਾਰ ਵਿੱਚ ਹੈਰੋਇਨ ਦੀ ਕਮੀ ਪੈਦਾ ਹੋ ਗਈ ਜਲਦੀ ਹੀ ਇਸ ਦੀ ਥਾਂ ਫੈਂਟਾਨਿਲ ਨੇ ਲੈ ਲਈ।

ਪਰ 2017 ਵਿੱਚ, ਐਸਟੋਨੀਆ ਨੇ ਦੇਸ਼ ਵਿੱਚ ਛਾਪੇ ਮਾਰੇ ਅਤੇ ਫੈਂਟਾਨਿਲ ਬਣਾਉਣ ਵਾਲੀਆਂ ਦੋ ਵੱਡੀਆਂ ਪ੍ਰਯੋਗਸ਼ਾਲਾਵਾਂ ਨੂੰ ਬੰਦ ਕਰ ਦਿੱਤਾ।

ਅਲੀਓਨਾ ਕੁਰਬਾਤੋਵਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਇਸਟੋਨੀਅਨ ਸਰਕਾਰ ਨੇ ਲੋਕਾਂ ਵਿੱਚ ਅਫੀਮ ਦੀ ਲਤ ਨੂੰ ਰੋਕਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ, ਜਿਸ ਕਾਰਨ ਡਰੱਗ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਕਾਫੀ ਘੱਟ ਗਏ।

ਪਰ ਜਲਦੀ ਹੀ ਨਵੇਂ ਓਪੀਓਇਡ ਮਾਰਕੀਟ ਵਿੱਚ ਆਉਣੇ ਸ਼ੁਰੂ ਹੋ ਗਏ ਅਤੇ 2021 ਤੋਂ, ਓਵਰਡੋਜ਼ ਨਾਲ ਮੌਤਾਂ ਵਧਣੀਆਂ ਸ਼ੁਰੂ ਹੋ ਗਈਆਂ। ਐਸਟੋਨੀਆ ਨੇ ਲਗਭਗ 20 ਸਾਲ ਪਹਿਲਾਂ ਡਰੱਗ ਡਿਕ੍ਰਿਮੀਨਲਾਈਜ਼ ਕਰ ਦਿੱਤੀ ਸੀ। ਇਸਦਾ ਮਤਲੱਬ ਕੀ ਹੈ?

ਅਲੀਓਨਾ ਕੁਰਬਾਤੋਵਾ ਨੇ ਜਵਾਬ ਦਿੱਤਾ, “ਇਸਟੋਨੀਆ ਵਿੱਚ ਗ਼ੈਰ-ਕਾਨੂੰਨੀ ਦਵਾਈਆਂ ਦੀ ਵਰਤੋਂ 'ਤੇ ਪਾਬੰਦੀ ਹੈ। ਡਰੱਗ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਡਿਕ੍ਰਿਮੀਨਲਾਈਜ਼ ਨਹੀਂ ਕੀਤਾ ਗਿਆ ਹੈ।"

"ਜੇਕਰ ਲੋਕ ਨਿੱਜੀ ਸੇਵਨ ਲਈ ਥੋੜ੍ਹੀ ਮਾਤਰਾ ਵਿੱਚ ਨਸ਼ੇ ਰੱਖਦੇ ਹਨ, ਤਾਂ ਉਨ੍ਹਾਂ ਨੂੰ ਜੇਲ੍ਹ ਨਹੀਂ ਸਗੋਂ ਜੁਰਮਾਨਾ ਭਰਨਾ ਪੈਂਦਾ ਹੈ ਕਿਉਂਕਿ ਨਸ਼ੇ ਨਾਲ ਸਬੰਧਤ ਕਾਨੂੰਨ ਤੋੜਨ ਵਾਲਿਆਂ ਨੂੰ ਜੇਲ੍ਹ ਨਹੀਂ ਹੁੰਦੀ ਇਸ ਲਈ ਉਹ ਮਦਦ ਲਈ ਖ਼ੁਦ ਅੱਗੇ ਆਉਂਦੇ ਹਨ।"

"ਉਨ੍ਹਾਂ ਨੂੰ ਸਜ਼ਾ ਦੇਣਾ ਸਮੱਸਿਆ ਦਾ ਹੱਲ ਨਹੀਂ ਹੈ। ਇਸ ਲਈ, ਅਸੀਂ ਉਨ੍ਹਾਂ ਨੂੰ ਸਲਾਹ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਹਾਂ।"

ਡਰੱਗ ਟੈਸਟ

ਦੂਜੇ ਪਾਸੇ ਕੈਨੇਡਾ ਨੇ ਅਜੇ ਇਹ ਤੈਅ ਕਰਨਾ ਹੈ ਕਿ ਡਰੱਗਜ਼ ਦੀ ਸਮੱਸਿਆ ਨਾਲ ਨਜਿੱਠਣ ਲਈ ਉਸ ਨੂੰ ਕਿਹੜਾ ਰਸਤਾ ਅਪਨਾਉਣਾ ਚਾਹੀਦਾ ਹੈ।

ਨਿਊਫਾਊਂਡਲੈਂਡ ਦੀ ਮੈਮੋਰੀਅਲ ਯੂਨੀਵਰਸਿਟੀ ਵਿੱਚ ਪਬਲਿਕ ਹੈਲਥ ਦੇ ਸਹਾਇਕ ਪ੍ਰੋਫੈਸਰ, ਜਿਲੀਅਨ ਕੋਲਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਡਰੱਗ ਨੀਤੀ ਬਾਰੇ ਭੰਬਲਭੂਸਾ ਹੈ।

“ਮੈਨੂੰ ਲੱਗਦਾ ਹੈ ਕਿ ਇਹ ਕਾਨੂੰਨ ਬਰਾਬਰ ਲਾਗੂ ਨਹੀਂ ਹੁੰਦੇ। ਅਮੀਰ ਗੋਰੇ ਗ੍ਰਿਫ਼ਤਾਰ ਨਹੀਂ ਹੁੰਦੇ। ਪੁਲਿਸ ਕਾਰਵਾਈ ਦਾ ਨਿਸ਼ਾਨਾ ਜ਼ਿਆਦਾਤਰ ਗਰੀਬ ਅਤੇ ਬੇਘਰੇ ਲੋਕ ਹੁੰਦੇ ਹਨ।"

ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਡਰੱਗ ਡਿਕ੍ਰਿਮੀਨਲਾਈਜ਼ ਕਰਨ ਦੀ ਨੀਤੀ ਵਿੱਚ ਬਦਲਾਅ ਦੇ ਫ਼ੈਸਲੇ ਨਾਲ ਕਈ ਲੋਕ ਨਿਰਾਸ਼ ਹਨ। ਨਵੀਂ ਨੀਤੀ ਅਨੁਸਾਰ ਜਨਤਕ ਥਾਵਾਂ 'ਤੇ ਡਰੱਗ ਰੱਖਣਾ ਜਾਂ ਉਸ ਦਾ ਸੇਵਨ ਕਰਨਾ ਅਪਰਾਧ ਹੈ।

ਜਿਲੀਅਨ ਕੋਲਾ ਨੇ ਇਸ 'ਤੇ ਸਵਾਲ ਉਠਾਉਂਦੇ ਹੋਏ ਕਿਹਾ, "ਇਕ ਤਰ੍ਹਾਂ ਨਾਲ ਸਰਕਾਰ ਦੀ ਨੀਤੀ ਇਹ ਕਹਿੰਦੀ ਹੈ ਕਿ ਤੁਹਾਨੂੰ ਲੁਕ-ਛਿਪ ਕੇ ਡਰੱਗ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਇੱਕ ਵੱਡੀ ਸਮੱਸਿਆ ਹੈ ਕਿਉਂਕਿ ਨਸ਼ਿਆਂ ਦਾ ਗੁਪਤ ਸੇਵਨ ਓਵਰਡੋਜ਼ ਦਾ ਇੱਕ ਵੱਡਾ ਕਾਰਨ ਹੈ।"

"ਉਦਾਹਰਨ ਲਈ, ਓਨਟਾਰੀਓ ਵਿੱਚ ਓਵਰਡੋਜ਼ ਨਾਲ ਮਰਨ ਵਾਲੇ 75 ਫੀਸਦ ਲੋਕ ਆਪਣੇ ਘਰਾਂ ਵਿੱਚ ਇਕੱਲੇ ਮਰਦੇ ਹਨ। ਸਾਨੂੰ ਨੀਤੀਆਂ ਬਣਾਉਂਦੇ ਸਮੇਂ ਸਪਸ਼ਟ ਸੋਚਣਾ ਚਾਹੀਦਾ ਹੈ।"

"ਕੀ ਡਰੱਗ ਡਿਕ੍ਰਿਮੀਨਲਾਈਜੇਸ਼ਨ ਦਾ ਅਰਥ ਇਹ ਹੈ ਕਿ ਅਸੀਂ ਪੁਲਿਸ ਨੂੰ ਡਰੱਗ ਦੀ ਵਰਤੋਂ ਕਰਨ ਵਾਲਿਆਂ ਦੇ ਜੀਵਨ ਤੋਂ ਬਾਹਰ ਰੱਖੀਏ ਜਾਂ ਕੀ ਇਸਦਾ ਉਦੇਸ਼ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਹੈ? ਕਿਉਂਕਿ ਜੇਕਰ ਕੋਈ ਆਪਣੇ ਘਰ ਵਿਚ ਇਕੱਲਾ ਓਵਰਡੋਜ਼ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ।"

ਜਿਲੀਅਨ ਕੋਲਾ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕ ਜਨਤਕ ਥਾਵਾਂ 'ਤੇ ਡਰੱਗ ਦੀ ਵਰਤੋਂ ਨੂੰ ਰੋਕਣ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੈਨੇਡਾ ਦੇ ਜਿਹੜੇ ਰਾਜਾਂ ਵਿੱਚ ਡਰੱਗ ਡਿਕ੍ਰਿਮੀਨਲਾਈਜ਼ ਨਹੀਂ ਕੀਤਾ ਗਿਆ ਉੱਥੇ ਵੀ ਜਨਤਕ ਥਾਵਾਂ ʼਤੇ ਡਰੱਗ ਦੇ ਸੇਵਨ ਦੇ ਮਾਮਲੇ ਵਧੇ ਹਨ।

ਇਸ ਦੌਰਾਨ ਬਾਜ਼ਾਰ ਵਿੱਚ ਨਵੇਂ ਤੇਜ਼ ਅਤੇ ਸ਼ਕਤੀਸ਼ਾਲੀ ਗ਼ੈਰ-ਕਾਨੂੰਨੀ ਓਪੀਓਇਡ ਦੀ ਭਰਮਾਰ ਜਾਰੀ ਹੈ।

ਜਿਲੀਅਨ ਕੋਲਾ ਨੇ ਕਿਹਾ ਕਿ ਨੀਟਿਜ਼ੀਨ ਅਤੇ ਸਾਇਲੇਜ਼ੀਨ ਵਰਗੇ ਨਵੇਂ ਡਰੱਗ ਬਜ਼ਾਰ ਵਿੱਚ ਆ ਰਹੇ ਹਨ।

“ਸਾਨੂੰ ਆਪਣੀਆਂ ਨੀਤੀਆਂ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ ਕਿਉਂਕਿ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਨਾਲ ਤਾਂ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਇਸ ਦੇ ਉਲਟ, ਇਹ ਤਸਕਰਾਂ ਨੂੰ ਅਜਿਹੇ ਸਿੰਥੈਟਿਕ ਡਰੱਗ ਦੀ ਤਸਕਰੀ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ ਜੋ ਕਿ ਇੰਨੇ ਸ਼ਕਤੀਸ਼ਾਲੀ ਹਨ ਕਿ ਬਹੁਤ ਘੱਟ ਮਾਤਰਾ ਵਿੱਚ ਸੇਵਨ ਕਰਨ ਦੇ ਬਾਵਜੂਦ, ਉਹ ਗੰਭੀਰ ਨਸ਼ਾ ਦਿੰਦੇ ਹਨ।"

"ਇਹ ਸਿੰਥੈਟਿਕ ਨਸ਼ੀਲੇ ਪਦਾਰਥਾਂ ਨੂੰ ਘੱਟ ਮਾਤਰਾ ਵਿੱਚ ਆਸਾਨੀ ਨਾਲ ਇਧਰ-ਉਧਰ ਲਿਆਂਦਾ ਜਾ ਸਕਦਾ ਹੈ।"

ਤਾਂ ਕੀ ਕੈਨੇਡਾ ਆਪਣੀ ਡਰੱਗ ਓਵਰਡੋਜ਼ ਦੀ ਸਮੱਸਿਆ ਨੂੰ ਹੱਲ ਕਰ ਸਕੇਗਾ?

ਡਰੱਗ ਦੇ ਸੇਵਨ ਅਤੇ ਲਤ ਦੇ ਕਈ ਕਾਰਨ ਹੁੰਦੇ ਹਨ ਅਤੇ ਇਹ ਇੱਕ ਗੁੰਝਲਦਾਰ ਸਮੱਸਿਆ ਹੈ।

ਇੱਕ ਹੱਲ ਜੋ ਇੱਕ ਥਾਂ 'ਤੇ ਕੰਮ ਕਰਦਾ ਹੈ, ਜ਼ਰੂਰੀ ਤੌਰ 'ਤੇ ਦੂਜੀ ਥਾਂ' ਤੇ ਵੀ ਸਫ਼ਲ ਹੋਵੇਗਾ। ਡਰੱਗ ਡਿਕ੍ਰਿਮੀਨਲਾਈਜ਼ ਕਰਨਾ ਇੱਕ ਛੋਟਾ ਬਦਲ ਹੈ ਪਰ ਇਸ ਦੇ ਨਾਲ ਕਈ ਹੋਰ ਉਪਾਵਾਂ ਬਾਰੇ ਸੋਚਣ ਦੀ ਲੋੜ ਹੈ।

ਡਰੱਗ ਦੀ ਸਮੱਸਿਆ ਦਾ ਸ਼ਿਕਾਰ ਲੋਕਾਂ ਦੀ ਲੋੜਾਂ ਨੂੰ ਸਮਜ ਕੇ ਉਨ੍ਹਾਂ ਦੀ ਲੋੜੀਂਦੀ ਸਹਾਇਤ ਪਹੁੰਚਾਉਣਾ ਵੀ ਮਹੱਤਪੂਰਨ ਹੈ।

ਡਰੱਗ ਦੀ ਲਤ ਨੂੰ ਆਪਰਾਧ ਦੀ ਬਜਾਇ ਇੱਕ ਸਿਹਤ ਸਬੰਧ ਸਮੱਸਿਆ ਵਜੋਂ ਦੇਖਣਾ ਅਤੇ ਉਸ ਦਾ ਆਧਰ ʼਤੇ ਨੀਤੀਆਂ ਬਣਾਉਣਾ ਵੀ ਕਾਫੀ ਮਦਦਗਾਰ ਹੋ ਸਕਦਾ ਹੈ।

ਇਸ ਨਾਲ ਹੀ ਨਵੀਂ ਸੋਚ ʼਤੇ ਆਧਾਰਿਤ ਨੀਤੀਆਂ ਬਣਾਉਣ ਵੇਲੇ ਲੋਕਾਂ ਨੂੰ ਇਹ ਸਮਝਾਉਣਾ ਵੀ ਜ਼ਰੂਰੀ ਹੈ ਸਫ਼ਲਤਾ ਦੀ ਉਮੀਦਾਂ ਨੂੰ ਹਕੀਕਤ ਦੇ ਦਾਇਰੇ ਵਿੱਚ ਰੱਖਣਾ ਰੱਖਣਾ ਹੋਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)