ਸੁਨੀਲ ਜਾਖੜ : ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਉਣ ਦਾ ਪਾਰਟੀ ਨੂੰ ਕੀ ਨਫ਼ਾ ਤੇ ਨੁਕਸਾਨ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਜਨਤਾ ਪਾਰਟੀ ਨੇ ਸਾਬਕਾ ਕਾਂਗਰਸੀ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ।
ਸੁਨੀਲ ਜਾਖੜ, ਲੋਕ ਸਭਾ ਸਪੀਕਰ ਅਤੇ ਟਕਸਾਲੀ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਹਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਵੀ ਰਹੇ ਹਨ।
ਪਰ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਆਓ ਇਸ ਰਿਪੋਰਟ ਰਾਹੀਂ ਜਾਣੀਏ ਕਿ ਸੁਨੀਲ ਜਾਖੜ ਕੌਣ ਹਨ, ਉਨ੍ਹਾਂ ਦਾ ਸਫ਼ਰ, ਬਤੌਰ ਭਾਜਪਾ ਪ੍ਰਧਾਨ ਹੁਣ ਚੁਣੌਤੀਆਂ ਕੀ ਹਨ ਅਤੇ ਹੋਰ ਕਈ ਪਹਿਲੂ...
ਸੁਨੀਲ ਜਾਖੜ ਦਾ ਹੁਣ ਤੱਕ ਦਾ ਰਾਜਨੀਤਿਕ ਸਫ਼ਰ

ਤਸਵੀਰ ਸਰੋਤ, Getty Images
ਹਿੰਦੂ ਜਾਟ ਪਰਿਵਾਰ ਨਾਲ ਸਬੰਧਤ ਸੁਨੀਲ ਜਾਖੜ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ 1996 ਵਿੱਚ ਫ਼ਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਲੜੀ ਸੀ ਅਤੇ ਹਾਰ ਗਏ ਸਨ।
6 ਸਾਲਾਂ ਦੇ ਵਕਫ਼ੇ ਤੋਂ ਬਾਅਦ ਉਨ੍ਹਾਂ 2002 ਵਿੱਚ ਚੋਣ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਹਲਕੇ ਤੋਂ ਲੜੀ ਸੀ। ਉਹ ਲਗਾਤਾਰ 2002 ਤੋਂ 2012 ਤੱਕ ਅਬੋਹਰ ਦੇ ਤਿੰਨ ਵਾਰ ਵਿਧਾਇਕ ਰਹੇ।
ਜਾਖੜ ਪੰਜਾਬ ਵਿਧਾਨ ਸਭਾ ਵਿੱਚ 2012 ਤੋਂ 2015 ਤੱਕ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਬਾਅਦ ਵਿੱਚ ਕਾਂਗਰਸ ਪਾਰਟੀ ਨੇ ਚਮਕੌਰ ਸਾਹਿਬ ਤੋਂ ਉਸ ਸਮੇਂ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰ ਦਿੱਤਾ ਸੀ।
2017 ਵਿੱਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਈ ਪਰ ਸੁਨੀਲ ਜਾਖੜ ਅਬੋਹਰ ਤੋਂ ਆਪਣੀ ਚੌਥੀ ਵਿਧਾਨ ਸਭਾ ਚੋਣ ਹਾਰ ਗਏ ਸਨ।
ਉਨ੍ਹਾਂ ਨੂੰ ਭਾਜਪਾ ਆਗੂ ਅਰੁਣ ਨਾਰੰਗ ਨੇ ਹਰਾਇਆ ਸੀ।
ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ 2017 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਕਰ ਦਿੱਤਾ ਸੀ ਤੇ ਉਹ 2021 ਤੱਕ ਇਸ ਅਹੁਦੇ ’ਤੇ ਰਹੇ ਸਨ।
ਬਾਅਦ ਵਿੱਚ ਸਾਬਕਾ ਵਿਧਾਇਕ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ।
ਅੱਗੇ ਚੱਲ ਕੇ ਜਾਖੜ ਨੇ 2017 ਵਿੱਚ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਸੰਸਦੀ ਉਪ ਚੋਣ ਲੜੀ ਅਤੇ ਉਹ ਲੋਕ ਸਭਾ ਮੈਂਬਰ ਬਣ ਗਏ ਸਨ।
2019 ਵਿੱਚ ਜਾਖੜ ਨੂੰ ਗੁਰਦਾਸਪੁਰ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਨੇ ਹਰਾ ਦਿੱਤਾ ਸੀ। 2019 ਦੇ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਕਰਾਰ ਦਿੱਤਾ ਸੀ।
ਜਾਖੜ ਨੇ ਸਾਲ 2022 'ਚ ਵਿਧਾਨ ਸਭਾ ਚੋਣ ਨਹੀਂ ਲੜੀ ਸੀ ਜਦਕਿ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਅਬੋਹਰ ਹਲਕੇ ਤੋਂ ਵਿਧਾਇਕ ਬਣੇ ਸੀ।
ਮਈ 2022 ਵਿੱਚ ਜਾਖੜ ਕਾਂਗਰਸ ਛੱਡਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਸੁਨੀਲ ਜਾਖੜ ਇਹੋ ਜਿਹੇ ਕਾਂਗਰਸੀ ਆਗੂ ਸਨ ਜੋ ਸਾਲ 2015 ਵਿੱਚ ਫਰੀਦਕੋਟ ਜਿਲ੍ਹੇ ਦੇ ਕਸਬੇ ਬਰਗਾੜੀ ਵਿਖੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਲਈ ਲਗਾਤਾਰ ਬੋਲਦੇ ਰਹੇ ਸਨ ।
ਜਾਖੜ ਉਹਨਾਂ ਪਹਿਲੇ ਸਿਆਸੀ ਆਗੂਆਂ ਵਿੱਚੋਂ ਵੀ ਸਨ ਜਿਨ੍ਹਾਂ ਨੇ ਸਾਲ 2020 ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ।
ਬਾਅਦ ਵਿੱਚ ਇਹ ਆਰਡੀਨੈਂਸ ਬਿੱਲ ਦੇ ਰੂਪ ਵਿੱਚ ਸੰਸਦ ਵਿੱਚ ਪਾਸ ਹੋਏ ਸਨ ਤੇ ਕਿਸਾਨਾਂ ਵੱਲੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ’ਤੇ ਧਾਰਨਾ ਦੇਣ ਤੋਂ ਬਾਅਦ ਭਾਜਪਾ ਸਰਕਾਰ ਨੇ ਇਹ ਬਿੱਲ ਵਾਪਸ ਲਏ ਸਨ।

ਇਹ ਵੀ ਪੜ੍ਹੋ:

‘‘ਜਾਖੜ ਨੂੰ ਪ੍ਰਧਾਨ ਬਣਾਉਣਾ ਦੋ ਧਾਰੀ ਤਲਵਾਰ ਦੀ ਤਰਾਂ’’

ਤਸਵੀਰ ਸਰੋਤ, Getty Images
ਬਠਿੰਡਾ ਦੇ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਬੀਜੇਪੀ ਹਰੇਕ ਓਹੋ ਹੱਥਕੰਡਾ ਆਪਣਾ ਰਹੀ ਹੈ ਜਿਸ ਨਾਲ ਉਸਦੇ ਪੰਜਾਬ ਵਿੱਚ ਪੈਰ ਲੱਗ ਸਕਣ ਪਰ ਬੀਜੇਪੀ ਦੇ ਪੰਜਾਬ ਵਿੱਚ ਪੈਰ ਹਾਲੇ ਨਹੀਂ ਲੱਗੇ।
ਉਨ੍ਹਾਂ ਅੱਗੇ ਕਿਹਾ, "ਬੀਜੇਪੀ ਨੇ ਦੂਸਰੀਆਂ ਪਾਰਟੀਆਂ ਵਿੱਚੋ ਬਹੁਤ ਵੱਡੇ ਵੱਡੇ ਚਿਹਰੇ ਲੈ ਕੇ ਆਉਂਦੇ ਤਾਂ ਜੋ ਇਹ ਪਿੰਡਾਂ ਵਿੱਚ ਪਹੁੰਚ ਸਕਣ ਤੇ ਲੋਕਾਂ ਵਿੱਚ ਆਪਣਾ ਅਧਾਰ ਕਾਇਮ ਕਰ ਸਕਣ।"
ਚੰਦਰ ਪ੍ਰਕਾਸ਼ ਇਸ ਨੂੰ ਦੋ ਧਾਰੀ ਤਲਵਾਰ ਦੀ ਤਰਾਂ ਦੇਖਦੇ ਹਨ ਤੇ ਕਹਿੰਦੇ ਹਨ ਕਿ ਜੋ ਬੀਜੇਪੀ ਦਾ ਜ਼ਮੀਨੀ ਵਰਕਰ 1980 ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਉਸ ਵਿੱਚ ਨਿਰਾਸ਼ਤਾ ਵੀ ਹੈ ਤੇ ਉਹ ਕੈਡਰ ਕਿਧਰ ਜਾਵੇਗਾ।
ਅੱਜ ਬੀਜੇਪੀ ਕੇਦਰੀ ਸੱਤਾ ਦੇ ਵਿੱਚ ਹੈ ਤੇ ਕੋਈ ਖੁੱਲ੍ਹ ਕੇ ਨਹੀਂ ਬੋਲ ਪਾਊਗਾ ਪਰ ਕੀ ਉਹ ਉਸ ਜੋਸ਼ ਨਾਲ ਲੋਕਾਂ ਨੂੰ ਵੋਟ ਪਾਉਣ ਲਈ ਕਹਿਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕ ਵੀ ਇਹੋ ਸੋਚਣਗੇ ਕਿ ਬੀਜੇਪੀ ਆਪਣੇ ਆਪ ਨੂੰ ਸਿਧਾਂਤਕ ਪਾਰਟੀ ਕਹਿੰਦੀ ਹੈ ਇਹ ਕਰੀ ਕੀ ਜਾਂਦੇ ਨੇ ਕਿਉਂਕਿ ਪਹਿਲਾਂ ਇਹਨਾਂ ਨੇ ਹੋਰ ਕਈ ਲੀਡਰ ਹੋਰ ਪਾਰਟੀਆਂ ਵਿੱਚ ਲੈ ਕੇ ਆਂਦੇ ਹਨ ਕਿਉਂਕਿ ਚੱਲੇ ਕਾਰਤੂਸ ਕਿਸੇ ਬੰਦੂਕ ਵਿੱਚ ਪਾ ਲਾਓ ਉਹ ਕੰਮ ਨਹੀਂ ਕਰਦੇ ਤੇ ਸਮੇਂ ਦੀ ਲੋੜ ਹੈ ਕਿ ਕਾਰਤੂਸ ਨਵਾਂ ਚਾਹੀਦਾ ਹੈ।
ਚੰਦਰ ਪ੍ਰਕਾਸ਼ ਮੰਨਦੇ ਹਨ, "ਜਾਖੜ ਦਾ ਕੱਦ ਜੋ ਕਾਂਗਰਸ ਵਿੱਚ ਸੀ ਉਹ ਸ਼ਾਇਦ ਬੀਜੇਪੀ ਵਿੱਚ ਨਾਂ ਹੋਵੇ ਕਿਉਂਕਿ ਕਾਂਗਰਸ ਵਿੱਚ ਉਨ੍ਹਾਂ ਦੀ ਪਹਿਚਾਣ ਆਪਣੇ ਪਿਤਾ ਚੌਧਰੀ ਬਲਰਾਮ ਜਾਖੜ ਕਰਕੇ ਵੀ ਸੀ। ਬਾਕੀ ਰਾਜਨੀਤੀ ਵਿੱਚ ਸਭ ਕੁਝ ਸੰਭਵ ਹੁੰਦਾ ਹੈ, ਫਿਰ ਚਾਹੇ ਜਾਖੜ ਨੂੰ ਬੀਜੇਪੀ ਨੇ ਪ੍ਰਧਾਨ ਬਣਾ ਦਿੱਤਾ ਫਿਰ ਵੀ ਕਾਂਗਰਸ ਵਰਗਾ ਕੱਦ ਹੋਣਾ ਮੁਸ਼ਕਿਲ ਹੈ।’’
ਜਾਖੜ ਨੂੰ ਭਾਜਪਾ ਪ੍ਰਧਾਨ ਬਣਾਏ ਜਾਣ ਦਾ ਕਾਰਨ

ਤਸਵੀਰ ਸਰੋਤ, Getty Images
ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਪੰਜਾਬ ਭਾਜਪਾ ਦੇ ਮੌਜੂਦਾ ਢਾਂਚੇ ਵਿੱਚ ਸਿਰਫ਼ 23 ਸੀਟਾਂ 'ਤੇ ਹੀ ਚੋਣ ਲੜਨ ਦੀ ਯੋਗਤਾ ਹੈ ਅਤੇ ਇਸ ਨੂੰ ਪੰਜਾਬ ਭਰ ਵਿੱਚ ਚੋਣ ਲੜਨ ਲਈ ਇੱਕ ਮਜ਼ਬੂਤ ਅਤੇ ਜਾਣੇ-ਪਛਾਣੇ ਚਿਹਰੇ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਪੰਜਾਬ ਅੰਦਰ ਬਹੁਤ ਧੜੇਬੰਦੀ ਹੋ ਚੁੱਕੀ ਹੈ ਅਤੇ ਇਸ ਧੜੇਬੰਦੀ ਨੂੰ ਤੋੜਨ ਲਈ ਪਾਰਟੀ ਨੂੰ ਨਿਰਪੱਖ ਚਿਹਰੇ ਦੀ ਲੋੜ ਹੈ ਅਤੇ ਜਾਖੜ ਹੀ ਢੁੱਕਵੇਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੇ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੇ ਇਛੁੱਕ ਹਨ ।
ਇੱਕ ਹੋਰ ਸੀਨੀਅਰ ਭਾਜਪਾ ਆਗੂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਭਾਜਪਾ ਨੇ ਹਰਿਆਣਾ ਵਿੱਚ ਗੈਰ-ਜਾਟ ਸਿਆਸਤ ਖੇਡੀ ਹੈ, ਜਿਸ ਨੇ ਆਖਰਕਾਰ ਸੂਬੇ ਵਿੱਚ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਜੱਟ ਸਿੱਖਾਂ ਦੀਆਂ ਵੋਟਾਂ ਨੂੰ ਨਜ਼ਰਅੰਦਾਜ਼ ਕਰਨ ਕਿਤੇ ਨੁਕਸਾਨ ਤਾਂ ਨਹੀਂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੱਟ ਸਿੱਖ ਅਹਿਮ ਭਾਈਚਾਰਾ ਹੈ,ਜੋ ਸਿਆਸਤ ਵਿੱਚ ਲਗਾਤਾਰ ਪੰਜਾਬ ਦੀ ਅਗਵਾਈ ਕਰਦਾ ਰਿਹਾ ਹੈ।
ਕਾਂਗਰਸ ਨੇ ਹਿੰਦੂ ਚਿਹਰੇ ਜਾਖੜ ਨੂੰ ਉਦੋਂ ਹੀ ਸੂਬਾ ਪ੍ਰਧਾਨ ਬਣਾਇਆ ਸੀ, ਜਦੋਂ ਸੂਬੇ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ, ਅਸੀਂ ਸਮਝਦੇ ਹਨ ਕਿ ਪਾਰਟੀ ਨੇ ਅਗਰ ਪਿੰਡਾਂ ਵਿਚ ਪੈਰ ਜਮਾਉਣੇ ਹਨ, ਜੋ 117 ਸੀਟਾਂ ਲੜਨ ਲ਼ਈ ਜਰੂਰੀ ਹਨ, ਤਾਂ ਪਾਰਟੀ ਨੂੰ ਜੱਟ ਸਿੱਖ ਚਿਹਰਾ ਅੱਗੇ ਲਿਆਉਣਾ ਚਾਹੀਦਾ ਸੀ।
ਜਾਖੜ ਲਈ ਇੱਕ ਚੂਣੌਤੀ ਭਾਰਤੀ ਜਨਤਾ ਪਾਰਟੀ ਅਤੇ ਸੰਘ ਦੇ ਕਲਚਰ ਨੂੰ ਸਮਝਣਾ ਵੀ ਰਹੇਗੀ ਅਤੇ ਪਾਰਟੀ ਦੇ ਗਰਾਊਂਡ ਦੇ ਵਰਕਰਾਂ ਦੀ ਸਨਾਖ਼ਤ ਕਰਕੇ ਉਨ੍ਹਾਂ ਨੂੰ ਜਿੰਮੇਵਾਰੀ ਦੇਣ ਨਾਲ ਹੀ ਠੋਸ ਢਾਂਚਾ ਖੜ੍ਹਾ ਹੋ ਸਕੇਗਾ, ਨਹੀਂ ਤਾਂ ਇਸ ਦਾ ਉਲਟਾ ਨੁਕਸਾਨ ਵੀ ਹੋ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਾਖੜ ਲਈ ਇਹ ਮੁਸ਼ਕਲ ਕੰਮ ਹੋਵੇਗਾ ਕਿ ਉਹ ਵੱਡੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੇ ਸਥਾਨਕ ਭਾਜਪਾ ਦੇ ਵਰਕਰਾਂ ਨਾਲ ਸੰਪਰਕ ਬਣਾ ਪਾਉਂਦੇ ਹਨ ਜਾਂ ਨਹੀਂ।
ਜਾਖੜ ਲਈ ਕਿਹੜੀਆਂ ਚੁਣੌਤੀਆਂ?

ਤਸਵੀਰ ਸਰੋਤ, Getty Images
ਭਾਜਪਾ ਸੂਤਰਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਦੇਖਦੇ ਹਾਂ ਕਿ ਜਾਖੜ ਪਾਰਟੀ ਦੇ ਅੰਦਰ ਸਭ ਨੂੰ ਨਾਲ ਲੈ ਕੇ ਕਿਵੇਂ ਚੱਲਣਗੇ, ਖਾਸ ਕਰਕੇ ਆਪਣੇ ਸਾਬਕਾ ਕਾਂਗਰਸੀ ਸਾਥੀਆਂ ਨੂੰ ਜੋ ਹੁਣ ਭਾਜਪਾ ਵਿੱਚ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤ ਕਰਨ ਵਾਲੇ ਧੜੇ ਨੂੰ ਵੀ ਜਾਖੜ ਦਾ ਸਮਰਥਨ ਮਿਲਿਆ ਸੀ, ਹੁਣ ਅਮਰਿੰਦਰ ਸਿੰਘ ਵੀ ਭਾਜਪਾ ਵਿੱਚ ਹਨ ਹਾਲਾਂਕਿ ਜਾਖੜ ਅਮਰਿੰਦਰ ਸਿੰਘ ਦੇ ਵੀ ਖਾਸਮਖਾਸ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜਾਖੜ ਦੇ ਵਿਰੋਧੀ ਗੁਰੂਹਰਸਹਾਏ ਦੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਰਾਣਾ ਸੋਢੀ ਵੀ ਭਾਜਪਾ ਵਿੱਚ ਹਨ।
ਜਾਖੜ ਨੇ ਸੋਢੀ ਦੇ ਖਿਲਾਫ ਕਾਂਗਰਸ ਹਾਈਕਮਾਂਡ ਨੂੰ ਪੱਤਰ ਲਿਖ ਕੇ ਕਥਿਤ ਜ਼ਮੀਨ ਦੇ ਮੁਆਵਜ਼ੇ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਸੀ।
ਜਾਖੜ ਕਾਂਗਰਸ ਤੋਂ ਕਿਵੇਂ ਤੇ ਕਿਉਂ ਵੱਖ ਹੋਏ ਸਨ

ਤਸਵੀਰ ਸਰੋਤ, Getty Images
ਸਤੰਬਰ 2021 ਵਿੱਚ ਕਾਂਗਰਸ ਪਾਰਟੀ ਨੇ ਆਪਣੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾ ਦਿੱਤਾ ਸੀ। ਸੁਨੀਲ ਜਾਖੜ ਦਾ ਨਾਮ ਅਗਲੇ ਮੁੱਖ ਮੰਤਰੀ ਲਈ ਸਾਹਮਣੇ ਆਉਣ ਲੱਗਾ ਪਰ ਬਾਅਦ ਵਿੱਚ ਕਾਂਗਰਸ ਨੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੱਤਾ। ਚੰਨੀ ਪੰਜਾਬ ਦੇ ਪਹਿਲੇ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਮੁੱਖ ਮੰਤਰੀ ਸਨ।
ਕਾਂਗਰਸ ਪਾਰਟੀ ਦੇ ਸੂਤਰਾਂ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਜਾਖੜ ਦੇ ਮੁੱਖ ਮੰਤਰੀ ਬਣਨ ਦੇ ਰਾਹ ਵਿੱਚ ਰੋੜਾ ਲਿਆ ਦਿੱਤਾ ਸੀ। ਸੋਨੀ ਨੇ ਇਹ ਵੀ ਜਨਤਕ ਬਿਆਨ ਦਿੱਤਾ ਕਿ ਪੰਜਾਬ ਨੂੰ ਸਿੱਖ ਮੁੱਖ ਮੰਤਰੀ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਸੀ ਜਦੋਂ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾਣਾ ਤੈਅ ਸੀ।
ਸੋਨੀ ਦਾ ਨਾਂ ਲਏ ਬਿਨਾਂ ਜਾਖੜ ਨੇ ਉਦੋਂ ਕਿਹਾ ਸੀ, “ਇਸ ਮੁੱਦੇ ਨੂੰ ਹਿੰਦੂ ਬਨਾਮ ਸਿੱਖ ਬਣਾਉਣਾ ਪੰਜਾਬ ਦੇ ਲਈ ਅਪਮਾਨ ਹੈ, ਜੋ ਕਿ ਚਰਿੱਤਰ ਪੱਖੋਂ ਬਹੁਤ ਧਰਮ ਨਿਰਪੱਖ ਹੈ।”
ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਬਾਅਦ ਜਾਖੜ ਮੋਹਰੀ ਕਤਾਰ ਵਿੱਚੋ ਪਾਸੇ ਹੋ ਗਏ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਨੀਲ ਜਾਖੜ ਨੇ ਜਨਤਕ ਤੌਰ 'ਤੇ ਬਿਆਨ ਦਿੱਤਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਕਰਵਾਏ ਸਰਵੇਖਣ 'ਚ 42 ਦੇ ਕਰੀਬ ਵਿਧਾਇਕਾਂ ਨੇ ਉਨ੍ਹਾਂ ਦਾ ਅਗਲਾ ਮੁੱਖ ਮੰਤਰੀ ਬਣਨ ਲਈ ਸਮਰਥਨ ਕੀਤਾ ਸੀ। ਜਾਖੜ ਦੇ ਇਸ ਬਿਆਨ ਨੇ ਸੂਬੇ ਵਿੱਚ ਸਿਆਸੀ ਹਲਚਲ ਮਚਾ ਦਿੱਤੀ ਹੈ।
ਪਰਿਵਾਰ ਅਤੇ ਸ਼ੁਰੂਆਤੀ ਜੀਵਨ

ਤਸਵੀਰ ਸਰੋਤ, Getty Images
ਸੁਨੀਲ ਜਾਖੜ ਦਾ ਜਨਮ 1954 ਵਿੱਚ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਜਕੋਸੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਹਿੰਦੂ ਜਾਟ ਭਾਈਚਾਰੇ ਨਾਲ ਸਬੰਧਤ ਹੈ।
ਸੁਨੀਲ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਦੇ ਸੀਨੀਅਰ ਨੇਤਾ ਸਨ ਜੋ ਨੌਂ ਸਾਲ ਤੱਕ ਲੋਕ ਸਭਾ ਦੇ ਦੋ ਵਾਰ ਸਪੀਕਰ ਰਹੇ।
ਤਾਜ਼ਾ ਚੋਣ ਹਲਫ਼ਨਾਮੇ ਦੇ ਅਨੁਸਾਰ, ਜਾਖੜ ਨੇ ਸਾਲ 1977 ਵਿੱਚ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮਬੀਏ ਦੀ ਪੜਾਈ ਪੂਰੀ ਕੀਤੀ ਸੀ।
ਲੋਕ ਸਭਾ ਦੀ ਵੈੱਬਸਾਈਟ ਦੇ ਪੁਰਾਲੇਖਾਂ ਅਨੁਸਾਰ, ਬਲਰਾਮ ਜਾਖੜ ਨੇ 1972 ਵਿੱਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਲੜੀ ਅਤੇ 1977 ਤੱਕ ਪੰਜਾਬ ਵਿੱਚ ਉਪ ਮੁੱਖ ਮੰਤਰੀ ਰਹੇ। ਇਸ ਤੋਂ ਇਲਾਵਾ, ਬਲਰਾਮ ਜਾਖੜ 1991 ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਵੀ ਰਹੇ।
ਉਨ੍ਹਾਂ ਨੇ ਚਾਰ ਵਾਰ ਸੰਸਦ ਮੈਂਬਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਵਜੋਂ ਵੀ ਸੇਵਾਵਾਂ ਨਿਭਾਈਆਂ।












