ਸੁਪਰੀਮ ਕੋਰਟ ਨੇ ਈਵੀਐੱਮ ਦੀ ਦੁਬਾਰਾ ਗਿਣਤੀ ਕਰਵਾਈ ਤਾਂ ਨੌਜਵਾਨ ਪੌਣੇ ਤਿੰਨ ਸਾਲ ਬਾਅਦ ਸਰਪੰਚ ਬਣਿਆ, ਪੂਰਾ ਮਾਮਲਾ ਜਾਣੋ

ਮੋਹਿਤ ਕੁਮਾਰ

ਤਸਵੀਰ ਸਰੋਤ, Mohit Kumar

ਤਸਵੀਰ ਕੈਪਸ਼ਨ, ਅਦਾਲਤੀ ਲੜਾਈ ਜਿੱਤਣ ਤੋਂ ਬਾਅਦ ਮੋਹਿਤ ਕੁਮਾਰ ਪੌਣੇ ਤਿੰਨ ਸਾਲ ਬਾਅਦ ਸਰਪੰਚ ਐਲਾਨੇ ਗਏ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

''ਨਿਆਂਪਾਲਿਕਾ ਹਾਲੇ ਤੱਕ ਬਚੀ ਹੋਈ ਹੈ। ਅਸੀਂ ਸੁਪਰੀਮ ਕੋਰਟ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਨਿਆਂਪਾਲਿਕਾ ਵਿੱਚ ਸਾਡਾ ਜੋ ਵਿਸ਼ਵਾਸ ਸੀ, ਉਹ ਇਸ ਫੈਸਲੇ ਨਾਲ ਹੋਰ ਮਜ਼ਬੂਤ ਹੋ ਗਿਆ ਹੈ।''

ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਈਵੀਐੱਮ ਮਸ਼ੀਨਾਂ ਦੀ ਦੁਬਾਰਾ ਗਿਣਤੀ ਕਰਵਾਏ ਜਾਣ ਤੋਂ ਬਾਅਦ ਪਿੰਡ ਦੇ ਸਰਪੰਚ ਬਣੇ ਹਰਿਆਣਾ ਦੇ ਮੋਹਿਤ ਕੁਮਾਰ ਇਹਨਾਂ ਸ਼ਬਦਾਂ ਨਾਲ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਆਪਣਾ ਭਰੋਸਾ ਜਤਾਉਂਦੇ ਹਨ।

ਸੁਪਰੀਮ ਕੋਰਟ ਨੇ 11 ਅਗਸਤ ਨੂੰ ਆਪਣੇ ਆਦੇਸ਼ਾਂ ਵਿੱਚ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਬੁਆਨਾ ਲਾਖੂ ਦੇ ਮੋਹਿਤ ਕੁਮਾਰ ਨੂੰ ਕਰੀਬ ਪੌਣੇ ਤਿੰਨ ਸਾਲ ਦੀ ਕਾਨੂੰਨ ਲੜਾਈ ਤੋਂ ਬਾਅਦ 51 ਵੋਟਾਂ ਨਾਲ ਪਿੰਡ ਦੇ ਸਰਪੰਚੀ ਦੀਆਂ ਚੋਣਾਂ ਵਿੱਚ ਜੇਤੂ ਕਰਾਰ ਦਿੱਤਾ ਗਿਆ ਹੈ।

ਦਰਅਸਲ, 2 ਨਵੰਬਰ, 2022 ਨੂੰ ਗ੍ਰਾਮ ਪੰਚਾਇਤ ਦੀ ਚੋਣ ਵਿੱਚ ਇੱਕ ਉਮੀਦਵਾਰ ਕੁਲਦੀਪ ਸਿੰਘ ਨੂੰ 7 ਉਮੀਦਵਾਰਾਂ ਵਿੱਚੋਂ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਮੋਹਿਤ ਕੁਮਾਰ ਨੇ ਇਸ ਨਤੀਜੇ ਨੂੰ ਅਦਲਾਤ ਵਿੱਚ ਚੁਣੌਤੀ ਦਿੱਤੀ ਸੀ।

ਸੁਪਰੀਮ ਕੋਰਟ ਨੇ ਆਪਣੇ ਹੁਕਮਾਂ 'ਚ ਕੀ ਕਿਹਾ?

ਮੋਹਿਤ ਕੁਮਾਰ

ਤਸਵੀਰ ਸਰੋਤ, Mohit Kumar

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੋਹਿਤ ਕੁਮਾਰ ਨੇ ਸਰਪੰਚ ਵੱਜੋਂ ਸਹੁੰ ਚੁੱਕੀ

ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਹੋਈ ਦੁਬਾਰਾ ਗਿਣਤੀ ਮੁਤਾਬਕ ਹਰਿਆਣਾ ਦੇ ਪਿੰਡ ਬੁਆਨਾ ਲਾਖੂ ਵਿੱਚ ਕੁੱਲ 3767 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ 1051 ਵੋਟਾਂ ਮੋਹਿਤ ਕੁਮਾਰ ਨੂੰ ਅਤੇ 1000 ਵੋਟਾਂ ਕੁਲਦੀਪ ਸਿੰਘ ਨੂੰ ਮਿਲੀਆਂ ਸਨ।

ਦੁਬਾਰਾ ਹੋਈ ਇਹ ਗਿਣਤੀ ਸੁਪਰੀਮ ਕੋਰਟ ਦੇ ਓਐੱਸਡੀ (ਰਜਿਸਟਰਾਰ) ਕਾਵੇਰੀ ਵੱਲੋਂ ਦੋਵਾਂ ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਸੀ।

ਜਸਟਿਸ ਸੂਰਿਆ ਕਾਂਤ, ਦੀਪਾਂਕਰ ਦੱਤਾ ਅਤੇ ਐੱਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ, ''ਅਦਾਲਤ ਵਿੱਚ ਓਐੱਸਡੀ (ਰਜਿਸਟਰਾਰ) ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਪਹਿਲੀ ਨਜ਼ਰੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਖ਼ਾਸ ਕਰਕੇ ਸਾਰੀ ਰੀਕਾਉਂਟਿੰਗ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਨਤੀਜੇ ਉਪਰ ਪਾਰਟੀਆਂ ਦੇ ਪ੍ਰਤੀਨਿਧੀਆਂ ਵੱਲੋਂ ਦਸਤਖ਼ਤ ਕੀਤੇ ਗਏ ਹਨ, ਤਾਂ ਅਸੀਂ ਸੰਤੁਸ਼ਟ ਹਾਂ ਕਿ ਅਪੀਲਕਰਤਾ ਨੂੰ ਗ੍ਰਾਮ ਪੰਚਾਇਤ, ਬੁਆਨਾ ਲਾਖੂ, ਜ਼ਿਲ੍ਹਾ ਪਾਣੀਪਤ ਦਾ ਸਰਪੰਚ ਐਲਾਨਿਆ ਜਾਣਾ ਚਾਹੀਦਾ ਹੈ।"

ਸੁਪਰੀਮ ਕੋਰਟ ਦੇ ਆਦੇਸ਼ ਵਿੱਚ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ, ਪਾਣੀਪਤ ਨੂੰ ਇਸ ਸਬੰਧ ਵਿੱਚ ਦੋ ਦਿਨਾਂ ਦੇ ਅੰਦਰ-ਅੰਦਰ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਸੀ।

ਕੀ ਹੈ ਪੂਰਾ ਮਾਮਲਾ?

ਮੋਹਿਤ ਕੁਮਾਰ

ਤਸਵੀਰ ਸਰੋਤ, Mohit Kumar

ਤਸਵੀਰ ਕੈਪਸ਼ਨ, ਮੋਹਿਤ ਕੁਮਾਰ ਅਤੇ ਉਨ੍ਹਾਂ ਦੇ ਸਾਥੀ

ਦਰਅਸਲ, 2022 ਵਿੱਚ ਸ਼ੁਰੂਆਤੀ ਨਤੀਜਿਆਂ ਦੌਰਾਨ 313 ਵੋਟਾਂ ਨਾਲ ਕੁਲਦੀਪ ਸਿੰਘ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਸਰਟੀਫ਼ਿਕੇਟ ਵੀ ਜਾਰੀ ਕਰ ਦਿੱਤਾ ਗਿਆ।

ਮੋਹਿਤ ਦੱਸਦੇ ਹਨ, ''ਸਾਡੇ ਕੋਲ ਸ਼ਾਮ ਨੂੰ ਦੁਬਾਰਾ ਕੀਤੀ ਗਈ ਗਿਣਤੀ ਦੀ ਵੀਡੀਓ ਸੀ, ਅਸੀਂ ਇਕੱਠੇ ਹੋ ਕੇ ਪਾਣੀਪਤ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਮਿਲੇ।"

"ਦੂਜੇ ਪਾਸੇ ਕੁਲਦੀਪ ਸਿੰਘ ਨੂੰ ਸਰਟੀਫ਼ਿਕੇਟ ਦਿੱਤਾ ਜਾ ਚੁੱਕਾ ਸੀ ਅਤੇ ਇਸੇ ਦਲੀਲ ਨੂੰ ਲੈ ਕੇ ਕੁਲਦੀਪ ਸਿੰਘ ਹਾਈ ਕੋਰਟ ਗਿਆ ਕਿ ਜਦੋਂ ਇਕ ਵਾਰ ਸਰਟੀਫ਼ਿਕੇਟ ਜਾਰੀ ਹੋ ਗਿਆ ਹੈ ਤਾਂ ਉਹੀ ਜੇਤੂ ਮੰਨਿਆ ਜਾਵੇਗਾ।''

2 ਨਵੰਬਰ, 2022 ਨੂੰ ਪਿੰਡ ਬੁਆਨਾ ਲਾਖੂ ਵਿੱਚ ਗ੍ਰਾਮ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਅਧਿਕਾਰੀਆਂ ਵੱਲੋਂ ਕੁਲਦੀਪ ਸਿੰਘ ਨੂੰ ਜੇਤੂ ਐਲਾਨ ਦਿੱਤਾ ਗਿਆ ਜਿਸ ਦੇ ਵਿਰੋਧ ਵਿੱਚ ਅਪੀਲਕਰਤਾ ਮੋਹਿਤ ਕੁਮਾਰ ਨੇ ਚੋਣ ਪਟੀਸ਼ਨ ਦਰਜ ਕੀਤੀ।

ਕੇਸ ਦੇ ਰਿਕਾਰਡ ਮੁਤਾਬਕ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਚੋਣ ਟ੍ਰਿਬਿਊਨਲ, ਪਾਨੀਪਤ ਨੇ 22 ਅਪ੍ਰੈਲ 2025 ਨੂੰ ਬੂਥ ਨੰਬਰ 69 ਦੀਆਂ ਵੋਟਾਂ ਦੀ ਮੁੜ ਗਿਣਤੀ ਕਰਵਾਉਣ ਦੇ ਆਦੇਸ਼ ਦਿੱਤੇ।

ਇਸ ਵਿੱਚ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ 7 ਮਈ 2025 ਤੱਕ ਬੂਥ ਨੰਬਰ 69 'ਤੇ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਪਰ ਇਹਨਾਂ ਆਦੇਸ਼ਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਜੁਲਾਈ 2025 ਨੂੰ ਰੱਦ ਕਰ ਦਿੱਤਾ ਸੀ।

ਮੋਹਿਤ ਕੁਮਾਰ
ਇਹ ਵੀ ਪੜ੍ਹੋ-

ਮੋਹਿਤ ਕੁਮਾਰ ਕਹਿੰਦੇ ਹਨ, ''ਸਾਰਾ ਰੌਲਾ ਬੂਥ ਨੂੰ 69 ਦਾ ਹੀ ਸੀ। ਮੇਰੀਆਂ ਵੋਟਾਂ ਦੂਸਰੇ ਉਮੀਦਵਾਰ ਦੇ ਸਾਹਮਣੇ ਰੱਖ ਦਿੱਤੀਆਂ ਗਈਆਂ ਸਨ। ਉਹਨਾਂ ਨੇ ਤਰਤੀਬ ਬਦਲ ਦਿੱਤੀ ਸੀ। ਮੈਂ ਪੰਜਵੇਂ ਨੰਬਰ 'ਤੇ ਸੀ ਅਤੇ ਮੇਰੀਆਂ ਵੋਟਾਂ 254 ਸਨ ਪਰ ਕੁਲਦੀਪ ਸਿੰਘ ਨੂੰ ਪੰਜਵੇਂ ਨੰਬਰ 'ਤੇ ਕੱਢਿਆ ਗਿਆ ਅਤੇ ਮੈਨੂੰ ਛੇਵੇਂ ਨੰਬਰ 'ਤੇ ਐਲਾਨਿਆ ਗਿਆ।"

"ਮੇਰੀਆਂ ਸਿਰਫ਼ 7 ਵੋਟਾਂ ਦਿਖਾਈਆਂ ਗਈਆਂ। ਇਹ ਸਭ ਕਾਗਜੀ ਕਾਰਵਾਈ ਦੌਰਾਨ ਗਿਣਤੀ ਸਮੇਂ ਹੋਇਆ। ਪਤਾ ਨਹੀਂ ਇਹ ਉਹਨਾਂ ਦੀ ਮਿਲੀਭੁਗਤ ਸੀ ਜਾਂ ਗ਼ਲਤੀ ਹੈ। ਇਹ ਜਾਂਚ ਦਾ ਵਿਸ਼ਾ ਹੈ।''

ਸੁਪਰੀਮ ਕੋਰਟ ਦੀ ਜੱਜਮੈਂਟ ਮੁਤਾਬਕ ਜਦੋਂ ਮਾਮਲਾ 31 ਜੁਲਾਈ, 2025 ਨੂੰ ਸੁਣਵਾਈ ਲਈ ਆਇਆ ਤਾਂ ਅਦਾਲਤ ਨੇ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ ਸਾਰੀਆਂ ਈਵੀਐੱਮ ਮਸ਼ੀਨਾਂ ਅਤੇ ਹੋਰ ਰਿਕਾਰਡ ਅਦਾਲਤ ਦੇ ਰਜਿਸਟਰਾਰ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ।

ਇਸ ਦੇ ਨਾਲ ਹੀ ਰਜਿਸਟਰਾਰ ਨੂੰ ਇੱਕ ਨਹੀਂ ਸਗੋਂ ਸਾਰੇ (ਪੰਜ) ਬੂਥਾਂ ਦੀ ਗਿਣਤੀ ਦੁਬਾਰਾ ਕਰਨ ਲਈ ਕਿਹਾ ਗਿਆ।

ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ, ''ਕਿਉਂਕਿ, ਵੋਟਾਂ ਦੀ ਮੁੜ ਗਿਣਤੀ ਹੁਣ ਸਾਡੇ 31 ਜੁਲਾਈ, 2025 ਦੇ ਹੁਕਮ ਦੇ ਅਨੁਸਾਰ ਪੂਰੀ ਹੋ ਗਈ ਹੈ, ਇਸ ਲਈ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਅਤੇ ਇਸਨੂੰ ਰੱਦ ਕਰ ਦਿੱਤਾ ਜਾਂਦਾ ਹੈ।''

'ਕੋਈ ਪਾਰਟੀਬਾਜ਼ੀ ਨਹੀਂ'

ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਹਿਤ ਕੁਮਾਰ ਦਾ ਕਹਿਣਾ ਹੈ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਉਨ੍ਹਾਂ ਦਾ ਕਨੂੰਨ ਵਿੱਚ ਵਿਸ਼ਵਾਸ ਵਧਾ ਦਿੱਤਾ ਹੈ

ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਸਰਪੰਚ ਬਣੇ ਮੋਹਿਤ ਕੁਮਾਰ ਮੁਤਾਬਕ ਇਸ ਚੋਣ ਵਿੱਚ ਕੋਈ ਵੀ ਪਾਰਟੀਬਾਜ਼ੀ ਦਾ ਮਸਲਾ ਨਹੀਂ ਸੀ ਪਰ ਉਹ 'ਸਿਰਫ਼ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਸਨ'।

ਲੰਬੀ ਕਾਨੂੰਨੀ ਲੜਾਈ ਲੜਨ ਦੀ ਪ੍ਰੇਰਨਾ ਬਾਰੇ ਮੋਹਿਤ ਨੇ ਕਿਹਾ, ''ਲੋਕਾਂ ਦਾ ਸਾਥ ਸੀ ਅਤੇ ਵਿਸ਼ਵਾਸ ਵੀ ਸੀ। ਮਨ ਵਿੱਚ ਇੱਕ ਗੱਲ ਸੀ ਕਿ ਸੱਚਾਈ ਨੂੰ ਸਾਹਮਣੇ ਲਿਆਉਣਾ ਹੈ। ਇਸ ਲਈ ਮੈਂ ਲੱਗਿਆ ਹੀ ਰਿਹਾ।''

ਉਹ ਕਹਿੰਦੇ ਹਨ, ''ਮੈਂ 14 ਅਗਸਤ ਨੂੰ ਸਹੁੰ ਚੁੱਕ ਲਈ ਸੀ। ਪਿੰਡ ਵਾਲੇ ਖੁਸ਼ ਹਨ। ਉਹਨਾਂ ਨੇ ਜੋ ਵਿਸ਼ਵਾਸ ਦਿਖਾਇਆ ਸੀ, ਅਸੀਂ ਉਸ ਨੂੰ ਬਣਾਈ ਰੱਖਿਆ। ਮੈਂ ਉਹਨਾਂ ਦੇ ਵਿਸ਼ਵਾਸ 'ਤੇ ਖਰਾ ਉਤਰਾਂਗਾ।''

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)