ਤੁਹਾਡੇ ਏਸੀ ਦਾ ਤਾਪਮਾਨ ਹੁਣ ਸਰਕਾਰ ਤੈਅ ਕਰੇਗੀ, ਦੇਸ਼ ਦੇ ਕਿਹੜੇ ਸੂਬੇ ਕਰਦੇ ਹਨ ਏਸੀ ਦਾ ਜ਼ਿਆਦਾ ਇਸਤੇਮਾਲ ਤੇ ਪੰਜਾਬ ਦਾ ਕੀ ਹੈ ਹਾਲ

ਏਅਰ ਕੰਡੀਸ਼ਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਏਸੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਨਿਯਮ ਤੈਅ ਹਨ
    • ਲੇਖਕ, ਚੰਦਨ ਕੁਮਾਰ ਜਜਵਾੜੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਏਅਰ ਕੰਡੀਸ਼ਨਰਾਂ (ਏਸੀ) ਦੀ ਵਰਤੋਂ ਸੰਬੰਧੀ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਏਸੀ ਦੇ ਤਾਪਮਾਨ ਲਈ ਇੱਕ ਮਿਆਰ ਤੈਅ ਕੀਤਾ ਜਾਵੇਗਾ।

ਇਸ ਦਾ ਮਤਲਬ ਇਹ ਹੈ ਕਿ ਜਿਸ ਏਸੀ ਰਾਹੀਂ ਘਰਾਂ, ਦਫਤਰਾਂ ਅਤੇ ਹੋਰ ਥਾਵਾਂ 'ਤੇ ਤਾਪਮਾਨ ਨੂੰ ਕੰਟਰੋਲ ਕੀਤਾ ਜਾਂਦਾ ਹੈ, ਉਸ ਏਸੀ ਨੂੰ ਹੁਣ ਸਰਕਾਰੀ ਨਿਯਮਾਂ ਅਧੀਨ ਕੰਟਰੋਲ ਕੀਤਾ ਜਾਵੇਗਾ।

ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸਰਕਾਰ ਇੱਕ ਨਵੀਂ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ। ਜਿਸ ਦੇ ਤਹਿਤ ਦੇਸ਼ ਭਰ ਦੇ ਸਾਰੇ ਏਅਰ ਕੰਡੀਸ਼ਨਰਾਂ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਘੱਟ ਅਤੇ 28 ਡਿਗਰੀ ਸੈਲਸੀਅਸ ਤੋਂ ਉੱਪਰ ਨਹੀਂ ਰੱਖਿਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਇਹ ਵਿਵਸਥਾ ਬਹੁਤ ਜਲਦੀ ਲਾਗੂ ਕੀਤੀ ਜਾਵੇਗੀ।

ਇਸ ਰਿਪੋਰਟ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਸਰਕਾਰ ਦੇ ਇਸ ਨਵੇਂ ਨਿਯਮ ਦਾ ਕੀ ਪ੍ਰਭਾਵ ਪਵੇਗਾ ਅਤੇ ਇਸਨੂੰ ਲਾਗੂ ਕਰਨ ਵਿੱਚ ਕਿਹੜੀਆਂ ਚੁਣੌਤੀਆਂ ਪੇਸ਼ ਆ ਸਕਦੀਆਂ ਹਨ।

ਨਵੇਂ ਨਿਯਮਾਂ ਨੂੰ ਲਾਗੂ ਕਰਨਾ ਕਿੰਨਾ ਸੌਖਾ ਹੈ?

ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਏਸੀ ਦੇ ਤਾਪਮਾਨ ਲਈ ਇੱਕ ਮਿਆਰ ਤੈਅ ਕੀਤਾ ਜਾਵੇਗਾ

ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਏਸੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਨਿਯਮ ਤੈਅ ਹਨ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਫਿਲਹਾਲ ਏਸੀ ਦਾ ਤਾਪਮਾਨ 20 ਤੋਂ 28 ਡਿਗਰੀ ਦੇ ਵਿਚਕਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਜੇਕਰ ਜ਼ਿਆਦਾ ਬਦਲਾਅ ਕੀਤੇ ਜਾਂਦੇ ਹਨ, ਤਾਂ ਲੋਕ ਇਸ 'ਤੇ ਸਵਾਲ ਉਠਾ ਸਕਦੇ ਹਨ।

ਸਪਸ਼ਟ ਤੌਰ 'ਤੇ, ਸਰਕਾਰ ਇਸ ਨਿਯਮ ਵਿੱਚ ਕੁਝ ਹੋਰ ਬਦਲਾਅ ਕਰਨ 'ਤੇ ਵੀ ਨਜ਼ਰ ਰੱਖ ਰਹੀ ਹੈ, ਪਰ ਪਹਿਲਾਂ ਇਹ ਦੇਖਣਾ ਚਾਹੁੰਦੀ ਹੈ ਕਿ ਲੋਕ ਇਸਨੂੰ ਸਵੀਕਾਰ ਕਰਨ ਅਤੇ ਇਸਨੂੰ ਲਾਗੂ ਕੀਤਾ ਜਾ ਸਕੇ।

ਹਾਲਾਂਕਿ, ਭਾਰਤ ਵਿੱਚ ਏਸੀ ਨੂੰ ਕੰਟਰੋਲ ਕਰਨ ਲਈ ਕਿਹੜੇ ਤਰੀਕੇ ਅਪਣਾਏ ਜਾਣਗੇ, ਇਸ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਨਹੀਂ ਮਿਲ ਪਾਈ ਹੈ।

ਬਿਜਲੀ ਅਤੇ ਹੋਰ ਊਰਜਾ ਖੇਤਰਾਂ 'ਤੇ ਨਜ਼ਰ ਰੱਖਣ ਵਾਲੇ ਸੌਰਭ ਕੁਮਾਰ ਕਹਿੰਦੇ ਹਨ, "ਇਹ ਕੰਮ ਮੁਸ਼ਕਲ ਹੈ ਪਰ ਇਹ ਕੀਤਾ ਜਾ ਸਕਦਾ ਹੈ। ਇਸ ਚੀਜ਼ ਨੂੰ ਬਿਜਲੀ ਮੀਟਰ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਤੁਹਾਡੇ ਮੀਟਰ 'ਤੇ ਮਨਜ਼ੂਰ ਲੋਡ ਰਾਹੀਂ ਏਸੀ ਲਈ ਵਰਤੀ ਜਾਣ ਵਾਲੀ ਬਿਜਲੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।"

ਸੌਰਭ ਕੁਮਾਰ ਦੱਸਦੇ ਹਨ ਕਿ ਏਸੀ ਦਾ ਤਾਪਮਾਨ ਜਿੰਨਾ ਘੱਟ ਰੱਖਿਆ ਜਾਵੇਗਾ, ਬਿਜਲੀ ਦੀ ਖਪਤ ਓਨੀ ਹੀ ਜ਼ਿਆਦਾ ਹੋਵੇਗੀ ਅਤੇ ਇਸ ਤਰ੍ਹਾਂ ਨਾਲ ਨਵੇਂ ਨਿਯਮ ਲਾਗੂ ਹੋ ਸਕਦੇ ਹਨ।

ਹਾਲਾਂਕਿ, ਇਸ ਮਾਮਲੇ ਵਿੱਚ ਅਜਿਹਾ ਸਿਸਟਮ ਵੀ ਬਣਾਇਆ ਜਾ ਸਕਦਾ ਹੈ ਕਿ ਏਸੀ ਭਾਰਤੀ ਬਾਜ਼ਾਰ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਏ ਜਾਣ, ਯਾਨੀ ਕਿ ਇਸ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਪਹਿਲਾਂ ਹੀ ਨਿਸ਼ਚਿਤ ਹੋਵੇ।

ਸੌਰਭ ਕੁਮਾਰ ਕਹਿੰਦੇ ਹਨ, "ਅਜਿਹਾ ਕਰਨ ਵਿੱਚ ਸਮੱਸਿਆ ਇਹ ਹੈ ਕਿ ਆਪ੍ਰੇਸ਼ਨ ਥੀਏਟਰਾਂ, ਤਕਨੀਕੀ ਮਸ਼ੀਨਾਂ ਅਤੇ ਬਹੁਤ ਸਾਰੇ ਉਦਯੋਗਾਂ ਜਾਂ ਫੈਕਟਰੀਆਂ ਲਈ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਪਹਿਲਾਂ ਤੋਂ ਨਿਯੰਤਰਿਤ ਅਤੇ ਤਿਆਰ ਏਸੀ ਕਾਰਨ ਇਨ੍ਹਾਂ ਥਾਵਾਂ 'ਤੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।''

ਇਸ ਤੋਂ ਇਲਾਵਾ, ਅਜਿਹਾ ਕਰਨ ਨਾਲ ਪੁਰਾਣੇ ਏਸੀ 'ਤੇ ਨਵੇਂ ਨਿਯਮ ਲਾਗੂ ਕਰਨਾ ਸੰਭਵ ਨਹੀਂ ਹੋਵੇਗਾ ਅਤੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਵੀ, ਪੁਰਾਣੇ ਏਸੀ ਦੇ ਤਾਪਮਾਨ ਨੂੰ ਕੰਟਰੋਲ ਨਹੀਂ ਕੀਤਾ ਜਾ ਸਕੇਗਾ।

ਭਾਰਤ ਵਿੱਚ ਏਸੀ ਦੀ ਵਰਤੋਂ

ਭਾਰਤ ਵਿੱਚ ਏਸੀ ਦੀ ਵਰਤੋਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਏਸੀ ਨੂੰ ਕੰਟਰੋਲ ਕਰਨ ਲਈ ਕਿਹੜੇ ਤਰੀਕੇ ਅਪਣਾਏ ਜਾਣਗੇ, ਇਸ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਨਹੀਂ ਮਿਲ ਪਾਈ ਹੈ

ਇੱਕ ਪਾਸੇ ਭਾਰਤ ਵਿੱਚ ਆਬਾਦੀ ਵਧ ਰਹੀ ਹੈ ਤੇ ਦੂਜੇ ਪਾਸੇ ਇਸਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਦਬਾਅ ਵੀ ਵਧ ਰਿਹਾ ਹੈ।

ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ, ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਪੀਆਈਬੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ, ਭਾਰਤ ਵਿੱਚ ਵਿੱਤੀ ਸਾਲ 2024-25 ਵਿੱਚ 250 ਗੀਗਾਵਾਟ ਬਿਜਲੀ ਦੀ ਰਿਕਾਰਡ ਮੰਗ ਰਹੀ ਸੀ।

ਦੇਸ਼ ਵਿੱਚ ਪ੍ਰਤੀ ਵਿਅਕਤੀ ਬਿਜਲੀ ਦੀ ਖਪਤ 2013-14 ਦੇ ਮੁਕਾਬਲੇ 2023-24 ਦੌਰਾਨ ਲਗਭਗ 50 ਫੀਸਦੀ ਵਧੀ ਹੈ, ਭਾਵ ਦਸ ਸਾਲਾਂ ਵਿੱਚ ਇਸ ਮਾਮਲੇ ਵਿੱਚ 50 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਭਾਰਤ ਦੇ ਨੈਸ਼ਨਲ ਕਮਿਸ਼ਨ ਆਫ਼ ਪਾਪੁਲੇਸ਼ਨ ਦੇ ਅਨੁਸਾਰ, ਸਾਲ 2036 ਤੱਕ ਭਾਰਤ ਦੀ ਲਗਭਗ 38 ਫੀਸਦੀ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿਣਾ ਸ਼ੁਰੂ ਕਰ ਦੇਵੇਗੀ। ਇਸ ਕਾਰਨ ਵਧਦੇ ਸ਼ਹਿਰੀਕਰਨ ਦੇ ਨਾਲ ਬਿਜਲੀ ਦੀ ਮੰਗ ਵੀ ਵਧੇਗੀ।

ਭਾਰਤ ਵਿੱਚ ਏਸੀ ਦੀ ਵਰਤੋਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੇਸ਼ ਵਿੱਚ ਪ੍ਰਤੀ ਵਿਅਕਤੀ ਬਿਜਲੀ ਦੀ ਖਪਤ 2013-14 ਦੇ ਮੁਕਾਬਲੇ 2023-24 ਦੌਰਾਨ ਲਗਭਗ 50 ਫੀਸਦੀ ਵਧੀ ਹੈ, ਭਾਵ ਦਸ ਸਾਲਾਂ ਵਿੱਚ ਇਸ ਮਾਮਲੇ ਵਿੱਚ 50 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ

ਸੌਰਭ ਕੁਮਾਰ ਦੱਸਦੇ ਹਨ, "ਲੋਕ ਆਮ ਤੌਰ 'ਤੇ ਆਪਣੇ ਘਰਾਂ ਵਿੱਚ 24-25 ਡਿਗਰੀ ਸੈਲਸੀਅਸ 'ਤੇ ਏਸੀ ਚਲਾਉਂਦੇ ਹਨ। ਪਰ ਸ਼ਾਪਿੰਗ ਮਾਲਾਂ, ਵੱਡੀਆਂ ਦੁਕਾਨਾਂ ਅਤੇ ਸਿਨੇਮਾਘਰਾਂ ਜਾਂ ਦਫਤਰਾਂ ਵਿੱਚ, ਏਸੀ ਦਾ ਤਾਪਮਾਨ ਕਾਫ਼ੀ ਘੱਟ ਹੁਣ ਹੈ। ਇਸ ਤੋਂ ਇਲਾਵਾ, ਅੱਜਕੱਲ੍ਹ ਇਹ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਨੌਜਵਾਨ ਬਹੁਤ ਘੱਟ ਤਾਪਮਾਨ 'ਤੇ ਏਸੀ ਚਲਾਉਂਦੇ ਹਨ।"

"ਜੇਕਰ ਅਸੀਂ ਇਸਨੂੰ ਇਸ ਤਰ੍ਹਾਂ ਵੇਖੀਏ, ਤਾਂ ਬਹੁਤ ਸਾਰੀਆਂ ਥਾਵਾਂ 'ਤੇ ਏਸੀ ਦਾ ਤਾਪਮਾਨ ਬਹੁਤ ਘੱਟ ਰੱਖਿਆ ਜਾਂਦਾ ਹੈ ਅਤੇ ਇਸ ਲਈ ਸਰਕਾਰ ਦਾ ਨਵਾਂ ਪ੍ਰਬੰਧ ਬਹੁਤ ਮਹੱਤਵਪੂਰਨ ਹੈ, ਪਰ ਇਸਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਅਤੇ ਇਹ ਕਿੰਨਾ ਸਫਲ ਹੁੰਦਾ ਹੈ, ਇਹ ਦੇਖਣਾ ਬਾਕੀ ਹੈ।"

ਸੌਰਭ ਕੁਮਾਰ ਦਾ ਮੰਨਣਾ ਹੈ ਕਿ ਇਸ ਨਾਲ ਵਾਤਾਵਰਣ ਨੂੰ ਵੀ ਫਾਇਦਾ ਹੋਵੇਗਾ, ਬਿਜਲੀ ਵਿੱਚ ਬੱਚਤ ਹੋਵੇਗੀ ਅਤੇ ਲੋਕਾਂ ਨੂੰ ਇਸ ਗੱਲ ਦਾ ਫਾਇਦਾ ਹੋਵੇਗਾ ਕਿ ਬਿਜਲੀ ਦੇ ਬਿੱਲ ਵਿੱਚ ਕੁਝ ਬੱਚਤ ਹੋਵੇਗੀ, ਪਰ ਇਸਨੂੰ ਲਾਗੂ ਕਰਨਾ ਆਸਾਨ ਨਹੀਂ ਹੋਵੇਗਾ।

ਏਸੀ ਦੀ ਵਰਤੋਂ ਵਿੱਚ ਵਾਧਾ

ਏਸੀ ਦੀ ਵਰਤੋਂ ਵਿੱਚ ਵਾਧਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਅਰ ਕੰਡੀਸ਼ਨਰ ਖਰੀਦਣ ਦੇ ਮਾਮਲੇ ਵਿੱਚ, ਸ਼ਹਿਰੀ ਖੇਤਰ ਦੇਸ਼ ਦੇ ਪੇਂਡੂ ਖੇਤਰਾਂ ਨਾਲੋਂ ਬਹੁਤ ਅੱਗੇ ਹਨ

ਅੰਗਰੇਜ਼ੀ ਅਖਬਾਰ ਇਕਨਾਮਿਕ ਟਾਈਮਜ਼ ਦੀ ਇੱਕ ਖ਼ਬਰ ਦੇ ਅਨੁਸਾਰ, ਪਿਛਲੇ ਸਾਲ ਭਾਰਤ ਵਿੱਚ ਰਿਕਾਰਡ 1 ਕਰੋੜ 40 ਲੱਖ ਏਸੀ ਵੇਚੇ ਗਏ ਹਨ।

ਮਿਨਿਸਟ੍ਰੀ ਆਫ਼ ਸਟੈਟਿਸਟਿਕਸ ਐਂਡ ਪ੍ਰੋਗਰਾਮ ਇਮਪਲੀਮੈਂਟੇਸ਼ਨ ਦੇ ਅਨੁਸਾਰ, ਭਾਰਤ ਵਿੱਚ ਏਸੀ ਦੀ ਵਰਤੋਂ ਅਤੇ ਇਸਨੂੰ ਖਰੀਦਣ 'ਚ ਲੋਕ ਜੋ ਪੈਸੇ ਲਗਾ ਰਹੇ ਹਨ, ਉਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਏਅਰ ਕੰਡੀਸ਼ਨਰ ਖਰੀਦਣ ਦੇ ਮਾਮਲੇ ਵਿੱਚ, ਸ਼ਹਿਰੀ ਖੇਤਰ ਦੇਸ਼ ਦੇ ਪੇਂਡੂ ਖੇਤਰਾਂ ਨਾਲੋਂ ਬਹੁਤ ਅੱਗੇ ਹਨ। ਸਪਸ਼ਟ ਤੌਰ 'ਤੇ ਸ਼ਹਿਰਾਂ ਦੀ ਆਰਥਿਕ ਸਥਿਤੀ ਬਿਹਤਰ ਹੋਣ ਕਾਰਨ ਅਜਿਹਾ ਕਾਰਨ ਦੇਖਿਆ ਗਿਆ ਹੈ।

ਇਸਦਾ ਮਤਲਬ ਹੈ ਕਿ ਏਸੀ ਖਰੀਦਣ ਲਈ ਪੈਸਾ ਖਰਚ ਕਰਨਾ ਨਾ ਸਿਰਫ ਗਰਮੀ 'ਤੇ ਨਿਰਭਰ ਕਰਦਾ ਹੈ, ਬਲਕਿ ਇਹ ਰਾਜ ਜਾਂ ਖੇਤਰ ਦੀ ਆਰਥਿਕ ਸਥਿਤੀ 'ਤੇ ਵੀ ਨਿਰਭਰ ਕਰਦਾ ਹੈ।

ਮਿਨਿਸਟ੍ਰੀ ਆਫ਼ ਸਟੈਟਿਸਟਿਕਸ ਐਂਡ ਪ੍ਰੋਗਰਾਮ ਇਮਪਲੀਮੈਂਟੇਸ਼ਨ ਦੇ ਅੰਕੜਿਆਂ ਅਨੁਸਾਰ - ਚੰਡੀਗੜ੍ਹ, ਦਿੱਲੀ, ਪੁੱਦੂਚੇਰੀ, ਗੋਆ, ਹਰਿਆਣਾ ਅਤੇ ਪੰਜਾਬ ਵਰਗੇ ਸੂਬੇ ਏਅਰ ਕੰਡੀਸ਼ਨਰ ਖਰੀਦਣ ਦੇ ਮਾਮਲੇ ਵਿੱਚ ਬਹੁਤ ਅੱਗੇ ਹਨ।

ਸੌਰਭ ਕੁਮਾਰ ਕਹਿੰਦੇ ਹਨ ਕਿ ਜੇਕਰ ਕਿਸੇ ਇਲਾਕੇ ਜਾਂ ਹਾਊਸਿੰਗ ਸੋਸਾਇਟੀ ਦੇ ਕੁਝ ਘਰਾਂ ਵਿੱਚ ਏਸੀ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਬਾਕੀ ਲੋਕਾਂ ਨੂੰ ਵੀ ਗਰਮੀ ਤੋਂ ਬਚਣ ਲਈ ਏਸੀ ਲਗਾਉਣਾ ਪੈਂਦਾ ਹੈ।

ਉਹ ਕਹਿੰਦੇ ਹਨ ਕਿ ਗ੍ਰੀਨਹਾਊਸ ਗੈਸ ਅਤੇ ਗਲੋਬਲ ਵਾਰਮਿੰਗ ਦਾ ਪ੍ਰਭਾਵ ਅਜਿਹਾ ਹੈ ਕਿ ਮਸੂਰੀ ਵਰਗੀ ਜਗ੍ਹਾ 'ਤੇ ਵੀ ਲੋਕਾਂ ਨੇ ਗਰਮੀ ਤੋਂ ਬਚਣ ਲਈ ਏਸੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)