ਵਿਨੇਸ਼ ਫੋਗਾਟ ਨੂੰ ਲੰਬੇ ਵਾਲਾਂ ਦਾ ਕਿੰਨਾ ਮੋਹ? ਪਿਤਾ ਦੀ ਮੌਤ, ਮਾਂ ਦੇ ਕੈਂਸਰ ਵਿਚਾਲੇ ਸੰਘਰਸ਼ ਅਤੇ ਬਿਨਾਂ ਮੈਡਲ 'ਜੇਤੂ' ਦੀ ਪੂਰੀ ਕਹਾਣੀ

ਤਸਵੀਰ ਸਰੋਤ, ANI
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਹਿਲਾ ਭਲਵਾਨ ਅਤੇ ਓਲੰਪੀਅਨ ਵਿਨੇਸ਼ ਫੋਗਾਟ ਨੇ ਜੁਲਾਨਾ ਸੀਟ ਤੋਂ ਜਿੱਤ ਦਰਜ ਕੀਤੀ ਹੈ।
ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੀ ਵਿਨੇਸ਼ ਫੋਗਾਟ ਨੇ ਭਾਜਪਾ ਦੇ ਯੋੇਗੇਸ਼ ਕੁਮਾਰ ਨੂੰ 6015 ਵੋਟਾਂ ਨਾਲ ਮਾਤ ਦਿੱਤੀ ਹੈ।
ਉਨ੍ਹਾਂ ਨੂੰ ਕੁੱਲ 65,080 ਵੋਟਾਂ ਮਿਲੀਆਂ।
ਵਿਨੇਸ਼ ਫੋਗਾਟ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕਾਂਗਰਸ 'ਚ ਸ਼ਾਮਲ ਹੋਏ ਸੀ। ਉਨ੍ਹਾਂ ਦੇ ਨਾਲ ਬਜਰੰਗ ਪੂਨੀਆ ਵੀ ਕਾਂਗਰਸ 'ਚ ਸ਼ਾਮਲ ਹੋਏ ਸਨ।
ਵਿਨੇਸ਼ ਫੋਟਾਗ ਦਾ ਜੁਲਾਨਾ ਨਾਲ ਸਬੰਧ ਆਪਣੇ ਸਹੁਰੇ ਪਰਿਵਾਰ ਕਰਕੇ ਹੈ। ਵਿਨੇਸ਼ ਦੇ ਸਹੁਰਿਆਂ ਦਾ ਪਿੰਡ ਬਖਤਾ ਖੇੜਾ ਜੁਲਾਨਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ।

ਤਸਵੀਰ ਸਰੋਤ, Getty Images
ਭਲਵਾਨੀ ਦਾ ਸਫ਼ਰ
ਮਈ 2003 ਵਿੱਚ ਸਭ ਤੋਂ ਵੱਡੀ ਫੋਗਾਟ ਭੈਣ ਗੀਤਾ ਨੇ ਕੈਡੇਟ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ, ਜੋ ਮਹਾਂਵੀਰ ਫੋਗਾਟ ਦੀ ਸਿਖਲਾਈ ਨਾਲ ਮਿਲੀ ਪਹਿਲੀ ਕੌਮਾਂਤਰੀ ਸਫਲਤਾ ਸੀ।
ਪੂਰੇ ਬਲਾਲੀ ਪਿੰਡ ਨੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ। ਉਸ ਸਮੇਂ ਮਹਾਵੀਰ ਦੇ ਛੋਟੇ ਭਰਾ ਰਾਜਪਾਲ ਨੇ ਆਪਣੀ 8 ਸਾਲ ਦੀ ਧੀ ਵਿਨੇਸ਼ ਲਈ ਵੀ ਅਜਿਹਾ ਹੀ ਸੁਪਨਾ ਦੇਖਿਆ।
21 ਸਾਲ ਬਾਅਦ ਹੁਣ ਜਦੋਂ ਵਿਨੇਸ਼ ਭਾਰਤੀ ਨਾਰੀ ਸ਼ਕਤੀ ਦਾ ਪ੍ਰਤੀਕ ਹਨ ਤਾਂ ਉਨ੍ਹਾਂ ਦਾ ਸ਼ਨਿੱਚਰਵਾਰ ਨੂੰ ਪੈਰਿਸ ਤੋਂ ਪਰਤਣ 'ਤੇ ਹੀਰੋ ਵਾਂਗ ਸਵਾਗਤ ਕੀਤਾ ਗਿਆ ।
ਹਜ਼ਾਰਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਦੇ ਪਿੰਡ ਬਲਾਲੀ ਤੱਕ 120 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
ਹਰਿਆਣਾ ਦੇ ਕਿਸੇ ਵੀ ਖਿਡਾਰੀ, ਇੱਥੋਂ ਤੱਕ ਕਿ ਓਲੰਪਿਕ ਜੇਤੂਆਂ ਦਾ ਵੀ ਇੰਨੇ ਸ਼ਾਨਦਾਰ ਤਰੀਕੇ ਨਾਲ ਸਵਾਗਤ ਨਹੀਂ ਹੋਇਆ। ਆਪਣੀ ਧੀ ਲਈ ਇਹੋ ਜਿਹੇ ਸਵਾਗਤ ਦਾ ਸੁਪਨਾ ਹੀ ਰਾਜਪਾਲ ਨੇ ਦੇਖਿਆ ਹੋਵੇਗਾ ।

ਜਦੋਂ ਵੀ ਵਿਨੇਸ਼ ਨੇ ਭਾਰਤ ਦਾ ਮਾਣ ਵਧਾਇਆ ਹੈ,ਉਦੋਂ-ਉਦੋਂ ਇਸ ਦਾ ਸਿਹਰਾ ਉਨ੍ਹਾਂ ਦੇ ਪਿਤਾ, ਮਾਂ ਪ੍ਰੇਮ ਲਤਾ ਅਤੇ ਤਾਏ ਤੋਂ ਕੋਚ ਬਣੇ ਮਹਾਵੀਰ ਨੂੰ ਜਾਂਦਾ, ਜਿਨ੍ਹਾਂ ਨੇ ਉਨ੍ਹਾਂ ਲਈ ਇੱਕ ਵੱਖਰੀ ਜ਼ਿੰਦਗੀ ਦੀ ਕਲਪਨਾ ਕੀਤੀ ।
ਪਰਿਵਾਰ ਦੇ ਦਬਾਅ ਅਤੇ ਬਿਮਾਰੀ ਦੇ ਬਾਵਜੂਦ ਸੁਪਨੇ ਨੂੰ ਜਿਉਂਦਾ ਰੱਖਿਆ । ਅਜਿਹੇ ਚੈਂਪੀਅਨ ਦਾ ਪਾਲਣ ਪੋਸ਼ਣ ਕੀਤਾ, ਜੋ ਹਰ ਮੋੜ ਉੱਤੇ ਆਉਣ ਵਾਲੀ ਮੁਸ਼ਕਲ ਨਾਲ ਟੱਕਰਾ ਲੈਣ ਦੀ ਹਿੰਮਤ ਰੱਖਦੇ ।
25 ਅਕਤੂਬਰ 2003 ਦੀ ਰਾਤ ਨੂੰ ਰਾਜਪਾਲ ਦੀ ਮੌਤ ਹੋ ਗਈ ਸੀ । ਉਦੋਂ ਤੋਂ ਬਲਾਲੀ ਪਿੰਡ ਨੇ ਵਿਨੇਸ਼ ਸਮੇਤ ਫੋਗਾਟ ਭੈਣਾਂ ਦੀ ਹਰ ਜਿੱਤ ਦਾ ਸਾਂਝਾ ਜਸ਼ਨ ਮਨਾਇਆ ਪਰ ਇਸ ਵਾਰ ਪੂਰੇ ਮੁਲਕ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ।
ਪੈਰਿਸ ਓਲੰਪਿਕ ਵਿੱਚ 50 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਈਨਲ ਤੱਕ ਪਹੁੰਚਾਉਣ ਵਾਲੇ ਤਿੰਨੇ ਮੁਕਾਬਲੇ ਜਿੱਤਣ ਦੇ ਬਾਵਜੂਦ, ਵਿਨੇਸ਼ ਨੂੰ ਫਾਈਨਲ ਤੋਂ ਪਹਿਲਾਂ ਵਜ਼ਨ ਤੋਲਣ ਵੇਲੇ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।
2012 ਦੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਨੇ ਕਿਹਾ, “ਵਿਨੇਸ਼ ਸਿਰਫ਼ ਬਲਾਲੀ ਦੀ ਧੀ ਨਹੀਂ ਹੈ, ਸਗੋਂ ਪੂਰੇ ਦੇਸ਼ ਦੀ ਧੀ ਹੈ।
ਗੀਤ ਫੋਗਾਟ ਦੀ ਜਿੱਤ ਦਾ ਜਸ਼ਨ ਦੇਖ ਵਿਨੇਸ਼ ਦੇ ਪਿਤਾ ਨੇ ਦੇਖਿਆ ਸੁਪਨਾ

ਤਸਵੀਰ ਸਰੋਤ, Pic by Samuel/Akhada
ਮਹਾਵੀਰ ਫੋਗਾਟ ਉੱਤੇ ਲਿਖੀ ਕਿਤਾਬ ਅਖਾੜਾ ਲਈ ਸਾਡੇ ਨਾਲ ਕੀਤੀ ਇੱਕ ਇੰਟਰਵਿਊ ਵਿੱਚ ਵਿਨੇਸ਼ ਫੋਗਾਟ ਨੇ ਕਿਹਾ,“ਮੈਂ ਪਹਿਲੀ ਜਮਾਤ ਵਿੱਚ ਸੀ ਜਦੋਂ ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ”।
“ਉਹ ਹਮੇਸ਼ਾ ਚਾਹੁੰਦਾ ਸੀ ਕਿ ਮੈਂ ਚੈਂਪੀਅਨ ਪਹਿਲਵਾਨ ਬਣਾਂ। ਜਦੋਂ ਗੀਤਾ ਨੇ ਏਸ਼ੀਅਨ ਕੈਡੇਟ ਦਾ ਖ਼ਿਤਾਬ ਜਿੱਤਿਆ ਅਤੇ ਪਿੰਡ ਵਿੱਚ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਤਾਂ ਮੇਰੇ ਪਿਤਾ ਨੇ ਕਿਹਾ ਕਿ ਉਹ ਮੇਰੇ ਲਈ ਵੀ ਇਹੀ ਚਾਹੁੰਦੇ ਹਨ।”
“ਜਦੋਂ ਮੈਂ, ਪ੍ਰਿਅੰਕਾ ਅਤੇ ਰਿਤੂ ਦੇ ਨਾਲ, 2009 ਏਸ਼ੀਅਨ ਕੈਡੇਟ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ, ਤਾਂ ਸਾਡੇ ਪਿੰਡ ਵਿੱਚ ਸਾਡਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਸਮੇਂ ਮੈਨੂੰ ਆਪਣੇ ਪਿਤਾ ਦੀ ਇੱਛਾ ਚੇਤੇ ਆਈ।
“ਉਹ ਜਿੱਥੇ ਵੀ ਹਨ, ਹਮੇਸ਼ਾ ਮੈਨੂੰ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਮੈਂ ਆਪਣੀ ਹਰ ਜਿੱਤ ਦੇ ਨਾਲ ਉਨ੍ਹਾਂ ਦੀ ਇੱਛਾ ਨੂੰ ਯਾਦ ਕਰਦੀ ਹਾਂ
ਮਰਦ ਪ੍ਰਧਾਨ ਕਹੀ ਜਾਣ ਵਾਲੀ ਖੇਡ ਕੁਸ਼ਤੀ ਵਿੱਚ ਅਕਤੂਬਰ 2000 ਵਿੱਚ ਆਪਣੇ ਪਰਿਵਾਰ ਦੀਆਂ ਧੀਆਂ ਨੂੰ ਲਿਆ ਕੇ ਓਲੰਪਿਕ ਵਿੱਚ ਜਾਣ ਵਾਲੀਆਂ ਮਹਿਲਾ ਪਹਿਲਵਾਨ ਤਿਆਰ ਕਰਨ ਵਾਲੇ ਮਹਾਵੀਰ ਕਹਿੰਦੇ ਹਨ,“ਪੈਰਿਸ ਓਲੰਪਿਕ ਵਿੱਚ ਵਿਨੇਸ਼ ਦਾ ਪ੍ਰਦਰਸ਼ਨ ਸ਼ਲਾਘਾਯੋਗ ਸੀ”।
“ਇਹ ਮਾੜੀ ਕਿਸਮਤ ਸੀ ਕਿ ਉਹ ਫਾਈਨਲ ਵਿੱਚ ਮੁਕਾਬਲਾ ਨਹੀਂ ਕਰ ਸਕੀ,ਪਰ ਮੇਰੇ ਲਈ, ਉਹ ਹਮੇਸ਼ਾ ਇੱਕ ਚੈਂਪੀਅਨ ਰਹੇਗੀ।”
ਮਹਾਵੀਰ ਵਾਂਗ, ਰਾਜਪਾਲ ਵੀ ਜਦੋਂ ਆਪਣੀਆਂ ਧੀਆਂ ਦੀ ਗੱਲ ਕਰਦੇ ਸਨ ਤਾਂ ਉਨ੍ਹਾਂ ਦੀ ਸੋਚ ਵੀ ਅਗਾਂਹਵਧੂ ਸੀ। ਉਨ੍ਹਾਂ ਨੇ ਕਦੇ ਵੀ ਆਪਣੇ ਪੁੱਤਰ ਅਤੇ ਧੀਆਂ ਨਾਲ ਵੱਖਰਾ ਸਲੂਕ ਨਹੀਂ ਕੀਤਾ।
ਵਿਨੇਸ਼ ਕਹਿੰਦੇ ਹਨ, “ਜਦੋਂ ਸਾਡੀ ਮਾਂ ਸਾਨੂੰ ਘਰ ਦੇ ਕੰਮ ਕਰਨ ਲਈ ਕਹਿੰਦੀ ਸੀ ਤਾਂ ਉਹ ਸਾਡੇ ਭਰਾ ਹਰਵਿੰਦਰ ਨੂੰ ਝਿੜਕਦੇ ਸਨ”।
“ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਸੀਂ ਪੂਰੀ ਤਰ੍ਹਾਂ ਕੁਸ਼ਤੀ 'ਤੇ ਧਿਆਨ ਕੇਂਦਰਿਤ ਕਰਨਾ ਹੈ, ਬਿਨਾਂ ਕਿਸੇ ਰੁਕਾਵਟ ਦੇ। ਜੇਕਰ ਸਾਡੀ ਮਾਂ ਨੂੰ ਮਦਦ ਦੀ ਲੋੜ ਹੁੰਦੀ, ਤਾਂ ਉਨ੍ਹਾਂ ਨੂੰ ਹਰਵਿੰਦਰ ਨੂੰ ਕਹਿਣਾ ਪੈਂਦਾ, ਨਾ ਕਿ ਸਾਨੂੰ”।
ਵਿਨੇਸ਼ ਚੇਤੇ ਕਰਦੇ ਹਨ, “ਸਕੂਲ ਦੇ ਦੌਰਾਨ ਮੈਂ ਅਕਸਰ ਕੁੜੀਆਂ ਅਤੇ ਇੱਥੋਂ ਤੱਕ ਕਿ ਮੁੰਡਿਆਂ ਨਾਲ ਵੀ ਲੜਦੀ ਸੀ। ਸਾਡੀ ਦਾਦੀ ਨੇ ਸਾਨੂੰ ਲੜ੍ਹਾਈ ਸ਼ੁਰੂ ਨਾ ਕਰਨ ਦੀ ਸਲਾਹ ਦਿੱਤੀ ਸੀ,ਪਰ ਜੇ ਕੋਈ ਸਾਡੇ ਨਾਲ ਧੱਕੇਸ਼ਾਹੀ ਕਰਦਾ ਹੈ, ਤਾਂ ਸਾਨੂੰ ਉਨ੍ਹਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ”।
“ਭਾਵੇਂ ਮੁੰਡਾ ਹੋਵੇ ਜਾਂ ਕੁੜੀ,ਮੈਂ ਕਦੇ ਵੀ ਕਿਸੇ ਨੂੰ ਮੇਰੇ ਨਾਲ ਧੱਕੇਸ਼ਾਹੀ ਨਹੀਂ ਕਰਨ ਦਿੰਦੀ,ਅਕਸਰ ਲੜ੍ਹਾਈ-ਝਗੜੇ ਹੋ ਜਾਦੇਂ ਹਨ। ਮੇਰੇ ਪਿਤਾ ਜੀ ਨੂੰ ਮਾਣ ਸੀ ਕਿ ਉਨ੍ਹਾਂ ਦੀਆਂ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ”।
“ ਉਨ੍ਹਾਂ ਦੀ ਮੌਤ ਤੋਂ ਬਾਅਦ ਤਾਇਆ ਨੇ ਸਾਨੂੰ ਉਸੇ ਤਰ੍ਹਾਂ ਪਾਲਿਆ। ਉਨ੍ਹਾਂ ਨੇ ਕਦੇ ਵੀ ਸਾਨੂੰ ਆਪਣੇ ਪਿਤਾ ਦੀ ਗੈਰਹਾਜ਼ਰੀ ਦਾ ਅਹਿਸਾਸ ਨਹੀਂ ਕਰਵਾਇਆ”।
ਪਿਤਾ ਦੀ ਮੌਤ ਤੋਂ ਬਾਅਦ ਵਿਨੇਸ਼ ਨੇ ਕਿਵੇਂ ਜਿਉਂਦਾ ਰੱਖਿਆ ਉਨ੍ਹਾਂ ਦਾ ਸੁਪਨਾ

ਤਸਵੀਰ ਸਰੋਤ, Saurabh Duggal
25 ਅਕਤੂਬਰ 2003 ਨੂੰ ਵਿਨੇਸ਼ ਦੇ ਪਿਤਾ ਦੀ ਮੌਤ ਹੋਈ ਸੀ, ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਅਤੇ ਕਰਵਾ ਚੌਥ ਦੇ ਦਿਨ,ਉਹ ਤਿਓਹਾਰ ਜਦੋਂ ਭਾਰਤੀ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ।
ਉਸ ਵਿਨੇਸ਼ ਦੀ ਮਾਂ ਪ੍ਰੇਮ ਲਤਾ ਨੇ ਆਪਣੇ ਪਤੀ ਰਾਜਪਾਲ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ ਪਰ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਨ੍ਹਾਂ ਦੇ ਵਰਤ ਤੋੜਨ ਤੋਂ ਇੱਕ ਘੰਟਾ ਪਹਿਲਾਂ ਉਨ੍ਹਾਂ ਦੇ ਪਤੀ ਸਦਾ ਲਈ ਚਲੇ ਜਾਣਗੇ।
ਰਾਜਪਾਲ ਬਲਾਲੀ-ਦਾਦਰੀ ਰੂਟ 'ਤੇ ਹਰਿਆਣਾ ਰੋਡਵੇਜ਼ ਦੀ ਬੱਸ ਚਲਾ ਕੇ ਆਪਣੀ ਨੌਕਰੀ ਤੋਂ ਘਰ ਪਰਤੇ ਸਨ। ਬਲਾਲੀ ਦੀਆਂ ਗਲੀਆਂ ਵਿੱਚ ਲਾਈਟਾਂ ਵੀ ਨਹੀਂ ਸਨ, ਇਧਰ ਜਿਵੇਂ ਹੀ ਸੂਰਜ ਡੁੱਬਿਆ ਅਤੇ ਹਨੇਰਾ ਪਿਆ ਉਵੇਂ ਹੀ ਰਾਤ ਨੇ ਦੁਖਦ ਮੋੜ ਲੈ ਲਿਆ।
ਰਾਜਪਾਲ ਦੇ ਚਚੇਰੇ ਭਰਾ,ਜੋ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ ਅਤੇ ਉਨ੍ਹਾਂ ਦੇ ਬਹੁਤ ਕਰੀਬ ਸਨ । ਉਨ੍ਹਾਂ ਨੇ ਰਾਜਪਾਲ ਨੂੰ ਉਦੋਂ ਗੋਲੀ ਮਾਰੀ ਜਦੋਂ ਉਹ ਘਰ ਦੇ ਬਾਹਰ ਬੈਠੇ ਸਨ।
ਦੋਵਾਂ ਦਰਮਿਆਨ ਕੋਈ ਗੱਲਬਾਤ ਵੀ ਨਹੀਂ ਹੋਈ ਸੀ ਕਿ ਚਚੇਰੇ ਭਰਾ ਨੇ ਅਚਾਨਕ ਗੋਲੀ ਚਲਾ ਦਿੱਤੀ । ਪਹਿਲੀ ਗੋਲੀ ਰਾਜਪਾਲ ਦੀ ਛਾਤੀ ਵਿੱਚ ਲੱਗੀ ਅਤੇ ਦੂਜੀ ਉਸ ਦੇ ਸਿਰ ਵਿੱਚ ਲੱਗੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਤਸਵੀਰ ਸਰੋਤ, Getty Images
ਵਿਨੇਸ਼ ਦੇ ਮਾਤਾ ਪ੍ਰੇਮ ਲਤਾ ਕਹਿੰਦੇ ਹਨ,“ਇਹ ਮੇਰਾ ਆਖ਼ਰੀ ਕਰਵਾਚੌਥ ਸੀ, ਮੇਰਾ ਸਭ ਕੁਝ ਉੱਜੜ ਗਿਆ ਸੀ”।
ਉਹ ਅੱਗੇ ਕਹਿੰਦੇ ਹਨ,“ਮੇਰੇ ਪਤੀ ਦੀ ਲਾਸ਼ ਲਹੂ ਨਾਲ ਲਥਪਥ ਪਈ ਸੀ ਅਤੇ ਉਸ ਵੇਲੇ ਮੇਰੀਆਂ ਅੱਖਾਂ ਸਿਰਫ ਮੇਰੇ ਬੱਚਿਆਂ ਦੇ ਚਿਹਰੇ ਆ ਰਹੇ ਸਨ”।
“ਮੈਂ ਦੁੱਖ ਨਾਲ ਟੁੱਟ ਗਈ ਸੀ, ਸਮਝ ਨਹੀਂ ਸੀ ਆ ਰਿਹਾ ਕੀ ਕਰਾਂ। ਮੈਂ ਮਹਿਸੂਸ ਕੀਤਾ ਮੇਰਾ ਮਕਸਦ ਖੁੱਸ ਗਿਆ ਹੈ,ਪਰ ਫਿਰ ਮੈਂ ਅਹਿਸਾਸ ਕੀਤਾ ਮੈਨੂੰ ਆਪਣੇ ਬੱਚਿਆਂ ਲਈ ਜਿਉਂਣਾ ਹੈ,ਉਨ੍ਹਾਂ ਦੇ ਅੱਗੇ ਪੂਰਾ ਭਵਿੱਖ ਹੈ”।
ਵਿਨੇਸ਼ ਹਮੇਸ਼ਾ ਆਪਣੀ ਮਾਂ ਦੇ ਬਲੀਦਾਨ ਨੂੰ ਚੇਤੇ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੇ ਖਿਡਾਰੀ ਬਣਾਉਣ ਲਈ ਕਦੇ ਵੀ ਉਨ੍ਹਾਂ ਦਾ ਧੰਨਵਾਦ ਕਰਨਾ ਨਹੀਂ ਭੁੱਲਦੇ ਹਨ।
ਮਾਂ ਨੂੰ ਕੈਂਸਰ ਹੋਣ ਬਾਅਦ ਕਿਵੇਂ ਬਦਲੀ ਵਿਨੇਸ਼ ਦੀ ਜ਼ਿੰਦਗੀ

ਤਸਵੀਰ ਸਰੋਤ, Saurabh Duggal
ਸਾਲ 2004 ਦੇ ਅੱਧ ਵਿਚਕਾਰ ਪ੍ਰੇਮ ਲਤਾ ਕੈਂਸਰ ਪੀੜਤ ਹੋ ਗਏ ।
ਪ੍ਰੇਮ ਲਤਾ ਚੇਤੇ ਕਰਦੇ ਹਨ, “ਵਿਨੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ,ਮੇਰੀ ਸਿਹਤ ਵਿਗੜਣ ਲੱਗੀ। ਜਦੋਂ ਇਹ ਹੋਰ ਵਿਗੜ ਗਿਆ,ਮੈਂ ਭਿਵਾਨੀ ਵਿੱਚ ਇੱਕ ਡਾਕਟਰ ਨਾਲ ਸਲਾਹ ਕੀਤੀ। ਜਾਂਚ ਦੌਰਾਨ ਮੈਨੂੰ ਬੱਚੇਦਾਨੀ ਦੇ ਕੈਂਸਰ ਦਾ ਪਤਾ ਲੱਗਾ। ”
“ਡਾਕਟਰ ਨੇ ਮੈਨੂੰ ਦੱਸਿਆ ਕਿ ਇਹ ਫੈਲ ਗਿਆ ਸੀ ਅਤੇ ਮੇਰੇ ਕੋਲ ਸਿਰਫ ਇੱਕ ਜਾਂ ਦੋ ਸਾਲ ਬਚੇ ਸਨ,ਉਸ ਸਮੇਂ, ਮੇਰੇ ਬੱਚੇ ਬਹੁਤ ਛੋਟੇ ਸਨ ਅਤੇ ਮੈਂ ਉਨ੍ਹਾਂ ਦੇ ਭਵਿੱਖ ਬਾਰੇ ਬਹੁਤ ਚਿੰਤਤ ਸੀ। ਮੈਂ ਉਨ੍ਹਾਂ ਲਈ ਜੀਣਾ ਚਾਹੁੰਦੀ ਸੀ।”
ਕੁਝ ਫੋਗਾਟ ਪਰਿਵਾਰਾਂ ਨੂੰ ਛੱਡ ਬਲਾਲੀ ਪਿੰਡ ਵਿੱਚ ਸਾਂਗਵਾਂਗ ਕਬੀਲੇ ਦਾ ਪ੍ਰਭਾਵ ਹੈ। ਫੋਗਾਟ ਪਰਿਵਾਰ ਦੇ ਕਰੀਬੀ ਪਰਿਵਾਰ ਦਾ ਨੌਜਵਾਨ ਹਰਵਿੰਦਰ ਸਾਂਗਵਾਨ ਜੋਧਪੁਰ ਵਿੱਚ ਪੜ੍ਹਾਈ ਕਰਦਾ ਸੀ ।
ਹਰਵਿੰਦਰ ਨੇ ਪ੍ਰੇਮ ਲਤਾ ਨੂੰ ਜੋਧਪੁਰ ਵਿੱਚ ਵਿਭਾਗ ਦੇ ਮੁਖੀ ਨਾਲ ਮਿਲਵਾਇਆ।
ਪ੍ਰੇਮ ਲਤਾ ਨੇ ਕਿਹਾ ,“ਹਰਵਿੰਦਰ ਸਾਂਗਵਾਨ ਇੱਕ ਚੰਗਾ ਵਿਦਿਆਰਥੀ ਸੀ ਅਤੇ ਅਧਿਆਪਕਾਂ ਨਾਲ ਉਸਦਾ ਚੰਗਾ ਤਾਲਮੇਲ ਸੀ।
ਜਦੋਂ ਉਸਨੇ ਮੈਨੂੰ ਹੈੱਡ ਡਾਕਟਰ ਨਾਲ ਮਿਲਾਇਆ ਤਾਂ ਡਾਕਟਰ ਨੇ ਮੈਨੂੰ ਪੁੱਛਿਆ ਕਿ ਮੈਂ ਕਿੰਨੇ ਸਾਲ ਜਿਉਣਾ ਚਾਹੁੰਦੀ ਹਾਂ। ਮੈਂ ਤੁਰੰਤ ਜਵਾਬ ਦਿੱਤਾ, 'ਪੰਜ ਸਾਲ',ਇਹ ਸਮਝਾਉਂਦੇ ਹੋਏ ਕਿ ਉਦੋਂ ਤੱਕ ਮੇਰੇ ਬੱਚੇ ਆਪਣੀ ਦੇਖਭਾਲ ਕਰਨ ਲਈ ਜਵਾਨ ਹੋ ਜਾਣਗੇ।”

ਤਸਵੀਰ ਸਰੋਤ, Saurabh Duggal
“ਡਾਕਟਰ ਨੇ ਮੈਨੂੰ ਭਰੋਸਾ ਦਿਵਾਇਆ ਅਤੇ ਕਿਹਾ ਕਿ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਮੈਂ ਆਪਣੇ ਬੱਚਿਆਂ ਨਾਲ ਰਹਾਂਗੀ। ਉਸ ਡਾਕਟਰ ਅਤੇ ਪ੍ਰਮਾਤਮਾ ਦੀ ਕ੍ਰਿਪਾ ਸਦਕਾ,ਮੈਂ ਅਜੇ ਵੀ ਆਪਣੇ ਬੱਚਿਆਂ ਨਾਲ ਇੱਥੇ ਹਾਂ।”
ਅਗਲੇ ਮਹੀਨੇ ਤੋਂ ਹੀ ਪ੍ਰੇਮ ਲਤਾ ਨੇ ਬਲਾਲੀ ਤੋਂ ਲਗਭਗ 75 ਕਿਲੋਮੀਟਰ ਦੂਰ ਰੋਹਤਕ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਨਿਯਮਤ ਕੀਮੋਥੈਰੇਪੀ ਕਰਵਾਈ।
ਉਨ੍ਹਾਂ ਨੇ ਕਿਹਾ,“ਜੋਧਪੁਰ ਦੇ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਨੂੰ ਚਾਰ ਹਫ਼ਤਿਆਂ ਦੀ ਕੀਮੋਥੈਰੇਪੀ ਦੀ ਲੋੜ ਹੈ। ਹਰਵਿੰਦਰ ਸਾਂਗਵਾਨ ਮੈਨੂੰ ਪਹਿਲੇ ਦੋ ਸੈਸ਼ਨਾਂ ਲਈ ਰੋਹਤਕ ਲੈ ਗਿਆ, ਪਰ ਉਸ ਤੋਂ ਬਾਅਦ, ਮੈਂ ਇਕੱਲੇ ਹੀ ਯਾਤਰਾ ਕੀਤੀ।”
ਉਨ੍ਹਾਂ ਨੇ ਕਿਹਾ, “ਮੈਂ ਕਦੇ ਵੀ ਆਪਣੇ ਬੱਚਿਆਂ ਦੇ ਸਿਖਲਾਈ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੀ ਸੀ, ਇਸ ਲਈ ਮੈਂ ਆਪਣੇ ਆਪ ਚਲੀ ਗਈ।"
“ਮੇਰੀ ਇੱਕੋ ਇੱਕ ਇੱਛਾ ਸੀ ਕਿ ਉਹ ਖੇਡਾਂ ਵਿੱਚ ਕਾਮਯਾਬ ਹੋਣ ਅਤੇ ਉਹ ਕਾਮਯਾਬ ਹੋਏ ਹਨ। ਇਹ ਸਭ ਮਹਾਵੀਰ ਦੇ ਕਾਰਨ ਹੀ ਮੁਮਕਿਨ ਹੋਇਆ।"
“ਜੇਕਰ ਉਹ ਕੁੜੀਆਂ ਨਾਲ ਸਖ਼ਤੀ ਨਾਲ ਪੇਸ਼ ਨਾ ਆਏ ਹੁੰਦੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਵਿੱਚੋਂ ਕੋਈ ਵੀ ਉਹ ਹਾਸਲ ਕਰ ਸਕਦਾ ਸੀ ਜੋ ਉਨ੍ਹਾਂ ਕੋਲ ਹੈ।"
ਪ੍ਰੇਮ ਲਤਾ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਦਇਆ ਕੌਰ ਅਤੇ ਨਿਰਮਲਾ ਦਾ ਵਿਆਹ ਫੋਗਾਟ ਪਰਿਵਾਰ ਵਿੱਚ ਹੋਇਆ ਸੀ। ਵੱਡੀ ਭੈਣ ਦਯਾ ਮਹਾਵੀਰ ਦੀ ਪਤਨੀ ਹੈ ਅਤੇ ਛੋਟੀ ਨਿਰਮਲਾ ਦਾ ਵਿਆਹ ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਸੱਜਣ ਨਾਲ ਹੋਇਆ ਹੈ। ਇਸ ਲਈ ਮਹਾਵੀਰ ਰਾਜਪਾਲ ਦੇ ਬੱਚਿਆਂ ਨਾਲ ਨਾਨਕੇ ਅਤੇ ਦਾਦਕੇ ਦੋਵਾਂ ਪੱਖਾਂ ਤੋਂ ਸਬੰਧਤ ਹੈ।
ਕੁਸ਼ਤੀ ਕਰਕੇ ਕੱਟਣੇ ਪਏ ਵਾਲ ਪਰ ਲੰਬੇ ਵਾਲਾ ਨਾਲ ਹੈ ਪਿਆਰ

ਤਸਵੀਰ ਸਰੋਤ, Saurabh Dugga
ਪੈਰਿਸ ਵਿੱਚ ਵਿਨੇਸ਼ ਅਤੇ ਉਨ੍ਹਾਂ ਟੀਮ ਨੇ ਅੰਤਿਮ ਵਜ਼ਨ ਲਈ ਉਸਦਾ ਭਾਰ ਘਟਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਕੁਝ ਵਾਧੂ ਗ੍ਰਾਮ ਘਟਾਉਣ ਲਈ ਉਨ੍ਹਾਂ ਦੇ ਵਾਲ ਵੀ ਕੱਟੇ।
ਖੇਡ ਵਿੱਚ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਵਿਨੇਸ਼ ਹਮੇਸ਼ਾਂ ਲੰਬੇ ਵਾਲ ਰੱਖਣ ਦਾ ਸੁਪਨਾ ਦੇਖਦੀ ਸੀ। ਜਵਾਨੀ ਵਿੱਚ ਦਾਖ਼ਲ ਹੋਣ ਤੋਂ ਬਾਅਦ, ਉਹ ਆਪਣੀਆਂ ਹਮ ਉਮਰ ਕੁੜੀਆਂ ਵਾਂਗ ਆਪਣੇ ਵਾਲ ਲੰਬੇ ਕਰਨਾ ਚਾਹੁੰਦੇ ਸਨ।
ਹਾਲਾਂਕਿ ਮਹਾਵੀਰ ਫੋਗਾਟ, ਜੋ ਸਖ਼ਤ ਟਾਸਕ ਮਾਸਟਰ ਰਹੇ ਹਨ ਉਨ੍ਹਾਂ ਨੇ ਆਪਣੀਆਂ ਸਾਰੀਆਂ ਛੇ ਸਿਖਿਆਰਥੀਆਂ-ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਚਾਰ ਧੀਆਂ (ਗੀਤਾ, ਬਬੀਤਾ, ਰੀਤੂ ਅਤੇ ਸੰਗੀਤਾ) ਅਤੇ ਦੋ ਭਤੀਜੀਆਂ (ਵਿਨੇਸ਼ ਅਤੇ ਪ੍ਰਿਅੰਕਾ) ਲਈ ਪੱਕੇ ਨਿਯਮ ਬਣਾਏ ।
ਮਹਾਵੀਰ ਲਈਕੁਸ਼ਤੀ ਇੱਕ ਪੇਂਡੂ ਖੇਡ ਸੀ ਜੋ ਸੱਭਿਆਚਾਰ ਵਿੱਚ ਡੂੰਘਾਈ ਨਾਲ ਜੁੜੀ ਹੋਈ ਸੀ ਅਤੇ ਕੁਝ ਰਿਵਾਇਤਾਂ ਦੀ ਪਾਲਣਾ ਕਰਨੀ ਪੈਂਦੀ ਸੀ। ਇਨ੍ਹਾਂ ਵਿੱਚੋਂ ਇੱਕ ਛੋਟੇ ਸਨ ਕਿਉਂਕਿ ਇਨ੍ਹਾਂ ਦੀ ਦੇਖਭਾਲ ਘੱਟ ਕਰਨੀ ਪੈਂਦੀ ਹੈ।

ਤਸਵੀਰ ਸਰੋਤ, Pic by Samuel/Akhada
ਵਿਨੇਸ਼ ਨੇ ਯਾਦ ਕੀਤਾ , “2015 ਵਿੱਚ ਮੈਂ ਪੰਜ ਮਹੀਨਿਆਂ ਲਈ ਇੱਕ ਕੈਂਪ ਵਿੱਚ ਸੀ, ਜਦੋਂ ਤਾਇਆ ਦੀ ਦੂਰ ਸਨ। ਮੇਰਾ ਇੱਕੋ ਇੱਕ ਸੁਪਨਾ ਲੰਬੇ ਵਾਲਾਂ ਦਾ ਸੀ,ਕੁਝ ਵੀ ਆਲੀਸ਼ਾਨ ਨਹੀਂ, ਸਿਰਫ਼ ਲੰਬੇ ਵਾਲ ਅਤੇ ਰੱਬ ਦਾ ਸ਼ੁਕਰ ਹੈ, ਮੈਨੂੰ ਕੈਂਪ ਵਿੱਚ ਅਜਿਹਾ ਕਰਨ ਦਾ ਮੌਕਾ ਮਿਲਿਆ।
ਜਦੋਂ ਘਰ ਮੁੜਣ ਦਾ ਵੇਲਾ ਆਇਆ ਅਤੇ ਅਸੀਂ ਕੈਂਪ ਛੱਡੇ, ਮੇਰੇ ਵਾਲ ਮੇਰੇ ਮੋਢਿਆਂ ਤੱਕ ਲੰਬੇ ਸਨ। ਮੈਨੂੰ ਉਮੀਦ ਸੀ ਕਿ ਤਾਇਆ ਜੀ ਇਤਰਾਜ਼ ਨਹੀਂ ਕਰਨਗੇ”।
“ਜਦੋਂ ਅਸੀਂ ਦੁਬਾਰਾ ਸਿਖਲਾਈ ਸ਼ੁਰੂ ਕੀਤੀ,ਉਨ੍ਹਾਂ ਨੇ ਪਹਿਲੇ ਦੋ ਜਾਂ ਤਿੰਨ ਸੈਸ਼ਨਾਂ ਲਈ ਮੇਰੇ ਵਾਲਾਂ ਬਾਰੇ ਇੱਕ ਸ਼ਬਦ ਨਹੀਂ ਕਿਹਾ। ਪਰ ਮੈਂ ਜਾਣਦੀ ਸੀ ਕਿ ਇਹ ਚੁੱਪ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ।
ਤੀਜੇ ਦਿਨ ਸ਼ਾਮ ਦੇ ਸੈਸ਼ਨ ਦੌਰਾਨ ਉਨ੍ਹਾਂ ਨੇ ਆਖ਼ਰਕਾਰ ਮੈਨੂੰ ਮੇਰੇ ਲੰਬੇ ਵਾਲਾਂ ਬਾਰੇ ਪੁੱਛਿਆ। ਮੈਂ ਸਿਰ ਹੇਠਾਂ ਕਰਕੇ ਚੁੱਪ ਰਹੀ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਕੋਈ ਹੋਰ ਸ਼ਬਦ ਨਹੀਂ ਕਿਹਾ।
ਉਨ੍ਹਾਂ ਨੇ ਬੱਸ ਪੁੱਛਿਆ ਅਤੇ ਆਖ਼ਰਕਾਰ ਮੈਨੂੰ ਆਪਣੇ ਵਾਲ ਲੰਬੇ ਰੱਖਣ ਦੀ ਇਜਾਜ਼ਤ ਦਿੱਤੀ ਗਈ,ਜੋ ਮੈਂ ਹਮੇਸ਼ਾ ਚਾਹੁੰਦੀ ਸੀ”।
ਮਹਾਵੀਰ ਫੋਗਾਟ ਨੇ ਕਿਹਾ,“ਮੇਰਾ ਓਲੰਪਿਕ ਮੈਡਲ ਦਾ ਸੁਪਨਾ ਅਜੇ ਵੀ ਅਧੂਰਾ ਹੈ। ਪਰ ਵਿਨੇਸ਼ ਨੇ ਖੇਡ ਲਈ ਜੋ ਕੀਤਾ, ਉਹ ਬੇਮਿਸਾਲ ਹੈ, ਅਤੇ ਪੈਰਿਸ ਵਿੱਚ ਉਸਦਾ ਪ੍ਰਦਰਸ਼ਨ ਇੱਕ ਓਲੰਪਿਕ ਪੋਡੀਅਮ ਫਿਨਿਸ਼ ਨਾਲੋਂ ਵੀ ਚੰਗੇ ਪ੍ਰਦਰਸ਼ਨ ਵਜੋਂ ਯਾਦ ਕੀਤਾ ਜਾਵੇਗਾ। ਉਸਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ”।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)















