ਕੌਣ ਸਨ ਨੰਦ ਕੁਮਾਰ ਬਘੇਲ ਜਿਨ੍ਹਾਂ ਨੇ ਬ੍ਰਾਹਮਣਾਂ ਨੂੰ ਵਿਦੇਸ਼ੀ ਕਿਹਾ ਤੇ ਰਾਵਣ ਦੀ ਤਰੀਫ਼ ਕੀਤੀ ਤੇ ਜੇਲ੍ਹ ਵੀ ਗਏ

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, BHUPESH BAGHEL@X

ਤਸਵੀਰ ਕੈਪਸ਼ਨ, ਨੰਦ ਕੁਮਾਰ ਬਘੇਲ ਅਤੇ ਭੁਪੇਸ਼ ਬਘੇਲ ਦੀ ਫਾਈਲ ਫੋਟੋ
    • ਲੇਖਕ, ਆਲੋਕ ਪ੍ਰਕਾਸ਼ ਮੈਨੇਕਿਨ
    • ਰੋਲ, ਬੀਬੀਸੀ ਲਈ

ਇਹ ਗੱਲ ਅਕਤੂਬਰ 2001 ਦੀ ਹੈ, ਜਦੋਂ ਛੱਤੀਸਗੜ੍ਹ ਨੂੰ ਵੱਖਰਾ ਸੂਬਾ ਬਣੇ ਹਾਲੇ ਇੱਕ ਸਾਲ ਵੀ ਨਹੀਂ ਹੋਇਆ ਸੀ।

ਰਾਜਧਾਨੀ ਰਾਏਪੁਰ 'ਚ ਨੰਦ ਕੁਮਾਰ ਬਘੇਲ ਨੇ ਆਪਣੀ ਕਿਤਾਬ 'ਰਾਵਣ ਕੋ ਮਤ ਮਾਰੋ' ਦੀਆਂ ਕਾਪੀਆਂ ਕੁਝ ਪੱਤਰਕਾਰਾਂ ਨੂੰ ਭੇਂਟ ਕੀਤੀਆਂ ਸਨ ਪਰ ਇਸ ਤੋਂ ਬਾਅਦ ਦੋ ਦਿਨ ਵੀ ਨਹੀਂ ਬੀਤੇ ਕਿ ਕਿਤਾਬ ਨੂੰ ਲੈ ਕੇ ਹੰਗਾਮਾ ਹੋ ਗਿਆ।

ਨੰਦ ਕੁਮਾਰ ਬਘੇਲ ਦੀ ਇਸ 236 ਪੰਨਿਆਂ ਦੀ ਕਿਤਾਬ ਵਿੱਚ ਵੱਖ-ਵੱਖ ਗ੍ਰੰਥਾਂ ਦਾ ਹਵਾਲਾ ਦੇ ਕੇ ਭਗਵਾਨ ਰਾਮ ਦੀ ਆਲੋਚਨਾ ਕੀਤੀ ਗਈ ਹੈ ਅਤੇ ਰਾਵਣ ਦੀ ਪ੍ਰਸ਼ੰਸਾ ਕੀਤੀ ਗਈ ਹੈ ।

ਉਨ੍ਹਾਂ ਲਿਖਿਆ, "ਰਾਵਣ ਨੇ ਸਮਾਨਤਾਵਾਦੀ ਧਰਮ ਲਈ ਆਪਣੇ ਪਰਿਵਾਰ ਦੀ ਬਲੀ ਦਿੱਤੀ ਸੀ। ਰਾਵਣ ਨੂੰ ਹਰ ਸਾਲ ਨਾ ਮਾਰੋ।"

ਵਿਰੋਧੀ ਪਾਰਟੀ ਭਾਜਪਾ ਨੇ ਇਸ ਨੂੰ ਵੱਡਾ ਮੁੱਦਾ ਬਣਾਇਆ ਅਤੇ 20 ਅਕਤੂਬਰ 2001 ਨੂੰ ਗ੍ਰਹਿ ਵਿਭਾਗ ਨੇ ਇਸ ਕਿਤਾਬ 'ਤੇ ਪਾਬੰਦੀ ਲਗਾ ਦਿੱਤੀ।

ਇਸ ਤੋਂ ਬਾਅਦ 4 ਨਵੰਬਰ 2001 ਨੂੰ ਨੰਦ ਕੁਮਾਰ ਬਘੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਸਭ ਉਸ ਸਮੇਂ ਵਾਪਰਿਆ ਜਦੋਂ ਨੰਦ ਕੁਮਾਰ ਬਘੇਲ ਦੇ ਪੁੱਤਰ ਭੁਪੇਸ਼ ਬਘੇਲ ਅਜੀਤ ਜੋਗੀ ਦੀ ਤਤਕਾਲੀ ਕਾਂਗਰਸ ਸਰਕਾਰ ਵਿੱਚ ਮਾਲ ਮੰਤਰੀ ਦਾ ਅਹੁਦਾ ਸੰਭਾਲ ਰਹੇ ਸਨ।

ਨੰਦ ਕੁਮਾਰ ਬਘੇਲ ਦਾ ਸੋਮਵਾਰ ਨੂੰ ਰਾਏਪੁਰ 'ਚ 89 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਨੰਦ ਕੁਮਾਰ ਬਘੇਲ ਲੰਬੇ ਸਮੇਂ ਤੋਂ ਬਿਮਾਰ ਸਨ, ਉਹ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪਿਤਾ ਸਨ।

ਨੰਦ ਕੁਮਾਰ ਬਘੇਲ ਹਮੇਸ਼ਾ ਬਾਗੀ ਰਹੇ

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, DEVENDRA SHUKLA

ਤਸਵੀਰ ਕੈਪਸ਼ਨ, ਨੰਦ ਕੁਮਾਰ ਬਘੇਲ ਨੂੰ ਨੇੜਿਓਂ ਜਾਣਨ ਵਾਲੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਇੱਕ ਸੁਤੰਤਰ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਭੁਪੇਸ਼ ਬਘੇਲ ਨੇ ਸਿਆਸੀ ਮੈਦਾਨ ਵਿੱਚ ਪੈਰ ਵੀ ਨਹੀਂ ਰੱਖਿਆ ਸੀ।

ਸਾਲ 2001 ਵਿੱਚ ਹੋਈ ਗ੍ਰਿਫਤਾਰੀ ਉਹਨਾਂ ਦੀ ਆਖਰੀ ਗ੍ਰਿਫਤਾਰੀ ਨਹੀਂ ਸੀ, ਨੰਦ ਕੁਮਾਰ ਬਘੇਲ ਦਾ ਕਦੇ ਵੀ ਵਿਵਾਦਾਂ ਤੋਂ ਖਹਿੜਾ ਨਹੀਂ ਛੁੱਟਿਆ ਸੀ।

ਸਤੰਬਰ 2021 ਵਿੱਚ, ਛੱਤੀਸਗੜ੍ਹ ਪੁਲਿਸ ਨੇ ਨੰਦ ਕੁਮਾਰ ਬਘੇਲ ਨੂੰ ਫਿਰ ਗ੍ਰਿਫਤਾਰ ਕਰ ਲਿਆ। ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਬ੍ਰਾਹਮਣਾਂ ਨੂੰ ਵਿਦੇਸ਼ੀ ਕਿਹਾ ਅਤੇ ਉਨ੍ਹਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਜਿਸ ਕਾਰਨ ਉਹਨਾਂ ਨੂੰ ਰਾਏਪੁਰ ਜੇਲ੍ਹ ਭੇਜ ਦਿੱਤਾ ਗਿਆ।

ਜਦੋਂ 2021 ਵਿੱਚ ਨੰਦ ਕੁਮਾਰ ਬਘੇਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਨ। ਇੱਕ ਮੁੱਖ ਮੰਤਰੀ ਦੇ ਬਜ਼ੁਰਗ ਪਿਤਾ ਦੀ ਗ੍ਰਿਫਤਾਰੀ ਇੱਕ ਹੈਰਾਨੀਜਨਕ ਘਟਨਾ ਸੀ, ਇਸ ਬਾਰੇ ਭੁਪੇਸ਼ ਬਘੇਲ ਕਹਿੰਦੇ ਰਹੇ ਹਨ ਕਿ "ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।"

ਨੰਦ ਕੁਮਾਰ ਬਘੇਲ ਨੂੰ ਨੇੜਿਓਂ ਜਾਣਨ ਵਾਲੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਇੱਕ ਸੁਤੰਤਰ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਭੁਪੇਸ਼ ਬਘੇਲ ਨੇ ਸਿਆਸੀ ਮੈਦਾਨ ਵਿੱਚ ਪੈਰ ਵੀ ਨਹੀਂ ਰੱਖਿਆ ਸੀ।

ਖੇਤੀ ਵਿੱਚ ਨਿਵੇਕਲੇ ਤਜਰਬੇ ਕਰਨ ਵਾਲੇ ਨੰਦ ਕੁਮਾਰ ਬਘੇਲ ਨੇ ਆਪਣੀ ਵਿਚਾਰਧਾਰਾ ਨੂੰ ਸਰਵੋਦਿਆ ਰਾਜਨੀਤੀ ਤੋਂ ਸਮਾਜਵਾਦੀ ਰਾਜਨੀਤੀ ਅਤੇ ਬਹੁਜਨ ਰਾਜਨੀਤੀ ਤੋਂ ਕਿਸਾਨ ਅੰਦੋਲਨ ਤੱਕ ਲਗਾਤਾਰ ਬਦਲਿਆ ਸੀ, ਪਰ ਉਹ ਜਾਤ-ਪਾਤ ਅਤੇ ਵਰਣ ਵਿਵਸਥਾ ਦੇ ਖਿਲਾਫ ਆਪਣੇ ਵਿਵਾਦਿਤ ਬਿਆਨਾਂ ਕਰਕੇ ਸਾਰੀ ਉਮਰ ਸੁਰਖੀਆਂ ਵਿੱਚ ਰਹੇ।

ਪਿਤਾ-ਪੁੱਤਰ ਦਾ ਵਿਵਾਦ

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, DEVENDRA SHUKLA

ਤਸਵੀਰ ਕੈਪਸ਼ਨ, ਜਨਗਣਨਾ ਦੌਰਾਨ ਨੰਦ ਕੁਮਾਰ ਬਘੇਲ ਨੇ ਆਪਣੇ ਆਪ ਨੂੰ ਇੱਕ ਹਿੰਦੂ ਵਜੋਂ ਦਰਜ ਕਰਨ ਦਾ ਵਿਰੋਧ ਕੀਤਾ। ਉਹਨਾਂ ਦੀ ਪਤਨੀ ਬਿੰਦੇਸ਼ਵਰੀ ਬਘੇਲ ਹਿੰਦੂ ਧਰਮ ਵਿੱਚ ਡੂੰਘੀ ਆਸਥਾ ਰੱਖਣ ਵਾਲੀ ਇੱਕ ਸ਼ਰਧਾਲੂ ਔਰਤ ਸੀ।

ਨੰਦ ਕੁਮਾਰ ਬਘੇਲ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਵਿਚਕਾਰ ਵਿਚਾਰਧਾਰਕ ਸਬੰਧ ਕਦੇ ਵੀ ਚੰਗੇ ਨਹੀਂ ਰਹੇ।

ਭੁਪੇਸ਼ ਬਘੇਲ ਨੇ ਕਿਹਾ ਸੀ, "ਮੈਂ ਕਦੇ ਵੀ ਉਹਨਾਂ ਨਾਲ ਬਹਿਸ ਨਹੀਂ ਕੀਤੀ, ਮੈਂ ਹਮੇਸ਼ਾ ਸਥਿਤੀ ਨੂੰ ਟਾਲਦਾ ਰਿਹਾ। ਜੇ ਕੋਈ ਬਹਿਸ ਹੋਵੇਗੀ ਤਾਂ ਲੜਾਈ ਹੋ ਜਾਣੀ ਹੈ। ਫਿਰ ਉਹ ਮਹੀਨਿਆਂ ਤੱਕ ਘਰ ਨਹੀਂ ਆਉਂਣਗੇ। ਸਾਲ 1989 ਵਿੱਚ ਮੈਂ ਉਹਨਾਂ ਨਾਲ ਲੜਾਈ ਕਰਕੇ ਘਰ ਛੱਡ ਦਿੱਤਾ ਸੀ।"

ਦਰਅਸਲ ਨੰਦ ਕੁਮਾਰ ਬਘੇਲ ਸ਼ੁਰੂ ਤੋਂ ਹੀ ਬਾਗੀ ਸਨ। 70 ਦੇ ਦਹਾਕੇ ਵਿੱਚ ਉਨ੍ਹਾਂ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ।

ਨੰਦ ਕੁਮਾਰ ਬਘੇਲ ਨੇ ਆਪਣੀ ਕੁਰਮੀ ਜਾਤੀ ਬਾਰੇ ਇੱਕ ਕਿਤਾਬ ਲਿਖੀ ਸੀ, ਜਿਸ ਨੂੰ ਪਛੜੀਆਂ ਸ਼੍ਰੇਣੀਆਂ ਵਿੱਚ ਗਿਣਿਆ ਜਾਂਦਾ ਹੈ। ਇਸ ਦਾ ਸਿਰਲੇਖ ਸੀ- "ਕੁਰਮੀ ਬ੍ਰਾਹਮਣ ਕੀ ਨਜ਼ਰ ਮੇਂ ਕਿਯਾ ਹੈ? ਮਨੁਸਮ੍ਰਿਤੀ ਅਨੁਸਾਰ ਸ਼ਤਰੀ, ਵੈਸ਼ ਜਾਂ ਸ਼ੂਦਰ।"

ਨੰਦ ਕੁਮਾਰ ਬਘੇਲ

ਬਾਅਦ ਵਿੱਚ, ਜਨਗਣਨਾ ਦੌਰਾਨ, ਉਹਨਾਂ ਨੇ ਆਪਣੇ ਆਪ ਨੂੰ ਇੱਕ ਹਿੰਦੂ ਵਜੋਂ ਦਰਜ ਕਰਨ ਦਾ ਵਿਰੋਧ ਕੀਤਾ। ਇਸ ਦੇ ਉਲਟ ਉਹਨਾਂ ਦੀ ਪਤਨੀ ਬਿੰਦੇਸ਼ਵਰੀ ਬਘੇਲ ਹਿੰਦੂ ਧਰਮ ਵਿੱਚ ਡੂੰਘੀ ਆਸਥਾ ਰੱਖਣ ਵਾਲੀ ਇੱਕ ਸ਼ਰਧਾਲੂ ਔਰਤ ਸੀ।

ਨੰਦ ਕੁਮਾਰ ਬਘੇਲ ਨੇ ਆਪਣੀ ਕਿਤਾਬ ਵਿੱਚ ਆਪਣੀ ਪਤਨੀ ਬਾਰੇ ਲਿਖਿਆ ਹੈ, "ਬਿੰਦੇਸ਼ਵਰੀ ਰਮਾਇਣ ਇੱਕ ਮਹਾਨ ਵਿਦਵਾਨ ਹੈ। ਸਾਡੀ ਕਈ ਮੌਕਿਆਂ 'ਤੇ ਸਾਰਥਕ ਬਹਿਸ ਹੋਈ ਅਤੇ ਮੈਂ 'ਰਾਵਣ ਕੋ ਨਾ ਮਾਰੋ' ਲਿਖਦਾ ਰਿਹਾ। ਹਾਲਾਂਕਿ ਬਿੰਦੇਸ਼ਵਰੀ ਬਾਈ ਰਾਮ ਦੀ ਭਗਤ ਹੈ।"

"ਫਿਰ ਵੀ, ਰਾਵਣ ਕੋ ਨਾ ਮਾਰੋ ਕਿਤਾਬ ਲਿਖਦੇ ਸਮੇਂ, ਉਹ ਸਮੇਂ-ਸਮੇਂ 'ਤੇ ਮੇਰਾ ਮਾਰਗਦਰਸ਼ਨ ਕਰਦੀ ਰਹੀ, ਤਾਂ ਜੋ ਮੈਂ ਰਾਮਾਇਣ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਸਮਝ ਸਕਾਂ। ਇਸ ਲਈ ਮੈਂ ਉਨ੍ਹਾਂ ਦਾ ਰਿਣੀ ਹਾਂ।"

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, DEVENDRA SHUKLA

ਤਸਵੀਰ ਕੈਪਸ਼ਨ, ਨੰਦ ਕੁਮਾਰ ਬਘੇਲ ਬਹੁਜਨ ਅੰਦੋਲਨ ਨਾਲ ਵੀ ਜੁੜੇ ਰਹੇ ਅਤੇ 'ਬ੍ਰਾਹਮਣਵਾਦ' ਵਿਰੁੱਧ ਉਹਨਾਂ ਦਾ ਸਟੈਂਡ ਕਦੇ ਵੀ ਕਮਜ਼ੋਰ ਨਹੀਂ ਹੋਇਆ ਸੀ।

ਜੁਲਾਈ 2019 ਵਿੱਚ, ਜਦੋਂ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਮਾਂ ਅਤੇ ਨੰਦ ਕੁਮਾਰ ਬਘੇਲ ਦੀ ਪਤਨੀ ਬਿੰਦੇਸ਼ਵਰੀ ਬਘੇਲ ਦੀ ਮੌਤ ਹੋ ਗਈ ਸੀ ਤਾਂ ਨੰਦ ਕੁਮਾਰ ਬਘੇਲ ਬੋਧੀ ਰੀਤੀ-ਰਿਵਾਜਾਂ ਅਨੁਸਾਰ ਆਪਣੀ ਪਤਨੀ ਦਾ ਅੰਤਿਮ ਸਸਕਾਰ ਕਰਨ 'ਤੇ ਅੜ ਗਏ ਸਨ।

ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਿਆਸੀ ਅੰਦੋਲਨਾਂ ਵਿੱਚ ਸਹਿਯੋਗੀ ਲਲਿਤ ਬਘੇਲ ਦਾ ਕਹਿਣਾ ਹੈ ਕਿ ਇਹ ਉਹਨਾਂ ਸਾਰਿਆਂ ਲਈ ਬਹੁਤ ਔਖਾ ਸਮਾਂ ਸੀ।

ਇੱਕ ਪਾਸੇ ਜਿੱਥੇ ਭੁਪੇਸ਼ ਬਘੇਲ ਨੇ ਆਪਣੀ ਮਾਤਾ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਕੀਤਾ, ਉੱਥੇ ਹੀ ਦੂਜੇ ਪਾਸੇ ਨੰਦ ਕੁਮਾਰ ਬਘੇਲ ਨੇ ਪਿੰਡ ਵਿੱਚ ਹੋਰ ਸਾਰੇ ਪ੍ਰੋਗਰਾਮ ਬੋਧੀ ਮਾਨਤਾਵਾਂ ਅਨੁਸਾਰ ਕੀਤੇ।

ਲਲਿਤ ਬਘੇਲ ਕਹਿੰਦੇ ਹਨ, "ਉਹ ਹਮੇਸ਼ਾ ਆਪਣੇ ਵਿਚਾਰਾਂ 'ਤੇ ਅੜੇ ਰਹਿੰਦੇ ਸਨ। ਆਪਣੀਆਂ ਵਿਚਾਰਧਾਰਕ ਲੜਾਈਆਂ ਦੇ ਸਾਹਮਣੇ ਉਨ੍ਹਾਂ ਨੇ ਕਦੇ ਵੀ ਨਿੱਜੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੇ ਤਾਂ ਬਹੁਤ ਪਹਿਲਾਂ ਹੀ ਆਪਣੇ ਅੰਤਿਮ ਸੰਸਕਾਰ ਦਾ ਐਲਾਨ ਵੀ ਕਰ ਦਿੱਤਾ ਸੀ ਕਿ ਸਸਕਾਰ ਉਨ੍ਹਾਂ ਦੇ ਛੋਟੇ ਪੁੱਤਰ ਹਿਤੇਸ਼ ਬਘੇਲ ਵੱਲੋਂ ਬੋਧੀ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਜਾਵੇ।”

ਨੰਦ ਕੁਮਾਰ ਬਘੇਲ, ਜੋ ਕਿ ਆਪਣੇ ਸਮਰਥਕਾਂ ਵਿੱਚ 'ਛੱਤੀਸਗੜ੍ਹ ਦੇ ਪੇਰੀਆਰ' ਵਜੋਂ ਜਾਣੇ ਜਾਂਦੇ ਹਨ, ਆਪਣੇ ਪੁੱਤਰ ਹਿਤੇਸ਼ ਨੂੰ ਰਾਕਸ਼ਸ ਕਬੀਲੇ ਦਾ ਕਹਾਉਂਦੇ ਸਨ। ਉਹ ਕਹਿੰਦੇ ਸਨ ਕਿ ਹਿਤੇਸ਼ ਰਾਵਣ ਦਾ ਭਗਤ ਹੈ, ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਇੰਦਰਜੀਤ ਰੱਖਿਆ ਹੈ। ਇੱਥੋਂ ਤੱਕ ਕਿ ਹਿਤੇਸ਼ ਬਘੇਲ ਨੇ ਆਪਣੇ ਪਿੰਡ ਬਲੌਦੀ ਤੋਂ ਇਲਾਵਾ ਆਸ-ਪਾਸ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੂੰ ਰਾਵਣ ਦੀ ਪੂਜਾ ਕਰਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਨੇ ਜਾਤੀਵਾਦ, ਧਰਮ, ਰਾਵਣ ਦਹਨ, ਰਾਮ ਪੂਜਾ ਆਦਿ ਮੁੱਦਿਆਂ 'ਤੇ ਪੇਂਡੂ ਖੇਤਰਾਂ ਵਿੱਚ ਲਗਾਤਾਰ ਅੰਦੋਲਨ ਕੀਤਾ। ਨੰਦ ਕੁਮਾਰ ਬਘੇਲ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਉਹ ਬਿਨਾਂ ਕਿਸੇ ਝਿਜਕ ਅਤੇ ਇਸ ਦੇ ਨਤੀਜਿਆਂ ਦੀ ਪਰਵਾਹ ਕੀਤੇ ਆਪਣੇ ਵਿਚਾਰ ਪ੍ਰਗਟ ਕਰਦੇ ਸਨ।

ਉਦਾਹਰਣ ਦਿੰਦੇ ਹੋਏ ਉਨ੍ਹਾਂ ਦੇ ਇੱਕ ਸਮਰਥਕ ਕਹਿਦੇ ਹਨ ਕਿ 16 ਅਪ੍ਰੈਲ 2001 ਨੂੰ ਨੰਦ ਕੁਮਾਰ ਬਘੇਲ ਕਸਡੋਲ ਵਿੱਚ ਆਪਣੀ ਛੱਤੀਸਗੜ੍ਹ ਕਿਸਾਨ ਯੂਨੀਅਨ ਦੀ ਕਾਨਫਰੰਸ ਦੀ ਪ੍ਰਧਾਨਗੀ ਕੀਤਾ।

ਸਟੇਜ 'ਤੇ ਬੈਠ ਕੇ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਅਜੀਤ ਜੋਗੀ ਨੂੰ ਚਿਤਾਵਨੀ ਦਿੱਤੀ ਕਿ ਛੱਤੀਸਗੜ੍ਹ ਵਿਧਾਨ ਸਭਾ ਦੀਆਂ 90 'ਚੋਂ 46 ਸੀਟਾਂ 'ਤੇ ਉੱਚ ਜਾਤੀਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ, ਜਿੱਥੇ ਦੂਜੀਆਂ ਜਾਤਾਂ ਦੇ ਲੋਕ ਬਹੁਗਿਣਤੀ ਵਿੱਚ ਹਨ, ਨਹੀਂ ਤਾਂ ਕਿਸਾਨ ਉਹਨਾਂ ਨੂੰ ਹਰਾਉਣ ਦਾ ਕੰਮ ਕਰਨਗੇ। ਉਨ੍ਹਾਂ ਕਾਂਗਰਸ ਅਤੇ ਭਾਜਪਾ ਦੇ ਉੱਚ ਜਾਤੀ ਵਿਧਾਇਕਾਂ ਦੇ ਨਾਂ ਲਏ ਅਤੇ ਉਨ੍ਹਾਂ ਵਿਚਾਲੇ ਗਠਜੋੜ ਦਾ ਇਲਜ਼ਾਮ ਲਗਾਇਆ।

ਨੰਦ ਕੁਮਾਰ ਬਘੇਲ ਨੇ ਕਿਹਾ ਸੀ, "ਮੁੱਖ ਮੰਤਰੀ ਜੀ, ਤੁਹਾਡੇ ਲਈ ਸਾਰੀਆਂ 46 ਵਿਧਾਨ ਸਭਾ ਸੀਟਾਂ 'ਤੇ ਪਛੜੀਆਂ ਸ਼੍ਰੇਣੀਆਂ ਤੋਂ ਟਿਕਟਾਂ ਦੇਣਾ ਸੰਭਵ ਨਹੀਂ ਹੈ, ਪਰ ਸਾਡੇ ਲਈ ਇਹ ਯਕੀਨੀ ਤੌਰ 'ਤੇ ਸੰਭਵ ਹੈ ਕਿ ਅਸੀਂ ਆਪਣੇ ਸੰਗਠਨ ਰਾਹੀਂ ਤੁਹਾਡੀ ਗਲਤ ਟਿਕਟ ਨੂੰ ਠੀਕ ਕਰਾਂਗੇ।"

ਇਸੇ ਕਾਨਫਰੰਸ ਵਿੱਚ ਉਨ੍ਹਾਂ 85 ਫੀਸਦੀ ਰਾਖਵੇਂਕਰਨ ਦੀ ਮੰਗ ਵੀ ਕੀਤੀ ਸੀ।

ਕਿਤਾਬ ’ਤੇ ਪਾਬੰਦੀ ਅਤੇ ਗ੍ਰਿਫ਼ਤਾਰੀ

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਹਸਪਤਾਲ ਵਿੱਚ ਪਿਤਾ ਦੀ ਸਿਹਤ ਦਾ ਹਾਲ ਪੁੱਛਦੇ ਹੋਏ ਭੂਪੇਸ਼ ਬਘੇਲ (ਫ਼ਾਇਲ)

ਵਿਨੋਬਾ ਭਾਵੇ, ਦਾਦਾ ਧਰਮਾਧਿਕਾਰੀ, ਜੈਪ੍ਰਕਾਸ਼ ਨਾਰਾਇਣ ਵਰਗੇ ਲੋਕਾਂ ਨਾਲ ਕੰਮ ਕਰਨ ਵਾਲੇ ਨੰਦ ਕੁਮਾਰ ਬਘੇਲ ਨੇ 1984 ਵਿੱਚ ਦੁਰਗ ਲੋਕ ਸਭਾ ਤੋਂ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਉਹ ਬਹੁਜਨ ਅੰਦੋਲਨ ਨਾਲ ਵੀ ਜੁੜੇ ਰਹੇ ਪਰ 'ਬ੍ਰਾਹਮਣਵਾਦ' ਵਿਰੁੱਧ ਉਹਨਾਂ ਦਾ ਸਟੈਂਡ ਕਦੇ ਵੀ ਕਮਜ਼ੋਰ ਨਹੀਂ ਹੋਇਆ ਸੀ।

ਉਹਨਾਂ ਨੇ ਰਾਮ ਦੀ ਥਾਂ ਰਾਵਣ ਨੂੰ ਸਥਾਪਿਤ ਕਰਨ ਦੇ ਯਤਨ ਜਾਰੀ ਰੱਖੇ। ਇਸ ਕੋਸ਼ਿਸ਼ ਦਾ ਨਤੀਜਾ ਸੀ ਉਹਨਾਂ ਦੀ ਕਿਤਾਬ - 'ਰਾਵਣ ਕੋ ਮਤ ਮਾਰੋ'।

ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਵਾਲੇ ਪ੍ਰਦੀਪ ਜੈਨ ਦਾ ਕਹਿਣਾ ਹੈ ਕਿ ਪੁਸਤਕ ਦੀ ਸਮੱਗਰੀ ਦੇਖ ਕੇ ਉਨ੍ਹਾਂ ਨੂੰ ਡਰ ਸੀ ਕਿ ਇਸ ਕਿਤਾਬ ਨੂੰ ਲੈ ਕੇ ਕੋਈ ਹੰਗਾਮਾ ਹੋ ਸਕਦਾ ਹੈ। ਪਰ ਕਿਤਾਬ ਦਾ ਸ਼ੁਰੂਆਤੀ ਅਧਿਆਏ ਉਸ ਸਮੇਂ ਦੇ ਮੁੱਖ ਮੰਤਰੀ ਅਜੀਤ ਜੋਗੀ 'ਤੇ ਪ੍ਰੇਰਨਾ ਸਰੋਤ ਵਜੋਂ ਕੇਂਦਰਿਤ ਸੀ।

ਪ੍ਰਦੀਪ ਜੈਨ ਕਹਿੰਦੇ ਹਨ, "ਮੈਂ ਸੋਚਿਆ ਸੀ ਕਿ ਉਨ੍ਹਾਂ ਦਾ ਪੁੱਤਰ ਰਾਜ ਦਾ ਸ਼ਕਤੀਸ਼ਾਲੀ ਮੰਤਰੀ ਹੈ, ਇਸ ਲਈ ਮੈਂ ਪਰਵਾਹ ਕਿਉਂ ਕਰਾਂ?"

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭੁਪੇਸ਼ ਬਘੇਲ ਅਣਵੰਡੇ ਮੱਧ ਪ੍ਰਦੇਸ਼ ਦੇ ਦੌਰ ਵਿੱਚ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ, ਜਦਕਿ ਉਨ੍ਹਾਂ ਦੇ ਪਿਤਾ ਨੰਦ ਕੁਮਾਰ ਬਘੇਲ ਕਾਂਗਰਸ ਦੇ ਕੱਟੜ ਆਲੋਚਕ ਸਨ।

ਪ੍ਰਦੀਪ ਜੈਨ ਕਹਿੰਦੇ ਹਨ, "ਇਸ ਸਭ ਤੋਂ ਬਾਅਦ ਵੀ ਮਨ ਦੇ ਕਿਸੇ ਕੋਨੇ ਵਿੱਚ ਇੱਕ ਸ਼ੱਕ ਜ਼ਰੂਰ ਸੀ। ਇਸੇ ਲਈ ਮੈਂ ਕਿਤਾਬ ਦੇ ਸ਼ੁਰੂਆਤੀ ਭਾਗਾਂ ਵਿੱਚ ਹੀ ਜ਼ਿਕਰ ਕੀਤਾ ਸੀ ਕਿ ਕਿਤਾਬ ਵਿੱਚ ਦਰਜ ਗੱਲਾਂ ਲੇਖਕ ਦੇ ਆਪਣੇ ਵਿਚਾਰ ਹਨ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬਿਲਕੁੱਲ ਕੋਈ ਇਰਾਦਾ ਨਹੀਂ ਹੈ। ਜਿਹੜੇ ਲੋਕ ਇਨ੍ਹਾਂ ਵਿਚਾਰਾਂ ਨਾਲ ਅਸਹਿਮਤ ਹਨ ਉਨ੍ਹਾਂ ਲਈ ਮੁਆਫ਼ੀ ਦੇ ਨਾਲ ਸਾਰੇ ਅਧਿਕਾਰ ਰਾਖਵੇਂ ਹਨ। ਪਰ ਇਹ ਲਿਖਣ ਦਾ ਕੋਈ ਫਾਇਦਾ ਨਹੀਂ ਹੋਇਆ।"

ਪ੍ਰਦੀਪ ਜੈਨ ਅਨੁਸਾਰ ਪਹਿਲੀਆਂ ਸੌ ਕਾਪੀਆਂ ਬੰਨ੍ਹ ਕੇ ਨੰਦ ਕੁਮਾਰ ਬਘੇਲ ਨੂੰ ਦਿੱਤੀਆਂ ਗਈਆਂ ਅਤੇ ਇੱਕ-ਦੋ ਦਿਨਾਂ ਵਿੱਚ ਹੀ ਹੰਗਾਮਾ ਹੋ ਗਿਆ।

ਵਿਵਾਦ ਵਧਣ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ 180 ਹਾਰਡਕਵਰ ਅਤੇ ਦੋ ਹਜ਼ਾਰ ਤੋਂ ਵੱਧ ਪੇਪਰਬੈਕ ਕਾਪੀਆਂ ਜ਼ਬਤ ਕਰ ਲਈਆਂ। ਪ੍ਰਦੀਪ ਜੈਨ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਕਿਤਾਬ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਛੱਤੀਸਗੜ੍ਹ ਰਾਜ ਦੇ ਗਠਨ ਤੋਂ ਬਾਅਦ ਇਹ ਪਹਿਲੀ ਕਿਤਾਬ ਸੀ ਜਿਸ 'ਤੇ ਪਾਬੰਦੀ ਲਗਾਈ ਗਈ ਸੀ। ਇਸ ਪਾਬੰਦੀ ਨੂੰ ਹਾਈ ਕੋਰਟ ਵਿੱਚ ਵੀ ਚੁਣੌਤੀ ਦਿੱਤੀ ਗਈ ਸੀ। ਪਰ ਹਾਈਕੋਰਟ ਦੇ ਫੁੱਲ ਬੈਂਚ ਨੇ ਕਈ ਸਾਲਾਂ ਤੱਕ ਸੁਣਵਾਈ ਕਰਨ ਤੋਂ ਬਾਅਦ 2017 ਵਿੱਚ ਕਿਤਾਬ 'ਤੇ ਲੱਗੀ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪਟੀਸ਼ਨ ਖਾਰਜ ਕਰ ਦਿੱਤੀ ਗਈ। ਅੱਜ ਵੀ ਇਸ ਪੁਸਤਕ 'ਤੇ ਪਾਬੰਦੀ ਜਾਰੀ ਹੈ।

ਕਾਂਗਰਸ ਖਿਲਾਫ਼ ਲੜਾਈ

ਨੰਦ ਕੁਮਾਰ ਬਘੇਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨੰਦ ਕੁਮਾਰ ਬਘੇਲ ਭਾਜਪਾ ਦੇ ਖਿਲਾਫ ਲਗਾਤਾਰ ਬੋਲਦੇ ਰਹੇ ਪਰ ਨੰਦ ਕੁਮਾਰ ਬਘੇਲ ਨੇ ਕਈ ਮੌਕਿਆਂ 'ਤੇ ਕਾਂਗਰਸੀ ਉਮੀਦਵਾਰਾਂ ਖਿਲਾਫ ਵੀ ਪ੍ਰਚਾਰ ਕੀਤਾ।

ਇੱਕ ਪਾਸੇ ਭੁਪੇਸ਼ ਬਘੇਲ ਅਣਵੰਡੇ ਮੱਧ ਪ੍ਰਦੇਸ਼ ਦੇ ਦੌਰ ਵਿੱਚ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ, ਜਦਕਿ ਉਨ੍ਹਾਂ ਦੇ ਪਿਤਾ ਨੰਦ ਕੁਮਾਰ ਬਘੇਲ ਕਾਂਗਰਸ ਦੇ ਕੱਟੜ ਆਲੋਚਕ ਸਨ।

ਹਾਲਾਂਕਿ, ਕੁਝ ਮੌਕੇ ਅਜਿਹੇ ਆਏ ਜਦੋਂ ਉਨ੍ਹਾਂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਦੀ ਤਾਰੀਫ ਕੀਤੀ ਅਤੇ ਚੋਣ ਲੜਨ ਲਈ ਕਾਂਗਰਸ ਤੋਂ ਟਿਕਟ ਵੀ ਮੰਗੀ ਪਰ ਜ਼ਿਆਦਾਤਰ ਮੌਕਿਆਂ 'ਤੇ ਉਹ ਕਾਂਗਰਸ ਦੇ ਖਿਲਾਫ ਹੀ ਬੋਲਦੇ ਰਹੇ।

ਦਸੰਬਰ 2018 ਵਿੱਚ ਜਦੋਂ ਭੁਪੇਸ਼ ਬਘੇਲ ਮੁੱਖ ਮੰਤਰੀ ਬਣੇ ਸਨ ਤਾਂ ਵੀ ਨੰਦ ਕੁਮਾਰ ਬਘੇਲ ਉੱਚ ਜਾਤੀ ਦੇ ਮੰਤਰੀਆਂ ਦੇ ਖਿਲਾਫ ਜ਼ੋਰਦਾਰ ਢੰਗ ਨਾਲ ਸਾਹਮਣੇ ਆਏ ਸਨ। ਉਨ੍ਹਾਂ ਕਾਂਗਰਸ ਦੇ ਬ੍ਰਾਹਮਣ ਵਿਧਾਇਕਾਂ, ਮੰਤਰੀਆਂ ਅਤੇ ਨਿਆਂਇਕ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬ੍ਰਾਹਮਣਾਂ ਕਾਰਨ ਸੂਬੇ ਦੇ ਦਲਿਤਾਂ ਅਤੇ ਪਛੜੇ ਲੋਕਾਂ ਨਾਲ ਇਨਸਾਫ਼ ਨਹੀਂ ਹੋ ਰਿਹਾ।

ਨੰਦ ਕੁਮਾਰ ਬਘੇਲ ਨੇ ਆਪਣੇ ਮੁੱਖ ਮੰਤਰੀ ਪੁੱਤਰ ਅੱਗੇ ਇਹ ਸ਼ਰਤ ਰੱਖੀ ਕਿ ਜੇਕਰ ਉਹ ਬਸਤਰ, ਜੋ ਕਿ ਦਿੱਲੀ ਅਤੇ ਕੇਰਲਾ ਵਰਗੇ ਸੂਬਿਆਂ ਨਾਲੋਂ ਵੱਡਾ ਹੈ, ਉਸ ਦੇ ਆਦਿਵਾਸੀਆਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਨ, ਤਾਂ ਉਹ ਉੱਥੋਂ ਸਾਰੇ ਉੱਚ ਜਾਤੀ ਦੇ ਅਫ਼ਸਰਾਂ ਨੂੰ ਬਰਖਾਸਤ ਕਰਕੇ ਉਹਨਾਂ ਦੀ ਥਾਂ ਪੱਛੜੀ ਜਾਤੀ ਦੇ ਅਫ਼ਸਰ ਨਿਯੁਕਤ ਕਰੇ।

ਜਦੋਂ ਭੁਪੇਸ਼ ਬਘੇਲ ਦੀ ਸਰਕਾਰ ਨੇ ਸੂਬੇ ਵਿੱਚ ਰਾਮ ਵਣਗਮਨ ਮਾਰਗ ਬਣਾਉਣਾ ਸ਼ੁਰੂ ਕੀਤਾ ਤਾਂ ਨੰਦ ਕੁਮਾਰ ਬਘੇਲ ਇਸ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ। ਕੁਝ ਥਾਵਾਂ 'ਤੇ ਉਹਨਾਂ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਸਰਕਾਰੀ ਬੋਰਡ ਉਖਾੜ ਦਿੱਤੇ ਅਤੇ ਉਸ ਜਗ੍ਹਾ ਨੂੰ ਬੋਧੀ ਮੱਠ ਐਲਾਨ ਦਿੱਤਾ।

ਨੰਦ ਕੁਮਾਰ ਬਘੇਲ ਨੇ ਇਸ ਮੁੱਦੇ 'ਤੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ, "ਅਜਿਹਾ ਕੋਈ ਰਸਤਾ ਨਹੀਂ ਹੈ, ਇਹ ਸਿਰਫ਼ ਬ੍ਰਾਹਮਣਾਂ ਦੇ ਦਿਮਾਗ ਦੀ ਉਪਜ ਹੈ ਅਤੇ ਸੰਘ ਦਾ ਏਜੰਡਾ ਹੈ। ਮੈਂ ਕਬਾਇਲੀ ਇਲਾਕਿਆਂ ਦਾ ਦੌਰਾ ਕੀਤਾ ਹੈ। ਉਨ੍ਹਾਂ ਇਲਾਕਿਆਂ 'ਚ ਬੇਅੰਤ ਜੜ੍ਹੀ-ਬੂਟੀਆਂ ਹਨ। ਜੇ ਭੂਪੇਸ਼ ਬਘੇਲ ਨੇ ਕੁਝ ਕਰਨਾ ਹੈ ਤਾਂ ਇਸ ਇਲਾਕੇ ਵਿੱਚ ਇੱਕ ਖੋਜ ਕੇਂਦਰ ਬਣਾਓ, ਤਾਂ ਜੋ ਦੁਨੀਆਂ ਨੂੰ ਇਸ ਦਾ ਲਾਭ ਮਿਲ ਸਕੇ। ਇਸ ਰਾਮ ਮੰਦਰ ਅਤੇ ਰਾਮ ਵਣ ਗਮਨ ਮਾਰਗ ਦਾ ਲਾਭ ਕਿਸ ਨੂੰ ਹੋਵੇਗਾ?

ਨੰਦ ਕੁਮਾਰ ਬਘੇਲ ਭਾਜਪਾ ਦੇ ਖਿਲਾਫ ਲਗਾਤਾਰ ਬੋਲਦੇ ਰਹੇ ਪਰ ਨੰਦ ਕੁਮਾਰ ਬਘੇਲ ਨੇ ਕਈ ਮੌਕਿਆਂ 'ਤੇ ਕਾਂਗਰਸੀ ਉਮੀਦਵਾਰਾਂ ਖਿਲਾਫ ਵੀ ਪ੍ਰਚਾਰ ਕੀਤਾ। ਇੱਥੋਂ ਤੱਕ ਕਿ ਉਹ ਆਪਣੇ ਪੁੱਤਰ ਦੇ ਕਈ ਫੈਸਲਿਆਂ ਵਿਰੁੱਧ ਮੋਰਚਾ ਖੋਲ੍ਹਣ ਤੋਂ ਵੀ ਨਹੀਂ ਟਲੇ।

ਇੱਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ, "ਭੁਪੇਸ਼ ਬਘੇਲ ਨੇ ਭਾਵੇਂ ਕਿੰਨੀ ਵੀ ਕੋਸ਼ਿਸ਼ ਕੀਤੀ, ਉਹ ਆਪਣੇ ਪਿਤਾ ਨੂੰ ਮਨਾਉਣ ਵਿੱਚ ਅਸਫਲ ਰਹੇ। ਉਹ ਇੱਕ ਪਿਤਾ ਦੇ ਰੂਪ ਵਿੱਚ ਉਨ੍ਹਾਂ ਦਾ ਸਤਿਕਾਰ ਕਰਦੇ ਸਨ ਪਰ ਵੱਖ-ਵੱਖ ਮੁੱਦਿਆਂ 'ਤੇ ਉਨ੍ਹਾਂ ਦੇ ਕੱਟੜ ਵਿਚਾਰਾਂ ਨੇ ਭੁਪੇਸ਼ ਬਘੇਲ ਨੂੰ ਕਈ ਵਾਰ ਮੁਸ਼ਕਲ ਵਿੱਚ ਪਾ ਦਿੱਤਾ ਸੀ। ਇਸ ਲਈ ਦੋਵੇਂ ਵੱਖ-ਵੱਖ ਰਹਿੰਦੇ ਸਨ।”

ਉਨ੍ਹਾਂ ਕਿਹਾ, “ਵਿਚਾਰਧਾਰਕ ਤੌਰ 'ਤੇ ਵੱਖ-ਵੱਖ ਹੋਣ ਦੇ ਬਾਵਜੂਦ ਦੋਵੇਂ ਇੱਕ-ਦੂਜੇ ਦੀ ਇੱਜ਼ਤ ਕਰਦੇ ਸਨ। ਨੰਦ ਕੁਮਾਰ ਬਘੇਲ ਆਪਣੇ-ਆਪ ਨੂੰ ਭੁਪੇਸ਼ ਬਘੇਲ ਮਾਣਮੱਤਾ ਪਿਤਾ ਕਹਿੰਦੇ ਸਨ ਪਰ ਪਿਤਾ-ਪੁੱਤ ਦੇ ਇਸ ਰਿਸ਼ਤੇ ਨੂੰ ਸਮਝਣਾ ਸੌਖਾ ਨਹੀਂ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)