You’re viewing a text-only version of this website that uses less data. View the main version of the website including all images and videos.
'ਮੁਸਲਮਾਨ ਮੁਸਲਮਾਨੀ 'ਤੇ ਖੁਸ਼, ਇੰਡੀਅਨ ਕਿ ਉਨ੍ਹਾਂ ਦੀ ਮਾਂ ਇੰਡੀਆ ਦੀ ਫ਼ਿਲਮ ਮੇਕਰ ਹੈ', ਜ਼ੋਹਰਾਨ ਮਮਦਾਨੀ ਦੀ ਜਿੱਤ ਬਾਰੇ ਮੁਹੰਮਦ ਹਨੀਫ਼ ਦੀ ਟਿੱਪਣੀ
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਜ਼ੋਹਰਾਨ ਮਮਦਾਨੀ ਨੇ ਇਲੈਕਸ਼ਨ ਨਿਊਯਾਰਕ ਦੇ ਮੇਅਰ ਦਾ ਜਿੱਤਿਆ ਪਰ ਬੱਲੇ-ਬੱਲੇ ਹਰ ਪਾਸੇ ਹੋ ਰਹੀ ਹੈ। ਮਾੜੇ ਨੂੰ ਜਿੱਤਦਾ ਦੇਖ ਕੇ ਮਾੜੇ ਆਪ ਹੌਂਸਲਾ ਨਾ ਵੀ ਫੜਨ ਲੇਕਿਨ ਅੰਦਰੋਂ ਖੁਸ਼ ਜ਼ਰੂਰ ਹੁੰਦੇ ਹਨ।
ਮਮਦਾਨੀ ਦਾ ਮੁਕਾਬਲਾ ਸੀ ਅਮਰੀਕਾ ਦੇ ਬਿਲੀਅਨਰ, ਸ਼ਾਹੂਕਾਰਾਂ ਨਾਲ। ਹੁਣ ਗ਼ਰੀਬਾਂ ਵਾਲੀ ਸਿਆਸਤ ਦਾ ਫ਼ੈਸ਼ਨ ਕੋਈ ਰਹਿ ਨਹੀਂ ਗਿਆ। ਇਸ ਲਈ ਮੈਦਾਨ ਜਦੋਂ ਮਮਦਾਨੀ ਨੇ ਮਾਰਿਆ ਤਾਂ ਸਾਡੇ ਵਰਗੇ ਸਾਰੇ ਮਾਤੜਾਂ ਨੇ ਆਪਣੇ ਆਪ ਨੂੰ ਨਿੱਕਾ-ਮੋਟਾ ਮਮਦਾਨੀ ਸਮਝਣਾ ਸ਼ੁਰੂ ਕਰ ਛੱਡਿਆ।
ਮੁਸਲਮਾਨ ਉਸ ਦੀ ਮੁਸਲਮਾਨੀ 'ਤੇ ਖੁਸ਼ ਹਨ। ਇੰਡੀਅਨ ਇਸ ਗੱਲ 'ਤੇ ਖੁਸ਼ ਹਨ ਕਿ ਉਨ੍ਹਾਂ ਦੀ ਮਾਂ ਇੰਡੀਆ ਦੀ ਮਸ਼ਹੂਰ ਫਿਲਮ ਮੇਕਰ ਮੀਰਾ ਨਾਇਰ ਹੈ। 'ਮਾਨਸੂਨ ਵੈਡਿੰਗ' ਫਿਲਮ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਵੇਗੀ।
ਸਾਡੇ ਪ੍ਰੋਫੈਸਰ ਭਰਾ ਯਾਦ ਕਰਵਾਉਂਦੇ ਹਨ ਕਿ ਮਮਦਾਨੀ ਦਾ ਪਿਓ ਇੱਕ ਵੱਡਾ ਪ੍ਰੋਫੈਸਰ ਹੈ ਤੇ ਉਹ ਬਚਪਨ ਤੋਂ ਹੀ ਉਨ੍ਹਾਂ ਦੀਆਂ ਕਿਤਾਬਾਂ ਪੜ੍ਹ ਰਹੇ ਹਨ।
ਉੱਤੋਂ ਪਾਕਿਸਤਾਨ ਦੇ ਮਾਰਕਸਿਸਟ ਵੀ ਅੰਦਰੋਂ-ਅੰਦਰੀ ਖੁਸ਼ ਹਨ ਤੇ ਇਹ ਕਹਿ ਰਹੇ ਹੋਣਗੇ ਕਿ ਕੀ ਹੋਇਆ ਜੇ ਲਾਹੌਰ ਸ਼ਹਿਰ 'ਚੋਂ ਅਸੀਂ ਇੱਕ ਕੌਂਸਲਰ ਦਾ ਇਲੈਕਸ਼ਨ ਨਹੀਂ ਜਿੱਤ ਸਕਦੇ ਲੇਕਿਨ ਨਿਊਯਾਰਕ ਦੀ ਅਖ਼ਬਾਰ ਨੇ ਇਹ ਖ਼ਬਰ ਛਾਪ ਦਿੱਤੀ ਹੈ ਕਿ ਮਮਦਾਨੀ ਦੀ ਜਿੱਤ ਦੇ ਪਹਿਲੇ ਪਾਕਿਸਤਾਨੀ ਮਾਰਕਸਿਸਟਾਂ ਦਾ ਹੱਥ ਹੈ।
'ਰੋਟੀ, ਕੱਪੜਾ ਔਰ ਮਕਾਨ'
ਇੱਕ ਮੁਬਾਰਕ ਆਈ ਹੈ ਪੀਪਲਜ਼ ਪਾਰਟੀ ਦੇ ਬਿਲਾਵਲ ਭੁੱਟੋ ਦੀ ਤਰਫੋਂ। ਉਨ੍ਹਾਂ ਕਿਹਾ ਕਿ ਮਮਦਾਨੀ ਉਹੀ ਨਾਅਰਾ ਮਾਰ ਕੇ ਜਿੱਤਿਆ, ਜਿਹੜਾ ਇਸ ਦੁਨੀਆਂ ਨੂੰ ਮੇਰੇ ਨਾਨੇ ਜ਼ੁਲਫਿਕਾਰ ਅਲੀ ਭੁੱਟੋ ਨੇ ਦਿੱਤਾ ਸੀ। ਉਹ ਨਾਅਰਾ ਸੀ - 'ਰੋਟੀ, ਕੱਪੜਾ ਔਰ ਮਕਾਨ'।
ਗੱਲ ਅੱਧੀ ਸੱਚੀ ਵੀ ਹੈ। ਮਮਦਾਨੀ ਦਾ ਨਾਅਰਾ ਇਹੀ ਸੀ ਕਿ ਨਿਊਯਾਰਕ ਵਿੱਚ ਮਹਿੰਗਾਈ ਬਹੁਤ ਹੈ। ਕਾਮਿਆਂ ਦਾ ਗੁਜ਼ਾਰਾ ਨਹੀਂ ਹੁੰਦਾ। ਮੈਂ ਰੋਟੀ ਸਸਤੀ ਕਰਾਂਗਾ, ਘਰਾਂ ਦੇ ਕਿਰਾਏ ਨਹੀਂ ਵਧਣ ਦਿਆਂਗਾ ਅਤੇ ਨਵੇਂ ਘਰ ਵੀ ਬਣਾਵਾਂਗਾ।
ਭੁੱਟੋ ਨੇ ਵੀ ਪਾਕਿਸਤਾਨ ਦੀ ਉਦੋਂ ਦੀ ਇਸਟੈਬਲਿਸ਼ਮੈਂਟ ਤੇ ਸ਼ਾਹੂਕਾਰਾ ਦੇ ਗਿਰੇਬਾਨੀ ਹੱਥ ਪਾਇਆ ਸੀ, ਮਮਦਾਨੀ ਨੇ ਵੀ ਪਾਇਆ।
ਹੁਣ ਨਿਊਯਾਰਕ ਵਾਲੇ ਜਾਨਣ ਤੇ ਉਨ੍ਹਾਂ ਦਾ ਮੁੰਡਾ ਮੇਅਰ, ਲੇਕਿਨ ਇੱਥੇ ਵੀ ਜਿਹੜੀ ਪੀਪਲਜ਼ ਪਾਰਟੀ ਰੋਟੀ ਕੱਪੜਾ ਤੇ ਮਕਾਨ ਦਾ ਨਾਅਰਾ ਲੈ ਕੇ ਆਈ ਸੀ, ਉਹ 'ਤੇ ਹੁਣ ਹੋਰ ਕਿਸੇ ਪਾਸੇ ਤੁਰ ਪਈ ਹੈ।
ਜਿਸ ਇਸਟੈਬਲਿਸ਼ਮੈਂਟ ਨਾਲ ਭੁੱਟੇ ਨੇ ਵਾਹ ਪਾਇਆ ਸੀ, ਹੁਣ ਪੀਪਲਜ਼ ਪਾਰਟੀ ਉਸੇ ਇਸਟੈਬਲਿਸ਼ਮੈਂਟ ਦੀ 'ਬੀ ਟੀਮ' ਹੋ ਕੇ ਬੜੀ ਖੁਸ਼ ਵੀ ਹੈ ਤੇ ਫ਼ਖਰ ਵੀ ਕਰਦੀ ਹੈ।
'ਉਹੀ ਸੇਠ ਪਾਰਟੀ ਵੀ ਚਲਾਉਂਦੇ ਹਨ ਤੇ ਆਪਣੇ ਧੰਦੇ ਵੀ'
ਜਿਹੜੇ ਸ਼ਾਹੂਕਾਰਾਂ ਕੋਲੋਂ ਦੌਲਤ ਖੋਹ ਕੇ ਭੁੱਟੋ ਨੇ ਗ਼ਰੀਬਾਂ ਵਿੱਚ ਵੰਡਣੀ ਸੀ, ਹੁਣ ਉਹੀ ਸੇਠ ਪਾਰਟੀ ਵੀ ਚਲਾਉਂਦੇ ਹਨ ਤੇ ਆਪਣੇ ਧੰਦੇ ਵੀ, ਪਾਰਟੀ ਵੀ ਖੁਸ਼ ਤੇ ਸੇਠ ਵੀ ਖੁਸ਼ ਅਤੇ ਬਾਕੀ ਬਚੇ ਗ਼ਰੀਬ, ਉਨ੍ਹਾਂ ਦੀ ਹੁਣ ਸਾਰੀ ਜ਼ਿੰਦਗੀ ਰੋਟੀ ਦੇ ਚੱਕਰ 'ਚ ਲੰਘ ਜਾਂਦੀ ਹੈ। ਤੇ ਉਹ ਇਹ ਵੀ ਭੁੱਲ ਗਏ ਨੇ ਕਿ ਕਿਸੇ ਨੇ ਉਨ੍ਹਾਂ ਨੂੰ ਕੱਪੜੇ-ਮਕਾਨ ਦਾ ਲਾਰਾ ਵੀ ਲਾਇਆ ਸੀ।
ਜੇ ਮਮਦਾਨੀ ਸਾਹਿਬ ਅੱਜਕੱਲ੍ਹ ਦੀ ਪੀਪਲਜ਼ ਪਾਰਟੀ ਵੱਲੇ ਪਾਸੇ ਤੁਰ ਪਏ ਤਾਂ ਚਾਰ ਸਾਲ ਬਾਅਦ ਉਨ੍ਹਾਂ ਨੇ ਵੀ ਇਹੀ ਕਹਿਣਾ ਕਿ ਇਨ੍ਹਾਂ ਗ਼ਰੀਬਾਂ ਦਾ ਤਾਂ ਕਦੇ ਡਿੱਢ ਹੀ ਨਹੀਂ ਭਰਦਾ। ਇਹ ਸ਼ਾਹੂਕਾਰ ਵੀ ਆਖਰ ਇਨਸਾਨ ਹਨ, ਇਨ੍ਹਾਂ ਦੀਆਂ ਵੀ ਕੁਰਬਾਨੀਆਂ ਹਨ, ਮੈਨੂੰ ਇਨ੍ਹਾਂ ਦਾ ਵੀ ਕੁੱਝ ਨਾ ਕੁੱਝ ਸੋਚਣਾ ਪਏਗਾ।
ਗ਼ਰੀਬਾਂ ਨੇ ਭੁੱਟੋ ਸਾਹਿਬ ਦੀ ਜ਼ਿੰਦਗੀ ਵਿੱਚ ਹੀ ਰੋਟੀ, ਕੱਪੜੇ ਮਕਾਨ ਦੇ ਨਾਅਰੇ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ।
ਜਦੋਂ ਭੁੱਟੋ ਸਾਹਿਬ ਆਪ ਵਜ਼ੀਰ-ਏ-ਆਜ਼ਮ ਸਨ ਤੇ ਫਖ਼ਰ-ਏ-ਏਸ਼ੀਆ ਅਖਵਾਉਂਦੇ ਸਨ, ਗਰੀਬਾਂ ਨੇ ਮਹਿੰਗਾਈ ਦਾ ਰੌਣਾ ਓਦੋਂ ਹੀ ਰੋਣਾ ਸ਼ੁਰੂ ਕਰ ਦਿੱਤਾ ਸੀ। ਉਸਤਾਦ ਦਾਮਨ ਉਨ੍ਹਾਂ ਦੀ ਆਵਾਜ਼ ਬਣੇ ਸਨ ਤੇ ਉਸ ਗੱਲ ਕਰਕੇ ਜੇਲ੍ਹ ਵੀ ਗਏ ਸਨ। ਉਨ੍ਹਾਂ ਨੇ ਹੀ ਫਰਮਾਇਆ ਸੀ -
'ਬੋਸਕੀ ਦੇ ਭਾਅ ਤੂੰ ਵੇਚੀ ਜਾ ਮਲੇਸ਼ੀਆ
ਵਾਹ ਵੀ ਫਖ਼ਰ-ਏ- ਏਸ਼ੀਆ
ਵਾਹ ਵੀ ਫਖ਼ਰ -ਏ- ਏਸ਼ੀਆ
ਰੱਬ ਰਾਖਾ