You’re viewing a text-only version of this website that uses less data. View the main version of the website including all images and videos.
'ਤਾਲਿਬਾਨ ਨੇ ਬਾਰਡਰ ਕੀ ਮੰਨਣਾ, ਉਹ ਤਾਂ ਹੁਣ ਪਾਕਿਸਤਾਨੀਆਂ ਨੂੰ ਮੁਸਲਮਾਨ ਮੰਨਣ ਨੂੰ ਵੀ ਤਿਆਰ ਨਹੀਂ' - ਹਨੀਫ਼ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਕੋਈ ਜ਼ਿਆਦਾ ਵੇਲਾ ਨਹੀਂ ਗੁਜ਼ਰਿਆ, ਦੁਨੀਆਂ ਵਿੱਚ ਕਿਸੇ ਨੇ ਵੀ ਤਾਲੀਬਾਨ ਦੇ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਨਾਲ ਗੱਲ ਕਰਨੀ ਪੈਂਦੀ ਸੀ ਤੇ ਸਾਰੇ ਦੇ ਸਾਰੇ ਲੱਭ ਵੀ ਇੱਥੇ ਜਾਂਦੇ ਸਨ। ਕੋਈ ਪਿੰਡੀ, ਕੋਈ ਪਿਸ਼ੌਰ, ਕੋਈ ਅਕੋੜਾ ਖੱਟਕ, ਕੋਈ ਕੁਇਟਾ।
ਦੁਨੀਆਂ ਨੇ ਭਾਵੇਂ ਤਾਲਿਬਾਨ ਦੇ ਨਾਲ ਸੁਲਾਹ ਕਰਨੀ ਹੋਵੇ, ਭਾਵੇਂ ਨਵਾਂ ਯੁੱਧ ਸ਼ੁਰੂ ਕਰਨਾ ਹੋਵੇ, ਤਾਲਿਬਾਨ ਦਾ ਕੋਈ ਬੰਦਾ ਜਾਂ ਕੋਈ ਲੀਡਰ ਚੁੱਕਵਾਉਣਾ ਹੋਵੇ, ਮਰਵਾਉਣਾ ਹੋਵੇ ਸਭ ਤੋਂ ਪਹਿਲਾਂ ਉਹ ਇਸਲਾਮਾਬਾਦ ਪਹੁੰਚਦੇ ਸਨ ਤੇ ਸ਼ਾਇਦ ਸਹੀ ਪਹੁੰਚਦੇ ਸਨ।
ਕਿਉਂਕਿ ਦੁਨੀਆਂ ਨੂੰ ਪਤਾ ਸੀ ਕਿ ਅਮੀਰੁਲ ਮੋਮਨੀਨ ਭਾਵੇਂ ਤਾਲਿਬਾਨ ਦਾ ਹੋਵੇ, ਉਸਦੇ ਕੋਲੋਂ ਪਾਸਪੋਰਟ ਪਾਕਿਸਤਾਨੀ ਨਿਕਲਦਾ। ਉਸਦੇ ਬੁੱਢੀ ਬੱਚੇ ਵੀ ਪਾਕਿਸਤਾਨ 'ਚ ਕਿਤੇ ਸਕੂਨ ਦੀ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਹਨ।
ਹੁਣ ਤਾਲਿਬਾਨ ਦੀ ਕਾਬੁਲ ਵਿੱਚ ਹਕੂਮਤ ਹੈ ਤੇ ਉਨ੍ਹਾਂ ਦੇ ਪੁਰਾਣੇ ਸੱਜਣ ਜਿਹੜੇ ਹਨ ਉਹ ਪਾਕਿਸਤਾਨ 'ਚ ਬੈਠੇ ਨੇ। ਲੇਕਿਨ ਹੁਣ ਪਾਕਿਸਤਾਨ ਨੇ ਤਾਲਿਬਾਨ ਦੇ ਨਾਲ ਗੱਲ ਕਰਨੀ ਹੋਵੇ ਤਾਂ ਉਹ ਗੱਲਬਾਤ ਹੁੰਦੀ ਏ ਜਾਂ ਤੇ ਕਤਰ ਦੇ ਦੋਹਾ ਦੇ ਕਿਸੇ ਕਾਨਫਰੰਸ ਰੂਮ ਵਿੱਚ ਜਾਂ ਇਸਤਾਨਬੁਲ ਵਿੱਚ, ਉਹ ਵੀ ਵਿਚੋਲਿਆਂ ਨੂੰ ਨਾਲ ਬਿਠਾ ਕੇ।
ਉਰਦੂ ਦੇ ਸ਼ਾਇਰ ਅਹਿਮਦ ਫ਼ਰਾਜ਼ ਸਾਹਿਬ ਫ਼ੁਰਮਾ ਗਏ ਸਨ, 'ਸਿਲਸਿਲੇ ਤੋੜ ਗਿਆ ਵੋ ਸਭੀ ਜਾਤੇ ਜਾਤੇ, ਵਰਨਾ ਇਤਨੇ ਤੋਂ ਮਾਰਾਸਿਮ ਥੇ ਕਿ ਆਤੇ ਜਾਤੇ'।
ਤਾਲਿਬਾਨ ਦੀ ਲੀਡਰਸ਼ਿਪ ਜੇ ਸਾਰੀ ਦੀ ਸਾਰੀ ਪਾਕਿਸਤਾਨ ਦੀ ਜੰਮਪਲ ਨਹੀਂ, ਉਨ੍ਹਾਂ 'ਚੋਂ ਜ਼ਿਆਦਿਆਂ ਦੀ ਤਾਮੀਲ ਸਾਡੇ ਮਦਰਸਿਆਂ ਵਿੱਚ ਹੋਈ ਹੈ। ਹੋਰ ਉਨ੍ਹਾਂ ਨੂੰ ਪਤਾ ਨਹੀਂ ਕੀ ਪੜ੍ਹਾਇਆ ਗਿਆ ਹੈ ਜਾਂ ਨਹੀਂ। ਲੇਕਿਨ ਇੱਕ ਸਬਕ ਉਨ੍ਹਾਂ ਨੂੰ ਜ਼ਰੂਰ ਰਟਾਇਆ ਗਿਆ ਹੈ ਕਿ ਤਾਰੀਖ਼ ਵਿੱਚ ਅਫ਼ਗਾਨਿਸਤਾਨ ਨੂੰ ਕੋਈ ਫ਼ਤਿਹ ਨਹੀਂ ਕਰ ਸਕਿਆ।
ਇਹ ਦੱਸਿਆ ਗਿਆ ਹੈ ਕਿ ਜਦੋਂ ਹਿੰਦੁਸਤਾਨ, ਪਾਕਿਸਤਾਨ ਵਿੱਚ ਅੰਗਰੇਜ਼ ਦੀ ਹਕੂਮਤ ਸੀ, ਅਫ਼ਗਾਨ ਉਦੋਂ ਵੀ ਆਜ਼ਾਦ ਸੀ। ਰੂਸੀ ਇੱਥੇ ਆਏ, ਨੱਸ ਗਏ। ਅਮਰੀਕੀਆਂ ਨੇ ਖ਼ਰਬਾਂ ਡਾਲਰ ਖਰਚ ਕੀਤੇ ਆਖ਼ਰ ਤੇ ਹੱਥ ਬੰਨ੍ਹ ਕੇ ਘਰਾਂ ਵਾਪਸ-ਨੂੰ ਟੁਰ ਗਏ।
ਇਹ ਝੂਠਾ ਸੱਚਾ ਸਬਕ ਜਿਹੜਾ ਅਸੀਂ ਆਪ ਆਪਣੇ ਮਦਰਸਿਆਂ ਵਿੱਚ ਤਾਲਿਬਾਨ ਨੂੰ ਪੜ੍ਹਾਇਆ ਸੀ, ਹੁਣ ਸਾਨੂੰ ਉਹ ਸਬਕ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਉਨ੍ਹਾਂ ਦੇ ਨਾਲ ਜਿਹੜੇ ਪਾਕਿਸਤਾਨੀ ਤਾਲਿਬਾਨ ਸਨ, ਉਹਨਾਂ ਨੇ ਵੀ ਇਹ ਸਬਕ ਪੜ੍ਹਿਆ, ਤੇ ਹੁਣ ਉਹ ਵੀ ਇਹੀ ਬੋਲੀ ਬੋਲਦੇ ਨੇ ਕਿ ਜਿਸ ਤਰ੍ਹਾਂ ਅਸੀਂ ਕਾਬੁਲ ਅਜ਼ਾਦ ਕਰਵਾਇਆ ਸੀ, ਇਵੇਂ ਇੱਕ ਦਿਨ ਇਸਲਾਮਾਬਾਦ ਵੀ ਆਜ਼ਾਦ ਕਰਾਵਾਂਗੇ। ਜੇ ਹੋਰ ਕੁੱਝ ਨਹੀਂ ਅਟਕ ਤੱਕ ਦਾ ਤੇ ਪਾਕਿਸਤਾਨ ਹੈ ਹੀ ਸਾਡਾ।
ਉਹ ਵਿਚਾਰੇ ਪਾਕਿਸਤਾਨੀ ਜਿਹੜੇ ਡਰਦੇ ਡਰਦੇ ਕਹਿੰਦੇ ਸਨ ਕਿ ਸੱਪਾਂ ਦੇ ਬਾਲਾਂ ਨੂੰ ਦੁੱਧ ਪਿਆਓ ਤੇ ਉਹ ਸੱਜਣ ਨਹੀਂ ਬਣ ਜਾਂਦੇ, ਉਨ੍ਹਾਂ ਨੂੰ ਇੱਕ ਹੋਰ ਲਾਰਾ ਲਾਇਆ ਗਿਆ ਸੀ।
ਸਾਡੇ ਇੱਕ ਆਰਮੀ ਚੀਫ਼ ਹੁੰਦੇ ਸਨ ਜਨਰਲ ਮਿਰਜ਼ਾ ਅਸਲਮ ਬੇਗ ਸਾਹਿਬ। ਉਨ੍ਹਾਂ ਨੇ ਫਰਮਾਇਆ ਸੀ ਕਿ ਅਫ਼ਗਾਨਿਸਤਾਨ ਸਾਨੂੰ 'ਸਟ੍ਰੈਟਿਜਿਕ ਡੈਪਥ' ਦੇਵੇਗਾ।
ਡਿਕਸ਼ਨਰੀ ਵਿੱਚ ਇਸ ਦਾ ਮਤਲਬ ਦੇਖਿਆ ਪਰ ਫਿਰ ਵੀ ਗੱਲ ਸਮਝ ਨਹੀਂ ਆਈ। ਫਿਰ ਕਿਸੇ ਨੇ ਇਸ ਦਾ ਉਰਦੂ 'ਚ ਤਰਜ਼ਮਾ ਕਰ ਦਿੱਤਾ, ਉਹ ਤਰਜ਼ਮਾ ਸੀ 'ਤਜ਼ਬੀਰਾਤੀ ਗਹਿਰਾਈ'। ਬੱਸ ਗੱਲ ਏਨੀ ਸਮਝ ਆਈ ਕਿ ਜਿੰਨਾ ਔਖਾ ਲਫ਼ਜ਼ ਹੋਵੇਗਾ ਉਹ ਕੂੜ ਵੀ ਓਡਾ ਹੀ ਵੱਡਾ ਹੋਵੇਗਾ।
ਲਾਰਾ ਪਾਕਿਸਤਾਨੀਆਂ ਨੂੰ ਇਹ ਲਾਇਆ ਗਿਆ ਸੀ ਕਿ ਜੇ ਪੁਰਾਣੇ ਦੁਸ਼ਮਣ ਇੰਡੀਆ ਨੇ ਚੜ੍ਹਾਈ ਕਰ ਦਿੱਤੀ ਤੇ ਅਫ਼ਗਾਨਿਸਤਾਨ ਸਾਡੇ ਨਾਲ ਮੋਢਾ ਲਾ ਕੇ ਖੜੋ ਜਾਵੇਗਾ।
ਗੱਲ ਫਿਰ ਵੀ ਸਮਝ ਨਹੀਂ ਆਈ ਤੇ ਕਿਸੇ ਡਿਫੈਂਸ ਐਨਾਲਿਸਟ ਨੇ ਸਾਫ਼ ਕਰਕੇ ਸਮਝਾਇਆ, ਕਿ ਅੱਲ੍ਹਾ ਨਾ ਕਰੇ ਜੇ ਇੰਡੀਆਂ ਨੇ ਚੜ੍ਹਾਈ ਕਰ ਦਿੱਤੀ, ਅੰਦਰ ਵੜ੍ ਆਇਆ ਤੇ ਅਸੀਂ ਆਪਣੇ ਟੈਂਕ, ਜਹਾਜ਼ ਅਫ਼ਗਾਨਿਸਤਾਨ ਕੋਲ ਲੈ ਜਾਵਾਂਗੇ ਤੇ ਓੱਥੇ ਬੈਹਿ ਕੇ ਗ਼ੈਰਾ ਵਿੱਚ ਇੰਝ ਲੜਾਂਗੇ ਜਿਵੇਂ ਅਫ਼ਗਾਨ ਸਦੀਆਂ ਤੋਂ ਲੜਦੇ ਆਏ ਨੇ।
ਅੱਧੀ ਗੱਲ ਸੱਚੀ ਸਾਬਿਤ ਹੋਈ। ਇੰਡੀਆ ਪਾਕਿਸਤਾਨ ਦਾ ਬਾਰਡਰ ਗਰਮ ਹੋਇਆ, ਚਾਰ-ਪੰਜ ਦਿਨ ਬਾਅਦ ਠੰਢਾ ਵੀ ਹੋ ਗਿਆ।
ਹੁਣ ਤਾਲਿਬਾਨ ਨਾਲ ਅਫ਼ਗਾਨਿਸਤਾਨ ਦਾ ਬਾਰਡਰ ਐਨਾ ਗਰਮ ਹੋਇਆ ਕਿ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਨਹੀਂ। ਤਾਲਿਬਾਨ ਨੇ ਬਾਰਡਰ ਕੀ ਮੰਨਣਾ ਹੈ ਉਹ ਤੇ ਹੁਣ ਪਾਕਿਸਤਾਨੀਆਂ ਨੂੰ ਹੁਣ ਮੁਸਲਮਾਨ ਵੀ ਮੰਨਣ 'ਤੇ ਤਿਆਰ ਨਹੀਂ।
ਜਿਹੜਾ ਸਬਕ ਅਸੀਂ ਪਾਕਿਸਤਾਨ ਦੇ ਮਦਰਸਿਆਂ ਵਿੱਚ ਤਾਲਿਬਾਨ ਨੂੰ ਪੜ੍ਹਾਇਆ ਸੀ। ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੋ ਗਿਆ ਹੈ। ਸਾਨੂੰ ਜਿਹੜਾ ਸਬਕ ਪੜ੍ਹਾਇਆ ਗਿਆ ਸੀ ਰਿਆਸਤ ਨੇ ਕਿ 'ਸਟ੍ਰੈਟਿਜਿਕ ਡੈਪਥ' ਸਾਨੂੰ ਮਿਲੇਗੀ ਉਹ ਸਾਨੂੰ ਭੁੱਲ ਗਿਆ ਹੈ, ਹੁਣ ਸਾਨੂੰ ਕੋਈ ਨਵਾਂ ਸਬਕ ਪੜ੍ਹ ਦਿਓ।
ਪੰਜਾਬੀ ਦਾ ਸ਼ਾਇਰ ਕੋਈ ਲਿਖ ਗਿਆ ਸੀ ਤੇ ਮੈਡਮ ਨੂਰ ਜਹਾਂ ਗਾ ਗਏ ਸੀ, 'ਕੋਈ ਨਵਾਂ ਲਾਰਾ ਲਾ ਕੇ ਮੈਨੂੰ ਰੋਲ ਜਾ, ਝੂਠਿਆ ਵੇ ਇੱਕ ਝੂਠ ਹੋਰ ਬੋਲ ਜਾ'।
ਰੱਬ ਰਾਖਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ