You’re viewing a text-only version of this website that uses less data. View the main version of the website including all images and videos.
ਆਜ਼ਾਦੀ ਦੀ ਲੜਾਈ ਦੀ ਗੁਮਨਾਮ ਨਾਇਕਾ ਹੌਸਾ ਬਾਈ ਪਾਟਿਲ ਤੇ 'ਤੂਫ਼ਾਨ ਸੈਨਾ' ਦੀ ਕਹਾਣੀ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਸਹਿਯੋਗੀ
ਗੱਲ ਸਾਲ 1943 ਦੀ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਭਵਾਨੀ ਨਗਰ ਦੇ ਥਾਣੇ ਵਿੱਚ ਇੱਕ ਅਜੀਬ ਦ੍ਰਿਸ਼ ਸੀ। ਹੌਸਾ ਬਾਈ ਪਾਟਿਲ ਦਾ ਪਤੀ ਨਸ਼ੇ ਵਿੱਚ ਉਨ੍ਹਾਂ ਪੁਲਿਸ ਵਾਲਿਆਂ ਦੇ ਸਾਹਮਣੇ ਉਸ ਨੂੰ ਕੁੱਟਦਾ ਹੀ ਜਾ ਰਿਹਾ ਸੀ।
ਉਸ ਨੂੰ ਕੁੱਟਣ ਤੋਂ ਬਾਅਦ, ਉਸਦੇ ਪਤੀ ਨੇ ਇੱਕ ਵੱਡਾ ਪੱਥਰ ਚੁੱਕਿਆ ਅਤੇ ਚੀਕਿਆ, "ਮੈਂ ਤੈਨੂੰ ਹੁਣੇ ਇਸ ਪੱਥਰ ਨਾਲ ਮਾਰ ਦਿਆਂਗਾ।"
ਇਹ ਸੁਣ ਕੇ ਬਾਹਰ ਖੜ੍ਹੇ ਦੋ ਪੁਲਿਸ ਮੁਲਾਜ਼ਮ ਕਮਰੇ ਦੇ ਅੰਦਰ ਚਲੇ ਗਏ, ਸ਼ਾਇਦ ਉਹ ਉਨ੍ਹਾਂ ਦੇ ਕਤਲ ਦੇ ਗਵਾਹ ਨਹੀਂ ਬਣਨਾ ਚਾਹੁੰਦੇ ਸਨ।
ਹੌਸਾ ਬਾਈ ਨੇ ਬਾਅਦ ਵਿੱਚ ਦੱਸਿਆ, "ਪੁਲਿਸ ਵਾਲਿਆਂ ਨੇ ਸਾਡੀ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਉੱਥੇ ਮੇਰਾ ਇੱਕ ਭਰਾ ਵੀ ਮੌਜੂਦ ਸੀ। ਮੈਂ ਉਸ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਮੇਰੇ ਪਤੀ ਦੇ ਘਰ ਵਾਪਸ ਨਾ ਜਾਣ ਦੇਵੇ।
ਮੈਂ ਕਿਹਾ ਕਿ ਮੈਂ ਕਿਸੇ ਵੀ ਕੀਮਤ 'ਤੇ ਉਸਦੇ ਨਾਲ ਨਹੀਂ ਜਾਵਾਂਗੀ। ਮੈਂ ਇੱਥੇ ਹੀ ਰਹਾਂਗੀ। ਮੈਨੂੰ ਆਪਣੇ ਘਰ ਦੇ ਨੇੜੇ ਇੱਕ ਛੋਟੀ ਜਿਹੀ ਜਗ੍ਹਾ ਦੇ ਦਿਓ। ਪਰ ਮੇਰੇ ਭਰਾ ਨੇ ਮੇਰੀ ਗੱਲ ਨਹੀਂ ਮੰਨੀ।"
ਪੁਲਿਸ ਵਾਲਿਆਂ ਨੇ ਹੌਸਾ ਬਾਈ ਅਤੇ ਉਸਦੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਦੋਵਾਂ ਨੂੰ ਝਿੜਕਿਆ ਵੀ, ਆਖਰਕਾਰ ਉਹ ਦੋਵਾਂ ਵਿਚਾਲੇ ਕਿਸੇ ਤਰ੍ਹਾਂ ਸੁਲ੍ਹਾ ਕਰਨ ਵਿੱਚ ਕਾਮਯਾਬ ਹੋ ਗਿਆ। ਉਹ ਉਨ੍ਹਾਂ ਨੂੰ ਰੇਲਵੇ ਸਟੇਸ਼ਨ 'ਤੇ ਛੱਡਣ ਲਈ ਆਪਣੇ ਨਾਲ ਲੈ ਗਏ।
ਲੁੱਟ ਗਏ ਥਾਣੇ ਦੇ ਹਥਿਆਰ
ਮਸ਼ਹੂਰ ਪੱਤਰਕਾਰ ਪੀ. ਸਾਈਨਾਥ ਆਪਣੀ ਕਿਤਾਬ 'ਦਿ ਲਾਸਟ ਹੀਰੋਜ਼, ਫੁੱਟ-ਸੋਲਜਰਜ਼ ਆਫ਼ ਇੰਡੀਅਨ ਫ੍ਰੀਡਮ' ਵਿੱਚ ਲਿਖਦੇ ਹਨ, "ਪੁਲਿਸ ਵਾਲਿਆਂ ਦੀ ਗੈਰਹਾਜ਼ਰੀ ਵਿੱਚ, ਹੌਸਾ ਬਾਈ ਦੇ ਸਾਥੀਆਂ ਨੇ ਪੁਲਿਸ ਸਟੇਸ਼ਨ ਲੁੱਟ ਲਿਆ। ਉਹ ਉੱਥੋਂ ਚਾਰ ਬੰਦੂਕਾਂ ਅਤੇ ਕਾਰਤੂਸ ਲੈ ਕੇ ਫਰਾਰ ਹੋ ਗਏ ਸੀ।"
"ਹੌਸਾ ਬਾਈ ਅਤੇ ਉਨ੍ਹਾਂ ਦੇ ਨਕਲੀ 'ਸ਼ਰਾਬੀ ਪਤੀ' ਅਤੇ 'ਭਰਾ' ਨੇ ਪੁਲਿਸ ਨੂੰ ਚਕਮਾ ਦੇਣ ਲਈ ਲੜਾਈ ਦਾ ਡਰਾਮਾ ਕੀਤਾ ਸੀ। ਉਸ ਸਮੇਂ ਹੌਸਾ ਬਾਈ 17 ਸਾਲਾਂ ਦੀ ਸੀ। ਉਸਦੇ ਵਿਆਹ ਨੂੰ ਤਿੰਨ ਸਾਲ ਹੋ ਗਏ ਸਨ ਅਤੇ ਉਸਦਾ ਇੱਕ ਬੱਚਾ ਸੀ।"
''ਪ੍ਰਤੀ ਸਰਕਾਰ' ਦੀ 'ਤੂਫ਼ਾਨ ਸੈਨਾ'
ਉਸ ਘਟਨਾ ਤੋਂ ਲਗਭਗ 74 ਸਾਲ ਬਾਅਦ, ਸਾਂਗਲੀ ਜ਼ਿਲ੍ਹੇ ਦੇ ਆਪਣੇ ਪਿੰਡ ਵੀਤਾ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ, ਹੌਸਾ ਬਾਈ ਨੇ ਹੱਸਦੇ ਹੋਏ ਕਿਹਾ ਸੀ, "ਮੈਂ ਅਜੇ ਵੀ ਆਪਣੇ ਨਕਲੀ ਪਤੀ ਤੋਂ ਬਹੁਤ ਨਰਾਜ਼ ਹਾਂ।''
''ਜਿਸਨੇ ਲੜਾਈ ਨੂੰ ਅਸਲੀ ਦਿਖਾਉਣ ਲਈ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਮੈਂ ਬਾਅਦ ਵਿੱਚ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਲਈ ਝਿੜਕਿਆ ਪਰ ਉਸਨੇ ਕਿਹਾ ਕਿ ਲੜਾਈ ਨੂੰ ਅਸਲੀ ਦਿਖਾਉਣ ਲਈ ਅਜਿਹਾ ਕਰਨਾ ਜ਼ਰੂਰੀ ਸੀ।''
''ਪੁਲਿਸ ਵਾਲਿਆਂ ਨੂੰ ਥਾਣੇ ਤੋਂ ਬਾਹਰ ਕੱਢਣ ਦਾ ਇਹ ਇੱਕੋ ਇੱਕ ਤਰੀਕਾ ਸੀ।"
ਹੌਸਾ ਬਾਈ ਅਤੇ ਕਥਿਤ ਲੜਾਈ ਵਿੱਚ ਹਿੱਸਾ ਲੈਣ ਵਾਲੇ ਦੋਵੇਂ ਕਲਾਕਾਰ 'ਤੂਫ਼ਾਨ ਸੈਨਾ' ਦੇ ਮੈਂਬਰ ਸਨ।
'ਤੂਫ਼ਾਨ ਸੈਨਾ' ਸਤਾਰਾ ਜ਼ਿਲ੍ਹੇ ਦੀ ਇੱਕ ਸਮਾਨਾਂਤਰ ਸਰਕਾਰ ਜਾਂ 'ਵਿਰੋਧੀ (ਪ੍ਰਤੀ) ਸਰਕਾਰ' ਦੀ ਇੱਕ ਹਥਿਆਰਬੰਦ ਇਕਾਈ ਸੀ ਜਿਸਨੇ 1943 ਵਿੱਚ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦੀ ਦਾ ਐਲਾਨ ਕਰ ਦਿੱਤਾ ਸੀ।
ਸਮਾਨਾਂਤਰ ਸਰਕਾਰ
'ਪ੍ਰਤੀ ਸਰਕਾਰ' ਦਾ ਮੁੱਖ ਦਫ਼ਤਰ ਕੁੰਡਲ ਵਿੱਚ ਹੁੰਦਾ ਸੀ। ਇਹ ਕਿਸਾਨਾਂ ਅਤੇ ਮਜ਼ਦੂਰਾਂ ਦਾ ਇੱਕ ਸੰਗਠਨ ਸੀ।
ਇਸ ਦੇ ਅਧੀਨ ਲਗਭਗ 600 ਪਿੰਡ ਆਉਂਦੇ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੀ ਅਧੀਨਗੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਪੀ ਸਾਈਨਾਥ ਲਿਖਦੇ ਹਨ, "ਪ੍ਰਤੀ ਸਰਕਾਰ ਅਤੇ ਤੂਫ਼ਾਨ ਸੈਨਾ ਦੋਵੇਂ 1942 ਦੇ ਭਾਰਤ ਛੱਡੋ ਅੰਦੋਲਨ ਦੌਰਾਨ ਉਭਰੇ ਸੀ, ਜਿਨ੍ਹਾਂ ਦਾ ਆਜ਼ਾਦੀ ਦੀ ਰਵਾਇਤੀ ਲੜਾਈ ਤੋਂ ਮੋਹਭੰਗ ਹੋ ਚੁੱਕਿਆ ਸੀ।''
''ਉਹ ਇੱਕ ਤਰ੍ਹਾਂ ਦੀ ਸਮਾਨਾਂਤਰ (ਬਰਾਬਰ) ਸਰਕਾਰ ਚਲਾ ਰਹੇ ਸਨ, ਜਿਸ ਨੂੰ ਉਸ ਖੇਤਰ ਦੇ ਲੋਕਾਂ ਦੁਆਰਾ ਇੱਕ ਜਾਇਜ਼ ਸਰਕਾਰ ਮੰਨਿਆ ਜਾਂਦਾ ਸੀ। ਉਸ ਜ਼ਮਾਨੇ ਵਿੱਚ, ਸਤਾਰਾ ਇੱਕ ਵੱਡਾ ਇਲਾਕਾ ਸੀ ਜਿਸਦਾ ਮੌਜੂਦਾ ਸਾਂਗਲੀ ਜ਼ਿਲ੍ਹਾ ਵੀ ਇੱਕ ਹਿੱਸਾ ਸੀ।"
ਹੌਸਾ ਬਾਈ, ਜਿਸ ਨੂੰ ਹੌਸਾ ਤਾਈ ਵੀ ਕਿਹਾ ਜਾਂਦਾ ਸੀ, ਸੰਨ 1943 ਤੋਂ 1946 ਦੇ ਵਿਚਾਲੇ ਕ੍ਰਾਂਤੀਕਾਰੀਆਂ ਦੇ ਇੱਕ ਸਮੂਹ ਦੀ ਮੈਂਬਰ ਸੀ, ਜੋ ਬ੍ਰਿਟਿਸ਼ ਟ੍ਰੇਨਾਂ 'ਤੇ ਹਮਲਾ ਕਰਦੇ ਸੀ।
ਪੁਲਿਸ ਸਟੇਸ਼ਨਾਂ ਤੋਂ ਹਥਿਆਰ ਲੁੱਟਦੇ ਸੀ ਅਤੇ ਅੰਗਰੇਜ਼ ਅਫ਼ਸਰਾਂ ਦੇ ਠਹਿਰਣ ਦੇ ਲਈ ਬਣੇ ਡਾਕ ਬੰਗਲਿਆਂ ਵਿੱਚ ਅੱਗ ਲਗਾਉਂਦੇ ਸੀ।
ਰੇਲਗੱਡੀਆਂ ਤੋਂ ਲੁੱਟ
ਭਾਊ ਲਾਡ, ਜੋ ਕਿ ਤੂਫਾਨ ਸੈਨਾ ਦੇ ਮੈਂਬਰ ਸਨ, ਨੇ ਇੱਕ ਇੰਟਰਵਿਊ ਵਿੱਚ ਦੱਸਿਆ, "ਤੂਫਾਨ ਸੈਨਾ ਅਕਸਰ ਰੇਲਵੇ ਟਰੈਕ 'ਤੇ ਵੱਡੇ ਪੱਥਰ ਰੱਖ ਕੇ ਰੇਲਗੱਡੀਆਂ ਨੂੰ ਰੋਕਦੀ ਸੀ।
''ਰੇਲਗੱਡੀ ਦੇ ਰੁਕਣ ਤੋਂ ਬਾਅਦ, ਇਸਦੇ ਲੋਕ ਆਖਰੀ ਡੱਬੇ ਦੇ ਪਿੱਛੇ ਵੀ ਪੱਥਰ ਰੱਖ ਦਿੰਦੇ ਸਨ ਤਾਂ ਜੋ ਰੇਲਗੱਡੀ ਪਿੱਛੇ ਨਾ ਜਾ ਸਕੇ। ਉਨ੍ਹਾਂ ਕੋਲ ਦਾਤਰ, ਡੰਡੇ ਅਤੇ ਹੱਥ ਨਾਲ ਬਣਾਏ ਗਏ ਬੰਬ ਹੁੰਦੇ ਸਨ।"
"ਉਨ੍ਹਾਂ ਦਿਨਾਂ ਵਿੱਚ, ਰੇਲਗੱਡੀ ਦੇ ਮੁੱਖ ਗਾਰਡ ਕੋਲ ਬੰਦੂਕ ਹੁੰਦੀ ਸੀ ਪਰ ਲੋਕ ਇਸ ਨੂੰ ਕਾਬੂ ਵਿੱਚ ਕਰ ਲੈਂਦੇ ਸਨ। ਤੂਫਾਨੀ ਫੌਜ ਦਾ ਕੰਮ ਰੇਲਗੱਡੀ ਰਾਹੀਂ ਭੇਜੇ ਜਾ ਰਹੇ ਪੈਸੇ ਲੁੱਟਣਾ ਸੀ।''
''ਇੱਕ ਵਾਰ ਉਨ੍ਹਾਂ ਨੇ ਇਸੇ ਤਰ੍ਹਾਂ ਇੱਕ ਰੇਲਗੱਡੀ ਨੂੰ ਰੋਕਿਆ ਅਤੇ ਪੰਜ ਲੱਖ ਇੱਕਵੰਜਾ ਹਜ਼ਾਰ ਰੁਪਏ ਲੁੱਟ ਲਏ ਜੋ ਕਿ ਉਨ੍ਹਾਂ ਦਿਨਾਂ ਵਿੱਚ ਬਹੁਤ ਵੱਡੀ ਰਕਮ ਸੀ।''
''ਇਸ ਤਰ੍ਹਾਂ ਲੁੱਟਿਆ ਗਿਆ ਪੈਸਾ ਸਰਕਾਰ, ਗਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਜਾਂਦਾ ਸੀ।"
ਪਿਤਾ ਵੀ ਸੀ ਆਜ਼ਾਦੀ ਘੁਲਾਟੀਏ
ਹੌਸਾ ਬਾਈ ਦਾ ਜਨਮ 12 ਫਰਵਰੀ 1926 ਨੂੰ ਹੋਇਆ ਸੀ। ਉਸਦਾ ਵਿਆਹ ਸਿਰਫ਼ 14 ਸਾਲ ਦੀ ਉਮਰ ਵਿੱਚ ਹੋਇਆ ਸੀ। 1944 ਵਿੱਚ, ਉਸਨੇ ਗੋਆ ਵਿੱਚ ਪੁਰਤਗਾਲੀ ਸਰਕਾਰ ਵਿਰੁੱਧ ਭੂਮੀਗਤ ਅੰਦੋਲਨ ਵਿੱਚ ਵੀ ਹਿੱਸਾ ਲਿਆ।
ਜਦੋਂ ਹੌਸਾ ਬਾਈ ਸਿਰਫ਼ ਤਿੰਨ ਸਾਲ ਦੀ ਸੀ, ਤਾਂ ਉਸਦੀ ਮਾਂ ਦਾ ਦੇਹਾਂਤ ਹੋ ਗਿਆ। ਉਦੋਂ ਤੱਕ, ਉਸਦੇ ਪਿਤਾ, ਜੋਤੀਬਾ ਫੂਲੇ ਅਤੇ ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਹੋ ਕੇ, ਆਜ਼ਾਦੀ ਸੰਗਰਾਮ ਵਿੱਚ ਕੁੱਦ ਪਏ ਸਨ।
ਉਸਦੇ ਪਿਤਾ ਨੇ ਪਿੰਡ ਦੇ ਕਲਰਕ ਦੀ ਨੌਕਰੀ ਛੱਡ ਦਿੱਤੀ ਅਤੇ ਆਪਣਾ ਸਾਰਾ ਸਮਾਂ ਆਜ਼ਾਦੀ ਦੀ ਲੜਾਈ ਨੂੰ ਸਮਰਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਰਕਾਰ ਨੇ ਉਨ੍ਹਾਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ, ਇਸ ਲਈ ਉਨ੍ਹਾਂ ਨੂੰ ਆਪਣਾ ਸਾਰਾ ਕੰਮ ਭੂਮੀਗਤ ਤੌਰ 'ਤੇ ਕਰਨਾ ਪੈਂਦਾ ਸੀ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵਿਦਰੋਹ ਕਰਨ ਲਈ ਕਹਿੰਦੇ ਸੀ।
ਹੌਸਾ ਬਾਈ ਦੇ ਪਿਤਾ ਦੀ ਜਾਇਦਾਦ ਜ਼ਬਤ ਹੋਈ
ਉਨ੍ਹਾਂ ਦੇ ਨਾਲ ਕਰੀਬ 500 ਲੋਕ ਕੰਮ ਕਰ ਰਹੇ ਸਨ। ਸਰਕਾਰ ਨੇ ਉਨ੍ਹਾਂ ਸਾਰਿਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਉਹ ਰਾਤ ਨੂੰ ਹਰਕਤ ਵਿੱਚ ਆਉਂਦੇ ਸਨ।
ਉਨ੍ਹਾਂ ਦਾ ਕੰਮ ਰੇਲਵੇ ਲਾਈਨਾਂ ਨੂੰ ਉਖਾੜਨਾ ਹੁੰਦਾ ਸੀ। ਉਹ ਯਾਤਰੀਆਂ ਵਾਲੀ ਗੱਡੀ ਨੂੰ ਪੱਟੜੀ ਤੋਂ ਨਹੀਂ ਉਤਾਰਦੇ ਸਨ।
ਉਨ੍ਹਾਂ ਦਾ ਨਿਸ਼ਾਨਾ ਬ੍ਰਿਟਿਸ਼ ਸਰਕਾਰ ਲਈ ਸਾਮਾਨ ਲਿਜਾਣ ਵਾਲੀਆਂ ਮਾਲ ਗੱਡੀਆਂ ਸਨ।
ਜਦੋਂ ਬ੍ਰਿਟਿਸ਼ ਸਰਕਾਰ ਹੌਸਾ ਬਾਈ ਦੇ ਪਿਤਾ ਨਾਨਾ ਪਾਟਿਲ ਨੂੰ ਨਹੀਂ ਫੜ ਸਕੀ, ਤਾਂ ਉਨ੍ਹਾਂ ਨੇ ਉਸਦੀ ਸਾਰੀ ਜਾਇਦਾਦ ਜ਼ਬਤ ਕਰ ਲਈ।
ਹੌਸਾ ਬਾਈ ਯਾਦ ਕਰਦੇ ਸਨ, "ਸਾਡਾ ਘਰ 1929 ਵਿੱਚ ਜ਼ਬਤ ਕਰ ਲਿਆ ਗਿਆ ਸੀ। ਸਾਨੂੰ ਰਹਿਣ ਲਈ ਸਿਰਫ਼ ਇੱਕ ਛੋਟਾ ਜਿਹਾ ਕਮਰਾ ਦਿੱਤਾ ਗਿਆ ਸੀ। ਉਨ੍ਹਾਂ ਨੇ ਸਾਡੇ ਖੇਤ ਵੀ ਜ਼ਬਤ ਕਰ ਲਏ, ਜਿਸ ਨਾਲ ਸਾਡੀ ਆਮਦਨ ਦੇ ਸਾਰੇ ਸਰੋਤ ਖਤਮ ਹੋ ਗਏ।"
"ਪੁਲਿਸ ਦੇ ਡਰੋਂ ਪਿੰਡ ਵਾਲਿਆਂ ਨੇ ਸਾਡੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਪਿੰਡ ਦੇ ਕਰਿਆਨੇ ਵਾਲੇ ਨੇ ਸਾਨੂੰ ਨਮਕ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਅਸੀਂ ਗੁਲਰ ਪਕਾਉਣਾ ਅਤੇ ਇਸ ਨੂੰ ਸਬਜ਼ੀ ਵਜੋਂ ਖਾਣਾ ਸ਼ੁਰੂ ਕਰ ਦਿੱਤਾ।"
ਗਰੀਬੀ ਦੇ ਵਿਚਕਾਰ ਅੰਗਰੇਜ਼ਾਂ ਨਾਲ ਸੰਘਰਸ਼
ਇੱਕ ਪਾਸੇ, ਹੌਸਾ ਬਾਈ ਦੇ ਪਿੰਡ ਵਾਲੇ ਉਨ੍ਹਾਂ ਦੀ ਮਦਦ ਨਹੀਂ ਕਰ ਰਹੇ ਸਨ ਪਰ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨਾਲ ਵੀ ਸਹਿਯੋਗ ਨਹੀਂ ਕੀਤਾ।
ਜਦੋਂ ਸਰਕਾਰ ਨੇ ਨਾਨਾ ਪਾਟਿਲ ਦੀ ਜਾਇਦਾਦ ਦੀ ਨਿਲਾਮੀ ਦਾ ਐਲਾਨ ਕੀਤਾ, ਤਾਂ ਕੋਈ ਵੀ ਪਿੰਡ ਵਾਸੀ ਇਸ ਨੂੰ ਖਰੀਦਣ ਲਈ ਅੱਗੇ ਨਹੀਂ ਆਇਆ।
ਹਰ ਸਵੇਰ ਅਤੇ ਸ਼ਾਮ ਨੂੰ, ਪੂਰੇ ਪਿੰਡ ਵਿੱਚ ਇੱਕ ਐਲਾਨ ਕੀਤਾ ਜਾਂਦਾ ਸੀ ਕਿ ਨਾਨਾ ਪਾਟਿਲ ਦੇ ਖੇਤ ਦੀ ਨਿਲਾਮੀ ਕੀਤੀ ਜਾਣੀ ਹੈ। ਪਰ ਕਿਸੇ ਵੀ ਪਿੰਡ ਵਾਸੀ ਨੇ ਉਸਦੇ ਖੇਤ ਲਈ ਬੋਲੀ ਨਹੀਂ ਲਗਾਈ।
ਹੌਸਾ ਬਾਈ ਦੇ ਮਾਮੇ ਨੇ ਉਸ ਨੂੰ ਗੁਜ਼ਾਰਾ ਤੋਰਨ ਲਈ ਇੱਕ ਬੈਲਗੱਡੀ ਦੇ ਨਾਲ ਇੱਕ ਬਲਦ ਵੀ ਦਿੱਤਾ।
ਉਸਦੇ ਪਰਿਵਾਰ ਨੇ ਉਸ ਬੈਲਗੱਡੀ ਰਾਹੀਂ ਗੁੜ, ਮੂੰਗਫਲੀ ਅਤੇ ਅਨਾਜ ਬਾਜ਼ਾਰ ਵਿੱਚ ਪਹੁੰਚਾਉਣ ਦਾ ਕਾਰੋਬਾਰ ਸ਼ੁਰੂ ਕੀਤਾ।
ਹੌਸਾ ਬਾਈ ਦਾ ਪਰਿਵਾਰ 1947 ਵਿੱਚ ਆਜ਼ਾਦੀ ਮਿਲਣ ਤੱਕ ਇੱਕੋ ਇੱਕ ਕਮਰੇ ਵਾਲੇ ਘਰ ਵਿੱਚ ਰਹਿੰਦਾ ਸੀ।
ਹੌਸਾ ਬਾਈ ਨੇ ਯਾਦ ਕਰਦਿਆਂ ਕਿਹਾ, "ਮੇਰੀ ਦਾਦੀ ਦਾ ਬਲਾਊਜ਼ ਫਟ ਗਿਆ ਸੀ। ਸਾਡੇ ਕੋਲ ਨਵਾਂ ਬਲਾਊਜ਼ ਖਰੀਦਣ ਲਈ ਪੈਸੇ ਨਹੀਂ ਸਨ।
ਉਸਨੇ ਮੇਰੇ ਪਿਤਾ ਦੀ ਇੱਕ ਪੁਰਾਣੀ ਲੁੰਗੀ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ ਅਤੇ ਇਸ ਤੋਂ ਦੋ ਚਿੱਟੇ ਬਲਾਊਜ਼ ਬਣਾਏ।
ਬਾਅਦ ਵਿੱਚ ਜਦੋਂ ਸਾਡੇ ਕੋਲ ਕੁਝ ਪੈਸੇ ਸਨ, ਅਸੀਂ ਉਸਦੇ ਲਈ ਇੱਕ ਨਵਾਂ ਬਲਾਊਜ਼ ਖਰੀਦਿਆ ਪਰ ਉਸਨੇ ਉਸਨੂੰ ਛੂਹਿਆ ਵੀ ਨਹੀਂ।"
"ਜਦੋਂ ਤੱਕ ਸਾਨੂੰ ਆਜ਼ਾਦੀ ਨਹੀਂ ਮਿਲੀ ਅਤੇ ਆਪਣੀ ਜਾਇਦਾਦ ਵਾਪਸ ਨਹੀਂ ਮਿਲ ਗਈ, ਉਹ ਆਪਣੇ ਪੁੱਤਰ ਦੀ ਲੁੰਗੀ ਤੋਂ ਬਣੇ ਦੋ ਬਲਾਊਜ਼ ਪਹਿਨਦੀ ਰਹੀ।
ਆਜ਼ਾਦੀ ਤੋਂ ਬਾਅਦ ਵੀ, ਮੇਰੀ ਦਾਦੀ ਨੇ ਕਦੇ ਰੰਗੀਨ ਬਲਾਊਜ਼ ਨਹੀਂ ਪਹਿਨੇ ਅਤੇ ਸਿਰਫ਼ ਚਿੱਟੇ ਬਲਾਊਜ਼ ਪਹਿਨੇ।
1963 ਵਿੱਚ ਜਦੋਂ ਉਸਦੀ ਮੌਤ ਹੋ ਗਈ, ਉਦੋਂ ਵੀ ਉਸਨੇ ਚਿੱਟਾ ਬਲਾਊਜ਼ ਪਹਿਨਿਆ ਹੋਇਆ ਸੀ।
ਗੋਆ ਦੀ ਜੇਲ੍ਹ ਤੋਂ ਆਪਣੇ ਸਾਥੀ ਨੂੰ ਰਿਹਾਅ ਕਰਵਾਇਆ
1944 ਵਿੱਚ, ਹੌਸਾ ਬਾਈ ਅਤੇ ਤੂਫਾਨ ਸੈਨਾ ਦੇ ਉਸਦੇ ਸਾਥੀਆਂ ਨੇ ਵੀ ਗੋਆ ਵਿੱਚ ਇੱਕ ਕਾਰਵਾਈ ਵਿੱਚ ਹਿੱਸਾ ਲਿਆ।
ਉਨ੍ਹਾਂ ਨੂੰ ਆਪਣੇ ਇੱਕ ਸਾਥੀ ਨੂੰ ਜੇਲ੍ਹ ਵਿੱਚੋਂ ਛੁਡਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜਿਸ ਨੂੰ ਪੁਰਤਗਾਲੀ ਪੁਲਿਸ ਨੇ ਹਥਿਆਰਾਂ ਨੂੰ ਸਤਾਰਾ ਲਿਜਾਂਦੇ ਸਮੇਂ ਫੜ ਲਿਆ ਸੀ।
ਉਸ ਸਮੇਂ, ਭਾਰਤੀ ਕ੍ਰਾਂਤੀਕਾਰੀਆਂ, ਖਾਸ ਕਰਕੇ ਮਹਾਰਾਸ਼ਟਰ ਵਿੱਚ ਸਰਗਰਮ ਲੋਕਾਂ ਲਈ, ਗੋਆ ਤੋਂ ਹਥਿਆਰ ਖਰੀਦਣਾ ਆਮ ਗੱਲ ਸੀ।
ਭਾਰਤ ਦੇ ਹੋਰ ਹਿੱਸਿਆਂ ਨਾਲੋਂ ਗੋਆ ਵਿੱਚ ਹਥਿਆਰ ਖਰੀਦਣਾ ਪਹਿਲਾਂ ਸੌਖਾ ਹੁੰਦਾ ਸੀ।
ਜਦੋਂ ਉਨ੍ਹਾਂ ਦੇ ਇੱਕ ਸਾਥੀ ਬਾਲ ਜੋਸ਼ੀ ਨੂੰ ਗੋਆ ਤੋਂ ਹਥਿਆਰ ਲਿਆਉਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ, ਤਾਂ ਤੂਫਾਨ ਸੈਨਾ ਦੇ ਸੰਸਥਾਪਕ ਅਤੇ ਨੇਤਾ ਜੀਡੀ ਬਾਬੂ ਲਾਡ ਨੇ ਜੋਸ਼ੀ ਨੂੰ ਛੁਡਾਉਣ ਲਈ ਆਪਰੇਸ਼ਨ ਵਿੱਚ ਨਿੱਜੀ ਤੌਰ 'ਤੇ ਹਿੱਸਾ ਲੈਣ ਦਾ ਫੈਸਲਾ ਕੀਤਾ।
ਹੌਸਾ ਬਾਈ ਵੀ ਉਨ੍ਹਾਂ ਦੇ ਨਾਲ ਗਏ। ਪੀ ਸਾਈਨਾਥ ਲਿਖਦੇ ਹਨ, "ਹੌਸਾ ਬਾਈ ਪਣਜੀ ਜੇਲ੍ਹ ਵਿੱਚ ਬਾਲ ਜੋਸ਼ੀ ਨੂੰ ਮਿਲਣ ਵਿੱਚ ਕਾਮਯਾਬ ਹੋ ਗਏ। ਉਹ ਉਨ੍ਹਾਂ ਨੂੰ ਭੈਣ ਬਣਕੇ ਮਿਲੇ।
ਉਨ੍ਹਾਂ ਨੇ ਉੱਥੋਂ ਬਚ ਕੇ ਨਿਕਲਣ ਦੀ ਯੋਜਨਾ ਇੱਕ ਕਾਗਜ਼ ਦੇ ਟੁਕੜੇ 'ਤੇ ਲਿਖੀ ਅਤੇ ਇਸ ਨੂੰ ਆਪਣੇ ਵਾਲਾਂ ਦੇ ਜੂੜੇ ਵਿੱਚ ਲੁਕਾ ਕੇ ਉਸਦੇ ਕੋਲ ਲੈ ਗਏ।
ਇਸ ਤੋਂ ਇਲਾਵਾ, ਉਨ੍ਹਾਂ ਨੇ ਤੂਫਾਨ ਸੈਨਾ ਦੇ ਹਥਿਆਰ ਵੀ ਚੁੱਕਣੇ ਸਨ ਜੋ ਅਜੇ ਤੱਕ ਗੋਆ ਪੁਲਿਸ ਦੁਆਰਾ ਫੜੇ ਨਹੀਂ ਗਏ ਸਨ।"
ਲੱਕੜ ਦੇ ਡੱਬੇ 'ਤੇ ਬੈਠ ਕੇ ਨਦੀ ਪਾਰ ਕੀਤੀ
ਪੁਲਿਸ ਨੇ ਹੌਸਾ ਬਾਈ ਨੂੰ ਥਾਣੇ ਵਿੱਚੋਂ ਹੋਈ ਡਕੈਤੀ ਤੋਂ ਪਹਿਲਾਂ ਦੇਖ ਲਿਆ ਸੀ, ਇਸ ਲਈ ਇਹ ਫੈਸਲਾ ਕੀਤਾ ਗਿਆ ਕਿ ਉਹ ਰੇਲਗੱਡੀ ਰਾਹੀਂ ਵਾਪਸ ਨਹੀਂ ਪਰਤੇਗੀ।
ਇਸਦਾ ਮਤਲਬ ਸੀ ਸੰਘਣੇ ਜੰਗਲਾਂ ਵਿੱਚੋਂ ਕਈ ਮੀਲ ਪੈਦਲ ਤੁਰਨਾ। ਹੌਸਾ ਬਾਈ ਨੇ ਯਾਦ ਕੀਤਾ, "ਅੱਗੇ ਵਧਦੇ ਹੋਏ, ਅਸੀਂ ਮੰਡਵੀ ਨਦੀ ਦੇ ਕੰਢੇ ਪਹੁੰਚ ਗਏ।''
''ਨਦੀ ਪਾਰ ਕਰਨ ਲਈ ਕੋਈ ਕਿਸ਼ਤੀ ਨਹੀਂ ਸੀ। ਸਾਡੇ ਕੋਲ ਤੈਰ ਕੇ ਨਦੀ ਪਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਮੈਂ ਤਲਾਅ ਵਿੱਚ ਤੈਰਨ ਦੀ ਆਦੀ ਸੀ, ਪਰ ਇੰਨੀ ਵੱਡੀ ਨਦੀ ਵਿੱਚ ਤੈਰਨਾ ਮੇਰੀ ਸਮਰੱਥਾ ਤੋਂ ਬਾਹਰ ਸੀ।"
"ਫਿਰ ਅਸੀਂ ਮੱਛੀਆਂ ਫੜਨ ਦੇ ਜਾਲ ਵਿੱਚ ਲਪੇਟਿਆ ਇੱਕ ਲੱਕੜ ਦਾ ਡੱਬਾ ਦੇਖਿਆ। ਮੈਂ ਅੱਧੀ ਰਾਤ ਨੂੰ ਉਸ ਡੱਬੇ 'ਤੇ ਆਪਣੇ ਪੇਟ ਦੇ ਭਾਰ ਲੇਟ ਕੇ ਨਦੀ ਪਾਰ ਕੀਤੀ।''
ਸਾਡੇ ਹੋਰ ਸਾਥੀ ਸਾਡੇ ਨਾਲ ਤੈਰ ਰਹੇ ਸਨ। ਲੋੜ ਪੈਣ 'ਤੇ, ਉਹ ਉਸ ਲੱਕੜ ਦੇ ਡੱਬੇ ਨੂੰ ਸਹਾਰਾ ਦਿੰਦੇ ਸਨ ਜਿਸ 'ਤੇ ਮੈਂ ਲੇਟੀ ਹੋਈ ਸੀ।
ਨਦੀ ਪਾਰ ਕਰਨ ਤੋਂ ਬਾਅਦ, ਅਸੀਂ ਜੰਗਲ ਵਿੱਚੋਂ ਲੰਘੇ ਅਤੇ 13 ਦਿਨ ਪੈਦਲ ਤੁਰਨ ਤੋਂ ਬਾਅਦ ਘਰ ਵਾਪਸ ਪਹੁੰਚੇ।"
ਕੁਝ ਦਿਨਾਂ ਬਾਅਦ, ਬਾਲ ਜੋਸ਼ੀ ਆਪਣੇ ਸਾਥੀਆਂ ਦੀ ਮਦਦ ਨਾਲ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਰਹੇ।
ਇਸ ਵਿੱਚ, ਉਹ ਕਾਗਜ਼ ਜੋ ਹੌਸਾ ਬਾਈ ਆਪਣੇ ਵਾਲਾਂ ਦੇ ਜੂੜੇ ਵਿੱਚ ਲਕੋ ਕੇ ਜੇਲ੍ਹ ਲੈ ਗਏ ਸੀ, ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ।
95 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ
ਭਵਾਨੀ ਨਗਰ ਪੁਲਿਸ ਸਟੇਸ਼ਨ ਕੇਸ ਅਤੇ ਗੋਆ ਆਪ੍ਰੇਸ਼ਨ ਤੋਂ ਪਹਿਲਾਂ, ਹੌਸਾ ਬਾਈ ਦੀ ਭੂਮਿਕਾ ਤੂਫਾਨ ਆਰਮੀ ਲਈ ਖੁਫੀਆ ਜਾਣਕਾਰੀ ਇਕੱਠੀ ਕਰਨਾ ਸੀ।
ਉਹ ਪਤਾ ਕਰਦੇ ਰਹਿੰਦੇ ਸੀ ਕਿ ਕਿਹੜੇ ਡਾਕ ਬੰਗਲੇ 'ਤੇ ਕਿੰਨੇ ਪੁਲਿਸ ਵਾਲੇ ਮੌਜੂਦ ਹਨ? ਉਹ ਕਦੋਂ ਆਉਂਦੇ ਅਤੇ ਜਾਂਦੇ ਹਨ? ਉਹ ਕਿਹੜੇ ਸਮੇਂ ਹੁੰਦੇ ਹਨ ਜਦੋਂ ਉਨ੍ਹਾਂ 'ਤੇ ਹਮਲਾ ਕਰਨਾ ਆਸਾਨ ਹੋਵੇਗ?
ਡਾਕ ਬੰਗਲੇ ਨੂੰ ਅੱਗ ਲਗਾਉਣ ਦਾ ਕੰਮ ਦੂਜੇ ਸਮੂਹ ਦਾ ਹੁੰਦਾ ਸੀ।
ਪੀ ਸਾਈਨਾਥ ਲਿਖਦੇ ਹਨ, "ਇਹ ਡਾਕ ਬੰਗਲੇ ਬ੍ਰਿਟਿਸ਼ ਸਰਕਾਰ ਦੇ ਪ੍ਰਸ਼ਾਸਨਿਕ ਤੰਤਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਇਨ੍ਹਾਂ ਦੀ ਤਬਾਹੀ ਉਸ ਖੇਤਰ ਦੇ ਪ੍ਰਸ਼ਾਸਨ ਵਿੱਚ ਵਿਘਨ ਪਾਉਂਦੀ ਸੀ।"
23 ਸਤੰਬਰ 2021 ਨੂੰ, ਹੌਸਾ ਬਾਈ ਨੇ 95 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
ਹੌਸਾ ਬਾਈ ਨੂੰ ਭਾਰਤ ਦੇ ਆਜ਼ਾਦੀ ਦੀ ਲੜਾਈ ਦੀ ਮਹਾਂਕਥਾ ਵਿੱਚ ਉਹ ਸਥਾਨ ਕਦੇ ਨਹੀਂ ਮਿਲਿਆ ਜਿਸਦੀ ਉਹ ਹੱਕਦਾਰ ਸਨ।
ਇਤਿਹਾਸ ਦੀਆਂ ਕਿਤਾਬਾਂ ਵਿੱਚ ਵੀ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਸੀ।
ਮਹਾਰਾਸ਼ਟਰ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ, 'ਪ੍ਰਤੀ ਸਰਕਾਰ' ਦਾ ਤਾਂ ਮਾਮੂਲੀ ਜ਼ਿਕਰ ਮਿਲਦਾ ਹੈ, ਪਰ 'ਤੁਫਾਨ ਸੈਨਾ' ਦੇ ਕਾਰਨਾਮਿਆਂ ਨੂੰ ਬਹੁਤ ਜਲਦੀ ਹੀ ਭੁੱਲਾ ਦਿੱਤਾ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ