You’re viewing a text-only version of this website that uses less data. View the main version of the website including all images and videos.
1971 ਦੀ ਜੰਗ ’ਚ ਭਾਰਤ ਦੀ ਜਿੱਤ ਦਾ ਰਾਹ ਪੱਧਰਾ ਕਰਨ ਵਾਲੇ ਕੌਣ ਸਨ - ਵਿਵੇਚਨਾ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
26 ਮਾਰਚ, 1971: ਮੇਘਾਲਿਆ ਦੇ ਤੁਰਾ ’ਚ ਸੀਮਾ ਸੁਰੱਖਿਆ ਬਲ ਦੀ 83ਵੀਂ ਬਟਾਲੀਅਨ ਦੇ ਹੈੱਡਕੁਆਰਟਰ ’ਚ ਤੜਕਸਾਰ 2 ਵਜੇ ਟੈਲੀਫੋਨ ਦੀ ਘੰਟੀ ਵੱਜਣ ਨਾਲ ਸੀਮਾ ਸੁਰੱਖਿਆ ਬਲ ਦੇ ਡਿਪਟੀ ਕਮਾਂਡੈਂਟ ਵੀਰੇਂਦਰ ਕੁਮਾਰ ਗੌੜ ਦੀ ਅੱਖ ਖੁੱਲ੍ਹ ਗਈ।
ਮਨਕਚਾਰ ਆਊਟਪੋਸਟ ਦੇ ਇੰਚਾਰਜ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਪੂਰਬੀ ਪਾਕਿਸਤਾਨ ਤੋਂ ਆਏ ਕੁਝ ਲੋਕ ਇੱਥੇ ਭਾਰਤ ’ਚ ਸ਼ਰਨ ਦੀ ਮੰਗ ਕਰ ਰਹੇ ਹਨ।
ਗੌੜ ਦਾ ਜਵਾਬ ਸੀ, “ਮੈਂ ਇਸ ਦੀ ਇਜਾਜ਼ਤ ਨਹੀਂ ਦੇ ਸਕਦਾ ਹਾਂ, ਕਿਉਂਕਿ ਬੀਐੱਸਐੱਫ ਨੂੰ ਇਸ ਤਰ੍ਹਾਂ ਦਾ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਇਸ ਤੋਂ ਪਹਿਲਾਂ ਅਜਿਹੀ ਕੋਈ ਮੰਗ ਮੇਰੇ ਸਾਹਮਣੇ ਨਹੀਂ ਆਈ ਹੈ।"
"ਸਵੇਰੇ ਹੁੰਦਿਆਂ ਹੀ ਇਹ ਖ਼ਬਰ ਮੈਂ ਉੱਚ ਅਧਿਕਾਰੀਆਂ ਤੱਕ ਪਹੁੰਚਾ ਦੇਵਾਂਗਾ। ਪਰ ਉਦੋਂ ਤੱਕ ਕਿਸੇ ਨੂੰ ਵੀ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਨਾ ਹੋਣ ਦਿਓ।”
ਕੁਝ ਮਿੰਟਾਂ ਬਾਅਦ ਬਾਘਮਰਾ ਚੌਕੀ ਤੋਂ ਇੱਕ ਸੰਤਰੀ ਨੇ ਵੀ ਅਜਿਹੀ ਹੀ ਖ਼ਬਰ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਰਨਾਰਥੀ ਕਹਿ ਰਹੇ ਹਨ ਕਿ ਪੂਰਬੀ ਪਾਕਿਸਤਾਨ ’ਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।
ਅਜੇ ਗੌੜ ਨੇ ਫੋਨ ਰੱਖਿਆ ਹੀ ਸੀ ਕਿ ਡਾਲੂ ਚੌਕੀ ਤੋਂ ਵੀ ਇਸ ਤਰ੍ਹਾਂ ਦੀ ਖ਼ਬਰ ਆਈ।
ਗੌੜ ਨੇ ਤੁਰੰਤ ਕੋਡਬੱਧ ਭਾਸ਼ਾ ’ਚ ਆਪਣੇ ਬੌਸ ਡੀਆਈਜੀ ਬਰੂਆ ਨੂੰ ਸੁਨੇਹਾ ਭੇਜਿਆ ਅਤੇ ਸੰਕਟ ਦੀ ਸੂਚਨਾ ਦਿੱਤੀ।
ਡੀਆਈਜੀ ਵੱਲੋਂ ਕੋਈ ਜਵਾਬ ਨਹੀਂ ਆਇਆ ਕਿਉਂਕਿ ਉਸ ਸਮੇਂ ਉਹ ਡੂੰਘੀ ਨੀਂਦ ’ਚ ਸਨ।
ਬੀਐੱਸਐੱਫ ਦੇ ਹੈੱਡਕੁਆਰਟਰ ’ਚ ਕਿਸੇ ਨੇ ਡੀਆਈਜੀ ਨੂੰ ਜਗਾ ਕੇ ਸਰਹੱਦ ’ਤੇ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਗੌੜ ਦੇ ਸੁਨੇਹੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ਼ਰਨਾਰਥੀਆਂ ਨੂੰ ਰਾਤ ਭਰ ਲਈ ਭਾਰਤੀ ਹਦੂਦ ਅੰਦਰ ਰਹਿਣ ਦਿੱਤਾ ਜਾਵੇ।
ਪਾਕਿਸਤਾਨ ਰਾਈਫਲਜ਼ ਦੇ ਜਵਾਨਾਂ ਨੇ ਬੀਐੱਸਐੱਫ ਦੇ ਅਫ਼ਸਰ ਨੂੰ ਪੂਰਬੀ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ।
ਕੌਣ ਜਾਣਦਾ ਸੀ ਕਿ ਇਨ੍ਹਾਂ ਸ਼ਰਨਾਰਥੀਆਂ ਦੀ ਗਿਣਤੀ ਪ੍ਰਤੀਦਿਨ ਵਧਦੀ ਜਾਵੇਗੀ ਅਤੇ ਲਗਭਗ 1 ਕਰੋੜ ਤੱਕ ਪਹੁੰਚ ਜਾਵੇਗੀ ਅਤੇ ਉਨ੍ਹਾਂ ਨੂੰ ਤਕਰੀਬਨ ਇੱਕ ਸਾਲ ਤੱਕ ਭਾਰਤ ਦੀ ਧਰਤੀ ’ਤੇ ਰਹਿਣਾ ਪਵੇਗਾ।
ਇਸ ਗੱਲ ਬਾਰੇ ਵੀ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਕਿ ਅਰਧ ਸੈਨਿਕ ਬਲ ਬੀਐੱਸਐੱਫ ਨੂੰ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਵਧੇਰੇ ਸਰਗਰਮ ਭੁਮਿਕਾ ਨਿਭਾਉਣ ਦਾ ਮੌਕਾ ਮਿਲੇਗਾ।
ਸੀਮਾ ਸੁਰੱਖਿਆ ਬਲ ਦੀ ਭੂਮਿਕਾ
ਈਸਟ ਪਾਕਿਸਤਾਨ ਰਾਈਫਲਜ਼ ਦੀ ਛਗਲਨਈਆ ਚੌਕੀ ਦੇ ਇੰਜਾਰਜ ਹੈੱਡ ਕਾਂਸਟੇਬਲ ਨੂਰੂਦੀਨ ਬੰਗਾਲੀ ਸਨ।
ਭਾਰਤ ਦੀ ਸ਼੍ਰੀਨਗਰ ਚੌਕੀ ’ਤੇ ਤੈਨਾਤ ਪਰਿਮਲ ਕੁਮਾਰ ਘੋਸ਼ ਨਾਲ ਉਨ੍ਹਾਂ ਦੀ ਮਿੱਤਰਤਾ ਸੀ। ਉਹ ਅਕਸਰ ਹੀ ਸਰਹੱਦ ’ਤੇ ਆ ਕੇ ਘੋਸ਼ ਨੂੰ ਮਿਲਦੇ ਸਨ।
26 ਮਾਰਚ ਨੂੰ ਪਾਕਿਸਤਾਨੀ ਫੌਜ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਨੂਰੂਦੀਨ ਨੇ ਪਰਮਿਲ ਘੋਸ਼ ਨੂੰ ਬੇਨਤੀ ਕੀਤੀ ਕਿ ਉਹ ਸਰਹੱਦ ਪਾਰ ਕਰ ਕੇ ਪਾਕਿਸਤਾਨੀ ਫੌਜ ਖ਼ਿਲਾਫ਼ ਸੰਘਰਸ਼ ’ਚ ਉਨ੍ਹਾਂ ਦੀ ਮਦਦ ਕਰਨ।
ਘੋਸ਼ ਨੇ ਆਪਣੀ ਵਰਦੀ ਬਦਲੀ ਅਤੇ ਆਮ ਲੋਕਾਂ ਵਰਗੇ ਕੱਪੜੇ ਪਾ ਲਏ ਅਤੇ ਆਪਣੇ ਨਾਲ ਚਟਗਾਓਂ ਦੇ ਪਟਿਆ ਕਾਲਜ ਦੇ ਪ੍ਰੋਫੈਸਰ ਅਲੀ ਦਾ ਜਾਅਲੀ ਪਛਾਣ ਪੱਤਰ ਲੈ ਲਿਆ।
ਉਹ ਕੁਝ ਦੂਰੀ ਤੱਕ ਪੈਦਲ ਗਏ ਅਤੇ ਫਿਰ ਨੂਰੂਦੀਨ ਦੇ ਨਾਲ ਰਿਕਸ਼ੇ ’ਤੇ ਸੁਭਾਪੁਰ ਪੁਲ ’ਤੇ ਪਹੁੰਚ ਗਏ। ਉੱਥੇ ਈਸਟ ਪਾਕਿਸਤਾਨ ਰਾਈਫਲਜ਼ ਦੇ 6 ਜਵਾਨ ਪਹਿਲਾਂ ਤੋਂ ਹੀ ਮੌਜੂਦ ਸਨ।
ਉਨ੍ਹਾਂ ਨੇ ਪੂਰਬੀ ਪਾਕਿਸਤਾਨ ਦੀ ਮਿੱਟੀ ਆਪਣੇ ਹੱਥਾਂ ’ਚ ਲੈ ਕੇ ਸਹੁੰ ਚੁੱਕੀ ਕਿ ਉਹ ਅੱਜ ਤੋਂ ਬੰਗਲਾਦੇਸ਼ ਦੀ ਆਜ਼ਾਦੀ ਲਈ ਕੰਮ ਕਰਨਗੇ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਪਾਕਿਸਤਾਨੀ ਸੈਨਿਕਾਂ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ। ਪੂਰਬੀ ਪਾਕਿਸਤਾਨ ਦੇ ਸੈਨਿਕਾਂ ਨੂੰ ਨਿਰਦੇਸ਼ ਦੇਣ ਤੋਂ ਬਾਅਦ ਘੋਸ਼ ਭਾਰਤ ਦੀ ਸਰਹੱਦ ਅੰਦਰ ਵਾਪਸ ਆ ਗਏ।
ਵਾਪਸ ਪਰਤਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਿਪੋਰਟ ’ਚ ਪੂਰਬੀ ਪਾਕਿਸਤਾਨ ’ਚ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ, ਪਰ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਨਾ ਕੀਤਾ ਕਿ ਉਹ ਖੁਦ ਸਰਹੱਦ ਪਾਰ ਕਰਕੇ ਪੂਰਬੀ ਪਾਕਿਸਤਾਨ ’ਚ ਗਏ ਸਨ।
ਅਗਲੇ ਦਿਨ ਉਨ੍ਹਾਂ ਦੇ ਬੌਸ ਲੈਫਟੀਨੈਂਟ ਕਰਨਲ ਏਕੇ ਘੋਸ਼ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੀ ਚੌਕੀ ’ਤੇ ਆਏ।
ਲੜਾਈ ਤੋਂ ਪਹਿਲਾਂ ਦੇ ਨਵੇਂ ਵੇਰਵੇ
ਊਸ਼ੀਨੋਰ ਮਜੂਮਦਾਰ ਹਾਲ ਹੀ ’ਚ ਪ੍ਰਕਾਸ਼ਿਤ ਹੋਈ ਆਪਣੀ ਕਿਤਾਬ ‘ਇੰਡੀਅਨ ਸੀਕਰੇਟ ਵਾਰ ਬੀਐੱਸਐੱਫ ਐਂਡ ਨਾਈਨ ਮੰਥਸ ਟੂ ਦਿ ਬਰਥ ਆਫ਼ ਬੰਗਲਾਦੇਸ਼’ ’ਚ ਲਿਖਦੇ ਹਨ, “ਚਾਹ ਪੀਣ ਤੋਂ ਬਾਅਦ ਜਦੋਂ ਪਰਿਮਲ ਘੋਸ਼ ਨੇ ਆਪਣੇ ਬੌਸ ਏਕੇ ਘੋਸ਼ ਨੂੰ ਦੱਸਿਆ ਕਿ ਉਹ ਖ਼ੁਦ ਸਰਹੱਦ ਪਾਰ ਕਰਕੇ ਸੁਭਾਪੁਰ ਪੁਲ ਤੱਕ ਗਏ ਸਨ ਤਾਂ ਉਨ੍ਹਾਂ ਨੇ ਆਸਮਾਨ ਸਿਰ ’ਤੇ ਚੁੱਕ ਲਿਆ।"
"ਉਨ੍ਹਾਂ ਨੇ ਗੁੱਸੇ ’ਚ ਆਪਣਾ ਹੱਥ ਇੰਨੇ ਜ਼ੋਰ ਨਾਲ ਮੇਜ਼ ’ਤੇ ਮਾਰਿਆ ਕਿ ਮੇਜ਼ ’ਤੇ ਪਈ ਚਾਹ ਡੁੱਲ ਗਈ।”
ਏਕੇ ਘੋਸ਼ ਨੇ ਕਿਹਾ , "ਮੇਰੀ ਇਜਾਜ਼ਤ ਤੋਂ ਬਿਨ੍ਹਾਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਹੋਈ ? ਕੀ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਇਸ ਗ਼ਲਤੀ ਲਈ ਤੁਹਾਡਾ ਕੋਰਟ ਮਾਰਸ਼ਲ ਵੀ ਕੀਤਾ ਜਾ ਸਕਦਾ ਹੈ ?”
ਇਹ ਕਹਿ ਕੇ ਘੋਸ਼ ਝਟਕੇ ਨਾਲ ਉੱਠੇ ਅਤੇ ਆਪਣੀ ਜੀਪ ਵੱਲ ਵਧੇ। ਪਰਿਮਲ ਘੋਸ਼ ਨੇ ਚੱਲਦੇ-ਚੱਲਦੇ ਉਨ੍ਹਾਂ ਨੂੰ ਸਲਾਮ ਕੀਤੀ, ਪਰ ਏਕੇ ਘੋਸ਼ ਨੇ ਉਸ ਦਾ ਜਵਾਬ ਨਹੀਂ ਦਿੱਤਾ।
ਪਰਿਮਲ ਘੋਸ਼ ਨੂੰ ਲੱਗਿਆ ਕਿ ਹੁਣ ਉਨ੍ਹਾਂ ਦੀ ਨੌਕਰੀ ਖ਼ਤਰੇ ’ਚ ਹੈ।
ਭਾਰਤ ਦੀ ਪੂਰਬੀ ਸਰਹੱਦ ਤੋਂ 2000 ਕਿਲੋਮੀਟਰ ਦੂਰ ਦਿੱਲੀ ਵਿਖੇ ਗ੍ਰਹਿ ਸਕੱਤਰ ਗੋਵਿੰਦ ਨਾਰਾਇਣ ਦੀ ਰਿਹਾਇਸ਼ ’ਤੇ ਇੱਕ ਉੱਚ ਪੱਧਰੀ ਬੈਠਕ ਹੋਈ, ਜਿਸ ’ਚ ਭਾਰਤ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਤੋਂ ਇਲਾਵਾ ਬੀਐੱਸਐੱਫ ਦੇ ਡਾਇਰੈਕਟਰ ਕੇ ਰੁਸਤਮਜੀ ਅਤੇ ਰਾਅ ਦੇ ਡਾਇਰੈਕਟਰ ਆਰਐੱਨ ਕਾਵ ਵੀ ਮੌਜੂਦ ਸਨ।
ਇਸ ਬੈਠਕ ’ਚ ਤੈਅ ਹੋਇਆ ਕਿ ਬੀਐੱਸਐੱਫ ਮੱਧ ਪ੍ਰਦੇਸ਼ ਦੀ ਟੇਕਨਪੁਰ ਸਥਿਤ ਆਪਣੀ ਅਕਾਦਮੀ ਤੋਂ ਕੁਝ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪੂਰਬੀ ਪਾਕਿਸਤਾਨ ਦੀ ਸਰਹੱਦ ’ਤੇ ਭੇਜੇਗੀ ਤਾਂ ਜੋ ਉੱਥੋਂ ਦੀ ਸਥਿਤੀ ਨੂੰ ਨੇੜਿਓਂ ਭਾਂਪਿਆ ਜਾ ਸਕੇ।
ਅਗਲੇ ਦਿਨ ਲੈਫਟੀਨੈਂਟ ਕਰਨਲ ਏਕੇ ਘੋਸ਼ ਮੁੜ ਸ਼੍ਰੀਨਗਰ ਚੌਕੀ ’ਤੇ ਪਹੁੰਚੇ। ਇਸ ਵਾਰ ਉਹ ਆਪਣੀ ਜੀਪ ਤੋਂ ਹੱਸਦੇ ਹੋਏ ਉਤਰੇ। ਉਤਰਦਿਆਂ ਹੀ ਉਨ੍ਹਾਂ ਕਿਹਾ, “ਪਿਛਲੀ ਵਾਰ ਮੈਂ ਤੁਹਾਡੀ ਦਿੱਤੀ ਹੋਈ ਚਾਹ ਨਹੀਂ ਪੀਤੀ ਸੀ। ਅੱਜ ਚਾਹ ਬਣਦੀ ਹੈ।”
ਇਹ ਸੁਣ ਕੇ ਸਹਾਇਕ ਕਮਾਂਡੈਂਟ ਪਰਿਮਲ ਘੋਸ਼ ਦੀ ਜਾਨ ’ਚ ਜਾਨ ਆਈ। ਉਨ੍ਹਾਂ ਨੂੰ ਲੱਗਿਆ ਕਿ ਹੁਣ ਉਨ੍ਹਾਂ ਦੇ ਕੋਰਟ ਮਾਰਸ਼ਲ ਦੀ ਸੰਭਾਵਨਾ ਖ਼ਤਮ ਹੋ ਗਈ ਹੈ।
ਉਸ਼ੀਨੋਰ ਮਜੂਮਦਾਰ ਲਿਖਦੇ ਹਨ, “29 ਮਾਰਚ ਨੂੰ ਪਰਿਮਲ ਘੋਸ਼ ਇੱਕ ਵਾਰ ਫਿਰ ਪ੍ਰੋ. ਅਲੀ ਬਣ ਕੇ ਪੂਰਬੀ ਪਾਕਿਸਤਾਨ ਦੀ ਹਦੂਦ ਅੰਦਰ ਦਾਖ਼ਲ ਹੋਏ।"
"ਇਸ ਵਾਰ ਉਹ ਆਪਣੇ ਉੱਚ ਅਧਿਕਾਰੀ ਦੀ ਸਹਿਮਤੀ ਨਾਲ ਮਿਸ਼ਨ ’ਤੇ ਜਾ ਰਹੇ ਸਨ। ਉਨ੍ਹਾਂ ਦੇ ਨਾਲ ਈਸਟ ਪਾਕਿਸਤਾਨ ਰਾਈਫਲਜ਼ ਦੇ ਨੂਰੂਦੀਨ ਅਤੇ ਬੀਐੱਸਐੱਫ ਦੇ ਕੁਝ ਜਵਾਨ ਵੀ ਸਨ। ਉਨ੍ਹਾਂ ਸਾਰਿਆਂ ਨੇ ਆਮ ਲੋਕਾਂ ਵਰਗੇ ਕੱਪੜੇ ਪਾਏ ਹੋਏ ਸਨ।”
"ਪੂਰਬੀ ਪਾਕਿਸਤਾਨ ’ਚ ਬਾਗ਼ੀ ਲੜਾਕੇ ਉਨ੍ਹਾਂ ਦੇ ਮੂੰਹੋ ਇਹ ਗੱਲ ਸੁਣ ਕੇ ਖੁਸ਼ ਹੋਏ ਕਿ ਭਾਰਤ ਨੇ ਉਨ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਉਹ ਲੋਕ ਪਰਿਮਲ ਘੋਸ਼ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਨੱਚਣ ਲੱਗੇ।"
"ਘੋਸ਼ ਨੇ ਉੱਥੇ ਬਾਗ਼ੀਆਂ ਦੇ ਕਮਾਂਡਰ ਮੇਜਰ ਜ਼ਿਆ-ਉਰ-ਰਹਿਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਭਾਰਤ ਉਨ੍ਹਾਂ ਨੂੰ ਮੋਰਟਾਰ ਅਤੇ ਤੋਪ ਦੇ ਗੋਲੇ ਮੁਹੱਈਆ ਕਰਵਾਏ।”
‘ਇੰਦਰਾ ਗਾਂਧੀ ਨੇ ਕਿਹਾ- ਫੜੇ ਨਾ ਜਾਇਓ’
ਦਿੱਲੀ ’ਚ ਫੌਜ ਮੁਖੀ ਜਨਰਲ ਮਾਨੇਕ ਸ਼ਾਹ ਮੁਕਤੀ ਬਾਹਨੀ ਨੂੰ ਸੀਮਤ ਮਦਦ ਦੇਣ ਲਈ ਤਿਆਰ ਹੋ ਗਏ ਸਨ।
ਬੀਐੱਸਐੱਫ ਦੇ ਡਾਇਰੈਕਟਰ ਰੁਸਤਮਜੀ ਨੇ ਲੈਫਟੀਨੈਂਟ ਕਰਨਲ ਘੋਸ਼ ਤੱਕ ਇਹ ਖ਼ਬਰ ਪਹੁੰਚਾਈ।
ਘੋਸ਼ ਨੇ ਪਰਿਮਲ ਘੋਸ਼ ਨੂੰ ਇਹ ਸੂਚਨਾ ਦਿੰਦੇ ਹੋਏ 92ਵੀਂ ਬਟਾਲੀਅਨ ਦੇ ਹੈੱਡਕੁਆਰਟਰ ਤੋਂ ਮੋਰਟਾਰ ਅਤੇ ਕੁਝ ਗੋਲੇ ਭੇਜਣ ਦਾ ਪ੍ਰਬੰਧ ਕਰਵਾਇਆ।
ਅਗਲੇ ਦਿਨ ਯਾਨਿ 30 ਮਾਰਚ ਨੂੰ ਪਰਿਮਲ ਘੋਸ਼ ਨੇ ਇਹ ਸਾਮਾਨ ਮੁਕਤੀ ਬਾਹਨੀ ਦੇ ਲੜਾਕਿਆਂ ਤੱਕ ਪਹੁੰਚਾ ਦਿੱਤਾ।
29 ਮਾਰਚ ਨੂੰ ਹੀ ਪੂਰਬੀ ਪਾਕਿਸਤਾਨ ’ਚ ਇਹ ਖ਼ਬਰ ਫੈਲ ਗਈ ਸੀ ਕਿ ਇੱਕ ਭਾਰਤੀ ਰੱਖਿਆ ਅਧਿਕਾਰੀ ਨੇ ਬਾਗ਼ੀਆਂ ਨਾਲ ਮੁਲਾਕਾਤ ਕੀਤੀ ਹੈ।
ਹਥਿਆਰਾਂ ਦੇ ਪਹੁੰਚਦਿਆਂ ਹੀ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਭਾਰਤ ਮੁਕਤੀ ਬਾਹਨੀ ਦੇ ਸਮਰਥਨ ’ਚ ਨਿਤਰ ਆਇਆ ਹੈ।
ਮੇਜਰ ਜ਼ਿਆ ਨੇ ਇਹ ਖ਼ਬਰ ਮੁਕਤੀ ਬਾਹਨੀ ਦੇ ਹੋਰ ਯੋਧਿਆਂ ਤੱਕ ਵੀ ਪਹੁੰਚਾ ਦਿੱਤੀ।
ਇਸ ਦੌਰਾਨ ਬੀਐੱਸਐੱਫ ਦੇ ਡਾਇਰੈਕਟਰ ਰੁਸਤਮਜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਨਿਰਦੇਸ਼ ਲੈਣ ਲਈ ਗਏ ਤਾਂ ਉਨ੍ਹਾਂ ਕਿਹਾ, “ਤੁਸੀਂ ਜੋ ਮਰਜ਼ੀ ਕਰੋ ਪਰ ਫੜੇ ਨਾ ਜਾਇਓ।”
ਸੋਵੀਅਤ ਸੰਘ ’ਚ ਭਾਰਤ ਦੇ ਰਾਜਦੂਤ ਅਤੇ ਇੰਦਰਾ ਗਾਂਧੀ ਦੇ ਕਰੀਬੀ ਡੀਪੀ ਧਰ ਸ਼ੁਰੂ ਤੋਂ ਹੀ ਮੁਕਤੀ ਬਾਹਨੀ ਦੇ ਲੜਾਕਿਆਂ ਨੂੰ ਮੋਰਟਾਰ ਅਤੇ ਤੋਪ ਦੇ ਗੋਲੇ ਦੇਣ ਦੇ ਹੱਕ ’ਚ ਸਨ।
ਉਨ੍ਹਾਂ ਨੇ ਆਪਣੇ ਨਜ਼ਦੀਕੀ ਦੋਸਤ ਅਤੇ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਪੀਐਨ ਹਕਸਰ ਨੂੰ ਇੱਕ ਪੱਤਰ ਲਿਖ ਕੇ ਕਿਹਾ, “ਸਾਨੂੰ ਇਸ ਵਿਰੋਧ ਨੂੰ ਕਿਸੇ ਵੀ ਸੂਰਤ ’ਚ ਢਾਹ ਢੇਰੀ ਨਹੀਂ ਹੋਣ ਦੇਣਾ ਚਾਹੀਦਾ ਹੈ।”
ਅਵਾਮੀ ਲੀਗ ਦੇ ਆਗੂ ਦੀ ਇੰਦਰਾ ਗਾਂਧੀ ਨਾਲ ਮੁਲਾਕਾਤ
30 ਮਾਰਚ, 1971 ਨੂੰ ਬੀਐੱਸਐੱਫ ਨੂੰ ਇਹ ਸੂਚਨਾ ਮਿਲੀ ਕਿ ਅਵਾਮੀ ਲੀਗ ਦੇ ਦੋ ਸੀਨੀਅਰ ਆਗੂ ਤਾਜੂਦੀਨ ਅਹਿਮਦ ਅਤੇ ਅਮੀਰੁਲ ਇਸਲਾਮ ਭਾਰਤੀ ਸਰਹੱਦ ਦੇ ਨੇੜੇ ਪਹੁੰਚ ਗਏ ਹਨ।
76 ਬੀਐੱਨ ਦੇ ਅਧਿਕਾਰੀਆਂ ਨੇ ਬੀਐੱਸਐੱਫ ਦੇ ਆਈਜੀ ਗੋਲਕ ਮਜੂਮਦਾਰ ਨੂੰ ਇੱਕ ਕੋਡਬੱਧ ਸੁਨੇਹੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ।
ਮਜੂਮਦਾਰ ਨੇ ਹਾਟਲਾਈਨ ’ਤੇ ਆਪਣੇ ਬੌਸ ਰੁਸਤਮਜੀ ਨਾਲ ਸੰਪਰਕ ਕੀਤਾ।
ਰੁਸਤਮਜੀ ਨੇ ਫੋਨ ਸੁਣਦਿਆਂ ਹੀ ਹਵਾਈ ਅੱਡੇ ਦਾ ਰੁਖ਼ ਕੀਤਾ ਅਤੇ ਉੱਥੇ ਖੜ੍ਹੇ ਬੀਐੱਸਐੱਫ ਦੇ ਜਹਾਜ਼ ਜ਼ਰੀਏ ਕਲਕੱਤੇ ਪਹੁੰਚੇ। ਮਜੂਮਦਾਰ ਨੇ ਰੁਸਤਮਜੀ ਦਾ ਦਮਦਮ ਹਵਾਈ ਅੱਡੇ ਦੀ ਹਵਾਈ ਪੱਟੀ ’ਤੇ ਜਾ ਕੇ ਸਵਾਗਤ ਕੀਤਾ। ਉਸ ਸਮੇਂ ਰਾਤ ਦੇ 12 ਵੱਜ ਚੁੱਕੇ ਸਨ।
ਰੁਸਤਮਜੀ ਲਿਖਦੇ ਹਨ, “ਮਜੂਮਦਾਰ ਮੈਨੂੰ ਹਵਾਈ ਅੱਡੇ ਦੇ ਨੇਜ਼ਦੀਕ ਖੜੀ ਇੱਕ ਜੀਪ ਦੇ ਨੇੜੇ ਲੈ ਗਏ, ਜਿਸ ’ਚ ਸੁਰੱਖਿਆ ਬਲਾਂ ਨਾਲ ਘਿਰੇ ਹੋਏ ਤਾਜੂਦੀਨ ਅਹਿਮਦ ਬੈਠੇ ਹੋਏ ਸਨ।"
"ਅਸੀਂ ਉਨ੍ਹਾਂ ਨੂੰ ਅਤੇ ਅਮੀਰੁਲ ਇਸਲਾਮ ਨੂੰ ਆਪਣੀ ਕਾਲੀ ਅੰਬੈਸਡਰ ’ਚ ਬਿਠਾ ਕੇ ਅਸਾਮ ਹਾਊਸ ਵਿਖੇ ਲੈ ਗਏ।”
“ਮੈਂ ਉਨ੍ਹਾਂ ਨੂੰ ਆਪਣਾ ਕੁੜਤਾ-ਪਜਾਮਾ ਦਿੱਤਾ ਤਾਂ ਜੋ ਉਹ ਨਹਾਉਣ ਤੋਂ ਬਾਅਦ ਸਾਫ਼ ਕੱਪੜੇ ਪਾ ਸਕਣ।"
"ਉਦੋਂ ਤੱਕ ਰਾਤ ਦੇ 1 ਵੱਜ ਚੁੱਕੇ ਸਨ। ਇੰਨੀ ਰਾਤ ਨੂੰ ਕਿਤੇ ਵੀ ਭੋਜਨ ਨਹੀਂ ਮਿਲ ਸਕਦਾ ਸੀ। ਸਾਡੇ ਆਈਜੀ ਗੋਲਕ ਨੇ ਆਪਣੇ ਹੱਥੀਂ ਉਨ੍ਹਾਂ ਲਈ ਆਮਲੇਟ ਬਣਾਇਆ।”
ਰੁਸਤਮਜੀ ਅੱਗੇ ਲਿਖਦੇ ਹਨ, “ਅਗਲੇ ਦਿਨ ਮੈਂ ਅਤੇ ਗੋਕ ਨੇ ਨਿਊ ਮਾਰਕਿਟ ਜਾ ਕੇ ਤਾਜੂਦੀਨ ਅਤੇ ਅਮੀਰੁਲ ਦੇ ਲਈ ਕੱਪੜੇ, ਸੂਟਕੇਸ ਅਤੇ ਟਾਇਲਟਰੀ ਚੀਜ਼ਾਂ ਖਰੀਦੀਆਂ।"
"1 ਅਪ੍ਰੈਲ ਨੂੰ ਗੋਲਕ ਤਾਜੂਦੀਨ ਅਤੇ ਉਨ੍ਹਾਂ ਦੇ ਸਾਥੀ ਨੂੰ ਦਿੱਲੀ ਲੈ ਗਏ, ਜਿੱਥੇ ਉਨ੍ਹਾਂ ਨੂੰ ਇੱਕ ਰੱਖਿਅਤ ਹਾਊਸ ’ਚ ਠਹਿਰਾਇਆ ਗਿਆ।"
"ਦੋ ਦਿਨ ਬਾਅਦ ਉਨ੍ਹਾਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮੁਲਾਕਾਤ ਕਰਵਾਈ ਗਈ। ਦਿੱਲੀ ’ਚ ਇੱਕ ਹਫ਼ਤਾ ਬਿਤਾਉਣ ਤੋਂ ਬਾਅਦ ਉਹ 9 ਅਪ੍ਰੈਲ ਨੂੰ ਕਲਕੱਤਾ ਵਾਪਸ ਪਰਤ ਆਏ।”
ਬੰਗਲਾਦੇਸ਼ ਦੀ ਜਲਾਵਤਨ ਸਰਕਾਰ ਨੂੰ ਇੱਕ ਸੰਵਿਧਾਨ ਦੀ ਜ਼ਰੂਰਤ ਸੀ।
ਬੀਐੱਸਐੱਫ ਦੇ ਕਾਨੂੰਨ ਅਧਿਕਾਰੀ ਕਰਨਲ ਐਨਐਸ ਬੈਂਸ ਨੇ ਤਾਜੂਦੀਨ ਅਹਿਮਦ ਦੇ ਨਾਲ ਆਏ ਬੈਰਿਸਟਰ ਅਮੀਰੁਲ ਇਸਲਾਮ ਦੀ ਬੰਗਲਾਦੇਸ਼ ਦਾ ਅਸਥਾਈ ਸੰਵਿਧਾਨ ਲਿਖਣ ’ਚ ਮਦਦ ਕੀਤੀ।
ਕਲਕੱਤਾ ਦੇ ਇੱਕ ਹੋਰ ਬੈਰਿਸਟਰ ਸੁਬਰਤੋ ਰਾਏ ਚੌਧਰੀ ਨੇ ਇਸ ਅਸਥਾਈ ਸੰਵਿਧਾਨ ਦੀ ਮੁੜ ਜਾਂਚ ਕੀਤੀ।
ਇਸ ਗੱਲ ’ਤੇ ਕਾਫੀ ਵਿਚਾਰ-ਚਰਚਾ ਹੋਈ ਕਿ ਨਵੇਂ ਦੇਸ਼ ਦਾ ਨਾਮ ਕੀ ਰੱਖਿਆ ਜਾਵੇ? ਇਸ ਦੇ ਲਈ ‘ਈਸਟ ਬੰਗਾ’ , ‘ਬੰਗ ਭੂਮੀ’, ‘ਸਵਾਧੀਨ ਬੰਗਲਾ’ ਵਰਗੇ ਕਈ ਨਾਮ ਸੁਝਾਏ ਗਏ।
ਅੰਤ ’ਚ ਤਾਜੂਦੀਨ ਨੇ ਕਿਹਾ ਕਿ ਸ਼ੇਖ਼ ਮੁਜੀਬ ਨੇ ਬੰਗਲਾਦੇਸ਼ ਨਾਮ ਨੂੰ ਆਪਣਾ ਸਮਰਥਨ ਦਿੱਤਾ ਸੀ। ਸਾਰੇ ਆਗੂ ਬੰਗਲਾਦੇਸ਼ ਦੇ ਨਾਮ ’ਤੇ ਸਹਿਮਤ ਹੋ ਗਏ।
ਪਹਿਲਾਂ ਇਸ ਦੇ ਨਾਮ ’ਚ ਦੋ ਸ਼ਬਦ ਸਨ, ਜਿਸ ਨੂੰ ਕਿ ਬਾਅਦ ’ਚ ਬਦ ਕੇ ਇੱਕ ਸ਼ਬਦ ਬੰਗਲਾਦੇਸ਼ ਕਰ ਦਿੱਤਾ ਗਿਆ ਸੀ।
ਹੁਣ ਸਵਾਲ ਇਹ ਸੀ ਕਿ ਬੰਗਲਾਦੇਸ਼ ਦੀ ਜਲਾਵਤਨ ਸਰਕਾਰ ਸਹੁੰ ਕਿੱਥੇ ਚੁੱਕੇ? ਰੁਸਤਮਜੀ ਨੇ ਸਲਾਹ ਦਿੱਤੀ ਕਿ ਸਹੁੰ ਚੁੱਕ ਸਮਾਗਮ ਪੂਰਬੀ ਪਾਕਿਸਤਾਨ ਦੀ ਸਰਜ਼ਮੀਨ ’ਤੇ ਹੋਣਾ ਚਾਹੀਦਾ ਹੈ।
ਇਸ ਦੇ ਲਈ ਮੁਹੇਰਪੁਰ ਕਸਬੇ ਦੇ ਨਜ਼ਦੀਕ ਬੈਦਨਾਥ ਤਾਲ ’ਚ ਅੰਬਾਂ ਦੇ ਇੱਕ ਬਾਗ਼ ਨੂੰ ਚੁਣਿਆ ਗਿਆ।
ਸੀਮਾ ਸੁਰੱਖਿਆ ਬਲ ਅਤੇ ਫੌਜ ਦੀ ਜਨ ਸੰਪਰਕ ਇਕਾਈ ਦੇ ਮੁਖੀ ਸਮਰ ਬੋਸ ਅਤੇ ਕਰਨਲ ਆਈ ਰਿਖੀਏ ਨੇ ਕਲਕੱਤਾ ਤੋਂ 200 ਪੱਤਰਕਾਰਾਂ ਨੂੰ ਕਾਰਾਂ ਦੇ ਕਾਫ਼ਲੇ ’ਚ ਬੈਦਨਾਥ ਤਾਲ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ।
ਬੰਦੂਕਾਂ ਦੀ ਆੜ ਹੇਠ ਚੁੱਕੀ ਮੰਤਰੀਆਂ ਨੇ ਸਹੁੰ
ਪੱਤਰਕਾਰਾਂ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ।
ਮਾਨਸ ਘੋਸ਼ ਆਪਣੀ ਕਿਤਾਬ ‘ਬੰਗਲਾਦੇਸ਼ ਵਾਰ ਰਿਪੋਰਟ ਫਰੌਮ ਗਰਾਊਂਡ ਜ਼ੀਰੋ’ ’ਚ ਲਿਖਦੇ ਹਨ, “ਆਮ ਆਦਮੀਆਂ ਦੇ ਕੱਪੜਿਆਂ ’ਚ ਮੌਜੂਦ ਬੀਐੱਸਐੱਫ ਦੇ ਜਵਾਨਾਂ ਨੇ ਬੈਦਨਾਥ ਤਾਲ ਨੂੰ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਸੀ।"
"ਭਾਰਤੀ ਹਵਾਈ ਫੌਜ ਦੇ ਜਹਾਜ਼ ਉਸ ਖੇਤਰ ’ਚ ਗਸ਼ਤ ਕਰ ਰਹੇ ਸਨ ਤਾਂ ਜੋ ਪਾਕਿਸਤਾਨੀ ਹਵਾਈ ਫੌਜ ਦੇ ਕਿਸੇ ਵੀ ਹਮਲੇ ਨੂੰ ਨਾਕਾਮ ਕੀਤਾ ਜਾ ਸਕੇ।"
"ਈਸਟ ਪਾਕਿਸਤਾਨ ਰਾਈਫਲਜ਼ ਦੇ ਜਵਾਨਾਂ ਨੇ ਆਪਣੀ ਫਟੀ ਅਤੇ ਗੰਦੀ ਵਰਦੀ ’ਚ ਹੀ ਬੰਗਲਾਦੇਸ਼ ਦੀ ਜਲਾਵਤਨ ਸਰਕਾਰ ਦੇ ਮੰਤਰੀਆਂ ਨੂੰ ਗਾਰਡ ਆਫ਼ ਆਨਰ ਦਿੱਤਾ ਸੀ।"
"ਇੱਕ ਪਾਸੇ ਇੱਕ ਸੰਗੀਤ ਸਮੂਹ ਬਿਨ੍ਹਾਂ ਕਿਸੇ ਸੰਗੀਤਕ ਸਾਜ਼ੋ-ਸਮਾਨ ਦੇ ਬੰਗਾਲਦੇਸ਼ ਦਾ ਰਾਸ਼ਟਰੀ ਗੀਤ, ‘ਅਮਰ ਸ਼ੋਨਾਰ ਬੰਗਲਾ’ ਦਾ ਅਭਿਆਸ ਕਰ ਰਿਹਾ ਸੀ।”
ਉਸ ਸਮੇਂ ਗੋਲਕ ਨੇ ਕਿਹਾ ਕਿ ਉਹ ਨੇੜੇ ਦੇ ਇੱਕ ਭਾਰਤੀ ਪਿੰਡ ਤੋਂ ਤਬਲੇ ਅਤੇ ਹਰਮੋਨੀਅਮ ਦਾ ਪ੍ਰਬੰਧ ਕਰਨ।
ਦੀਨਾਜਪੁਰ ਤੋਂ ਅਵਾਮੀ ਲੀਗ ਦੇ ਸੰਸਦ ਮੈਂਬਰ ਯੂਸਫ ਅਲੀ ਨੇ ਮਾਈਕ ’ਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਐਲਾਨ ਨੂੰ ਪੜ੍ਹਿਆ।
ਇਸ ਤੋਂ ਬਾਅਦ ਸਾਰੇ ਮੰਤਰੀਆਂ ਨੇ ਇੱਕ-ਇੱਕ ਕਰਕੇ ਸਹੁੰ ਚੁੱਕੀ। ਬੰਗਲਾਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਸਾਰਾ ਇਲਾਕਾ ‘ਜੋਏ ਬੰਗਲਾ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਇਸ ਦੌਰਾਨ ਬੀਐੱਸਐੱਫ ਦੇ ਡਾਇਰੈਕਟਰ ਰੁਸਤਮਜੀ ਅਤੇ ਆਈਜੀ ਗੋਲਕ ਮਜੂਮਦਾਰ ਭਾਰਤੀ ਹਦੂਦ ਅੰਦਰ ਰਹਿ ਕੇ ਸਾਰੀ ਕਾਰਵਾਈ ’ਤੇ ਨਜ਼ਰ ਰੱਖ ਰਹੇ ਸਨ।
ਬੰਗਲਾਦੇਸ਼ ਦੀ ਅਸਥਾਈ ਸਰਕਾਰ ਦਾ ਦਫ਼ਤਰ 8 ਥੀਏਟਰ ਰੋਡ ’ਤੇ ਬਣਾਇਆ ਗਿਆ ਸੀ। ਤਾਜੂਦੀਨ ਅਹਿਮਦ ਆਪਣੇ ਦਫ਼ਤਰ ਦੇ ਨਾਲ ਲੱਗਦੇ ਇੱਕ ਕਮਰੇ ’ਚ ਰਹਿਣ ਲੱਗੇ।
ਬਾਕੀ ਮੰਤਰੀਆਂ ਨੂੰ ਬਾਲੀਗੰਜ ਸਰਕੂਲਰ ਰੋਡ ਸਥਿਤ ਬੀਐੱਸਐੱਫ ਦੀ ਇੱਕ ਇਮਾਰਤ ’ਚ ਰਹਿਣ ਲਈ ਥਾਂ ਦਿੱਤੀ ਗਈ।
ਰੁਸਤਮਜੀ ਉਨ੍ਹਾਂ ਕੁਝ ਚੁਣੀਦੇ ਲੋਕਾਂ ’ਚੋਂ ਸਨ, ਜੋ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਹਾਟਲਾਈਨ ’ਤੇ ਗੱਲ ਕਰ ਸਕਦੇ ਸਨ।
ਇੱਕ ਦਿਨ ਉਨ੍ਹਾਂ ਨੇ ਫੋਨ ਕਰਕੇ ਪੁੱਛਿਆ ਕਿ ਜੇਕਰ ਕਲਕੱਤੇ ’ਚ ਪਾਕਿਸਤਾਨੀ ਉਪ- ਹਾਈ ਕਮਿਸ਼ਨ ਦੇ ਸਾਰੇ ਬੰਗਾਲੀ ਕਰਮਚਾਰੀ ਆਪਣਾ ਪੱਖ ਬਦਲ ਲੈਣ ਤਾਂ ਕੀ ਉਨ੍ਹਾਂ ਨੂੰ ਤੁਹਾਡਾ ਸਮਰਥਨ ਮਿਲੇਗਾ?
ਇੰਦਰਾ ਗਾਂਧੀ ਇਸ ਪ੍ਰਸਤਾਵ ਤੋਂ ਬਹੁਤੇ ਖੁਸ਼ ਨਾ ਹੋਏ। ਉਨ੍ਹਾਂ ਨੇ ਰੁਸਤਮਜੀ ਨੂੰ ਚੇਤਾਵਨੀ ਦਿੱਤੀ ਕਿ ਇਸ ਅਪ੍ਰੇਸ਼ਨ ’ਚ ਇੱਕ ਮਾਮੂਲੀ ਜਿਹੀ ਗਲਤੀ ਭਾਰਤ ਨੂੰ ਕਿਸੇ ਵੱਡੀ ਮੁਸੀਬਤ ’ਚ ਪਾ ਸਕਦੀ ਹੈ।
ਰੁਸਤਮਜੀ ਨੇ ਕਿਹਾ ਕਿ “ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ।”
ਉਨ੍ਹਾਂ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨ ਹੁਸੈਨ ਅਲੀ ਨਾਲ ਨਾ ਸਿਰਫ ਨਿੱਜੀ ਤੌਰ ’ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਧਿਰ ਬਦਲਣ ਲਈ ਰਾਜ਼ੀ ਕੀਤਾ ਸਗੋਂ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਤਾਜੂਦੀਨ ਅਹਿਮਦ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਕਰਵਾਈ।
ਫੈਸਲਾ ਲਿਆ ਗਿਆ ਕਿ 18 ਅਪ੍ਰੈਲ ਨੂੰ ਹੁਸੈਨ ਅਲੀ ਪਾਕਿਸਤਾਨ ਨਾਲ ਆਪਣੇ ਸੰਬੰਧਾਂ ਨੂੰ ਤੋੜ ਦੇਣਗੇ ਅਤੇ ਬੰਗਲਾਦੇਸ਼ ਦੀ ਸਰਕਾਰ ਪ੍ਰਤੀ ਆਪਣੀ ਵਚਣਬੱਧਤਾ ਨੂੰ ਪ੍ਰਗਟ ਕਰਨਗੇ।
ਉਸ਼ੀਨੋਰ ਮਜੂਮਦਾਰ ਲਿਖਦੇ ਹਨ, “10 ਵਜੇ ਦੇ ਕਰੀਬ ਕਲਕੱਤਾ ’ਚ ਬਹੁਤ ਤੇਜ਼ ਤੂਫ਼ਾਨ ਆਇਆ, ਜਿਸ ਨੇ ਨਾ ਸਿਰਫ ਪਾਰਕ ਸਰਕਸ ਮੈਦਾਨ ਦੇ ਬਹੁਤ ਸਾਰੇ ਦਰੱਖਤ ਜੜ੍ਹੋਂ ਪੁੱਟ ਸੁੱਟੇ, ਸਗੋਂ ਉਸ ਖੰਭੇ ਨੂੰ ਵੀ ਉਖਾੜ ਦਿੱਤਾ, ਜਿਸ ’ਤੇ ਉਪ ਹਾਈ ਕਮਸ਼ਿਨ ’ਚ ਪਾਕਿਸਤਾਨੀ ਝੰਡਾ ਲਹਿਰਾ ਰਿਹਾ ਸੀ।"
"ਜਿਵੇਂ ਹੀ ਤੂਫ਼ਾਨ ਨੂੰ ਠੱਲ ਪਈ ਤਾਂ ਹੁਸੈਨ ਅਲੀ ਅਤੇ ਉਨ੍ਹਾਂ ਦੇ ਕਰਮਚਾਰੀ ਭਵਨ ’ਚ ਪਹੁੰਚੇ। ਉਨ੍ਹਾਂ ’ਚੋਂ ਇੱਕ ਵਿਅਕਤੀ ਨੇ ਫਲੈਗ ਪੋਲ ਤੋਂ ਪਾਕਿਸਤਾਨੀ ਝੰਡਾ ਹਟਾ ਕੇ ਉਸ ਦੀ ਥਾਂ ਬੰਗਲਾਦੇਸ਼ ਦਾ ਝੰਡਾ ਲਹਿਰਾ ਦਿੱਤਾ ਸੀ।”
ਉੱਥੇ ਮੌਜੂਦ ਬੀਐੱਸਐੱਫ ਦੇ ਲੋਕਾਂ ਨੇ ਭਵਨ ’ਤੇ ਲੱਗੇ ਪਾਕਿਸਤਾਨੀ ਨੇਮਪਲੇਟ ਨੂੰ ਹਟਾ ਕੇ ਇੱਕ ਨਵੀਂ ਤਖ਼ਤੀ ਲਗਾ ਦਿੱਤੀ, ਜਿਸ ’ਤੇ ਲਿਖਿਆ ਹੋਇਆ ਸੀ, “ਲੋਕਤੰਤਰੀ ਬੰਗਲਾਦੇਸ਼ ਗਣਰਾਜ ਦੇ ਹਾਈ ਕਮਿਸ਼ਨਰ ਦਾ ਦਫ਼ਤਰ’।"
ਬੀਐੱਸਐੱਫ ਨੇ ਰੇਡੀਓ ਟਰਾਂਸਮੀਟਰ ਕਰਵਾਇਆ ਮੁਹੱਈਆ
ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਢਾਕਾ ਸਥਿਤ ਭਾਰਤ ਦੇ ਡਿਪਟੀ ਹਾਈ ਕਮਿਸ਼ਨ ਨੂੰ ਬੰਦ ਕਰਾ ਦਿੱਤਾ।
ਇਸ ਕਾਰਵਾਈ ’ਚ ਡਾਇਰੈਕਟਰ ਰੁਸਤਮਜੀ, ਆਈਜੀ ਆਪ੍ਰੇਸ਼ਨ ਮੇਜਰ ਜਨਰਲ ਨਰਿੰਦਰ ਸਿੰਘ, ਆਈਜੀ ਇੰਟੈਲੀਜੈਂਸ ਪੀਆਰ ਰਾਜਗੋਪਾਲ ਅਤੇ ਆਈਜੀ ਪੂਰਬੀ ਜ਼ੋਨ ਗੋਲਕ ਮਜੂਮਦਾਰ ਹਾਈ ਕਮਿਸ਼ਨ ਦੀ ਸੜਕ ’ਤੇ ਭੇਸ ਬਦਲ ਕੇ ਖੜ੍ਹੇ ਸਨ।
27 ਮਾਰਚ, 1971 ਦੀ ਸ਼ਾਮ ਨੂੰ 7 ਵਜੇ ਮੁਕਤੀ ਬਾਹਨੀ ਦੇ ਮੇਜਰ ਜ਼ਿਆ-ਉਰ-ਰਹਿਮਾਨ ਨੇ ਕਲੂਰਘਾਟ ਰੇਡੀਓ ਸਟੇਸ਼ਨ ਤੋਂ ਮੁਜੀਬ ਦੀ ਆਜ਼ਾਦੀ ਦਾ ਐਲਾਨ ਪ੍ਰਸਾਰਿਤ ਕੀਤਾ।
ਤਿੰਨ ਬਾਅਦ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ ਰੇਡੀਓ ਸਟੇਸ਼ਨ ’ਤੇ ਬੰਬਾਰੀ ਕਰਕੇ ਉਸ ਨੂੰ ਤਬਾਹ ਕਰ ਦਿੱਤਾ।
ਬੀਐੱਸਐੱਫ ਦੇ ਡਾਇਰੈਕਟਰ ਰੁਸਤਮਜੀ ਨੇ ਬੀਐੱਸਐੱਫ ਦੀ ਟੇਕਨਪੁਰ ਅਕਾਦਮੀ ਤੋਂ 200 ਵਾਟ ਦਾ ਸ਼ਾਰਟ ਵੇਵ ਟਰਾਂਸਮੀਟਰ ਮੰਗਵਾਇਆ।
ਲੈਫਟੀਨੈਂਟ ਕਰਨਲ ਏਕੇ ਘੋਸ਼ ਨੇ ਆਪਣੀ ਬਟਾਲੀਅਨ ਦਾ ਪੁਰਾਣਾ ਰਿਕਾਰਡ ਪਲੇਅਰ ਉਪਲਬੱਧ ਕਰਵਾਇਆ ਅਤੇ ‘ਸਵਾਧੀਨ ਬੰਗਲਾ ਬੇਤਾਰ ਕੇਂਦਰ’ ਦਾ ਪ੍ਰਸਾਰਣ ਸ਼ੁਰੂ ਹੋ ਗਿਆ।
ਉਸ਼ੀਨੋਰ ਮਜੂਮਦਾਰ ਲਿਖਦੇ ਹਨ, “ਬੀਐੱਸਐੱਫ ਦੇ ਸਬ-ਇੰਸਪੈਕਟਰ ਰਾਮ ਸਿੰਘ ਇੱਕਲੇ ਵਿਅਕਤੀ ਸਨ, ਜੋ ਕਿ ਦੂਜੇ ਵਿਸ਼ਵ ਯੁੱਧ ਦੇ ਦੌਰ ਦੇ ਰੇਡੀਓ ਟਰਾਂਸਮੀਟਰ ਨੂੰ ਚਲਾਉਣਾ ਜਾਣਦੇ ਸਨ।"
"ਇਹ ਟਰਾਂਸਮੀਟਰ ਦਿਨ ’ਚ ਸਿਰਫ ਡੇਢ ਘੰਟਾ ਹੀ ਚੱਲ ਸਕਦਾ ਸੀ। ਇੰਜੀਨੀਅਰਾਂ ਅਤੇ ਸਕ੍ਰਿਪਟ ਲੇਖਕਾਂ ਦੀ ਟੀਮ ਨੇ ਪਾਕਿਸਤਾਨ ਵਿਰੁੱਧ ਲੜਾਈ ਲੜ ਰਹੇ ਬੰਗਲਾਦੇਸ਼ ਦੇ ਲੋਕਾਂ ਲਈ ਪ੍ਰੋਗਰਾਮ ਪ੍ਰਸਾਰਿਤ ਕਰਨੇ ਸ਼ੁਰੂ ਕੀਤੇ।"
"ਸ਼ੁਰੂਆਤੀ ਦਿਨਾਂ ’ਚ ਅਖ਼ਬਾਰਾਂ ’ਚ ਛਪੀਆਂ ਖ਼ਬਰਾਂ ਨੂੰ ਪ੍ਰਸਾਰਿਤ ਕੀਤਾ ਜਾਂਦਾ ਸੀ।”
ਇਸ ਤੋਂ ਬਾਅਦ ਦੁਨੀਆ ਭਰ ਦੇ ਲੋਕਾਂ ਨੂੰ ਬੰਗਲਾਦੇਸ਼ ਦੇ ਸੰਘਰਸ਼ ’ਚ ਮਦਦ ਕਰਨ ਲਈ ਅਪੀਲ ਕੀਤੀ ਜਾਂਦੀ ਸੀ ਅਤੇ ਨਜ਼ਰੁਲ ਗੀਤੀ ਸੁਣਾਈ ਜਾਂਦੀ ਸੀ।
ਹਰ ਅੱਧੇ ਘੰਟੇ ਬਾਅਦ ਉਹ 10 ਮਿੰਟ ਦੀ ਬ੍ਰੇਕ ਲੈਂਦੇ ਸਨ, ਕਿਉਂਕਿ ਪੁਰਾਣਾ ਟਰਾਂਸਮੀਟਰ ਜ਼ਰੂਰਤ ਤੋਂ ਵਧੇਰੇ ਗਰਮ ਹੋ ਜਾਂਦਾ ਸੀ। ਬੀਐੱਸਐੱਫ ਦੇ ਦੋ ਅਧਿਕਾਰੀਆਂ ਡਿਪਟੀ ਕਮਾਂਡੈਂਟ ਐਸਪੀ ਬੈਨਰਜੀ ਅਤੇ ਸਹਾਇਕ ਕਮਾਂਡੈਂਟ ਐਮਆਰ ਦੇਸ਼ਮੁਖ ਨੂੰ ਗੁਪਤ ਰੇਡੀਓ ਸਟੇਸ਼ਨ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਇਨ੍ਹਾਂ ਲੋਕਾਂ ਨੂੰ ਅਗਰਤਲਾ ਦੇ ਸਰਕਟ ਹਾਊਸ ’ਚ ਠਹਿਰਾਇਆ ਗਿਆ ਸੀ ਅਤੇ ਆਉਣ-ਜਾਣ ਲਈ ਇੱਕ ਜੀਪ ਦਿੱਤੀ ਗਈ ਸੀ।
ਕੁਝ ਦਿਨਾਂ ਬਾਅਦ ਇਸ ਰੇਡੀਓ ਸਟੇਸ਼ਨ ਨੂੰ ਪੱਛਮੀ ਬੰਗਾਲ ਸ਼ਿਫ਼ਟ ਕਰ ਦਿੱਤਾ ਗਿਆ ਸੀ, ਜਿੱਥੇ ਰਾਅ ਨੇ ਕਲਕੱਤਾ ਪਹੁੰਚੇ ਪੂਰਬੀ ਪਾਕਿਸਤਾਨ ਦੇ ਰੇਡੀਓ ਕਲਾਕਾਰਾਂ ਦੀ ਮਦਦ ਨਾਲ ਰੇਡੀਓ ਪ੍ਰੋਗਰਾਮ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ।
29 ਪੁਲ਼ ਢਾਹ ਢੇਰੀ ਕੀਤੇ
ਬੀਐੱਸਐੱਫ ਦੇ ਇੰਜੀਨੀਅਰਾਂ ਅਤੇ ਜਵਾਨਾਂ ਨੇ ਸੁਭਾਪੁਰ ਪੁਲ ਨੂੰ ਤਬਾਹ ਕਰਨ ’ਚ ਮੁਕਤੀ ਬਾਹਨੀ ਦੀ ਮਦਦ ਕੀਤੀ ਸੀ।
ਬੀਐੱਸਐੱਫ ਨੇ 6 ਹਫ਼ਤਿਆਂ ’ਚ ਪੂਰਬੀ ਪਾਕਿਸਤਾਨ ਦੇ 29 ਸੜਕ ਅਤੇ ਰੇਲਵੇ ਪੁਲਾਂ ਨੂੰ ਤਬਾਹ ਕਰ ਦਿੱਤਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨੀ ਫੌਜ ਦੇ ਜਵਾਨਾਂ ਤੱਕ ਰਸਦ ਦੇਰੀ ਨਾਲ ਪਹੁੰਚਣ ਲੱਗੀ।
ਜਦੋਂ ਵੀ ਬੀਐੱਸਐੱਫ ਦੇ ਜਵਾਨ ਪੂਰਬੀ ਪਾਕਿਸਤਾਨ ਦੀ ਹਦੂਦ ਅੰਦਰ ਦਾਖਲ ਹੁੰਦੇ ਤਾਂ ਉਨ੍ਹਾਂ ਨੂੰ ਆਪਣੀ ਵਰਦੀ ਪਹਿਨਣ ਦੀ ਇਜਾਜ਼ਤ ਨਹੀਂ ਹੁੰਦੀ ਸੀ।
ਉਹ ਨਾ ਤਾਂ ਜੰਗਲ ਬੂਟ ਪਾ ਸਕਦੇ ਸਨ ਅਤੇ ਨਾ ਹੀ ਭਾਰਤ ’ਚ ਬਣੇ ਹਥਿਆਰ ਲਿਜਾ ਸਕਦੇ ਸਨ।
ਪਲਾਟੂਨ ਕਮਾਂਡਰ ਰੂਪਕ ਰੰਜਨ ਮਿੱਤਰਾ ਨੇ ਪੂਰਬੀ ਪਾਕਿਸਤਾਨ ’ਚ ਖ਼ੁਫ਼ੀਆ ਤੌਰ ’ਤੇ ਦਾਖਲ ਹੋਣ ਵਾਲੇ ਬੀਐੱਸਐੱਫ ਦੇ ਜਵਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ।
ਉਸ਼ੀਮੋਰ ਮਜੂਮਦਾਰ ਲਿਖਦੇ ਹਨ, “ਉਨ੍ਹਾਂ ਨੂੰ ਸਿਖਾਇਆ ਗਿਆ ਸੀ ਕਿ ਕਿਵੇਂ ‘ਅਸਲਾਮਵਾਲੇਕੁਮ’ ਕਹਿ ਕੇ ਇੱਕ ਦੂਜੇ ਦਾ ਅਭਿਨੰਦਨ ਕਰਨਾ ਹੈ। ਕੁਝ ਲੋਕਾਂ ਨੇ ਤਾਂ ਨਮਾਜ਼ ਪੜ੍ਹਨੀ ਵੀ ਸਿੱਖੀ ਅਤੇ ਪੰਜ ਵੇਲੇ ਪੜ੍ਹੀ ਜਾਣ ਵਾਲੀ ਨਮਾਜ਼ ਦੇ ਨਾਮ ਵੀ ਯਾਦ ਕੀਤੇ।"
"ਬੀਐੱਸਐੱਫ ਦੇ ਹਿੰਦੂ ਜਵਾਨਾਂ ਨੇ ਆਪਣੇ ਨਾਮ ਬਦਲੇ। ਮਿੱਤਰਾ ਨੇ ਆਪਣਾ ਨਾਮ ਬਦਲ ਕੇ ਤਾਲਿਬ ਹੁਸੈਨ ਰੱਖਿਆ। ਉਹ ਕੈਂਪ ’ਚ ਵੀ ਇੱਕ-ਦੂਜੇ ਨੂੰ ਨਵੇਂ ਨਾਵਾਂ ਨਾਲ ਬੁਲਾਉਂਦੇ ਤਾਂ ਜੋ ਉਨ੍ਹਾਂ ਨੂੰ ਇਸ ਦੀ ਆਦਤ ਹੋ ਜਾਵੇ।”
ਉਨ੍ਹਾਂ ਨੇ ਪਾਕਿਸਤਾਨੀ ਸੈਨਿਕਾਂ ਨੂੰ ਰਾਤ ਨੂੰ ਆਪਣੀਆਂ ਬੈਰਕਾਂ ’ਚ ਰਹਿਣ ਲਈ ਮਜ਼ਬੂਰ ਕੀਤਾ।
ਜਦੋਂ ਵੀ ਉਹ ਰਾਤ ਨੂੰ ਸੜਕਾਂ ’ਤੇ ਗਸ਼ਤ ਕਰਨ ਲਈ ਨਿਕਲਦੇ ਸੀ ਤਾਂ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਸਨ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਰਾਤ ਨੂੰ ਬਾਹਰ ਨਿਕਲਣਾ ਹੀ ਛੱਡ ਦਿੱਤਾ।
ਭਾਰਤ ਨੇ ਮੁਕਤੀ ਬਾਹਨੀ ਨੂੰ ਮਦਦ ਦੇਣ ਦਾ ਕੀਤਾ ਖੰਡਨ
ਜਦੋਂ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਪਰਮੇਸ਼ਵਰ ਨਾਰਾਇਣ ਹਕਸਰ ਨੇ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਜਰ ਨੂੰ ਪਾਕਿਸਤਾਨ ਨੂੰ ਅਮਰੀਕੀ ਹਥਿਆਰ ਦਿੱਤੇ ਜਾਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਉਲਟਾ ਭਾਰਤ ’ਤੇ ਬੰਗਾਲੀ ਗੁਰੀਲਿਆਂ ਨੂੰ ਹਥਿਆਰ ਦੇਣ ਦਾ ਇਲਾਜ਼ਾਮ ਲਗਾਇਆ।
ਪਰ ਹਕਸਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਮੁਕਤੀ ਬਾਹਨੀ ਦੇ ਲੜਾਕਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਹਥਿਆਰ ਦਿੱਤੇ ਹਨ।
ਹਾਲਾਂਕਿ ਇਹ ਸਹੀ ਨਹੀਂ ਸੀ, ਸ਼੍ਰੀਨਗਰ ਦੀ ਚੌਕੀ ’ਤੇ ਬੀਐੱਸਐੱਫ ਦੇ ਜਵਾਨਾਂ ਦੀ ਮਦਦ ਲਈ ਨਾ ਸਿਰਫ਼ 19 ਰਾਜਪੂਤਾਨਾ ਰਾਈਫਲਜ਼ ਦੀਆਂ 4 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਸਨ, ਸਗੋਂ 6 ਤੋਪਾਂ ਅਤੇ ਤਿੰਨ ਇੰਚ ਦੀ ਮੋਰਟਾਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਭਾਰਤ ਨੇ ਉਦੋਂ ਵੀ ਅਤੇ ਅੱਜ ਵੀ ਜਨਤਕ ਤੌਰ ’ਤੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਉਸ ਨੇ ਮੁਕਤੀ ਬਾਹਨੀ ਦੇ ਲੜਾਕਿਆਂ ਦੀ ਮਦਦ ਕੀਤੀ ਸੀ।
ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਸਿਡਨੀ ਸ਼ਾਨਬਰਗ ਉਸ ਸਿਖਲਾਈ ਕੈਂਪ ’ਚ ਪਹੁੰਚਣ ’ਚ ਸਫਲ ਹੋ ਗਏ ਸਨ, ਜਿੱਥੇ ਬੀਐੱਸਐੱਫ ਦੇ ਲੋਕ ਮੁਕਤੀ ਬਾਹਨੀ ਦੇ ਸੈਨਿਕਾਂ ਨੂੰ ਸਿਖਲਾਈ ਦੇ ਰਹੇ ਸਨ।
ਉਨ੍ਹਾਂ ਨੇ ਭਾਰਤ ਅਤੇ ਪੂਰਬੀ ਪਾਕਿਸਤਾਨ ਦੀ ਸਰਹੱਦ ’ਤੇ ਚਾਰ ਦਿਨ ਬਿਤਾਏ ਅਤੇ ਉਹ ਪਾਕਿਸਤਾਨੀ ਸਰਹੱਦ ਅੰਦਰ ਦਾਖ਼ਲ ਹੋਣ ’ਚ ਵੀ ਕਾਮਯਾਬ ਹੋਏ।
ਉਨ੍ਹਾਂ ਨੇ 22 ਅਪ੍ਰੈਲ, 1971 ਦੇ ਨਿਊਯਾਰਕ ਟਾਈਮਜ਼ ਦੇ ਅੰਕ ’ਚ ‘ਬੰਗਾਲੀਜ਼ ਟੂ ਰੀ-ਗਰੁੱਪ ਦਿਅਰ ਫ਼ੋਰਸੇਜ਼ ਫਾਰ ਗੁਰੀਲਾ ਐਕਸ਼ਨ’ ਸਿਰਲੇਖ ਹੇਠ ਇੱਕ ਲੇਖ ਲਿਖਿਆ ਸੀ।
ਇਸ ਰਿਪੋਰਟ ’ਚ ਉਨ੍ਹਾਂ ਨੇ ਲਿਖਿਆ ਸੀ, “ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਿਵੇਂ ਬੀਐੱਸਐੱਫ ਦੇ ਲੋਕ ਮੁਕਤੀ ਬਾਹਨੀ ਦੇ ਲੜਾਕਿਆਂ ਨੂੰ ਸਿਖਲਾਈ ਅਤੇ ਹਥਿਆਰ ਦੇ ਰਹੇ ਸਨ।”
1971 ਦੀ ਜੰਗ ’ਚ ਬੀਐੱਸਐੱਫ ਦੇ 125 ਜਵਾਨ ਸ਼ਹੀਦ ਹੋਏ ਸਨ, ਜਦਕਿ 392 ਸੈਨਿਕ ਜ਼ਖਮੀ ਹੋਏ ਸਨ। ਇਸ ਜੰਗ ਤੋਂ ਬਾਅਦ ਬੀਐੱਸਐੱਫ ਦੇ ਦੋ ਉੱਚ ਅਧਿਕਾਰੀਆਂ ਕੇ ਰੁਸਤਮਜੀ ਅਤੇ ਅਸ਼ਨਵੀ ਕੁਮਾਰ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਈਜੀ ਗੋਲਕ ਬਿਹਾਰੀ ਮਜੂਮਦਾਰ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਵਾਜਿਆ ਗਿਆ ਸੀ।
ਉਹ ਇਸ ਸਨਮਾਨ ਨੂੰ ਹਾਸਲ ਕਰਨ ਵਾਲੇ ਪਹਿਲੇ ਗੈਰ ਫੌਜੀ ਅਧਿਕਾਰੀ ਸਨ। ਇਸ ਤੋਂ ਇਲਾਵਾ ਸਹਾਇਕ ਕਮਾਂਡੈਂਟ ਰਾਮ ਕ੍ਰਿਸ਼ਨ ਵਾਧਵਾ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।