1971 ਦੀ ਜੰਗ: ਜਦੋਂ ਜਨਰਲ ਨਿਆਜ਼ੀ ਨੇ ਜਨਰਲ ਅਰੋੜਾ ਅੱਗੇ ਹਥਿਆਰ ਸੁੱਟੇ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

15 ਦਸੰਬਰ 1971 ਤੱਕ ਬੰਗਲਾਦੇਸ਼ ਦੀ ਜੰਗ ਆਪਣੇ ਸਿਖ਼ਰ 'ਤੇ ਪਹੁੰਚ ਚੁੱਕੀ ਸੀ। 15 ਅਤੇ 16 ਦਸੰਬਰ ਦੀ ਦਰਮਿਆਨੀ ਰਾਤ ਤੱਕ 2 ਪੈਰਾ ਦੇ ਜਵਾਨ ਢਾਕਾ ਦੇ ਦਰਵਾਜ਼ੇ 'ਤੇ ਖੜ੍ਹੇ ਸਨ।

6 ਦੀ ਸਵੇਰ ਤੱਕ ਦੋਵਾਂ ਪਾਸਿਆਂ ਤੋਂ ਰੁੱਕ-ਰੁੱਕ ਕੇ ਗੋਲੀਬਾਰੀ ਜਾਰੀ ਸੀ। ਉਸੇ ਸਮੇਂ ਜੀਓਸੀ 101 ਖੇਤਰ ਦੇ ਮੇਜਰ ਜਨਰਲ ਗੰਧਰਵ ਨਾਗਰਾ ਉੱਥੇ ਪਹੁੰਚ ਗਏ।

ਆਪਣੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਮੈਨੂੰ ਦੱਸਿਆ ਸੀ, "ਮੈਂ ਢਾਕਾ ਦੇ ਬਾਹਰ ਮੀਰਪੁਰ ਪੁੱਲ 'ਤੇ ਆਪਣੀ ਜੋਂਗਾ ਦੇ ਬੋਨੇਟ 'ਤੇ ਆਪਣੇ ਸਟਾਫ਼ ਅਫ਼ਸਰ ਦੇ ਨੋਟਪੈਡ 'ਤੇ ਪੂਰਬੀ ਪਾਕਿਸਤਾਨ ਦੇ ਚੀਫ਼ ਜਨਰਲ ਨਿਆਜ਼ੀ ਨੂੰ ਇੱਕ ਪੱਤਰ ਲਿਖਿਆ, 'ਪਿਆਰੇ ਅਬਦੁੱਲਾ, ਮੈਂ ਇੱਥੇ ਹਾਂ। ਖੇਡ ਖ਼ਤਮ ਹੋ ਚੁੱਕੀ ਹੈ।"

"ਮੈਂ ਹੁਣ ਸਲਾਹ ਦਿੰਦਾ ਹਾਂ ਕਿ ਤੂੰ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ। ਮੈਂ ਤੇਰਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਾਗਾਂ।' ਮੇਰਾ ਇਹ ਸੁਨੇਹਾ ਲੈ ਕੇ ਮੇਰਾ ਏਡੀਸੀ ਕੈਪਟਨ ਹਰਤੋਸ਼ ਮਹਿਤਾ ਜੀਪ 'ਚ ਨਿਆਜ਼ੀ ਦੇ ਕੋਲ ਗਿਆ।"

ਪਾਕਿਸਤਾਨੀਆਂ ਨੇ ਭਾਰਤੀ ਜਵਾਨਾਂ ਦੀ ਜੀਪ 'ਤੇ ਚਲਾਈ ਗੋਲੀ

ਉਸ ਸਮੇਂ ਨਿਰਭੈ ਸ਼ਰਮਾ ਵੀ 2 ਪੈਰਾ 'ਚ ਕੈਪਟਨ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਰਹੇ ਸਨ ਅਤੇ ਬਾਅਦ 'ਚ ਉਹ ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।

ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਨਿਰਭੈ ਸ਼ਰਮਾ ਯਾਦ ਕਰਦਿਆਂ ਦੱਸਦੇ ਹਨ, "ਉਸ ਸਮੇਂ ਮੈਂ ਵੀ ਕੈਪਟਨ ਹਰਤੋਸ਼ ਮਹਿਤਾ ਨਾਲ ਉਸ ਜੀਪ 'ਚ ਮੌਜੂਦ ਸੀ।"

"ਜਿਵੇਂ ਹੀ ਅਸੀਂ ਅੱਗੇ ਵਧੇ ਤਾਂ ਅੱਗਲੇ ਇਲਾਕੇ ਦੇ ਕੰਪਨੀ ਕਮਾਂਡਰ ਮੇਜਰ ਜੇਐੱਸ ਸੇਠੀ ਅਤੇ ਲੈਫਟੀਨੈਂਟ ਤੇਜਿੰਦਰ ਸਿੰਘ ਵੀ ਛਾਲ ਮਾਰ ਕੇ ਜੀਪ 'ਚ ਆ ਬੈਠੇ।"

"ਸਾਨੂੰ ਇਸ ਗੱਲ ਦੀ ਬਿਲਕੁੱਲ ਵੀ ਥੌਹ ਖ਼ਬਰ ਨਹੀਂ ਸੀ ਕਿ ਪੁੱਲ ਦੇ ਉਸ ਪਾਰ ਤਾਇਨਾਤ ਪਾਕਿਸਤਾਨੀ ਸੈਨਿਕਾਂ ਨੂੰ ਹਥਿਆਰ ਸੁੱਟਣ ਦੀ ਕੋਈ ਹਿਦਾਇਤ ਨਹੀਂ ਮਿਲੀ ਸੀ।"

"ਜਿਵੇਂ ਅਸੀਂ ਪੁੱਲ ਪਾਰ ਕੀਤਾ ਤਾਂ ਉਨ੍ਹਾਂ ਨੇ ਸਾਡੇ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਸੀਂ ਆਪਣੀ ਜੀਪ ਰੋਕੀ ਅਤੇ ਮੈਂ ਉੱਚੀ ਆਵਾਜ਼ 'ਚ ਉਨ੍ਹਾਂ ਨੂੰ ਗੋਲੀਬਾਰੀ ਬੰਦ ਕਰਨ ਲਈ ਕਿਹਾ।"

"ਗੋਲੀਬਾਰੀ ਤਾਂ ਰੁੱਕ ਗਈ ਪਰ ਪਾਕਿਸਤਾਨੀ ਜਵਾਨਾਂ ਨੇ ਸਾਡੀ ਜੀਪ ਨੂੰ ਘੇਰਾ ਪਾ ਲਿਆ। ਮੈਂ ਪਾਕਿਸਤਾਨੀ ਜੂਨੀਅਰ ਅਫ਼ਸਰ ਨੂੰ ਕਿਹਾ ਕਿ ਉਹ ਆਪਣੇ ਸੀਨੀਅਰ ਅਫ਼ਸਰ ਨੂੰ ਬੁਲਾਉਣ।"

"ਇਸ ਦੇ ਨਾਲ ਹੀ ਮੈਂ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਕੋਈ ਵੀ ਨੁਕਸਾਨ ਹੋਇਆ ਤਾਂ ਇਸ ਦਾ ਨਤੀਜਾ ਬਹੁਤ ਮਾੜਾ ਹੋਵੇਗਾ ਕਿਉਂਕਿ ਭਾਰਤੀ ਫੌਜ ਨੇ ਢਾਕਾ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ ਅਤੇ ਜਨਰਲ ਨਿਆਜ਼ੀ ਹਥਿਆਰ ਸੁੱਟਣ ਲਈ ਤਿਆਰ ਵੀ ਹੋ ਗਏ ਹਨ।"

"ਅਸੀਂ ਖੁਸ਼ਕਿਸਮਤ ਸੀ ਕਿ ਉਸੇ ਸਮੇਂ ਇੱਕ ਪਾਕਿਸਤਾਨੀ ਕੈਪਟਨ ਉੱਥੇ ਆਇਆ ਅਤੇ ਉਹ ਸਾਨੂੰ ਮੀਰਪੁਰ ਗੜ੍ਹੀ ਦੇ ਕਮਾਂਡਰ ਕੋਲ ਲੈ ਗਿਆ।"

ਜਨਰਲ ਜਮਸ਼ੇਦ ਨੇ ਆਪਣੀ ਪਿਸਤੌਲ ਜਨਰਲ ਨਾਗਰਾ ਨੂੰ ਸੌਂਪੀ

ਲੈਫਟੀਨੈਂਟ ਜਨਰਲ ਨਿਰਭੈ ਸ਼ਰਮਾ ਅੱਗੇ ਦੱਸਦੇ ਹਨ, "ਉਨ੍ਹਾਂ ਨੇ ਜਨਰਲ ਨਾਗਰਾ ਵੱਲੋਂ ਲਿਖਿਆ ਨੋਟ ਸਾਡੇ ਤੋਂ ਲੈ ਲਿਆ ਅਤੇ ਸਾਨੂੰ ਇੰਤਜ਼ਾਰ ਕਰਨ ਲਈ ਕਿਹਾ।"

"ਲਗਭਗ ਇੱਕ ਘੰਟੇ ਬਾਅਦ ਢਾਕਾ ਗੜ੍ਹੀ ਦੇ ਕਮਾਂਡਰ ਮੇਜਰ ਜਨਰਲ ਮੁਹੰਮਦ ਜਮਸ਼ੇਦ ਉੱਥੇ ਪਹੁੰਚੇ। ਉਹ ਸਾਡੀ ਜੀਪ 'ਚ ਮੇਜਰ ਸੇਠੀ ਅਤੇ ਮੇਰੇ ਵਿਚਕਾਰ ਬੈਠ ਗਏ।"

"ਸਾਡੇ ਪਿੱਛੇ ਜਨਰਲ ਜਮਸ਼ੇਦ ਦੀ ਆਪਣੀ ਜੀਪ ਚੱਲ ਰਹੀ ਸੀ। ਜਦੋਂ ਅਸੀਂ ਆਪਣੇ ਟਿਕਾਣੇ ਵੱਲ ਪਰਤ ਰਹੇ ਸੀ ਤਾਂ ਪਾਕਿਸਤਾਨੀਆਂ ਨੇ ਸਾਡੇ 'ਤੇ ਫਿਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ 'ਚ ਮੇਜਰ ਸੇਠੀ ਦੇ ਖੱਬੇ ਪੈਰ 'ਚ ਮਸ਼ੀਨ ਗਨ ਦਾ ਗੋਲਾ ਆ ਕੇ ਵੱਜਿਆ।"

"ਇੱਕ ਹੋਰ ਗੋਲੀ ਲੈਫਟੀਨੈਂਟ ਤੇਜਿੰਦਰ ਸਿੰਘ ਦੇ ਹੈਲਮੇਟ ਨੂੰ ਪਾਰ ਕਰਕੇ ਲੰਘ ਗਈ। ਬਹਿਰਹਾਲ ਅਸੀਂ ਵਾਪਸ ਜਨਰਲ ਨਾਗਰਾ ਕੋਲ ਪਹੁੰਚੇ, ਜਿੱਥੇ ਜਨਰਲ ਜਮਸ਼ੇਦ ਨੇ ਆਪਣੀ ਪਿਸਤੌਲ ਜਨਰਲ ਨਾਗਰਾ ਨੂੰ ਸੌਂਪ ਦਿੱਤੀ।"

ਇਹ ਵੀ ਪੜ੍ਹੋ-

ਜਨਰਲ ਅਰੋੜਾ ਨੇ ਆਪਣੀ ਪਤਨੀ ਨੂੰ ਢਾਕਾ ਲੈ ਕੇ ਜਾਣ ਦਾ ਫੈਸਲਾ ਕੀਤਾ

ਉਸ ਪਲ ਨੂੰ ਯਾਦ ਕਰਦਿਆਂ ਜਨਰਲ ਨਾਗਰਾ ਨੇ ਮੈਨੂੰ ਦੱਸਿਆ, "ਮੈਂ ਜਨਰਲ ਜਮਸ਼ੇਦ ਦੀ ਗੱਡੀ 'ਚ ਬੈਠ ਕੇ ਉਨ੍ਹਾਂ ਦਾ ਝੰਡਾ ਲਾਹਇਆ ਅਤੇ 2 ਮਾਊਂਟੇਨ ਡਿਵ ਦਾ ਝੰਡਾ ਲਗਾ ਦਿੱਤਾ। ਜਦੋਂ ਮੈਂ ਨਿਆਜ਼ੀ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਬਹੁਤ ਹੀ ਗਰਮਜੋਸ਼ੀ ਨਾਲ ਮੇਰਾ ਸਵਾਗਤ ਕੀਤਾ।"

ਦੂਜੇ ਪਾਸੇ, 16 ਦਸੰਬਰ ਦੀ ਸਵੇਰ ਨੂੰ 9:15 'ਤੇ ਜਨਰਲ ਜੈਕਬ ਨੂੰ ਜਨਰਲ ਮਾਨੇਕਸ਼ਾ ਦਾ ਸੁਨੇਹਾ ਮਿਲਿਆ ਕਿ ਉਹ ਆਤਮ ਸਮਰਪਣ ਦੀ ਤਿਆਰੀ ਕਰਨ ਲਈ ਤੁਰੰਤ ਢਾਕਾ ਪਹੁੰਚਣ।

ਜਨਰਲ ਜੈਕਬ ਆਪਣੀ ਸਵੈ-ਜੀਵਨੀ 'ਐਨ ਓਡੀਸੀ ਇਨ ਵਾਰ ਐਂਡ ਪੀਸ' ਵਿੱਚ ਲਿਖਦੇ ਹਨ, "ਜਦੋਂ ਮੈਂ ਜਨਰਲ ਅਰੋੜਾ ਕੋਲ ਗਿਆ ਤਾਂ ਮੈਨੂੰ ਉਨ੍ਹਾਂ ਦੀ ਪਤਨੀ ਭਾਂਤੀ ਅਰੋੜਾ ਨੂੰ ਉਨ੍ਹਾਂ ਦੇ ਦਫ਼ਤਰ ਦੇ ਸਾਹਮਣੇ ਮਿਲਿਆ।"

"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਵੀ ਢਾਕਾ ਜਾ ਰਹੀ ਸੀ , ਕਿਉਂਕਿ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ ਦੇ ਨਾਲ ਹੈ। ਜਦੋਂ ਮੈਂ ਜਨਰਲ ਅਰੋੜਾ ਨੂੰ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਆਪਣੀ ਪਤਨੀ ਨੂੰ ਨਾਲ ਲੈ ਕੇ ਜਾ ਰਹੇ ਹੋ?"

"ਜਦੋਂ ਉਨ੍ਹਾਂ ਨੇ ਹਾਂ ਕਿਹਾ ਤਾਂ ਮੈਂ ਕਿਹਾ ਕਿ ਉਨ੍ਹਾਂ ਨੂੰ ਉੱਥੇ ਲੈ ਕੇ ਜਾਣਾ ਜੋਖ਼ਮ ਭਰਿਆ ਕੰਮ ਹੋਵੇਗਾ। ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਹੈ।"

ਜਨਰਲ ਜੈਕਬ ਨੇ ਨਿਆਜ਼ੀ ਨੂੰ ਸੋਚਣ ਲਈ ਅੱਧੇ ਘੰਟੇ ਦਾ ਦਿੱਤਾ ਸਮਾਂ

ਜਦੋਂ ਜਨਰਲ ਜੈਕਬ ਜਨਰਲ ਨਿਆਜ਼ੀ ਦੇ ਕਮਰੇ 'ਚ ਦਾਖਲ ਹੋਏ ਤਾਂ ਉਨ੍ਹਾਂ ਨੇ ਉੱਥੇ ਪਾਕਿਸਤਾਨ ਫੌਜ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਦੇਖਿਆ।

ਉੱਥੇ ਹੀ ਮੇਜਰ ਜਨਰਲ ਗੰਧਰਵ ਨਾਗਰਾ ਇੱਕ ਸੋਫੇ 'ਤੇ ਬੈਠੇ ਜਨਰਲ ਨਿਆਜ਼ੀ ਨੂੰ ਪੰਜਾਬੀ 'ਚ ਚੁਟਕਲੇ ਸੁਣਾ ਰਹੇ ਸਨ।

ਉਨ੍ਹਾਂ ਨੇ ਜਨਰਲ ਨਾਗਰਾ ਨੂੰ ਨਿਰਦੇਸ਼ ਦਿੱਤਾ ਕਿ ਉਹ ਆਤਮ-ਸਮਰਪਣ ਸਮਾਗਮ ਲਈ ਰੇਸਕੋਰਸ 'ਚ ਇੱਕ ਮੇਜ਼ ਅਤੇ ਦੋ ਕੁਰਸੀਆਂ ਦਾ ਬੰਦੋਬਸਤ ਕਰਨ ਅਤੇ ਨਾਲ ਹੀ ਇਸ ਗੱਲ ਦਾ ਵੀ ਪ੍ਰਬੰਧ ਕਰਨ ਕੇ ਭਾਰਤ ਅਤੇ ਪਾਕਿਸਤਾਨ ਸੈਨਿਕਾਂ ਦੀ ਇੱਕ ਸਾਂਝੀ ਟੁਕੜੀ ਕਰਨਲ ਜਗਜੀਤ ਸਿੰਘ ਅਰੋੜਾ ਨੂੰ ਗਾਰਡ ਆਫ਼ ਆਨਰ ਦੇਵੇ, ਜੋ ਕਿ ਕੁਝ ਸਮੇਂ 'ਚ ਉੱਥੇ ਪਹੁੰਚਣ ਵਾਲੇ ਸਨ।

ਜਨਰਲ ਜੈਕਬ ਨੇ ਮੈਨੂੰ ਦੱਸਿਆ, "ਜਦੋਂ ਮੈਂ ਨਿਆਜ਼ੀ ਨੂੰ ਆਤਮ-ਸਮਰਪਣ ਦਾ ਦਸਤਾਵੇਜ਼ ਪੜ੍ਹ ਕੇ ਸੁਣਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਸ ਨੇ ਕਿਹਾ ਹੈ ਕਿ ਅਸੀਂ ਆਤਮ ਸਮਰਪਣ ਕਰ ਰਹੇ ਹਾਂ।"

"ਮੇਜਰ ਜਨਰਲ ਰਾਵ ਫ਼ਰਮਾਨ ਅਲੀ ਨੂੰ ਭਾਰਤ ਅਤੇ ਮੁਕਤੀ ਬਾਹਿਨੀ ਦੀ ਸਾਂਝੀ ਕਮਾਂਡ ਅੱਗੇ ਆਤਮ-ਸਮਰਪਣ ਕਰਨ 'ਤੇ ਇਤਰਾਜ਼ ਸੀ।"

"ਸਮਾਂ ਲੰਘਦਾ ਜਾ ਰਿਹਾ ਸੀ। ਇਸ ਲਈ ਮੈਂ ਨਿਆਜ਼ੀ ਨੂੰ ਇੱਕ ਪਾਸੇ ਲੈ ਗਿਆ ਤੇ ਕਿਹਾ ਕਿ ਜੇਕਰ ਤੁਸੀਂ ਹਥਿਆਰ ਨਹੀਂ ਸੁੱਟਦੇ ਹੋ ਤਾਂ ਮੈਂ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਦੀ ਗਰੰਟੀ ਨਹੀਂ ਲੈ ਸਕਦਾ ਹਾਂ। ਪਰ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।"

"ਫਿਰ ਮੈਂ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਇਸ ਬਾਰੇ ਸੋਚਣ ਲਈ 30 ਮਿੰਟ ਦੇਵਾਂਗਾ। ਜੇਕਰ ਤੁਸੀਂ ਇਸ 'ਤੇ ਕੋਈ ਫੈਸਲਾ ਨਾ ਲਿਆ ਤਾਂ ਮੈਂ ਢਾਕਾ 'ਤੇ ਫਿਰ ਤੋਂ ਬੰਬਾਰੀ ਦਾ ਹੁਕਮ ਦੇਵਾਂਗਾ।"

ਨਿਆਜ਼ੀ ਦੀ ਚੁੱਪ

ਜੈਕਬ ਨੇ ਮੈਨੂੰ ਅੱਗੇ ਦੱਸਿਆ, "ਜਦੋਂ ਮੈਂ ਬਾਹਰ ਆਇਆ, ਤਾਂ ਮੈਂ ਸੋਚਿਆ ਕਿ ਮੈਂ ਕੀ ਕੀਤਾ ਹੈ। ਉਸ ਸਮੇਂ ਨਿਆਜ਼ੀ ਕੋਲ ਢਾਕਾ ਦੇ ਅੰਦਰ 26,400 ਸਿਪਾਹੀ ਸਨ ਜਦਕਿ ਸਾਡੇ ਕੋਲ ਸਿਰਫ਼ 3000 ਫ਼ੌਜੀ ਸਨ ਅਤੇ ਉਹ ਵੀ ਢਾਕਾ ਤੋਂ 30 ਮੀਲ ਦੂਰ।"

"ਬਾਅਦ ਵਿੱਚ ਹੁਮੁਦੁਰ ਰਹਿਮਾਨ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ਕਮਰੇ ਦੇ ਬਾਹਰ ਜਨਰਲ ਜੈਕਬ ਆਪਣੀ ਪਾਈਪ ਪੀਂਦੇ ਹੋਏ ਤੇਜ਼ੀ ਨਾਲ ਤੁਰ ਰਹੇ ਸਨ।"

ਇਹ ਵੀ ਪੜ੍ਹੋ:-

"ਜਦਕਿ ਅਸਲੀਅਤ ਇਹ ਸੀ ਕਿ ਮੈਂ ਬਹੁਤ ਪਰੇਸ਼ਾਨ ਅਤੇ ਤਣਾਅ ਵਿੱਚ ਸੀ। ਜਦੋਂ ਮੈਂ 30 ਮਿੰਟਾਂ ਬਾਅਦ ਕਮਰੇ ਵਿੱਚ ਦਾਖਲ ਹੋਇਆ ਤਾਂ ਇੱਕ ਡੂੰਘੀ ਚੁੱਪ ਛਾ ਗਈ ਅਤੇ ਮੇਰੇ ਸਮਰਪਣ ਦਾ ਖਰੜਾ ਮੇਜ਼ ਉੱਤੇ ਪਿਆ ਹੋਇਆ ਸੀ।"

"ਮੈਂ ਨਿਆਜ਼ੀ ਨੂੰ ਪੁੱਛਿਆ ਕਿ ਕੀ ਤੁਸੀਂ ਇਸ ਖਰੜੇ ਨੂੰ ਸਵੀਕਾਰ ਕਰਦੇ ਹੋ? ਉਨ੍ਹਾਂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਮੈਂ ਉਨ੍ਹਾਂ ਨੂੰ ਤਿੰਨ ਵਾਰ ਇਹੀ ਸਵਾਲ ਪੁੱਛਿਆ, ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।"

"ਫਿਰ ਮੈਂ ਉਹ ਕਾਗਜ਼ ਚੁੱਕ ਕੇ ਕਿਹਾ ਕਿ ਹੁਣ ਮੈਂ ਮੰਨ ਰਿਹਾ ਹਾਂ ਕਿ ਤੁਸੀਂ ਇਸ ਨੂੰ ਸਵੀਕਾਰ ਕਰ ਰਹੇ ਹੋ। ਨਿਆਜ਼ੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ।"

ਪਾਕਿਸਤਾਨੀ ਸੈਨਿਕਾਂ ਨੂੰ ਆਪਣੇ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ

ਫਿਰ ਜੈਕਬ ਨਿਆਜ਼ੀ ਨੂੰ ਇੱਕ ਪਾਸੇ ਲੈ ਕੇ ਗਏ ਤੇ ਕਿਹਾ ਕਿ ਆਤਮ-ਸਮਰਪਣ ਸਮਾਗਮ ਰੇਸਕੋਰਸ 'ਚ ਆਮ ਲੋਕਾਂ ਦੇ ਸਾਹਮਣੇ ਹੋਵੇਗਾ। ਨਿਆਜ਼ੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ।

ਜੈਕਬ ਦੱਸਦੇ ਹਨ ਕਿ ਉਨ੍ਹਾਂ ਨੇ ਆਪ ਹੀ ਪਾਕਿਸਤਾਨੀ ਸੈਨਿਕਾਂ ਨੂੰ ਆਤਮ ਸੁਰੱਖਿਆ ਲਈ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਸੀ, ਪਰ ਜਨਰਲ ਨਿਆਜ਼ੀ ਆਪਣੀ ਸਵੈ-ਜੀਵਨੀ 'ਦਿ ਬ੍ਰਿਟੇਅਲ ਆਫ਼ ਪਾਕਿਸਤਾਨ' 'ਚ ਲਿਖਦੇ ਹਨ ਕਿ 'ਮੈਂ ਜੈਕਬ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਜਦੋਂ ਤੱਕ ਭਾਰਤੀ ਸੈਨਿਕ ਪਾਕਿਸਤਾਨੀ ਸੈਨਿਕਾਂ ਦੀ ਸੁਰੱਖਿਆ ਕਰਨ ਦੀ ਸਥਿਤੀ 'ਚ ਨਹੀਂ ਹੁੰਦੇ ਹਨ, ਉਦੋਂ ਤੱਕ ਸਾਰੇ ਪਾਕਿਸਤਾਨੀ ਸੈਨਿਕਾਂ ਨੂੰ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।' ਜੈਕਬ ਇਸ ਸ਼ਰਤ ਨੂੰ ਮੰਨਣ ਲਈ ਤਿਆਰ ਹੋ ਗਏ।"

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਪਿਸਤੌਲ ਸਪੁਰਦ ਕਰਨ ਦਾ ਫੈਸਲਾ

ਇਹ ਵੀ ਭੰਬਲਭੂਸਾ ਸੀ ਕਿ ਨਿਆਜ਼ੀ ਕਿਸ ਚੀਜ਼ ਦਾ ਆਤਮ-ਸਮਰਪਣ ਕਰਨਗੇ। ਜਨਰਲ ਗੰਧਰਵ ਨਾਗਰਾ ਨੇ ਮੈਨੂੰ ਦੱਸਿਆ ਸੀ, "ਜੈਕਬ ਨੇ ਮੈਨੂੰ ਕਿਹਾ ਕਿ ਨਿਆਜ਼ੀ ਨੂੰ ਇਸ ਗੱਲ ਲਈ ਮਨਾਓ ਕਿ ਉਹ ਕੁਝ ਤਾਂ ਸਪੁਰਦ ਕਰਨ।"

"ਮੈਂ ਨਿਆਜ਼ੀ ਨੂੰ ਕਿਹਾ ਕਿ ਤੁਸੀਂ ਇੱਕ ਤਲਵਾਰ ਹੀ ਸਪੁਰਦ ਕਰ ਦਿਓ। ਉਹ ਕਹਿਣ ਲੱਗੇ ਕਿ ਪਾਕਿਸਤਾਨੀ ਫੌਜ 'ਚ ਤਲਵਾਰ ਰੱਖਣ ਦਾ ਰਿਵਾਜ਼ ਨਹੀਂ ਹੈ। ਮੈਂ ਫਿਰ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਚੀਜ਼ ਨੂੰ ਸਰੰਡਰ ਕਰੋਗੇ?"

"ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ? ਲੱਗਦਾ ਹੈ ਕਿ ਤੁਹਾਡੀ ਪੇਟੀ ਜਾਂ ਟੋਪੀ ਹੀ ਉਤਾਰਨਗੀ ਪਵੇਗੀ, ਜੋ ਕਿ ਠੀਕ ਨਹੀਂ ਲੱਗੇਗੀ। ਫਿਰ ਮੈਂ ਹੀ ਸਲਾਹ ਦਿੱਤੀ ਕਿ ਤੁਸੀਂ ਇੱਕ ਪਿਸਤੌਲ ਰੱਖੋ ਅਤੇ ਉਸ ਨੂੰ ਹੀ ਸਪੁਰਦ ਕਰ ਦਿਓ।"

ਇਸ ਤੋਂ ਬਾਅਦ ਸਾਰੇ ਖਾਣਾ ਖਾਣ ਲਈ ਮੈੱਸ ਵੱਲ ਚਲੇ ਗਏ। ਆਬਜ਼ਰਵਰ ਅਖਬਾਰ ਦਾ ਪੱਤਰਕਾਰ ਗੇਵਿਨ ਯੰਗ ਬਾਹਰ ਖੜ੍ਹਾ ਸੀ।

ਉਸ ਨੇ ਜੈਕਬ ਨੂੰ ਬੇਨਤੀ ਕੀਤੀ ਕਿ ਕੀ ਉਹ ਵੀ ਭੋਜਨ ਕਰ ਸਕਦੇ ਹਨ? ਜੈਕਬ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ।

ਬਹੁਤ ਹੀ ਸਲੀਕੇ ਨਾਲ ਮੇਜ਼ ਸਜਾਈ ਗਈ ਸੀ। ਕਾਂਟੇ, ਚਾਕੂ ਅਤੇ ਹੋਰ ਚੀਜ਼ਾਂ ਉੱਥੇ ਪਈਆਂ ਹੋਈਆਂ ਸਨ।

ਜੈਕਬ ਦਾ ਕੁਝ ਵੀ ਖਾਣ ਨੂੰ ਮਨ ਨਹੀਂ ਸੀ। ਉਹ ਕਮਰੇ ਦੇ ਇੱਕ ਕੋਨੇ 'ਚ ਆਪਣੇ ਏਡੀਸੀ ਦੇ ਨਾਲ ਖੜ੍ਹੇ ਹੋ ਗਏ।

ਬਾਅਦ 'ਚ ਗੇਵਿਨ ਨੇ ਆਪਣੇ ਅਖ਼ਬਾਰ ਲਈ 'ਸਰੈਂਡਰ ਲੰਚ' ਸਿਰਲੇਖ ਹੇਠ ਦੋ ਪੰਨਿਆਂ ਦਾ ਲੇਖ ਲਿਖਿਆ।

ਅਰੋੜਾ ਨੂੰ ਪਾਕਿਸਤਾਨੀ ਅਤੇ ਭਾਰਤੀ ਜਵਾਨਾਂ ਨੇ ਗਾਰਡ ਆਫ਼ ਆਨਰ ਦਿੱਤਾ

ਚਾਰ ਵਜੇ ਨਿਆਜ਼ੀ ਅਤੇ ਜੈਕਬ ਜਨਰਲ ਅਰੋੜਾ ਨੂੰ ਲੈਣ ਲਈ ਢਾਕਾ ਏਅਰਪੋਰਟ ਪਹੁੰਚੇ। ਅਰੋੜਾ, ਆਪਣੇ ਅਮਲੇ ਦੇ ਨਾਲ, ਪੰਜ ਐੱਮਆਈ-4 ਅਤੇ ਚਾਰ ਅਲੂਟ ਹੈਲੀਕਾਪਟਰਾਂ 'ਤੇ ਢਾਕਾ ਹਵਾਈ ਅੱਡੇ 'ਤੇ ਉਤਰੇ।

ਬਾਅਦ ਵਿੱਚ ਏਅਰ ਚੀਫ ਮਾਰਸ਼ਲ ਐੱਸਕੇ ਕੌਲ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਜਦੋਂ ਅਸੀਂ ਢਾਕਾ ਵਿੱਚ ਉਤਰੇ ਤਾਂ ਸਾਨੂੰ ਰੇਸਕੋਰਸ ਮੈਦਾਨ ਵਿੱਚ ਲੈ ਜਾਣ ਲਈ ਬਹੁਤ ਸਾਰੀਆਂ ਕਾਰਾਂ ਖੜੀਆਂ ਸਨ।"

"ਰਸਤੇ ਵਿੱਚ ਬੰਗਲਾਦੇਸ਼ੀ ਲੋਕ ਸਾਡੇ ਲਈ ਤਾੜੀਆਂ ਮਾਰ ਰਹੇ ਸਨ। 26 ਸਾਲ ਪਹਿਲਾਂ ਜਦੋਂ ਅਮਰੀਕੀ ਫ਼ੌਜਾਂ ਪੈਰਿਸ ਵਿੱਚ ਦਾਖ਼ਲ ਹੋਈਆਂ ਸਨ ਤਾਂ ਸਾਰਾ ਮਾਹੌਲ ਉਹੀ ਲੱਗ ਰਿਹਾ ਸੀ।"

ਅਰੋੜਾ ਨੇ ਸਭ ਤੋਂ ਪਹਿਲਾਂ ਰੇਸਕੋਰਸ ਮੈਦਾਨ ਵਿੱਚ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ। ਬਾਅਦ ਵਿੱਚ, ਲੈਫਟੀਨੈਂਟ ਜਨਰਲ ਹਿੰਮਤ ਸਿੰਘ (ਉਸ ਸਮੇਂ ਲੈਫਟੀਨੈਂਟ ਕਰਨਲ) ਨੇ ਇੱਕ ਇੰਟਰਵਿਊ ਵਿੱਚ ਕਿਹਾ, "ਪਾਕਿਸਤਾਨੀ ਟੁਕੜੀ ਦੀ ਅਗਵਾਈ ਜਨਰਲ ਨਿਆਜ਼ੀ ਦੇ ਏ.ਡੀ.ਸੀ ਨੇ ਕੀਤੀ।"

ਪਾਕਿਸਤਾਨੀ ਟੁਕੜੀ ਆਪਣੀ ਵਧੀਆ ਵਰਦੀ ਸੀ ਪਰ ਭਾਰਤ ਦੇ 2 ਪੈਰਾ ਅਤੇ 4 ਗਾਰਡਜ਼ ਦੇ ਜਵਾਨਾਂ ਨੇ ਗੰਦੀ, ਮੈਲੀ ਵਰਦੀ ਪਾਈ ਹੋਈ ਸੀ ਅਤੇ ਉਹ ਸਭ ਬਹੁਤ ਥੱਕੇ ਹੋਏ ਵੀ ਲੱਗ ਰਹੇ ਸਨ।

ਦਰਅਸਲ 4 ਗਾਰਡਜ਼ ਦੇ ਜਵਾਨਾਂ ਨੇ ਭਾਰਤੀ ਸਰਹੱਦ ਤੋਂ ਢਾਕਾ ਤੱਕ ਦਾ 100 ਕਿਮੀ. ਦਾ ਰਸਤਾ ਬਿਨ੍ਹਾਂ ਨਾਤੇ-ਧੋਤੇ ਅਤੇ ਬਿਨ੍ਹਾਂ ਕੱਪੜੇ ਬਦਲੇ ਤੈਅ ਕੀਤਾ ਸੀ।

ਪਾਕਿਸਤਾਨੀ ਸੈਨਿਕਾਂ ਨੇ ਇਸ ਜੰਗ 'ਚ ਆਪਣੇ ਕੱਪੜੇ ਗੰਦੇ ਕਰਨ ਤੋਂ ਗੁਰੇਜ ਕੀਤਾ ਜਦਕਿ ਭਾਰਤੀ ਸੈਨਿਕਾਂ ਨੇ ਜੰਗ ਦੌਰਾਨ ਆਪਣੇ ਕੱਪੜਿਆਂ ਦੀ ਪਰਵਾਹ ਹੀ ਨਾ ਕੀਤੀ।"

ਸਿਰਫ਼ 15 ਮਿੰਟਾਂ ਵਿੱਚ ਮੁਕੰਮਲ ਹੋਇਆ ਆਤਮ-ਸਮਰਪਣ ਸਮਾਰੋਹ

ਅਰੋੜਾ ਅਤੇ ਨਿਆਜ਼ੀ ਇੱਕ ਮੇਜ਼ ਦੇ ਸਾਹਮਣੇ ਬੈਠੇ ਅਤੇ ਦੋਵਾਂ ਨੇ ਸਮਰਪਣ ਦਸਤਾਵੇਜ਼ਾਂ ਦੀਆਂ ਪੰਜ ਕਾਪੀਆਂ 'ਤੇ ਦਸਤਖ਼ਤ ਕੀਤੇ।

ਨਿਆਜ਼ੀ ਥੋੜ੍ਹਾ ਪਰੇਸ਼ਾਨ ਸਨ ਕਿਉਂਕਿ ਉਨ੍ਹਾਂ ਕੋਲ ਕਲਮ ਨਹੀਂ ਸੀ। ਜਨਰਲ ਅਰੋੜਾ ਦੇ ਕੋਲ ਖੜ੍ਹੇ ਇੱਕ ਭਾਰਤੀ ਅਫ਼ਸਰ ਨੇ ਉਨ੍ਹਾਂ ਨੂੰ ਆਪਣੀ ਕਲਮ ਦਿੱਤੀ।

ਵਾਈਸ ਐੱਮ ਕ੍ਰਿਸ਼ਨਨ ਆਪਣੀ ਸਵੈ ਜੀਵਨੀ 'ਏ ਸੇਲਰਜ਼ ਸਟੋਰੀ' 'ਚ ਲਿਖਦੇ ਹਨ, "ਨਿਆਜ਼ੀ ਨੇ ਪਹਿਲਾਂ ਦਸਤਖਤ ਕੀਤੇ ਅਤੇ ਬਾਅਦ 'ਚ ਅਰੋੜਾ ਨੇ।

ਪਤਾ ਨਹੀਂ ਨਿਆਜ਼ੀ ਨੇ ਕੀ ਸੋਚ ਕੇ ਆਪਣਾ ਪੂਰਾ ਨਾਮ ਨਾ ਲਿਖ ਕੇ ਸਿਰਫ ਏਏਕੇ ਨਿਆ ਹੀ ਲਿਖਿਆ ਮੈਂ ਇਸ ਬਾਰੇ ਜਨਰਲ ਅਰੋੜਾ ਨੂੰ ਦੱਸਿਆ।

ਉਨ੍ਹਾਂ ਨੇ ਫਿਰ ਨਿਆਜ਼ੀ ਨਾਲ ਗੱਲ ਕੀਤੀ ਅਤੇ ਇਸ ਤੋਂ ਬਾਅਦ ਨਿਆਜ਼ੀ ਨੇ ਆਪਣੇ ਪੂਰੇ ਨਾਂਅ ਵਾਲੇ ਦਸਤਖਤ ਕੀਤੇ। ਨਿਆਜ਼ੀ ਨੇ ਆਪਣੀ ਵਰਦੀ 'ਤੇ ਲੱਗੇ ਬੈਜ ਉਤਾਰੇ ਅਤੇ ਆਪਣੀ 38 ਰਿਵਾਲਵਰ ਕੱਢ ਕੇ ਅਰੋੜਾ ਨੂੰ ਸੌਂਪ ਦਿੱਤੀ।

ਉਨ੍ਹਾਂ ਨੇ ਅਧੀਨਗੀ ਕਬੂਲ ਕਰਨ ਦੀ ਪੁਜੀਸ਼ਨ 'ਚ ਆਪਣੇ ਮੱਥੇ ਨੂੰ ਜਨਰਲ ਅਰੋੜਾ ਦੇ ਮੱਥੇ ਨਾਲ ਲਗਾਇਆ। ਉਸ ਸਮੇਂ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ।"

ਪੂਰਾ ਸਮਾਗਮ ਮਹਿਜ਼ 15 ਮਿੰਟਾਂ 'ਚ ਹੀ ਸਮਾਪਤ ਹੋ ਗਿਆ।

ਨਿਆਜ਼ੀ ਦੇ ਇੱਕ ਪੱਥਰ ਆ ਕੇ ਵੱਜਿਆ

ਬਾਅਦ 'ਚ ਜਨਰਲ ਨਿਆਜ਼ੀ ਨੇ ਆਪਣੀ ਸਵੈ ਜੀਵਨੀ 'ਦਿ ਬ੍ਰਿਟੇਅਲ ਆਫ਼ ਈਸਟ ਪਾਕਿਸਤਾਨ' 'ਚ ਲਿਖਿਆ, "ਜਿਵੇਂ ਹੀ ਮੈਂ ਕੰਬਦੇ ਹੱਥਾਂ ਨਾਲ ਆਤਮ ਸਮਰਪਣ ਦੇ ਦਸਤਾਵੇਜ਼ 'ਤੇ ਦਸਤਖਤ ਕੀਤੇ ਤਾਂ ਸਾਰਾ ਦੁੱਖ ਅਤੇ ਦਰਦ ਮੇਰੀਆਂ ਅੱਖਾਂ 'ਚ ਭਰ ਆਇਆ।

ਸਮਾਗਮ ਤੋਂ ਪਹਿਲਾਂ ਇੱਕ ਫਰਾਂਸੀਸੀ ਪੱਤਰਕਾਰ ਨੇ ਮੈਨੂੰ ਪੁੱਛਿਆ, "ਟਾਈਗਰ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ?" ਮੈਂ ਕਿਹਾ 'ਡਿਪਰੈਸਡ'। ਮੇਰੇ ਕੋਲ ਹੀ ਖੜ੍ਹੇ ਜਨਰਲ ਅਰੋੜਾ ਨੇ ਕਿਹਾ, "ਇੰਨ੍ਹਾਂ ਨੂੰ ਬਹੁਤ ਹੀ ਔਖੇ ਹਾਲਾਤਾਂ 'ਚ ਲਗਭਗ ਅਸੰਭਵ ਕੰਮ ਕਰਨ ਲਈ ਦਿੱਤਾ ਗਿਆ ਸੀ। ਅਜਿਹੀ ਸਥਿਤੀ 'ਚ ਕੋਈ ਹੋਰ ਜਨਰਲ ਇੰਨ੍ਹਾਂ ਤੋਂ ਬਿਹਤਰ ਨਹੀਂ ਕਰ ਸਕਦਾ ਸੀ।"

ਹਨੇਰਾ ਵੱਧ ਰਿਹਾ ਸੀ। ਉੱਥੇ ਮੌਜੂਦ ਲੋਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਭਾਰਤੀ ਅਫ਼ਸਰਾਂ ਨੇ ਭੱਜ ਕੇ ਨਿਆਜ਼ੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਅਤੇ ਫਿਰ ਉਨ੍ਹਾਂ ਨੂੰ ਭਾਰਤੀ ਫੌਜ ਦੀ ਇੱਕ ਜੀਪ 'ਚ ਬੈਠਾ ਕੇ ਸੁਰੱਖਿਅਤ ਥਾਂ 'ਤੇ ਲੈ ਕੇ ਗਏ।

ਪਰ ਜਦੋਂ ਨਿਆਜ਼ੀ ਜੀਪ 'ਚ ਬੈਠ ਰਹੇ ਸਨ ਤਾਂ ਭੀੜ੍ਹ 'ਚੋਂ ਇੱਕ ਪੱਥਰ ਉਨ੍ਹਾਂ ਵੱਲ ਸੁੱਟਿਆ ਗਿਆ। ਇਸ ਦੌਰਾਨ ਜੈਕਬ ਦੀ ਨਜ਼ਰ ਆਤਮ ਸਮਰਪਣ ਦੇ ਦਸਤਾਵੇਜ਼ 'ਤੇ ਪਈ।

ਉਸ 'ਤੇ ਲਿਖਿਆ ਹੋਇਆ ਸੀ ਕਿ ਇਸ 'ਤੇ ਭਾਰਤੀ ਸਮੇਂ ਮੁਤਾਬਕ 4 ਵੱਜ ਕੇ 31 ਮਿੰਟ 'ਤੇ ਦਸਤਖਤ ਕੀਤੇ ਜਾਣਗੇ।

ਜੈਕਬ ਨੇ ਆਪਣੀ ਘੜੀ ਵੱਲ ਵੇਖਿਆ ਤਾਂ ਉਸ 'ਤੇ 4 ਵੱਜ ਕੇ 55 ਮਿੰਟ ਸਨ। ਦੋ ਹਫ਼ਤਿਆਂ ਬਾਅਦ ਉਨ੍ਹਾਂ ਨੇ ਆਤਮ ਸਮਰਪਣ ਦੇ ਦਸਤਾਵੇਜ਼ 'ਤੇ ਕਲਕੱਤਾ ਵਿਖੇ ਮੁੜ ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਤੋਂ ਦਸਤਖਤ ਕਰਵਾਏ।

ਇੰਦਰਾ ਗਾਂਧੀ ਵੱਲੋਂ ਸੰਸਦ 'ਚ ਭਾਰਤ ਦੀ ਜਿੱਤ ਦਾ ਐਲਾਨ

ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਪਣੇ ਸੰਸਦ ਭਵਨ ਦਫ਼ਤਰ 'ਚ ਸਵੀਡਿਸ਼ ਟੈਲੀਵਿਜ਼ਨ ਨੂੰ ਇੰਟਰਵਿਊ ਦੇ ਰਹੀ ਸੀ।

ਫਿਰ ਉਨ੍ਹਾਂ ਦੀ ਮੇਜ਼ 'ਤੇ ਰੱਖੇ ਟੈਲੀਫੋਨ ਦੀ ਘੰਟੀ ਵੱਜੀ। ਫੋਨ ਚੱਕ ਕੇ ਉਨ੍ਹਾਂ ਨੇ ਸਿਰਫ ਚਾਰ ਸ਼ਬਦ ਕਹੇ- ਯੈੱਸ, ਯੈੱਸ ਅਤੇ ਧੰਨਵਾਦ।

ਦੂਜੇ ਪਾਸੇ ਫੋਨ ਲਾਈਨ 'ਤੇ ਜਨਰਲ ਮਾਨੇਕ ਸ਼ਾਅ ਉਨ੍ਹਾਂ ਨੂੰ ਬੰਗਲਾਦੇਸ਼ 'ਚ ਪਾਕਿਸਤਾਨੀ ਫੌਜ ਵੱਲੋਂ ਹਥਿਆਰ ਸੁੱਟਣ ਦੀ ਖ਼ਬਰ ਦੇ ਰਹੇ ਸਨ। ਇੰਦਰਾ ਗਾਂਧੀ ਨੇ ਟੀਵੀ ਨਿਰਮਾਤਾ ਤੋਂ ਮੁਆਫੀ ਮੰਗੀ ਅਤੇ ਤੇਜ਼ੀ ਨਾਲ ਲੋਕ ਸਭਾ ਵੱਲ ਗਈ।

ਸੰਸਦ 'ਚ ਚੱਲ ਰਹੇ ਹੰਗਾਮੇ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਢਾਕਾ ਹੁਣ ਆਜ਼ਾਦ ਦੇਸ਼ ਦੀ ਆਜ਼ਾਦ ਰਾਜਧਾਨੀ ਹੈ। ਉਨ੍ਹਾਂ ਦੀ ਬਾਕੀ ਗੱਲ ਤਾੜੀਆਂ ਅਤੇ ਨਾਅਰੇਬਾਜ਼ੀ ਦੀ ਆਵਾਜ਼ ਹੇਠ ਦੱਬ ਕੇ ਰਹਿ ਗਈ।

ਇੰਦਰਾ ਗਾਂਧੀ ਨੂੰ ਨੇੜਿਓਂ ਜਾਣਨ ਵਾਲੀ ਪੁਪੁਲ ਜੈਕਰ ਇੰਦਰਾ ਗਾਂਧੀ ਦੀ ਜੀਵਨੀ 'ਚ ਲਿਖਦੀ ਹੈ, "ਮੈਂ ਉਸ ਦਿਨ ਸੰਸਦ ਭਵਨ 'ਚ ਮੌਜੂਦ ਸੀ। ਆਪਣੇ ਦਫ਼ਤਰ ਦੇ ਬਾਹਰ ਇੰਦਰਾ ਗਾਂਧੀ ਸੰਸਦ ਮੈਂਬਰਾਂ ਨਾਲ ਘਿਰੀ ਹੋਈ ਸੀ।"

"ਜਿਵੇਂ ਹੀ ਉਨ੍ਹਾਂ ਨੇ ਮੈਨੂੰ ਵੇਖਿਆ, ਉਹ ਉਨ੍ਹਾਂ ਨੂੰ ਛੱਡ ਮੇਰੇ ਕੋਲ ਆ ਗਈ। ਉਹ ਸਾਡੀ ਸਿਰਫ 30 ਸਕਿੰਟਾਂ ਦੀ ਮੁਲਾਕਾਤ ਸੀ। ਉਨ੍ਹਾਂ ਨੇ ਮੈਨੂੰ ਗਲਵੱਕੜੀ ਪਾਈ ਅਤੇ ਮੈਂ ਉਸ ਸਮੇਂ ਵੇਖ ਸਕਦੀ ਸੀ ਕਿ ਉਨ੍ਹਾਂ ਦੀਆਂ ਅੱਖਾਂ 'ਚ ਅੱਥਰੂ ਸਨ। ਤੁਰਦਿਆਂ ਤੁਰਦਿਆਂ ਉਨ੍ਹਾਂ ਨੇ ਮੈਨੂੰ ਹੌਲੀ ਜਿਹੀ ਕਿਹਾ, 'ਕੀ ਸਾਨੂੰ ਕਦੇ ਸ਼ਾਂਤੀ ਹਾਸਲ ਹੋਵੇਗੀ'?"

ਨਿਆਜ਼ੀ ਨੇ ਅਤਮ ਸਮਰਪਣ ਦੇ ਫੈਸਲੇ 'ਤੇ ਸਪੱਸ਼ਟੀਕਰਨ ਦਿੱਤਾ

ਜਨਰਲ ਨਿਆਜ਼ੀ ਦੀ ਮੌਤ ਤੋਂ ਪਹਿਲਾਂ ਮੈਂ ਫੋਨ 'ਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਭਾਰਤੀ ਫੌਜ ਦੇ ਅੱਗੇ ਗੋਡੇ ਟੇਕਣ ਦਾ ਫੈਸਲਾ ਕਿਉਂ ਕੀਤਾ ਸੀ?

ਨਿਆਜ਼ੀ ਨੇ ਜਵਾਬ ਦਿੱਤਾ, "ਅੱਲ੍ਹਾ ਗੈਰਤ ਕਰੇ ਯਾਹੀਆ ਅਤੇ ਪੱਛਮੀ ਪਾਕਿਸਤਾਨ ਵਾਲਿਆਂ ਨੂੰ ਜਿੰਨ੍ਹਾਂ ਨੇ ਜਿੱਤੀ ਹੋਈ ਬਾਜ਼ੀ ਹਰਾ ਦਿੱਤੀ।"

"ਇਹ ਹਾਰ ਮਗ਼ਰਿਬ 'ਚ ਹੋਈ ਸੀ ਅਤੇ ਲਾਨਤ ਸਾਡੇ ਸਿਰ 'ਤੇ ਪਈ। ਜਦੋਂ ਮੈਂ ਲੜ੍ਹ ਰਿਹਾ ਸੀ ਤਾਂ ਮੈਂ 13 ਤਰੀਕ ਨੂੰ ਹੁਕਮ ਦਿੱਤਾ ਸੀ ਆਖਰੀ ਗੋਲੀ, ਆਖਰੀ ਆਦਮੀ। ਇਹ ਹੁਕਮ ਫੌਜ ਦੇ ਲਈ ਮੌਤ ਦਾ ਵਾਰੰਟ ਹੁੰਦਾ ਹੈ।"

"ਇਸ ਤਰ੍ਹਾਂ ਦਾ ਹੁਕਮ ਅਫ਼ਰੀਕਾ ਦੀ ਲੜ੍ਹਾਈ ਦੌਰਾਨ ਰਾਮੇਲ ਨੇ ਦਿੱਤਾ ਸੀ, ਪਰ ਉਨ੍ਹਾਂ ਦੀ ਫੌਜ ਨੇ ਇਹ ਹੁਕਮ ਨਹੀਂ ਮੰਨਿਆ ਸੀ। ਪਰ ਸਾਡੀ ਫੌਜ ਨੇ ਇਸ ਆਦੇਸ਼ ਨੂੰ ਮੰਨਿਆ ਅਤੇ ਉਹ ਮੱਥੇ 'ਤੇ ਕਫ਼ਨ ਬੰਨ੍ਹ ਕੇ ਲੜ੍ਹਨ ਲਈ ਤਿਆਰ ਸਨ।"

"ਮਗ਼ਰਬੀ ਪਾਕਿਸਤਾਨ ਦੇ ਲੋਕਾਂ ਨੂੰ ਲੱਗਿਆ ਕਿ ਇਹ ਜੰਗ ਲੰਬੀ ਚੱਲੇਗੀ। ਉਹ ਮਸ਼ਰਕੀ ਪਾਕਿਸਤਾਨੀ ਲੋਕਾਂ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਸਨ ਤਾਂ ਕਿ ਉਹ ਮਗ਼ਰਬੀ ਪਾਕਿਸਤਾਨ 'ਚ ਹਕੂਮਤ ਕਰ ਸਕਣ।"

"13 ਤਰੀਕ ਨੂੰ ਉਨ੍ਹਾਂ ਨੇ ਮੈਨੂੰ ਜੰਗ ਬੰਦ ਕਰਨ ਦਾ ਆਦੇਸ਼ ਦਿੱਤਾ। ਮੇਰੇ ਕੋਲ ਗਵਰਨਰ ਮਲਿਕ ਆਏ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਬੇਵਕੂਫੀ ਕਿਉਂ ਕਰ ਰਹੇ ਹੋ। ਸਾਨੂੰ ਮਗ਼ਰਬੀ ਪਾਕਿਸਤਾਨ ਨੂੰ ਬਚਾਉਣ ਲਈ ਮਸ਼ਰਕੀ ਪਾਕਿਸਤਾਨ ਦੇਣਾ ਪਵੇਗਾ।"

ਬਾਅਦ 'ਚ ਜੰਗੀ ਕੈਦੀ ਬਣ ਚੁੱਕੇ ਜਨਰਲ ਨਿਆਜ਼ੀ ਤੋਂ ਪਾਕਿਸਤਾਨੀ ਫੌਜ ਦੇ ਪੀਆਰਓ ਸਿੱਦੀਕੀ ਸਾਲਿਕ ਨੇ ਵੀ ਪੁੱਛਿਆ ਕਿ ਢਾਕਾ 'ਚ ਤੁਹਾਡੇ ਸੀਮਤ ਸਾਧਨਾਂ ਦੇ ਬਾਵਜੂਦ ਕੀ ਤੁਸੀਂ ਲੜਾਈ ਨੂੰ ਥੋੜ੍ਹਾ ਹੋਰ ਲੰਮਾ ਖਿੱਚ ਸਕਦੇ ਸੀ।

ਸਾਲਿਕ ਆਪਣੀ ਕਿਤਾਬ 'ਵਿਟਨੈਸ ਟੂ ਸਰੰਡਰ' 'ਚ ਲਿਖਦੇ ਹਨ, "ਨਿਆਜ਼ੀ ਦਾ ਜਵਾਬ ਸੀ, ਇਸ ਨਾਲ ਹੋਰ ਮੌਤਾਂ ਅਤੇ ਤਬਾਹੀ ਹੁੰਦੀ। ਢਾਕਾ ਦੀਆਂ ਸੜਕਾਂ 'ਤੇ ਲਾਸ਼ਾਂ ਹੀ ਪਈਆਂ ਮਿਲਦੀਆਂ।"

ਪਰ ਇਸ ਸਭ ਦੇ ਬਾਵਜੂਦ ਜੰਗ ਦਾ ਨਤੀਜਾ ਉਹੀ ਨਿਕਲਦਾ। ਮੇਰੇ ਖ਼ਿਆਲ 'ਚ 90 ਹਜ਼ਾਰ ਲੋਕਾਂ ਨੂੰ ਜੰਗੀ ਕੈਦੀ ਬਣਾਉਣਾ, 90 ਹਜ਼ਾਰ ਔਰਤਾਂ ਅਤੇ ਲਗਭਗ 5 ਲੱਖ ਲੋਕਾਂ ਨੂੰ ਅਨਾਥ ਬਣਾਉਣਾ ਬਿਹਤਰ ਬਦਲ ਸੀ।

ਪਰ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਦੂਜਾ ਬਦਲ ਚੁਣਿਆ ਹੁੰਦਾ ਤਾਂ ਸ਼ਾਇਦ ਪਾਕਿਸਤਾਨੀ ਫੌਜ ਦਾ ਇਤਿਹਾਸ ਕਿਸੇ ਹੋਰ ਤਰੀਕੇ ਨਾਲ ਲਿਖਿਆ ਜਾਂਦਾ ਤਾਂ ਇਸ ਦਾ ਜਨਰਲ ਨਿਆਜ਼ੀ ਕੋਲ ਕੋਈ ਜਵਾਬ ਨਹੀਂ ਸੀ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)