ਗੁਰਦੀਪ ਸਿੰਘ ਸਮਰਾ: 1971 ਦੀ ਜੰਗ ਦੌਰਾਨ ਜਦੋਂ ਭਾਰਤੀ ਪਾਇਲਟ ਦਾ ਜਹਾਜ਼ 'ਨੋ ਮੈਨਜ਼ ਲੈਂਡ' ਵਿਚ ਡਿੱਗਿਆ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

4 ਦਸੰਬਰ,1971 ਨੂੰ ਆਦਮਪੁਰ ਹਵਾਈ ਅੱਡੇ ਉੱਤੇ 101 ਸਕੁਆਡਰਨ ਦੇ ਫਲਾਈਟ ਲੈਫ਼ਟੀਨੈਂਟ ਗੁਰਦੀਪ ਸਿੰਘ ਸਮਰਾ ਮੇਟ ਬ੍ਰੀਫਿੰਗ ਲੈਣ ਲਈ ਸਵੇਰੇ ਚਾਰ ਵਜੇ ਹੀ ਉੱਠ ਗਏ ਸਨ।

ਹਾਲਾਂਕਿ ਅਜਿਹਾ ਨਹੀਂ ਸੀ ਕਿ ਰਾਤ ਨੂੰ ਉਹ ਸੌਂ ਸਕੇ ਸਨ ਕਿਉਂਕਿ ਇੱਕ ਦਿਨ ਪਹਿਲਾ ਹੀ ਪਾਕਿਸਤਾਨੀ ਲੜਾਕੂ ਜਹਜ਼ਾਂ ਨੇ ਭਾਰਤੀ ਟਿਕਾਣਿਆਂ ਉੱਪਰ ਬੰਬਾਰੀ ਸ਼ੁਰੂ ਕਰ ਦਿੱਤੀ ਸੀ।

ਲਗਭਗ ਸਵੇਰੇ ਸਵਾ ਨੌਂ ਵਜੇ ਗੁਰਦੀਪ ਸਿੰਘ ਸਮਰਾ ਨੇ ਆਦਮਪੁਰ ਏਅਰਬੇਸ ਤੋਂ ਆਪਣੇ ਸੁਖੋਈ 7 ਜਹਾਜ਼ ਵਿੱਚ ਉਡਾਣ ਭਰੀ। ਉਨ੍ਹਾਂ ਨੂੰ ਛੰਭ ਸੈਕਟਰ ਵਿੱਚ ਵਧ ਰਹੇ ਪਾਕਿਸਤਾਨੀ ਟੈਂਕਾਂ ਨੂੰ ਉਡਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ।

ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਮਹਿੰਦਰ ਕੌਰ ਨਾਲ ਵਿਆਹ ਹੋਇਆ ਸੀ। ਜਿਵੇਂ ਹੀ ਉਨ੍ਹਾਂ ਨੇ ਥੱਲੇ ਪਾਕਿਸਤਾਨੀ ਟੈਂਕਾਂ ਉੱਪਰ ਆਪਣੇ 57 ਐਮਐਮ ਦੇ ਰਾਕਟ ਦਾਗੇ, ਉਨ੍ਹਾਂ ਨੂੰ ਆਪਣੇ ਜਹਾਜ਼ ਨਾਲ ਕਿਸੇ ਚੀਜ਼ ਦੇ ਟਕਰਾਉਣ ਦੀ ਅਵਾਜ਼ ਸੁਣਾਈ ਦਿੱਤੀ।

ਥੱਲਿਓਂ ਦੋਂ ਐਂਟੀ-ਏਅਰ ਕਰਾਫ਼ਟ ਤੋਪਾਂ ਵੱਲੋਂ ਗੋਲੇ ਦਾਗੇ ਗਏ ਸਨ।

ਅਚਾਨਕ ਕਾਕਪਿਟ ਵਿੱਚ ਕਈ ਲਾਲ ਬੱਤੀਆਂ ਜਗਣ-ਬੁਝਣ ਲੱਗੀਆਂ ਅਤੇ ਇੰਜਣ ਨੇ ਕੰਮ ਕਰਨਾ ਛੱਡ ਦਿੱਤਆ। ਦੇਖਦੇ ਹੀ ਦੇਖਦੇ ਜਹਾਜ਼ ਨੂੰ ਅੱਗ ਲੱਗ ਗਈ।

ਉਸ ਸਮੇਂ ਉਹ ਜਿਸ ਤਰ੍ਹਾਂ ਉੱਡ ਰਹੇ ਸਨ। ਉਨ੍ਹਾਂ ਦਾ ਜਹਾਜ਼ ਪਾਕਿਸਤਾਨੀ ਖੇਤਰ ਵਿੱਚ ਜਾ ਰਿਹਾ ਸੀ। ਉਨ੍ਹਾਂ ਨੇ ਅੰਦਾਜ਼ੇ ਨਾਲ ਹੀ ਆਪਣਾ ਜਹਾਜ਼ ਭਾਰਤ ਵੱਲ ਮੋੜਨ ਦਾ ਯਤਨ ਕੀਤਾ।

ਉਹ ਆਪਣੇ ਜਹਾਜ਼ ਨੂੰ ਬਹੁਤ ਉੱਚਾ ਲੈ ਗਏ ਤਾਂ ਕਿ ਜਿੰਨਾ ਸੰਭਵ ਹੋ ਸਕਦਾ ਹੈ ਉਨਾਂ ਭਾਰਤ ਦੀ ਸਰਹੱਦ ਦੇ ਅੰਦਰ ਗਲਾਈਡ ਕਰ ਸਕਣ।

ਜੇ ਉਹ ਉਸੇ ਸਮੇਂ ਇਜੈਕਟ ਨਾ ਕਰ ਜਾਂਦੇ ਤਾਂ ਉਹ ਪਾਕਿਸਤਾਨੀ ਖੇਤਰ ਵਿੱਚ ਡਿੱਗਦੇ ਅਤੇ ਉਨ੍ਹਾਂ ਦਾ ਜੰਗੀ ਕੈਦੀ ਬਣਨਾ ਤੈਅ ਹੋ ਜਾਂਦਾ।

ਇਹ ਵੀ ਪੜ੍ਹੋ:

ਕੈਪਟਨ ਗੁਰਦੀਪ ਸਿੰਘ ਸਮਰਾ ਯਾਦ ਕਰਦੇ ਹੋਏ ਦੱਸਦੇ ਹਨ,''ਇੱਕ ਪਾਸੇ ਤਾਂ ਮੈਂ ਰੇਡੀਓ ਰਾਹੀਂ ਆਪਣੀ ਐਮਰਜੈਂਸੀ ਅਤੇ ਜਹਾਜ਼ ਵਿੱਚੋਂ ਛਾਲ ਮਾਰਨ ਦੇ ਇਰਾਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਜੇ ਪਾਸੇ ਮੈਂ ਜਹਾਜ਼ ਦੇ ਇੰਜਣ ਨੂੰ ਦੋਬਾਰਾ ਚਾਲੂ ਕਰਨ ਦੀ ਕੋਸ਼ਿਸ਼ ਵਿੱਚ ਵੀ ਲੱਗਿਆ ਹੋਇਆ ਸੀ ਤਾਂ ਜੋ ਮੈਂ ਆਪਣੇ ਜਹਾਜ਼ ਨੂੰ ਸਭ ਤੋਂ ਨਜ਼ਦੀਕੀ ਏਅਰਬੇਸ ਪਠਾਨਕੋਟ ਲਿਜਾ ਕੇ ਐਮਰਜੈਂਸੀ ਲੈਂਡਿੰਗ ਕਰਾਂ ਸਕਾਂ।''

ਉਹ ਕਹਿੰਦੇ ਹਨ,''ਮੈਂ 'ਡੇ ਕਾਲ' (ਮੈਂ ਜਾਨ ਖ਼ਤਰੇ ਵਿੱਚ ਹੋਣ ਮੌਕੇ ਕੀਤੀ ਜਾਣ ਵਾਲੀ ਐਮਰਜੈਂਸੀ ਕਾਲ) ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੀ। ਅਚਾਨਕ ਮੈਂ ਆਪਣੇ ਜਹਾਜ਼ ਨੂੰ ਦਰਖ਼ਤਾਂ ਦੀ ਉਚਾਈ 'ਤੇ ਉਡਦੇ ਦੇਖਿਆ। ਮੈਂ ਇਹ ਸੋਚ ਕੇ ਕਿ ਜੇ ਹੁਣ ਨਹੀਂ ਤਾ ਕਦੇ ਨਹੀਂ, ਦੋਵੇਂ ਇਜੈਕਸ਼ਨ ਬਟਨ ਦੱਬ ਦਿੱਤੇ।''

''ਜਿਵੇਂ ਹੀ ਬਟਣ ਦੱਬੇ ਗਏ ਮੈਂ ਕੁਝ ਸਕਿੰਟਾਂ ਲਈ ਬਿਲਕੁਲ ਬਲੈਂਕ ਹੋ ਗਿਆ (ਅੱਖਾਂ ਅੱਗੇ ਹਨੇਰਾ ਛਾ ਗਿਆ)। ਉਸ ਸਮੇਂ ਏਅਰ ਸਪੀਡ ਇੰਡੀਕੇਟਰ ਲਗਭਗ ਸਿਫ਼ਰ ਦੱਸ ਰਿਹਾ ਸੀ। ਉਸ ਸਮੇ ਦਿਨ ਦੇ ਸਵਾ ਦਸ ਵੱਜੇ ਹੋਣਗੇ।''

ਪੈਰਾਸ਼ੂਟ ਅੱਗ ਵਿੱਚ ਫ਼ਸਿਆ

ਜਿਵੇਂ ਹੀ ਗੁਰਦੀਪ ਸਿੰਘ ਪੈਰਾਸ਼ੂਟ ਨਾਲ ਥੱਲੇ ਆਏ, ਉਸੇ ਸਮੇਂ ਉਨ੍ਹਾਂ ਦਾ ਜਹਾਜ਼ ਨੀ ਜ਼ਮੀਨ ਉੱਤੇ ਡਿੱਗਿਆ ਅਤੇ ਕ੍ਰੈਸ਼ ਹੋ ਗਿਆ।

ਸਮਰਾ ਕ੍ਰੈਸ਼ ਹੋਏ ਜਹਾਜ਼ ਵਿੱਚੋਂ ਉੱਠ ਰਹੀਆਂ ਲਪਟਾਂ ਵਿੱਚ ਘਿਰੇ ਹੋਏ ਸਨ, ਇਸ ਲਈ ਉਨ੍ਹਾਂ ਨੂੰ ਦਿਖਾਈ ਨਹੀਂ ਦੇ ਰਿਹਾ ਸੀ ਕਿ ਉਹ ਕਿੱਥੇ ਉੱਤਰਨ ਵਾਲੇ ਹਨ।ਇਹ ਇਲਾਕਾ ਇੱਕ ਤਰ੍ਹਾਂ ਨਾਲ ਨੋ ਮੈਨਜ਼ ਲੈਂਡ ਸੀ।

ਸਮਰਾ ਦੱਸਦੇ ਹਨ,''ਉਸੇ ਸਮੇਂ ਮੇਰੇ ਕੱਪੜਿਆਂ ਨੇ ਅੱਗ ਫੜ ਲਈ। ਮੇਰੇ ਚਿਹਰੇ ਉੱਪਰ ਇੰਨਾ ਸੇਕ ਪੈ ਰਿਹਾ ਸੀ ਕਿ ਮੇਰੇ ਭਰਵੱਟੇ ਸੜ ਗਏ ਅਤੇ ਅੱਖਾਂ ਆਪਣੇ-ਆਪ ਬੰਦ ਹੋ ਰਹੀਆਂ ਸਨ। ਮੈਂ ਇਨਾਂ ਨੀਵਾਂ ਇਜੈਕਟ ਕੀਤਾ ਸੀ ਕਿ ਮੈਨੂੰ ਪਰਫੈਕਟ ਲੈਂਡਿੰਗ ਲਈ ਦੌੜਨ ਦਾ ਵੀ ਮੌਕਾ ਨਹੀਂ ਮਿਲ ਸਕਿਆ ਸੀ।''

ਉਹ ਕਹਿੰਦੇ ਹਨ,''ਤੇਜ਼ ਲਾਟਾਂ ਅਤੇ ਗਰਮੀ ਦੇ ਕਾਰਨ ਮੇਰਾ ਪੈਰਾਸ਼ੂਟ ਉਲਝ ਗਿਆ ਸੀ ਅਤੇ ਮੈਂ ਜ਼ਮੀਨ 'ਤੇ ਇੰਨੀ ਤੇਜ਼ੀ ਨਾਲ ਡਿੱਗਿਆ ਜਿਵੇਂ ਅਸਮਾਨ ਤੋਂ ਪੱਥਰ ਡਿੱਗਦਾ ਹੈ। ਜਿਵੇਂ ਹੀ ਮੈਂ ਚਾਰੇ ਪਾਸੇ ਫ਼ੈਲੀ ਅੱਗ ਦੇ ਵਿੱਚ ਡਿੱਗਿਆ ਮੈਂ ਖੜ੍ਹੇ ਹੋ ਕੇ ਸੁਰੱਖਿਅਤ ਥਾਂ 'ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪੈਰ ਦੀ ਹੱਡੀ ਕਈ ਥਾਵਾਂ ਤੋਂ ਟੁੱਟ ਗਈ ਹੈ। ਮੈਥੋਂ ਤੁਰਨਾ ਤਾਂ ਦੂਰ ਆਪਣੇ ਪੈਰਾਂ -ਤੇ ਖੜ੍ਹਾ ਤੱਕ ਨਹੀਂ ਸੀ ਹੋਇਆ ਜਾ ਰਿਹਾ।''

150 ਮੀਟਰ ਦੂਰ ਐਂਬੂਲੈਂਸ ਦੇਖੀ

ਸਮਰਾ ਬਹੁਤ ਦਰਦ ਵਿੱਚ ਸਨ ਅਤੇ ਅੱਗ ਤੋਂ ਬਚਣ ਲਈ ਵੀ ਉਨ੍ਹਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਸੀ। ਉਸੇ ਸਮੇਂ ਜਹਾਜ਼ ਵਿੱਚ ਰੱਖੇ ਬੰਬ ਫਟਣ ਲੱਗੇ ਪਰ ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦੀ ਦਿਸ਼ਾ ਦੂਜੇ ਪਾਸੇ ਸੀ।

ਇੰਨੇ ਖ਼ਤਰਨਾਕ ਢੰਗ ਨਾਲ ਇਜੈਕਟ ਕਰਨ ਤੋਂ ਬਾਅਦ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਸੀ ਕਿ ਸਮਰਾ ਆਪਣੇ ਹੀ ਹਥਿਆਰਾਂ ਦਾ ਸ਼ਿਕਾਰ ਹੋ ਜਾਂਦੇ। ਸਮਰਾ ਨੇ ਆਪਣਾ ਮਾਸਕ ਲਾਹਿਆ ਅਤੇ ਜਹਾਜ਼ ਦੇ ਮਲਬੇ ਤੋਂ ਦੂਰ ਆਪਣੇ ਪਿੱਛੇ ਦਰਖ਼ਤਾਂ ਵੱਲ ਰੁੜਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੂੰ ਤੇਹ ਲੱਗੀ ਹੋਈ ਸੀ। ਉਹ ਪਸੀਨੇ ਨਾਲ ਪੂਰੇ ਭਿੱਜੇ ਹੋਏ ਸਨ। ਕਰੀਬ 15 ਜਾਂ ਵੀਹਾਂ ਮਿੰਟਾਂ ਬਾਅਦ ਉਨ੍ਹਾਂ ਨੂੰ ਇੱਕ ਐਂਬੂਲੈਂਸ ਆਉਂਦੀ ਦਿਖਾਈ ਦਿੱਤੀ।

ਸਮਰਾ ਯਾਦ ਕਰਦੇ ਹੋਏ ਦੱਸਦੇ ਹਨ,''ਉਹ ਐਂਬੂਲੈਂਸ ਮੈਥੋਂ ਕੋਈ 150 ਮੀਟਰ ਦੂਰ ਸੀ ਪਰ ਮੈਨੂੰ ਇਹ ਕਿਆਸ ਨਹੀਂ ਸੀ ਕਿ ਉਹ ਐਂਬੂਲੈਂਸ ਸਾਡੀ ਹੈ ਜਾਂ ਪਾਕਿਸਤਾਨ ਦੀ। ਜ਼ਖਮੀ ਹੋਣ ਕਾਰਨ ਅਤੇ ਤੁਰਨ ਤੋਂ ਅਸਮਰੱਥ ਹੋਣ ਕਾਰਨ ਮੈਨੂੰ ਆਪਣੇ-ਆਪ ਨੂੰ ਬਚਾਉਣ ਲਈ ਕਿਸੇ ਹੋਰ ਉੱਪਰ ਨਿਰਭਰ ਕਰਨਾ ਜ਼ਰੂਰੀ ਸੀ, ਫਿਰ ਉਹ ਚਾਹੇ ਮੇਰਾ ਦੋਸਤ ਹੋਵੇ ਜਾਂ ਦੁਸ਼ਮਣ।''

''ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚ ਪਾਉਂਦਾ ਉਹ ਐਂਬੂਲੈਂਸ ਮੇਰੀਆਂ ਅੱਖਾਂ ਓਝਲ ਹੋ ਗਈ, ਮੇਰੀ ਸਮਝ ਨਹੀਂ ਆਇਆ ਕਿ ਕੀ ਉਹ ਮੇਰਾ ਭੁਲੇਖਾ ਸੀ।''

ਘਟਨਾ ਵਾਲੀ ਥਾਂ ਵਿਲੀ ਜੀਪ ਪਹੁੰਚੀ

ਇਸੇ ਦੌਰਾਨ ਗੁਰਦੀਪ ਸਿੰਘ ਸੋਚੀਂ ਪੈ ਜਾਂਦੇ ਹਨ ਕਿ ਉਨ੍ਹਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ? ਉਨ੍ਹਾਂ ਨੇ ਸੋਚਿਆ ਕਿ ਉਹ ਆਪਣਾ ਓਵਰਆਲ (ਪਾਇਲਟਾਂ ਦੀ ਪੂਰੇ ਪਿੰਡੇ ਨੂੰ ਢਕਣ ਵਾਲੀ ਜਾਕਟ) ਅੱਗ ਵਿੱਚ ਸੁੱਟ ਦੇਣ ਕਿਉਂਕਿ ਉਨ੍ਹਾਂ ਨੇ ਥੱਲੇ ਦੀ ਸਿਵਿਲ ਕੱਪੜੇ ਪਾਏ ਹੋਏ ਸਨ।

ਉਨ੍ਹਾਂ ਕੋਲ ਲੋੜ ਪੈਣ 'ਤੇ ਆਪਣੇ ਵਾਲ ਕੱਟਣ ਦੀ ਇੱਕ ਕੈਂਚੀ ਅਤੇ ਕੁਝ ਪਾਕਿਸਤਾਨੀ ਕਰੰਸੀ ਵੀ ਸੀ।

ਕਰੀਬ ਪੌਣੇ ਘੰਟੇ ਬਾਅਦ ਗੁਰਦੀਪ ਸਿੰਘ ਨੂੰ ਆਪਣੇ ਵੱਲ ਇੱਕ ਗੱਡੀ ਆਉਂਦੀ ਨਜ਼ਰ ਆਈ, ਜੋ ਕਿ ਇੱਕ ਵਿਲੀ ਜੀਪ ਸੀ।

ਸਮਰਾ ਦੱਸਦੇ ਹਨ,''ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਐਂਬੂਲੈਂਸ ਵਾਕਈ ਆਈ ਸੀ ਅਤੇ ਉਸ ਵਿੱਚ ਸਵਾਰ ਲੋਕ ਇਹ ਸੋਚ ਕੇ ਵਾਪਸ ਮੁੜ ਗਏ ਸਨ ਕਿ ਅੱਗ ਦੀਆਂ ਇੰਨੀਆਂ ਉੱਚੀਆਂ ਲਾਟਾਂ ਵਿੱਚੋਂ ਕਿਸੇ ਦੇ ਜ਼ਿੰਦਾ ਬਚਣ ਦੀ ਉਮੀਦ ਨਹੀਂ ਹੈ।''

''ਛੋਟੀ ਗੱਡੀ ਹੋਣ ਕਾਰਨ ਉਹ ਜੀਪ ਬਿਲਕੁਲ ਮੇਰੇ ਕੋਲ ਆ ਗਈ। ਮੈਂ ਸੀਟੀ ਵਜਾ ਕੇ ਅਤੇ ਹੱਥ ਹਿਲਾ ਕੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਦੇਰ ਵਿੱਚ ਕੁਝ ਸਿਪਾਹੀਆਂ ਨੇ ਮੈਨੂੰ ਘੇਰ ਲਿਆ।''

ਸਮਰਾ ਨੇ ਸੌਂਪੇ ਆਪਣੇ ਨਕਸ਼ੇ ਅਤੇ ਰਿਵਾਲਵਰ

ਸਮਰਾ ਅੱਗੇ ਦੱਸਦੇ ਹਨ,''ਉਨ੍ਹਾਂ ਨੇ ਆਪਣੀਆਂ ਰਾਈਫ਼ਲਾਂ ਮੇਰੇ ਵੱਲ ਸੇਧੀਆਂ ਹੋਈਆਂ ਸਨ। ਇਹ ਬਿਲਕੁਲ ਕਿਸੇ ਹਾਲੀਵੁੱਡ ਫ਼ਿਲਮ ਦੇ ਸੀਨ ਵਰਗਾ ਸੀ। ਇਸ ਤਰ੍ਹਾਂ ਕੁਝ ਸਕਿੰਟ ਲੰਘੇ ਜੋ ਮੈਨੂੰ ਯੁੱਗਾਂ ਵਰਗੇ ਲੱਗੇ। ਚਾਰੇ ਪਾਸੇ ਚੁੱਪ ਛਾਈ ਹੋਈ ਸੀ। ਕੁਝ ਦੂਰੋਂ ਹੀ ਟੈਂਕਾਂ ਵੱਲੋਂ ਫਾਇਰ ਕਰਨ ਦੀਆਂ ਅਵਾਜ਼ਾਂ ਆ ਰਹੀਆਂ ਸਨ।''

ਉਨ੍ਹਾਂ ਨੇ ਕਿਹਾ,''ਉਸੇ ਸਮੇਂ ਸਿਪਾਹੀਆਂ ਦੇ ਕੈਪਟਨ ਅਯੀਅੱਪਾ ਨੇ ਮੈਨੂੰ ਪੁੱਛਿਆ ਤੁਸੀਂ ਕੌਣ ਹੋ? ਮੈਂ ਜਵਾਬ ਦਿੱਤਾ, ਮੈਂ ਭਾਰਤੀ ਹਾਂ। ਉਨ੍ਹਾਂ ਦੇ ਚਿਹਰੇ ਉੱਪਰ ਨਾ ਕੋਈ ਭਾਵ ਆਇਆ ਅਤੇ ਨਾ ਹੀ ਕੋਈ ਮੁਸਕਰਾਹਟ। ਅਚਾਨਕ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਤੁਹਾਡੇ ਕੋਲ ਕੋਈ ਹਥਿਆਰ ਹੈ? ਜੇ ਹੈ ਤਾਂ ਉਹ ਸਾਡੇ ਵੱਲ ਸੁੱਟ ਦਿਓ, ਮੈਂ ਅਜਿਹਾ ਹੀ ਕੀਤਾ।''

ਉਹ ਕਹਿੰਦੇ ਹਨ,'' ਉਸ ਤੋਂ ਬਾਅਦ ਉਨ੍ਹਾਂ ਨੇ ਮੈਥੋਂ ਨਕਸ਼ੇ, ਹੋਰ ਕਾਗਜ਼ਾਤ ਅਤੇ ਕੋਡ ਵਰਡ ਪੁੱਛਿਆ। ਮੈਂ ਸਭ ਕੁਝ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਫਿਰ ਵੀ ਉਨ੍ਹਾਂ ਵੱਲੋਂ ਮੈਨੁੰ ਬਚਾਉਣ ਦੀ ਕੋਈ ਕੋਸ਼ਿਸ਼ ਹੁੰਦੀ ਦਿਖਾਈ ਨਹੀਂ ਦਿੱਤੀ ਤਾਂ ਮੈਂ ਕੁਝ ਪ੍ਰੇਸ਼ਾਨ ਹੋ ਗਿਆ।''

''ਮੈਂ ਉਸ ਬ੍ਰਿਗੇਡ ਦਾ ਨਾਮ ਦੱਸਿਆ, ਜਿਸ ਦੀ ਮਦਦ ਲਈ ਅਸੀਂ ਉਡਾਣ ਭਰੀ ਸੀ। ਫਿਰ ਮੈਂ ਉਨ੍ਹਾਂ ਤੋਂ ਇੱਕ ਸਵਾਲ ਪੁੱਛਿਆ ਜੋ ਕਾਫ਼ੀ ਦੇਰ ਤੋਂ ਮੈਨੂੰ ਪ੍ਰੇਸ਼ਾਨ ਕਰ ਰਿਹਾ ਸੀ। ਤੁਸੀਂ ਲੋਕ ਕੌਣ ਹੋ? ਕੁਝ ਦੇਰ ਬਾਅਦ ਕੈਪਟਨ ਅਯੀਅੱਪਾ ਦਾ ਜਵਾਬ ਆਇਆ ਅਸੀਂ ਭਾਰਤੀ ਹਾਂ।'

ਸਮਰਾ ਨੂੰ ਜ਼ਮੀਨਦੋਜ਼ ਬੰਕਰ ਵਿੱਚ ਰੱਖਿਆ ਗਿਆ

ਕੁਝ ਦੇਰ ਬਾਅਦ ਸਮਰਾ ਨੂੰ ਭਾਰਤੀ ਫ਼ੌਜੀਆਂ ਨੇ ਚੁੱਕਿਆ ਅਤੇ ਉਨ੍ਹਾਂ ਨੂੰ ਛੋਟੀ ਜਿਹੀ ਜੀਪ ਵਿੱਚ ਲੱਦ ਦਿੱਤਾ।

ਇਹ ਵੀ ਪੜ੍ਹੋ:

ਜਿਨ੍ਹਾਂ ਲੋਕਾਂ ਨੂੰ ਜੀਪ ਦੇ ਅਕਾਰ ਦਾ ਅੰਦਾਜ਼ਾ ਹੈ। ਉਹ ਸਮਝ ਸਕਦੇ ਹਨ ਕਿ ਜਿਸ ਜੀਪ ਵਿੱਚ ਤਿੰਨ ਜਣੇ ਬੈਠੇ ਹੋਣ ਅਤੇ ਇੱਕ ਫਟੱੜ ਵੀ ਪਿਆ ਹੋਵੇ ਅਤੇ ਉਸ ਦੇ ਪੈਰਾਂ ਦੀਆਂ ਤਿੰਨ ਥਾਂ ਤੋਂ ਹੱਡੀਆਂ ਟੁੱਟੀਆਂ ਹੋਣ ਤਾਂ ਉਸ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੋਵੇਗਾ?

ਸਮਰਾ ਨੇ ਉਸ ਦਰਦ ਵਿੱਚ ਵੀ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਐਂਬੂਲੈਂਸ ਕਿਉਂ ਨਹੀਂ ਸੱਦ ਲੈਂਦੇ?

ਫਿਰ ਕੈਪਟਨ ਅਯੀਅੱਪਾ ਨੇ ਥੋੜ੍ਹੀ ਦੂਰ ਖੜ੍ਹੇ ਪਾਕਿਸਤਾਨੀ ਟੈਂਕਾਂ ਵੱਲ ਇਸ਼ਾਰਾ ਕਰਕੇ ਕਿਹਾ ਕਿ ਅਸੀਂ ਇੱਥੇ ਬਹੁਤੀ ਦੇਰ ਨਹੀਂ ਰੁਕ ਸਕਦੇ ਕਿਉਂਕਿ ਉਹ ਟੈਂਕ ਸਾਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਖੁੰਝਾਉਣਗੇ।

ਸਮਰਾ ਨੂੰ ਕੁਝ ਦੂਰ ਤੱਕ ਜੀਪ ਵਿੱਚ ਲਿਜਾਇਆ ਗਿਆ ਅਤੇ ਫ਼ਿਰ ਉਨ੍ਹਾਂ ਨੂੰ ਇੱਕ ਜ਼ਮੀਨਦੋਜ਼ ਬੰਕਰ ਵਿੱਚ ਰੱਖਿਆ ਗਿਆ।

ਉਹ ਬੰਕਰ ਇੱਕ ਰੁੱਖ ਦੇ ਨਾਲ ਸੀ, ਜਿੱਥੇ ਇੱਕ ਭਾਰਤੀ ਟੈਂਕ ਖੜ੍ਹਾ ਸੀ ਅਤੇ ਥੋੜ੍ਹੀ-ਥੋੜ੍ਹੀ ਦੇ ਮਗਰੋਂ ਪਾਕਿਸਤਾਨੀ ਟੈਂਕਾਂ ਉੱਪਰ ਫਾਇਰਿੰਗ ਕਰ ਰਿਹਾ ਸੀ। ਇਹ ਇੱਕ ਸੰਜੋਗ ਹੀ ਸੀ ਕਿ ਪਾਕਿਸਤਾਨੀ ਟੈਂਕਾਂ ਨੇ ਉਸ ਨੂੰ ਨਿਸ਼ਾਨਾ ਨਹੀਂ ਬਣਾਇਆ।

ਜੌਰੀਆਂ ਦੇ ਹਸਪਤਾਲ ਵਿੱਚ ਲੱਗਿਆ ਪਲਸਤਰ

ਸਮਰਾ ਦੀਆਂ ਪ੍ਰੇਸ਼ਾਨੀਆਂ ਹਾਲੇ ਮੁੱਕੀਆਂ ਨਹੀਂ ਸਨ। ਜਿਵੇਂ ਹੀ ਟੈਂਕ ਫਾਇਰ ਕਰਦਾ ਤਾਂ ਆਸਪਾਸ ਦੀ ਧਰਤੀ ਜ਼ੋਰ ਨਾਲ ਕੰਬਦੀ ਅਤੇ ਚਾਰੇ ਪਾਸੇ ਘੱਟਾ ਛਾਅ ਜਾਂਦਾ। ਬੰਕਰ ਦੇ ਅੰਦਰ ਮੈਡੀਕਲ ਕੋਰ ਦਾ ਇੱਕ ਸਿਪਾਹੀ ਜ਼ਖਮੀਆਂ ਦੀ ਮਦਦ ਲਈ ਦੌੜ-ਭੱਜ ਕਰ ਰਿਹਾ ਸੀ।

ਸ਼ਾਮ ਨੂੰ ਸਮਰਾ ਨੂੰ ਕੁਝ ਜ਼ਖਮੀ ਫ਼ੌਜੀਆਂ ਨਾਲ ਇੱਕ ਐਂਬੂਲੈਂਸ ਵਿੱਚ ਪਾ ਕੇ ਜੌਰੀਆਂ ਦੇ ਫੀਲਡ ਹਸਪਤਾਲ ਵਿੱਚ ਲਿਜਾਇਆ ਗਿਆ।

ਇਹ ਵੀ ਪੜ੍ਹੋ:

ਹਸਪਤਾਲ ਜਾਂਦਿਆਂ ਨੂੰ ਰਾਤ ਦੇ ਨੌਂ ਵੱਜ ਗਏ। ਉਸ ਹਸਪਤਾਲ ਵਿੱਚ ਕੋਈ ਐਕਸ-ਰੇ ਮਸ਼ੀਨ ਨਹੀਂ ਸੀ। ਹਾਲਾਂਕਿ ਉੱਥੇ ਮੌਜੂਦ ਡਾਕਟਰਾਂ ਨੇ ਉੱਪਰੋਂ ਦੇਖ ਕੇ ਦੱਸ ਦਿੱਤਾ ਸੀ ਕਿ ਉਨ੍ਹਾਂ ਦੇ ਪੈਰ ਦੀ ਹੱਡੀ ਤਿੰਨ ਥਾਵਾਂ ਤੋਂ ਟੁੱਟੀ ਹੋਈ ਹੈ।

ਉੱਥੇ ਹੀ ਹਰੀਕੇਨ ਲੈਂਪ ਦੀ ਰੌਸ਼ਨੀ ਵਿੱਚ ਬਿਨਾਂ ਬੇਹੋਸ਼ ਕੀਤਿਆਂ ਹੀ ਸਮਰਾ ਦੇ ਪੈਰ ਉੱਪਰ ਪਲਸਤਰ ਬੰਨ੍ਹ ਦਿੱਤਾ ਗਿਆ। ਉਨ੍ਹਾਂ ਦੇ ਪਲਸਤਰ ਇੰਨਾ ਕਸ ਕੇ ਬੰਨ੍ਹਿਆ ਗਿਆ ਸੀ ਕਿ ਸਮਰਾ ਦਾ ਦਰਦ ਹੋਰ ਵਧ ਗਿਆ।

ਪਾਕਿਸਤਾਨੀ ਜਹਾਜ਼ ਦਾ ਹਮਲਾ

ਪੰਜ ਦਸੰਬਰ ਨੂੰ ਸਵੇਰ ਹੁੰਦਿਆਂ ਹੀ ਸਮਰਾ ਨੂੰ ਮਿਸਿੰਗ ਇਨ ਐਕਸ਼ਨ (ਲਾਪਤਾ ਫ਼ੌਜੀ) ਐਲਾਨ ਦਿੱਤਾ ਗਿਆ ਸੀ। ਆਦਮਪੁਰ ਏਅਰਬੇਸ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਸਮਰਾ ਦੇ ਸਾਥੀ ਉਨ੍ਹਾਂ ਬਾਰੇ ਕਿਸੇ ਵੀ ਇਤਲਾਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਪੂਰਾ ਦਿਨ ਲੰਘ ਜਾਣ ਤੋਂ ਬਾਅਦ ਸਮਰਾ ਨੂੰ ਰਾਤ ਨੂੰ ਦੱਸਿਆ ਗਿਆ ਕਿ ਇੱਕ ਐਮਆਈ-4 ਹੈਲੀਕਾਪਟਰ ਆਵੇਗਾ ਅਤੇ ਹੋਰ ਜ਼ਖਮੀਆਂ ਦੇ ਨਾਲ ਉਨ੍ਹਾਂ ਨੂੰ ਵੀ ਊਧਮਪੁਰ ਹਸਪਤਾਲ ਲੈ ਕੇ ਜਾਵੇਗਾ।

ਸਮਰਾ ਦੱਸਦੇ ਹਨ,''ਅਸੀਂ ਉੱਥੇ ਚਾਰ ਜਣੇ ਜ਼ਖਮੀ ਸੀ। ਯੋਜਨਾ ਇਹ ਸੀ ਕਿ ਹੈਲੀਕਾਪਟਰ ਦੇ ਇੰਜਣ ਨੂੰ ਬੰਦ ਨਹੀਂ ਕੀਤਾ ਜਾਵੇਗਾ। ਜਦੋਂ ਉਹ ਥੱਲੇ ਆਵੇਗਾ ਤਾਂ ਉਸਦੇ ਰੋਟਰ ਘੁੰਮਦੇ ਰਹਿਣਗੇ ਅਤੇ ਜ਼ਖਮੀਆਂ ਨੂੰ ਲੈ ਕੇ ਤੁਰੰਤ ਉੱਡ ਜਾਵੇਗਾ।''

''ਜਦੋਂ ਸਾਨੂੰ ਸਟੇਚਰ ਵਿੱਚ ਪਾਕੇ ਹੈਲੀਕਾਪਟਰ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਪਾਕਿਸਤਾਨੀ ਮਿੱਗ-9 ਜਹਾਜ਼ ਉੱਥੇ ਆਇਆ ਅਤੇ ਬੰਬ ਸੁੱਟਣ ਲੱਗ ਪਿਆ।''

ਉਹ ਦੱਸਦੇ ਹਨ,''ਮੈਨੂੰ ਨਹੀਂ ਪਤਾ ਕਿ ਉਹ ਜਹਾਜ਼ ਹੈਲੀਕਾਪਰ ਦੇ ਰੋਟਰਾਂ ਕਾਰਨ ਉੱਡਦਾ ਘੱਟਾ ਦੇਖ ਕੇ ਉੱਥੇ ਪਹੁੰਚਿਆ ਸੀ ਪਰ ਉਸ ਤੋਂ ਬਾਅਦ ਹੈਲੀਕਾਪਟਰ ਨੇ ਆਪਣਾ ਇੰਜਣ ਬੰਦ ਕਰ ਦਿੱਤਾ। ਜਿਹੜੇ ਸਿਪਾਹੀ ਸਾਨੂੰ ਸਟੇਚਰ ਵਿੱਚ ਪਾ ਕੇ ਹੈਲੀਕਾਪਟਰ ਵੱਲ ਵਧ ਰਹੇ ਸਨ, ਉਹ ਸਾਡੇ ਸਟੇਚਰਾਂ ਨੂੰ ਜ਼ਮੀਨ ਤੇ ਖੁੱਲ੍ਹੇ ਅਸਮਾਨ ਥੱਲੇ ਛੱਡ ਕੇ ਆਪਣੀ ਜਾਨ ਬਚਾਉਣ ਲਈ ਬੰਕਰ ਵਿੱਚ ਜਾ ਕੇ ਲੁਕ ਗਏ।''

ਇਹ ਵੀ ਪੜ੍ਹੋ:

ਸਮਰਾ ਦੇ ਮੁਤਾਬਕ,''ਹੁਣ ਅਸੀਂ ਪਾਕਿਸਤਾਨੀ ਜਹਾਜ਼ ਦੇ ਸਿੱਧੇ ਨਿਸ਼ਾਨੇ ਹੇਠ ਸੀ। ਲੇਕਿਨ ਉਹ ਅੰਦਾਜ਼ਾ ਨਹੀਂ ਲਾ ਸਕੇ ਕਿ ਅਸੀਂ ਬੁਰੀ ਤਰ੍ਹਾਂ ਫਟੱੜ ਹੋਏ ਜ਼ਮੀਨ ਉੱਪਰ ਬੇਬਸੀ ਦੀ ਦਸ਼ਾ ਵਿੱਚ ਪਏ ਸੀ।''

''ਸਾਡੀ ਖ਼ੁਸ਼ਕਿਸਤਮੀ ਸੀ ਕਿ ਭਾਰਤੀ ਫ਼ੌਜ ਦੇ ਇੱਕ ਅਫ਼ਸਰ ਨੇ ਸਾਡੀ ਮਦਦ ਕੀਤੀ। ਉਹ ਸਟੇਚਰ ਚੁੱਕਣ ਵਾਲੇ ਫ਼ੌਜੀਆਂ ਉੱਪਰ ਚੀਖਿਆ। ਉਨ੍ਹਾਂ ਦੀ ਝਿੜਕ ਸੁਣ ਕੇ ਫ਼ੌਜੀਆਂ ਨੇ ਸਾਡੇ ਸਟੇਚਰ ਚੁੱਕ ਕੇ ਤੁਲਨਾਤਮਿਕ ਰੂਪ ਵਿੱਚ ਸੁਰੱਖਿਅਤ ਥਾਂ -ਤੇ ਪਹੁੰਚਾ ਦਿੱਤਾ ਗਿਆ।''

ਧਮਪੁਰ ਅਤੇ ਦਿੱਲੀ ਦੇ ਫ਼ੌਜੀ ਹਸਪਤਾਲ ਵਿੱਚ ਇਲਾਜ

ਜਿਵੇਂ ਹੀ ਪਾਕਿਸਤਾਨੀ ਹਮਲਾ ਮੁੱਕਿਆ ਸਮਰਾ ਅਤੇ ਹੋਰ ਜ਼ਖਮੀ ਫ਼ੌਜੀਆਂ ਨੂੰ ਹੈਲੀਕਾਪਟਰ ਵਿੱਚ ਲੱਦ ਕੇ ਟੇਕ ਆਫ਼ ਕੀਤਾ ਗਿਆ। ਊਧਮਪੁਰ ਦੇ ਬੇਸ ਹਸਪਤਾਲ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਗੁਰਦੀਪ ਸਿੰਘ ਸਮਰਾ ਨੂੰ ਦਿੱਲੀ ਦੇ ਫ਼ੌਜੀ ਹਸਪਤਾਲ ਭੇਜ ਦਿੱਤਾ ਗਿਆ।

ਉੱਥੇ ਉਨ੍ਹਾਂ ਦਾ ਤਿੰਨ ਮਹੀਨਿਆਂ ਤੱਕ ਇਲਾਜ ਚੱਲਿਆ। ਜਨਵਰੀ 1973 ਵਿੱਚ ਸਮਰਾ ਨੇ ਮੁੜ ਜਹਾਜ਼ ਉਡਾਉਣਾ ਸ਼ੁਰੂ ਕਰ ਦਿੱਤਾ ਸੀ।

ਉਹ 1995 ਵਿੱਚ ਭਾਰਤੀ ਹਵਾਈ ਫ਼ੌਜ ਤੋਂ ਗਰੁੱਪ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਏ। ਬਾਅਦ ਵਿੱਚ ਕਾਰਗਿਲ ਯੁੱਧ ਦੌਰਾਨ ਉਨ੍ਹਾਂ ਨੇ ਭਾਰਤੀ ਹਵਾਈ ਫ਼ੌਜ ਦੇ ਰਿਜ਼ਰਵ ਅਫ਼ਸਰ ਵਜੋਂ ਸੇਵਾਵਾਂ ਦੇਣ ਦਾ ਮੌਕਾ ਮਿਲਿਆ।

ਗਰੁੱਪ ਕੈਪਟਨ ਗੁਰਦੀਪ ਸਿੰਘ ਸਮਰਾ ਇਸ ਸਮੇਂ ਜਲੰਧਰ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)