ਜਦੋਂ ਹਫ਼ਤੇ 'ਚ ਚਾਰ ਦਿਨ ਕੰਮ ਕਰਨਾ ਸਿਹਤ ਲਈ ਚੰਗਾ ਹੈ ਤਾਂ ਅਸੀਂ ਅਜਿਹਾ ਕਿਉਂ ਨਹੀਂ ਕਰਦੇ? ਜਿੱਥੇ ਅਜਿਹਾ ਹੋ ਰਿਹਾ, ਉੱਥੇ ਕੀ ਬਦਲਾਅ ਆਇਆ

    • ਲੇਖਕ, ਸੋਫ਼ੀਆ ਬੇਟੀਜ਼ਾ
    • ਰੋਲ, ਬੀਬੀਸੀ ਪੱਤਰਕਾਰ

ਹਫ਼ਤੇ ਵਿੱਚ ਪੰਜ ਦਿਨ ਕੰਮ ਕਰੋ, ਵੀਕਐਂਡ ਦਾ ਆਨੰਦ ਮਾਣੋ ਅਤੇ ਫਿਰ ਕੰਮ 'ਤੇ ਵਾਪਸ ਪਰਤਣ ਲਈ ਆਪਣੇ ਮਨ ਨੂੰ ਤਿਆਰ ਕਰੋ।

ਪਰ ਜੇ ਇਹ ਇਸ ਤੋਂ ਕੁਝ ਵੱਖਰਾ ਹੁੰਦਾ ਤਾਂ ਕੀ ਹੁੰਦਾ?

ਜਰਨਲ ਨੇਚਰ ਹਿਊਮਨ ਬਿਹੇਵੀਅਰ ਵਿੱਚ ਪ੍ਰਕਾਸ਼ਿਤ ਇੱਕ ਇਤਿਹਾਸਕ ਅਧਿਐਨ ਜੋ ਕਿ ਆਪਣੀ ਕਿਸਮ ਦਾ ਸਭ ਤੋਂ ਵੱਡਾ ਅਧਿਐਨ ਹੈ, ਦਰਸਾਉਂਦਾ ਹੈ ਕਿ ਕੰਮਕਾਜੀ ਹਫ਼ਤੇ ਨੂੰ ਚਾਰ ਦਿਨਾਂ ਤੱਕ ਘਟਾਉਣ ਨਾਲ ਲੋਕਾਂ ਦੇ ਤੰਦਰੁਸਤੀ ਦੇ ਪੱਧਰ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਬੋਸਟਨ ਕਾਲਜ ਦੇ ਖੋਜਕਾਰਾਂ ਨੇ ਅਮਰੀਕਾ, ਯੂਕੇ, ਆਸਟ੍ਰੇਲੀਆ, ਕੈਨੇਡਾ, ਆਇਰਲੈਂਡ ਅਤੇ ਨਿਊਜ਼ੀਲੈਂਡ ਦੀਆਂ 141 ਕੰਪਨੀਆਂ ਵਿੱਚ ਚਾਰ ਮੁੱਖ ਸੂਚਕਾਂ ਬਰਨਆਉਟ, ਨੌਕਰੀ ਤੋਂ ਸੰਤੁਸ਼ਟੀ, ਸਰੀਰਕ ਅਤੇ ਮਾਨਸਿਕ ਸਿਹਤ ਨੂੰ ਟਰੈਕ ਕੀਤਾ।

ਇਸ ਅਧਿਐਨ ਦੇ ਮੁੱਖ ਲੇਖਕ ਵੇਨ ਫੈਨ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਕਾਮਿਆਂ ਦੀ ਤੰਦਰੁਸਤੀ ਵਿੱਚ ਬਹੁਤ ਸੁਧਾਰ ਮਿਲੇ ਹਨ।"

"ਕੰਪਨੀਆਂ ਨੇ ਉਤਪਾਦਕਤਾ ਅਤੇ ਮਾਲੀਏ ਵਿੱਚ ਵੀ ਵਾਧਾ ਦੇਖਿਆ। ਹੁਣ ਜਦੋਂ ਟ੍ਰਾਇਲ ਖ਼ਤਮ ਹੋ ਗਿਆ ਹੈ ਤਾਂ 90 ਫ਼ੀਸਦ ਸ਼ਾਮਲ ਲੋਕਾਂ ਨੇ ਚਾਰ ਦਿਨਾਂ ਦਾ ਹਫ਼ਤਾ ਜਾਰੀ ਰੱਖਣ ਦੀ ਚੋਣ ਕੀਤੀ ਹੈ।"

ਇਹ ਖੋਜ ਅਜਿਹੇ ਲੋਕਾਂ ਦੇ ਹੱਕ ਵਿੱਚ ਖੜਦੀ ਹੈ ਤੇ ਹਫ਼ਤੇ ਵਿੱਚ ਕੰਮ ਦੇ ਥੋੜ੍ਹੇ ਦਿਨਾਂ ਨੂੰ ਬਿਹਤਰ ਸਿਹਤ, ਬਿਹਤਰ ਵਰਕ-ਲਾਈਫ਼ ਬੈਲੇਂਸ ਅਤੇ ਸਮੁੱਚੀ ਜੀਵਨ ਸੰਤੁਸ਼ਟੀ ਨਾਲ ਜੋੜਦਾ ਹੈ।

ਇੱਕ ਤਾਜ਼ਾ ਅਧਿਐਨ ਸਾਹਮਣੇ ਆਇਆ ਹੈ ਕਿ ਲੰਬੇ ਕੰਮ ਕਰਨ ਦੇ ਘੰਟੇ ਦਿਮਾਗ਼ ਦੀ ਬਣਤਰ ਨੂੰ ਬਦਲ ਸਕਦੇ ਹਨ।

ਤਾਂ, ਜੇਕਰ ਸਿਹਤ ਲਾਭ ਇੰਨੇ ਸਪੱਸ਼ਟ ਹਨ ਤਾਂ ਸਾਨੂੰ ਕੀ ਰੋਕ ਰਿਹਾ ਹੈ?

ਜ਼ਿਆਦਾ ਕੰਮ ਕਰਨ ਦਾ ਸੱਭਿਆਚਾਰ

ਚੀਨ ਆਪਣੇ '996' ਕਾਰਜ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ, ਜਿੱਥੇ ਕਰਮਚਾਰੀ ਹਫ਼ਤੇ ਦੇ ਛੇ ਦਿਨ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕੰਮ ਕਰਦੇ ਹਨ।

ਭਾਰਤ ਦੇ ਤੇਜ਼ੀ ਨਾਲ ਵਧ ਰਹੇ ਤਕਨੀਕੀ ਅਤੇ ਵਿੱਤ ਖੇਤਰਾਂ ਵਿੱਚ ਕਰਮਚਾਰੀਆਂ ਨੂੰ ਅਕਸਰ ਵਿਸ਼ਵਵਿਆਪੀ ਮੰਗਾਂ ਨੂੰ ਪੂਰਾ ਕਰਨ ਲਈ ਲੰਬੇ, ਅਨਿਯਮਿਤ ਘੰਟੇ ਕੰਮ ਕਰਨ ਲਈ ਲਗਾਤਾਰ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਪ੍ਰੋਫੈਸਰ ਫੈਨ ਕਹਿੰਦੇ ਹਨ, "ਚੀਨ, ਭਾਰਤ, ਅਮਰੀਕਾ ਅਤੇ ਯੂਕੇ ਵਰਗੀਆਂ ਥਾਵਾਂ 'ਤੇ, ਲੰਬੇ ਸਮੇਂ ਤੱਕ ਕੰਮ ਕਰਨ ਨੂੰ ਸਨਮਾਨ ਦੇ ਤਮਗ਼ੇ ਵਜੋਂ ਦੇਖਿਆ ਜਾਂਦਾ ਹੈ।"

ਜਪਾਨ ਵਿੱਚ ਬਿਨ੍ਹਾਂ ਤਨਖ਼ਾਹ ਵਾਲਾ ਓਵਰਟਾਈਮ ਇੰਨਾ ਆਮ ਹੈ ਕਿ ਦੇਸ਼ ਵਿੱਚ ਜ਼ਿਆਦਾ ਕੰਮ ਕਰਕੇ ਮੌਤ ਲਈ ਇੱਕ ਸ਼ਬਦ ਵੀ ਹੈ 'ਕਰੋਸ਼ੀ'।

ਜਾਪਾਨ ਵਿੱਚ ਕਿਰਤ ਬਾਜ਼ਾਰਾਂ ਅਤੇ ਕਾਰਜ ਸਥਾਨਾਂ ਦੇ ਸੱਭਿਆਚਾਰ ਦੇ ਮਾਹਰ ਹਿਰੋਸ਼ੀ ਓਨੋ ਕਹਿੰਦੇ ਹਨ, "ਜਾਪਾਨ ਵਿੱਚ, ਕੰਮ ਸਿਰਫ਼ ਕੰਮ ਨਹੀਂ ਹੁੰਦਾ, ਇਹ ਇੱਕ ਸਮਾਜਿਕ ਰਸਮ ਵਰਗਾ ਹੁੰਦਾ ਹੈ।"

"ਲੋਕ ਜਲਦੀ ਪਹੁੰਚਦੇ ਹਨ ਅਤੇ ਦੇਰ ਤੱਕ ਆਪਣੇ ਕੰਮ ਵਾਲੀਆਂ ਥਾਵਾਂ ਉੱਤੇ ਰੁਕਦੇ ਹਨ ਭਾਵੇਂ ਕੋਈ ਅਸਲ ਕੰਮ ਨਾ ਵੀ ਹੋਵੇ, ਮਹਿਜ਼ ਆਪਣੀ ਵਚਨਬੱਧਤਾ ਦਿਖਾਉਣ ਲਈ। ਇਹ ਪ੍ਰਦਰਸ਼ਨਕਾਰੀ ਹੈ। ਮਾਰਸ਼ਲ ਆਰਟਸ ਵਾਂਗ ਇਸ ਨੂੰ ਕਰਨ ਦਾ ਇੱਕ ਤਰੀਕਾ ਹੈ।"

ਉਹ ਦੱਸਦੇ ਹਨ ਕਿ ਜਾਪਾਨ ਦਾ ਸਮੂਹਿਕ ਸੱਭਿਆਚਾਰ ਇਸ ਨੂੰ ਵਧਾਉਂਦਾ ਹੈ, "ਕਿਸੇ ਦਿਨ ਵਿਹਲ ਮਾਨਣ ਦੀ ਇੱਛਾ ਰੱਖਣ ਵਾਲਿਆਂ ਲਈ ਸਮਾਜਿਕ ਸਟਿਗਮਾ ਹੈ। ਜੇ ਕੋਈ ਵਿਅਕਤੀ ਸ਼ੁੱਕਰਵਾਰ ਨੂੰ ਛੁੱਟੀ ਲੈਣਾ ਸ਼ੁਰੂ ਕਰ ਦਿੰਦਾ ਹੈ, ਤਾਂ ਦੂਸਰੇ ਸੋਚਣ ਲੱਗਦੇ ਹਨ ਕਿ ਉਹ ਕੰਮ ਕਿਉਂ ਛੱਡ ਰਿਹਾ ਹੈ?"

ਜਪਾਨ ਵਿੱਚ ਇੱਕ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਕਾਨੂੰਨੀ ਤੌਰ ਉੱਤੇ ਮਰਦ ਪੈਟਰਨਿਟੀ ਲੀਵ ਦੇ ਯੋਗ ਹੁੰਦੇ ਹਨ ਪਰ ਬਹੁਤ ਘੱਟ ਲੋਕ ਹਨ ਜੋ ਇਸ ਨੂੰ ਵਰਤਦੇ ਹਨ।

ਓਨੋ ਕਹਿੰਦੇ ਹਨ, "ਮਰਦ ਇੱਕ ਸਾਲ ਤੱਕ ਦੀ ਛੁੱਟੀ ਲੈ ਸਕਦੇ ਹਨ ਪਰ ਬਹੁਤ ਘੱਟ ਲੋਕ ਅਜਿਹਾ ਕਰਦੇ ਹਨ। ਉਹ ਆਪਣੇ ਸਾਥੀਆਂ ਨੂੰ ਅਸੁਵਿਧਾ ਨਹੀਂ ਦੇਣਾ ਚਾਹੁੰਦੇ।"

ਫਿਰ ਵੀ, ਪ੍ਰੋਫੈਸਰ ਵੇਨ ਫੈਨ ਦਾ ਮੰਨਣਾ ਹੈ ਕਿ ਅਜਿਹੇ ਟ੍ਰਾਇਲ ਧਾਰਨਾਵਾਂ ਨੂੰ ਬਦਲਣਾ ਸ਼ੁਰੂ ਕਰ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਥਾਵਾਂ 'ਤੇ ਵੀ ਜਿੱਥੇ ਜ਼ਿਆਦਾ ਕੰਮ ਕਰਨ ਦੀਆਂ ਸਖ਼ਤ ਰਵਾਇਤਾਂ ਹਨ।

ਆਈਸਲੈਂਡ ਵਿੱਚ ਤਕਰੀਬਨ 90 ਫ਼ੀਸਦ ਲੋਕ ਹੁਣ ਘੱਟ ਘੰਟੇ ਕੰਮ ਕਰਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਕੰਮ ਦੇ ਹਫ਼ਤੇ ਨੂੰ ਘਟਾਉਣ ਦਾ ਅਧਿਕਾਰ ਹੈ।

ਦੱਖਣੀ ਅਫ਼ਰੀਕਾ, ਬ੍ਰਾਜ਼ੀਲ, ਫ਼ਰਾਂਸ, ਸਪੇਨ, ਡੋਮਿਨਿਕਨ ਰੀਪਬਲਿਕ, ਬੋਤਸਵਾਨਾ ਸਣੇ ਕਈ ਦੇਸ਼ਾਂ ਵਿੱਚ ਟ੍ਰਾਇਲ ਹੋਏ ਹਨ ਜਾਂ ਚੱਲ ਰਹੇ ਹਨ।

ਇਸ ਸਾਲ ਦੇ ਸ਼ੁਰੂ ਵਿੱਚ ਟੋਕੀਓ ਨੇ ਸਰਕਾਰੀ ਕਰਮਚਾਰੀਆਂ ਲਈ ਚਾਰ ਦਿਨਾਂ ਦਾ ਹਫ਼ਤਾ ਸ਼ੁਰੂ ਕੀਤਾ ਸੀ।

ਦੁਬਈ ਨੇ ਹਾਲ ਹੀ ਵਿੱਚ ਆਪਣੇ ਸਰਕਾਰੀ ਕਰਮਚਾਰੀਆਂ ਲਈ ਇੱਕ ਅਜਿਹੀ ਹੀ ਗਰਮੀਆਂ ਦੇ ਮੌਸਮ ਲਈ ਪਹਿਲਕਦਮੀ ਸ਼ੁਰੂ ਕੀਤੀ ਸੀ, ਜਿਸ ਵਿੱਚ ਕੰਮ ਕਰਨ ਦੇ ਹਫ਼ਤੇ ਦੇ ਦਿਨ ਘੱਟ ਕੀਤੇ ਗਏ ਹਨ।

ਇਸ ਦੌਰਾਨ ਅਕਤੂਬਰ 2025 ਤੋਂ ਸ਼ੁਰੂ ਕਰਦੇ ਹੋਏ, ਦੱਖਣੀ ਕੋਰੀਆ 67 ਕੰਪਨੀਆਂ ਵਿੱਚ ਹਫ਼ਤੇ ਵਿੱਚ 4.5 ਦਿਨ ਕੰਮ ਕਰਨ ਬਾਰੇ ਜਾਂਚ ਕਰੇਗਾ।

ਕੰਮ ਜ਼ਿੰਦਗੀ ਨਾਲ ਮੇਲ ਨਹੀਂ ਖਾਂਦਾ

4 ਡੇਅ ਵੀਕ ਗਲੋਬਲ ਦੇ ਸੀਈਓ ਕੈਰਨ ਲੋਵ ਕਹਿੰਦੇ ਹਨ, "ਕੋਵਿਡ ਤੋਂ ਬਾਅਦ, ਜ਼ਿਆਦਾ ਤੋਂ ਜ਼ਿਆਦਾ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਕੰਮ ਅਤੇ ਜ਼ਿੰਦਗੀ ਆਪਸ ਵਿੱਚ ਮੇਲ ਨਹੀਂ ਖਾ ਰਹੇ ਹਨ ਅਤੇ ਤੁਸੀਂ ਉਸ ਰੁਝਾਨ ਨੂੰ ਉਲਟਾ ਨਹੀਂ ਸਕਦੇ।"

ਉਨ੍ਹਾਂ ਦੀ ਸੰਸਥਾ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਚਾਰ-ਦਿਨਾਂ ਦੇ ਮਾਡਲ ਦੀ ਪਰਖ ਕਰਨ ਵਿੱਚ ਮਦਦ ਕਰਦੀ ਹੈ ਬ੍ਰਾਜ਼ੀਲ ਤੋਂ ਨਾਮੀਬੀਆ ਤੋਂ ਜਰਮਨੀ ਤੱਕ ਇਹ ਸੰਸਥਾ ਕੰਮ ਕਰਦੀ ਹੈ।

ਉਨ੍ਹਾਂ ਦੀ ਸਭ ਤੋਂ ਵੱਡੀ ਸਫ਼ਲਤਾ ਦੀ ਕਹਾਣੀ ਕੋਲੋਰਾਡੋ ਦੇ ਗੋਲਡਨ ਸ਼ਹਿਰ ਵਿੱਚ ਇੱਕ ਪੁਲਿਸ ਵਿਭਾਗ ਦੀ ਹੈ ਜਿੱਥੇ 250 ਸਟਾਫ਼ ਮੈਂਬਰ ਕੰਮ ਕਰਦੇ ਹਨ।

ਚਾਰ ਦਿਨਾਂ ਦਾ ਹਫ਼ਤਾ ਸ਼ੁਰੂ ਕਰਨ ਤੋਂ ਬਾਅਦ ਓਵਰਟਾਈਮ ਦੇ ਖਰਚੇ ਤਕਰੀਬਨ 80 ਫ਼ੀਸਦ ਤੱਕ ਘੱਟ ਗਏ ਹਨ ਅਤੇ ਅਸਤੀਫ਼ੇ ਦੇਣ ਵਾਲਿਆਂ ਦੀ ਗਿਣਤੀ ਵੀ ਅੱਧੀ ਰਹਿ ਗਈ ਹੈ।

ਲੋਵ ਕਹਿੰਦੇ ਹਨ, "ਜੇਕਰ ਇਹ ਪੁਲਿਸ ਵਿਭਾਗ ਵਿੱਚ ਕੰਮ ਕਰ ਸਕਦਾ ਹੈ ਜਿੱਥੇ ਅਧਿਕਾਰੀ ਗਸ਼ਤ 'ਤੇ ਹਨ, ਐਮਰਜੈਂਸੀ ਨਾਲ ਨਜਿੱਠ ਰਹੇ ਹਨ ਤਾਂ ਇਹ ਹਰ ਜਗ੍ਹਾ ਕੰਮ ਕਰ ਸਕਦਾ ਹੈ।"

"ਜਦੋਂ ਅਸੀਂ 2019 ਵਿੱਚ ਪਹਿਲਾ ਟ੍ਰਾਇਲ ਸ਼ੁਰੂ ਕੀਤਾ ਸੀ, ਤਾਂ ਸਿਰਫ਼ ਕੁਝ ਕੰਪਨੀਆਂ ਹੀ ਦਿਲਚਸਪੀ ਰੱਖਦੀਆਂ ਸਨ। ਹੁਣ ਇਹ ਗਿਣਤੀ ਹਜ਼ਾਰਾਂ ਵਿੱਚ ਹਨ। ਸਬੂਤ ਮੌਜੂਦ ਹਨ।"

ਲੋਅ ਕਹਿੰਦੇ ਹਨ ਕਿ ਇੱਕ ਆਮ ਗ਼ਲਤ ਧਾਰਨਾ ਇਹ ਹੈ ਕਿ ਛੋਟਾ ਹਫ਼ਤਾ ਘੱਟ ਉਤਪਾਦਕਤਾ ਦਾ ਕਾਰਨ ਬਣੇਗਾ।

ਉਹ ਦਲੀਲ ਦਿੰਦੇ ਹਨ ਕਿ ਉਤਪਾਦਕਤਾ ਦੇ ਮਾਮਲੇ ਵਿੱਚ ਤਾਂ ਇਹ ਅਕਸਰ ਇਸ ਦੇ ਉਲਟ ਸਾਬਤ ਹੁੰਦਾ ਹੈ।

2019 ਵਿੱਚ ਮਾਈਕ੍ਰੋਸਾਫਟ ਜਾਪਾਨ ਨੇ ਚਾਰ ਦਿਨਾਂ ਦੇ ਹਫ਼ਤੇ ਦੀ ਪਰਖ ਕੀਤੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਕਰਮਚਾਰੀ ਵੱਲੋਂ ਕੀਤੀ ਗਈ ਵਿਕਰੀ ਵਿੱਚ 40 ਫ਼ੀਸਦ ਵਾਧਾ ਦੇਖਿਆ। ਹਾਲਾਂਕਿ, ਕੰਪਨੀ ਨੇ ਇਸ ਬਦਲਾਅ ਨੂੰ ਸਥਾਈ ਤੌਰ 'ਤੇ ਲਾਗੂ ਨਾ ਕਰਨ ਦਾ ਫ਼ੈਸਲਾ ਲਿਆ।

ਲੋਵ ਕਹਿੰਦੇ ਹਨ ਕਿ ਵੱਡੀਆਂ ਕੰਪਨੀਆਂ ਨੂੰ ਬਹੁਤ ਜ਼ਿਆਦਾ ਜਟਿਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਕੋਲ ਕਈ ਵਿਭਾਗ ਹੁੰਦੇ ਹਨ ਅਤੇ ਉਹ ਵੱਖ-ਵੱਖ ਦੇਸ਼ਾਂ ਅਤੇ ਸਮਾਂ ਖੇਤਰਾਂ ਵਿੱਚ ਕੰਮ ਕਰਦੇ ਹਨ।

ਪ੍ਰੋਫ਼ੈਸਰ ਫੈਨ ਦੇ ਅਧਿਐਨ ਵਿੱਚ ਉਤਪਾਦਕਤਾ ਨੂੰ ਮੁੱਖ ਰੱਖਿਆ ਗਿਆ ਸੀ। ਅਸਲ ਵਿੱਚ ਇਸ ਲਈ ਕੰਪਨੀਆਂ ਨੇ ਇੱਕ ਬਦਲ ਕੀਤਾ ਸੀ। ਬੇਲੋੜੀਆਂ ਮੀਟਿੰਗਾਂ ਦੀ ਥਾਂ ਫ਼ੋਨ ਕਾਲਾਂ ਜਾਂ ਸੁਨੇਹਿਆਂ ਨੇ ਲੈ ਲਈ ਸੀ।

ਲੋਵ ਕਹਿੰਦੇ ਹਨ ਕਿ ਇੱਕ ਹੋਰ ਗ਼ਲਤ ਧਾਰਨਾ ਇਹ ਹੈ ਕਿ ਕਰਮਚਾਰੀਆਂ ਨੂੰ ਉਸ ਦਿਨ ਦੀ ਛੁੱਟੀ ਦੀ ਭਰਪਾਈ ਲਈ ਵਾਧੂ ਮਿਹਨਤ ਕਰਨੀ ਪਵੇਗੀ।

ਉਹ ਕਹਿੰਦੇ ਹਨ, "ਮੁੱਖ ਉਦੇਸ਼ ਪੰਜ ਦਿਨਾਂ ਨੂੰ ਚਾਰ ਵਿੱਚ ਬਦਲਣਾ ਨਹੀਂ ਹੈ ਬਲਕਿ ਬਰਬਾਦੀ ਨੂੰ ਘਟਾਉਣਾ ਹੈ।"

"ਏਆਈ ਨੇ ਹੁਣ ਬਹੁਤ ਸਾਰੇ ਕੰਮਾਂ ਨੂੰ ਸਵੈਚਾਲਿਤ ਕਰ ਦਿੱਤਾ ਹੈ ਅਤੇ ਅਸੀਂ ਬਹੁਤ ਸਾਰੇ ਕੰਮਾਂ ਵਿੱਚ ਆਉਣ ਵਾਲੀਆਂ ਦਿੱਕਤਾਂ ਦੀ ਪਛਾਣ ਸੌਖਿਆਂ ਕਰ ਸਕਦੇ ਹਾਂ।"

ਇੱਕ ਸਿਹਤਮੰਦ ਦਖ਼ਲ ਜੋ ਕੰਮ ਕਰਦਾ ਹੈ

ਕੇਪਟਾਊਨ ਵਿੱਚ ਸਟੈਲੇਨਬੋਸ਼ ਯੂਨੀਵਰਸਿਟੀ ਦੇ ਕਾਊਂਸਲਿੰਗ ਸੈਂਟਰ ਦੇ ਡਾਇਰੈਕਟਰ ਚਾਰਲ ਡੇਵਿਡਸ ਲਈ ਚਾਰ ਦਿਨਾਂ ਦਾ ਹਫ਼ਤਾ ਸਿਰਫ਼ ਕੰਮ ਵਾਲੀ ਥਾਂ 'ਤੇ ਇੱਕ ਬਦਲਾਅ ਨਹੀਂ ਸੀ - ਇਹ ਇੱਕ ਜੀਵਨ ਰੇਖਾ ਸੀ।

ਉਨ੍ਹਾਂ ਦੀ ਟੀਮ 30,000 ਤੋਂ ਵੱਧ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਦੀ ਹੈ। ਉਹ ਦੱਸਦੇ ਹਨ ਕਿ ਤਬਦੀਲੀ ਤੋਂ ਪਹਿਲਾਂ ਸਟਾਫ ਥੱਕ ਰਿਹਾ ਸੀ।

ਉਹ ਕਹਿੰਦੇ ਹਨ, "ਗ਼ੈਰ-ਹਾਜ਼ਰੀ ਬਹੁਤ ਜ਼ਿਆਦਾ ਹੋ ਰਹੀ ਸੀ। ਲੋਕਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਬੁਲਾਉਣਾ ਪੈ ਰਿਹਾ ਸੀ ਅਤੇ ਇਹ ਇਸ ਲਈ ਨਹੀਂ ਕਿ ਉਹ ਆਲਸੀ ਹੋ ਰਹੇ ਸਨ ਪਰ ਕਿਉਂਕਿ ਉਹ ਜ਼ਿੰਦਗੀ ਜੀਣ ਲਈ ਸੰਘਰਸ਼ ਕਰ ਰਹੇ ਸਨ।"

ਦੱਖਣੀ ਅਫਰੀਕਾ ਦੁਨੀਆ ਦੇ ਸਭ ਤੋਂ ਵੱਧ ਮਾਨਸਿਕ ਤੌਰ 'ਤੇ ਦੁਖੀ ਦੇਸ਼ਾਂ ਵਿੱਚੋਂ ਇੱਕ ਹੈ।

ਚਾਰਲ ਦੀ 56 ਮੈਂਬਰਾਂ ਦੀ ਟੀਮ, ਲਗਾਤਾਰ ਸਦਮੇ, ਜ਼ਿਆਦਾ ਕੇਸਾਂ ਦੇ ਭਾਰ ਅਤੇ ਘੱਟ ਸਰੋਤਾਂ ਕਾਰਨ ਭਾਵਨਾਤਮਕ ਤੌਰ 'ਤੇ ਥੱਕ ਗਈ ਸੀ।

ਉਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਦੇ ਵਿਰੋਧ ਅਤੇ ਆਪਣੀ ਟੀਮ ਦੇ ਸ਼ੱਕ ਦੇ ਬਾਵਜੂਦ, ਚਾਰ ਦਿਨਾਂ ਦੇ ਹਫ਼ਤੇ ਦੇ ਕੰਮ ਕਰਨ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ।

ਉਨ੍ਹਾਂ ਨੇ ਸੋਚਿਆ, "ਇਹ ਕਦੇ ਕੰਮ ਨਹੀਂ ਕਰੇਗਾ। ਪਰ ਇਹ ਕਾਰਗਰ ਨਿਕਲਿਆ ਅਤੇ ਨਤੀਜੇ ਸ਼ਾਨਦਾਰ ਸਨ।"

ਟ੍ਰਾਇਲ ਤੋਂ ਪਹਿਲਾਂ ਦੇ ਸਾਲ ਵਿੱਚ ਟੀਮ ਨੇ 51 ਸਿਕ ਲਿਵ ਦਰਜ ਕੀਤੀਆਂ। ਚਾਰ ਦਿਨਾਂ ਦੇ ਕੰਮ ਦੇ ਹਫ਼ਤੇ ਦੇ ਛੇ ਮਹੀਨਿਆਂ ਦੌਰਾਨ, ਇਹ ਘਟ ਕੇ ਸਿਰਫ਼ ਚਾਰ ਰਹਿ ਗਈਆਂ।

ਸਟਾਫ ਨੇ ਬਿਹਤਰ ਨੀਂਦ, ਵਧੇਰੇ ਕਸਰਤ ਅਤੇ ਸ਼ੌਕ ਪੂਰੇ ਹੋਣ ਦੀ ਗੱਲ ਕਹੀ।

ਚਾਰਲ ਕਹਿੰਦੇ ਹਨ, "ਉਨ੍ਹਾਂ ਨੇ ਕੰਮ ਕਰਨ ਦੀ ਬਜਾਏ ਪਰਿਵਾਰ ਨਾਲ ਵੀਕਐਂਡ ਬਿਤਾਇਆ।"

"ਮੈਂ ਸੋਚਿਆ ਸੀ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਾਧੂ ਸਮਾਂ ਨਿੱਜੀ ਅਭਿਆਸ ਕਰਨ ਅਤੇ ਵਾਧੂ ਪੈਸੇ ਕਮਾਉਣ ਲਈ ਵਰਤਣਗੇ ਪਰ ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੇ ਹੀ ਅਜਿਹਾ ਕੀਤਾ।"

ਚਾਰਲ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕਰਮਚਾਰੀਆਂ ਦੀ ਬਿਹਤਰ ਤੰਦਰੁਸਤੀ ਨੇ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਵਿੱਚ ਬਿਹਤਰ ਬਣਾਇਆ।

"ਉਹ ਵਧੇਰੇ ਕੇਂਦ੍ਰਿਤ, ਵਧੇਰੇ ਹਮਦਰਦ ਹੋ ਗਏ ਸਨ। ਇਸ ਨਾਲ ਅਸਲ ਵਿੱਚ ਵਿਦਿਆਰਥੀਆਂ ਨੂੰ ਬਿਹਤਰ ਦੇਖਭਾਲ ਮਿਲੀ।"

ਸਭ ਲਈ ਇੱਕੋ-ਜਿਹਾ ਨਹੀਂ

ਫਿਰ ਵੀ, ਇਸ ਤਰ੍ਹਾਂ ਦੀ ਤਬਦੀਲੀ ਹਰ ਜਗ੍ਹਾ ਸੰਭਵ ਨਹੀਂ ਹੈ।

ਪ੍ਰੋਫੈਸਰ ਵੇਨ ਫੈਨ ਕਹਿੰਦੇ ਹਨ, "ਕਿਸੇ ਦੇਸ਼ ਦੀ ਉਦਯੋਗਿਕ ਬਣਤਰ ਅਤੇ ਉਸਦੇ ਵਿਕਾਸ ਦਾ ਪੜਾਅ, ਮਾਅਨੇ ਰੱਖਦਾ ਹੈ।"

ਕੈਰਨ ਲੋਵ ਦਾ ਕਹਿਣਾ ਹੈ, "ਅਫਰੀਕਾ ਵਿੱਚ ਬਹੁਤ ਸਾਰੇ ਕਾਮੇ ਖੇਤੀਬਾੜੀ, ਖਣਨ, ਜਾਂ ਗ਼ੈਰ-ਰਸਮੀ ਖੇਤਰਾਂ ਵਿੱਚ ਹਨ। ਉਹ ਕਿਰਤ ਅਜਿਹੀ ਗੱਲਬਾਤ ਦੇ ਨੇੜੇ ਵੀ ਨਹੀਂ ਢੁਕਦੀ।"

ਲੋਵ ਕਹਿੰਦੇ ਹਨ, "ਘੱਟ-ਹੁਨਰਮੰਦ, ਹੱਥੀਂ ਨੌਕਰੀਆਂ ਦਾ ਪੁਨਰਗਠਨ ਕਰਨਾ ਔਖਾ ਹੁੰਦਾ ਹੈ ਅਤੇ ਉਨ੍ਹਾਂ ਖੇਤਰਾਂ ਵਿੱਚ ਮਾਲਕ ਅਕਸਰ ਸਮਾਂ-ਸਾਰਣੀ 'ਤੇ ਮੁੜ ਵਿਚਾਰ ਕਰਨ ਦੀ ਬਜਾਏ ਵੱਧ ਤੋਂ ਵੱਧ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।"

ਪਰ ਕੁਝ ਤਰੱਕੀ ਹੋ ਰਹੀ ਹੈ।

ਪ੍ਰੋਫੈਸਰ ਫੈਨ ਦੇ ਅਧਿਐਨ ਵਿੱਚ ਉਸਾਰੀ, ਨਿਰਮਾਣ ਅਤੇ ਹੌਸਪੀਟੈਲਿਟੀ ਵਿੱਚ ਸ਼ਾਮਲ ਕੰਪਨੀਆਂ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਨੇ ਸਫ਼ਲਤਾ ਦੀ ਰਿਪੋਰਟ ਦਿੱਤੀ।

ਉਨ੍ਹਾਂ ਮੁਤਾਬਕ, "ਇਹ ਕਈ ਖੇਤਰਾਂ ਵਿੱਚ ਕੰਮ ਕਰ ਸਕਦਾ ਹੈ ਪਰ ਮੈਂ ਚਾਰ ਦਿਨਾਂ ਦੇ ਹਫ਼ਤੇ ਨੂੰ ਇੱਕ ਰਾਮਬਾਣ ਵਜੋਂ ਪੇਸ਼ ਨਹੀਂ ਕਰਨਾ ਚਾਹਾਂਗੀ। ਇਹ ਸਭ ਲਈ ਇੱਕੋ-ਜਿਹਾ ਨਹੀਂ ਹੈ।"

ਨੌਜਵਾਨ ਪੀੜ੍ਹੀਆਂ ਤਬਦੀਲੀ ਲਿਆ ਰਹੀਆਂ ਹਨ

ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਤਬਦੀਲੀ ਪਿੱਛੇ ਸਭ ਤੋਂ ਵੱਡੀ ਤਾਕਤ ਨੌਜਵਾਨਾਂ ਤੋਂ ਆਵੇਗੀ।

2025 ਦੇ ਇੱਕ ਗਲੋਬਲ ਸਰਵੇਖਣ ਵਿੱਚ ਪਾਇਆ ਗਿਆ ਕਿ ਪਹਿਲੀ ਵਾਰ ਕੰਮ-ਜੀਵਨ ਸੰਤੁਲਨ (ਵਰਕ-ਲਾਈਫ ਬੈਲੈਂਸ) ਹੁਣ ਤਨਖ਼ਾਹ ਨਾਲੋਂ ਵੀ ਮਹੱਤਵਪੂਰਨ ਹੋ ਗਿਆ ਹੈ।

ਦੱਖਣੀ ਕੋਰੀਆ ਵਿੱਚ ਬਹੁਤ ਸਾਰੇ ਨੌਜਵਾਨ ਕਾਮੇ ਕਹਿੰਦੇ ਹਨ ਕਿ ਉਹ ਇੱਕ ਛੋਟੇ ਹਫ਼ਤੇ ਦੇ ਬਦਲੇ ਤਨਖ਼ਾਹ ਵਿੱਚ ਕਟੌਤੀ ਸਵੀਕਾਰ ਕਰਨਗੇ।

ਪ੍ਰੋਫੈਸਰ ਫੈਨ ਕਹਿੰਦੇ ਹਨ, "ਅਸੀਂ ਨੌਜਵਾਨ ਪੀੜ੍ਹੀਆਂ ਵਿੱਚ ਵਧਦਾ ਵਿਰੋਧ ਦੇਖ ਰਹੇ ਹਾਂ। ਉਹ ਕੰਮ ਦੇ ਉਦੇਸ਼ ਬਾਰੇ ਬੁਨਿਆਦੀ ਤੌਰ 'ਤੇ ਵੱਖਰੇ ਵਿਚਾਰ ਰੱਖਦੇ ਹਨ ਅਤੇ ਉਹ ਜ਼ਿੰਦਗੀ ਤੋਂ ਕੀ ਚਾਹੁੰਦੇ ਹਨ।"

ਉਹ ਕਹਿੰਦੇ ਹਨ ਕਿ ਵੱਡੀ ਗਿਣਤੀ ਵਿੱਚ ਅਸਤੀਫੇ (ਮਹਾਂਮਾਰੀ ਤੋਂ ਬਾਅਦ ਸਮੂਹਿਕ ਅਸਤੀਫ਼ੇ), ਚੁੱਪ ਚਾਪ ਕੰਮ ਛੱਡਣਾ (ਕੰਮ 'ਤੇ ਸਿਰਫ਼ ਉਹੀ ਕਰਨਾ ਜੋ ਜ਼ਰੂਰੀ ਹੈ) ਅਤੇ ਚੀਨ ਵਿੱਚ, (ਜ਼ਿਆਦਾ ਕੰਮ ਸੱਭਿਆਚਾਰ ਨੂੰ ਰੱਦ ਕਰਨਾ) ਵਰਗੀਆਂ ਲਹਿਰਾਂ ਦਰਸਾਉਂਦੀਆਂ ਹਨ ਕਿ ਨੌਜਵਾਨ ਕਾਮੇ ਆਪਣੀ ਅਸੰਤੁਸ਼ਟੀ ਨੂੰ ਪ੍ਰਗਟ ਕਰਨ ਅਤੇ ਬਰਨਆਊਟ ਸੱਭਿਆਚਾਰ ਨੂੰ ਰੱਦ ਕਰਨ ਦੇ ਤਰੀਕੇ ਲੱਭ ਰਹੇ ਹਨ।

ਸਮੇਂ ਦੇ ਨਾਲ, ਇਹ ਤਬਦੀਲੀਆਂ ਕੰਮ ਵਾਲੀ ਥਾਂ ਦੇ ਨਿਯਮਾਂ ਨੂੰ ਮੁੜ ਆਕਾਰ ਦੇ ਸਕਦੀਆਂ ਹਨ।

ਜਾਪਾਨ ਵਿੱਚ ਹਿਰੋਸ਼ੀ ਓਨੋ ਪਹਿਲਾਂ ਹੀ ਕੁਝ ਬਦਲਾਅ ਦੇਖ ਰਹੇ ਹਨ।

ਉਹ ਦੱਸਦੇ ਹਨ, "30 ਫੀਸਦ ਜਾਪਾਨੀ ਮਰਦ ਹੁਣ ਪੈਟਰਨਿਟੀ ਲੀਵ ਲੈਂਦੇ ਹਨ ਇਹ ਪਹਿਲਾਂ ਲਗਭਗ ਜ਼ੀਰੋ ਹੁੰਦਾ ਸੀ। ਇਹ ਦਰਸਾਉਂਦਾ ਹੈ ਕਿ ਲੋਕ ਆਪਣੀ ਤੰਦਰੁਸਤੀ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।"

ਕੈਰਨ ਲੋਵ ਸਹਿਮਤ ਹਨ। "ਪਹਿਲੀ ਵਾਰ, ਕਰਮਚਾਰੀ ਸੱਚਮੁੱਚ ਵਿਰੋਧ ਕਰਨਾ ਸ਼ੁਰੂ ਕਰ ਰਹੇ ਹਨ ਅਤੇ ਉਹ ਜਿੰਨੇ ਨੌਜਵਾਨ ਹਨ, ਓਨੇ ਹੀ ਜ਼ਿਆਦਾ ਉਹ ਬਦਲਾਅ ਦੀ ਮੰਗ ਕਰ ਰਹੇ ਹਨ।"

"ਕੋਵਿਡ ਨੇ ਸਾਨੂੰ ਪਹਿਲਾ ਟਿਪਿੰਗ ਪੁਆਇੰਟ ਦਿੱਤਾ। ਮੈਂ ਉਮੀਦ ਕਰ ਰਿਹਾ ਹਾਂ ਕਿ ਅਗਲਾ ਚਾਰ ਦਿਨਾਂ ਦਾ ਹਫ਼ਤਾ ਹੋਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)