ਦੁਨੀਆਂ ਗਰਮ ਹੋ ਰਹੀ ਹੈ, ਇਸ ਦਾ ਸਾਡੇ ਦਿਮਾਗ 'ਤੇ ਕਿਵੇਂ ਮਾੜਾ ਅਸਰ ਪੈ ਰਿਹਾ ਹੈ

    • ਲੇਖਕ, ਥੇਰੇਸ ਲੂਥੀ
    • ਰੋਲ, ਬੀਬੀਸੀ ਫਿਊਚਰ

ਜਦੋਂ ਜੇਕ ਪੰਜ ਮਹੀਨਿਆਂ ਦਾ ਸੀ, ਤਾਂ ਉਸਨੂੰ ਪਹਿਲਾ ਟੌਨਿਕ-ਕਲੋਨਿਕ ਦੌਰਾ ਪਿਆ। ਉਸਦਾ ਨਿੱਕਾ ਜਿਹਾ ਸਰੀਰ ਆਕੜ ਗਿਆ ਅਤੇ ਫਿਰ ਤੇਜ਼ੀ ਨਾਲ ਝਟਕੇ ਆਉਣ ਲੱਗੇ।

ਜੇਕ ਦੇ ਮਾਂ ਸਟੈਫਨੀ ਸਮਿਥ ਕਹਿੰਦੇ ਹਨ, "ਬਹੁਤ ਗਰਮੀ ਸੀ, ਉਹ ਬਹੁਤ ਜ਼ਿਆਦਾ ਗਰਮ ਹੋ ਗਿਆ ਸੀ ਅਤੇ ਅਸੀਂ ਸੋਚ ਰਹੇ ਸੀ ਕਿ ਅਸੀਂ ਜੋ ਅਸੀਂ ਜੋ ਦੇਖਿਆ ਹੈ, ਸ਼ਾਇਦ ਉਹ ਸਭ ਤੋਂ ਡਰਾਉਣੀ ਚੀਜ਼ ਹੋਵੇਗੀ।''

"ਬਦਕਿਸਮਤੀ ਨਾਲ, ਅਜਿਹਾ ਨਹੀਂ ਸੀ।"

ਗਰਮੀ ਦੇ ਮੌਸਮ ਵਿੱਚ ਜੇਕ ਨੂੰ ਇਹ ਦੌਰੇ ਅਕਸਰ ਆਉਣੇ ਸ਼ੁਰੂ ਹੋ ਗਏ। ਜਿਵੇਂ ਹੀ ਗਰਮੀਆਂ ਦੇ ਦਮ ਘੁੱਟਣ ਵਾਲੇ, ਨਮੀ ਵਾਲੇ ਦਿਨ ਆਉਂਦੇ, ਪਰਿਵਾਰ ਕੋਸ਼ਿਸ਼ ਕਰਦਾ ਕਿ ਹਰ ਤਰੀਕੇ ਨਾਲ ਠੰਡਕ ਬਣਾ ਕੇ ਰੱਖੀ ਜਾਵੇ ਤਾਂ ਜੋ ਉਸਨੂੰ ਦੌਰੇ ਨਾ ਆਉਣ। ਇਸ ਤਰ੍ਹਾਂ ਪਰਿਵਾਰ ਲਈ ਹਰ ਗਰਮੀਆਂ ਦੇ ਮੌਸਮ 'ਚ ਇਹ ਕਿਸੇ ਜੰਗ ਲੜਨ ਵਰਗਾ ਹੋ ਜਾਂਦਾ।

18 ਮਹੀਨਿਆਂ ਦੀ ਉਮਰ ਵਿੱਚ ਇੱਕ ਜੈਨੇਟਿਕ ਟੈਸਟ ਤੋਂ ਬਾਅਦ, ਜੇਕ ਨੂੰ ਡਰਾਵੇਟ ਸਿੰਡਰੋਮ ਦਾ ਪਤਾ ਲੱਗਿਆ। ਇਹ ਇੱਕ ਨਿਊਰੋਲੋਜੀਕਲ ਸਥਿਤੀ ਹੁੰਦੀ ਹੈ ਜਿਸ ਵਿੱਚ ਮਿਰਗੀ ਦਾ ਇੱਕ ਰੂਪ ਸ਼ਾਮਲ ਹੈ। 15,000 ਬੱਚਿਆਂ ਵਿੱਚੋਂ ਕੋਈ ਬੱਚਾ ਇਸ ਸਮੱਸਿਆ ਨਾਲ ਪੀੜਤ ਹੋ ਸਕਦਾ ਹੈ।

ਅਜਿਹੇ ਦੌਰੇ ਦੇ ਨਾਲ ਅਕਸਰ ਬੌਧਿਕ ਅਪੰਗਤਾ ਅਤੇ ਔਟਿਜ਼ਮ ਅਤੇ ਏਡੀਐਚਡੀ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ ਅਤੇ ਨਾਲ ਹੀ ਬੋਲਣ, ਹਿੱਲਣ-ਡੁੱਲਣ, ਖਾਣ-ਪੀਣ ਅਤੇ ਨੀਂਦ ਸਬੰਧੀ ਵੀ ਮੁਸ਼ਕਲਾਂ ਆ ਸਕਦੀਆਂ ਹਨ। ਗਰਮੀ ਅਤੇ ਤਾਪਮਾਨ ਵਿੱਚ ਅਚਾਨਕ ਤਬਦੀਲੀਆਂ ਅਜਿਹੇ ਦੌਰੇ ਦਾ ਕਾਰਨ ਬਣ ਸਕਦੀਆਂ ਹਨ।

ਸਟੇਫਿਨੀ ਕਹਿੰਦੇ ਹਨ ਕਿ ਜੇਕ ਹੁਣ 13 ਸਾਲ ਦਾ ਹੈ, ਪਰ ਮੌਸਮੀ ਤਬਦੀਲੀ ਕਾਰਨ ਉਸ ਨੂੰ ਅਣਗਿਣਤ ਵਾਰ ਇਹ ਦੌਰੇ ਆ ਚੁੱਕੇ ਹਨ।

ਉਨ੍ਹਾਂ ਦੱਸਿਆ, "ਜ਼ਿੰਦਗੀ ਪਹਿਲਾਂ ਹੀ ਬਹੁਤ ਔਖੀ ਚੱਲ ਰਹੀ ਹੈ ਤੇ ਵਧਦੀ ਗਰਮੀ ਅਤੇ ਲੂਅ ਨੇ ਹਾਲ ਹੋਰ ਮਾੜਾ ਕਰ ਦਿੱਤਾ ਹੈ।''

ਸਾਡੇ ਦਿਮਾਗਾਂ 'ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਪਹਿਲਾਂ ਹੀ ਦਿਖਾਈ ਦੇ ਰਹੇ ਹਨ

ਦਿਮਾਗ 'ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਸਬੰਧੀ ਮਾਹਰ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਸੰਜੇ ਸਿਸੋਦੀਆ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਤੰਤੂ ਵਿਗਿਆਨਕ (ਨਿਊਰੋਲਾਜਿਕਲ) ਬਿਮਾਰੀਆਂ ਹਨ ਜੋ ਉੱਚ ਤਾਪਮਾਨ ਨਾਲ ਵਧਦੀਆਂ ਹਨ ਅਤੇ ਡ੍ਰੈਵੇਟ ਸਿੰਡਰੋਮ ਉਨ੍ਹਾਂ ਵਿੱਚੋਂ ਇੱਕ ਹੈ।

ਸੰਜੇ ਸਿਸੋਦੀਆ ਇੱਕ ਨਿਊਰੋਲੋਜਿਸਟ ਹਨ ਜੋ ਮਿਰਗੀ ਦੇ ਮਾਹਰ ਹਨ। ਉਨ੍ਹਾਂ ਨੇ ਅਕਸਰ ਮਰੀਜ਼ਾਂ ਦੇ ਪਰਿਵਾਰਾਂ ਤੋਂ ਸੁਣਿਆ ਕਿ ਲੂਅ ਚੱਲਣ ਦੌਰਾਨ ਉਨ੍ਹਾਂ ਨੂੰ ਵਧੇਰੇ ਸਮੱਸਿਆਵਾਂ ਹੁੰਦੀਆਂ ਸਨ।

ਉਨ੍ਹਾਂ ਕਿਹਾ, "ਅਤੇ ਮੈਂ ਆਪਣੇ ਆਪ ਨੂੰ ਮਨ 'ਚ ਕਿਹਾ, ਬੇਸ਼ੱਕ, ਜਲਵਾਯੂ ਪਰਿਵਰਤਨ ਭਲਾ ਦਿਮਾਗ ਨੂੰ ਕਿਉਂ ਪ੍ਰਭਾਵਿਤ ਨਹੀਂ ਕਰੇਗਾ? ਆਖ਼ਰ, ਸਾਡੇ ਦਿਮਾਗ ਵਿੱਚ ਬਹੁਤ ਸਾਰੀਆਂ ਪ੍ਰਕਿਰਿਆਵਾਂ ਇਸ ਕੰਮ ਵਿੱਚ ਸ਼ਾਮਲ ਹਨ ਕਿ ਸਾਡਾ ਸਰੀਰ ਗਰਮੀ ਨਾਲ ਕਿਵੇਂ ਨਜਿੱਠਦਾ ਹੈ।"

ਜਿਵੇਂ-ਜਿਵੇਂ ਉਨ੍ਹਾਂ ਨੇ ਇਸ ਬਾਰੇ ਵਿਗਿਆਨਕ ਸਾਹਿਤ ਵਿੱਚ ਖੋਜ ਕੀਤੀ, ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਨਿਊਰੋਲਾਜਿਕਲ ਸਥਿਤੀਆਂ ਦੀ ਖੋਜ ਕੀਤੀ ਜੋ ਵਧਦੀ ਗਰਮੀ ਅਤੇ ਹੁਮਸ ਨਾਲ ਬਦਤਰ ਹੋ ਜਾਂਦੀਆਂ ਹਨ, ਜਿਸ ਵਿੱਚ ਮਿਰਗੀ, ਸਟ੍ਰੋਕ, ਇਨਸੇਫਲਾਈਟਿਸ, ਮਲਟੀਪਲ ਸਕਲੇਰੋਸਿਸ, ਮਾਈਗ੍ਰੇਨ, ਅਤੇ ਕਈ ਹੋਰ ਦਿੱਕਤਾਂ ਸ਼ਾਮਲ ਹਨ।

ਉਸਨੇ ਇਹ ਵੀ ਖੋਜਿਆ ਕਿ ਸਾਡੇ ਦਿਮਾਗਾਂ 'ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਪਹਿਲਾਂ ਹੀ ਦਿਖਾਈ ਦੇ ਰਹੇ ਹਨ।

ਉਦਾਹਰਣ ਵਜੋਂ, 2003 ਵਿੱਚ ਜਦੋਂ ਯੂਰਪ ਵਿੱਚ ਹੀਟ-ਵੇਵ ਆਈ ਤਾਂ ਉਸ ਦੌਰਾਨ ਲਗਭਗ 7 ਫੀਸਦੀ ਵਾਧੂ ਮੌਤਾਂ ਵਿੱਚ ਸਿੱਧੇ ਤੌਰ 'ਤੇ ਨਿਊਰੋਲਾਜਿਕਲ ਸਮੱਸਿਆਵਾਂ ਸ਼ਾਮਲ ਸਨ। ਇਸੇ ਤਰ੍ਹਾਂ ਦੇ ਅੰਕੜੇ ਯੂਕੇ ਵਿੱਚ 2022 ਦੀ ਹੀਟ-ਵੇਵ ਦੌਰਾਨ ਵੀ ਦੇਖੇ ਗਏ ਸਨ।

ਗਰਮੀ ਸਾਨੂੰ ਵਧੇਰੇ ਹਿੰਸਕ, ਗੁੱਸੇ ਵਾਲਾ ਅਤੇ ਉਦਾਸ ਬਣਾਉਂਦੀ ਹੈ

ਪਰ ਗਰਮੀ ਸਾਡੇ ਦਿਮਾਗ ਦੇ ਕੰਮ ਕਰਨ ਦੇ ਹੋਰ ਤਰੀਕਿਆਂ ਨੂੰ ਵੀ ਬਦਲ ਸਕਦੀ ਹੈ - ਇਹ ਸਾਨੂੰ ਵਧੇਰੇ ਹਿੰਸਕ, ਗੁੱਸੇ ਵਾਲਾ ਅਤੇ ਉਦਾਸ ਬਣਾਉਂਦੀ ਹੈ।

ਤਾਂ ਜਿਵੇਂ-ਜਿਵੇਂ ਜਲਵਾਯੂ ਪਰਿਵਰਤਨ ਕਾਰਨ ਦੁਨੀਆਂ ਗਰਮ ਹੁੰਦੀ ਜਾ ਰਹੀ ਹੈ, ਇਸ ਦਾ ਸਾਡੇ ਦਿਮਾਗਾਂ 'ਤੇ ਕੀ ਪ੍ਰਭਾਵ ਪੈ ਸਕਦਾ ਹੈ?

ਮਨੁੱਖੀ ਦਿਮਾਗ ਦਾ ਤਾਪਮਾਨ ਸਾਡੇ ਮੁੱਖ ਸਰੀਰ ਦੇ ਤਾਪਮਾਨ ਨਾਲੋਂ ਔਸਤਨ 1C (ਸੈਂਟੀਗ੍ਰੇਡ) ਤੋਂ ਵੱਧ (ਬਹੁਤ ਘੱਟ ਮਾਮਲਿਆਂ ਵਿਚ) ਹੁੰਦਾ ਹੈ। ਫਿਰ ਵੀ ਸਾਡਾ ਦਿਮਾਗ, ਜੋ ਸਾਡੇ ਸਰੀਰ ਵਿੱਚ ਵਧੇਰੇ ਊਰਜਾ ਮੰਗਣ ਵਾਲੇ ਅੰਗਾਂ ਵਿੱਚੋਂ ਇੱਕ ਹੈ, ਵਧੇਰੇ ਗਰਮੀ ਪੈਦਾ ਕਰਦਾ ਹੈ। ਜਦੋਂ ਅਸੀਂ ਸੋਚਦੇ ਹਾਂ, ਯਾਦ ਕਰਦੇ ਹਾਂ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਪ੍ਰਤੀ ਪ੍ਰਤੀਕਿਰਿਆ ਕਰਦੇ ਹਾਂ ਤਾਂ ਸਾਡਾ ਦਿਮਾਗ ਕਾਫੀ ਮਾਤਰਾ 'ਚ ਗਰਮੀ ਪੈਦਾ ਕਰਦਾ ਹੈ।

ਇਸਦਾ ਮਤਲਬ ਹੈ ਕਿ ਸਾਡੇ ਸਰੀਰ ਨੂੰ ਇਸਨੂੰ ਠੰਡਾ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਖੂਨ ਦੀਆਂ ਨਾੜੀਆਂ ਦੇ ਨੈੱਟਵਰਕ ਰਾਹੀਂ ਘੁੰਮਦਾ ਹੋਇਆ ਖੂਨ ਇਸਦੇ ਤਾਪਮਾਨ ਨੂੰ ਸਹੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਵਾਧੂ ਗਰਮੀ ਨੂੰ ਘਟਾਉਂਦਾ ਹੈ।

ਇਹ ਜ਼ਰੂਰੀ ਹੈ ਕਿਉਂਕਿ ਸਾਡੇ ਦਿਮਾਗ ਦੇ ਸੈੱਲ ਵੀ ਬਹੁਤ ਜ਼ਿਆਦਾ ਗਰਮੀ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ। ਅਤੇ ਮੰਨਿਆ ਜਾਂਦਾ ਹੈ ਕਿ ਦਿਮਾਗ ਦੇ ਸੈਲਾਂ ਵਿਚਕਾਰ ਸੰਦੇਸ਼ ਭੇਜਣ ਵਾਲੇ ਕੁਝ ਅਣੂਆਂ ਦਾ ਕੰਮ ਵੀ ਤਾਪਮਾਨ 'ਤੇ ਨਿਰਭਰ ਕਰਦਾ ਹੈ, ਭਾਵ ਜੇਕਰ ਸਾਡਾ ਦਿਮਾਗ ਬਹੁਤ ਗਰਮ ਜਾਂ ਬਹੁਤ ਠੰਡਾ ਹੋ ਜਾਵੇ ਤਾਂ ਉਹ ਕੁਸ਼ਲਤਾ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਸਿਸੋਦੀਆ ਕਹਿੰਦੇ ਹਨ, "ਅਸੀਂ ਪੂਰੀ ਤਰ੍ਹਾਂ ਨਹੀਂ ਸਮਝੇ ਹਾਂ ਕਿ ਇਸ ਗੁੰਝਲਦਾਰ ਤਸਵੀਰ ਦੇ ਵੱਖ-ਵੱਖ ਤੱਤ ਕਿਵੇਂ ਪ੍ਰਭਾਵਿਤ ਹੁੰਦੇ ਹਨ। ਪਰ ਅਸੀਂ ਇੱਕ ਘੜੀ ਵਾਂਗ ਇਸਦੀ ਕਲਪਨਾ ਕਰ ਸਕਦੇ ਹਾਂ, ਜਿੱਥੇ ਸਾਰੇ ਹਿੱਸੇ ਹੁਣ ਸਹੀ ਢੰਗ ਨਾਲ ਇਕੱਠੇ ਕੰਮ ਨਹੀਂ ਕਰ ਰਹੇ ਹਨ।"

ਹੀਟ-ਵੇਵ ਅਤੇ ਮੌਤ ਦਰ

ਹਾਲਾਂਕਿ ਬਹੁਤ ਜ਼ਿਆਦਾ ਗਰਮੀ ਹਰ ਕਿਸੇ ਦੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਦਿੰਦੀ ਹੈ। ਉਦਾਹਰਣ ਵਜੋਂ ਇਹ ਫੈਸਲੇ ਲੈਣ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ ਅਤੇ ਲੋਕਾਂ ਨੂੰ ਵਧੇਰੇ ਜੋਖਮ ਭਰੇ ਫੈਸਲੇ ਲੈਣ ਵੱਲ ਲੈ ਜਾ ਸਕਦੀ ਹੈ।

ਜਿਨ੍ਹਾਂ ਲੋਕਾਂ ਨੂੰ ਨਿਰੂਰੋਲਾਜਿਕਲ ਦਿੱਕਤਾਂ ਹੁੰਦੀਆਂ ਹਨ ਉਹ ਲੋਕ ਅਕਸਰ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਇਹ ਕਈ ਕਾਰਨਾਂ ਕਰਕੇ ਹੁੰਦਾ ਹੈ। ਉਦਾਹਰਨ ਲਈ, ਕੁਝ ਬਿਮਾਰੀਆਂ ਵਿੱਚ ਪਸੀਨਾ ਆਉਣਾ ਘਟ ਜਾਂਦਾ ਹੈ।

ਸਿਸੋਦੀਆ ਕਹਿੰਦੇ ਹਨ, "ਥਰਮੋਰੇਗੂਲੇਸ਼ਨ ਇੱਕ ਦਿਮਾਗੀ ਕਾਰਜ ਹੈ ਅਤੇ ਜੇਕਰ ਦਿਮਾਗ ਦੇ ਕੁਝ ਹਿੱਸੇ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ, ਤਾਂ ਇਸ ਵਿੱਚ ਵਿਘਨ ਪੈ ਸਕਦਾ ਹੈ।"

ਉਦਾਹਰਣ ਵਜੋਂ, ਮਲਟੀਪਲ ਸਕਲੇਰੋਸਿਸ ਦੇ ਕੁਝ ਰੂਪਾਂ ਵਿੱਚ ਸਰੀਰ ਦੇ ਮੁੱਖ ਤਾਪਮਾਨ ਵਿੱਚ ਬਦਲਾਅ ਆ ਜਾਂਦਾ ਹੈ। ਇਸ ਤੋਂ ਇਲਾਵਾ, ਕੁਝ ਦਵਾਈਆਂ ਜੋ ਕਿ ਸਕਿਜ਼ੋਫਰੀਨੀਆ ਵਰਗੀਆਂ ਨਿਊਰੋਲਾਜਿਕਲ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਇਲਾਜ ਕਰਦੀਆਂ ਹਨ, ਤਾਪਮਾਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦਵਾਈਆਂ ਨੂੰ ਲੈਣ ਵਾਲੇ ਵਿਅਕਤੀਆਂ ਨੂੰ ਹੀਟਸਟ੍ਰੋਕ, ਜਾਂ ਹਾਈਪਰਥਰਮੀਆ (ਜਿਵੇਂ ਕਿ ਇਸਨੂੰ ਡਾਕਟਰੀ ਤੌਰ 'ਤੇ ਜਾਣਿਆ ਜਾਂਦਾ ਹੈ) ਹੋਣ ਦਾ ਖਤਰਾ ਵਧ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਗਰਮੀ ਕਾਰਨ ਮੌਤ ਦਾ ਵੀ ਖਤਰਾ ਵਧ ਜਾਂਦਾ ਹੈ।

ਹੀਟ-ਵੇਵ ਅਤੇ ਖਾਸ ਕਰਕੇ ਰਾਤ ਦੇ ਸਮੇਂ ਉੱਚਾ ਤਾਪਮਾਨ ਲੋਕਾਂ ਦੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ, ਸਾਡੇ ਮੂਡ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸੰਭਾਵੀ ਤੌਰ 'ਤੇ ਕੁਝ ਸਥਿਤੀਆਂ (ਬਿਮਾਰੀਆਂ ਜਾਂ ਸਮੱਸਿਆਵਾਂ) ਦੇ ਲੱਛਣਾਂ ਨੂੰ ਵਿਗੜ ਸਕਦਾ ਹੈ। ਸਿਸੋਦੀਆ ਕਹਿੰਦੇ ਹਨ, "ਮਿਰਗੀ ਵਾਲੇ ਬਹੁਤ ਸਾਰੇ ਲੋਕਾਂ ਲਈ ਮਾੜੀ ਨੀਂਦ ਕਾਰਨ ਦੌਰੇ ਪੈਣ ਦਾ ਜੋਖਮ ਹੋਰ ਵਧ ਸਕਦਾ ਹੈ।''

ਸਬੂਤ ਦਰਸਾਉਂਦੇ ਹਨ ਕਿ ਡਿਮੇਨਸ਼ੀਆ ਵਾਲੇ ਲੋਕਾਂ ਵਿੱਚ ਹੀਟ-ਵੇਵ ਦੌਰਾਨ ਹਸਪਤਾਲ ਵਿੱਚ ਭਰਤੀ ਹੋਣ ਅਤੇ ਮੌਤ ਦਰ ਵੀ ਵਧਦੀ ਹੈ।

ਇਸਦਾ ਇੱਕ ਕਾਰਨ ਉਮਰ ਹੋ ਸਕਦੀ ਹੈ - ਵੱਡੀ ਉਮਰ ਦੇ ਲੋਕ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਵਿੱਚ ਘੱਟ ਸਮਰੱਥ ਹੁੰਦੇ ਹਨ, ਪਰ ਉਨ੍ਹਾਂ ਦੀ ਬੋਧਾਤਮਕ ਕਮਜ਼ੋਰੀ ਵੀ ਇੱਕ ਕਾਰਨ ਹੀ ਸਕਦੀ ਹੈ।

ਉਦਾਹਰਣ ਵਜੋਂ, ਉਹ ਲੋੜੀਂਦੀ ਮਾਤਰਾ ਵਿੱਚ ਪਾਣੀ ਨਾ ਪੀਣ, ਜਾਂ ਖਿੜਕੀਆਂ ਬੰਦ ਕਰਨਾ ਭੁੱਲ ਸਕਦੇ ਹਨ, ਜਾਂ ਗਰਮੀ ਵਿੱਚ ਬਾਹਰ ਜਾ ਸਕਦੇ ਜਦੋਂ ਉਨ੍ਹਾਂ ਨੂੰ ਨਹੀਂ ਜਾਣਾ ਚਾਹੀਦਾ।

ਮੱਧ ਅਤੇ ਘੱਟ ਆਮਦਨ ਵਾਲੇ ਦੇਸ਼ ਵਧੇਰੇ ਜੋਖ਼ਮ ਵਿੱਚ

ਵਧਦੇ ਤਾਪਮਾਨ ਨੂੰ ਸਟ੍ਰੋਕ ਦੀਆਂ ਘਟਨਾਵਾਂ ਅਤੇ ਮੌਤ ਦਰ ਵਿੱਚ ਵਾਧੇ ਨਾਲ ਵੀ ਜੋੜਿਆ ਗਿਆ ਹੈ। 25 ਦੇਸ਼ਾਂ ਵਿੱਚ ਸਟ੍ਰੋਕ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਇੱਕ ਅਧਿਐਨ ਵਿੱਚ ਖੋਜਕਰਤਾਵਾਂ ਨੇ ਪਾਇਆ ਕਿ ਇਸਕੇਮਿਕ ਸਟ੍ਰੋਕ ਨਾਲ ਹੋਈਆਂ 1,000 ਮੌਤਾਂ ਵਿੱਚੋਂ ਗਰਮ ਦਿਨਾਂ ਵਿੱਚ 2 ਵਾਧੂ ਮੌਤਾਂ ਹੋਈਆਂ।

ਯੂਕੇ ਵਿੱਚ ਯੂਨੀਵਰਸਿਟੀ ਹੌਸਪਿਟਲ ਸਸੇਕਸ ਦੇ ਬਜ਼ੁਰਗ ਰੋਗ ਵਿਗਿਆਨੀ ਬੇਥਨ ਡੇਵਿਸ ਕਹਿੰਦੇ ਹਨ, "ਹੋ ਸਕਦਾ ਹੈ ਕਿ ਇਹ (ਮੌਤਾਂ) ਸੁਣਨ ਵਿੱਚ ਬਹੁਤ ਜ਼ਿਆਦਾ ਨਾ ਲੱਗਣ, ਪਰ ਇਹ ਦੇਖਦੇ ਹੋਏ ਕਿ ਦੁਨੀਆਂ ਭਰ ਵਿੱਚ ਹਰ ਸਾਲ ਸਟ੍ਰੋਕ ਕਾਰਨ 7 ਮਿਲੀਅਨ ਮੌਤਾਂ ਹੁੰਦੀਆਂ ਹਨ, ਗਰਮੀ ਹਰ ਸਾਲ 10,000 ਤੋਂ ਵੱਧ ਵਾਧੂ ਸਟ੍ਰੋਕ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਯੋਗਦਾਨ ਪਾ ਸਕਦੀ ਹੈ।''

ਡੇਵਿਸ ਅਤੇ ਉਨ੍ਹਾਂ ਦੇ ਸਹਿ-ਲੇਖਕ ਚੇਤਾਵਨੀ ਦਿੰਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਜਲਵਾਯੂ ਪਰਿਵਰਤਨ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਸਕਦਾ ਹੈ।

ਗਰਮੀ ਨਾਲ ਸਬੰਧਤ ਸਟ੍ਰੋਕ ਦੇ ਮਾਮਲਿਆਂ ਦਾ ਇੱਕ ਵੱਡਾ ਹਿੱਸਾ ਮੱਧ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਹੋਵੇਗਾ, ਜੋ ਪਹਿਲਾਂ ਹੀ ਜਲਵਾਯੂ ਪਰਿਵਰਤਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ ਅਤੇ ਜਿੱਥੇ ਸਟ੍ਰੋਕ ਦੀ ਸਭ ਤੋਂ ਵੱਧ ਦਰ ਦਰਜ ਕੀਤੀ ਜਾਂਦੀ ਹੈ।

ਡੇਵਿਸ ਕਹਿੰਦੇ ਹਨ, "ਵਧਦਾ ਤਾਪਮਾਨ ਦੇਸ਼ਾਂ ਅਤੇ ਸਮਾਜਿਕ ਸਮੂਹਾਂ ਵਿਚਕਾਰ ਅਤੇ ਅੰਦਰ, ਦੋਵਾਂ ਤਰ੍ਹਾਂ ਨਾਲ ਸਿਹਤ ਅਸਮਾਨਤਾਵਾਂ ਨੂੰ ਹੋਰ ਵਧਾ ਦੇਵੇਗਾ।"

ਬਜ਼ੁਰਗਾਂ ਅਤੇ ਬੱਚਿਆਂ ਨੂੰ ਖਤਰਾ

ਵਧਦੇ ਸਬੂਤ ਸੁਝਾਅ ਦਿੰਦੇ ਹਨ ਕਿ ਬਜ਼ੁਰਗ ਲੋਕ ਅਤੇ ਨਾਲ ਹੀ ਘੱਟ ਸਮਾਜਿਕ-ਆਰਥਿਕ ਸਥਿਤੀ ਵਾਲੇ ਲੋਕ ਗਰਮੀ ਨਾਲ ਸਬੰਧਤ ਮੌਤ ਦਰ ਦੇ ਜੋਖਮ 'ਚ ਹਨ।

ਗਰਮ ਹੁੰਦੀ ਦੁਨੀਆਂ ਛੋਟੇ ਬੱਚਿਆਂ ਦੇ ਤੰਤੂ ਵਿਕਾਸ (ਨਿਊਰੋਲਾਜਿਕਲ ਡਿਵਲਪਮੈਂਟ) ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਇੰਪੀਰੀਅਲ ਕਾਲਜ ਲੰਡਨ, ਯੂਕੇ ਵਿੱਚ ਗਲੋਬਲ ਵੁਮਨ ਹੈਲਥ ਦੇ ਪ੍ਰੋਫੈਸਰ ਜੇਨ ਹਰਸਟ ਕਹਿੰਦੇ ਹਨ, "ਬਹੁਤ ਜ਼ਿਆਦਾ ਗਰਮੀ ਅਤੇ ਗਰਭ ਅਵਸਥਾ ਦੇ ਮਾੜੇ ਨਤੀਜਿਆਂ ਵਿਚਕਾਰ ਇੱਕ ਸਬੰਧ ਹੈ, ਜਿਵੇਂ ਕਿ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ।"

ਵਿਗਿਆਨਕ ਖੋਜ ਦੀ ਇੱਕ ਹਾਲੀਆ ਯੋਜਨਾਬੱਧ ਸਮੀਖਿਆ ਵਿੱਚ ਪਾਇਆ ਗਿਆ ਹੈ ਕਿ ਸਮੇਂ ਤੋਂ ਪਹਿਲਾਂ ਜਨਮ ਦੇ ਮਾਮਲਿਆਂ ਵਿੱਚ 26% ਵਾਧਾ ਹੀਟ-ਵੇਵ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਬੱਚੇ ਵਿੱਚ ਤੰਤੂ ਵਿਕਾਸ ਦੇਰੀ ਨਾਲ ਹੁੰਦਾ ਹੈ ਅਤੇ ਬੋਧਾਤਮਕ ਕਮਜ਼ੋਰੀ ਹੋ ਸਕਦੀ ਹੈ।

ਹਰਸਟ ਕਹਿੰਦੇ ਹਨ, "ਹਾਲਾਂਕਿ, ਬਹੁਤ ਕੁਝ ਹੈ ਜੋ ਅਸੀਂ ਨਹੀਂ ਜਾਣਦੇ। ਜਿਵੇਂ ਕਿ - ਸਭ ਤੋਂ ਕਮਜ਼ੋਰ ਕੌਣ ਹੈ ਅਤੇ ਕਿਉਂ ਹੈ? ਕਿਉਂਕਿ ਸਪਸ਼ਟ ਤੌਰ 'ਤੇ ਹਰ ਸਾਲ 130 ਮਿਲੀਅਨ ਮਹਿਲਾਵਾਂ ਬੱਚੇ ਪੈਦਾ ਕਰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਰਮ ਦੇਸ਼ਾਂ ਵਿੱਚ ਹਨ ਅਤੇ ਉਨ੍ਹਾਂ ਨਾਲ ਅਜਿਹਾ ਨਹੀਂ ਹੁੰਦਾ।"

ਬਹੁਤ ਸਾਰੇ ਸਵਾਲਾਂ ਦੇ ਜਵਾਬ ਤਲਾਸ਼ੇ ਜਾਣੇ ਬਾਕੀ

ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੀ ਬਹੁਤ ਜ਼ਿਆਦਾ ਗਰਮੀ ਦਿਮਾਗ 'ਤੇ ਵਾਧੂ ਦਬਾਅ ਪਾ ਸਕਦੀ ਹੈ, ਜਿਸ ਨਾਲ ਇਹ ਨੁਕਸਾਨ ਪ੍ਰਤੀ ਵਧੇਰੇ ਕਮਜ਼ੋਰ ਹੋ ਸਕਦਾ ਹੈ ਅਤੇ ਜਿਸ ਨਾਲ ਨਿਊਰੋਡੀਜਨਰੇਟਿਵ ਬਿਮਾਰੀਆਂ ਹੋ ਸਕਦੀਆਂ ਹਨ।

ਗਰਮੀ ਉਸ ਰੁਕਾਵਟ ਨੂੰ ਵੀ ਪ੍ਰਭਾਵਿਤ ਕਰਦੀ ਹੈ ਜੋ ਆਮ ਤੌਰ 'ਤੇ ਦਿਮਾਗ ਦੀ ਰੱਖਿਆ ਕਰਦੀ ਹੈ, ਜਿਸ ਨਾਲ ਸਾਡੇ ਦਿਮਾਗ ਦੇ ਟਿਸ਼ੂਆਂ ਵਿੱਚ ਜ਼ਹਿਰੀਲੇ ਪਦਾਰਥਾਂ, ਬੈਕਟੀਰੀਆ ਅਤੇ ਵਾਇਰਸਾਂ ਦੇ ਦਾਖਲ ਹੋਣ ਦਾ ਜੋਖਮ ਵਧ ਜਾਂਦਾ ਹੈ।

ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਇਹ ਹੋਰ ਵੀ ਮਹੱਤਵਪੂਰਨ ਹੋ ਸਕਦਾ ਹੈ, ਕਿਉਂਕਿ ਇਸ ਨਾਲ ਮੱਛਰ ਵੀ ਵਧਦੇ ਹਨ ਅਤੇ ਉਹ ਜ਼ੀਕਾ, ਚਿਕਨਗੁਨੀਆ ਅਤੇ ਡੇਂਗੂ ਵਰਗੇ ਅਜਿਹੇ ਵਾਇਰਸ ਫੈਲਾਉਂਦੇ ਹਨ ਜੋ ਨਿਊਰੋਲੌਜੀਕਲ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਸਵਿਸ ਟ੍ਰੋਪਿਕਲ ਐਂਡ ਪਬਲਿਕ ਹੈਲਥ ਇੰਸਟੀਚਿਊਟ ਦੇ ਇੱਕ ਮੈਡੀਕਲ ਕੀਟ ਵਿਗਿਆਨੀ ਟੋਬੀਅਸ ਸੂਟਰ ਕਹਿੰਦੇ ਹਨ, "ਜ਼ੀਕਾ ਵਾਇਰਸ ਭਰੂਣ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਮਾਈਕ੍ਰੋਸੇਫਲੀ ਦਾ ਕਾਰਨ ਬਣ ਸਕਦਾ ਹੈ। ਧਦੇ ਤਾਪਮਾਨ ਅਤੇ ਹਲਕੀ ਸਰਦੀਆਂ ਦਾ ਮਤਲਬ ਹੈ ਕਿ ਮੱਛਰਾਂ ਦੇ ਪ੍ਰਜਨਨ ਦਾ ਸਮਾਂ ਸਾਲ ਵਿੱਚ ਜਲਦੀ ਸ਼ੁਰੂ ਹੋ ਜਾਂਦਾ ਹੈ ਤੇ ਬਾਅਦ ਵਿੱਚ ਖਤਮ ਹੁੰਦਾ ਹੈ।''

ਹੀਟ-ਵੇਵ ਨਸਾਂ ਦੇ ਸੈੱਲਾਂ ਦੀ ਪ੍ਰਤੀਕਿਰਿਆ ਵਿੱਚ ਬਦਲਾਅ ਤੋਂ ਲੈ ਕੇ ਖੁਦਕੁਸ਼ੀ ਦੇ ਜੋਖਮ ਤੱਕ, ਜਲਵਾਯੂ ਸਬੰਧੀ ਚਿੰਤਾ ਅਤੇ ਇੱਥੋਂ ਤੱਕ ਕਿ ਨਿਊਰੋਲੌਜੀਕਲ ਸਮੱਸਿਆਵਾਂ ਲਈ ਦਵਾਈਆਂ ਦੀ ਸਥਿਰਤਾ ਤੱਕ, ਕਈ ਕਾਰਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਪਰ ਵਿਗਿਆਨੀ ਅਜੇ ਵੀ ਇਹ ਜਾਂਚ ਕਰ ਰਹੇ ਹਨ ਕਿ ਵਧਦਾ ਤਾਪਮਾਨ ਸਾਡੇ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਗਰਮੀ ਲੋਕਾਂ ਨੂੰ ਵੱਖਰੇ ਤਰੀਕਿਆਂ ਨਾਲ ਪ੍ਰਭਾਵਿਤ ਕਰਦੀ ਹੈ - ਕੁਝ ਲੋਕ ਗਰਮ ਮੌਸਮ ਵਿੱਚ ਵਧਦੇ-ਫੁੱਲਦੇ ਹਨ, ਜਦਕਿ ਦੂਸਰੇ ਇਸਨੂੰ ਸਹਿ ਨਹੀਂ ਪਾਉਂਦੇ।

ਸਿਸੋਦੀਆ ਕਹਿੰਦੇ ਹਨ, "ਇਸ ਵੱਖਰੀ ਸੰਵੇਦਨਸ਼ੀਲਤਾ ਲਈ ਵੱਖ-ਵੱਖ ਕਾਰਕ ਢੁਕਵੇਂ ਹੋ ਸਕਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਜੈਨੇਟਿਕ ਸੰਵੇਦਨਸ਼ੀਲਤਾ ਹੋ ਸਕਦੀ ਹੈ।''

ਜੈਨੇਟਿਕ ਵੇਰੀਐਂਟ ਪ੍ਰੋਟੀਨ ਦੀਆਂ ਬਣਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਕੁਝ ਲੋਕਾਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਪ੍ਰਤੀ ਵਧੇਰੇ ਕਮਜ਼ੋਰ ਬਣਾ ਸਕਦੇ ਹਨ।

ਉਹ ਕਹਿੰਦੇ ਹਨ ਕਿ ਕੁਝ ਅਜਿਹੀਆਂ ਸਮਸਿਆਵਾਂ ਹੋ ਸਕਦੀਆਂ ਹਨ ਜੋ ਸਿਰਫ਼ ਉਦੋਂ ਹੀ ਸਪਸ਼ਟ ਹੋਣਗੀਆਂ ਜਦੋਂ ਵਾਤਾਵਰਣ ਦਬਾਅ ਉਨ੍ਹਾਂ ਨੂੰ ਸਾਹਮਣੇ ਲਿਆਉਣ ਲਈ ਕਾਫ਼ੀ ਹੋਣਗੇ।''

"ਅੱਜ ਅਸੀਂ ਨਿਊਰੋਲਾਜੀ ਸੰਬੰਧੀ ਵਿਕਾਰਾਂ ਵਾਲੇ ਲੋਕਾਂ ਵਿੱਚ ਜੋ ਦੇਖ ਰਹੇ ਹਾਂ, ਜਲਵਾਯੂ ਪਰਿਵਰਤਨ ਦੇ ਵਧਣ ਕਾਰਨ ਉਹ (ਸਮੱਸਿਆਵਾਂ) ਅਜਿਹੇ ਲੋਕਾਂ ਨੂੰ ਵੀ ਆ ਸਕਦੀਆਂ ਹਨ, ਜਿਨ੍ਹਾਂ ਵਿੱਚ ਫਿਲਹਾਲ ਉਹ ਨਹੀਂ ਹਨ।''

'ਗਲੋਬਲ ਵਾਰਮਿੰਗ ਦਾ ਯੁੱਗ ਖਤਮ ਹੋ ਗਿਆ ਹੈ, ਗਲੋਬਲ ਉਬਾਲ ਦਾ ਯੁੱਗ ਆ ਗਿਆ ਹੈ'

ਅਜੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਤਲਾਸ਼ੇ ਜਾਣੇ ਬਾਕੀ ਹਨ। ਉਦਾਹਰਨ ਲਈ, ਕੀ ਵੱਧ ਤੋਂ ਵੱਧ ਤਾਪਮਾਨ, ਹੀਟ-ਵੇਵ ਦੀ ਮਿਆਦ ਜਾਂ ਰਾਤ ਦੇ ਤਾਪਮਾਨ ਦਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ? ਇਹ ਹਰੇਕ ਵਿਅਕਤੀ ਜਾਂ ਨਿਊਰੋਲਾਜਿਕਲ ਸਮੱਸਿਆ ਸੰਬੰਧੀ ਸਥਿਤੀ ਵਿੱਚ ਵੱਖਰਾ ਹੋ ਸਕਦਾ ਹੈ।

ਪਰ ਇਹ ਪਛਾਣਨਾ ਕਿ ਕੌਣ ਜੋਖਮ ਵਿੱਚ ਹੈ ਅਤੇ ਕਿਉਂ, ਸਭ ਤੋਂ ਕਮਜ਼ੋਰ ਲੋਕਾਂ ਦੇ ਬਚਾਅ ਲਈ ਰਣਨੀਤੀਆਂ ਵਿਕਸਤ ਕਰਨ ਵਿੱਚ ਮਹੱਤਵਪੂਰਨ ਹੋਵੇਗਾ। ਇਨ੍ਹਾਂ ਵਿੱਚ ਸ਼ੁਰੂਆਤੀ ਤੌਰ 'ਤੇ ਚੇਤਾਵਨੀ ਦੇਣਾ ਜਾਂ ਬੀਮਾ ਸ਼ਾਮਲ ਹੋ ਸਕਦਾ ਹੈ ਤਾਂ ਜੋ ਬਹੁਤ ਜ਼ਿਆਦਾ ਗਰਮੀ ਕਾਰਨ ਜੋ ਦਿਹਾੜੀਦਾਰ ਦਿਨ ਵੇਲੇ ਮਜ਼ਦੂਰੀ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਆਰਥਿਕ ਮਦਦ ਮਿਲ ਸਕੇ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਜੁਲਾਈ 2023 ਨੂੰ ਰਿਕਾਰਡ 'ਤੇ ਸਭ ਤੋਂ ਗਰਮ ਮਹੀਨਾ ਐਲਾਨਦੇ ਹੋਏ ਕਿਹਾ ਸੀ, "ਗਲੋਬਲ ਵਾਰਮਿੰਗ ਦਾ ਯੁੱਗ ਖਤਮ ਹੋ ਗਿਆ ਹੈ, ਗਲੋਬਲ ਉਬਾਲ ਦਾ ਯੁੱਗ ਆ ਗਿਆ ਹੈ।"

ਜਲਵਾਯੂ ਪਰਿਵਰਤਨ ਆ ਗਿਆ ਹੈ ਅਤੇ ਇਹ ਤੇਜ਼ ਹੋ ਰਿਹਾ ਹੈ। ਗਰਮ ਦਿਮਾਗਾਂ ਦਾ ਯੁੱਗ ਵੀ ਹੁਣ ਸ਼ੁਰੂ ਹੋ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)