ਅੱਤ ਦੀ ਗਰਮੀ ਦਾ ਤੁਹਾਡੀ ਸਿਹਤ ਉੱਤੇ ਕੀ ਅਸਰ ਪੈ ਰਿਹਾ ਹੈ, ਬਚਾਅ ਲਈ ਕੀ ਕਰੀਏ

    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਕਦੇ ਮਾਰਚ-ਅਪ੍ਰੈਲ ਦੇ ਮਹੀਨੇ ਧੁੱਪ ਵਿਚ ਨਾ ਨਿਕਲਣ ਦੀ ਹਦਾਇਤ ਸੁਣੀ ਹੈ?

ਕੀ ਕਦੇ ਇਸ ਤੋਂ ਪਹਿਲਾਂ ਮਾਰਚ-ਅਪ੍ਰੈਲ ਦੇ ਮਹੀਨੇ ਹਵਾ ਵਿੱਚ ਇੰਨੀ ਗਰਮੀ ਮਹਿਸੂਸ ਹੋਈ ਸੀ?

ਕੀ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਤੁਹਾਡੇ ਧੋਤੇ ਹੋਏ ਕੱਪੜੇ ਸਿਰਫ਼ ਅੱਧੇ ਘੰਟੇ ਵਿੱਚ ਸੁੱਕ ਜਾਂਦੇ ਸਨ?

ਕੀ ਤੁਹਾਡੇ ਪੌਦੇ ਮਾਰਚ-ਅਪ੍ਰੈਲ ਦੇ ਮਹੀਨੇ ਧੁੱਪ ਵਿੱਚ ਰੱਖਣ ਨਾਲ ਕਦੇ ਝੁਲਸਣ ਲੱਗ ਪਏ ਹਨ?

ਕੀ ਤੁਸੀਂ ਇਸ ਤੋਂ ਪਹਿਲਾਂ ਮਾਰਚ ਦੇ ਮਹੀਨੇ ਤੋਂ ਠੰਢੇ ਪਾਣੀ, ਠੰਢੀ ਏਸੀ ਹਵਾ ਅਤੇ ਅੰਬ-ਪਾਣੀ ਜਾਂ ਨਿੰਬੂ-ਪਾਣੀ ਦੀ ਲਾਲਸਾ ਦਾ ਸ਼ਿਕਾਰ ਹੋਏ ਸੀ? ਕੀ ਤੁਹਾਨੂੰ ਪਹਿਲਾਂ ਕਦੇ ਮਾਰਚ-ਅਪ੍ਰੈਲ ਦੇ ਮਹੀਨਿਆਂ ਦੌਰਾਨ ਹੀਟਸਟ੍ਰੋਕ (ਲੂ ਲੱਗੀ ਹੈ) ਹੋਇਆ ਹੈ?

ਜੇਕਰ ਤੁਹਾਡੇ ਇਨ੍ਹਾਂ ਸਵਾਲਾਂ ਦਾ ਜਵਾਬ ਨਾਂਹ ਵਿੱਚ ਹੈ ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ।

ਇਹ ਆਮ ਗੱਲ ਹੈ ਵੀ ਨਹੀਂ ਸੀ। ਕਿਉਂਕਿ ਖਾਸ ਗੱਲ ਇਹ ਹੈ ਕਿ ਸਾਲ 1901 ਤੋਂ ਬਾਅਦ 2022 ਦਾ ਮਾਰਚ ਮਹੀਨਾ ਹੁਣ ਤੱਕ ਦੇ ਮਾਰਚ ਮਹੀਨਿਆਂ ਵਿੱਚੋਂ ਤੀਜਾ ਸਭ ਤੋਂ ਗਰਮ ਮਹੀਨਾ ਰਿਹਾ ਹੈ।

ਯਾਨੀ ਇਸ ਸਾਲ ਮਾਰਚ ਮਹੀਨੇ ਤੋਂ ਹੁਣ ਤੱਕ ਭਾਰਤ ਨੇ ਪੂਰੇ 26 ਦਿਨ ਹੀਟਵੇਵ ਦੇਖੀ ਹੈ।

ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਪੂਰਬੀ, ਮੱਧ ਅਤੇ ਉੱਤਰੀ ਭਾਰਤ ਦੇ ਖੇਤਰਾਂ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ।

ਇਹ ਵੀ ਪੜ੍ਹੋ:]

ਕਾਰਨ ਕੀ ਹਨ?

ਸਮੇਂ ਤੋਂ ਪਹਿਲਾਂ ਬੂਹਾ ਖੜਕਾਉਣ ਵਾਲੀ ਕਹਿਰ ਦੀ ਗਰਮੀ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਦੋ ਮਹੀਨਿਆਂ ਦੌਰਾਨ ਮੀਂਹ ਜਾਂ ਬਿਜਲੀ ਅਤੇ ਗੜੇ ਨਹੀਂ ਪਏ ਹਨ।

ਭਾਵ ਜੇਕਰ ਇਨ੍ਹਾਂ ਮਹੀਨਿਆਂ 'ਚ ਔਸਤਨ 30.4 ਮਿਲੀਮੀਟਰ ਮੀਂਹ ਪੈਂਦਾ ਰਿਹਾ ਹੈ ਤਾਂ ਇਸ ਸਾਲ ਸਿਰਫ 8.9 ਮਿਲੀਮੀਟਰ ਹੀ ਮੀਂਹ ਪਿਆ ਹੈ।

ਦੂਸਰਾ, ਜਦੋਂ ਦੇਸ਼ ਦੇ ਪੱਛਮੀ ਹਿੱਸੇ ਤੋਂ ਆਉਣ ਵਾਲੀਆਂ ਹਵਾਵਾਂ ਦੱਖਣੀ ਅਤੇ ਮੱਧ ਭਾਰਤ ਦੀਆਂ ਹਵਾਵਾਂ ਨਾਲ ਟਕਰਾਉਂਦੀਆਂ ਹਨ, ਤਾਂ ਮੌਸਮ ਖ਼ਰਾਬ ਹੁੰਦਾ ਹੈ, ਯਾਨੀ ਮੀਂਹ ਅਤੇ ਤੂਫ਼ਾਨ ਆਉਂਦੇ ਹਨ। ਇਸ ਵਾਰ ਇਹ ਵੀ ਬਹੁਤ ਘੱਟ ਹੋਇਆ ਹੈ।

ਆਮ ਤੌਰ 'ਤੇ, ਗਰਮੀ ਦੀ ਲਹਿਰ ਦਾ ਪਹਿਲਾ ਪੜਾਅ ਅਪ੍ਰੈਲ ਦੇ ਅਖੀਰ ਤੋਂ ਸ਼ੁਰੂ ਹੁੰਦਾ ਹੈ ਅਤੇ ਮਈ ਦੇ ਮਹੀਨੇ ਵਿੱਚ ਸਿਖਰਾਂ 'ਤੇ ਹੁੰਦਾ ਹੈ।

ਜਦਕਿ ਇਸ ਸਾਲ ਹੀਟਵੇਵ ਦਾ ਪਹਿਲਾ ਦੌਰ 11 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਅਮਲੀ ਅਰਥਾਂ ਵਿੱਚ ਗਰਮੀ ਇਸ ਵਾਰ ਹੋਲੀ ਦੇ ਤਿਉਹਾਰ ਤੋਂ ਪਿਹਲਾਂ ਹੀ ਸ਼ੁਰੂ ਹੋ ਗਈ ਸੀ।

ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਰਚ ਅਤੇ ਅਪ੍ਰੈਲ ਵਿੱਚ ਲੂਅ ਵਗਣਾ ਅਸਧਾਰਨ ਵਰਤਾਰਾ ਹੁੰਦਾ ਹੈ ਅਤੇ ਜੇਕਰ ਵਾਯੂਮੰਡਲ ਵਿੱਚ ਕਾਰਬਨ ਨਿਕਾਸੀ ਨੂੰ ਘੱਟ ਨਾ ਕੀਤਾ ਗਿਆ ਤਾਂ ਇਹ ਗਰਮੀ ਦੀਆਂ ਇਹ ਲਹਿਰਾਂ ਜਲਵਾਯੂ ਤਬਦੀਲੀ ਕਾਰਨ ਮੌਸਮ ਚੱਕਰ ਦਾ ਇੱਕ ਆਮ ਹਿੱਸਾ ਬਣ ਸਕਦੀਆਂ ਹਨ।

ਇਮਪੀਰੀਅਲ ਕਾਲਜ ਲੰਡਨ ਦੇ ਗ੍ਰਾਂਥਮ ਇੰਸਟੀਚਿਊਟ ਦੇ ਮਰੀਅਮ ਜ਼ਕਾਰੀਆ ਅਤੇ ਫਰੈਡਰਿਕ ਓਟੋ ਦੀ ਨਵੀਂ ਖੋਜ ਦੇ ਮੁਤਾਬਕ, ਜਲਵਾਯੂ ਪਰਿਵਰਤਨ ਦੇ ਕਾਰਨ ਹਰ ਚਾਰ ਸਾਲਾਂ ਵਿੱਚ ਇੱਕ ਵਾਰ ਅਜਿਹੀਆਂ ਗੰਭੀਰ ਗਰਮੀ ਦੀਆਂ ਲਹਿਰਾਂ ਆ ਸਕਦੀਆਂ ਹਨ।

ਮਰੀਅਮ ਜ਼ਕਾਰੀਆ ਨੇ ਇੱਕ ਬਿਆਨ 'ਚ ਕਿਹਾ, ''ਗਲੋਬਲ ਤਾਪਮਾਨ ਵਧਣ 'ਚ ਮਨੁੱਖੀ ਗਤੀਵਿਧੀਆਂ ਦੀ ਭੂਮਿਕਾ ਤੋਂ ਪਹਿਲਾਂ ਭਾਰਤ ਵਿੱਚ ਅਸੀਂ 50 ਸਾਲਾਂ ਵਿੱਚ ਇੱਕ ਵਾਰ ਇਸ ਤਰ੍ਹਾਂ ਦੀ ਤੇਜ਼ ਗਰਮੀ ਦਾ ਅਨੁਭਵ ਕਰਦੇ ਸੀ, ਜਿਵੇਂ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੋ ਰਿਹਾ ਹੈ ਪਰ ਹੁਣ ਇਹ ਇੱਕ ਬਣ ਗਿਆ ਹੈ। ਹੁਣ ਇਹ ਇੱਕ ਆਮ ਗੱਲ ਬਣ ਗਈ ਹੈ ਜੋ ਭਵਿੱਖ ਵਿੱਚ ਵੀ ਵਾਪਰ ਦੀ ਰਹਿ ਸਕਦੀ ਹੈ।"

ਗਰਮੀ ਦੀ ਲਹਿਰ ਪ੍ਰਭਾਵ

ਕਹਿਰ ਦੀ ਗਰਮੀ ਦਾ ਪਹਿਲਾ ਅਸਰ ਇਹ ਹੈ ਕਿ ਦੇਸ਼ ਭਰ ਵਿੱਚ ਬਿਜਲੀ ਦੀ ਖਪਤ ਅਚਾਨਕ ਅਤੇ ਬਹੁਤ ਤੇਜ਼ੀ ਨਾਲ ਵਧ ਗਈ ਹੈ।

ਹੁਣ ਕਿਉਂਕਿ ਭਾਰਤ ਵਿੱਚ ਜ਼ਿਆਦਾਤਰ ਬਿਜਲੀ ਥਰਮਲ ਪਾਵਰ ਪਲਾਂਟਾਂ ਵਿੱਚ ਪੈਦਾ ਹੁੰਦੀ ਹੈ, ਜ਼ਾਹਰ ਹੈ ਕਿ ਕੋਲੇ ਦੀ ਉਨ੍ਹਾਂ ਦੇ ਬਾਲਣ ਵਜੋਂ ਲੋੜ ਪੈਂਦੀ ਹੈ।

ਇੱਕ ਦਮ ਮੰਗ ਵਧਣ ਨਾਲ ਕੋਲੇ ਦੀ ਸਪਲਾਈ 'ਤੇ ਦਬਾਅ ਵਧ ਗਿਆ ਹੈ। ਹਾਲਾਤ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਵੀ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਬਿਜਲੀ ਸਪਲਾਈ 'ਚ ਵਿਘਨ ਪੈ ਸਕਦਾ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਮੈਟਰੋ ਜਾਂ ਹਸਪਤਾਲਾਂ ਵਰਗੀਆਂ ਮਹੱਤਵਪੂਰਨ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ।

ਹੀਟਵੇਵ ਅਤੇ ਬਿਜਲੀ ਸਪਲਾਈ ਵਿੱਚ ਰੁਕਾਵਟ

ਐਨਟੀਪੀਸੀ ਦੇ ਸਾਬਕਾ ਜਨਰਲ ਮੈਨੇਜਰ ਬੀਐਸ ਮੁਖੀਆ ਦੇ ਅਨੁਸਾਰ, "ਜਦੋਂ ਵੀ ਗਰਮੀ ਵਧੇਗੀ ਤਾਂ ਕੋਲੇ ਦੀ ਸਪਲਾਈ ਉੱਪਰ ਅਸਰ ਪਵੇਗਾ ਕਿਉਂਕਿ ਪਾਵਰ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਬਿਜਲੀ ਪੈਦਾ ਕਰ ਰਹੇ ਹੋਣਗੇ। ਹਾਲਾਂਕਿ ਜਿਸ, ਦਰ ਨਾਲ ਖਪਤ ਵਧਦੀ ਹੈ ਉਸ ਰਫ਼ਤਾਰ ਨਾਲ ਉਤਪਾਦਨ ਨਹੀਂ ਵਧ ਸਕਦਾ। ਇਸ ਤਰ੍ਹਾਂ ਮੰਗ ਅਤੇ ਪੂਰਤੀ ਵਿੱਚ ਪਾੜਾ ਵਧਦਾ ਜਾਂਦਾ ਹੈ।''

ਲੰਬੇ ਸਮੇਂ ਤੱਕ ਗਰਮੀ ਦੀਆਂ ਲਹਿਰਾਂ ਅਤੇ ਬਿਜਲੀ ਸਪਲਾਈ ਵਿੱਚ ਵਿਘਨ ਉਦਯੋਗਿਕ ਉਤਪਾਦਨ ਅਤੇ ਫਸਲਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਇੱਕ ਪਾਸੇ ਜਿੱਥੇ ਮੌਜੂਦਾ ਹੀਟਵੇਵ ਕਾਰਨ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਇੱਕ ਦੂਜੇ ਉੱਪਰ ਇਲਜਾਮ ਲਾਉਣੇ ਜਾਰੀ ਹਨ।

ਇਹ ਸਮਝਣ ਦੀ ਲੋੜ ਹੈ ਕਿ ਭਾਰਤ ਕੋਲ ਕੋਲੇ ਦੇ ਵੱਡੇ ਭੰਡਾਰ ਹੋਣ ਦੇ ਬਾਵਜੂਦ ਦੇਸ਼ ਕੋਲੇ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ। ਇਸ ਦੀਆਂ ਕੀਮਤਾਂ ਵੀ ਵਧੀਆਂ ਹਨ ਅਤੇ ਖਪਤ ਦੀ ਮੰਗ ਵੀ ਵਧੀ ਹੈ।

ਜ਼ਾਹਿਰ ਹੈ ਕਿ ਅਗਲੇ ਕਈ ਹਫ਼ਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਲਿਹਾਜ਼ ਨਾਲ ਵੱਡੀ ਚੁਣੌਤੀ ਸਾਬਤ ਹੋ ਸਕਦੇ ਹਨ।

ਗੁਜਰਾਤ ਇੰਸਟੀਚਿਊਟ ਆਫ਼ ਡਿਜ਼ਾਸਟਰ ਮੈਨੇਜਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਪ੍ਰੋਗਰਾਮ ਮੈਨੇਜਰ ਅਭਿਅੰਤ ਤਿਵਾਰੀ ਦੇ ਅਨੁਸਾਰ, "ਹੀਟ ਐਕਸ਼ਨ ਪਲਾਨ ਵਿੱਚ, ਸਾਨੂੰ ਜਨਤਕ ਕੂਲਿੰਗ ਖੇਤਰ, ਘੱਟ ਬਿਜਲੀ ਕੱਟ, ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਅਤੇ ਮਜ਼ਦੂਰਾਂ ਦੇ ਕੰਮ ਦੇ ਘੰਟਿਆਂ ਵਿੱਚ ਤਬਦੀਲੀ ਨੂੰ ਯਕੀਨੀ ਬਣਾਉਣਾ ਪੈਣਾ ਹੈ। ਸਮਾਜ ਦੇ ਕਮਜ਼ੋਰ ਵਰਗਾਂ ਲਈ ਤਪਦੀ ਗਰਮੀ ਵਿੱਚ ਸਾਨੂੰ ਇਹ ਕਦਮ ਚੁੱਕਣੇ ਪੈਣਗੇ।"

ਗਰਮੀ ਦਾ ਮੁਕਾਬਲਾ ਕਿਵੇਂ ਕਰਨਾ ਹੈ

ਤਾਪਮਾਨ ਨੂੰ ਕਾਬੂ ਵਿੱਚ ਰੱਖੋ: ਜ਼ਿਆਦਾਤਰ ਲੋਕ ਇਸ ਤੋਂ ਜਾਣੂ ਹਨ। ਫਿਰ ਵੀ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੇਕਰ ਸਰੀਰ 40 ਡਿਗਰੀ ਸੈਂਟੀਗਰੇਡ ਤਾਪਮਾਨ ਨੂੰ ਬਰਦਾਸ਼ਤ ਕਰਦਾ ਹੈ ਤਾਂ ਹੀਟ ਸਟ੍ਰੋਕ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਅਜਿਹੀ ਸਥਿਤੀ ਵਿੱਚ, ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ. ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ਦੇ ਨਤੀਜੇ ਵਜੋਂ ਬੇਹੋਸ਼ੀ ਅਤੇ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ।

ਕੁਝ ਮਾਮਲਿਆਂ ਵਿੱਚ ਮੌਤ ਵੀ ਹੋ ਸਕਦੀ ਹੈ। ਜੇਕਰ ਪਸੀਨਾ ਆਉਣਾ ਬੰਦ ਹੋ ਜਾਵੇ ਜਾਂ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਇਹ ਵੀ ਖ਼ਤਰੇ ਦੇ ਸੰਕੇਤ ਹਨ।

ਖਾਣ-ਪੀਣ ਦਾ ਖਿਆਲ ਰੱਖੋ: ਪਾਣੀ ਪੀਂਦੇ ਰਹੋ ਤਾਂ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਅਜਿਹਾ ਭੋਜਨ ਖਾਓ ਜਿਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਅਤੇ ਆਸਾਨੀ ਨਾਲ ਹਜ਼ਮ ਹੋ ਸਕੇ।

ਧੁੱਪ ਵਿੱਚ ਨਿਕਲਣ ਤੋਂ ਬਚੋ: ਤੁਸੀਂ ਜਿੰਨਾ ਜ਼ਿਆਦਾ ਘਰ ਦੇ ਅੰਦਰ ਰਹਿ ਸਕਦੇ ਹੋ, ਓਨਾ ਹੀ ਵਧੀਆ ਹੈ। ਜੇਕਰ ਦਿਨ ਵੇਲੇ ਸੰਭਵ ਹੋਵੇ ਤਾਂ ਬਾਹਰ ਨਾ ਨਿਕਲੋ। ਕਸਰਤ ਕਰਦੇ ਸਮੇਂ ਸਾਵਧਾਨ ਰਹੋ।

ਕੱਪੜੇ: ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਆਪਣੇ ਆਪ ਨੂੰ ਢੱਕ ਕੇ ਰੱਖੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਸੂਤੀ ਜਾਂ ਲਿਨਨ ਦੇ ਕੱਪੜਿਆਂ ਦੀ ਵਰਤੋਂ ਕਰ ਰਹੇ ਹੋ। ਸਿਰ 'ਤੇ ਪੱਗ ਬੰਨ੍ਹਣਾ ਜਾਂ ਟੋਪੀ ਪਾਉਣਾ ਬਿਹਤਰ ਹੋਵੇਗਾ।

ਆਪਣੇ ਆਪ ਨੂੰ ਠੰਡਾ ਕਿਵੇਂ ਰੱਖਿਆ ਜਾਵੇ: ਏਅਰ ਕੰਡੀਸ਼ਨਰ, ਕੂਲਰ ਅਤੇ ਪੱਖੇ ਦੀ ਵਰਤੋਂ ਕਰਨ ਤੋਂ ਇਲਾਵਾ, ਫੇਸ ਸਪਰੇਅ ਦੀ ਵਰਤੋਂ ਅਤੇ ਠੰਡੇ ਪਾਣੀ ਨਾਲ ਨਹਾਉਣਾ ਵੀ ਅਸਰਦਾਰ ਹੋ ਸਕਦਾ ਹੈ। ਕਮਰੇ ਨੂੰ ਠੰਡਾ ਰੱਖਣ ਲਈ ਪਰਦੇ ਲਗਾ ਕੇ ਰੱਖੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)