ਵਧਦੀ ਗਰਮੀ ਗਰਭਵਤੀ ਔਰਤਾਂ ਨੂੰ ਕੀ ਨੁਕਸਾਨ ਪਹੁੰਚਾ ਸਕਦੀ ਹੈ, ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ

    • ਲੇਖਕ, ਪ੍ਰਿਅੰਕਾ ਰਨਵਾਲ
    • ਰੋਲ, ਬੀਬੀਸੀ ਪੱਤਰਕਾਰ

ਅਜਿਹੇ ਵਿਗਿਆਨਕ ਸਬੂਤ ਵਧਦੇ ਜਾ ਰਹੇ ਹਨ ਜੋ ਸਾਬਤ ਕਰਦੇ ਹਨ ਕਿ ਬਹੁਤ ਜ਼ਿਆਦਾ ਗਰਮੀ ਦਾ ਮਾਂ ਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਦਾ ਹੈ।

ਕੀਨੀਆ ਦੇ ਤਟ ਨਾਲ ਲਗਦੇ ਕਿਲੀਫ਼ੀ ਵੀ ਦੁਨੀਆਂ ਦੇ ਬਹੁਤ ਸਾਰੇ ਹੋਰ ਹਿੱਸਿਆਂ ਵਾਂਗ ਬਦਲ ਰਹੇ ਜਲਵਾਯੂ ਅਤੇ ਰੁੱਖਾਂ ਦੇ ਕਟਾਅ ਦੇ ਮਾੜੇ ਸਿੱਟਿਆਂ ਨਾਲ ਜੂਝ ਰਿਹਾ ਹੈ।

ਤਾਪਮਾਨ ਲਗਤਾਰ ਵਧ ਰਹੇ ਹਨ, ਹੜ੍ਹ ਆਉਣਾ ਆਮ ਹੋ ਗਿਆ ਹੈ ਅਤੇ ਸੋਕਾ ਪਹਿਲਾਂ ਨਾਲੋਂ ਲੰਬਾ ਹੋ ਗਿਆ ਹੈ। ਇਸ ਅਰਧ ਮਾਰੂਥਲ ਵਿੱਚ ਖੁਰਾਕ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ ਅਤੇ ਮਨੁੱਖੀ ਸਿਹਤ ਮੁਸ਼ਕਲ ਵਿੱਚ ਹੈ।

ਕੈਨੇਥ ਮਿਰੀਤੀ ਕਿਲੀਫ਼ੀ ਦੇ ਪ੍ਰਜਨਣ ਸਿਹਤ ਕੋਆਰਡੀਨੇਟਰ ਹਨ। ਉਹ ਦੱਸਦੇ ਹਨ ਕਿ ਕਦੇ-ਕਦੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਰਾਤ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਹੈ। ਉਹ ਕਹਿੰਦੇ ਹਨ ਕਿ ਹਵਾਦਾਰੀ ਪੱਖੋਂ ਮਾੜੇ ਘਰਾਂ ਕਾਰਨ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।

ਇਸ ਵਿੱਚ ਸਭ ਤੋਂ ਜ਼ਿਆਦਾ ਖ਼ਤਰੇ ਵਿੱਚ ਹਨ ਗਰਭਵਤੀ ਔਰਤਾਂ।

ਲਗਭਗ ਇੱਕ ਦਹਾਕੇ ਤੋਂ ਮਿਰੀਤੀ ਨੇ ਬਹੁਤ ਸਾਰੇ ਗਰਭਪਾਤ ਅਤੇ ਗਰਭ ਨਾਲ ਜੁੜੀਆਂ ਪੇਚੀਦਗੀਆਂ ਦੇਖੀਆਂ ਹਨ। ਇਸ ਦਾ ਕਾਰਨ ਇਲਾਕੇ ਵਿੱਚ ਖੂਨ ਦੀ ਕਮੀ, ਪੀਣ ਵਾਲੇ ਸਾਫ਼ ਪਾਣੀ ਤੱਕ ਪਹੁੰਚ, ਮਾੜੀ ਸਿਹਤ ਸਿੱਖਿਆ ਵੱਡੀਆਂ ਸਮੱਸਿਆਵਾਂ ਹਨ।

ਪਰ ਹਾਲ ਦੇ ਸਮੇਂ ਦੌਰਾਨ ਹੀ ਉਨ੍ਹਾਂ ਦੀ ਟੀਮ ਨੇ ਗਰਭ ਨਾਲ ਜੁੜੀਆਂ ਸਮੱਸਿਆਵਾਂ ਦਾ ਸਬੰਧ ਵਧ ਰਹੇ ਤਾਪਮਾਨਾਂ ਨਾਲ ਜੋੜਨਾ ਸ਼ੁਰੂ ਕੀਤਾ ਹੈ।

ਮਿਰੀਤੀ ਦੱਸਦੇ ਹਨ, “ਹੈਲਥ ਪ੍ਰੋਵਾਈਡਰਾਂ ਵਜੋਂ ਅਸੀਂ ਕਦੇ ਵੀ ਤਾਪਮਾਨ ਨੂੰ ਸਹਿਯੋਗੀ ਕਾਰਕ ਵਜੋਂ ਨਹੀਂ ਦੇਖਿਆ।”

ਸਾਲ 2021 ਵਿੱਚ ਮਿਰੀਤੀ ਨੇ ਇੱਕ ਅਧਿਐਨ ਵਿੱਚ ਹਿੱਸਾ ਲਿਆ ਜਿਸ ਵਿੱਚ ਜਨਤਕ ਸਿਹਤ ਅਧਿਕਾਰੀ, ਸਿਹਤ ਕਾਮੇ, ਅਤੇ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਜ਼ਰੀਏ ਨੂੰ ਜਾਣਿਆ ਗਿਆ, ਕਿ ਕਿਲੀਫ਼ੀ ਦੇ ਬਹੁਤ ਤੇਜ਼ ਤਾਪਮਾਨ ਦਾ ਮਾਵਾਂ ਅਤੇ ਬੱਚਿਆਂ ਦੀ ਸਿਹਤ ਉੱਤੇ ਕੀ ਅਸਰ ਪੈ ਰਿਹਾ ਸੀ।

ਗਰਭਵਤੀ ਔਰਤਾਂ ਨੇ ਗਰਮੀ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਦੱਸਿਆ। ਜਿਵੇਂ— ਪਾਣੀ ਦੀ ਕਮੀ, ਥਕਾਵਟ, ਚੱਕਰ ਆਉਣਾ ਅਤੇ ਚਿੜਚਿੜਾ ਸੁਭਾਅ।

ਮਿਰੀਤੀ ਨੇ ਕਿਹਾ ਕਿ ਜਿਹੜੇ ਸਿਹਤ ਕੇਂਦਰਾਂ ਵਿੱਚ ਹਵਾਦਾਰੀ ਨਹੀਂ ਹੁੰਦੀ ਉੱਥੇ ਗਰਭਵਤੀ ਮਾਵਾਂ ਨੂੰ ਸਮੱਸਿਆ ਆਉਂਦੀ ਹੈ।

ਪੂਰੀ ਦੁਨੀਆਂ ਵਿੱਚ ਸਾਇੰਸਦਾਨ ਦੇਖ ਰਹੇ ਹਨ ਕਿ ਬਹੁਤ ਤੇਜ਼ ਤਾਪਮਾਨ ਕਾਰਨ ਸਮੇਂ ਤੋਂ ਪਹਿਲਾਂ ਜਣੇਪੇ ਅਤੇ ਢਾਈ ਕਿੱਲੋ ਤੋਂ ਘੱਟ ਭਾਰ ਵਾਲੇ ਬੱਚੇ ਪੈਦਾ ਹੋਣ ਦੀ ਸੰਭਾਵਨਾ ਵਧਦੀ ਹੈ।

ਢਾਈ ਕਿੱਲੋਂ ਤੋਂ ਘੱਟ ਭਾਰ ਵਾਲੇ ਬੱਚਿਆਂ ਵਿੱਚ ਸਿਹਤ ਸਬੰਧੀ ਮੁਸ਼ਕਲਾਂ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਵਧਦੇ ਤਾਪਮਾਨ ਨਾਲ ਮੁਰਦਾ ਪੈਦਾਇਸ਼ਾਂ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਜਿੱਥੇ ਬੱਚੇ ਦੀ 20 ਹਫ਼ਤਿਆਂ ਦੇ ਗਰਭ ਦੌਰਾਨ ਜਾਂ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ।

ਸਟੈਨਫੋਰਡ ਹੈਲਥ-ਕੇਅਰ ਟ੍ਰਾਈ ਵੈਲੀ ਹਸਪਤਾਲ ਵਿੱਚ ਬੱਚਿਆਂ ਦੇ ਮਾਹਰ ਲਿਜ਼ਾ ਪਟੇਲ ਦੱਸਦੇ ਹਨ, “ਇਹ ਮੈਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ।”

ਸਾਲ 2022 ਦੀਆਂ ਗਰਮੀਆਂ ਦੌਰਾਨ ਜਦੋਂ ਕੈਲੀਫੋਰਨੀਆ ਦੇ ਕਈ ਹਿੱਸਿਆਂ ਵਿੱਚ ਰਿਕਾਰਡ ਤੋੜ ਹੀਟ ਵੇਵ ਚੱਲੀ ਸੀ ਤਾਂ ਉਨ੍ਹਾਂ ਦੇ ਦੋ ਦਿਨ ਡਿਊਟੀ ਉੱਤੇ ਬਹੁਤ ਜ਼ਿਆਦਾ ਵਿਅਸਤ ਰਹੇ ਹਨ।

“ਜਿਵੇਂ ਗਰਮ ਦਿਨਾਂ ਦੀ ਗਿਣਤੀ ਵੱਧ ਰਹੀ ਹੈ। ਸਾਰੇ ਇਸਤਰੀ ਰੋਗ ਮਾਹਰਾਂ ਨੂੰ ਆਪਣੀਆਂ ਗਰਭਵਤੀ ਮਾਵਾਂ ਦੀ ਦੇਖਭਾਲ ਬਾਰੇ ਪਤਾ ਹੋਣਾ ਚਾਹੀਦਾ ਹੈ।”

ਜ਼ਿਆਦਾ ਤਾਪਮਾਨ ਦਾ ਗਰਭ ਉੱਤੇ ਅਸਰ ਕਿਉਂ ਪੈਂਦਾ ਹੈ?

ਭਾਵੇਂ ਬਹੁਤ ਜ਼ਿਆਦਾ ਗਰਮੀ ਸਾਰਿਆਂ ਦਾ ਹੀ ਤ੍ਰਾਹ ਕੱਢ ਸਕਦੀ ਹੈ ਇਹ ਗਰਭਵਤੀ ਔਰਤਾਂ ਲਈ ਤਾਂ ਖਾਸ ਕਰਕੇ ਖ਼ਤਰਨਾਕ ਹੈ।

ਉਨ੍ਹਾਂ ਦਾ ਸਰੀਰ ਪਹਿਲਾਂ ਹੀ ਤਾਪਮਾਨ ਸਹੀ ਰੱਖਣ ਲਈ ਮਿਹਨਤ ਕਰ ਰਿਹਾ ਹੁੰਦਾ ਹੈ। ਜਦੋਂ ਬਾਹਰੀ ਤਾਪਮਾਨ ਹੋਰ ਵੀ ਵੱਧ ਜਾਵੇ ਤਾਂ ਸਰੀਰ ਨੂੰ ਹੋਰ ਵੀ ਮਿਹਨਤ ਕਰਨੀ ਪੈਂਦੀ ਹੈ।

ਗਰਭਵਤੀ ਔਰਤਾਂ ਨੂੰ ਲੂਅ ਲੱਗਣ ਅਤੇ ਹੀਟ ਸਟਰੋਕ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਸਾਇੰਸਦਾਨਾਂ ਦੀ ਰਾਇ ਹੈ ਕਿ ਜਦੋਂ ਜ਼ਿਆਦਾ ਗਰਮੀ ਦੇ ਨਾਲ ਹਵਾ ਵਿੱਚ ਸਿੱਲ੍ਹ ਵੀ ਹੋਵੇ ਤਾਂ ਇਹ ਗਰਭ ਲਈ ਹੋਰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਹਵਾ ਵਿੱਚ ਸਿੱਲ੍ਹ ਹੋਣ ਕਾਰਨ ਪਸੀਨਾ ਉੱਡਣ ਵਿੱਚ ਮੁਸ਼ਕਲ ਹੁੰਦੀ ਹੈ ਅਤੇ ਸਰੀਰ ਨੂੰ ਠੰਢਾ ਰੱਖਣ ਵਾਲੀ ਕੁਦਰਤੀ ਪ੍ਰਣਾਲੀ ਤੋਂ ਕੰਮ ਨਹੀਂ ਹੁੰਦਾ।

ਵਾਤਾਵਰਣਿਕ ਰੋਗ ਵਿਗਿਆਨੀ ਸਾਰੀ ਕੋਵੇਟਸ, ਲੰਡਨ ਸਕੂਲ ਆਫ ਹਾਈਜੀਨ ਅਤੇ ਟਰੌਪੀਕਲ ਮੈਡੀਸਨ ਨਾਲ ਜੁੜੇ ਹੋਏ ਹਨ।।

ਉਹ ਦੱਸਦੇ ਹਨ, “ਜੇ ਗਰਭ ਦੇ ਸ਼ੁਰੂਆਤੀ ਸਮੇਂ ਦੌਰਾਨ ਤੁਸੀਂ ਬਹੁਤ ਜ਼ਿਆਦਾ ਗਰਮੀ ਸਹਿਣ ਕਰਦੇ ਹੋ ਤਾਂ ਬੱਚੇ ਵਿੱਚ ਜਨਮਜਾਤ ਨੁਕਸ ਪੈਦਾ ਹੋ ਸਕਦੇ ਹਨ।“

“ਇਸੇ ਕਾਰਨ ਗਰਭਵਤੀ ਔਰਤਾਂ ਨੂੰ ਸੋਨਾ ਬਾਥ ਲੈਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।”

ਜਿਵੇਂ ਤਾਪਮਾਨ ਵਧਦੇ ਹਨ, ਚਮੜੀ ਦੇ ਨਾਲ-ਨਾਲ ਖੂਨ ਦਾ ਵਹਾਅ ਵਧ ਜਾਂਦਾ ਹੈ ਜਿਸ ਕਾਰਨ ਖੁਰਕ ਛਿੜਦੀ ਹੈ। ਚਮੜੀ ਨੇ ਨਜ਼ਦੀਕ ਖੂਨ ਦਾ ਵਹਾਅ ਤੇਜ਼ ਕਰਨਾ ਵੀ ਸਰੀਰ ਦਾ ਆਪਣਾ ਆਪ ਨੂੰ ਠੰਢਾ ਕਰਨ ਦਾ ਇੱਕ ਤਰੀਕਾ ਹੈ।

ਹਾਲਾਂਕਿ ਇਸ ਨਾਲ ਪਲੇਸੈਂਟਾ ਨੂੰ ਪਹੁੰਚਣ ਵਾਲੇ ਖੂਨ ਵਿੱਚ ਕਮੀ ਹੋ ਸਕਦੀ ਹੈ।

ਨਤੀਜੇ ਵਜੋਂ ਭਰੂਣ ਨੂੰ ਆਕਸੀਜਨ ਅਤੇ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਬੱਚੇ ਦੇ ਵਾਧੇ ਵਿੱਚ ਰੁਕਾਵਟ ਪੈ ਸਕਦੀ ਹੈ ਅਤੇ ਪ੍ਰਸੂਤੀ ਪੀੜਾਂ ਸ਼ੁਰੂ ਹੋ ਸਕਦੀਆਂ ਹਨ।

ਪਲੇਸੈਂਟਾ ਵਿੱਚ ਲੋੜੀਂਦੀ ਮਾਤਰਾ ਵਿੱਚ ਖੂਨ ਨਾ ਪਹੁੰਚਣ ਕਾਰਨ ਹੋਰ ਵੀ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ, ਜਿਵੇਂ— ਪ੍ਰੀਸਲੈਂਪਸੀਆ। ਇਹ ਗਰਭਕਾਲ ਦੌਰਾਨ ਹੋਣ ਵਾਲੀ ਉੱਚ ਲਹੂ ਦਾਬ ਦੀ ਸਮੱਸਿਆ ਹੈ ਜੋ ਜੱਚਾ ਅਤੇ ਬੱਚਾ ਦੋਵਾਂ ਲਈ ਖ਼ਤਰਨਾਕ ਹੋ ਸਕਦੀ ਹੈ।

ਪੇਂਡੂ ਗਾਂਬੀਆ ਦੀਆਂ ਗੈਰ-ਖੇਤੀਬਾੜੀ ਵਾਲੀਆਂ ਮਾਵਾਂ, ਜਿਨ੍ਹਾਂ ਨੇ ਹਾਲ ਹੀ ਵਿੱਚ ਬਹੁਤ ਜ਼ਿਆਦਾ ਗਰਮੀ ਸਹਿਣ ਕੀਤੀ ਸੀ, ਉੱਪਰ ਹੋਏ ਅਧਿਐਨ ਦੇ ਮੁਢਲੇ ਨਤੀਜਿਆਂ ਮੁਤਾਬਕ ਮਾਵਾਂ ਵਿੱਚ ਪਲੇਸੈਂਟਾ ਵਿੱਚ ਖੂਨ ਦੀ ਕਮੀ ਅਤੇ ਭਰੂਣ ਦੀ ਆਮ ਨਾਲੋਂ ਤੇਜ਼ ਧੜਕਣ ਦੇਖੀ ਗਈ।

ਖੋਜਕਾਰਾਂ ਦੇ ਅਨੁਮਾਨ ਮੁਤਾਬਕ ਤਾਪਮਾਨ ਵਿੱਚ ਇੱਕ ਡਿਗਰੀ ਦਾ ਵਾਧਾ ਹੋਣ ਨਾਲ ਭਰੂਣ ਉੱਤੇ ਪੈਣ ਵਾਲੇ ਅਜਿਹੇ ਦਬਾਅ ਦੀ ਸੰਭਾਵਨਾ ਵਿੱਚ 17 ਫੀਸਦੀ ਵਾਧਾ ਹੁੰਦਾ ਹੈ। ਉਨ੍ਹਾਂ ਨੇ ਇਸ ਦਿਸ਼ਾ ਵਿੱਚ ਹੋਰ ਅਧਿਐਨ ਦੀ ਸਿਫ਼ਾਰਿਸ਼ ਕੀਤੀ।

ਕੋਵੇਟਸ ਕਹਿੰਦੇ ਹਨ, ਜੇ ਤੁਸੀਂ ਗਰਭਵਤੀ ਮਾਂ ਨੂੰ ਗਰਮੀ ਵਿੱਚੋਂ ਕੱਢ ਦਿੰਦੇ ਹੋ ਤਾਂ ਤੁਸੀਂ ਸਿਹਤ ਦਾ ਖ਼ਤਰਾ ਵੀ ਹਟਾ ਦਿੰਦੇ ਹੋ। ਹਾਲਾਂਕਿ ਇਹ ਹਰ ਥਾਂ ਸੰਭਵ ਨਹੀਂ ਹੈ ਖਾਸ ਕਰ ਜਿੱਥੇ ਮਾਵਾਂ ਨੂੰ ਰੋਜ਼ੀ-ਰੋਟੀ ਲਈ ਬਾਹਰ ਕੰਮ ਕਰਨਾ ਪੈਂਦਾ ਹੈ।

ਕੋਵੇਟਸ ਦੱਸਦੇ ਹਨ,“ਇਹ ਨਾਬਰਾਬਰੀ ਅਤੇ ਉਨ੍ਹਾਂ ਔਰਤਾਂ ਬਾਰੇ ਹੈ ਜਿਨ੍ਹਾਂ ਦੀ ਠੰਢ ਤੱਕ ਪਹੁੰਚ ਨਹੀਂ ਹੈ। ਇਹ ਉਨ੍ਹਾਂ ਗਰਭਵਤੀ ਔਰਤਾਂ ਬਾਰੇ ਹੈ ਜਿਨ੍ਹਾਂ ਨੂੰ ਗਰਮੀ ਵਿੱਚ ਕੰਮ ਕਰਨਾ ਪੈਂਦਾ ਹੈ। ਇਹ ਉਹ ਔਰਤਾਂ ਹਨ ਜਿਨ੍ਹਾਂ ਨੂੰ ਹਿੰਸਾ ਦੇ ਡਰੋਂ ਦਿਨ ਸਮੇਂ ਹੀ ਪਾਣੀ ਲੈਣ ਜਾਣਾ ਪੈਂਦਾ ਹੈ।”

ਗਰਮੀ ਨਾਲ ਮੁਕਾਬਲਾ ਅਤੇ ਸਿਹਤ ਨੂੰ ਖ਼ਤਰੇ

ਕਿਲੀਫ਼ੀ ਵਿੱਚ ਐਡਲਾਇਡ ਲੂਸਾਮਬਿਲੀ ਨਾਇਰੋਬੀ ਦੀ ਅਫ਼ਰੀਕਾ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਮੈਡੀਕਲ ਮਾਨਵ ਵਿਗਿਆਨੀ ਹਨ।

ਆਪਣੇ ਸਹਿਯੋਗੀਆਂ ਨਾਲ ਮਿਲਕੇ ਜੱਚਾ ਸਿਹਤ ਵਿੱਚ ਸੁਧਾਰ ਕਰਨ ਲਈ ਕੰਮ ਕਰ ਰਹੇ ਹਨ।

ਉਹ ਪਾਣੀ ਦੀ ਕਿੱਲਤ, ਗਰਭ ਦੌਰਾਨ ਪਾਣੀ ਪੀਂਦੇ ਰਹਿਣ ਬਾਰੇ ਜਾਗਰੂਕਤਾ, ਗਰਭ ਦੌਰਾਨ ਕੰਮ ਦਾ ਬੋਝ ਘਟਾਉਣ, ਹਵਾਦਾਰੀ ਪੱਖੋਂ ਵਧੀਆ ਘਰ, ਠੰਢੀਆਂ ਥਾਵਾਂ ਅਤੇ ਸਿਹਤ ਕੇਂਦਰ ਬਣਾਉਣ ਵਰਗੇ ਮੁੱਦਿਆਂ ਉੱਤੇ ਕੰਮ ਕਰ ਰਹੇ ਹਨ।

ਇਸੇ ਦੌਰਾਨ ਰੁੱਖ ਲਾਉਣ ਦੀਆਂ ਸਥਾਨਕ ਮੁਹਿੰਮਾਂ ਵਿੱਚ ਤ੍ਰਾਹ ਕੱਢਣ ਵਾਲੀ ਗਰਮੀ ਤੋਂ ਰਾਹਤ ਦੇਣ ਕੀ ਕੋਸ਼ਿਸ਼ ਵਜੋਂ ਰੁਝਾਨ ਵਧਦਾ ਜਾ ਰਿਹਾ ਹੈ।

ਰੁੱਖ ਲਾਉਣ ਦੀਆਂ ਇਨ੍ਹਾਂ ਮਹਿੰਮਾਂ ਦੇ ਸਫ਼ਲ ਹੋਣ ਲਈ ਜ਼ਰੂਰੀ ਹੈ ਕਿ ਰੁੱਖਾਂ ਦੀਆਂ ਢੁਕਵੀਂ ਪ੍ਰਜਾਤੀਆਂ ਦੀ ਚੋਣ ਕੀਤੀ ਜਾਵੇ। ਉਨ੍ਹਾਂ ਨੂੰ ਸਹੀ ਥਾਵਾਂ ਉੱਤੇ ਲਾਇਆ ਜਾਵੇ। ਜਿੱਥੇ ਕੁਦਰਤੀ ਰੂਪ ਵਿੱਚ ਹੀ ਰੁੱਖ ਘੱਟ ਹਨ ਉਨ੍ਹਾਂ ਥਾਵਾਂ ਤੋਂ ਪਰਹੇਜ਼ ਕੀਤਾ ਜਾਵੇ।

ਭਾਰਤ ਵਿੱਚ ਬਹੁਤ ਸਾਰੇ ਸ਼ਹਿਰਾਂ ਅਤੇ ਸੂਬਿਆਂ ਨੇ ਗਰਮੀ ਦੇ ਮੁਕਾਬਲੇ ਲਈ ਹੀਟ ਐਕਸ਼ਨ ਪਲਾਨ ਉਲੀਕੇ ਹਨ। ਇਨ੍ਹਾਂ ਵਿੱਚ ਗਰਮੀ ਪ੍ਰਤੀ ਚੇਤਾਵਨੀ ਜਾਰੀ ਕਰਨਾ, ਗਰਮੀ ਦੇ ਸਿਹਤ ਉੱਪਰ ਪੈਣ ਵਾਲੇ ਅਸਰ ਤੋਂ ਜਾਣੂ ਕਰਵਾਉਣਾ, ਅਤੇ ਗਰਮੀ ਕਾਰਨ ਪੈਦਾ ਹੋਣ ਵਾਲੀਆਂ ਸਿਹਤ ਐਮਰਜੰਸੀਆਂ ਪ੍ਰਤੀ ਸਿਹਤ ਅਮਲੇ ਨੂੰ ਸਿਖਲਾਈ ਦੇਣਾ ਸ਼ਾਮਲ ਹੈ।

ਅਹਿਮਦਾਬਾਦ ਦੇ ਐੱਲਜੀ ਹਸਪਤਾਲ ਦੇ ਖਿਆਤੀ ਕੱਕੜ ਦਾ ਕਹਿਣਾ ਹੈ, “ਗਰਮੀਆਂ ਦੇ ਮਹੀਨਿਆਂ ਵਿੱਚ ਅਸੀਂ ਸਮਾਜਿਕ ਮੁਹਿੰਮਾਂ ਚਲਾਉਂਦੇ ਹਾਂ। ਅਸੀਂ ਲੋਕਾਂ ਨਾਲ ਪਾਣੀ ਪੀਂਦੇ ਰਹਿਣ ਬਾਰੇ, ਘਰ ਨੂੰ ਠੰਢਾ ਰੱਖਣ ਬਾਰੇ ਗੱਲਬਾਤ ਕਰਦੇ ਹਾਂ।”

ਅਹਿਮਦਾਬਾਦ ਨੇ ਭਾਰਤ ਦਾ ਪਹਿਲਾ ਹੀਟ ਐਕਸ਼ਨ ਪਲਾਨ ਸਾਲ 2013 ਵਿੱਚ ਤਿਆਰ ਕੀਤਾ ਸੀ।

ਹਾਲਾਂਕਿ ਇਸ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਬਹੁਤ ਸਾਰਾ ਕੰਮ ਕਰਨ ਵਾਲਾ ਰਹਿੰਦਾ ਹੈ। ਖਾਸ ਕਰਕੇ ਗਰਭਵਤੀ ਔਰਤਾਂ ਅਤੇ ਨਿੱਕੇ ਬੱਚਿਆਂ ਵਰਗੇ ਖਤਰੇ ਵਿਚਲੇ ਸਮੂਹਾਂ ਲਈ।

“ਦੂਜੇ ਪਾਸੇ ਅਸੀਂ ਅਮਰੀਕਾ ਵਰਗੇ ਥਾਵਾਂ ਤੋਂ ਬਹੁਤ ਪਿੱਛੇ ਹਾਂ। ਸਾਨੂੰ ਕਲੀਨਿਕਾਂ ਵਾਲਿਆਂ ਨੂੰ ਗਰਮੀ ਵਧਣ ਦੇ ਮੌਕਿਆਂ ਪ੍ਰਤੀ ਹੋਰ ਤਿਆਰ ਕਰਨ ਦੀ ਲੋੜ ਹੈ ਤਾਂ ਜੋ ਉਹ ਲੋਕਾਂ ਦੀ ਵਧੀਆ ਮਾਗਰ ਦਰਸ਼ਨ ਕਰ ਸਕਣ।”

ਡਾ. ਕੱਕੜ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਦਿਨਾਂ ਨਾਲ ਨਜਿੱਠਣ ਲਈ ਬਚਾਅਕਾਰੀ ਕਦਮ ਜਿਵੇਂ ਪਾਣੀ ਦੀਆਂ ਮੋਬਾਈਲ ਵੈਨਾਂ ਅਤੇ ਹੋਰ ਠੰਡੇ ਕੇਂਦਰ ਬਣਾਉਣ ਅਤੇ ਉਨ੍ਹਾਂ ਤੱਕ ਪਹੁੰਚ ਸੁਧਾਰਨ ਦੀ ਲੋੜ ਹੈ।

ਸਾਡਾ ਸਭ ਤੋਂ ਵੱਡਾ ਉਦੇਸ਼ ਤਾਂ ਬਦਲ ਰਹੇ ਪੌਣਪਾਣੀ ਕਾਰਨ ਵਧ ਰਹੀ ਗਰਮੀ ਨੂੰ ਰੋਕਣਾ ਹੋਣਾ ਚਾਹੀਦਾ ਹੈ। ਇਹ ਇੱਕ ਆਲਮੀ ਮਸਲਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਕੋਵੇਟਸ ਕਹਿੰਦੇ ਹਨ ਕਿ ਅਸੀਂ ਜਾਣਦੇ ਹਾਂ ਕਿ ਗਰਮੀ, ਹਵਾ ਪ੍ਰਦੂਸ਼ਣ ਵਾਂਗ ਇੱਕ ਕੁਦਰਤੀ ਵਰਤਾਰਾ ਹੈ, ਜਿਸ ਨਾਲ ਨਜਿੱਠਣ ਦੀ ਲੋੜ ਹੈ।

ਇਸ ਬਾਰੇ ਇੱਕ ਸਮੁੱਚੀ ਅਤੇ ਸਮਤਾ ਪੂਰਨ ਪਹੁੰਚ, ਜਿਸ ਵਿੱਚ ਹਰੇ ਗ੍ਰਹਿ ਪ੍ਰਭਾਵ ਵਾਲੀਆਂ ਗੈਸਾਂ ਨੂੰ ਘਟਾਉਣਾ ਅਤੇ ਆਲੇ ਦੁਆਲੇ ਨੂੰ ਵਧ ਰਹੇ ਤਾਪਮਾਨ ਮੁਤਾਬਕ ਢਾਲਣ ਦਾ ਸੁਮੇਲ ਚਾਹੀਦਾ ਹੈ।

ਬਦਲ ਰਹੇ ਪੌਣਪਾਣੀ ਨਾਲ ਜੁੜੀਆਂ ਤਬਦੀਲੀਆਂ ਤੋਂ ਸਿਹਤ ਦੀ ਰੱਖਿਆ, ਖਾਸ ਕਰਕੇ ਗਰਭਵਤੀ ਮਾਵਾਂ ਦੀ ਰੱਖਿਆ ਲਈ ਵਿਸ਼ਵੀ ਵਚਨਬੱਧਤਾ ਦੀ ਲੋੜ ਹੈ।

ਇਸ ਲਈ ਅਮਲੀ ਅਤੇ ਸਥਾਨਕ ਪੱਧਰ ਉੱਤੇ ਕੰਮ ਕਰਨ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)