ਹਿੰਦੂ ਅਤੇ ਮੁਸਲਮਾਨ: ਖਾੜੀ ਮੁਲਕਾਂ ਵਿੱਚ ਇਕੱਠੇ ਰਹਿਣ ਨਾਲ ਕਿਵੇਂ ਨਫਰਤ ਦੀ ਭਾਵਨਾ ਖ਼ਤਮ ਹੋਈ ਤੇ ਧਰਮਾਂ ਬਾਰੇ ਸੋਚ ਬਦਲੀ

ਰਾਜਨ ਸ਼ਰਮਾ ਅਤੇ ਅਤੇ ਮੁਹੰਮਦ ਵਸੀਮ
ਤਸਵੀਰ ਕੈਪਸ਼ਨ, ਰਾਜਨ ਸ਼ਰਮਾ (ਖੱਬੇ) ਅਤੇ ਮੁਹੰਮਦ ਵਸੀਮ (ਸੱਜੇ) ਕਤਰ ਦੀ ਰਾਜਧਾਨੀ ਦੋਹਾ ਵਿੱਚ ਰੂਮਮੇਟ ਹਨ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ, ਸਿਵਾਨ ਅਤੇ ਔਰੰਗਾਬਾਦ ਤੋਂ

ਰਾਮੇਸ਼ਵਰ ਸਾਓ ਬਿਹਾਰ ਦੇ ਔਰੰਗਾਬਾਦ ਵਿੱਚ ਜਿਸ ਪਿੰਡ ਤੋਂ ਹਨ, ਉੱਥੇ ਕੋਈ ਵੀ ਮੁਸਲਮਾਨ ਪਰਿਵਾਰ ਨਹੀਂ ਰਹਿੰਦਾ ਹੈ।

ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਕੋਈ ਮੁਸਲਮਾਨ ਨਹੀਂ ਹੈ। ਸਕੂਲੀ ਪੜ੍ਹਾਈ ਦੌਰਾਨ ਵੀ ਕਿਸੇ ਮੁਸਲਮਾਨ ਨਾਲ ਮੁਲਾਕਾਤ ਨਹੀਂ ਹੋਈ, ਛੋਟੀ ਉਮਰ ਵਿੱਚ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਵਧ ਗਈਆਂ ਤਾਂ ਰੁਜ਼ਗਾਰ ਦਾ ਸੰਕਟ ਪੈਦਾ ਹੋ ਗਿਆ। 2015 ਵਿੱਚ ਰਾਮੇਸ਼ਵਰ ਨੂੰ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਜਾਣਾ ਪਿਆ।

ਹਿੰਦੂ ਦਬਦਬੇ ਵਾਲੇ ਪਿੰਡ, ਸਮਾਜ ਅਤੇ ਦੇਸ਼ ਵਿੱਚ ਰਹਿ ਰਹੇ ਰਾਮੇਸ਼ਵਰ ਸਾਓ ਲਈ ਇਸਲਾਮਿਕ ਦੇਸ਼ ਸਾਊਦੀ ਅਰਬ ਪਹੁੰਚਣਾ ਉਨ੍ਹਾਂ ਦੇ ਜੀਵਨ ਦੀ ਇੱਕ ਮਹੱਤਵਪੂਰਨ ਘਟਨਾ ਸੀ।

ਰਾਮੇਸ਼ਵਰ ਦਾ ਕਹਿਣਾ ਹੈ ਕਿ ਛੇਤੀ ਹੀ ਮੁਸਲਮਾਨ ਉਸ ਦੇ ਰੂਮਮੇਟ ਬਣ ਗਏ। ਕੁਝ ਮੁਸਲਮਾਨ ਭਾਰਤ ਤੋਂ ਸਨ ਅਤੇ ਕੁਝ ਪਾਕਿਸਤਾਨ ਤੋਂ।

ਰਾਮੇਸ਼ਵਰ ਦੇ ਮਨ ਵਿੱਚ ਪਾਕਿਸਤਾਨ ਨੂੰ ਲੈ ਕੇ ਮੀਡੀਆ ਰਾਹੀਂ ਅਕਸ ਬਣਾ ਗਿਆ ਸੀ ਕਿ ਇੱਥੋਂ ਦੇ ਲੋਕ ਅੱਤਵਾਦੀ ਅਤੇ ਕੱਟੜ ਹਨ। ਰਾਮੇਸ਼ਵਰ ਦੇ ਮਨ ਵਿੱਚ ਮੁਸਲਮਾਨਾਂ ਬਾਰੇ ਵੀ ਇਹੀ ਅਕਸ ਸੀ।

ਰਾਮੇਸ਼ਵਰ ਸਾਓ ਕਹਿੰਦੇ ਹਨ, "ਮੁਸਲਮਾਨਾਂ ਅਤੇ ਪਾਕਿਸਤਾਨੀਆਂ ਦੇ ਨਾਲ ਰਹਿੰਦਿਆਂ ਮੇਰੇ ਕਈ ਵਿਚਾਰ ਬਦਲ ਗਏ। ਪਹਿਲਾਂ ਲੱਗਦਾ ਸੀ ਕਿ ਮੁਸਲਮਾਨ ਹਿੰਦੂਆਂ ਨੂੰ ਨਫ਼ਰਤ ਕਰਦੇ ਹਨ। ਪਰ ਸੱਚਾਈ ਇਹ ਸੀ ਕਿ ਮੈਂ ਮੁਸਲਮਾਨਾਂ ਨਾਲ ਨਫ਼ਰਤ ਕਰਦਾ ਸੀ।"

"ਮੇਰੇ ਮਨ ਵਿੱਚ ਮੁਸਲਮਾਨਾਂ ਨੂੰ ਲੈ ਕੇ ਨਫ਼ਰਤ ਦੀ ਭਾਵਨਾ ਖ਼ਤਮ ਹੋਈ, ਦੋਸਤੀ ਅਜਿਹੀ ਹੋਈ ਕਿ ਪਾਕਿਸਤਾਨ ਦੇ ਲੋਕ ਕਿਸੇ ਵੀ ਮੁਸ਼ਕਲ ਵਿੱਚ ਮੇਰੀ ਮਦਦ ਕਰਦੇ ਸਨ ਅਤੇ ਜਦੋਂ ਵੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਸੀ, ਮੈਂ ਉਨ੍ਹਾਂ ਦੀ ਮਦਦ ਕਰਦਾ ਸੀ ਅਤੇ ਇਕੱਠੇ ਖਾਣਾ ਵੀ ਖਾਣ ਲੱਗ ਪਏ ਸੀ।"

ਰਾਮੇਸ਼ਵਰ ਆਪਣੀ ਸ਼ਖਸੀਅਤ ਵਿੱਚ ਆਏ ਇਸ ਬਦਲਾਅ ਨੂੰ ਕਾਫੀ ਅਹਿਮ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਸਾਊਦੀ ਅਰਬ ਨਾ ਜਾਂਦੇ ਤਾਂ ਉਹ ਕਈ ਸੱਚਾਈਆਂ ਤੋਂ ਅਣਜਾਣ ਰਹਿ ਜਾਂਦੇ।

ਰਾਮੇਸ਼ਵਰ ਸਾਓ
ਤਸਵੀਰ ਕੈਪਸ਼ਨ, ਰਾਮੇਸ਼ਵਰ ਸਾਓ ਪਿਛਲੇ ਸੱਤ ਸਾਲਾਂ ਤੋਂ ਸਾਊਦੀ ਅਰਬ ਦੇ ਦਮਾਮ ਵਿੱਚ ਰਹਿ ਰਹੇ ਹਨ

ਬਾਹਰ ਮੇਲਜੋਲ, ਦੇਸ਼ ਵਿੱਚ ਵਖਰੇਵਾਂ

ਬਿਹਾਰ ਦੇ ਸਿਵਾਨ ਦੇ ਚਾਂਦਪਾਲੀ ਮੌਜਾ ਪਿੰਡ ਵਿੱਚ ਮੁਸਲਮਾਨਾਂ ਦੀ ਵੱਡੀ ਆਬਾਦੀ ਹੈ। ਇੱਥੇ ਹਿੰਦੂਆਂ ਦੇ 10-12 ਘਰ ਹਨ। ਇਸ ਪਿੰਡ ਦੇ ਹਰ ਘਰ ਵਿੱਚੋਂ ਇੱਕ ਜਾਂ ਦੋ ਆਦਮੀ ਖਾੜੀ ਦੇ ਇਸਲਾਮਿਕ ਦੇਸ਼ਾਂ ਵਿੱਚ ਕੰਮ ਕਰਦੇ ਹਨ।

ਪਿੰਡ ਦੇ ਪੰਜ ਸੌ ਤੋਂ ਵੱਧ ਲੋਕ ਖਾੜੀ ਦੇਸ਼ਾਂ ਵਿੱਚ ਰਹਿੰਦੇ ਹਨ। ਖਾੜੀ ਦੇਸ਼ਾਂ ਦੀ ਕਮਾਈ ਦਾ ਅਸਰ ਇਸ ਪਿੰਡ 'ਤੇ ਵੀ ਸਾਫ਼ ਨਜ਼ਰ ਆਉਂਦਾ ਹੈ।

ਰਾਜਨ ਸ਼ਰਮਾ ਇਸੇ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਸੀ। ਰਾਜਨ ਦੱਸਦੇ ਹਨ ਕਿ ਸਿਵਾਨ 'ਚ ਰਹਿੰਦਿਆਂ 100 ਰੁਪਏ ਦਿਹਾੜੀ ਕਮਾਉਣਾ ਵੀ ਮੁਸ਼ਕਿਲ ਸੀ। ਇੱਕ ਦਿਨ ਪਿੰਡ ਦੇ ਸੋਹਰਾਬ ਅਲੀ ਨੇ ਰਾਜਨ ਨੂੰ ਪੁੱਛਿਆ ਕਿ ਕੀ ਉਹ ਕੰਮ ਕਰਨ ਕਤਰ ਜਾਵੇਗਾ? ਰਾਜਨ ਨੇ ਹਾਂ ਕਹਿਣ ਵਿੱਚ ਬਿਲਕੁਲ ਵੀ ਦੇਰ ਨਹੀਂ ਕੀਤੀ। ਸੋਹਰਾਬ ਨੇ ਆਪ ਹੀ ਉਸ ਦਾ ਵੀਜ਼ਾ ਬਣਵਾ ਲਿਆ।

ਰਾਜਨ ਸ਼ਰਮਾ ਪਿਛਲੇ 9 ਸਾਲਾਂ ਤੋਂ ਕਤਰ ਵਿੱਚ ਰਹਿ ਰਹੇ ਹਨ ਅਤੇ ਹਰ ਮਹੀਨੇ 30 ਹਜ਼ਾਰ ਰੁਪਏ ਬਚਾ ਲੈਂਦੇ ਹਨ। ਕਤਰ ਦੀ ਕਮਾਈ ਨਾਲ ਰਾਜਨ ਨੇ ਪਿੰਡ ਵਿੱਚ ਹੀ ਤਿੰਨ ਮੰਜ਼ਿਲਾ ਘਰ ਬਣਵਾ ਲਿਆ ਹੈ। ਰਾਜਨ ਆਪਣੇ ਭਰਾ ਦੇ ਵਿਆਹ ਲਈ ਪਿੰਡ ਆਇਆ ਹੈ ਪਰ ਪਿੰਡ ਆ ਕੇ ਨਿਰਾਸ਼ਾ ਹੋਈ।

ਰਾਜਨ ਕਹਿੰਦੇ ਹਨ, "ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ 'ਤੇ ਸਾਡੇ ਪਿੰਡ ਕੋਲੋਂ ਇੱਕ ਜਲੂਸ ਲੰਘਿਆ, ਜਿਸ ਨੂੰ ਜਾਣਬੁਝ ਕੇ ਮੁਸਲਿਮ ਖੇਤਰਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਸੇ ਤਰ੍ਹਾਂ ਮਾਮਲੇ ਨੂੰ ਸੰਭਾਲਿਆ ਗਿਆ ਨਹੀਂ ਤਾਂ ਫਿਰਕੂ ਤਣਾਅ ਵਧ ਸਕਦਾ ਸੀ।"

ਰਾਜਨ ਕਹਿੰਦੇ ਹਨ, "ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ। ਮੈਂ ਆਪਣੀ ਮਾਂ ਨੂੰ ਜਾ ਕੇ ਕਿਹਾ ਕਿ ਸਾਡੇ ਰਾਮ ਤਾਂ ਅਜਿਹੇ ਨਹੀਂ ਸਨ। ਉਹ ਇੱਕ ਰਾਜੇ ਵਾਂਗ ਰਹਿੰਦੇ ਸਨ ਅਤੇ ਪ੍ਰਜਾ ਦੀ ਦੇਖਭਾਲ ਕਰਦੇ ਸਨ।"

"ਰਾਮ ਦੇ ਨਾਮ 'ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਪਿਛਲੇ ਦਸ ਸਾਲਾਂ ਵਿੱਚ ਅਜਿਹੀਆਂ ਚੀਜ਼ਾਂ ਵਧੀਆਂ ਹਨ।"

ਕਤਰ ਦੀ ਰਾਜਧਾਨੀ ਦੋਹਾ ਵਿੱਚ ਰਾਜਨ ਦਾ ਰੂਮਮੇਟ ਚਾਂਦਪਾਲੀ ਦਾ ਮੁਹੰਮਦ ਵਸੀਮ ਹੈ। ਵਸੀਮ ਤੋਂ ਇਲਾਵਾ ਦੋ ਹੋਰ ਲੋਕ ਹਨ ਪਰ ਰਾਜਨ ਇਕੱਲਾ ਹਿੰਦੂ ਹੈ। ਮੁਸਲਿਮ ਦੋਸਤਾਂ ਨੇ ਕਮਰੇ ਦੇ ਇੱਕ ਕੋਨੇ ਵਿੱਚ ਰਾਜਨ ਲਈ ਇੱਕ ਛੋਟਾ ਜਿਹਾ ਮੰਦਰ ਬਣਵਾ ਦਿੱਤਾ ਹੈ।

ਰਾਜਨ ਕਮਰੇ ਵਿੱਚ ਹੀ ਪੂਜਾ ਕਰਦੇ ਹਨ ਅਤੇ ਮੁਸਲਮਾਨ ਦੋਸਤ ਵੀ ਉਸੇ ਕਮਰੇ ਵਿੱਚ ਨਮਾਜ਼ ਪੜ੍ਹਦੇ ਹਨ।

ਰਾਜਨ ਕਹਿੰਦੇ ਹਨ, "ਕਤਰ ਵਿੱਚ ਮੇਰੀ ਤਬੀਅਤ ਬਹੁਤ ਖ਼ਰਾਬ ਹੋ ਗਈ ਸੀ। ਬਿਸਤਰੇ ਤੋਂ ਉੱਠਣਾ ਔਖਾ ਸੀ। ਵਸੀਮ ਭਾਈ ਮੇਰੇ ਕੱਪੜੇ ਵੀ ਧੋਂਦੇ ਸਨ।"

ਰਾਜਨ ਸ਼ਰਮਾ ਅਤੇ ਮੁਹੰਮਦ ਵਸੀਮ
ਤਸਵੀਰ ਕੈਪਸ਼ਨ, ਸੀਵਾਨ ਦੇ ਪਿੰਡ ਚਾਂਦਪਾਲੀ ਮੌਜਾ ਵਿੱਚ ਰਾਜਨ ਸ਼ਰਮਾ ਅਤੇ ਮੁਹੰਮਦ ਵਸੀਮ

ਧਰਮ ਨਿਰਪੱਖ ਹੋਣਾ ਕਿਸ ਕੰਮ ਦਾ?

ਚਾਂਦਪਲੀ ਦੇ ਮੁਹੰਮਦ ਨਸੀਮ ਸਾਊਦੀ ਅਰਬ ਵਿੱਚ ਰਹਿੰਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਛੁੱਟੀਆਂ ਮਨਾਉਣ ਪਿੰਡ ਆਏ ਹਨ। ਮੁਹੰਮਦ ਨਸੀਮ ਜੂਨ 'ਚ ਸਾਊਦੀ ਅਰਬ ਪਰਤਣਗੇ।

ਉਹ ਭਾਰਤ ਵਿੱਚ ਧਾਰਮਿਕ ਧਰੁਵੀਕਰਨ ਦੀ ਰਾਜਨੀਤੀ ਬਾਰੇ ਚਿੰਤਤ ਹਨ, "ਸਾਊਦੀ ਅਰਬ ਇੱਕ ਇਸਲਾਮਿਕ ਦੇਸ਼ ਹੈ। ਉੱਥੇ ਇੱਕ ਰਾਜਸ਼ਾਹੀ ਹੈ ਅਤੇ ਇੱਕ ਇੱਕ ਪਰਿਵਾਰ ਦਾ ਹੀ ਸ਼ਾਸਨ ਹੈ।"

"ਅਸੀਂ ਮੁਸਲਮਾਨ ਹੋਣ ਦੇ ਨਾਤੇ ਉੱਥੇ ਜਾ ਕੇ ਧਾਰਮਿਕ ਬਹੁਗਿਣਤੀ ਬਣ ਜਾਂਦੇ ਹਾਂ ਪਰ ਇਸ ਦਾ ਸਾਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮਿਲਦਾ ਹੈ।"

"ਉੱਥੇ ਸਾਰਿਆਂ ਲਈ ਕਾਨੂੰਨ ਬਰਾਬਰ ਹੈ। ਉੱਥੇ ਗੁੰਡੇ ਨੂੰ ਗੁੰਡੇ ਵਜੋਂ ਦੇਖਿਆ ਜਾਂਦਾ ਹੈ, ਨਾ ਕਿ ਮੁਸਲਮਾਨ ਗੁੰਡੇ ਜਾਂ ਹਿੰਦੂ ਗੁੰਡੇ ਦੇ ਰੂਪ ਵਿੱਚ।"

ਮੁਹੰਮਦ ਨਸੀਮ ਕਹਿੰਦੇ ਹਨ, "ਭਾਰਤੀ ਮੁਸਲਮਾਨ ਇਸੇ ਮਿੱਟੀ ਦੇ ਹਨ। ਸਾਡੇ ਪੁਰਖਿਆਂ ਨੇ ਵੀ ਭਾਰਤ ਨੂੰ ਬਣਾਉਣ ਲਈ ਖੂਨ-ਪਸੀਨਾ ਵਹਾਇਆ ਹੈ ਪਰ ਉਨ੍ਹਾਂ ਨੂੰ ਧਰਮ ਦੇ ਆਧਾਰ 'ਤੇ ਦੂਜੇ ਦਰਜੇ ਦਾ ਨਾਗਰਿਕ ਬਣਾਇਆ ਜਾ ਰਿਹਾ ਹੈ।"

"ਇਹ ਦੇਖ ਕੇ ਦੁੱਖ ਹੁੰਦਾ ਹੈ। ਹਿੰਦੂ-ਮੁਸਲਮਾਨ ਵਿਦੇਸ਼ਾਂ 'ਚ ਇਕੱਠੇ ਰਹਿੰਦੇ ਹਨ ਅਤੇ ਦੇਸ਼ 'ਚ ਆਉਂਦਿਆਂ ਹੀ ਕੰਧਾਂ ਖੜ੍ਹੀਆਂ ਹੋ ਜਾਂਦੀਆਂ ਹਨ। ਧਰਮ ਨਿਰਪੱਖ ਦੇਸ਼ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ ਪਰ ਹੋ ਉਲਟ ਰਿਹਾ ਹੈ।"

ਮੁਹੰਮਦ ਨਸੀਮ ਦੇ ਪਿੰਡ ਚਾਂਦਪਾਲੀ ਤੋਂ 10 ਕਿਲੋਮੀਟਰ ਦੂਰ ਦਰਵੇਸ਼ਪੁਰ ਦਾ ਉਪੇਂਦਰ ਰਾਮ ਉਨ੍ਹਾਂ ਦੇ ਰੂਮਮੇਟ ਹਨ।

ਨਸੀਮ ਦਾ ਕਹਿਣਾ ਹੈ, "ਉਪੇਂਦਰ ਲਈ ਮੁਸਲਮਾਨਾਂ ਨੇ ਕਮਰੇ ਵਿੱਚ ਹੀ ਪਲਾਈਵੁੱਡ ਦਾ ਇੱਕ ਛੋਟਾ ਜਿਹਾ ਮੰਦਿਰ ਬਣਵਾ ਦਿੱਤਾ ਹੈ। ਸਾਊਦੀ ਅਰਬ ਵਿੱਚ ਬੁੱਤਪ੍ਰਸਤੀ ਆਸਾਨ ਨਹੀਂ ਹੈ ਪਰ ਅਸੀਂ ਆਪਣੇ ਹਿੰਦੂ ਭਰਾ ਲਈ ਇਸਦੀ ਪਰਵਾਹ ਨਹੀਂ ਕੀਤੀ।"

ਮੁਹੰਮਦ ਨਸੀਮ ਦੱਸਦੇ ਹਨ ਕਿ ਉਪੇਂਦਰ ਜਾਤ ਪੱਖੋਂ ਮੋਚੀ ਹਨ ਪਰ ਉਸ ਨੇ ਕਦੇ ਵੀ ਆਪਣੇ ਆਪ ਨੂੰ ਅਛੂਤ ਨਹੀਂ ਸਮਝਿਆ ਜਦੋਂਕਿ ਉੱਚ ਜਾਤੀ ਦੇ ਹਿੰਦੂ ਸਾਊਦੀ ਅਰਬ ਵਿੱਚ ਵੀ ਉਸ ਨਾਲ ਖਾਣਾ ਖਾਣ ਤੋਂ ਪਰਹੇਜ਼ ਕਰਦੇ ਹਨ।

ਮੁਹੰਮਦ ਨਸੀਮ ਸਾਊਦੀ
ਤਸਵੀਰ ਕੈਪਸ਼ਨ, ਚਾਂਦਪਾਲੀ ਦਾ ਮੁਹੰਮਦ ਨਸੀਮ ਸਾਊਦੀ ਅਰਬ ਦੇ ਦਮਾਮ ਵਿੱਚ ਆਪਣੇ ਰੂਮਮੇਟ ਉਪੇਂਦਰ ਰਾਮ ਨਾਲ ਗੱਲ ਕਰਦਾ ਹੋਇਆ

ਟੁੱਟ ਰਹੀਆਂ ਧਾਰਨਾਵਾਂ

ਬਿਹਾਰ ਦੇ ਔਰੰਗਾਬਾਦ ਤੋਂ ਇਲਾ ਸ਼ਰਮਾ ਦਾ ਪਤੀ ਸ਼ਿਆਮ ਦੁਬਈ ਵਿੱਚ ਐੱਲਐਂਡਟੀ ਕੰਪਨੀ ਵਿੱਚ ਪ੍ਰੋਜੈਕਟ ਮੈਨੇਜਰ ਹੈ। ਉਹ ਕਈ ਸਾਲਾਂ ਤੋਂ ਦੁਬਈ ਵਿੱਚ ਰਹਿ ਰਹੀ ਹੈ।

ਹੁਣ ਉਨ੍ਹਾਂ ਦੇ ਪਤੀ ਦੋਹਾ ਸ਼ਿਫਟ ਹੋ ਗਏ ਹਨ, ਇਸ ਲਈ ਉਹ ਵੀਜ਼ੇ ਦੀ ਉਡੀਕ ਕਰਨ ਲਈ ਔਰੰਗਾਬਾਦ ਆਈ ਹੈ।

ਇਲਾ ਸ਼ਰਮਾ ਦਾ ਕਹਿਣਾ ਹੈ ਕਿ ਦੁਬਈ ਵਿਚ ਰਹਿੰਦਿਆਂ ਉਸ ਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਇਸਲਾਮਿਕ ਦੇਸ਼ ਵਿਚ ਰਹਿੰਦੀ ਹੈ।

ਇਲਾ ਕਹਿੰਦੀ ਹੈ, "ਇਮਾਨਦਾਰੀ ਨਾਲ ਕਹਾਂ ਤਾਂ ਮੈਂ ਦੁਬਈ ਵਿੱਚ ਹੋਲੀ, ਦੀਵਾਲੀ ਅਤੇ ਛਠ ਪੂਜਾ ਨੂੰ ਜ਼ਿਆਦਾ ਧੂਮ-ਧਾਮ ਨਾਲ ਮਨਾਇਆ ਹੈ। ਕੋਈ ਦਿੱਕਤ ਨਹੀਂ ਆਈ।"

"ਇਹ ਕਦੇ ਮਹਿਸੂਸ ਨਹੀਂ ਹੋਇਆ ਕਿ ਅਸੀਂ ਧਾਰਮਿਕ ਘੱਟ ਗਿਣਤੀ ਹਾਂ। ਸੁਰੱਖਿਆ ਦੇ ਲਿਹਾਜ਼ ਨਾਲ ਭਾਰਤ ਦੇ ਮੁਕਾਬਲੇ ਇੱਥੇ ਜ਼ਿਆਦਾ ਬੇਫ਼ਿਕਰੀ ਹੈ। ਦੁਬਈ 'ਚ ਰਾਤ ਦੇ 2 ਵਜੇ ਵੀ ਔਰਤਾਂ ਇਕੱਲੀਆਂ ਸੈਰ ਕਰ ਸਕਦੀਆਂ ਹਨ।"

ਜੇਕਰ ਤੁਸੀਂ ਖਾੜੀ ਦੇ ਇਸਲਾਮਿਕ ਦੇਸ਼ਾਂ ਵਿੱਚ ਰਹਿਣ ਵਾਲੇ ਹਿੰਦੂਆਂ ਨੂੰ ਮਿਲੋ, ਤਾਂ ਉਨ੍ਹਾਂ ਵਿੱਚੋਂ ਬਹੁਤੇ ਮੰਨਦੇ ਹਨ ਕਿ ਉਹ ਹੁਣ ਮੁਸਲਮਾਨਾਂ ਬਾਰੇ ਪਹਿਲਾਂ ਵਾਂਗ ਨਹੀਂ ਸੋਚਦੇ।

ਖਾੜੀ ਵਿੱਚ ਨੌਕਰੀ ਨੇ ਨਾ ਸਿਰਫ਼ ਉਨ੍ਹਾਂ ਦੇ ਜੀਵਨ ਵਿੱਚ ਆਰਥਿਕ ਤਬਦੀਲੀਆਂ ਲਿਆਂਦੀਆਂ ਹਨ ਸਗੋਂ ਉਨ੍ਹਾਂ ਦੀ ਰਾਜਨੀਤਕ ਅਤੇ ਸਮਾਜਿਕ ਸੋਚ ਨੂੰ ਵੀ ਬਦਲਿਆ ਹੈ।

ਇਲਾ ਸ਼ਰਮਾ
ਤਸਵੀਰ ਕੈਪਸ਼ਨ, ਇਲਾ ਸ਼ਰਮਾ ਦਾ ਪਤੀ ਸ਼ਿਆਮ ਦੁਬਈ ਵਿੱਚ ਪ੍ਰੋਜੈਕਟ ਮੈਨੇਜਰ ਹੈ ਅਤੇ ਪਿਛਲੇ ਅੱਠ ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਹੈ

ਪਟਨਾ ਦੇ ਖੇਤਰੀ ਪਾਸਪੋਰਟ ਅਧਿਕਾਰੀ ਤਾਵੀਸ਼ੀ ਬਹਿਲ ਪਾਂਡੇ ਇਸ ਬਦਲਾਅ ਬਾਰੇ ਦੱਸਦੇ ਹਨ, “ਇੱਕ ਥਾਂ 'ਤੇ ਰਹਿੰਦਿਆਂ ਕਈ ਤਰ੍ਹਾਂ ਦੀਆਂ ਧਾਰਨਾਵਾਂ ਘਰ ਕਰ ਜਾਂਦੀਆਂ ਹਨ, ਪਰ ਜਦੋਂ ਅਸੀਂ ਦੂਜੇ ਦੇਸ਼ਾਂ ਵਿੱਚ ਜਾਂਦੇ ਹਾਂ ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਮਿਲਦੇ ਹਾਂ, ਤਾਂ ਇਹ ਧਾਰਨਾਵਾਂ ਬਦਲ ਜਾਂਦੀਆਂ ਹਨ।"

"ਸਾਨੂੰ ਬਾਅਦ ਵਿੱਚ ਇਹ ਲੱਗਦਾ ਹੈ ਕਿ ਅਸੀਂ ਪਹਿਲਾਂ ਤੋਂ ਮੰਨ ਕੇ ਬੈਠੇ ਸੀ, ਉਹ ਪੂਰਾ ਸੱਚ ਨਹੀਂ ਸੀ। ਇਹ ਸਾਰਿਆਂ ਨਾਲ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਅੰਦਰ ਸੀਵਕਾਰਤਾ ਵਧੀ ਹੈ ਅਤੇ ਥੋੜ੍ਹੀ ਸਮਝ ਵੀ ਚੰਗੀ ਹੁੰਦੀ ਹੈ।"

ਖਾੜੀ ਦੇਸ਼ਾਂ ਵਿੱਚ ਰਹਿਣ ਵਾਲੇ ਜਿੰਨੇ ਵੀ ਬਿਹਾਰੀ ਹਿੰਦੂਆਂ ਨਾਲ ਗੱਲ ਕੀਤੀ, ਸਾਰਿਆਂ ਨੇ ਇਹੀ ਕਿਹਾ ਕਿ ਮੁਸਲਮਾਨਾਂ ਪ੍ਰਤੀ ਉਨ੍ਹਾਂ ਦੀ ਸੋਚ ਪਹਿਲਾਂ ਨਾਲੋਂ ਬਦਲ ਗਈ ਹੈ।

ਸਿਵਾਨ ਦਾ ਰਵੀ ਕੁਮਾਰ ਨੌਂ ਸਾਲ ਸਾਊਦੀ ਅਰਬ ਵਿੱਚ ਰਿਹਾ। ਫਿਲਹਾਲ ਉਹ ਸਿਵਾਨ ਵਿੱਚ ਆਪਣਾ ਘਰ ਬਣਵਾ ਰਹੇ ਹਨ।

ਰਵੀ ਕਹਿੰਦੇ ਹਨ, "ਸਾਊਦੀ ਅਰਬ ਜਾਣ ਤੋਂ ਪਹਿਲਾਂ ਮੈਂ ਮੁਸਲਮਾਨਾਂ ਬਾਰੇ ਜੋ ਸੋਚਦਾ ਸੀ, ਉਸ ਵਿੱਚ ਬਹੁਤ ਘੱਟ ਪਿਆਰ ਸੀ। ਉਨ੍ਹਾਂ ਬਾਰੇ ਵਿੱਚ ਕਈ ਤਰ੍ਹਾਂ ਦੀਆਂ ਧਾਰਨਾਵਾਂ ਸਨ, ਜੋ ਸਾਊਦੀ ਅਰਬ ਜਾਣ ਤੋਂ ਬਾਅਦ ਬਦਲ ਗਈਆਂ।"

"ਹਾਲਾਂਕਿ ਸਾਊਦੀ ਅਰਬ ਇੱਕ ਇਸਲਾਮਿਕ ਦੇਸ਼ ਹੈ, ਪਰ ਭਾਰਤ ਦੇ ਮੁਸਲਮਾਨ ਨੂੰ ਇਸ ਦਾ ਕੋਈ ਵੱਖਰਾ ਲਾਭ ਨਹੀਂ ਮਿਲਦਾ। ਹਿੰਦੂਆਂ ਨਾਲ ਵੀ ਉੱਥੇ ਕੋਈ ਵਿਤਕਰਾ ਨਹੀਂ ਹੁੰਦਾ। ਭਾਰਤ ਆਉਂਦਿਆਂ ਹੀ ਅਜਿਹਾ ਲੱਗਦਾ ਹੈ ਕਿ ਅਸੀਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਉਲਝੇ ਹੋਏ ਹਾਂ।"

BBC
ਇਹ ਕਦੇ ਮਹਿਸੂਸ ਨਹੀਂ ਹੋਇਆ ਕਿ ਅਸੀਂ ਧਾਰਮਿਕ ਘੱਟ ਗਿਣਤੀ ਹਾਂ। ਸੁਰੱਖਿਆ ਦੇ ਲਿਹਾਜ਼ ਨਾਲ ਭਾਰਤ ਦੇ ਮੁਕਾਬਲੇ ਦੁਬਈ ਜ਼ਿਆਦਾ ਬੇਫ਼ਿਕਰੀ ਹੈ। ਦੁਬਈ 'ਚ ਰਾਤ ਦੇ 2 ਵਜੇ ਵੀ ਔਰਤਾਂ ਇਕੱਲੀਆਂ ਸੈਰ ਕਰ ਸਕਦੀਆਂ ਹਨ।
ਇਲਾ ਸ਼ਰਮਾ

ਅਬਦੁਲ ਬਾਰੀ ਸਿੱਦੀਕੀ ਨੂੰ ਰਾਸ਼ਟਰੀ ਜਨਤਾ ਦਲ ਦਾ ਪੁਰਾਣਾ ਅਤੇ ਤਾਕਤਵਰ ਆਗੂ ਮੰਨੇ ਜਾਂਦੇ ਹਨ।

ਸਿੱਦੀਕੀ ਨੂੰ ਪੁੱਛਿਆ ਕਿ ਉਹ ਖਾੜੀ ਜਾਣ ਵਾਲੇ ਹਿੰਦੂਆਂ ਦੇ ਮਨਾਂ ਵਿੱਚ ਮੁਸਲਮਾਨਾਂ ਬਾਰੇ ਬਦਲਦੀ ਸੋਚ ਨੂੰ ਕਿਵੇਂ ਦੇਖਦੇ ਹਨ?

ਸਿੱਦੀਕੀ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਤੋਂ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਦਾ ਨਸ਼ਾ ਹੈ ਪਰ ਇਹ ਬਹੁਗਿਣਤੀ ਹਿੰਦੂਆਂ ਵਿੱਚ ਨਹੀਂ ਹੈ।"

"ਮੇਰਾ ਮੰਨਣਾ ਹੈ ਕਿ ਹਿੰਦੂਆਂ ਦੀ ਬਹੁਗਿਣਤੀ ਅਜੇ ਵੀ ਇੱਕ ਸਮਾਵੇਸ਼ੀ ਸਮਾਜ ਦੀ ਵਕਾਲਤ ਕਰਦੀ ਹੈ। ਖਾੜੀ ਵਿੱਚ ਜਾਣ ਤੋਂ ਬਾਅਦ ਹਿੰਦੂ ਦੇਖਦੇ ਹੋਣਗੇ ਕਿ ਇਸਲਾਮ ਨਾਲ ਨਫ਼ਰਤ ਜਿਸ ਆਧਾਰ 'ਤੇ ਭਾਰਤ ਵਿੱਚ ਉਹ ਕਰਦੇ , ਉਸ ਦਾ ਕੋਈ ਠੋਸ ਆਧਾਰ ਨਹੀਂ ਹੈ। ਧਾਰਨਾਵਾਂ ਤਾਂ ਮੇਲਜੋਲ ਨਾਲ ਹੀ ਬਦਲਦੀਆਂ ਹਨ।"

ਸਿੱਦੀਕੀ ਦਾ ਕਹਿਣਾ ਹੈ, “ਮੈਂ ਇੱਕ ਕਾਯਸਥ ਪਰਿਵਾਰ ਵਿੱਚ ਵੱਡੀ ਹੋਈ ਕੁੜੀ ਨਾਲ ਵਿਆਹ ਕੀਤਾ ਸੀ। ਹਿੰਦੂਆਂ ਨੇ ਇਸ ਵਿਆਹ ਨੂੰ ਕਰਵਾਉਣ ਅਤੇ ਨਿਭਾਉਣ ਵਿੱਚ ਮਦਦ ਕੀਤੀ।"

"ਉਸ ਸਮੇਂ ਕਰਪੂਰੀ ਠਾਕੁਰ ਬਿਹਾਰ ਦੇ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਤਾਂ ਕਈ ਦਿਨ ਆਪਣੇ ਘਰ ਰੱਖਿਆ ਸੀ। ਹੁਣ ਸਿਆਸਤ ਵਿੱਚ ਨਫ਼ਰਤ ਨੂੰ ਜ਼ਿਆਦਾ ਥਾਂ ਮਿਲ ਰਹੀ ਹੈ ਪਰ ਨਫ਼ਰਤ ਦੀ ਵੀ ਇੱਕ ਉਮਰ ਹੁੰਦੀ ਹੈ।"

ਤਾਵੀਸ਼ੀ ਬਹਿਲ ਪਾਂਡੇ
ਤਸਵੀਰ ਕੈਪਸ਼ਨ, ਪਟਨਾ ਵਿੱਚ ਖੇਤਰੀ ਪਾਸਪੋਰਟ ਅਧਿਕਾਰੀ ਤਾਵੀਸ਼ੀ ਬਹਿਲ ਪਾਂਡੇ

ਬਿਹਾਰ ਤੋਂ ਖਾੜੀ ਵੱਲ ਪਰਵਾਸ ਵਧਿਆ

ਪਿਛਲੇ ਕੁਝ ਸਾਲਾਂ ਵਿੱਚ, ਖਾੜੀ ਕੋਆਪਰੇਸ਼ਨ ਕੌਂਸਲ (ਜੀਸੀਸੀ) ਦੇ ਛੇ ਮੈਂਬਰ ਦੇਸ਼ਾਂ - ਸਾਊਦੀ ਅਰਬ, ਯੂਏਈ, ਕੁਵੈਤ, ਬਹਿਰੀਨ, ਓਮਾਨ ਅਤੇ ਕਤਰ ਵਿੱਚ ਆਉਣ ਵਾਲੇ ਭਾਰਤੀ ਪਰਵਾਸੀ ਕਾਮਿਆਂ ਦਾ ਰੁਝਾਨ ਪੂਰੀ ਤਰ੍ਹਾਂ ਬਦਲ ਗਿਆ ਹੈ।

ਯੂਏਈ ਵਿੱਚ ਕੀਤੇ ਗਏ ਇੱਕ ਅਧਿਐਨ ਅਨੁਸਾਰ, ਪਹਿਲਾਂ ਕੇਰਲ ਤੋਂ ਇਨ੍ਹਾਂ ਦੇਸ਼ਾਂ ਵਿੱਚ ਬਲੂ ਕਾਲਰ ਵਰਕਰ ਵੱਡੀ ਗਿਣਤੀ ਵਿੱਚ ਵਿੱਚ ਜਾਂਦੇ ਸਨ ਪਰ ਇਸ ਵਿੱਚ 90 ਫੀਸਦ ਦੀ ਗਿਰਾਵਟ ਆਈ ਹੈ ਅਤੇ ਯੂਪੀ-ਬਿਹਾਰ ਦੇ ਮਜ਼ਦੂਰ ਇਸ ਦੀ ਭਰਪਾਈ ਕਰ ਰਹੇ ਹਨ।

2023 ਦੇ ਪਹਿਲੇ ਸੱਤ ਮਹੀਨਿਆਂ ਵਿੱਚ, ਜੀਸੀਸੀ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਮਜ਼ਦੂਰਾਂ ਦੀ ਗਿਣਤੀ ਵਿੱਚ 50 ਫੀਸਦ ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਯੂਪੀ-ਬਿਹਾਰ ਦੀ ਹੈ।

ਤਾਵੀਸ਼ੀ ਬਹਿਲ ਪਾਂਡੇ ਕਹਿੰਦੀ ਹੈ, "ਖੇਤਰੀ ਦਫਤਰ, ਪਟਨਾ ਦੁਆਰਾ ਹਰ ਸਾਲ ਲਗਭਗ ਤਿੰਨ ਤੋਂ ਚਾਰ ਲੱਖ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ। ਜ਼ਿਆਦਾਤਰ ਲੋਕਾਂ ਨੇ ਖਾੜੀ ਦੇ ਇਸਲਾਮਿਕ ਦੇਸ਼ਾਂ ਵਿੱਚ ਕੰਮ ਕਰਨ ਲਈ ਪਾਸਪੋਰਟ ਬਣਵਾਏ ਹਨ।"

"ਬਿਹਾਰ ਤੋਂ ਖਾੜੀ ਜਾਣ ਦਾ ਰੁਝਾਨ ਵਧਿਆ ਹੈ। ਪਹਿਲਾਂ ਇਹ ਪਰਵਾਸ ਦੇਸ਼ ਦੇ ਅੰਦਰ ਜ਼ਿਆਦਾ ਸੀ, ਬਿਹਾਰ ਦੇ ਸਿਵਾਨ ਅਤੇ ਗੋਪਾਲਗੰਜ ਤੋਂ ਖਾੜੀ ਵਿੱਚ ਸਭ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਰੈਮੀਟੈਂਸ ਵਿੱਚ ਇਨ੍ਹਾਂ ਦੋਵਾਂ ਦੇਸ਼ਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ।"

ਖਾੜੀ ਦੇ ਇਸਲਾਮਿਕ ਦੇਸ਼ਾਂ 'ਚ ਕਰੀਬ 90 ਲੱਖ ਭਾਰਤੀ ਰਹਿੰਦੇ ਹਨ। ਸਭ ਤੋਂ ਵੱਧ ਯੂਏਈ ਵਿੱਚ 34 ਲੱਖ ਭਾਰਤੀ ਰਹਿੰਦੇ ਹਨ ਅਤੇ ਉਸ ਤੋਂ ਬਾਅਦ ਸਾਊਦੀ ਅਰਬ ਵਿੱਚ 26 ਲੱਖ ਭਾਰਤੀ ਰਹਿੰਦੇ ਹਨ।

2023 ਵਿੱਚ ਭਾਰਤੀਆਂ ਨੇ ਵਿਦੇਸ਼ਾਂ ਤੋਂ ਕਮਾਈ ਕਰਕੇ 125 ਅਰਬ ਡਾਲਰ ਭਾਰਤ ਭੇਜੇ ਸਨ। ਇਸ ਵਿੱਚ ਸਭ ਤੋਂ ਵੱਧ ਹਿੱਸਾ ਖਾੜੀ ਵਿੱਚ ਰਹਿਣ ਵਾਲੇ ਭਾਰਤੀਆਂ ਦਾ ਸੀ।

125 ਅਰਬ ਡਾਲਰ ਵਿੱਚੋਂ, ਇਕੱਲੇ ਯੂਏਈ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਹਿੱਸੇਦਾਰੀ 18 ਫੀਸਦ ਹੈ।

ਪਟਨਾ ਖੇਤਰੀ ਪਾਸਪੋਰਟ ਦਫਤਰ
ਤਸਵੀਰ ਕੈਪਸ਼ਨ, ਪਟਨਾ ਖੇਤਰੀ ਪਾਸਪੋਰਟ ਦਫਤਰ

ਹਰ ਰੋਜ਼ ਸੈਂਕੜੇ ਲੋਕ ਪਟਨਾ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ।

ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਹਨ। ਜੇਕਰ ਇਨ੍ਹਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਬਿਹਾਰ ਨੂੰ ਲੈ ਕੇ ਨਿਰਾਸ਼ਾ ਨਾਲ ਭਰੇ ਨਜ਼ਰ ਆਉਂਦੇ ਹਨ।

ਇਹ ਨੌਜਵਾਨ ਜਾਂ ਤਾਂ ਗ੍ਰੈਜੂਏਟ ਹਨ ਜਾਂ 12ਵੀਂ ਪਾਸ ਹਨ। ਲੱਗਦਾ ਹੈ ਕਿ ਭਾਰਤੀ ਮੁਸਲਮਾਨ ਖਾੜੀ ਜਾਣ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਹਨ ਪਰ ਇਹ ਸੱਚ ਨਹੀਂ ਹੈ। ਪਾਸਪੋਰਟ ਦਫ਼ਤਰ ਦੇ ਬਾਹਰ ਲੱਗੀਆਂ ਲਾਈਨਾਂ ਤੋਂ ਸਾਫ਼ ਹੈ ਕਿ ਮੁਸਲਮਾਨਾਂ ਨਾਲੋਂ ਵੱਧ ਹਿੰਦੂ ਰੁਜ਼ਗਾਰ ਲਈ ਖਾੜੀ ਵੱਲ ਜਾ ਰਹੇ ਹਨ।

ਆਰਾ ਦੇ ਅਮਨ ਤਿਵਾਰੀ ਓਮਾਨ ਜਾਣ ਲਈ ਪਾਸਪੋਰਟ ਬਣਵਾਉਣ ਆਏ ਹਨ। ਉਹ 12ਵੀਂ ਪਾਸ ਹਨ। ਉਨ੍ਹਾਂ ਨੂੰ ਪੁੱਛਿਆ ਕਿ ਕੀ ਭਾਰਤ ਵਿੱਚ ਰੁਜ਼ਗਾਰ ਮਿਲਣਾ ਔਖਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਅਮਨ ਤਿਵਾਰੀ ਕਹਿੰਦੇ ਹਨ, "ਓਮਾਨ ਜਾ ਕੇ ਵੀ ਮਜ਼ਦੂਰੀ ਹੀ ਕਰਨੀ ਹੈ, ਪਰ ਉੱਥੇ ਤੁਹਾਨੂੰ ਠੀਕ-ਠਾਕ ਮਜ਼ਦੂਰੀ ਮਿਲ ਜਾਵੇਗੀ। ਭਾਰਤ ਵਿੱਚ, ਇਸੇ ਕੰਮ ਲਈ ਤੁਹਾਨੂੰ ਘੱਟ ਪੈਸੇ ਮਿਲਣਗੇ ਅਤੇ ਰਹਿਣ ਦਾ ਵੀ ਕੋਈ ਟਿਕਾਣਾ ਨਹੀਂ ਹੋਵੇਗਾ।"

"ਭਾਰਤ ਵਿੱਚ ਜੇਕਰ ਤੁਹਾਨੂੰ ਹਰ ਮਹੀਨੇ 20 ਹਜ਼ਾਰ ਰੁਪਏ ਘਰ ਭੇਜਣੇ ਹਨ, ਤਾਂ ਤੁਹਾਡੀ ਤਨਖਾਹ ਘੱਟੋ ਘੱਟ 30 ਹਜ਼ਾਰ ਰੁਪਏ ਹੋਣੀ ਚਾਹੀਦੀ ਹੈ।"

"ਦਿੱਲੀ-ਮੁੰਬਈ ਵਿੱਚ ਤਾਂ 30 ਹਜ਼ਾਰ ਤਨਖ਼ਾਹ ਹੋਣ ਦੇ ਬਾਵਜੂਦ 10 ਹਜ਼ਾਰ ਬਚਾਉਣਾ ਮੁਸ਼ਕਲ ਹੈ। ਭਾਰਤ ਵਿੱਚ ਨਿੱਜੀ ਸੈਕਟਰ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਮਜ਼ਦੂਰ ਦੀ ਤਨਖ਼ਾਹ 30 ਹਜ਼ਾਰ ਨਹੀਂ ਹੈ।"

"ਇਹੀ ਕਾਰਨ ਹੈ ਕਿ ਅਸੀਂ ਆਪਣੇ ਬਜ਼ੁਰਗ ਮਾਪੇ ਛੱਡ ਦੂਜੇ ਮੁਲਕ ਵਿੱਚ ਵੀ ਜਾਣ ਲਈ ਤਿਆਰ ਹਾਂ।"

ਅਮਨ ਦੀ ਸਾਥੀ ਸਰੋਜ ਪਾਂਡੇ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਨੂੰ ਬਿਹਾਰ ਵਿੱਚ ਆਏ 20 ਸਾਲ ਹੋ ਗਏ ਹਨ ਪਰ ਸਿੱਖਿਆ ਅਤੇ ਰੁਜ਼ਗਾਰ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ।

ਸਰੋਜ ਕਹਿੰਦੀ ਹੈ, "ਪਹਿਲਾਂ ਖੇਤੀ ਇੱਕ ਲਾਹੇਵੰਦ ਧੰਦਾ ਸੀ ਪਰ ਹੁਣ ਖੇਤੀ ਘਾਟੇ ਦਾ ਧੰਦਾ ਹੈ।"

ਸ਼ਾਰਜਾਹ
ਤਸਵੀਰ ਕੈਪਸ਼ਨ, ਬਿਹਾਰ ਦੇ ਹਿੰਦੂ ਯੂਏਈ ਦੇ ਸ਼ਾਰਜਾਹ ਵਿੱਚ ਮਮਜ਼ਾਰ ਬੀਚ 'ਤੇ ਛਠ ਦਾ ਤਿਉਹਾਰ ਮਨਾਉਂਦੇ ਹੋਏ

ਧਾਰਮਿਕ ਧਰੁਵੀਕਰਨ ਦੀ ਰਾਜਨੀਤੀ ਦਾ ਪ੍ਰਭਾਵ

ਬਿਹਾਰ ਦੇ ਮੰਨੇ-ਪ੍ਰਮੰਨੇ ਇਤਿਹਾਸਕਾਰ ਇਮਤਿਆਜ਼ ਅਹਿਮਦ ਦਾ ਕਹਿੰਦੇ ਹਨ, "ਖਾੜੀ 'ਚ ਰਹਿਣ ਵਾਲੇ ਭਾਰਤੀ ਭਾਰਤ 'ਚ ਚੱਲ ਰਹੀ ਨਫ਼ਰਤ ਅਤੇ ਹਿੰਸਾ ਤੋਂ ਯਕੀਨਨ ਖੁਸ਼ ਨਹੀਂ ਹੁੰਦੇ ਹੋਣੇ।"

"ਅਰਬ ਵਿੱਚ ਉਹ ਇਕੱਠੇ ਮਿਲ ਕੇ ਰਹਿੰਦੇ ਹਨ ਕਿਉਂਕਿ ਅਰਬੀ ਲੋਕ ਉਨ੍ਹਾਂ ਨੂੰ ਮਜ਼ਦੂਰਾਂ ਤੋਂ ਵੱਧ ਨਹੀਂ ਸਮਝਦੇ, ਭਾਵੇਂ ਉਹ ਭਾਰਤੀ ਮੁਸਲਮਾਨ ਹੋਣ ਜਾਂ ਹਿੰਦੂ। ਅਜਿਹੇ 'ਚ ਭਾਰਤੀ ਇਕੱਠੇ ਰਹਿੰਦੇ ਹਨ ਤਾਂ ਕਿ ਉਹ ਖੁਸ਼ੀ-ਗ਼ਮੀ 'ਚ ਇਕ-ਦੂਜੇ ਦੇ ਨਾਲ ਖੜ੍ਹੇ ਰਹਿਣ।"

"ਇਹ ਜ਼ਰੂਰ ਹੈ ਕਿ ਭਾਰਤ ਵਿੱਚ ਧਰਮ ਦੇ ਆਧਾਰ 'ਤੇ ਹਿੰਸਾ ਜਾਂ ਨਫ਼ਰਤ ਹੁੰਦੀ ਹੈ ਤਾਂ ਇਸ ਦੀ ਖ਼ਬਰ ਦੁਨੀਆਂ ਦੇ ਹਰ ਕੋਨੇ ਵਿੱਚ ਜਾਂਦੀ ਹੈ। ਇਸ ਨਾਲ ਨਾ ਸਿਰਫ਼ ਅਰਬ ਸ਼ਾਸਕਾਂ ਵਿੱਚ ਭਾਰਤ ਦਾ ਅਕਸ ਖ਼ਰਾਬ ਹੁੰਦਾ ਹੈ ਸਗੋਂ ਆਮ ਲੋਕਾਂ ਵਿੱਚ ਵੀ ਸਹੀ ਸੰਦੇਸ਼ ਨਹੀਂ ਜਾਂਦਾ ਹੈ।"

ਰਾਮੇਸ਼ਵਰ ਸਾਓ ਨੂੰ ਪੁੱਛਿਆ ਗਿਆ ਕਿ ਕੀ ਸਾਊਦੀ ਅਰਬ ਵਿੱਚ ਰਹਿੰਦਿਆਂ ਉਨ੍ਹਾਂ ਦੀ ਕਦੇ ਭਾਰਤੀ ਰਾਜਨੀਤੀ 'ਤੇ ਆਪਣੇ ਹਮਵਤਨ ਮੁਸਲਮਾਨਾਂ ਨਾਲ ਬਹਿਸ ਹੋਈ?

ਰਾਮੇਸ਼ਵਰ ਸਾਓ ਕਹਿੰਦੇ ਹਨ, "ਭਾਰਤੀ ਮੁਸਲਮਾਨ ਭਾਜਪਾ ਨੂੰ ਪਸੰਦ ਨਹੀਂ ਕਰਦੇ। ਖਾੜੀ ਵਿੱਚ ਰਹਿਣ ਵਾਲੇ ਭਾਰਤੀ ਮੁਸਲਮਾਨ ਵੀ ਭਾਜਪਾ ਨੂੰ ਲੈ ਕੇ ਨਿਰਾਸ਼ ਹਨ ਅਤੇ ਆਲੋਚਨਾ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਆਪਣੇ ਦੇਸ਼ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਹੈ। ਪਾਕਿਸਤਾਨ ਦੇ ਮੁਸਲਮਾਨ ਅਜਿਹਾ ਨਹੀਂ ਕਰਦੇ ਹਨ।"

ਪਰ ਭਾਜਪਾ ਦੀ ਆਲੋਚਨਾ ਦੇਸ਼ ਲਈ ਬੁਰਾਈ ਕਿਵੇਂ ਬਣ ਗਈ? ਇਸ ਦੇ ਜਵਾਬ 'ਚ ਰਾਮੇਸ਼ਵਰ ਕਹਿੰਦੇ ਹਨ, "ਭਾਜਪਾ ਭਾਰਤ ਦੀ ਪਾਰਟੀ ਹੈ। ਸਰਕਾਰ 'ਚ ਇਹ ਇਕੱਲੀ ਪਾਰਟੀ ਹੈ। ਅਜਿਹੀ ਸਥਿਤੀ 'ਚ ਦੇਸ਼ ਅਤੇ ਪਾਰਟੀ ਨੂੰ ਵੱਖ-ਵੱਖ ਨਹੀਂ ਦੇਖਿਆ ਜਾ ਸਕਦਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)