You’re viewing a text-only version of this website that uses less data. View the main version of the website including all images and videos.
ਤਿਹਾੜ ਜੇਲ੍ਹ ’ਚੋਂ ‘ਬਿਸਕੁਟ ਤੇ ਅੰਗੂਰਾਂ’ ਦੀ ਮਦਦ ਨਾਲ ਇੰਝ ਭੱਜਿਆ ਸੀ ਸੀਰੀਅਲ ਕਿਲਰ
ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕਤਲ ਕਰਨ ਵਾਲਾ ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਨੇਪਾਲ ਦੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ।
ਨੇਪਾਲ ਦੇ ਸੁਪਰੀਮ ਕੋਰਟ ਨੇ ਫਰਾਂਸ ਦੇ ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਨੂੰ ਛੱਡਣ ਦੇ ਹੁਕਮ ਦਿੱਤੇ ਸਨ।
ਇਹ ਫੈਸਲਾ ਸ਼ੋਭਰਾਜ ਦੀ ਉਮਰ ਅਤੇ ਸਿਹਤ ਦੇ ਆਧਾਰ ’ਤੇ ਲਿਆ ਗਿਆ ਹੈ।
ਸ਼ੋਭਰਾਜ ਹੁਣ 78 ਸਾਲ ਦਾ ਹੈ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ।
ਸ਼ੋਭਰਾਜ ਸਾਲ 2003 ਤੋਂ ਦੋ ਅਮਰੀਕੀ ਸੈਲਾਨੀਆਂ ਦੇ ਕਤਲ ਦੇ ਇਲਜ਼ਾਮ ਹੇਠ ਨੇਪਾਲ ਦੀ ਜੇਲ੍ਹ ‘ਚ ਬੰਦ ਸੀ।
ਕੌਣ ਹੈ ‘ਬਿਕਨੀ ਕਿਲਰ’ ਵੱਜੋਂ ਬਦਨਾਮ ਚਾਰਲਸ ਸ਼ੋਭਰਾਜ
‘ਬਿਕਨੀ ਕਿਲਰ’ ਵਰਗੇ ਉਪਨਾਵਾਂ ਨਾਲ ਮਸ਼ਹੂਰ ਰਹੇ ਚਾਰਲਸ ਸ਼ੋਭਰਾਜ 6 ਅਪ੍ਰੈਲ 1944 ਨੂੰ ਵਿਅਤਨਾਮ ਦੇ ਸਾਈਗਨ ਖੇਤਰ ‘ਚ ਜੰਮੇ ਸਨ।
ਸ਼ੋਭਰਾਜ ਨੂੰ ‘ਬਿਕਨੀ ਕਿਲਰ’ ਦਾ ਨਾਮ ਇਸ ਲਈ ਵੀ ਦਿੱਤਾ ਗਿਆ ਕਿਉਂਕਿ ਜੋ ਦੋ ਔਰਤਾਂ ਦੇ ਕਤਲ ਦਾ ਉਸ ਉੱਪਰ ਇਲਜ਼ਾਮ ਸੀ, ਉਹਨਾਂ ਨੇ ਬਿਕਨੀ ਪਾਈ ਹੋਈ ਸੀ।
ਸ਼ੋਭਰਾਜ ਦੀ ਮਾਂ ਵਿਅਤਨਾਮ ਵਿੱਚ ਇੱਕ ਦੁਕਾਨ 'ਤੇ ਕੰਮ ਕਰਦੀ ਸੀ ਅਤੇ ਪਿਤਾ ਇੱਕ ਭਾਰਤੀ ਵਪਾਰੀ ਸੀ।
ਉਸ ਦੇ ਪਿਤਾ ਵੱਲੋਂ ਸ਼ੋਭਰਾਜ ਨੂੰ ਨਕਾਰਨਾ ਹੀ ਉਸ ਅੰਦਰ ਗੁੱਸੇ ਅਤੇ ਨਫ਼ਰਤ ਦਾ ਕਾਰਨ ਬਣਿਆ।
ਸ਼ੋਭਰਾਜ ਨੇ ਆਪਣੀ ਡਾਇਰੀ ਵਿੱਚ ਲਿਖਿਆ, “ਮੈਂ ਤੁਹਾਨੂੰ ਅਫ਼ਸੋਸ ਕਰਵਾਵਾਂਗਾ ਕਿ ਤੁਸੀਂ ਆਪਣੇ ਪਿਤਾ ਹੋਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ।”
ਉਸ ਸਮੇਂ ਵਿਅਤਨਾਮ ‘ਤੇ ਫਰਾਂਸ ਦਾ ਕਬਜ਼ਾ ਸੀ। ਫਰਾਂਸ ਦੀ ਇੱਕ ਬਸਤੀ ‘ਚ ਪੈਦਾ ਹੋਣ ਕਰਕੇ ਉਸ ਨੂੰ ਫਰਾਂਸ ਦੀ ਨਾਗਰਿਕਤਾ ਮਿਲੀ ਸੀ।
ਭੇਸ ਬਦਲਣ 'ਚ ਮਾਹਰ ਚਾਰਲਸ ਸ਼ੋਭਰਾਜ ਸੈਲਾਨੀਆਂ ਅਤੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ।
ਸ਼ੋਭਰਾਜ 'ਤੇ ਭਾਰਤ, ਥਾਈਲੈਂਡ, ਨੇਪਾਲ, ਤੁਰਕੀ ਅਤੇ ਈਰਾਨ ‘ਚ 20 ਤੋਂ ਵੱਧ ਕਤਲਾਂ ਦੇ ਇਲਜ਼ਾਮ ਲੱਗੇ ਸਨ।
ਉਸ ਨੂੰ ਸੀਰੀਅਲ ਕਿਲਰ ਦਾ ਨਾਂ ਦਿੱਤਾ ਗਿਆ ਪਰ ਅਗਸਤ 2004 ਤੋਂ ਪਹਿਲਾਂ ਉਸ ਨੂੰ ਕਿਸੇ ਵੀ ਮਾਮਲੇ ‘ਚ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ।
ਅਪਰਾਧ ਦੀ ਦੁਨੀਆਂ ਦਾ ਸਫ਼ਰ :
- ਚਾਰਸਲ ਸ਼ੋਭਰਾਜ ‘ਬਿਕਨੀ ਕਿਲਰ’ ਵੱਜੋਂ ਮਸ਼ਹੂਰ ਹੈ ਅਤੇ ਉਸ ਉਪਰ 20 ਤੋਂ ਵੱਧ ਕਤਲਾਂ ਦੇ ਇਲਜ਼ਾਮ ਲੱਗੇ।
- ਸ਼ੋਭਰਾਜ ‘ਤੇ ਭਾਰਤ, ਥਾਈਲੈਂਡ, ਨੇਪਾਲ, ਤੁਰਕੀ ਅਤੇ ਈਰਾਨ ਹੱਤਿਆਵਾਂ ਦੇ ਦੋਸ਼ ਸਨ।
- ਸ਼ੋਭਰਾਜ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਭੱਜ ਨਿਕਲਿਆ ਸੀ ਅਤੇ ਗੇਟ 'ਤੇ ਫੋਟੋ ਵੀ ਕਰਵਾਈ।
- ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਗ੍ਰੀਸ ਤੇ ਈਰਾਨ ਦੀਆਂ ਜੇਲ੍ਹਾਂ ‘ਚੋਂ ਵੀ ਚਕਮਾ ਦੇ ਕੇ ਬਾਹਰ ਆ ਚੁੱਕਿਆ ਹੈ।
- ਨੇਪਾਲ ਵਿੱਚ 2004 ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਜੇਲ੍ਹਾਂ ਵਿੱਚੋਂ ਭੱਜਣ ਲਈ ਮਸ਼ਹੂਰ
ਇੱਕ ਅਪਰਾਧੀ ਵੱਜੋਂ ਸ਼ੋਭਰਾਜ ਜਾਂ ਤਾਂ ਚਕਮਾ ਦੇ ਕੇ ਜੇਲ੍ਹ ‘ਚੋਂ ਬਾਹਰ ਆ ਜਾਂਦਾ ਸੀ ਜਾਂ ਫਿਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਜੇਲ੍ਹ 'ਚ ਹੀ ਸਹੂਲਤਾਂ ਦਾ ਆਨੰਦ ਮਾਣਦਾ ਰਹਿੰਦਾ।
ਇਹ ਮੰਨਿਆ ਜਾਂਦਾ ਹੈ ਕਿ ਸ਼ੋਭਰਾਜ ਭਾਰਤ ਤੋਂ ਇਲਾਵਾ ਅਫ਼ਗਾਨਿਸਤਾਨ, ਗ੍ਰੀਸ ਅਤੇ ਈਰਾਨ ਦੀਆਂ ਜੇਲ੍ਹਾਂ ‘ਚੋਂ ਵੀ ਚਕਮਾ ਦੇ ਕੇ ਬਾਹਰ ਆ ਚੁੱਕਿਆ ਹੈ।
ਫਰਾਂਸੀਸੀ ਸੈਲਾਨੀਆਂ ਨੂੰ ਜ਼ਹਿਰ ਦੇਣ ਦੇ ਮਾਮਲੇ ‘ਚ ਉਸ ਨੇ ਭਾਰਤੀ ਜੇਲ੍ਹ 'ਚ ਤਕਰੀਬਨ 20 ਸਾਲ ਦੀ ਸਜ਼ਾ ਕੱਟੀ ਹੈ।
ਭਗੌੜਾ ਹੋਇਆ ਵੀ ਸ਼ੋਭਰਾਜ ਇੱਕ ਹਤਾਸ਼ ਕੈਦੀ ਵਾਂਗ ਨਹੀਂ ਜਿਉਂਦਾ ਸੀ ਸਗੋਂ ਛੁੱਟੀਆਂ ਮਨਾਉਣ ਵਾਲੇ ਵਿਦਿਆਰਥੀ ਵਰਗਾ ਵਿਵਹਾਰ ਕਰਦਾ ਸੀ।
ਉਸ ਨੇ ਬਾਰਾਂ ਵਿੱਚ ਖੁੱਲ੍ਹੇਆਮ ਸ਼ਰਾਬ ਪੀਤੀ। ਉਹ ਨਾਲ ਦੇ ਸ਼ਰਾਬੀਆਂ ਨੂੰ ਪਿਸਤੌਲ ਵੀ ਵਿਖਾਉਂਦਾ ਰਹਿੰਦਾ ਸੀ।
ਉਹ ਭਾਰਤ ‘ਚ ਦੋ ਵਾਰ ਜੇਲ੍ਹ ‘ਚੋਂ ਫਰਾਰ ਹੋਣ ‘ਚ ਕਾਮਯਾਬ ਰਿਹਾ। ਇੱਕ ਵਾਰ ਤਾਂ ਉਹ ਤਿਹਾੜ ਵਰਗੀ ਉੱਚ ਸੁਰੱਖਿਆ ਵਾਲੀ ਜੇਲ੍ਹ ‘ਚੋਂ ਵੀ ਫਰਾਰ ਹੋ ਗਿਆ।
ਕਿਵੇਂ ਅਤੇ ਕਿਉਂ ਜੇਲ੍ਹ 'ਚੋਂ ਫਰਾਰ ਹੋਇਆ
1976 'ਚ ਉਸ ਨੂੰ 12 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਪਰ 10 ਸਾਲ ਬਾਅਦ ਹੀ 1986 'ਚ ਉਹ ਤਿਹਾੜ ਜੇਲ੍ਹ ‘ਚੋਂ ਫਰਾਰ ਹੋ ਗਿਆ।
ਸ਼ੋਭਰਾਜ ਨੇ ਜੇਲ੍ਹ 'ਚ ਜਨਮ ਦਿਨ ਦੀ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਕੈਦੀਆਂ ਦੇ ਨਾਲ-ਨਾਲ ਗਾਰਡਾਂ ਨੂੰ ਵੀ ਬੁਲਾਇਆ ਗਿਆ ਸੀ।
ਪਾਰਟੀ 'ਚ ਵੰਡੇ ਗਏ ਬਿਸਕੁਟ ਅਤੇ ਅੰਗੂਰਾਂ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਗਈ ਸੀ।
ਕੁਝ ਹੀ ਸਮੇਂ ਬਾਅਦ ਸ਼ੋਭਰਾਜ ਅਤੇ ਉਸ ਦੇ ਨਾਲ ਜੇਲ੍ਹ 'ਚੋਂ ਫਰਾਰ ਹੋਣ ਵਾਲੇ ਚਾਰ ਹੋਰ ਵਿਅਕਤੀਆਂ ਤੋਂ ਇਲਾਵਾ ਬਾਕੀ ਸਾਰੇ ਹੀ ਬੇਹੋਸ਼ ਜਿਹੇ ਹੋ ਗਏ।
ਭਾਰਤੀ ਅਖ਼ਬਾਰਾਂ 'ਚ ਛਪੀਆਂ ਖ਼ਬਰਾਂ ਮੁਤਾਬਿਕ ਸ਼ੋਭਰਾਜ ਨੂੰ ਬਾਹਰ ਆਉਣ ਦਾ ਇੰਨ੍ਹਾ ਯਕੀਨ ਸੀ ਕਿ ਉਸ ਨੇ ਜੇਲ੍ਹ ਦੇ ਗੇਟ 'ਤੇ ਤਸਵੀਰ ਵੀ ਖਿਚਵਾਈ।
ਰਿਚਰਡ ਨੇਵਿਲ ਵੱਲੋਂ ਜੂਲੀ ਕਲਾਰਕ ਵੱਲੋਂ ਲਿਖੀ ‘ਲਾਈਫ਼ ਐਂਡ ਕਰਾਈਮਸ ਆਫ ਚਾਰਲਸ ਸ਼ੋਭਰਾਜ’ ਕਿਤਾਬ ਵਿੱਚ ਚਾਰਲਸ ਸ਼ੋਭਰਾਜ ਕਹਿੰਦਾ ਹੈ, “ਜਦੋਂ ਤੱਕ ਮੇਰੇ ਕੋਲ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਹੈ, ਮੈਂ ਉਨ੍ਹਾਂ ਨੂੰ ਆਪਣੀਆਂ ਗੱਲਾਂ ‘ਚ ਫਸਾ ਹੀ ਲਵਾਂਗਾ।”
ਕਿਹਾ ਜਾਂਦਾ ਹੈ ਕਿ 10 ਸਾਲ ਦੀ ਕੈਦ ਦੀ ਸਜ਼ਾ ਦੇ ਅਖੀਰ ‘ਚ ਉਹ ਜਾਣਬੁੱਝ ਕੇ ਫਰਾਰ ਹੋ ਗਿਆ, ਤਾਂ ਜੋ ਉਹ ਮੁੜ ਫੜਿਆ ਜਾਵੇ ਅਤੇ ਜੇਲ੍ਹ ਤੋਂ ਭੱਜਣ ਦੇ ਇਲਜ਼ਾਮ ਹੇਠ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਵੇ।
ਅਜਿਹਾ ਕਰਕੇ ਉਹ ਥਾਈਲੈਂਡ ਦੀ ਹਵਾਲਗੀ ਤੋਂ ਬਚਣਾ ਚਾਹੁੰਦਾ ਸੀ।
ਥਾਈਲੈਂਡ ‘ਚ ਉਸ ‘ਤੇ ਪੰਜ ਕਤਲਾਂ ਦੇ ਇਲਜ਼ਾਮ ਸਨ ਅਤੇ ਇਹ ਲਗਭਗ ਤੈਅ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਮਿਲ ਸਕਦੀ ਹੈ।
ਸਾਲ 1997 'ਚ ਜਦੋਂ ਤੱਕ ਉਹ ਰਿਹਾਅ ਹੋਇਆ ਤਾਂ ਉਦੋਂ ਤੱਕ ਬੈਂਕਾਕ 'ਚ ਉਸ 'ਤੇ ਮੁਕੱਦਮਾ ਚਲਾਉਣ ਦੀ ਸਮਾਂ ਸੀਮਾ ਲੰਘ ਚੁੱਕੀ ਸੀ।
ਭਾਰਤ ਨੇ 1997 ‘ਚ ਉਸ ਨੂੰ ਫਰਾਂਸ ਦੇ ਹਵਾਲੇ ਕਰ ਦਿੱਤਾ ਸੀ।
ਜ਼ੁਰਮ ਦੀ ਦੁਨੀਆ 'ਚ ਐਂਟਰੀ
ਸ਼ੁਰੂਆਤੀ ਜੀਵਨ 'ਚ ਸ਼ੋਭਰਾਜ ਨੇ ਫਰਾਂਸ ‘ਚ ਛੋਟੇ-ਮੋਟੇ ਅਪਰਾਧ ਕੀਤੇ ਸਨ, ਪਰ ਸੀਰੀਅਲ ਕਿਲਰ ਬਣਨ ਦੀ ਸ਼ੁਰੂਆਤ ਸਾਲ 1963 'ਚ ਉਸ ਸਮੇਂ ਹੋਈ ਜਦੋਂ ਉਸ ਨੇ ਏਸ਼ੀਆ ਦੀ ਯਾਤਰਾ ਕੀਤੀ ਸੀ।
ਜਾਣਕਾਰਾਂ ਦਾ ਮੰਨਣਾ ਹੈ ਕਿ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦਾ ਉਸ ਦਾ ਤਰੀਕਾ ਹਮੇਸ਼ਾ ਇੱਕੋ ਜਿਹਾ ਸੀ।
ਉਹ ਪਹਿਲਾਂ ਡਰੱਗਜ਼ ਲੈਣ ਅਤੇ ਅੰਗਰੇਜ਼ੀ ਬੋਲਣ ਵਾਲੇ ਸੈਲਾਨੀਆਂ ਨਾਲ ਦੋਸਤੀ ਕਰਦਾ ਅਤੇ ਉਨ੍ਹਾਂ ਦਾ ਸਾਮਾਨ ਲੁੱਟ ਕੇ ਕਤਲ ਕਰ ਦਿੰਦਾ ਸੀ।
ਸਾਲ 1972 ਤੋਂ 1982 ਦਰਮਿਆਨ ਸ਼ੋਭਰਾਜ 'ਤੇ 20 ਤੋਂ ਵੱਧ ਕਤਲ ਦੇ ਇਲਜ਼ਾਮ ਲੱਗੇ।
ਇੰਨ੍ਹਾਂ ਸਾਰੇ ਮਾਮਲਿਆ ‘ਚ ਪੀੜਤਾਂ ਨੂੰ ਨਸ਼ਾ ਦਿੱਤਾ ਗਿਆ ਸੀ।
ਉਨ੍ਹਾਂ ਦਾ ਗਲਾ ਘੁੱਟਿਆ ਗਿਆ ਸੀ ਅਤੇ ਫਿਰ ਜਾਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਜਾਂ ਫਿਰ ਸਾੜ ਦਿੱਤਾ ਗਿਆ।
ਨੇਪਾਲ 'ਚ ਗ੍ਰਿਫਤਾਰੀ
ਸਾਲ 2003 'ਚ ਇੱਕ ਵਾਰ ਫਿਰ ਚਾਰਲਸ ਸ਼ੋਭਰਾਜ ਨੇਪਾਲ ਪਰਤਿਆ ਅਤੇ ਇਸ ਵਾਰ ਉਹ ਬੇਖ਼ੌਫ ਤਰੀਕੇ ਨਾਲ ਉੱਥੇ ਆਇਆ।
ਇਸ ਵਾਰ ਤਾਂ ਉਸ ਨੇ ਪ੍ਰੈੱਸ ਨਾਲ ਵੀ ਗੱਲਬਾਤ ਕੀਤੀ। ਪਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਇੱਕ ਕੈਸੀਨੋ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਨੇਪਾਲ ਨੇ ਉਸ ਖਿਲਾਫ਼ ਤਕਰੀਬਨ 28 ਸਾਲ ਪੁਰਾਣਾ ਮਾਮਲਾ ਖੋਲ੍ਹ ਦਿੱਤਾ, ਜਿਸ 'ਚ ਉਸ 'ਤੇ ਜਾਅਲੀ ਪਾਸਪੋਰਟ ਜ਼ਰੀਏ ਯਾਤਰਾ ਕਰਨ ਅਤੇ ਕੈਨੇਡਾ ਦੇ ਇੱਕ ਨਾਗਰਿਕ ਅਤੇ ਇੱਕ ਅਮਰੀਕੀ ਔਰਤ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ।
ਸ਼ੋਭਰਾਜ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਪਰ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੁਖਤਾ ਸਬੂਤ ਹਨ।
ਸਾਲ 2004 ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਜੇਲ੍ਹ 'ਚੋਂ ਵਿਦੇਸ਼ੀ ਮੀਡੀਆ ਨੂੰ ਇੰਟਰਵਿਊ
ਬੀਤੇ ਸਾਲ ਅਪ੍ਰੈਲ ਮਹੀਨੇ ਚਾਰਲਸ ਸ਼ੋਭਰਾਜ ਉਸ ਸਮੇਂ ਫਿਰ ਚਰਚਾ 'ਚ ਆਇਆ ਜਦੋਂ ਉਸ ਨੇ ਨੇਪਾਲ ਦੀ ਜੇਲ੍ਹ ‘ਚੋਂ ਵਿਦੇਸ਼ੀ ਮੀਡੀਆ ਨੂੰ ਇੰਟਰਵਿਊ ਦਿੱਤਾ ਸੀ।
ਇਸ ‘ਤੇ ਇਹ ਸਵਾਲ ਉੱਠਣ ਲੱਗੇ ਕਿ ਆਖ਼ਰਕਾਰ ਕਿਵੇਂ ਇੱਕ ਕੈਦੀ ਨੇ ਮੀਡੀਆ ਨਾਲ ਗੱਲਬਾਤ ਕੀਤੀ?
ਬ੍ਰਿਟੇਨ ਦੇ ਦੋ ਰਸਾਲਿਆਂ 'ਚ ਸ਼ੋਭਰਾਜ ਦੀ ਕੈਦ ਅਤੇ ਉਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਇੰਟਰਵਿਊ ‘ਤੇ ਆਧਾਰਿਤ ਰਿਪੋਰਟ ਪ੍ਰਕਾਸ਼ਿਤ ਹੋਈ ਸੀ।