‘ਮੌਤ ਦਾ ਸੌਦਾਗਰ’ ਕਿਹਾ ਜਾਣ ਵਾਲਾ ਸ਼ਖਸ ਜਿਸ ਨੂੰ ਰੂਸ ਨੇ ਅਮਰੀਕੀ ਜੇਲ੍ਹ ਤੋਂ ਇਸ ਖਿਡਾਰਨ ਬਦਲੇ ਰਿਹਾਅ ਕਰਾਇਆ

‘ਮੌਤ ਦਾ ਸੌਦਾਗਰ’ ਕਹੇ ਜਾਂਦੇ ਵਿਕਟਰ ਬਾਊਟ ਨੂੰ ਅਮਰੀਕਾ ਨੇ ਐੱਲਜੀਬੀਟੀਕਿਊ ਭਾਈਚਾਰੇ ਨਾਲ ਸਬੰਧਿਤ ਬਾਸਕਿਟਬਾਲ ਖਿਡਾਰਨ ਬ੍ਰਿਟਨੀ ਗ੍ਰਾਈਨਾ ਦੀ ਰਿਹਾਈ ਬਦਲੇ ਛੱਡਿਆ ਹੈ।

ਅਮਰੀਕਾ ਨੇ 12 ਸਾਲ ਤੋਂ ਜ਼ੇਲ੍ਹ ਵਿੱਚ ਬੰਦ ‘ਮੌਤ ਦੇ ਸੌਦਾਗਰ’ ਵੱਜੋ ਜਾਣੇ ਜਾਂਦੇ ਹਥਿਆਰਾਂ ਦੇ ਡੀਲਰ ਵਿਕਟਰ ਬਾਊਟ ਨੂੰ ਰੂਸ ਹਵਾਲੇ ਕਰ ਦਿੱਤਾ ਹੈ।

ਬੀਬੀਸੀ ਰੂਸੀ ਸੇਵਾ ਮੁਤਾਬਕ ਇਸ ਤਹਿਤ ਅਮਰੀਕਾ ਦੀ ਲੈਸਬੀਅਨ ਬਾਸਕਿਟਬਾਲ ਖਿਡਾਰਨ ਬ੍ਰਿਟਨੀ ਗ੍ਰਾਈਨਾ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਹੈ।

ਰੂਸ ਵੱਲੋਂ ਬ੍ਰਿਟਨੀ ਗ੍ਰਾਈਨਾ ਨੂੰ ਅਤੇ ਅਮਰੀਕਾ ਵੱਲੋਂ ਵਿਕਟਰ ਬਾਊਟ ਨੂੰ ਨਿੱਜੀ ਜਹਾਜ਼ਾਂ ਜ਼ਰੀਏ ਆਬੂ ਧਾਬੀ ਹਵਾਈ ਅੱਡੇ 'ਤੇ ਲਿਆਇਆ ਗਿਆ।

ਰੂਸ ਦੀ ਮੀਡੀਆ ਵਿੱਚ ਦੋਵਾਂ ਦੀ ਆਪੋ-ਆਪਣੇ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸਪੁਰਦਗੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।

ਵਿਕਟਰ ਹਥਿਆਰਾਂ ਦੇ ਕਾਰੋਬਾਰੀ ਹਨ ਜੋ ਵੱਡੇ ਪੱਧਰ ’ਤੇ ਗ਼ੈਰ-ਅਧਿਕਾਰਿਤ ਤਰੀਕੇ ਨਾਲ ਹਥਿਆਰਾਂ ਦੀ ਖ਼ਰੀਦੋ ਫ਼ਰੋਖਤ ਦੇ ਇਲਜ਼ਾਮਾਂ ਕਾਰਨ ਚਰਚਾ ਵਿੱਚ ਰਹੇ ਹਨ।

ਅਮਰੀਕਾ ਨੇ ਇੱਕ ਖ਼ੁਫ਼ੀਆ ਕਾਰਵਾਈ ਅਧੀਨ ਵਿਕਟਰ ਨੂੰ 2008 ਵਿੱਚ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਹਿਰਾਸਤ ਵਿੱਚ ਲਿਆ ਸੀ।

ਇਸ ਅਦਲਾ-ਬਦਲੀ ਤੋਂ ਬਾਅਦ ਰੂਸ ਵਿਕਟਰ ਨੂੰ ਮੌਸਕੋ ਅਤੇ ਅਮਰੀਕਾ ਬ੍ਰਿਟਨੀ ਨੂੰ ਵਾਸ਼ਿੰਗਟਨ ਲੈ ਆਇਆ।

ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਫੜੀ ਜਹਾਜ਼ ਤੋਂ ਉਤਰੇ ਵਿਕਟਰ ਦੀ ਗ੍ਰਿਫ਼ਤਾਰੀ ਤੇ ਰਿਹਾਈ ਦੋਵੇਂ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੇ।

ਇਸ ਰਿਪੋਰਟ ਵਿੱਚ ਅਸੀਂ ਜਾਣਾਗੇ ਕਿ ਆਖ਼ਿਰ ਕੌਣ ਹੈ ‘ਮੌਤ ਦਾ ਸੌਦਾਗਰ’ ਵਿਕਟਰ ਜਿਸ ਨੂੰ ਅਮਰੀਕਾ ਨੇ ਗ੍ਰਿਫ਼ਤਾਰ ਕਰਨ ਲਈ ਖੁ਼ਫ਼ੀਆ ਕਾਰਵਾਈ ਕੀਤੀ ਤੇ ਰੂਸ ਨੇ ਸੌਦਾ ਕੀਤਾ।

ਕੀ ਹੈ ਪੂਰਾ ਕੇਸ ?

  • ‘ਮੌਤ ਦਾ ਸੌਦਾਗਰ’ ਕਹੇ ਜਾਂਦੇ ਵਿਕਟਰ ਬਾਊਟ ਨੂੰ ਅਮਰੀਕਾ ਨੇ ਛੱਡਿਆ।
  • ਵਿਕਟਰ ਬਾਊਟ ਦੇ ਬਦਲੇ ਰੂਸ ਨੇ ਬਾਸਕਿਟਬਾਲ ਖਿਡਰਾਨ ਬ੍ਰਿਟਨੀ ਗ੍ਰਾਈਨਾ ਨੂੰ ਰਿਹਾਅ ਕੀਤਾ।
  • ਬਾਊਟ ਅਮਰੀਕਾ ਦੀ ਕੈਦ ਵਿੱਚ 12 ਸਾਲ ਤੱਕ ਰਹੇ।
  • ਦੋਵਾਂ ਨੂੰ ਨਿੱਜੀ ਜਹਾਜ਼ਾਂ ਜ਼ਰੀਏ ਆਬੂ ਧਾਬੀ ਹਵਾਈ ਅੱਡੇ 'ਤੇ ਲਿਆਇਆ ਗਿਆ।
  • ਵਿਕਟਰ ਵੱਡੇ ਪੱਧਰ ’ਤੇ ਗ਼ੈਰ-ਅਧਿਕਾਰਿਤ ਤਰੀਕੇ ਨਾਲ ਹਥਿਆਰਾਂ ਦੀ ਖ਼ਰੀਦੋ ਫ਼ਰੋਖਤ ਦੇ ਇਲਜ਼ਾਮਾਂ ਕਾਰਨ ਚਰਚਾ ’ਚ ਰਹੇ

ਰੂਸ ਅਮਰੀਕਾ ਦਰਮਿਆਨ ਕੈਦੀਆਂ ਨੂੰ ਲੈ ਕੇ ਹੋਇਆ ਸਮਝੌਤਾ

ਖਿਡਾਰਨ ਬ੍ਰਿਟਨੀ ਗ੍ਰਾਈਨਾ ਐੱਲਜੀਬੀਟੀ ਭਾਈਚਾਰੇ ਨਾਲ ਸੰਬਧਿਤ ਹੈ ਜਿਸ ਕੋਲ ਭੰਗ ਦੇ ਪੌਦੇ ਦਾ ਤੇਲ ਹੋਣ ਕਾਰਨ ਮੌਸਕੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਰੂਸ ਲੰਬੇ ਸਮੇਂ ਤੋਂ ਵਿਕਟਰ ਦੀ ਰਿਹਾਈ ਲਈ ਯਤਨ ਕਰ ਰਿਹਾ ਸੀ। ਜਿਸ ਨੂੰ ਛੱਡਣ ਲਈ ਅਮਰੀਕਾ ਤਿਆਰ ਨਹੀਂ ਸੀ।

ਪਰ ਜਦੋਂ ਬ੍ਰਿਟਨੀ ਦੀ ਰਿਹਾਈ ਅਮਰੀਕਾ ਲਈ ਅਹਿਮ ਹੋ ਗਈ ਤਾਂ ਜੋਅ ਬਾਇਡਨ ਨੇ ਜੁਲਾਈ ਮਹੀਨੇ ਰੂਸ ਸਾਹਮਣੇ ਕੈਦੀਆਂ ਦੀ ਅਦਲਾ-ਬਦਲੀ ਦਾ ਪ੍ਰਸਤਾਵ ਰੱਖਿਆ।

ਜਦੋਂ ਇਹ ਸਮਝੌਤਾ ਹੋ ਰਿਹਾ ਸੀ, ਅਮਰੀਕਾ ਵਿਕਟਰ ਬਾਊਟ ਦੇ ਬਦਲੇ, ਬ੍ਰਿਟਨੀ ਦੇ ਨਾਲ-ਨਾਲ ਸਾਬਕਾ ਮਰੀਨ ਪੌਲ ਵੈਲਾਨ ਦੀ ਰਿਹਾਈ ਵੀ ਕਰਾਉਣਾ ਚਾਹੁੰਦਾ ਸੀ।

ਪਰ ਰੂਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਪੌਲ ਦੇ ਪਰਿਵਾਰ ਦੀਆਂ ਆਸਾਂ ਪੂਰੀਆਂ ਨਾ ਹੋ ਸਕੀਆਂ।

ਪੌਲ ਵੈਲਾਨ ਨੂੰ 2018 ਵਿੱਚ ਜਾਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਰ ਸਿਰੇ ਚੜ੍ਹੀ ਡੀਲ ਮੁਤਾਬਕ, ਬ੍ਰਿਟਨੀ ਗ੍ਰਾਈਨਾ ਦੀ ਰਿਹਾਈ ਬਦਲੇ ਬਾਈਡਨ ਨੇ ਵਿਕਟਰ ਬਾਊਟ ਦੀ 25 ਸਾਲ ਕੈਦ ਦੀ ਸਜ਼ਾ ਨੂੰ ਘਟਾਉਂਦਿਆਂ ਉਸ ਨੂੰ ਛੱਡਣ ’ਤੇ ਸਹਿਮਤੀ ਜਤਾ ਦਿੱਤੀ।

ਇਹ ਵੀ ਪੜ੍ਹੋ :

‘ਮੌਤ ਦਾ ਸੌਦਾਗਰ’ ਕਿਹਾ ਜਾਣ ਵਾਲਾ ਵਿਕਟਰ ਬਾਊਟ ਕੌਣ ਹੈ?

ਵਿਕਟਰ ਬਾਊਟ ਦੁਨੀਆ ਦੇ ਸਭ ਤੋਂ ਵੱਡੇ ਤੇ ਹਥਿਆਰਾਂ ਦੇ ਵਪਾਰੀਆਂ ਵਿੱਚੋਂ ਇੱਕ ਹੈ।

ਉਸ ਨੂੰ 'ਮੌਤ ਦਾ ਸੌਦਾਗਰ' ਵੀ ਕਿਹਾ ਜਾਂਦਾ ਹੈ।

ਸਾਲ 2005 ਵਿੱਚ ਵਿਕਟਰ ਦੀ ਜ਼ਿੰਦਗੀ ਤੋਂ ਪ੍ਰੇਰਿਤ ਹਾਲੀਵੁੱਡ ਫ਼ਿਲਮ ‘ਲੌਰਡ ਆਫ਼ ਵਾਰ’ ਵੀ ਬਣੀ ਸੀ।

2008 ਵਿੱਚ ਅਮਰੀਕਾ ਦੀ ਖੂਫੀਆ ਕਾਰਵਾਈ ਦੌਰਾਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਵਿਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੋ ਸਾਲ ਬਾਅਦ ਵਿਕਟਰ ਨੂੰ ਅਮਰੀਕਾ ਲੈ ਕੇ ਆਇਆ ਗਿਆ।

ਸਾਲ 2010 ਵਿੱਚ ਉਨ੍ਹਾਂ ਨੂੰ ਅੱਤਵਾਦੀਆਂ ਦੀ ਮਦਦ ਕਰਨ 'ਤੇ ਅਮਰੀਕੀਆਂ ਨੂੰ ਮਾਰਨ ਦੀ ਸਾਜ਼ਿਸ਼ ਦੇ ਇਲਜ਼ਾਮਾਂ ਦਾ ਸਾਹਮਣਾ ਕਰਦਿਆਂ 12 ਸਾਲ ਤੱਕ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਕੀਤਾ।

ਬਾਊਟ ਦਾ ਦਾਅਵਾ ਸੀ ਕਿ ਉਸ ਨੂੰ ਗ਼ਲਤ ਢੰਗ ਨਾਲ ਸਾਊਥ ਅਮਰੀਕੀ ਬਾਗ਼ੀਆਂ ਨੂੰ ਹਥਿਆਰ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ।

ਪਰ ਨਿਊਯਾਰਕ ਦੀ ਅਦਾਲਤ ਨੇ ਉਸ ਦੀਆਂ ਦਲੀਲਾਂ ਨਹੀਂ ਮੰਨੀਆਂ।

ਉਸ ਨੂੰ ਅਮਰੀਕੀ ਨਾਗਰਿਕਾਂ ਤੇ ਅਧਿਕਾਰੀਆਂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਇੱਕ ਅੱਤਵਾਦੀ ਸੰਗਠਨ ਨੂੰ ਐਂਟੀ-ਏਅਰਕਰਾਫਟ ਮਿਜ਼ਾਇਲਾਂ ਮੁਹੱਈਆ ਕਰਵਾਉਣ ਦਾ ਦੋਸ਼ੀ ਮੰਨਦਿਆਂ ਅਪ੍ਰੈਲ 2012 ਵਿੱਚ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

ਤਿੰਨ ਹਫ਼ਤੇ ਚੱਲੇ ਟ੍ਰਾਇਲ ਦੌਰਾਨ ਸਾਹਮਣੇ ਆਇਆ ਕਿ ਬਾਊਟ ਨੂੰ ਦੱਸਿਆ ਗਿਆ ਸੀ ਕਿ ਹਥਿਆਰ ਕੋਲੰਬੀਅਨ ਅਧਿਕਾਰੀਆਂ ਨਾਲ ਕੰਮ ਕਰ ਰਹੇ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਲਈ ਵਰਤੇ ਜਾਣੇ ਹਨ।

ਸਰਕਾਰੀ ਵਕੀਲ ਮੁਤਾਬਕ ਉਸ ਵੇਲੇ ਬਾਊਟ ਦਾ ਜਵਾਬ ਸੀ, ‘ਸਾਡਾ ਦੁਸ਼ਮਣ ਇੱਕੋ ਹੀ ਹੈ’।

 ਵਿਕਟਰ ਬਾਊਟ ਦਾ ਜਨਮ ਸੋਵੀਅਤ ਰਾਜ ਅਧੀਨ ਪੈਂਦੇ ਤਜ਼ਾਕਿਸਤਾਨ ਵਿੱਚ ਹੋਇਆ ਸੀ।

ਸੋਵੀਅਤ ਰੂਸ ਦੇ ਟੁੱਟਣ ਤੋਂ ਬਾਅਦ 1990 ਵਿੱਚ ਵਿਕਟਰ ਨੇ ਹਵਾਈ ਆਵਾਜਾਈ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

ਸੁਰੱਖਿਆ ਮਾਹਿਰ ਡਾਊਗਲਜ਼ ਫਾਰਾਹ ਅਤੇ ਸਟੀਫਨ ਬਰੌਨ ਨੇ 2007 ਵਿੱਚ ਉਸ ਬਾਰੇ 'ਮਰਚੈਂਟ ਆਫ਼ ਡੈੱਥ' ਨਾਂ ਦੀ ਕਿਤਾਬ ਲਿਖੀ।

ਇਸ ਵਿੱਚ ਲਿਖਿਆ ਗਿਆ ਕਿ ਬਾਊਟ ਨੇ 1990 ਵਿੱਚ ਮਿਲਟਰੀ ਜਹਾਜ਼ਾਂ ਨੂੰ ਵਰਤ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ।

ਕਿਹਾ ਜਾਂਦਾ ਹੈ ਕਿ ਅਫ਼ਰੀਕਾ ਦੇ ਜੰਗੀ ਖੇਤਰਾਂ ਵਿੱਚ ਮੋਹਰੀ ਕੰਪਨੀਆਂ ਜ਼ਰੀਏ ਬਾਊਟ ਨੇ ਹਥਿਆਰ ਸਪਲਾਈ ਕਰਨੇ ਸ਼ੁਰੂ ਕੀਤੇ ਸਨ।

ਸੰਯੁਕਤ ਰਾਸ਼ਟਰ ਨੇ ਵਿਕਟਰ ਬਾਊਟ ਨੂੰ ਅਫਰੀਕੀ ਮੁਲਕ ਲਾਈਬੇਰੀਆ ਦੇ ਰਾਸ਼ਟਰਪਤੀ ਚਾਰਲਜ਼ ਟੇਲਰ ਦਾ ਸਾਥੀ ਦੱਸਿਆ।

ਟੇਲਰ ਨੂੰ ਵੀ 2012 ਵਿੱਚ, ਸੀਏਰਾ ਲਿਓਨ ਸਿਵਲ ਜੰਗ ਦੌਰਾਨ ਜੰਗੀ ਜੁਰਮ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਸੰਯੁਕਤ ਰਾਸ਼ਟਰ ਦੇ ਦਸਤਾਵੇਜ਼ਾਂ ਮੁਤਾਬਕ ਬਾਊਟ ਇੱਕ ਕਾਰੋਬਾਰੀ ਹੈ, ਹਥਿਆਰਾਂ ਤੇ ਖਣਿਜਾਂ ਦਾ ਡੀਲਰ ਅਤੇ ਟਰਾਂਸਪੋਰਟਰ ਹੈ।

ਉਸ ਨੇ ਸੀਅਰਾ ਲਿਓਨ ਵਿੱਚ ਅਸਥਿਰਤਾ ਫੈਲਾਉਣ ਅਤੇ ਨਜਾਇਜ਼ ਤਰੀਕੇ ਨਾਲ ਹੀਰੇ ਹਾਸਲ ਕਰਨ ਲਈ ਸਾਬਕਾ ਰਾਸ਼ਟਰਪਤੀ ਟੇਲਰ ਦੇ ਸ਼ਾਸਨ ਦੀ ਮਦਦ ਕੀਤੀ।

ਮਿਡਲ ਈਸਟ ਵਿੱਚ ਮੀਡੀਆ ਰਿਪੋਰਟਾਂ ਮੁਤਾਬਕ ਉਹ ਤਾਲਿਬਾਨ ਅਤੇ ਅਲ-ਕਾਇਦਾ ਨੂੰ ਵੀ ਹਥਿਆਰ ਸਪਲਾਈ ਕਰਦਾ ਰਿਹਾ ਹੈ।

ਅਮਰੀਕਾ ਨੇ ਉਸ ਖ਼ਿਲਾਫ਼ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਸਨ।

ਸਾਲ 2006 ਵਿੱਚ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ ਪਰ ਅਜਿਹਾ ਕੋਈ ਕਾਨੂੰਨ ਨਹੀਂ ਸੀ ਜਿਸ ਤਹਿਤ ਉਸ 'ਤੇ ਅਮਰੀਕਾ ਵਿੱਚ ਕੇਸ ਚਲਾਇਆ ਜਾ ਸਕੇ।

ਫਿਰ 2008 ਵਿੱਚ ਅਮਰੀਕਾ ਦੇ ਅਧਿਕਾਰੀ ਕੋਲੰਬੀਆ ਦੇ ਬਾਗ਼ੀਆਂ ਲਈ ਖ਼ਰੀਦਦਾਰ ਬਣ ਕੇ ਬਾਊਟ ਨਾਲ ਰਾਬਤੇ ਵਿੱਚ ਆਏ।

ਅੰਡਰਕਵਰ ਅਫਸਰਾਂ ਨੇ ਬਾਗ਼ੀਆਂ ਤੱਕ ਹਥਿਆਰ ਪਹੁੰਚਾਉਣ ਬਾਰੇ ਗੱਲਬਾਤ ਕੀਤੀ।

ਇਸ ਕਾਰਵਾਈ ਦੌਰਾਨ ਥਾਈ ਅਧਿਕਾਰੀਆਂ ਨੇ ਬਾਊਟ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਅਮਰੀਕਾ ਲੈ ਕੇ ਜਾਣ ਲਈ ਕਾਨੂੰਨੀ ਕਾਰਵਾਈ ਅਰੰਭੀ ਗਈ।

ਬਾਊਟ ਨੇ ਉਸ ਖ਼ਿਲਾਫ਼ ਅਮਰੀਕਾ ਵਿੱਚ ਚਲਾਏ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।

ਰੂਸ ਨੇ ਵੀ ਕਾਨੂੰਨੀ ਕਾਰਵਾਈਆਂ ਵਿੱਚ ਉਸ ਨੂੰ ਸਹਿਯੋਗ ਦਿੱਤਾ ਅਤੇ ਥਾਈਲੈਂਡ ਦੀ ਅਦਾਲਤ ਦੇ ਫ਼ੈਸਲੇ ਨੂੰ ਸਿਆਸੀ ਅਤੇ ਬੇਇਨਸਾਫ਼ੀ ਦੱਸਿਆ।

ਹੁਣ 12 ਸਾਲ ਬਾਅਦ ਬਾਊਟ ਘਰ ਪਰਤਿਆ ਹੈ।

ਅਮਰੀਕੀ ਖਿਡਾਰਨ ਬ੍ਰਿਟਨੀ ਗ੍ਰਾਈਨਾ

ਬ੍ਰਿਟਨੀ ਨੂੰ ਕਰੀਬ 10 ਮਹੀਨੇ ਰੂਸ ਦੀ ਕਸਟਡੀ ਵਿੱਚ ਰਹਿਣ ਬਾਅਦ ਰਿਹਾਅ ਕੀਤਾ ਗਿਆ ਹੈ।

ਬ੍ਰਿਟਨੀ ਅਮਰੀਕਾ ਦੀ ਮੰਨੀ ਪ੍ਰੰਮਨੀ ਬਾਸਕਿਟਬਾਲ ਖਿਡਾਰਨ ਹੈ।

32 ਸਾਲਾ ਬ੍ਰਿਟਨੀ ਅਮਰੀਕਾ ਦੀ ਵੂਮਨ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਦੀ ਸਟਾਰ ਖਿਡਾਰਨ ਹੈ।

ਅਮਰੀਕਾ ਵਿੱਚ ਬਾਸਕਿਟਬਾਲ ਸੀਜ਼ਨ ਨਾ ਹੋਣ ਕਾਰਨ ਉਹ ਖੇਡਣ ਲਈ ਰੂਸ ਗਈ ਸੀ, ਜਿੱਥੋਂ ਵਾਪਸੀ ਵੇਲੇ ਉਸ ਕੋਲੋਂ ਭੰਗ ਦੇ ਪੌਦੇ ਦਾ ਤੇਲ ਮਿਲਣ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਯੁਕਰੇਨ 'ਤੇ ਰੂਸ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ 17 ਫ਼ਰਵਰੀ ਨੂੰ ਇਹ ਖਿਡਾਰਨ ਮੌਸਕੋ ਏਅਰਪੋਰਟ ਤੋਂ ਲਾਪਤਾ ਹੋ ਗਈ ਸੀ।

ਫਿਰ ਉਸ ਕੋਲ ਭੰਗ ਦੇ ਪੌਦੇ ਦਾ ਤੇਲ ਹੋਣ ਦੇ ਇਲਜ਼ਾਮ ਲੱਗੇ ਅਤੇ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

ਬ੍ਰਿਟਨੀ ਦਾ ਜਨਮ ਅਮਰੀਕਾ ਦੇ ਟੈਕਸਾਸ ਵਿੱਚ 18 ਅਕਤੂਬਰ, 1990 ਨੂੰ ਹੋਇਆ ਸੀ।

ਉਸ ਦੇ ਪਿਤਾ ਵੀਅਤਨਾਮ ਯੁੱਧ ਵਿੱਚ ਅਮਰੀਕੀ ਮਰੀਨ ਵਜੋਂ ਸ਼ਾਮਲ ਰਹੇ ਹਨ।

ਇਸ ਖਿਡਾਰਨ ਦਾ ਕੱਦ 6 ਫੁੱਟ, 9 ਇੰਚ ਹੈ।

ਲੰਬੇ ਕੱਦ ਅਤੇ ਮੁੰਡਿਆਂ ਵਰਗੀ ਨਜ਼ਰ ਆਉਣ ਕਰਕੇ ਬਚਪਨ ਵਿੱਚ ਉਸ ਨੂੰ ਮਜ਼ਾਕ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। 

ਸਵੈ-ਜੀਵਨੀ ਵਿੱਚ ਉਸ ਨੇ ਲਿਖਿਆ ਕਿ ਉਹ ਖੁਦ ਨੂੰ ਲੁਕਾਉਣਾ ਚਾਹੁੰਦੀ ਸੀ ਪਰ ਲੰਬੇ ਕੱਦ ਕਾਰਨ ਬਾਸਕਿਟ ਬਾਲ ਵਿੱਚ ਉਸ ਦੀ ਅਦਭੁਤ ਕਾਬਲੀਅਤ ਪ੍ਰਤੱਖ ਨਜ਼ਰ ਆਉਂਦੀ ਸੀ। 

ਜੂਨੀਅਰ ਸੀਜ਼ਨ ਦੌਰਾਨ ਉਸ ਵੱਲੋਂ ਬਾਸਕਿਟ ਵਿੱਚ ਬਾਲ ਪਾਉਣ ਦੀਆਂ ਵੀਡੀਓਜ਼ ਦੇ ਸੰਕਲਨ ਵਾਲੀ ਯੂਟਿਊਬ ਵੀਡੀਓ ਨੂੰ 6.6 ਮਿਲੀਅਨ ਵਾਰ ਦੇਖਿਆ ਗਿਆ।

ਇਸੇ ਦੇ ਚਲਦਿਆਂ ਐੱਲਏ ਲੇਕਰਜ਼ ਦੇ ਸਟਾਰ ਖਿਡਾਰੀ ਸ਼ੇਕੁਇਲ ਓ ਨੀਲ ਨਾਲ ਵੀ ਉਸ ਦੀ ਮੁਲਾਕਾਤ ਹੋਈ। 

22 ਸਾਲ ਦੀ ਉਮਰ ਵਿੱਚ ਉਸ ਦੇ ਸਮਲਿੰਗੀ ਹੋਣ ਬਾਰੇ ਪਤਾ ਲੱਗਿਆ।

ਉਹ ਦੁਨੀਆ ਵਿੱਚ ਮੰਨੀ ਪ੍ਰੰਮਨੀਂ ਐੱਲਜੀਬੀਟੀ ਅਥਲੀਟ ਬਣ ਕੇ ਉੱਭਰੀ। 

ਸਾਲ 2019 ਵਿੱਚ ਉਸ ਨੇ ਆਪਣੀ ਪਾਰਟਨਰ ਸ਼ੈਰੇਲ ਵਾਟਸਨ ਨਾਲ ਵਿਆਹ ਕਰਵਾਇਆ। 

ਬ੍ਰਿਟਨੀ ਗ੍ਰਿਨਰ ਵੂਮਨ ਨੈਸ਼ਨਲ ਬਾਸਕਿਟ ਬਾਲ ਐਸੋਸੀਏਸ਼ਨ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ।

ਅੱਠ ਡਬਲਿਊਐੱਨਬੀਏ ਆਲ-ਸਟਾਰ ਐਵਾਰਡ, ਚਾਰ ਯੂਰੋ ਲੀਗ ਟਾਈਟਲ ਅਤੇ ਦੋ ਵਾਰ ਉਲੰਪਿਕ ਗੋਲ਼ਡ ਮੈਡਲ ਜਿੱਤ ਚੁੱਕੀ ਹੈ। 

ਯੂਰੋ ਲੀਗ ਟੀਮ ਯੂਐੱਮਐੱਮਸੀ ਏਕਾਤਿਨਬਰਗ ਲਈ ਖੇਡਣ ਲਈ ਹੀ ਉਹ ਰੂਸ ਗਈ ਸੀ, ਜਿੱਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।