ਕੀ ਭਾਰਤ ਵਿੱਚ ਬੇਰਹਿਮੀ ਨਾਲ ਹੋ ਰਹੇ 'ਕਾਪੀਕੈਟ ਕਤਲਾਂ' ਦੀ ਗਿਣਤੀ ਵੱਧ ਰਹੀ ਹੈ, ਕਿਵੇਂ ਮਿਲਦੇ ਹਨ ਇਨ੍ਹਾਂ ਦੇ ਸੁਰਾਗ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਕਰੀਬ 30 ਸਾਲ ਪਹਿਲਾਂ ਦਿੱਲੀ ਵਿੱਚ ਇੱਕ ਵਿਗਿਆਨੀ ਨੇ ਲੜਾਈ ਤੋਂ ਬਾਅਦ ਆਪਣੀ ਪਤਨੀ ਦੀ ਹੱਤਿਆ ਕਰਕੇ ਉਸ ਦੇ ਸਰੀਰ ਦੇ ਟੁਕੜੇ ਟਰੰਕ ਵਿੱਚ ਪਾ ਦਿੱਤੇ ਸਨ।

ਇਸ ਤੋਂ ਬਾਅਦ ਉਹ ਟਰੰਕ ਲੈ ਕੇ ਭੀੜ ਵਾਲੀ ਟਰੇਨ ਵਿੱਚ 1500 ਕਿਲੋਮੀਟਰ ਦੂਰ ਹੈਦਰਾਬਾਦ ਪਹੁੰਚਿਆ।

ਉੱਥੇ ਉਸ ਨੇ ਇੱਕ ਹੋਟਲ ਲਿਆ ਅਤੇ ਅਗਲੇ ਕੁਝ ਦਿਨਾਂ ਤੱਕ ਸਰੀਰ ਦੇ ਟੁੱਕੜਿਆਂ ਨੂੰ ਇੱਕ-ਇੱਕ ਕਰਕੇ ਝੀਲ ਦੀ ਦਲਦਲ ਵਿੱਚ ਦਬਾਉਣਾ ਸ਼ੁਰੂ ਕਰ ਦਿੱਤਾ।

ਸੰਯੋਗ ਨਾਲ ਇੱਕ ਦਿਨ ਭੋਜਨ ਦੀ ਤਲਾਸ਼ ਵਿੱਚ ਫ਼ਿਰਦੇ ਇੱਕ ਕੁੱਤੇ ਨੂੰ ਇਨਸਾਨ ਦਾ ਕੱਟਿਆ ਹੋਇਆ ਹੱਥ ਮਿਲਿੀਆ।

ਕੁੱਤਾ ਇਸ ਨੂੰ ਦਲਦਲ ਵਿੱਚੋਂ ਖਿੱਚ ਲਿਆਇਆ।

ਇਸ ਮਾਮਲੇ ਦੀ ਜਾਂਚ ਕਰਨ ਵਾਲੇ ਦਿੱਲੀ ਪੁਲਿਸ ਦੇ ਅਧਿਕਾਰੀ ਦੀਪੇਂਦਰ ਪਾਠਕ ਕਹਿੰਦੇ ਹਨ, “ਉਸ ਵਿਅਕਤੀ ਨੇ ਸਰੀਰ ਦੇ ਟੁੱਕੜੇ ਕੀਤੇ ਅਤੇ ਸਬੂਤ ਖ਼ਤਮ ਕਰਨ ਲਈ ਸ਼ਹਿਰ ਤੋਂ ਬਾਹਰ ਲੈ ਗਿਆ।''

''ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਖ਼ਤਮ ਕਰਨ ਵਿੱਚ ਕੁਝ ਵੀ ਨਵਾਂ ਨਹੀਂ ਹੈ। ਪਰ ਸਾਨੂੰ ਹੈਰਾਨੀ ਸੀ ਕਿ ਕਿਤੇ ਲਾਸ਼ ਦੇ ਟੁੱਕੜਿਆਂ ਨੂੰ ਠਿਕਾਣੇ ਲਗਾਉਣ ਦਾ ਇਹ ਤਰੀਕਾ ਕਿਸੇ ਕਿਤਾਬ ਜਾਂ ਫ਼ਿਲਮ ਤੋਂ ਤਾਂ ਨਹੀਂ ਲਿਆ ਗਿਆ ਸੀ।”

ਕਤਲ ਨਕਲ ਦਾ ਨਤੀਜਾ ਤਾਂ ਨਹੀਂ?

ਪਿਛਲੇ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਭਾਰਤੀ ਮੀਡੀਆ ਵਿੱਚ ਸੁਰਖੀਆਂ ਬਣੀਆਂ ਹੋਈਆਂ ਹਨ।

ਇਸ ਨੇ ਉਹਨਾਂ ਸੰਭਾਵਨਾਵਾਂ ਨੂੰ ਹਵਾ ਦਿੱਤੀ ਕਿ ਕਿਤੇ ਕਤਲ ਹੂਬਹੂ ਨਕਲ ਦਾ ਨਤੀਜਾ ਤਾਂ ਨਹੀਂ ਹੈ ?

ਹਰ ਇੱਕ ਮਾਮਲੇ ਵਿੱਚ ਪੀੜਤ ਦੀ ਹੱਤਿਆ ਕਰ ਦਿੱਤੀ ਗਈ ਸੀ।

ਉਸ ਦੀ ਲਾਸ਼ ਦੇ ਟੁਕੜੇ- ਟੁਕੜੇ ਕਰ ਦਿੱਤੇ ਗਏ। ਇਸ ਤੋਂ ਬਾਅਦ ਇਨ੍ਹਾਂ ਅੰਗਾਂ ਨੂੰ ਦੂਰ-ਦੁਰਾਡੇ ਸੁੰਨਸਾਨ ਥਾਵਾਂ, ਦੂਰ ਸੜਕਾਂ ਜਾਂ ਜੰਗਲਾਂ ਵਿੱਚ ਸੁੱਟ ਦਿੱਤਾ ਜਾਂਦਾ ਸੀ।

ਭਾਰਤ ਵਿੱਚ ਅਪਰਾਧਿਕ ਅੰਕੜੇ ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੰਦੇ।

ਇਕੱਲੇ ਸਾਲ 2021 ਵਿੱਚ 29,000 ਤੋਂ ਵੱਧ ਕਤਲ ਦੇ ਮਾਮਲੇ ਦਰਜ ਕੀਤੇ ਗਏ ਜੋ ਸਾਲ 2020 ਦੇ ਮੁਕਾਬਲੇ 0.3% ਵੱਧ ਸਨ।

ਜ਼ਿਆਦਾਤਰ ਕਤਲ ਦੇ ਕੇਸਾਂ ਵਿੱਚ 'ਨਿਜੀ ਬਦਲਾਖੋਰੀ ਜਾਂ ਦੁਸ਼ਮਣੀ ਅਤੇ ਪੈਸੇ ਦੇ ਲੈਣ-ਦੇਣ' ਨਾਲ ਜੁੜੇ 'ਵਿਵਾਦ' ਮੁੱਖ ਕਾਰਨ ਸਨ।

ਸਾਨੂੰ ਇਸ ਬਾਰੇ ਪਤਾਂ ਨਹੀਂ ਕਿ ਇਨ੍ਹਾਂ ਵਿੱਚੋਂ ਕਿੰਨੇ ਪੀੜਤਾਂ ਦੇ ਟੁਕੜੇ ਕੀਤੇ ਗਏ ਸਨ ਜਾਂ ਕਤਲ ਲਈ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ।

ਨਕਲ ਅਪਰਾਧ ਕੀ ਹੈ ?

  • ਨਕਲ ਅਪਰਾਧ ਜਿਹੇ ਕੇਸਾਂ ਦੀਆਂ ਖ਼ਬਰਾਂ ਮੀਡੀਆ ਵਿੱਚ ਸੁਰਖੀਆਂ ਬਣੀਆ।
  • ਲਾਸ਼ ਦੇ ਟੁਕੜੇ-ਟੁਕੜੇ ਕਰਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ ਜਾਂਦੇ ਹਨ।
  • ਭਾਰਤ ਵਿੱਚ ਅਪਰਾਧਿਕ ਅੰਕੜੇ ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੰਦੇ।
  • ਜ਼ਿਆਦਾਤਰ ਕਤਲ ਦੇ ਕੇਸਾਂ ਵਿੱਚ ਨਿਜੀ ਬਦਲਾਖੋਰੀ ਤੇ ਪੈਸੇ ਦੇ ਲੈਣ-ਦੇਣ ਕਾਰਨ ਬਣੇ।
  • ਅਪਰਾਧ ਬਾਰੇ ਮੀਡੀਆ ਦੀ ਕਰਵੇਜ ਨੂੰ ਵੀ ਮਹੱਤਵਪੂਰਨ ਮੰਨਿਆਂ ਜਾਂਦਾ ਹੈ।

ਸਨਸਨੀਭਰੀ ਰਿਪੋਰਟਿੰਗ ਦਾ ਅਸਰ

ਮੀਡੀਆ ਵਿੱਚ ਅਪਰਾਧ ਦੀ ਕਰਵੇਜ ਨਾਲ ਲੋਕਾਂ ਉਪਰ ਕੀ ਅਸਰ ਪੈਂਦਾ ਹੈ, ਇਸ ਬਾਰੇ ਖੋਜ ਕਰਨ ਵਾਲੇ ਲੌਰੇਨ ਕੋਲਮੈਨ ਕਹਿੰਦੇ ਹਨ, “ਹੂਬਹੂ ਕਤਲ ਅਤੇ ਕਤਲ ਤੋਂ ਬਾਅਦ ਖੁਦਕੁਸ਼ੀ ਅਸਲੀਅਤ ਹੈ। ਮੀਡੀਆ ਨਕਲ ਕਰਨ ਦੇ ਤਰੀਕੇ ਨੂੰ ਫੈਲਾਉਣ ਦਾ ਕੰਮ ਕਰਦਾ ਹੈ।”

ਅਜਿਹਾ ਲੱਗਦਾ ਹੈ ਕਿ ਆਪਣੀ ਪਾਟਨਰ ਸ਼੍ਰਧਾ ਵਾਲਕਰ ਦੀ ਹੱਤਿਆ ਦਾ ਮੁਲਜ਼ਮ ਆਫ਼ਤਾਬ ਪੂਨਾਵਾਲਾ ਇੱਕ ਅਮਰੀਕੀ ਕਰਾਇਮ ਡਰਾਮੇ 'ਡੈਕਸਟਰ' ਤੋਂ ਪ੍ਰਭਾਵਿਤ ਸੀ।

ਨਾਟਕ ਵਿੱਚ ਇੱਕ ਫੋਰੈਂਸਿਕ ਮਾਹਰ ਦਾ ਕਿਰਦਾਰ ਦਿਖਾਇਆ ਗਿਆ ਹੈ ਜੋ ਖੂਨ ਦੇ ਛਿੱਟਿਆਂ ਦੀ ਫੋਰੈਂਸਿਕ ਜਾਂਚ ਦਾ ਕੰਮ ਕਰਦਾ ਸੀ।

ਉਹ ਰਾਤ ​​ਨੂੰ ਇੱਕ ਸੀਰੀਅਲ ਕਿਲਰ ਬਣ ਜਾਂਦਾ ਹੈ।

ਪੁਲਿਸ ਦਾ ਦਾਅਵਾ ਹੈ ਕਿ ਪੂਨਾਵਾਲਾ ਨੇ ਵਾਲਕਰ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਸੀ।

ਉਸ ਦੀ ਲਾਸ਼ ਦੇ 36 ਟੁਕੜੇ ਕੀਤੇ, ਫਿਰ ਉਨ੍ਹਾਂ ਨੂੰ ਫ਼ਰਿੱਜ ਵਿੱਚ ਲੁਕੋ ਦਿੱਤਾ ਅਤੇ ਉਸ ਤੋਂ ਬਾਅਦ ਆਪਣੇ ਘਰ ਦੇ ਨੇੜੇ ਜੰਗਲ ਵਿੱਚ ਸੁੱਟ ਦਿੱਤੇ।

ਅਪਰਾਧਿਕ ਮਨੋਵਿਗਿਆਨੀ ਅਨੁਜਾ ਕਪੂਰ ਦਾ ਕਹਿਣਾ ਹੈ, "ਇਸ ਤਰ੍ਹਾਂ ਦੀਆਂ ਹੱਤਿਆਵਾਂ ਨੂੰ ਸਨਸਨੀਖੇਜ਼ ਬਣਾਉਣ ਨਾਲ ਲੋਕਾਂ ਵਿੱਚ ਇੱਕ ਹਿਸਟੀਰੀਆ ਪੈਦਾ ਹੋ ਸਕਦਾ ਹੈ ਅਤੇ ਇਹ ਪ੍ਰਚਾਰ ਇਸ ਤਰ੍ਹਾਂ ਦੀਆਂ ਹੱਤਿਆਵਾਂ ਨੂੰ ਪ੍ਰੇਰਿਤ ਕਰ ਸਕਦਾ ਹੈ।"

ਹਾਲਾਂਕਿ ਪੁਲਿਸ ਅਤੇ ਅਪਰਾਧ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਭਾਰਤ ਵਿੱਚ 'ਫ਼ਰਿਜ ਅਤੇ ਸੂਟਕੇਸ ਕਤਲ' ਦੇ ਮਾਮਲੇ ਨਕਲ ਅਪਰਾਧ ਹਨ ਜਿੰਨ੍ਹਾਂ ਨੂੰ ਮੀਡੀਆ ਨੇ ਸਨਸਨੀਖੇਜ਼ ਬਣਾਇਆ।”

ਪਾਠਕ ਕਹਿੰਦੇ ਹਨ, “ਨਕਲ ਅਪਰਾਧ ਅਸਲੀਅਤ ਹੈ। ਪਰ ਮੇਰਾ ਤਜਰਬਾ ਕਹਿੰਦਾ ਹੈ ਕਿ ਸਬੂਤਾਂ ਨੂੰ ਖਤਮ ਕਰਨ ਦੇ ਤਰੀਕੇ, ਅਪਰਾਧ ਦੀ ਨਕਲ ਦੀ ਬਜਾਏ ਫ਼ਿਲਮਾਂ ਅਤੇ ਨਾਵਲਾਂ ਤੋਂ ਪ੍ਰੇਰਿਤ ਹੁੰਦੇ ਹਨ।”

ਕਿਸੇ ਲਈ ਵੀ ਕਤਲ ਕਰਨ ਤੋਂ ਬਾਅਦ ਸਬੂਤ ਖ਼ਤਮ ਕਰਨ ਲਈ ਲਾਸ਼ ਦੇ ਟੁਕੜੇ ਕਰਨਾ ਇੱਕ ਪੁਰਾਣਾ ਅਤੇ ਆਮ ਤਰੀਕਾ ਹੈ।

ਬੁਰੀਆਂ ਖ਼ਬਰਾਂ ਨੂੰ ਲੈ ਕੇ ਮੀਡੀਆ ਦੀ ਸਨਸਨੀਖੇਜ਼ ਰਿਪੋਰਟਿੰਗ ਨਾਲ ਆਮ ਅਪਰਾਧਾਂ ਦੀ ਕਵਰੇਜ ਵੱਧ ਜਾਂਦੀ ਹੈ।

ਇਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਅਜਿਹੇ ਕਤਲ ਵੱਧ ਰਹੇ ਹਨ।

ਦਿੱਲੀ ਦੇ ਏਮਜ਼ ਵਿੱਚ ਫੋਰੈਂਸਿਕ ਮੈਡੀਸਨ ਦੇ ਹੈੱਡ ਸੁਧੀਰ ਕੇ ਗੁਪਤਾ ਕਹਿੰਦੇ ਹਨ, “ਕਤਲ ਕਰਕੇ ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਕੇਸ ਮੁਕਾਬਲਾਤਨ ਘੱਟ ਹੁੰਦੇ ਹਨ ਪਰ ਇਹ ਹਰ ਸਮੇਂ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਅਜਿਹੇ ਕੇਸਾਂ ਦੀ ਰਿਪੋਰਟਿੰਗ ਘੱਟ ਹੁੰਦੀ ਹੈ। ਮੈਂ ਕਤਲ ਅਤੇ ਲਾਸ਼ ਨੂੰ ਖ਼ਤਮ ਕਰਨ ਵਾਲੇ ਤਿੰਨ ਮਾਮਲਿਆਂ ਨੂੰ ਦੇਖ ਰਿਹਾ ਹਾਂ। ਇਹਨਾਂ ਦੀ ਮੀਡੀਆ ਵਿੱਚ ਰਿਪੋਰਟਿੰਗ ਹੋਈ ਹੈ।”

ਅਜਿਹੇ ਕਤਲਾਂ ਦੇ ਸਬੂਤ ਕਿੱਥੋਂ ਮਿਲਦੇ ਹਨ?

ਤਿੰਨ ਦਹਾਕੇ ਪਹਿਲਾਂ ਜਦੋਂ ਡਾਕਟਰ ਗੁਪਤਾ ਨੇ ਫੋਰੈਂਸਿਕ ਸਰਜਨ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਹਨਾਂ ਸਾਹਮਣੇ ਅਜਿਹੇ ਮਾਮਲੇ ਆਏ ਜਿੰਨ੍ਹਾਂ ਵਿੱਚ ਪੀੜਤਾਂ ਨੂੰ ਘਰ ਤੋਂ ਬਾਹਰ ਬੁਲਾਇਆ ਗਿਆ ਸੀ।

ਸੁਨਸਾਨ ਥਾਂ ਉੱਪਰ ਉਹਨਾਂ ਦੀ ਹੱਤਿਆ ਕੀਤੀ ਗਈ। ਲਾਸ਼ਾਂ ਨੂੰ ਜੰਗਲਾਂ ਵਿੱਚ ਸੁੱਟ ਦਿੱਤਾ ਗਿਆ। ਜਿਵੇਂ -ਜਿਵੇਂ ਦੇਸ਼ ਵਿੱਚ ਸ਼ਹਿਰੀਕਰਨ ਵਧਿਆ ਅਤੇ ਪਰਿਵਾਰ ਛੋਟੇ ਹੁੰਦੇ ਗਏ ਤਾਂ ਛੋਟੇ ਘਰਾਂ ਵਿੱਚ ਕਤਲ ਵੱਧ ਹੋਣ ਲੱਗ ਪਏ।

ਕੁਝ ਮਾਮਲਿਆਂ ਵਿੱਚ ਤਾਂ ਲਾਸ਼ਾਂ ਦੇ ਟੁਕੜੇ- ਟੁਕੜੇ ਕੀਤੇ ਜਾਣ ਲੱਗੇ ਅਤੇ ਇਹ ਸੁੱਟ ਦਿੱਤੇ ਜਾਂਦੇ।

ਡਾ ਗੁਪਤਾ ਕਹਿੰਦੇ ਹਨ, "ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਮਾਮਲਿਆਂ ਵਿੱਚ ਪੀੜਤ ਦੀ ਪਛਾਣ ਇੱਕ ਚੁਣੌਤੀ ਬਣ ਜਾਂਦੀ ਹੈ।”

"ਪਰ ਜੇਕਰ ਮਨੁੱਖੀ ਹੱਡੀਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਤਾਂ ਅਸੀਂ ਲਿੰਗ, ਉਮਰ, ਮੌਤ ਦੀ ਮਿਤੀ ਅਤੇ ਸੰਭਵ ਤੌਰ 'ਤੇ ਮੌਤ ਦਾ ਕਾਰਨ ਵੀ ਪਤਾ ਕਰ ਸਕਦੇ ਹਾਂ।"

ਅਜਿਹੇ ਕਤਲਾਂ ਦੇ ਸੁਰਾਗ ਬਾਰੇ ਅੰਤਰਰਾਸ਼ਟਰੀ ਖੋਜਾਂ ਤੋਂ ਕੁਝ ਮਦਦ ਮਿਲਦੀ ਹੈ।

ਫਿਨਲੈਂਡ ਵਿੱਚ 10 ਸਾਲਾਂ ਵਿੱਚ 13 ਕੇਸਾਂ ਦੇ ਅਧਿਐਨ ’ਚ ਪਾਇਆ ਗਿਆ ਕਿ ਕਤਲ ਕਰਨ ਵਾਲਿਆਂ ਵਿੱਚੋਂ ਕੋਈ ਵੀ ਦੋਸ਼ੀ ਅਣਜਾਣ ਨਹੀਂ ਸੀ ਅਤੇ ਕਈ ਕੇਸਾਂ ਵਿੱਚ ਸਾਥੀ ਜਾਂ ਪਰਿਵਾਰਕ ਮੈਂਬਰ ਮੁਲਜ਼ਮ ਸਨ।

ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਕਤਲ ਦੇ ਸਮੇਂ, ਜ਼ਿਆਦਾਤਰ ਦੋਸ਼ੀ ਬੇਰੁਜ਼ਗਾਰ ਸਨ।

ਉਨ੍ਹਾਂ ਵਿਚੋਂ ਕੋਈ ਵੀ ਅਜਿਹੇ ਪੇਸ਼ੇ ਵਿਚ ਨਹੀਂ ਸੀ ਜਿਸ ਨੂੰ ਮਨੁੱਖੀ ਲਾਸ਼ਾਂ ਜਾਂ ਲਾਸ਼ਾਂ ਨੂੰ ਸੰਭਾਲਣ ਦੀ ਜਾਣਕਾਰੀ ਦੀ ਲੋੜ ਹੁੰਦੀ ਸੀ।

ਅਜਿਹਾ ਹੀ ਇੱਕ ਅਧਿਐਨ ਪੋਲੈਂਡ ਦੇ ਕ੍ਰਾਕੋ ਵਿੱਚ ਕੀਤਾ ਗਿਆ ਸੀ।

ਇੱਥੇ ਪੰਜਾਹ ਸਾਲਾਂ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਆਮ ਤੌਰ 'ਤੇ ਯੋਜਨਾਬੱਧ ਨਹੀਂ ਸਨ।

ਇਨ੍ਹਾਂ ਨੂੰ ਉਹਨਾਂ ਹਮਲਾਵਰਾਂ ਨੇ ਅੰਜਾਮ ਦਿੱਤਾ ਜੋ ਪੀੜਤਾਂ ਦੇ ਨਜ਼ਦੀਕੀ ਸਬੰਧਾਂ ਵਿੱਚ ਸਨ। ਉਹਨਾਂ ਨੇ ਕਤਲਾਂ ਨੂੰ ਆਪਣੇ ਘਰ ਵਿੱਚ ਹੀ ਇਸ ਨੂੰ ਅੰਜਾਮ ਦਿੱਤਾ ਸੀ।

ਬੋਸਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵੱਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ 76% ਕਤਲ ਮਰਦਾਂ ਨੇ ਕੀਤੇ ਸਨ।

ਭਾਰਤ ਵਿੱਚ ਅਜਿਹੀਆਂ ਹੱਤਿਆਵਾਂ ਦੇ ਪੈਟਰਨ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ।

ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਅਪਰਾਧ ਤੋਂ ਬਾਅਦ ਕਿੰਨੇ ਕਾਤਲਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਅਤੇ ਸਬੂਤਾਂ ਨੂੰ ਨਸ਼ਟ ਕਰਨ ਲਈ ਲਾਸ਼ਾਂ ਨੂੰ ਖ਼ਤਮ ਕੀਤਾ ਜਾਂ ਲਾਸ਼ ਨਾਲ ਛੇੜਛਾੜ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)