ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਮਾੜੇ ਪ੍ਰਦਰਸ਼ਨ ਬਾਅਦ ਕੀ ਯੋਗੀ ਨੂੰ ਲਾਂਭੇ ਕੀਤਾ ਜਾਵੇਗਾ, ਯੋਗੀ ਦਾ ਭਵਿੱਖ ਕੀ ਹੈ- ਵਿਵੇਚਨਾ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ
2019 ਦੀਆਂ ਆਮ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਮਿਲੀ ਭਾਰੀ ਸਫ਼ਲਤਾ ਦੀ ਕਹਾਣੀ 2024 ਵਿੱਚ ਦੁਹਰਾਈ ਨਹੀਂ ਜਾ ਸਕੀ।
ਉੱਤਰ ਪ੍ਰਦੇਸ਼ ਵਿੱਚ ਭਾਜਪਾ ਤੋਂ ਕਿਤੇ ਜ਼ਿਆਦਾ ਸੀਟਾਂ ਸਮਾਜਵਾਦੀ ਪਾਰਟੀ ਨੇ ਹਾਸਲ ਕੀਤੀਆਂ ਅਤੇ ਕਈ ਅਹਿਮ ਸੀਟਾਂ ਉੱਤੇ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਇਸ ਫਿੱਕੇ ਪ੍ਰਦਰਸ਼ਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋਏ ਪਰ ਸਭ ਤੋਂ ਜ਼ਿਆਦਾ ਵੱਡਾ ਸਵਾਲ ਇਹ ਸੀ ਕਿ ਇਸ ਦਾ ਯੋਗੀ ਅਦਿੱਤਿਆਨਾਥ ਦੇ ਸਿਆਸੀ ਜੀਵਨ ਉੱਤੇ ਕੀ ਅਸਰ ਪਵੇਗਾ।
ਇਸ ਸਾਲ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਤੱਕ ਅਤੇ ਖ਼ਾਸ ਤੌਰ ਉੱਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਹਾਸਲ ਕਰਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਯੋਗੀ ਨੂੰ ਭਵਿੱਖ ਦੇ ਕੌਮੀ ਆਗੂ ਵਜੋਂ ਦੇਖਿਆ ਜਾਣ ਲੱਗਿਆ ਸੀ।
ਪਰ ਹੁਣ ਚਰਚਾ ਹੈ ਕਿ ਸੂਬੇ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਭਾਰੀ ਨੁਕਸਾਨ ਦਾ ਮੁਆਵਜ਼ਾ ਉਨ੍ਹਾਂ ਨੂੰ ਹੀ ਭਰਨਾ ਪਵੇਗਾ।
ਗੋਰਖਪੁਰ ਮੱਠ ਦੇ ਮਹੰਤ ਅਤੇ ਉੱਥੋਂ ਹੀ ਸੰਸਦ ਮੈਂਬਰ ਰਹਿ ਚੁੱਕੇ ਯੋਗੀ ਅਦਿੱਤਿਆਨਾਥ ਦੇ ਭਵਿੱਖ ਉੱਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਨਜ਼ਰ ਉਨ੍ਹਾਂ ਦੇ ਸਿਆਸੀ ਸਫ਼ਰ ਉੱਤੇ ਮਾਰਦੇ ਹਾਂ।
ਇਸ ਤਰ੍ਹਾਂ ਬਣੇ ਸਨ ਮੁੱਖ ਮੰਤਰੀ

ਤਸਵੀਰ ਸਰੋਤ, Getty Images
ਗੱਲ 17 ਮਾਰਚ 2017 ਦੀ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਤੋਂ ਛੇ ਦਿਨ ਬਾਅਦ ਇਸ ਗੱਲ ਦਾ ਫ਼ੈਸਲਾ ਨਹੀਂ ਹੋ ਸਕਿਆ ਸੀ ਕਿ ਸੂਬੇ ਦਾ ਮੁੱਖ ਮੰਤਰੀ ਕੌਣ ਹੋਵੇਗਾ।
ਟੀਵੀ ਚੈਨਲਾਂ ਉੱਤੇ ਕਿਆਸ ਲਾਏ ਜਾ ਰਹੇ ਸਨ ਕਿ ਮੁੱਖ ਮੰਤਰੀ ਦੀ ਦੌੜ ਵਿੱਚ ਟੈਲੀਕਾਮ ਮੰਤਰੀ ਮਨੋਜ ਸਿਨਹਾ ਅਤੇ ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਕੇਸ਼ਵ ਮੌਰਿਆ ਸਭ ਤੋਂ ਮੋਹਰੀ ਹਨ।
ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ, ਤਾਂ ਇਹ ਤੱਕ ਕਿਹਾ ਜਾ ਰਿਹਾ ਸੀ ਕਿ ਮਨੋਜ ਸਿਨ੍ਹਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਲਈ ਲਖਨਊ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਜਦੋਂ ਕੇਸ਼ਵ ਪ੍ਰਸਾਦ ਮੌਰਿਆ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਦਾਅਵੇਦਾਰੀ ਪਰਵਾਨ ਨਹੀਂ ਚੜ੍ਹਨ ਵਾਲੀ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭਰਤੀ ਹੋ ਗਏ।
ਪਰਦੇ ਦੇ ਪਿੱਛੇ ਕਈ ਸਾਰੀਆਂ ਸਰਗਰਮੀਆਂ ਤੋਂ ਬਾਅਦ ਦਿੱਲੀ ਤੋਂ ਉਸੇ ਸਮੇਂ ਗੋਰਖਪੁਰ ਵਾਪਸ ਆਏ ਯੋਗੀ ਅਦਿੱਤਿਆਨਾਥ ਦੇ ਮੋਬਾਈਲ ਦੀ ਘੰਟੀ ਵੱਜੀ। ਦੂਜੇ ਪਾਸੇ ਪਾਰਟੀ ਦੇ ਤਤਕਾਲੀ ਪ੍ਰਧਾਨ ਅਮਿਤ ਸ਼ਾਹ ਸਨ। ਉਨ੍ਹਾਂ ਨੇ ਯੋਗੀ ਨੂੰ ਪੁੱਛਿਆ ਕਿ ਇਸ ਸਮੇਂ ਤੁਸੀਂ ਕਿੱਥੇ ਹੋ?
ਜਦੋਂ ਯੋਗੀ ਨੇ ਕਿਹਾ ਕਿ ਉਹ ਗੋਰਖਪੁਰ ਵਿੱਚ ਹਨ ਤਾਂ ਅਮਿਤ ਸ਼ਾਹ ਨੇ ਕਿਹਾ ਕਿ ਤੁਸੀਂ ਤੁਰੰਤ ਦਿੱਲੀ ਆਓ।
ਯੋਗੀ ਨੇ ਇਹ ਕਹਿ ਕੇ ਆਪਣੀ ਅਸਮਰੱਥਾ ਜ਼ਾਹਰ ਕੀਤੀ ਕਿ ਇਸ ਸਮੇਂ ਦਿੱਲੀ ਲਈ ਨਾ ਤਾਂ ਕੋਈ ਫਲਾਈਟ ਹੈ ਅਤੇ ਨਾ ਹੀ ਰੇਲ ਗੱਡੀ।
ਅਗਲੀ ਸਵੇਰ ਇੱਕ ਖਾਸ ਜਹਾਜ਼ ਰਾਹੀਂ ਯੋਗੀ ਅਦਿੱਤਿਆਨਾਥ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਅਮਿਤ ਸ਼ਾਹ ਦੇ 11 ਅਕਬਰ ਰੋਡ ਨਿਵਾਸ ਨਾ ਲਿਜਾ ਕੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਿਵਾਸ ਉੱਤੇ ਲਿਜਾਇਆ ਗਿਆ।
ਅਮਿਤ ਸ਼ਾਹ ਉੱਥੇ ਯੋਗੀ ਨੂੰ ਮਿਲਣ ਪਹੁੰਚੇ। ਉੱਥੇ ਹੀ ਉਨ੍ਹਾਂ ਨੇ ਯੋਗੀ ਨੂੰ ਰਸਮੀ ਤੌਰ ਉੱਤੇ ਦੱਸਿਆ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦਾ ਸੀਐੱਮ ਬਣਨਾ ਹੈ।
ਯੋਗੀ ਦੇ ਨਾਮ ’ਤੇ ਮੋਹਰ ਕਿਵੇਂ ਲੱਗੀ?

ਤਸਵੀਰ ਸਰੋਤ, Getty Images
ਮੈਂ ਹਾਲ ਹੀ ਵਿੱਚ ਛਪੀ ਕਿਤਾਬ 'ਐਟ ਦਿ ਹਾਰਟ ਆਫ ਪਾਵਰ, ਦਿ ਚੀਫ ਮਨਿਸਟਰਜ਼ ਆਫ ਉੱਤਰ ਪ੍ਰਦੇਸ਼' ਦੇ ਲੇਖਕ ਅਤੇ ਇੰਡੀਅਨ ਐਕਸਪ੍ਰੈੱਸ ਦੇ ਸੀਨੀਅਰ ਪੱਤਰਕਾਰ ਸ਼ਾਮਲਾਲ ਯਾਦਵ ਨੂੰ ਪੁੱਛਿਆ ਕਿ ਯੋਗੀ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦੇ ਪਿੱਛੇ ਕੀ ਵਜ੍ਹਾ ਸੀ?
ਉਹ ਦੱਸਦੇ ਹਨ, “ਪੰਜ ਨਾਵਾਂ ਉੱਤੇ ਮੋਟੇ ਤੌਰ ਉੱਤੇ ਵਿਚਾਰ ਕੀਤਾ ਗਿਆ ਸੀ। ਯੋਗੀ ਅਦਿੱਤਿਆਨਾਥ, ਕੇਸ਼ਵ ਪ੍ਰਸ਼ਾਦ ਮੌਰਿਆ, ਲਕਸ਼ਮੀਕਾਂਤ ਵਾਜਪੇਈ, ਮਨੋਜ ਸਿਨ੍ਹਾ ਅਤੇ ਦਿਨੇਸ਼ ਸ਼ਰਮਾ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਹੀ ਉਨ੍ਹਾਂ ਨੇ ਆਪਣਾ ਸਮਾਜਿਕ ਅਧਾਰ ਬਹੁਤ ਵਧਾਇਆ ਸੀ। ਉਸ ਨਜ਼ਰੀਏ ਤੋਂ ਓਬੀਸੀ ਅਤੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਕੇਸ਼ਵ ਪ੍ਰਸਾਦ ਮੌਰਿਆ ਦਾ ਦਾਅਵਾ ਸਭ ਤੋਂ ਮਜ਼ਬੂਤ ਬਣਦਾ ਸੀ।”
ਪਰ ਸੋਚ ਵਿਚਾਰ ਤੋਂ ਬਾਅਦ ਯੋਗੀ ਨੂੰ ਚੁਣਿਆ ਗਿਆ।

ਸ਼ਿਆਮ ਲਾਲ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਜਦੋਂ ਉਨ੍ਹਾਂ ਨੇ ਕਈ ਸਮੀਕਰਨਾਂ ਉੱਤੇ ਧਿਆਨ ਦਿੱਤਾ ਤਾਂ ਯੋਗੀ ਇੱਕ ਕੁਦਰਤੀ ਉਮੀਦਵਾਰ ਵਜੋਂ ਸਾਹਮਣੇ ਆਏ ਕਿਉਂਕਿ ਉਹ ਇੱਕ ਬਾਬਾ ਸਨ ਅਤੇ ਦੂਜਾ ਉਸ ਸਮੇਂ ਭਾਜਪਾ ਵਿੱਚ ਹਾਰਡ ਲਾਈਨ ਹਿੰਦਤੁਵ ਦੀ ਤਰਫ਼ ਜਾਣ ਦੀ ਕੋਸ਼ਿਸ਼ ਹੋ ਰਹੀ ਸੀ, ਉਸ ਦੇ ਉਹ ਪ੍ਰਤੀਕ ਸਨ ਅਤੇ ਵਿਚਾਰਿਕ ਰੂਪ ਤੋਂ ਆਰਐੱਸਐੱਸ ਵੀ ਉਨ੍ਹਾਂ ਦੇ ਨਾਲ ਸੀ।”

ਸੰਸਦ ਮੈਂਬਰਾਂ ਦੇ ਦਲ ਤੋਂ ਨਾਮ ਹਟਾਇਆ ਗਿਆ
ਵੈਸੇ ਯੋਗੀ ਦੇ ਕਰੀਬੀ ਲੋਕਾਂ ਨੂੰ ਇਸਦਾ ਸ਼ੱਕ ਕੁਝ ਦਿਨ ਪਹਿਲਾਂ ਹੀ ਹੋ ਚੁੱਕਿਆ ਸੀ। ਜਿਵੇਂ ਹੀ ਚਾਰ ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਛੇਵੇਂ ਗੇੜ ਵਿੱਚ ਗੋਰਖਪੁਰ ਦੀਆਂ ਵੋਟਾਂ ਪੂਰੀਆਂ ਹੋਈਆਂ ਤਾਂ ਯੋਗੀ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਪੋਰਟ ਆਫ ਸਪੇਨ ਜਾਣ ਦਾ ਸੱਦਾ ਮਿਲਿਆ।
ਯੋਗੀ ਦੀ ਜੀਵਨੀ ਲਿਖਣ ਵਾਲੇ ਪ੍ਰਵੀਣ ਕੁਮਾਰ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਭਾਰਤੀ ਸੰਸਦ ਮੈਂਬਰਾਂ ਦਾ ਇੱਕ ਦਲ ਨਿਊ ਯਾਰਕ ਹੁੰਦੇ ਹੋਏ ਟ੍ਰਿਨੀਡਾਡ ਦੀ ਰਾਜਧਾਨੀ ਪੋਰਟ ਆਫ ਸਪੇਨ ਜਾ ਰਿਹਾ ਸੀ। ਟ੍ਰਿਨੀਡਾਡ ਦਾ ਵੀਜ਼ਾ ਤਾਂ ਯੋਗੀ ਦੇ ਪਾਸਪੋਰਟ ਉੱਤੇ ਲਗਾ ਦਿੱਤਾ ਗਿਆ ਲੇਕਿਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਯਾਤਰਾ ਉੱਤੇ ਜਾਣ ਵਾਲੇ ਸੰਸਾਦਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਹੈ। ਪਤਾ ਲੱਗਿਆ ਕਿ ਅਜਿਹਾ ਪ੍ਰਧਾਨ ਮੰਤਰੀ ਦਫ਼ਤਰ ਦੇ ਹੁਕਮਾਂ ਉੱਤੇ ਕੀਤਾ ਗਿਆ ਹੈ।”
ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਆਖਰੀ ਸਮੇਂ ਉੱਤੇ ਆਪਣਾ ਨਾਮ ਹਟਾਏ ਜਾਣ ਤੋਂ ਨਿਰਾਸ਼ਾ ਹੋਈ ਸੀ ਲੇਕਿਨ ਬਾਅਦ ਵਿੱਚ ਉਨ੍ਹਾਂ ਨੂੰ ਇਸਦੀ ਅਸਲੀ ਵਜ੍ਹਾ ਦਾ ਪਤਾ ਲੱਗਾ।
ਉਸ ਸਮੇਂ ਸੂਬਿਆਂ ਵਿੱਚ ਨਰਿੰਦਰ ਮੋਦੀ ਦੀ ਪਸੰਦ ਲੋਅ-ਪ੍ਰੋਫਾਈਲ ਮੁੱਖ ਮੰਤਰੀ ਹੋਇਆ ਕਰਦੇ ਸਨ।
ਉਨ੍ਹਾਂ ਲਈ ਯੋਗੀ ਦੇ ਨਾਮ ਉੱਤੇ ਮੋਹਰ ਲਾਉਣਾ ਕੁਝ ਅਸਧਾਰਣ ਸੀ। ਕਿਉਂਕਿ ਉਹ ਵੀ ਉਨ੍ਹਾਂ ਵਾਂਗ ਹੀ ਲੋਕ ਅਧਾਰ ਵਾਲੇ ਹਿੰਦੁਤਵੀ ਆਗੂ ਹਨ। ਲੇਕਿਨ ਉਨ੍ਹਾਂ ਦੀ ਉਮਰ ਅਤੇ ਹਿੰਦੂਤਵ ਪ੍ਰਤੀ ਉਨ੍ਹਾਂ ਦੀ ਦ੍ਰਿੜਤਾ ਨੂੰ ਦੇਖਦੇ ਹੋਏ ਆਰਐੱਸਐੱਸ ਨੇ ਵੀ ਉਨ੍ਹਾਂ ਦੇ ਨਾਮ ਉੱਤੇ ਮੋਹਰ ਲਾ ਦਿੱਤੀ ਸੀ।
ਪਾਰੀ ਦੀ ਸ਼ੁਰੂਆਤ

ਤਸਵੀਰ ਸਰੋਤ, Times Group Books
ਉਨ੍ਹਾਂ ਨੇ ਆਪਣੀ ਪਾਰੀ ਦੀ ਸ਼ੁਰੂਆਤ 'ਦੇਸ਼ ਮੇਂ ਮੋਦੀ, ਯੂਪੀ ਮੇਂ ਯੋਗੀ' ਦੇ ਨਾਅਰੇ ਨਾਲ ਕੀਤੀ ਸੀ।
ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ਸਕੱਤਰੇਤ ਏਨੈਕਸੀ ਨੂੰ ਕੇਸਰੀ ਰੰਗ ਵਿੱਚ ਰੰਗਵਾ ਦਿੱਤਾ।
ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੁਕਮ ਜਾਰੀ ਕਰਵਾਇਆ ਜਿਸ ਅਨੁਸਾਰ ਹਰ ਅੰਤਰ-ਧਾਰਮਿਕ ਵਿਆਹ ਅਤੇ ਧਰਮ ਬਦਲੀ ਦੇ ਲਈ ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਜ਼ਿਲ੍ਹਾ ਅਧਿਕਾਰੀ ਦੀ ਅਗਾਉਂ ਆਗਿਆ ਲੈਣਾ ਜ਼ਰੂਰੀ ਹੋ ਗਿਆ।
ਉਨ੍ਹਾਂ ਨੇ ਤਾਬੜਤੋੜ ਕਈ ਅਜਿਹੇ ਫੈਸਲੇ ਲਈ ਜਿਨ੍ਹਾਂ ਕਰਕੇ ਉਨ੍ਹਾਂ ਦੀ ਹਿੰਦੁਤਵੀ ਇਮੇਜ ਲਗਾਤਾਰ ਪੱਕੀ ਹੁੰਦੀ ਗਈ।
16 ਅਕਤੂਬਰ 2018 ਨੂੰ ਉਨ੍ਹਾਂ ਨੇ ਇਲਾਹਾਬਾਦ ਜ਼ਿਲ੍ਹੇ ਦਾ ਨਾਮ ਪ੍ਰਿਆਗਰਾਜ ਅਤੇ ਤਿੰਨ ਹਫ਼ਤੇ ਬਾਅਦ ਫੈਜ਼ਾਬਾਦ ਦਾ ਨਾਮ ਅਯੁੱਧਿਆ ਰੱਕ ਰੱਖ ਦਿੱਤਾ।
ਬਿਜਨੌਰ ਵਿੱਚ ਦਿੱਤੇ ਭਾਸ਼ਣ ਵਿੱਚ ਉਨ੍ਹਾਂ ਨੇ ਐਲਾਨ ਕੀਤਾ, ‘ਹੁਣ ਕੋਈ ਜੋਧਾ ਬਾਈ ਅਕਬਰ ਦੇ ਨਾਲ ਨਹੀਂ ਜਾਵੇਗੀ’। ਯੋਗੀ ਸਰਕਾਰ ਨੇ ਇੱਕ ਨਵਾਂ ਪ੍ਰਯੋਗ ਕੀਤਾ।
ਸੀਏ ਮੁਜ਼ਾਹਰਿਆਂ ਦੇ ਦੌਰਾਨ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਦੇ ਲਈ ਉਨ੍ਹਾਂ ਨੇ ਉਨ੍ਹਾਂ ਮੁਜ਼ਾਹਰਾਕਾਰੀਆਂ ਉੱਤੇ ਜੁਰਮਾਨਾ ਲਾਇਆ, ਜਿਨ੍ਹਾਂ ਨੇ ਇਸ ਵਿੱਚ ਹਿੱਸਾ ਲਿਆ ਸੀ।
ਯੋਗੀ ਅਦਿੱਤਿਆਨਾਥ, ਰਿਲੀਜਨ, ਪਾਲਿਟਿਕਸ ਐਂਡ ਪਾਵਰ ਦਿ ਅਨਟੋਲਡ ਸਟੋਰੀ ਵਿੱਚ ਸ਼ਰਤ ਪ੍ਰਧਾਨ ਅਤੇ ਅਤੁਲ ਚੰਦਰਾ ਲਿਖਦੇ ਹਨ, “ਮਾਰਚ, 2019 ਵਿੱਚ ਲਖਨਊ ਪੁਲਿਸ ਨੇ 57 ਮੁਜ਼ਾਹਰਾਕਾਰੀਆਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਨੇ ਮੁਜ਼ਾਹਰਾਕਾਰੀਆਂ ਦੇ ਨਾਮ, ਤਸਵੀਰਾਂ ਅਤੇ ਪਤੇ ਜਨਤਕ ਸਥਾਨਾਂ ਉੱਤੇ ਹੋਰਡਿੰਗਸ ਉੱਤੇ ਲਵਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਇਨ੍ਹਾਂ ਸਾਰੇ ਕੰਮਾਂ ਨੇ ਉਨ੍ਹਾਂ ਨੂੰ ਆਰਐੱਸਐੱਸ ਦੀਆਂ ਅੱਖਾਂ ਦਾ ਤਾਰਾ ਬਣਾ ਦਿੱਤਾ।”
ਹਾਲਾਂਕਿ ਉਨ੍ਹਾਂ ਦੇ ਇਸ ਫੈਸਲੇ ਨੂੰ ਇਲਾਹਾਬਾਦ ਹਾਈਕੋਰਟ ਨੇ ਗਲਤ ਦੱਸਿਆ ਅਤੇ ਮਾਰਚ 2020 ਵਿੱਚ ਇਨ੍ਹਾਂ ਹੋਰਡਿੰਗਸ ਨੂੰ ਹਟਾਉਣ ਦਾ ਹੁਕਮ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਪੋਸਟਰ ਲਾਉਣਾ ਨਾਗਰਿਕਾਂ ਦੇ ਨਿੱਜਤਾ ਦੇ ਹੱਕ ਦਾ ਉਲੰਘਣ ਹੈ ਅਤੇ ਵਿਰੋਧ ਪ੍ਰਦਰਸ਼ਨ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ।

ਤਸਵੀਰ ਸਰੋਤ, Getty Images
ਯੋਗੀ ਨੂੰ ਹਟਾਉਣ ਦੀ ਨਾਕਾਮ ਮਹਿੰਮ
ਸ਼ਿਆਮ ਲਾਲ ਦੱਸਦੇ ਹਨ, “ਇਹ ਲਗਭਗ ਤੈਅ ਹੋ ਗਿਆ ਕਿ ਯੋਗੀ ਨੂੰ ਹਟਾਇਆ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਨੌਂ ਮਹੀਨੇ ਬਾਕੀ ਰਹਿੰਦੇ ਸਨ। ਉੱਪ ਮੁੱਖ ਮੰਤਰੀ ਮੌਰਿਆ ਨਾਲ ਉਨ੍ਹਾਂ ਦੇ ਟਕਰਾਅ ਦੀਆਂ ਖ਼ਬਰਾਂ ਆ ਰਹੀਆਂ ਸਨ। ਲੇਕਿਨ ਉਸੇ ਸਮੇਂ ਆਰਐੱਸਐੱਸ ਆਗੂਆਂ ਦੇ ਦਖ਼ਲ ਤੋਂ ਬਾਅਦ ਅਚਾਨਕ ਯੋਗੀ ਮੌਰਿਆ ਦੇ ਘਰ ਪਹੁੰਚੇ। ਉਸ ਸਮੇਂ ਤੱਕ ਯੋਗੀ ਦੀ ਹਰਮਨ ਪਿਆਰਤਾ ਪਾਰਟੀ ਤੋਂ ਵੀ ਉੱਪਰ ਉੱਠ ਚੁੱਕੀ ਸੀ ਅਤੇ ਉਨ੍ਹਾਂ ਨੂੰ ਦੂਜੇ ਸੂਬਿਆਂ ਤੋਂ ਵੀ ਪ੍ਰਚਾਰ ਕਰਨ ਲਈ ਬੁਲਾਇਆ ਜਾ ਰਿਹਾ ਸੀ।”
ਸ਼ਿਆਮ ਲਾਲ ਮੁਤਾਬਕ, “ਆਂਕਲਣ ਤੋਂ ਬਾਅਦ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਲੱਗਿਆ ਕਿ ਯੋਗੀ ਨੂੰ ਹਟਾਉਣ ਦਾ ਇਹ ਸਹੀ ਸਮਾਂ ਨਹੀਂ ਹੈ। ਇਸ ਮਾਮਲੇ ਦਾ ਰੁਝਾਨ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਦੀ ਲਖਨਊ ਵਿੱਚ ਮੁਲਾਕਾਤ ਹੋਈ। ਯੋਗੀ ਨੇ ਇੱਕ ਤਸਵੀਰ ਨਾਲ ਟਵੀਟ ਕੀਤਾ ਜਿਸ ਵਿੱਚ ਪੀਐੱਮ ਦਾ ਹੱਥ ਉਨ੍ਹਾਂ ਦੇ ਮੋਢੇ ਉੱਤੇ ਹੈ, ‘ਅਸੀਂ ਨਿਕਲ ਪਏ ਹਾਂ ਸਹੁੰ ਖਾ ਕੇ, ਆਪਣਾ ਤਨ-ਮਨ ਅਰਪਣ ਕਰਕੇ, ਜਿੱਦ ਹੈ ਇੱਕ ਸੂਰਜ ਚੜ੍ਹਾਉਣਾ ਹੈ, ਅੰਬਰ ਤੋਂ ਉੱਤੇ ਜਾਣਾ ਹੈ’।”
ਉਸ ਤੋਂ ਬਾਅਦ 2022 ਦੀਆਂ ਚੋਣਾਂ ਯੋਗੀ ਦੀ ਅਗਵਾਈ ਵਿੱਚ ਲੜੀਆਂ ਗਈਆਂ, ਜਿਨ੍ਹਾਂ ਵਿੱਚ ਭਾਜਪਾ ਦੀ ਜਿੱਤ ਹੋਈ।
ਬੁਲਡੋਜ਼ਰ ਅਤੇ ਪੁਲਿਸ ਮੁਕਾਬਲੇ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੋਗੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਵਿੱਚ ਜੇਤੂ ਹੋਈ। ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਅਮਨ-ਕਨੂੰਨ ਅਤੇ ਅਪਰਾਧੀਆਂ ਉੱਤੇ ਕਰੈਕ ਡਾਊਨ ਨੂੰ ਆਪਣੀ ਪਛਾਣ ਨਾਲ ਜੋੜਿਆ।
ਇਸੇ ਤਹਿਤ ਇਲਾਹਾਬਾਦ ਦੇ ਅਤੀਕ ਅਹਿਮਦ, ਗਾਜ਼ੀਪੁਰ ਦੇ ਮੁਖ਼ਤਾਰ ਅੰਸਾਰੀ ਅਤੇ ਭਦੋਈ ਦੇ ਵਿਜੇ ਮਿਸ਼ਰਾ ਨੂੰ ਨਿਸ਼ਾਨਾ ਬਣਾਇਆ ਗਿਆ। ਸੂਬੇ ਦੀ ਸ਼ਬਦਾਵਲੀ ਵਿੱਚ ਬੁਲਡੋਜ਼ਰ ਅਤੇ ਇਨਕਾਊਂਟਰ ਨਵੇਂ ਕੀ-ਵਰਡਸ ਦੇ ਤੌਰ ਉੱਤੇ ਉੱਭਰੇ। ਉਨ੍ਹਾਂ ਦੀ ਸਰਕਾਰ ਨੇ ਸਮਾਜਵਾਦੀ ਆਗੂ ਆਜ਼ਮ ਖ਼ਾਨ ਦੇ ਖਿਲਾਫ਼ ਵੀ ਕਾਰਵਾਈ ਕੀਤੀ।
ਬੁਲਡੋਜ਼ਰ ਯੋਗੀ ਦੀ ਪਛਾਣ ਨਾਲ ਜੁੜ ਗਿਆ ਅਤੇ ਭਾਜਪਾ ਦੀਆਂ ਸਰਕਾਰਾਂ ਦੇ ਕਈ ਮੁੱਖ ਮੰਤਰੀ ਵੀ ਯੋਗੀ ਦੇ ਪੈੜ ਚਿੰਨ੍ਹਾਂ ਉੱਤੇ ਚੱਲੇ।
ਸ਼ਿਆਮ ਲਾਲ ਯਾਦਵ ਦੱਸਦੇ ਹਨ, “ਚੌਧਰੀ ਚਰਨ ਸਿੰਘ ਦੇ ਜ਼ਮਾਨੇ ਤੋਂ ਪੱਛਮੀ ਉੱਤਰ ਪ੍ਰਦੇਸ਼ ਵਿੱਚ ਜਾਟ ਅਤੇ ਮੁਸਲਮਾਨਾਂ ਦੇ ਗਠਜੋੜ ਬਹੁਤ ਮਜ਼ਬੂਤ ਰਿਹਾ ਹੈ। ਲੇਕਿਨ 2013 ਵਿੱਚ ਮੁਜ਼ਫਰ ਨਗਰ ਦੰਗਿਆਂ ਕਾਰਨ ਉਹ ਵੀ ਟੁੱਟ ਗਿਆ। ਯੋਗੀ ਨੇ ਸੀਏਏ ਦੇ ਮੁਜ਼ਾਹਰਾਕਾਰੀਆਂ ਦੀ ਜਾਇਦਾਦ ਜ਼ਬਤ ਕਰਨ ਦੀ ਜੋ ਗੱਲ ਕਹੀ ਉਸ ਦਾ ਉਨ੍ਹਾਂ ਦੇ ਹਮਾਇਤੀ ਵਰਗ ਵਿੱਚ ਬਹੁਤ ਫਾਇਦਾ ਹੋਇਆ। ਇਨ੍ਹਾਂ ਕਦਮਾਂ ਨਾਲ ਨਾਲ ਉਹ ਪਾਰਟੀ ਵੋਟਰਾਂ ਦੇ ਹੋਰ ਨੇੜੇ ਆਏ ਅਤੇ ਇਸਦਾ ਫਾਇਦਾ ਚੋਣਾਂ ਵਿੱਚ ਮਿਲਿਆ।”
ਉੱਤਰ ਪ੍ਰਦੇਸ਼ ਦੇ ਇਤਿਹਾਸ ਵਿੱਚ ਉਹ ਪਹਿਲੇ ਮੁੱਖ ਮੰਤਰੀ ਬਣੇ ਜਿਨ੍ਹਾਂ ਨੇ ਸਿਰਫ਼ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ ਸਗੋਂ ਉਨ੍ਹਾਂ ਨੂੰ ਅਗਲੇ ਕਾਰਜਕਾਲ ਲਈ ਦੁਬਾਰਾ ਮੁੱਖ ਮੰਤਰੀ ਚੁਣਿਆ ਗਿਆ।
ਪਾਰਟੀ ਵਿੱਚ ਉਨ੍ਹਾਂ ਦਾ ਕੱਦ ਵਧਿਆ ਅਤੇ ਉਨ੍ਹਾਂ ਨੂੰ ਕੌਮੀ ਪੱਧਰ ਦੇ ਆਗੂ ਵਜੋਂ ਦੇਖਿਆ ਜਾਣ ਲੱਗਿਆ। ਹਾਲ ਹੀ ਵਿੱਚ ਹੋਏ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਪ੍ਰਚਾਰਕ ਦੀ ਭੂਮਿਕਾ ਨਿਭਾਈ ਲੇਕਿਨ ਨਤੀਜੇ ਉਮੀਦ ਦੇ ਮੁਤਾਬਕ ਨਹੀਂ ਆਏ।
ਕੇਂਦਰੀ ਲੀਡਰਸ਼ਿਪ ਨਾਲ ਖਿੱਚਤਾਣ
ਅਜਿਹੀਆਂ ਚਰਚਵਾਂ ਤੇਜ਼ ਹੋਣ ਲੱਗੀਆਂ ਕਿ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਅਤੇ ਯੋਗੀ ਅਦਿੱਤਿਆਨਾਥ ਦੇ ਰਿਸ਼ਤਿਆਂ ਦੀ ਤਲਖ਼ ਇੱਕ ਵਾਰ ਫਿਰ ਉੱਭਰ ਰਹੀ ਹੈ।
ਮੈਂ ਸਿਆਸੀ ਵਿਸ਼ਲੇਸ਼ਕ ਅਭੈ ਕੁਮਾਰ ਦੂਬੇ ਨੂੰ ਪੁੱਛਿਆ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਫਿੱਕੇ ਪ੍ਰਦਰਸ਼ਨ ਦੇ ਲਈ ਯੋਗੀ ਅਦਿੱਤਿਆਨਾਥ ਨੂੰ ਕਿਸ ਹੱਦ ਤੱਕ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ?
ਉਨ੍ਹਾਂ ਦਾ ਕਹਿਣਾ ਸੀ, “ਯੋਗੀ ਅਦਿੱਤਿਆਨਾਥ ਦੀ ਭੂਮਿਕਾ ਦੀ ਸਮੀਖਿਆ ਵੀ ਤਦੇ ਕੀਤੀ ਜਾ ਸਕਦੀ ਹੈ ਜੇਕਰ ਉਨ੍ਹਾਂ ਕੋਲ ਕੋਈ ਜ਼ਿੰਮੇਵਾਰੀ ਹੁੰਦੀ। ਇਹਨਾਂ ਲੋਕ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਨਾਲ ਆਲ੍ਹਾ ਕਮਾਨ ਕੰਟਰੋਲ ਕਰ ਰਹੀ ਸੀ। ਚੋਣਾਂ ਦੀ ਸਮੁੱਚੀ ਵਾਗਡੋਰ ਅਮਿਤ ਸ਼ਾਹ ਦੇ ਹੱਥਾਂ ਵਿੱਚ ਸੀ। ਸਾਰੀਆਂ ਟਿਕਟਾਂ ਵੀ ਉਨ੍ਹਾਂ ਦੀ ਮਰਜ਼ੀ ਨਾਲ ਹੀ ਦਿੱਤੀਆਂ ਗਈਆਂ ਸਨ। ਇੱਕ-ਇੱਕ ਚੋਣ ਖੇਤਰ ਦਾ ਬੰਦੋਬਸਤ ਅਮਿਤ ਸ਼ਾਹ ਖ਼ੁਦ ਕਰ ਰਹੇ ਸਨ।”
ਦੂਬੇ ਕਹਿੰਦੇ ਹਨ, “ਯੋਗੀ ਦਾ ਕੰਮ ਸਿਰਫ਼ ਇੰਨਾ ਸੀ ਕਿ ਯੂਪੀ ਵਿੱਚ ਘੁੰਮ-ਘੁੰਮ ਕੇ ਇੱਕ ਸਟਾਰ ਪ੍ਰਚਾਰਕ ਵਜੋਂ ਧਾਰਮਿਕ ਅਧਾਰ ਉੱਤੇ ਧਰੁਵੀਕਰਨ ਕਰਨ ਵਾਲੇ ਭਾਸ਼ਣ ਦੇਣ ਜੋ ਉਨ੍ਹਾਂ ਨੇ ਬਾਖੂਬੀ ਕੀਤਾ। ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸਦਾ ਉਨ੍ਹਾਂ ਨੇ ਪੂਰਾ ਪਾਲਣ ਕੀਤਾ। ਇਸ ਲਈ ਉਨ੍ਹਾਂ ਨੂੰ ਹਾਰ ਦਾ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਜੇ ਕੋਈ ਯੋਗੀ ਉੱਤੇ ਇਸ ਹਾਰ ਦੀ ਜ਼ਿੰਮੇਵਾਰੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਸਿਜਿਸ਼ੀ ਹੈ।”
ਕੀ ਯੋਗੀ ਨੂੰ ਲਾਂਭੇ ਕਰ ਦਿੱਤਾ ਜਾਵੇਗਾ?

ਕੇਂਦਰ ਵਿੱਚ ਸਰਕਾਰ ਬਣਾਉਣ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਚੋਣ ਨਤੀਜੇ ਭਾਜਪਾ ਦੀ ਲੀਡਰਸ਼ਿਪ ਲਈ ਹੈਰਾਨੀਜਨਕ ਸਨ।
ਖ਼ਾਸ ਤੌਰ ਉੱਤੇ ਜਦੋਂ ਯੂਪੀ ਦੇ ਨਾਲ ਲੱਗਦੇ ਉੱਤਰਾਖੰਡ, ਬਿਹਾਰ, ਮੱਧ ਪ੍ਰਦੇਸ਼ ਅਤੇ ਦਿੱਲੀ ਜਿਹੇ ਸੂਬਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
2019 ਦੀਆਂ ਸੰਸਦੀ ਚੋਣਾਂ ਅਤੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਸਫ਼ਲਤਾ ਤੋ ਬਾਅਦ ਕੁਝ ਹਲਕਿਆਂ ਵਿੱਚ ਯੋਗੀ ਆਦਿੱਤਿਆਨਾਥ ਲਈ ਰਾਸ਼ਟਰੀ ਭੂਮਿਕਾ ਦੀਆਂ ਸੰਭਾਵਨਾਵਾਂ ਉੱਤੇ ਚਰਚਾ ਹੋਣ ਲੱਗੀ ਸੀ ਅਤੇ ਉਨ੍ਹਾਂ ਨੂੰ ਅਗਲੀ ਪੀੜ੍ਹੀ ਦੇ ਭਾਜਪਾ ਆਗੂ ਵਜੋਂ ਦੇਖਿਆ ਜਾਣ ਲੱਗਾ ਸੀ।
ਪਰ ਕੀ ਤਾਜ਼ਾ ਲੋਕ ਸਭਾ ਚੋਣਾ ਦੇ ਨੀਤਜਿਆਂ ਨਾਲ ਇਨ੍ਹਾਂ ਸੰਭਾਵਨਾਵਾਂ ਉੱਤੇ ਰੋਕ ਲੱਗ ਗਈ ਹੈ।
ਅਭੈ ਕੁਮਾਰ ਦੂਬੇ ਕਹਿੰਦੇ ਹਨ, "ਅਨੁਪ੍ਰੀਆ ਪਟੇਲ ਨੇ ਯੋਗੀ ਦੇ ਖ਼ਿਲਾਫ਼ ਜਿਹੜੀ ਚਿੱਠੀ ਲਿਖੀ ਹੈ, ਜਿਸ ਤਰੀਕੇ ਨਾਲ ਉਸ ਨੂੰ ਮੀਡੀਆ ਨੂੰ ਦਿੱਤਾ ਗਿਆ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸੇ ਦੀ ਸ਼ਹਿ ਉੱਤੇ ਕੀਤਾ ਗਿਆਂ ਹੈ। ਯੋਗੀ ਆਦਿੱਤਿਆਨਾਥ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਔਰਤਾਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੀਆਂ ਹਨ ਅਜਿਹੇ ਵਿੱਚ ਇੱਕ ਖ਼ਬਰ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੇ ਦੇ ਜ਼ਰੀਏ ਜਾਰੀ ਕੀਤੀ ਗਈ, ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਔਰਤਾਂ ਦੇ ਖ਼ਿਲਾਫ਼ ਜੁਰਮਾਂ ਵਿੱਚ ਯੂਪੀ ਕਿੰਨਾ ਅੱਗੇ ਹੈ।"
ਅਭੈ ਦੂਬੇ ਕੇਂਦਰੀ ਮੰਤਰੀ ਅਨੁਪ੍ਰੀਆ ਪਟੇਲ ਦੀ ਉਸ ਜਨਤਕ ਹੋਈ ਚਿੱਠੀ ਦਾ ਜ਼ਿਕਰ ਕਰ ਰਹੇ ਸਨ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅਤੇ ਪਿਛੜੇ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਭੇਦਭਾਵ ਵਰਤ ਰਹੀ ਹੈ।
ਦੂਬੇ ਕਹਿੰਦੇ ਹਨ, "ਅਜਿਹੀਆਂ ਖ਼ਬਰਾਂ ਇਸ ਲਈ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਕਿ ਯੋਗੀ ਜਿਨ੍ਹਾਂ ਗੱਲਾਂ ਸਿਆਸੀ ਫਾਇਦਾ ਲੈਂਦੇ ਹਨ ਉਨ੍ਹਾਂ ਨੂੰ ਨਸ਼ਟ ਕੀਤਾ ਜਾਵੇ, ਬੁਲਡੋਜ਼ਰ ਜਾਂ ਇਨਕਾਊਂਟਰ ਮਾਡਲ ਜਦੋਂ ਤੱਕ ਢੁੱਕਵੇਂ ਰਹਿਣਗੇ, ਉਨ੍ਹਾਂ ਦੀ ਸਾਖ਼ ਉਦੋਂ ਤੱਕ ਨਹੀਂ ਡਿੱਗੇਗੀ।"
ਉਹ ਕਹਿੰਦੇ ਹਨ ਭਾਜਪਾ ਹਮੇਸ਼ਾ ਯੋਗੀ ਦੇ ਬਾਰੇ ਮੁਲਾਂਕਣ ਕਰਦੀ ਰਹੀ ਹੈ ਅੱਜ ਫਿਰ ਉਹ ਮੁਲਾਂਕਣ ਜਾਰੀ ਹੈ। "
ਉਹ ਕਹਿੰਦੇ ਹਨ, "ਅੱਜ ਇਨ੍ਹਾਂ ਦੇ ਖ਼ਿਲਾਫ਼ ਹਾਈਕਮਾਂਡ ਵਿੱਚ ਕਾਫੀ ਨਕਾਰਾਤਕਤਾ ਹੈ, ਉਹ ਮੰਨ ਰਹੇ ਹਨ ਕਿ ਚੋਣ ਜਿੱਤਣ ਵਿੱਚ ਉਨ੍ਹਾਂ ਨੂੰ ਜੋ ਮਦਦ ਕਰਨੀ ਚਾਹੀਦੀ ਸੀ ਉਹ ਉਨ੍ਹਾਂ ਨੇ ਨਹੀਂ ਕੀਤੀ। ਉਹ ਭਾਜਪਾ ਦੇ ਗਲੇ ਵਿੱਚ ਅਟਕੇ ਹੋਏ ਹਨ, ਭਾਜਪਾ ਨਾ ਤਾਂ ਉਨ੍ਹਾਂ ਨੂੰ ਉਗਲ ਪਾ ਰਹੀ ਹੈ ਅਤੇ ਨਾ ਹੀ ਨਿਗਲ ਪਾ ਰਹੀ ਹੈ।"
ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਯੋਗੀ ਆਦਿੱਤਿਆਨਾਥ ਦੇ ਸਬੰਧ ਬਿਹਤਰ ਹੋਣਗੇ ਜਾਂ ਉਨ੍ਹਾਂ ਦੇ ਵਿੱਚ ਤਣਾਅ ਵਧੇਗਾ, ਇਸ ਉੱਤੇ ਸਿਆਸੀ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਰਹਿਣਗੀਆਂ।












