ਪਾਕਿਸਤਾਨ ’ਚ ਨਵਾਜ਼ ਨਹੀਂ, ਸ਼ਾਹਬਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਤਿਆਰੀ, ਕੀ ਹੈ ਸਿਆਸੀ ਮਾਹੌਲ

ਤਸਵੀਰ ਸਰੋਤ, RAHAT DAR/EPA-EFE/REX/SHUTTERSTOCK
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਨਵਾਜ਼ ਸ਼ਰੀਫ ਨੇ ਆਪਣੇ ਛੋਟੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੂੰ ਦੇਸ ਦਾ ਨਵਾਂ ਪ੍ਰਧਾਨ ਮੰਤਰੀ ਅਤੇ ਆਪਣੀ ਧੀ ਮਰੀਅਮ ਨਵਾਜ਼ ਸ਼ਰੀਫ ਨੂੰ ਪੰਜਾਬ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ।
ਪੀਐੱਮਐੱਲ-ਐੱਨ ਦੀ ਤਰਫੋਂ ਇਹ ਜਾਣਕਾਰੀ ਪਾਰਟੀ ਦੀ ਸੂਚਨਾ ਇੰਚਾਰਜ ਮਰਿਅਮ ਔਰੰਗਜ਼ੇਬ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
ਸ਼ਾਹਬਾਜ਼ ਸ਼ਰੀਫ 2022 ਤੋਂ 2023 ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ।
ਪਾਕਿਸਤਾਨ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪਾਰਟੀ ਨੂੰ ਬਾਹਰੋਂ ਹਮਾਇਤ ਦੇਵੇਗੀ।
ਮਰੀਅਮ ਔਰੰਗਜ਼ੇਬ ਨੇ ਮੰਗਲਵਾਰ ਦੇਰ ਰਾਤ ਟਵੀਟ ਕੀਤਾ, "ਪੀਐਮਐਲ-ਐਨ ਮੁਖੀ ਨਵਾਜ਼ ਸ਼ਰੀਫ਼ ਨੇ ਪਾਰਟੀ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ। ਉਨ੍ਹਾਂ ਨੇ ਮਰੀਅਮ ਨਵਾਜ਼ ਨੂੰ ਪੰਜਾਬ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ।"
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੇਸ ਦੇ ਆਮ ਲੋਕਾਂ ਅਤੇ ਹੋਰ ਸਿਆਸੀ ਪਾਰਟੀਆਂ ਦਾ ਸਾਥ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਫੈਸਲਿਆਂ ਤੋਂ ਬਾਅਦ ਦੇਸ ਨੂੰ ਹੁਣ ਮਹਿੰਗਾਈ ਅਤੇ ਆਰਥਿਕ ਤੰਗੀ ਤੋਂ ਰਾਹਤ ਮਿਲੇਗੀ।
ਪਾਕਿਸਤਾਨ ਦੀਆਂ ਕੁੱਲ 264 ਸੀਟਾਂ ਵਿੱਚੋਂ ਪੀਐਮਐਲ-ਐਨ ਨੇ 80 ਸੀਟਾਂ ਜਿੱਤੀਆਂ ਹਨ ਅਤੇ ਪੀਪੀਪੀ ਨੇ 54 ਸੀਟਾਂ ਜਿੱਤੀਆਂ ਹਨ। ਜੇਕਰ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਸੀਟਾਂ ਨੂੰ ਮਿਲਾ ਲਿਆ ਜਾਵੇ ਤਾਂ ਇਹ ਸਧਾਰਨ ਬਹੁਮਤ ਲਈ ਕਾਫੀ ਹੈ। ਜਦੋਂ ਕਿ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੀ ਹਮਾਇਅਤ ਵਾਲੇ 92 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਇਸ ਦੇ ਨਾਲ ਹੀ ਇਮਰਾਨ ਖਾਨ ਦੀ ਪਾਰਟੀ ਨੇੇ ਚੋਣਾਂ 'ਚ ਧਾਂਦਲੀ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹ ਕੁਝ ਸੀਟਾਂ ਦੇ ਨਤੀਜਿਆਂ 'ਤੇ ਕਾਨੂੰਨੀ ਕਾਰਵਾਈ ਕਰੇਗੀ।
ਦੇਸ਼ ਦੀ ਮੌਜੂਦਾ ਕਾਰਜਕਾਰੀ ਸਰਕਾਰ ਅਤੇ ਚੋਣ ਕਮਿਸ਼ਨ ਨੇ ਇਨ੍ਹਾਂ ਦੋਸਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਛੇ ਪਾਰਟੀਆਂ ਦਾ ਗਠਜੋੜ

ਪਾਕਿਸਤਾਨ ਵਿੱਚ ਅਗਲੀ ਸਰਕਾਰ ਬਣਾਉਣ ਲਈ ਛੇ ਪਾਰਟੀਆਂ ਦਾ ਗਠਜੋੜ ਹੋਇਆ ਹੈ, ਜਿਸ ਦਾ ਨਾਂ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਹੈ।
ਸਰਕਾਰ ਬਣਾਉਣ ਲਈ ਨਵਾਜ਼ ਸ਼ਰੀਫ਼ ਦੀ ਪੀਐਮਐਲ-ਐਨ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿਚਕਾਰ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਹੈ।
ਬਿਲਾਵਲ ਭੁੱਟੋ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦੇ ਗਠਨ ਨੂੰ ਯਕੀਨੀ ਬਣਾਉਣ ਲਈ ਪੀਐਮਐਲ-ਐਨ ਉਮੀਦਵਾਰ ਦੇ ਪੱਖ ਵਿੱਚ ਵੋਟ ਦੇਵੇਗੀ।
ਇਸ ਘੋਸ਼ਣਾ ਲਈ ਪ੍ਰੈੱਸ ਕਾਨਫਰੰਸ ਵਿੱਚ ਪੀਪੀਪੀ ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐਮਐਲ-ਐਨ ਦੇ ਨੇਤਾ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਮੁਸਲਿਮ ਲੀਗ-ਕਿਊ (ਪੀਐਮਐਲ-ਕਿਊ) ਦੇ ਨੇਤਾ ਚੌਧਰੀ ਸ਼ੁਜਾਤ ਹੁਸੈਨ, ਮੁਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਦੇ ਨੇਤਾ ਖਾਲਿਦ ਮਕਬੂਲ ਸਿੱਦੀਕੀ ਸ਼ਾਮਲ ਸਨ।
ਇਸ ਤੋਂ ਇਲਾਵਾ ਇਸ਼ਤੇਖਾਮ-ਏ-ਪਾਕਿਸਤਾਨ ਪਾਰਟੀ (ਆਈਪੀਪੀ) ਦੇ ਅਲੀਮ ਖਾਨ ਅਤੇ ਬਲੋਚਿਸਤਾਨ ਅਵਾਮੀ ਪਾਰਟੀ ਦੇ ਨੇਤਾ ਸਾਦਿਕ ਸੰਜਰਾਨੀ ਵੀ ਸ਼ਾਮਲ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਆਸਿਫ ਅਲੀ ਜ਼ਰਦਾਰੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਵੀ ਸਰਕਾਰ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਹਾ, "ਅਸੀਂ ਇੱਕ ਦੂਜੇ ਦੇ ਖਿਲਾਫ ਚੋਣਾਂ ਲੜ ਚੁੱਕੇ ਹਾਂ ਪਰ ਹੁਣ ਦੇਸ ਨੂੰ ਮੁਸ਼ਕਿਲਾਂ ਵਿੱਚੋਂ ਕੱਢਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ। ਦੇਸ ਨੂੰ ਆਰਥਿਕ ਮੁਸ਼ਕਿਲਾਂ ਵਿੱਚੋਂ ਕੱਢਣ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪਵੇਗਾ।"
ਐੱਮਕਿਊਐੱਮ ਦੇ ਨੇਤਾ ਖਾਲਿਦ ਮਕਬੂਲ ਸਿੱਦੀਕੀ ਨੇ ਕਿਹਾ, "ਦੇਸ ਸੰਕਟ 'ਚੋਂ ਗੁਜ਼ਰ ਰਿਹਾ ਹੈ। ਸਾਡੇ ਦਰਮਿਆਨ ਮਤਭੇਦ ਹੋ ਸਕਦੇ ਹਨ, ਪਰ ਦੇਸ ਤੋਂ ਵੱਡਾ ਕੁਝ ਨਹੀਂ ਹੈ। ਅਸੀਂ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਦੇਸ ਦੇ ਵਿਕਾਸ ਲਈ ਕੰਮ ਕਰਾਂਗੇ।"

ਪੀਪੀਪੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਹੋਵੇਗੀ

ਤਸਵੀਰ ਸਰੋਤ, Getty Images
ਸਾਂਝੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਬਿਲਾਵਲ ਭੁੱਟੋ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ 'ਪ੍ਰਧਾਨ ਮੰਤਰੀ ਦੀ ਚੋਣ' ਵਰਗੇ ਅਹਿਮ ਮੁੱਦਿਆਂ 'ਤੇ ਵੋਟਿੰਗ ਵਿੱਚ ਪੀਡੀਐਮ ਦੀ ਹਮਾਇਤ ਕਰੇਗੀ ਪਰ ਉਨ੍ਹਾਂ ਦੀ ਪਾਰਟੀ ਵਜਾਰਤ ਦਾ ਹਿੱਸਾ ਨਹੀਂ ਹੋਵੇਗੀ।
ਪਾਰਟੀ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਗਠਜੋੜ ਦੀ ਹਮਾਇਤ ਜ਼ਾਹਰ ਕਰਦਿਆਂ ਕਿਹਾ, 'ਪੀਪੀਪੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਰਕਾਰ ਦਾ ਹਿੱਸਾ ਬਣਨ ਦੀ ਸਥਿਤੀ ਵਿੱਚ ਨਹੀਂ ਹਾਂ ਅਤੇ ਨਾ ਹੀ ਅਸੀਂ ਕਿਸੇ ਮੰਤਰਾਲੇ ਵਿੱਚ ਅਹਿਮ ਅਹੁਦੇ ਚਾਹੁੰਦੇ ਹਾਂ ਪਰ ਅਸੀਂ ਦੇਸ ਵਿੱਚ ਹੋਰ ਸਿਆਸੀ ਅਰਾਜਕਤਾ ਨਹੀਂ ਚਾਹੁੰਦੇ, ਅਸੀਂ ਦੇਸ ਵਿੱਚ ਸਿਆਸੀ ਸੰਕਟ ਨਹੀਂ ਚਾਹੁੰਦੇ।"
ਸ਼ਾਹਬਾਜ਼ ਸ਼ਰੀਫ ਚਾਹੁੰਦੇ ਸਨ ਕਿ ਨਵਾਜ਼ ਪ੍ਰਧਾਨ ਮੰਤਰੀ ਬਣੇ
ਸ਼ਾਹਬਾਜ਼ ਸ਼ਰੀਫ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਉਹ ਨਵਾਜ਼ ਸ਼ਰੀਫ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਸੱਦਾ ਦੇਣਾ ਚਾਹੁੰਦੇ ਹਨ। ਹਾਲਾਂਕਿ ਨਵਾਜ਼ ਸ਼ਰੀਫ ਨੇ ਇਸ ਅਹੁਦੇ ਲਈ ਸ਼ਾਹਬਾਜ਼ ਸ਼ਰੀਫ ਦਾ ਨਾਂ ਅੱਗੇ ਕਰ ਦਿੱਤਾ ਹੈ।
ਬਾਅਦ 'ਚ ਜੀਓ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਮਰੀਅਮ ਨਵਾਜ਼ ਨੇ ਕਿਹਾ ਕਿ ਪਾਰਟੀ ਮੁਖੀ ਨਵਾਜ਼ ਸ਼ਰੀਫ ਦਾ ਮੰਨਣਾ ਹੈ ਕਿ ਉਹ ਪਾਰਟੀ ਮਾਮਲਿਆਂ ਬਾਰੇ ਰਾਇ ਦੇ ਕੇ ਸ਼ਾਹਬਾਜ਼ ਸ਼ਰੀਫ ਅਤੇ ਮਰੀਅਮ ਸ਼ਰੀਫ ਦੀ ਬਿਹਤਰ ਮਦਦ ਕਰ ਸਕਦੇ ਹਨ।

ਤਸਵੀਰ ਸਰੋਤ, PML-N
ਸ਼ਾਹਬਾਜ਼ ਸ਼ਰੀਫ ਨੇ ਕੀ ਕਿਹਾ?
ਸ਼ਾਹਬਾਜ਼ ਸ਼ਰੀਫ ਨੇ ਪੀਪੀਪੀ ਅਤੇ ਹੋਰ ਪਾਰਟੀਆਂ ਦਾ ਹਮਾਇਤ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਮੇਂ ਅਤੇ ਆਰਥਿਕ ਸੰਕਟ ਨੂੰ ਦੇਖਦੇ ਹੋਏ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਨ।
ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ 'ਐਕਸਪ੍ਰੈਸ ਟ੍ਰਿਬਿਊਨ' 'ਚ ਛਪੀ ਰਿਪੋਰਟ ਮੁਤਾਬਕ ਸ਼ਾਹਬਾਜ਼ ਸ਼ਰੀਫ ਨੇ ਕਿਹਾ,''ਸਾਡੇ ਸਾਹਮਣੇ ਇਕ ਵੱਡੀ ਆਰਥਿਕ ਚੁਣੌਤੀ ਹੈ, ਅਸੀਂ ਜਾਣਦੇ ਹਾਂ ਕਿ ਸਾਡੇ ਸਾਹਮਣੇ ਕਰਜ਼ੇ ਦਾ ਸੰਕਟ ਹੈ, ਜੋ ਜਲਦੀ ਹੀ ਹੱਲ ਕਰਨਾ ਹੋਵੇਗਾ। ਅਸੀਂ ਕੁਝ ਹੱਦ ਤੱਕ ਸਥਿਤੀ ਨੂੰ ਸਮਝਦੇ ਹਾਂ। ਚੋਣਾਂ ਵਿੱਚ ਅਸੀਂ ਵਿਰੋਧੀ ਸੀ, ਪਰ ਹੁਣ ਅਸੀਂ ਇਕੱਠੇ ਹੋ ਕੇ ਦੇਸ ਹਿੱਤ ਵਿੱਚ ਇਕੱਠੇ ਹੋਣ ਦਾ ਅਤੇ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ।"
ਉਨ੍ਹਾਂ ਨੇ ਕਿਹਾ, "ਸਾਨੂੰ ਆਪਣੀ ਹਉਮੈ ਨੂੰ ਪਾਸੇ ਰੱਖ ਕੇ ਦੇਸ ਦੀ ਆਰਥਿਕਤਾ ਦੇ ਸੁਧਾਰ ਨੂੰ ਪਹਿਲ ਦਿੰਦੇ ਹੋਏ ਕ੍ਰਾਂਤੀਕਾਰੀ ਕਦਮ ਚੁੱਕਣੇ ਪੈਣਗੇ। ਮੈਂ ਸਾਰਿਆਂ ਨੂੰ ਅਰਥਚਾਰੇ ਦੇ ਚਾਰਟਰ 'ਤੇ ਕੰਮ ਕਰਨ ਦਾ ਸੱਦਾ ਦੇਣਾ ਚਾਹੁੰਦਾ ਹਾਂ। ਸਾਨੂੰ ਇੱਕ ਦੂਜੇ ਨੂੰ ਮਾਫ਼ ਕਰਕੇ, ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ।"
24 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਦੀ ਅਰਥਵਿਵਸਥਾ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ।

ਤਸਵੀਰ ਸਰੋਤ, X @MARRIYUM_A
ਆਰਥਿਕਤਾ ਵਿੱਚ ਵਿਕਾਸ ਦੀ ਰਫ਼ਤਾਰ ਮੱਠੀ ਹੈ ਅਤੇ ਲੋਕ ਰਿਕਾਰਡ ਮਹਿੰਗਾਈ ਨਾਲ ਜੂਝ ਰਹੇ ਹਨ।
ਪਿਛਲੇ ਸਾਲ, ਲੰਬੇ ਸਮੇਂ ਦੀ ਚਰਚਾ ਤੋਂ ਬਾਅਦ, ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਤੋਂ ਤਿੰਨ ਅਰਬ ਡਾਲਰ ਦਾ ਬੇਲਆਊਟ ਪੈਕੇਜ ਮਿਲਿਆ, ਜਿਸ ਨਾਲ ਉਸ ਨੂੰ ਆਰਥਿਕਤਾ ਉੱਤ ਡੂੰਘੇ ਕਰਜ਼ੇ ਦੇ ਸੰਕਟ ਤੋਂ ਬਚਣ ਵਿੱਚ ਮਦਦ ਮਿਲੀ।
ਹਾਲਾਂਕਿ ਇਸ ਸਹਾਇਤਾ ਦੀ ਮਿਆਦ ਇਸ ਸਾਲ ਮਾਰਚ ਤੱਕ ਖਤਮ ਹੋ ਜਾਵੇਗੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਲਿਜਾਣਾ ਅਗਲੀ ਸਰਕਾਰ ਲਈ ਚੁਣੌਤੀ ਹੋਵੇਗੀ।
ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਚੋਣਾਂ ਤੋਂ ਬਾਅਦ ਇਸ ਦਿਸ਼ਾ ਵਿੱਚ ਕੋਈ ਹੱਲ ਕੱਢਣ ਵਿੱਚ ਮਦਦ ਮਿਲੇਗੀ, ਪਰ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ।
ਇਮਰਾਨ ਖਾਨ ਦੇ ਸਮਰਥਨ ਵਿੱਚ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਅਤੇ ਫੌਜ ਨਾਲ ਪਾਰਟੀ ਦੇ ਮਤਭੇਦਾਂ ਨੇ ਇੱਕ ਸਥਿਰ ਸਰਕਾਰ ਬਣਾਉਣ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਹੈ।
ਸਰਕਾਰ ਬਣਾਉਣ ਲਈ ਬਣੇ ਪੀਡੀਐਮ ਗਠਜੋੜ ਦੀਆਂ ਨਵੀਂ ਸੰਸਦ ਵਿੱਚ ਦੋ ਤਿਹਾਈ ਸੀਟਾਂ ਹੋਣਗੀਆਂ। ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ ਫੈਸਲੇ ਲੈਣ ਵਿੱਚ ਹੋਰ ਭਰੋਸਾ ਮਿਲੇਗਾ।












