ਪਾਕਿਸਤਾਨ ਚੋਣਾਂ: ਇਮਰਾਨ ਦੇ ਹਮਾਇਤੀਆਂ ਨੇ ਸਭ ਨੁੰ ਹੈਰਾਨ ਕੀਤਾ, ਹੁਣ ਕੌਣ, ਕਿਵੇਂ ਸਰਕਾਰ ਬਣਾ ਸਕਦਾ

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੀ ਹੈ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ
    • ਲੇਖਕ, ਨਿਕੋਲਸ ਯੋਂਗ ਅਤੇ ਬੀਬੀਸੀ ਉਰਦੂ
    • ਰੋਲ, ਸਿੰਗਾਪੁਰ ਅਤੇ ਇਸਲਾਮਾਬਾਦ

ਪਾਕਿਸਤਾਨੀਆਂ ਨੂੰ ਹਾਲੇ ਤੱਕ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਮੁਲਕ ਵਿੱਚ ਅਗਲੀ ਸਰਕਾਰ ਕਿਹੜੀ ਪਾਰਟੀ ਬਣਾਏਗੀ।

ਮਘੇ ਹੋਏ ਮਾਹੌਲ ਵਿੱਚ ਹੋਈਆਂ ਚੋਣਾਂ ਦੇ ਚਾਰ ਦਿਨ ਬੀਤਣ ਮਗਰੋਂ ਵੀ ਉਹ ਹਾਲੇ ਸ਼ਸ਼ੋਪੰਜ ਵਿੱਚ ਹਨ ਕਿ ਉਨ੍ਹਾਂ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜੇਲ੍ਹ ਵਿੱਚ ਹੁੰਦਿਆਂ ਹੋਇਆਂ ਅਤੇ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਾਹਮਣੇ ਕਈ ਚੁਣੌਤੀਆਂ ਦੇ ਹੁੰਦਿਆਂ ਵੀ ਪਾਰਟੀ ਦੇ ਸਮਰਥਨ ਵਾਲੇ ਅਜ਼ਾਦ ਉਮੀਦਵਾਰਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ਦੀਆਂ ਕੁਲ 93 ਸੀਟਾਂ ਹਾਸਲ ਕੀਤੀਆਂ ਹਨ ਜੋ ਕਿ ਕਿਸੇ ਵੀ ਪਾਰਟੀ ਵੱਲੋਂ ਹਾਸਲ ਕੀਤੀਆਂ ਗਈਆਂ ਸਭ ਤੋਂ ਵੱਧ ਸੀਟਾਂ ਹਨ।

ਹਾਲਾਂਕਿ ਇਹ ਅੰਕੜਾ ਸਰਕਾਰ ਬਣਾਉਣ ਲਈ ਲੋੜੀਂਦੀਆਂ 169 ਸੀਟਾਂ ਨਾਲੋਂ ਬਹੁਤ ਘੱਟ ਹੈ।

ਬੀਬੀਸੀ

ਸਭ ਤੋਂ ਵੱਧ ਸੀਟਾਂ ਹਾਸਲ ਕਰਨ ਵਾਲੀ ਦੂਜੀ ਪਾਰਟੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ – ਐੱਨ) ਹੈ।

ਇਸ ਪਾਰਟੀ ਕੋਲ 75 ਸੀਟਾਂ ਹਨ।

ਇਹ ਮੰਨਿਆ ਜਾ ਰਿਹਾ ਸੀ ਕਿ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦੀ ਫੌਜ ਦਾ ਸਮਰਥਨ ਹਾਸਲ ਹੈ ਜੋ ਕਿ ਮੁਲਕ ਵਿੱਚ ਤਾਕਤਵਰ ਮੰਨੀ ਜਾਂਦੀ ਹੈ।

ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸੌਖਿਆਂ ਹੀ ਜਿੱਤ ਹਾਸਲ ਕਰ ਲੈਣਗੇ। ਨਵਾਜ਼ ਸ਼ਰੀਫ਼ ਨੂੰ ਪੰਜ ਸਾਲ ਪਹਿਲਾਂ ਦੇਸ਼ ਛੱਡਣਾ ਪਿਆ ਸੀ।

ਬਿਲਾਵਲ ਭੁੱਟੋ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) 54 ਸੀਟਾਂ ਹਾਸਲ ਕਰਕੇ ਨਾਲ ਚੋਣ ਨਤੀਜਿਆਂ ਵਿੱਚ ਤੀਜੇ ਸਥਾਨ ਉੱਤੇ ਰਹੀ।

ਪਾਕਿਸਤਾਨ ਚੋਣਾਂ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ 336 ਸੀਟਾਂ ਹਨ।

29 ਫਰਵਰੀ ਤੱਕ ਸਰਕਾਰ ਬਣਾਉਣੀ ਲਾਜ਼ਮੀ

ਸੰਵਿਧਾਨ ਮੁਤਾਬਕ ਸਿਆਸੀ ਪਾਰਟੀਆਂ ਲਈ 29 ਫਰਵਰੀ ਜਾਂ ਚੋਣਾਂ ਵਾਲੇ ਦਿਨ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਸਰਕਾਰ ਬਣਾਉਣੀ ਲਾਜ਼ਮੀ ਹੈ।

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ 336 ਸੀਟਾਂ ਹਨ ਅਤੇ ਜਿਸ ਵਿੱਚੋਂ 266 ਸੀਟਾਂ ਸਿੱਧੀ ਵੋਟ ਪ੍ਰਕਿਰਿਆ ਰਾਹੀਂ ਚੁਣੀਆਂ ਜਾਂਦੀਆਂ ਹਨ ਅਤੇ 70 ਰਾਖਵੀਆਂ ਹੁੰਦੀਆਂ ਹਨ।

ਰਾਖਵੀਆਂ ਸੀਟਾਂ ਵਿੱਚੋਂ 60 ਔਰਤਾਂ ਲਈ ਰਾਖਵੀਆਂ ਹੁੰਦੀਆਂ ਹਨ ਅਤੇ 10 ਸੀਟਾਂ ਗੈਰ-ਮੁਸਲਮਾਨਾਂ ਦੇ ਲਈ ਰਾਖਵੀਆਂ ਹੁੰਦੀਆਂ ਹਨ।

ਇਹ ਸੀਟਾਂ ਸਿਆਸੀ ਪਾਰਟੀਆਂ ਨੂੰ ਅਸੈਂਬਲੀ ਦੇ ਵਿੱਚ ਹਾਸਲ ਹੋਈਆਂ ਸੀਟਾਂ ਦੇ ਮੁਤਾਬਕ ਵੰਡੀਆਂ ਜਾਂਦੀਆਂ ਹਨ।

ਪੀਟੀਆਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਟੀਆਈ ਦੇ ਹਮਾਇਤੀਆਂ ਵਲੋਂ ਵੀ ਪੂਰੇ ਪਾਕਿਸਤਾਨ ਵਿੱਚ ਚੋਣ ਕਮੀਸ਼ਨ ਦੇ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤੇ ਗਏ ਹਨ।

ਪਾਕਿਸਤਾਨ ਵਿੱਚ ਕਿਹੜੇ ਜੋੜ-ਤੋੜ ਦੇਖਣ ਨੂੰ ਮਿਲ ਸਕਦੇ ਹਨ

ਪਾਕਿਸਤਾਨ ਦੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਸਿਆਸੀ ਵਿਸ਼ਲੇਸ਼ਕ ਰਫੀਉੱਲਾਹ ਕਾਕਰ ਨੇ ਬੀਬੀਸੀ ਉਰਦੂ ਨੂੰ ਦੱਸਿਆ, “ਪਾਕਿਸਤਾਨ ਵਿੱਚ ਆਏ ਚੋਣ ਨਤੀਜਿਆਂ ਵਿੱਚ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲੀ ਹੈ ਅਤੇ ਹੁਣ ਉਨ੍ਹਾਂ ਨੂੰ ਗੱਠਜੋੜ ਬਣਾਉਣ ਦੇ ਲਈ ਸਾਂਝੀ ਜ਼ਮੀਨ ਲੱਭਣੀ ਪਵੇਗੀ।”

ਜਿੱਥੇ ਪੀਟੀਆਈ ਅਤੇ ਪੀਐੱਮਐੱਲ – ਐੱਨ ਦੋਵਾਂ ਨੇ ਜਿੱਤ ਦਾ ਐਲਾਨ ਕੀਤਾ ਹੈ, ਇਹ ਕਿਆਸ ਲਾਏ ਜਾ ਰਹੇ ਹਨ ਕਿ ਗੱਠਜੋੜ ਸਰਕਾਰ ਬਣਾਏ ਜਾਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ।

ਇਸੇ ਖਿੱਚ-ਧੂਹ ਦੇ ਵਿਚਾਲੇ ਅਜ਼ਾਦ ਉਮੀਦਵਾਰ ਜਿਹੜੇ ਨਹੀਂ ਜਿੱਤ ਸਕੇ ਚੋਣਾਂ ਵਿੱਚ ਧਾਂਦਲੀ ਦੇ ਇਲਜ਼ਾਮ ਲੈ ਕੇ ਪਹੁੰਚ ਗਏ ਹਨ।

ਪੀਟੀਆਈ ਦੇ ਹਮਾਇਤੀਆਂ ਵਲੋਂ ਵੀ ਪੂਰੇ ਪਾਕਿਸਤਾਨ ਵਿੱਚ ਚੋਣ ਕਮੀਸ਼ਨ ਦੇ ਦਫ਼ਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤੇ ਗਏ ਹਨ।

ਇਹ ਵੀ ਪੜ੍ਹੋ-

ਸ਼ਰੀਫ਼ ਅਤੇ ਬਿਲਾਵਲ ਭੁੱਟੋ ਦੀ ਪਾਰਟੀ ਦਾ ਗੱਠਜੋੜ

ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਵਿੱਚ ਪ੍ਰੋਫ਼ੈਸਰ ਸਮੀਨਾ ਯਾਸਮੀਨ ਨੇ ਬੀਬੀਸੀ ਨਿਊਜ਼ਡੇਅ ਨੂੰ ਦੱਸਿਆ ਕਿ ਇਹ ਵੀ ਸੰਭਾਵਨਾ ਹੈ ਕਿ ਪੀਐੱਮਐੱਲ-ਨਵਾਜ਼ ਬਿਲਾਵਲ ਭੁੱਟੋ ਦੀ ਪੀਪੀਪੀ ਸਣੇ ਹੋਰ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ 2022 ਵਿੱਚ ਇਮਰਾਨ ਖਾਨ ਨੂੰ ਸੱਤਾ ਤੋਂ ਬਾਹਰ ਰੱਖਣ ਦੇ ਲਈ ਗੱਠਜੋੜ ਕੀਤਾ ਸੀ ਅਤੇ ਇਹ ਪਿਛਲੀ ਅਗਸਤ ਤੱਕ ਸੱਤਾ ਵਿੱਚ ਰਹੇ ਸਨ।

“ਇਨ੍ਹਾਂ ਦੋਵਾਂ ਵਿਚਾਲੇ ਮੁੱਖ ਮੁੱਦਾ ਇਹ ਹੋਵੇਗਾ ਕਿ ਕੌਣ ਅਗਲਾ ਪ੍ਰਧਾਨ ਮੰਤਰੀ ਬਣੇਗਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਦੋਵਾਂ ਵਿੱਚ ਕੀ ਸਮਝੌਤਾ ਹੋਵੇਗਾ ਅਤੇ ਵੱਖ-ਵੱਖ ਸੂਬਿਆਂ ਵਿੱਚ ਵੰਡ ਕੀ ਹੋਵੇਗੀ।”

ਨਵਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਐੱਮਐੱਲ-ਐੱਨ ਅਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ

ਨਵਾਜ਼ ਸ਼ਰੀਫ਼ ਦੀ ਪਾਰਟੀ ਮੁਤਾਹਿਦਾ ਕੌਮੀ ਮੂਵਮੈਂਟ (ਐੱਮਕਿਊਐੱਮ) ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਇਹ ਪਾਰਟੀ ਸਮਾਜਿਕ ਉਦਾਰਵਾਦੀ ਵਿਚਾਰਧਾਰਾ ਰੱਖਦੀ ਹੈ ਅਤੇ ਇਸ ਨੇ 17 ਸੀਟਾਂ ਜਿੱਤੀਆਂ ਹਨ।

ਪੀਐੱਮਐੱਲ-ਐੱਨ ਅਜ਼ਾਦ ਉਮੀਦਵਾਰਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ।

ਹਾਲਾਂਕਿ ਪੀਪੀਪੀ ਦੇ ਜ਼ਰਦਾਰੀ ਨੇ ਐਤਵਾਰ ਨੂੰ ਨਵਾਜ਼ ਸ਼ਰੀਫ਼ ਦੇ ਭਰਾ ਸ਼ਹਿਬਾਜ਼ ਨੂੰ ਲਾਹੌਰ ਵਿੱਚ ਐਤਵਾਰ ਨੂੰ ਮਿਲੇ, ਪੀਪੀਪੀ ਪਾਰਟੀ ਆਪਣੇ ਕੋਲ ਮੌਜੂਦ ਚੋਣਾਂ ਬਾਰੇ ਸੋਚਣ ਵਿੱਚ ਸਮਾਂ ਲਗਾ ਰਹੀ ਹੈ।

ਪੀਪੀਪੀ ਦੀ ਸੈਂਟਰਲ ਐਗਜ਼ੈਕੇਟਿਵ ਕਮੇਟੀ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਬੈਠਕ ਕਰੇਗੀ।

ਬਿਲਾਵਲ ਭੁੱਟੋ ਜ਼ਰਦਾਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਪੀਪੀ ਦੇ ਚੇਅਰਨਮੈਨ ਬਿਲਾਵਲ ਭੁੱਟੋ ਜ਼ਰਦਾਰੀ ਕਰਾਚੀ ਵਿੱਚ ਇੱਕ ਚੋਣ ਰੈਲੀ ਦੌਰਾਨ

ਭੁੱਟੋ ਅਤੇ ਇਮਰਾਨ ਖਾਨ ਦੀ ਪਾਰਟੀ ਵਿੱਚ ਸਮਝੌਤਾ

ਪੀਪੀਪੀ ਦੇ ਸੀਨੀਅਰ ਆਗੂ ਸ਼ੈਰੀ ਰਹਿਮਾਨ ਨੂੰ ਬੀਬੀਸੀ ਉਰਦੂ ਨੇ ਉਨ੍ਹਾਂ ਦੇ ਇਮਰਾਨ ਖਾਨ ਦੀ ਪੀਟੀਆਈ ਨਾਲ ਰਲ ਕੇ ਕੰਮ ਕਰਨ ਬਾਰੇ ਪੁੱਛਿਆ। ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਬੂਹੇ ਸਾਰੀਆਂ ਸਿਆਸੀ ਜਮਾਤਾਂ ਲਈ ਖੁਲ੍ਹੇ ਹਨ।

ਪਰ ਇਮਰਾਨ ਖ਼ਾਨ ਦੇ ਮੀਡੀਆ ਸਲਾਹਕਾਰ ਜ਼ੁਲਫੀ ਬੁਖ਼ਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਪੀਪੀਪੀ ਬਹੁਮਤ ਨਾ ਹਾਸਲ ਕਰਨ ਦੀ ਸਥਿਤੀ ਵਿੱਚ ਗੱਠਜੋੜ ਕਰਨ ਨਾਲੋਂ ਵਿਰੋਧੀ ਧਿਰ ਵਾਲੇ ਪਾਸੇ ਬੈਠੇਗੀ।

ਇਹ ਇਮਰਾਨ ਖ਼ਾਨ ਵੱਲੋਂ ਪਹਿਲਾਂ ਰੱਖੇ ਜਾਂਦੇ ਰਹੇੇ ਵਿਚਾਰਾਂ ਨਾਲ ਮੇਲ ਖਾਂਦਾ ਹੈ।

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਫਿਲਹਾਲ ਵੱਖ-ਵੱਖ ਜੁਰਮਾਂ ਦੇ ਤਹਿਤ 14 ਸਾਲਾਂ ਲਈ ਜੇਲ੍ਹ ਭੁਗਤ ਰਹੇ ਹ

ਇਮਰਾਨ ਖ਼ਾਨ ਫਿਲਹਾਲ ਵੱਖ-ਵੱਖ ਜੁਰਮਾਂ ਦੇ ਤਹਿਤ 14 ਸਾਲਾਂ ਲਈ ਜੇਲ੍ਹ ਭੁਗਤ ਰਹੇ ਹਨ।

ਉਨ੍ਹਾਂ ਨੇ 2018 ਵਿੱਚ ਕਿਹਾ ਸੀ ਕਿ ਗੱਠਜੋੜ ਸਰਕਾਰ ਕਮਜ਼ੋਰ ਹੋਵੇਗੀ ਅਤੇ ਦੇਸ਼ ਨੂੰ ਆਪਣਾ ਸਾਹਮਣੇ ਮੌਜੂਦ ਸੰਕਟ ਦਾ ਮੁਕਾਬਲਾ ਕਰਨ ਦੇ ਲਈ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ।

ਇਸ ਦੇ ਬਾਵਜੂਦ ਇਮਰਾਨ ਖ਼ਾਨ ਨੇ ਮੁਤਾਹਿਦਾ ਕੌਮੀ ਮੂਵਮੈਂਟ (ਪਾਕਿਸਤਾਨ) ਜਿਹੀਆਂ ਛੋਟੀਆਂ ਸਿਆਸੀ ਪਾਰਟੀਆਂ ਨਾਲ ਰਲਕੇ ਸਰਕਾਰ ਬਣਾਈ ਸੀ।

ਨਵਾਜ਼ ਸ਼ਰੀਫ਼ ਦੀ ਪਾਰਟੀ ਦਾ ਇਮਰਾਨ ਖ਼ਾਨ ਅਤੇ ਹੋਰਾਂ ਪਾਰਟੀਆਂ ਨਾਲ ਸਮਝੌਤਾ

ਅਜਿਹਾ ਹੋਣਾ ਇਮਰਾਨ ਖ਼ਾਨ ਦੀ ਪਾਰਟੀ ਦੇ ਲਈ ਵੱਡਾ ਬਦਲਾਅ ਹੋਵੇਗਾ।

ਉਹ ਪਾਰਟੀ ਜਿਸਦੇ ਆਗੂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੋਵੇ, ਪਾਰਟੀ ਦਾ ਨਿਸ਼ਾਨ ਖੋਹ ਲਿਆ ਗਿਆ ਹੋਵੇ ਅਤੇ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੋਵੇ।

ਅਜਿਹੀ ਸਥਿਤੀ ਪਹਿਲਾਂ ਕਦੇ ਵੀ ਨਹੀਂ ਦੇਖੀ ਗਈ ਅਤੇ ਇਨ੍ਹਾਂ ਨਵੇਂ ਹਾਲਾਤਾਂ ਵਿੱਚ ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਪੀਐੱਮਐੱਲ-ਐੱਨ ਦੇ ਸੀਨੀਅਰ ਆਗੂ ਆਜ਼ਮ ਨਾਜ਼ੀਰ ਤਰਾਰ ਦੀ ਸਾਰਿਆਂ ਵੱਲੋਂ “ਸਾਰਿਆਂ ਦੀ ਸ਼ਮੂਲੀਅਤ” ਨਾਲ ਸਰਕਾਰ ਬਣਾਏ ਜਾਣ ਦਾ ਦਿੱਤਾ ਗਿਆ ਸੱਦਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਮਰਾਨ ਖ਼ਾਨ ਦੀ ਪਾਰਟੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਅਮਰੀਕਾ ਦੀ ਜੌਰਜਟਾਊਨ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਉਦੈ ਚੰਦਰਾ ਨੇ ਬੀਬੀਸੀ ਨੂੰ ਦੱਸਿਆ, “ਜਿਨ੍ਹਾਂ ਨੇ ਪਹਿਲਾਂ ਇਮਰਾਨ ਖ਼ਾਨ ਨੂੰ ਵੋਟ ਨਹੀਂ ਪਾਈ ਉਹ ਵੀ ਪਿਛਲੇ ਦੋ ਸਾਲਾਂ ਵਿੱਚ ਫੌਜ ਵੱਲੋਂ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਵਰਤੇ ਗਏ ਰਵੱਈਏ ਪ੍ਰਤੀ ਬੇਇਨਸਾਫ਼ੀ ਦੀ ਭਾਵਨਾ ਮਹਿਸੂਸ ਕਰ ਸਕਦੇ ਹਨ।”

ਉਹ ਦੱਸਦੇ ਹਨ ਕਿ ਖਿੱਤੇ ਵਿੱਚ ਜਾਇਜ਼ ਲੋਕਤੰਤਰੀ ਪ੍ਰਕਿਰਿਆ ਬਾਰੇ ਸਾਂਝੀ ਭਾਵਨਾ ਨੂੰ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਨੇ ਕਿਹਾ, “ਅਜ਼ਾਦ ਉਮੀਦਵਾਰਾਂ ਦੀ ਚੋਣ ਕਰਕੇ ਵੋਟਰਾਂ ਨੇ ਇਹ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਲੋਕਤੰਤਰ ਨੂੰ ਕਾਇਮ ਰੱਖਿਆ ਜਾਵੇ।”

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਪੀਟੀਆਈ ਦੀ ਹਮਾਇਤ ਵਾਲੇ ਉਮੀਦਵਾਰਾਂ ਅਤੇ ਛੋਟੀਆਂ ਪਾਰਟੀਆਂ ਵਿੱਚ ਸਮਝੌਤਾ

ਇੱਕ ਹੋਰ ਸੰਭਾਵਨਾ ਜਿਸ ਬਾਰੇ ਚਰਚਾ ਹੋ ਰਹੀ ਹੈ ਉਹ ਇਹ ਹੈ ਕਿ ਪੀਟੀਆਈ ਦੀ ਹਮਾਇਤ ਵਾਲੇ ਉਮੀਦਵਾਰ ਗੱਠਜੋੜ ਬਣਾਉਣ ਲਈ ਇੱਕ ਛੋਟੀ ਪਾਰਟੀ ਵਿੱਚ ਸ਼ਾਮਲ ਹੋ ਜਾਣ।

ਇਸ ਨਾਲ ਉਨ੍ਹਾਂ ਦੀਆਂ ਸੀਟਾਂ ਇਕੱਠੀਆਂ ਹੋ ਜਾਣਗੀਆਂ ਅਤੇ ਉਹ ਔਰਤਾਂ ਲਈ ਨੈਸ਼ਨਲ ਅਸੈਂਬਲੀ ਵਿੱਚ ਰਾਖਵੀਆਂ 60 ਸੀਟਾਂ ਵਿੱਚ ਵੀ ਆਪਣਾ ਹਿੱਸਾ ਲੈ ਸਕਣਗੇ।

ਇੱਕ ਸਿਆਸੀ ਪਾਰਟੀ ਨੂੰ ਇਸ ਵੱਲੋਂ ਜਿੱਤੀਆਂ 3.5 ਸੀਟਾਂ ਦੇ ਬਦਲੇ 1 ਸੀਟ ਮਿਲਦੀ ਹੈ।

ਰਾਖਵੀਆਂ ਸੀਟਾਂ ਵਿੱਚ ਅਜ਼ਾਦ ਉਮੀਦਵਾਰਾਂ ਨੂੰ ਹਿੱਸਾ ਨਹੀਂ ਮਿਲਦਾ ਕਿਉਂਕਿ ਉਹ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੁੰਦੇ।

ਚੋਣਾਂ ਦੇ ਨਤੀਜੇ ਸਪੱਸ਼ਟ ਹੋਣ ਦੇ 72 ਘੰਟਿਆਂ ਦੇ ਅੰਦਰ-ਅੰਦਰ ਹੀ ਉਨ੍ਹਾਂ ਲਈ ਇਸ ਦਾ ਐਲਾਨ ਕਰਨਾ ਜ਼ਰੂਰੀ ਹੁੰਦਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਾ ਅਜ਼ਾਦ ਹੀ ਰਹਿਣਗੇ।

ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਸ ਵਿੱਚ ਪੜ੍ਹਾਉਂਦੇ ਅਸਮਾ ਫੈਜ਼ ਕਹਿੰਦੇ ਹਨ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਪੀਟੀਆਈ ਗੱਠਜੋੜ ਵਾਲੀ ਸਰਕਾਰ ਬਣਾ ਸਕੇਗੀ ਕਿਉਂਕਿ ਛੋਟੀਆਂ ਪਾਰਟੀਆਂ ਦੇ ਗੱਠਜੋੜ ਤੋਂ ਬਾਅਦ ਵੀ ਉਹ ਬਹੁਮਤ ਨਹੀਂ ਹਾਸਲ ਕਰ ਸਕਦੇ।

ਉਹ ਕਹਿੰਦੇ ਹਨ, "ਪੀਟੀਆਈ ਦੇ ਲਈ ਆਪਣੇ ਅੰਕੜੇ ਵਧਾਉਣ ਦੇ ਲਈ ਇਨ੍ਹਾਂ ਛੋਟੀਆਂ ਪਾਰਟੀਆਂ ਤੱਕ ਪਹੁੰਚ ਬਣਾਉਣੀ ਫਾਇਦੇਮੰਦ ਨਹੀਂ ਹੋਵੇਗੀ।”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)