ਪਾਕਿਸਤਾਨ ਚੋਣਾਂ: ਇਮਰਾਨ ਖ਼ਾਨ ਨੇ ਜੇਲ੍ਹ ਵਿੱਚ ਬੈਠੇ-ਬੈਠੇ ਹੀ ਸਭ ਨੂੰ ਵਖ਼ਤ ਪਾ ਦਿੱਤਾ ਹੈ- ਮੁਹੰਮਦ ਹਨੀਫ਼ ਦਾ ਵਲੌਗ

ਇਮਰਾਨ ਖ਼ਾਨ ਤੇ ਨਵਾਜ਼ ਸ਼ਰੀਫ਼

ਤਸਵੀਰ ਸਰੋਤ, Reuters/ Getty Images

ਲਓ ਜੀ ਚੋਣਾਂ ਹੋ ਗਈਆ ਹਨ, ਪਰਚੀਆਂ ਗਿਣੀਆਂ ਗਈਆਂ ਹਨ ਅਤੇ ਇਸ ਤੋਂ ਸਿੱਧਾ ਨਤੀਜਾ ਘੱਟ ਹੀ ਕਦੇ ਆਇਆ ਹੈ।

ਇਮਰਾਨ ਖਾਨ ਜੇਲ੍ਹ ’ਚ ਬੈਠੇ-ਬੈਠੇ ਚੋਣਾਂ ਜਿੱਤ ਗਏ ਹਨ। ਜਿਹੜੀਆਂ ਖੁੱਲ੍ਹੀਆਂ-ਡੁੱਲੀਆਂ ਕੰਪੇਨਾਂ ਕਰਦੇ ਸਨ, ਜਲਸੇ ਕਰਦੇ ਸਨ, ਉਹ ਹਾਰ ਕੇ ਵੀ ਕਹਿੰਦੇ ਪਏ ਹਨ ਕਿ ਮੁਲਕ ਨੂੰ ਤਾਂ ਬਸ ਅਸੀਂ ਹੀ ਸਾਂਭ ਸਕਦੇ ਹਾਂ।

ਨਵਾਜ਼ ਸ਼ਰੀਫ਼ ਸਾਹਿਬ ਆਪਣੇ ਜਲਸਿਆਂ ’ਚ ਹਵਾਈ ਚੁੰਮੀਆਂ, ਜਿਨ੍ਹਾਂ ਨੂੰ ਅੰਗਰੇਜ਼ੀ ’ਚ ਫਲਾਇੰਗ ਕਿਸ ਕਿਹਾ ਜਾਂਦਾ ਹੈ, ਅਵਾਮ ਵੱਲ ਸੁੱਟਦੇ ਸਨ ਅਤੇ ਕਹਿੰਦੇ ਸਨ ਆਈ ਲਵ ਯੂ।

ਫਿਰ ਲੋਕਾਂ ਕੋਲੋਂ ਇਹ ਵੀ ਪੁੱਛਦੇ ਸਨ ਕਿ ਡੂ ਯੂ ਲਵ ਮੀ। ਤਿੰਨ ਵਾਰ ਵਜ਼ੀਰ-ਏ-ਆਜ਼ਮ ਰਹਿਣ ਵਾਲਾ ਬੰਦਾ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਲੋਕ ਅੱਗੋਂ ਆਈ ਲਵ ਯੂ ਟੂ ਆਖ ਹੀ ਛੱਡਦੇ ਹਨ।

ਵੀਡੀਓ ਕੈਪਸ਼ਨ, ਮੁਹੰਮਦ ਹਨੀਫ਼ ਦਾ ਵਲੌਗ- 'ਇਮਾਰਨ ਖ਼ਾਨ ਨੇ ਜੇਲ੍ਹ ਵਿੱਚ ਬੈਠੇ-ਬੈਠੇ ਹੀ ਸਭ ਨੂੰ ਵਖ਼ਤ ਪਾ ਦਿੱਤਾ'

ਪਰ ਚੋਣਾਂ ਹੋਈਆਂ ਤਾਂ ਪਤਾ ਲੱਗਿਆ ਕਿ ਚੁੰਮੀਆਂ ਕਿਸੇ ਨੂੰ ਅਤੇ ਵੋਟ ਕਿਸੇ ਨੂੰ, ਸਾਈਆਂ ਕਿਸੇ ਨਾਲ ਤੇ ਵਧਾਈਆਂ ਕਿਸੇ ਨਾਲ।

ਨਵਾਜ਼ ਸ਼ਰੀਫ਼ ਨੇ ਹਾਰ ਕੇ ਵੀ ਜਿੱਤਣ ਵਾਲੀ ਤਕਰੀਰ ਕੀਤੀ ਅਤੇ ਕਿਹਾ ਕਿ ਮੈਂ ਜਿੱਤਿਆ ਤਾਂ ਨਹੀਂ ਪਰ ਮਿਹਰਬਾਨੀ ਕਰੋ ਅਤੇ ਇੱਕ ਮੌਕਾ ਹੋਰ ਦਿਓ।

ਬਿਲਾਵਲ ਭੁੱਟੋ ਸਾਹਿਬ ਜਮਾਂਦਰੂ ਹੀ ਵਜ਼ੀਰ-ਏ-ਆਜ਼ਮ ਹਨ, ਪਰ ਤੀਜੇ ਨੰਬਰ ’ਤੇ ਆਏ ਹਨ, ਜਵਾਨ ਵੀ ਹਨ ਤੇ ਇਹ ਵੀ ਸੋਚ ਰਹੇ ਹੋਣਗੇ ਕਿ ਇਸ ਵਾਰ ਨਹੀਂ ਤਾਂ ਅਗਲੀ ਵਾਰੀ ਮੇਰੀ ਹੈ।

ਪਾਕਿਸਤਾਨ ਵਿੱਚ ਬੀਬੀਆਂ ਵੋਟ ਪਾਉਣ ਤੋਂ ਬਾਅਦ

ਤਸਵੀਰ ਸਰੋਤ, Getty Images

ਲੋਕਾਂ ਨੇ ਨਵਾਜ਼ ਸ਼ਰੀਫ ਨੂੰ ਜਾਂ ਫਿਰ ਬਿਲਾਵਲ ਨੂੰ ਨਹੀਂ ਹਰਾਇਆ ਬਲਕਿ ਕਾਫ਼ੀ ਵੋਟ ਵੀ ਪਾਏ ਹਨ। ਉਨ੍ਹਾਂ ਨੇ ਹਰਾਇਆ ਉਨ੍ਹਾਂ ਨੂੰ ਹੈ ਜਿਨ੍ਹਾਂ ਦਾ ਖਿਆਲ ਸੀ ਕਿ ਉਹ ਜਿਸ ਨੂੰ ਚਾਹੁਣ ਜਿੱਤਵਾ ਦੇਣ।

ਪਹਿਲਾਂ ਉਹ ਕਹਿੰਦੇ ਸਨ ਕਿ ਨਵਾਜ਼ ਸ਼ਰੀਫ਼ ਚੋਰ ਹੈ, ਮੋਦੀ ਦਾ ਯਾਰ ਹੈ। ਫਿਰ ਚੋਣਾਂ ਤੋਂ ਪਹਿਲਾਂ ਉਸ ਨੂੰ ਨਵਾ-ਧੁਆ ਕੇ ਅੱਗੇ ਕਰ ਛੱਡਿਆ ਅਤੇ ਲੋਕਾਂ ਨੂੰ ਕਿਹਾ ਕਿ ਆਹ ਲਓ ਤੁਹਾਡਾ ਅਗਲਾ ਵਜ਼ੀਰ-ਏ-ਆਜ਼ਮ।

ਹੁਣ ਪਾਕਿਸਤਾਨੀਆਂ ਨੂੰ 5-7 ਸਾਲ ਬਾਅਦ ਹੀ ਵੋਟ ਪਾਉਣ ਦਾ ਮੌਕਾ ਮਿਲਦਾ ਹੈ ਅਤੇ ਚੋਣਾਂ ਵਿੱਚ ਧੋਖੇਬਾਜ਼ੀ ਵੀ ਹੁੰਦੀ ਹੈ ਧਾਂਦਲੀ ਵੀ ਹੁੰਦੀ ਹੈ, ਵੋਟ ਵਿਕਦੇ ਵੀ ਹਨ ਪਰ ਲੋਕ ਆਪਣੀ ਕਾਢ ਕੱਢ ਹੀ ਲੈਂਦੇ ਹਨ। ਇਨ੍ਹਾਂ ਚੋਣਾਂ ’ਚ ਉਨ੍ਹਾਂ ਨੇ ਇਮਾਰਨ ਖਾਨ ਨੂੰ ਵੋਟ ਪਾ ਕੇ ਕਾਫ਼ੀ ਸਾਰੀ ਚੱਸ ਵੀ ਲਈ ਹੈ।

ਸਾਡੇ ਵਰਦੀ ਵਾਲੇ ਸਿਆਣਿਆਂ ਦਾ ਖਿਆਲ ਸੀ ਕਿ ਇਮਰਾਨ ਖਾਨ ਤੋਂ ਬਿਨ੍ਹਾਂ ਉਸ ਦੀ ਪਾਰਟੀ ਕੋਈ ਸ਼ੈਅ ਨਹੀਂ ਹੈ। ਇਸ ਦੇ ਅਗਵਾਨਾਂ ਨੂੰ ਯਲਕਾ ਦਿਓ ਅਤੇ ਕਾਫ਼ੀ ਯਰਕ ਕੇ ਘਰ ਬੈਠ ਵੀ ਗਏ, ਫਿਰ ਖਾਨ ਨੂੰ ਜੇਲ੍ਹ ’ਚ ਬੰਦ ਕਰੋ, ਚੋਣਾਂ ਤੋਂ ਇੱਕ ਹਫ਼ਤਾ ਪਹਿਲੇ ਕੈਦ ਦੀ ਸਜ਼ਾ ਸੁਣਾਈ ਜਾਓ।

ਪਹਿਲਾਂ ਮੁਲਕ ਦੁਸ਼ਮਣੀ ’ਚ, ਫਿਰ ਚੋਰੀ ’ਚ ਅਤੇ ਆਖੀਰ ’ਚ ਇਹ ਕਿ ਤੂੰ ਵਿਆਹ ’ਚ ਬਹੁਤ ਜਲਦੀ ਕੀਤੀ ਹੈ, ਲੈ ਇੱਕ ਕੈਦ ਦੀ ਸਜ਼ਾ ਹੋਰ।

ਪਾਕਿਸਤਾਨੀ ਅਵਾਮ

ਤਸਵੀਰ ਸਰੋਤ, Getty Images

ਉਨ੍ਹਾਂ ਦਾ ਖਿਆਲ ਸੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਖਾਨ ਹੁਣ ਪੱਕਾ ਜੇਲ੍ਹ ’ਚ ਹੈ ਅਤੇ ਹੁਣ ਉਸ ਨੇ ਵਜ਼ੀਰ-ਏ-ਆਜ਼ਮ ਨਹੀਂ ਬਣਨਾ ਤੇ ਲੋਕਾਂ ਨੇ ਘਰੋਂ ਹੀ ਨਹੀਂ ਨਿਕਲਣਾ।

ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ ਵੀ ਖਿਆਲ ਸੀ ਕਿ ਪਾਕਿਸਤਾਨੀ ਉੱਜਡ ਕੌਮ ਹੈ ਅਤੇ ਖਾਨ ਦਾ ਬੱਲਾ ਖੋਹ ਲਓ ਤੇ ਵੋਟ ਵਾਲੀ ਪਰਚੀ ’ਤੇ ਉਨ੍ਹਾਂ ਨੂੰ ਖਾਨ ਦਾ ਉਮੀਦਵਾਰ ਹੀ ਨਹੀਂ ਲੱਭਣਾ।

ਖਾਨ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਇੰਝ ਵੰਡੇ ਗਏ ਜਿਵੇਂ ਕਿਸੇ ਗਰੀਬ ਦੇ ਘਰ ਦਾ ਸਮਾਨ ਹੁੰਦਾ ਹੈ। ਕਿਸੇ ਨੂੰ ਮੰਜੀ , ਕਿਸੇ ਨੂੰ ਪੀੜੀ, ਕਿਸੇ ਨੂੰ ਪਿਆਲਾ, ਪਲੇਟ, ਖੋਤਾ ਗੱਡੀ, ਕਿਤੇ ਮਾਲਟਾ ਤੇ ਕਿਤੇ ਗਾਜਰ।

ਪਤਾ ਇਹ ਲੱਗਾ ਕਿ ਕੌਮ ਇੰਨੀ ਵੀ ਗਵਾਰ ਨਹੀਂ ਜਿੰਨਾ ਕਿ ਤੁਸੀਂ ਸਾਨੂੰ ਸਮਝਦੇ ਹੋ। ਉਸ ਨੇ ਖਾਨ ਦਾ ਬੰਦਾ ਲੱਭ ਕੇ, ਪਰਚੀ ’ਤੇ ਇੰਨੀਆਂ ਮੋਹਰਾਂ ਲਗਾਈਆਂ ਕਿ ਵੋਟਾਂ ਇੱਕਠੀਆਂ ਕਰਨ ਵਾਲਿਆਂ ਨੂੰ ਵੀ ਭਾਜੜਾਂ ਪੈ ਗਈਆਂ ਕਿ ਇੰਨੀਆਂ ਵੋਟਾਂ ਕਿੱਥੇ ਰੈਪ ਕਰੀਏ।

ਖਾਨ ਆਪ ਤਾਂ ਜੇਲ੍ਹ ’ਚ ਪਾ ਦਿੱਤਾ ਸੀ, ਪਰ ਉਸ ਨੇ ਜੇਲ੍ਹ ’ਚ ਬੈਠੇ-ਬੈਠੇ ਹੀ ਸਾਰਿਆਂ ਨੂੰ ਵਖ਼ਤ ਪਾ ਦਿੱਤਾ।

ਪਾਕਿਸਤਾਨ ਚੋਣਾਂ ਤੋਂ ਬਾਅਦ ਜਸ਼ਨ

ਤਸਵੀਰ ਸਰੋਤ, EPA

ਪਾਕਿਸਤਾਨ ਦੇ ਹਰ ਸਿਆਸਤਦਾਨ ਨੂੰ ਕਦੇ ਨਾ ਕਦੇ ਜੇਲ੍ਹ ਕੱਟਣੀ ਪੈਂਦੀ ਹੈ। ਖਾਨ ਦੇ ਵੈਰੀਆਂ ਨੂੰ ਸਭ ਤੋਂ ਵੱਡੀ ਆਸ ਇਹ ਸੀ ਕਿ ਇਮਰਾਨ ਖਾਨ ਹਮੇਸ਼ਾ ਹੀ ਇੱਕ ਮਲੂਕ ਜਿਹਾ ਮੁੰਡਾ ਰਿਹਾ ਹੈ, ਇਸ ਨੇ ਕਦੇ ਸਖ਼ਤੀ ਝੱਲੀ ਨਹੀਂ।

ਜਵਾਨੀ ’ਚ ਵਲੈਤ ਰਿਹਾ ਹੈ, ਉੱਥੇ ਵੀ ਸ਼ਹਿਜ਼ਾਦਿਆਂ ਦੀ ਤਰ੍ਹਾਂ, ਬਲਕਿ ਇੰਝ ਲੱਗਦਾ ਸੀ ਕਿ ਜਿਵੇਂ ਮਲਿਕਾ ਬਰਤਾਨੀਆਂ ਨੇ ਕੁੱਛੜ ਲਿਆ ਹੋਵੇ।

ਪਾਕਿਸਤਾਨ ’ਚ ਵੀ ਇੱਕ ਵੱਡੇ ਪਹਾੜ ’ਤੇ ਹਵੇਲੀ ਬਣਾ ਕੇ ਰਹਿੰਦਾ ਹੈ। ਇਸ ਦੇ ਨਾਲ ਇਹ ਵੀ ਕਹਿੰਦੇ ਸਨ ਕਿ ਥੋੜ੍ਹਾ ਜਿਹਾ ਆਯਾਸ਼ ਆਦਮੀ ਹੈ, ਚਾਰ ਦਿਨ ਜੇਲ੍ਹ ’ਚ ਰਹੇਗਾ ਤਾਂ ਸਿੱਧਾ ਹੋ ਜਾਵੇਗਾ , ਪੈਰੀਂ ਪਵੇਗਾ ਤੇ ਮੁਆਫ਼ੀ ਮੰਗ ਕੇ ਪਾਸੇ ਹੋ ਜਾਵੇਗਾ।

ਹੁਣ ਸਾਨੂੰ ਨਹੀਂ ਪਤਾ ਕਿ ਖਾਨ ਸਾਹਿਬ ਨੂੰ ਜੇਲ੍ਹ ’ਚ ਕੋਈ ਛੋਟੀ-ਮੋਟੀ ਆਯਾਸ਼ੀ ਦੀ ਸਹੂਲਤ ਹੈ ਕਿ ਨਹੀਂ, ਪਰ ਚੋਣਾਂ ਦੇ ਨਤੀਜੇ ਤਾਂ ਉਨ੍ਹਾਂ ਨੂੰ ਜੇਲ੍ਹ ’ਚ ਪਹੁੰਚ ਹੀ ਗਏ ਹੋਣਗੇ।

ਸਿਆਸਤਦਾਨ ਭਾਵੇਂ ਜੇਲ੍ਹ ’ਚ ਹੋਵੇ ਜਾਂ ਬਾਹਰ, ਇੰਨਾ ਵੱਡਾ ਇਲੈਕਸ਼ਨ ਜਿੱਤਣ ਤੋਂ ਵੱਡੀ ਆਯਾਸ਼ੀ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ।

ਤੇ ਹੁਣ ਬਾਕੀ ਸਿਆਸਤਦਾਨ ਹਕੂਮਤ ਬਣਾਉਣ ਲਈ ਨੱਸ-ਭੱਜ, ਜੋੜ-ਤੋੜ ਕਰ ਰਹੇ ਹਨ ਤੇ ਜੇਲ੍ਹ ’ਚ ਬੈਠਾ ਇਮਰਾਨ ਖਾਨ ਹੱਸ ਰਿਹਾ ਹੈ ਅਤੇ ਨਾਲ ਹੀ ਡੰਡ-ਬੈਠਕਾਂ ਲਗਾ ਕੇ ਅਗਲੇ ਮੈਚ ਦੀ ਤਿਆਰੀ ਕਰ ਰਿਹਾ ਹੈ।

ਰੱਬ ਰਾਖਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)