ਪਾਕਿਸਤਾਨ: ਖ਼ੁਦ ਨੂੰ 'ਖਾਦਮ-ਏ-ਆਲਾ' ਕਹਿਣ ਵਾਲੇ ਸ਼ਾਹਬਾਜ਼ ਸ਼ਰੀਫ਼ ਨੂੰ ਲਹਿੰਦੇ ਪੰਜਾਬ ਦੇ ਵਾਸੀ ਇਨ੍ਹਾਂ ਕੰਮਾਂ ਲਈ ਜਾਣਦੇ ਹਨ

ਤਸਵੀਰ ਸਰੋਤ, Reuters
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਮਤੇ ਦੇ ਹੱਕ ਵਿੱਚ 172 ਵੋਟ ਪਏ ਹਨ।
ਹੁਣ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਵੇਗਾ। ਪਾਕਿਸਤਾਨ ਦੇ ਇਸ ਸਾਰੇ ਸਿਆਸੀ ਸੰਕਟ ਵਿਚਾਲੇ ਜੋ ਨਾਮ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਹੈ, ਉਹ ਹੈ ਸ਼ਾਹਬਾਜ਼ ਸ਼ਰੀਫ਼।
ਵਿਰੋਧੀ ਧਿਰ ਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਨਾਮ ਸੁਝਾਇਆ ਹੈ, ਜਿਸ ਉੱਤੇ ਅੱਜ ਮੋਹਰ ਵੀ ਲੱਗ ਸਕਦਾ ਹੈ।
ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਦਿਚਸਪ ਗੱਲਾਂ:
ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਇੱਕ ਤਜ਼ਰਬੇਕਾਰ ਸਿਆਸਤਦਾਨ ਹਨ ਅਤੇ ਪਾਕਿਸਤਾਨ ਮੁਸਲਿਮ ਲੀਗ - ਨਵਾਜ਼ ਦੇ ਪ੍ਰਧਾਨ ਹਨ।
ਇਸ ਪਾਰਟੀ ਦੀ ਸਥਾਪਨਾ ਉਨ੍ਹਾਂ ਦੇ ਵੱਡੇ ਭਰਾ ਅਤੇ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੇ ਕੀਤੀ ਸੀ।
ਇਹ ਵੀ ਪੜ੍ਹੋ:
ਨਵਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਜੇਲ੍ਹ ਤੋਂ ਬਰੀ ਹੋਣ ਤੋਂ ਬਾਅਦ ਦੇਸ਼ ਵਾਪਸ ਨਹੀਂ ਆਏ ਹਨ। ਉਨ੍ਹਾਂ ਦਾ ਵਿਦੇਸ਼ ਵਿੱਚ ਇਲਾਜ ਚੱਲ ਰਿਹਾ ਹੈ। ਨਵਾਜ਼ ਸ਼ਰੀਫ਼ ਦੀ ਸਰਕਾਰ ਨੂੰ ਸ਼ਿਕਸਤ ਦੇ ਕੇ ਹੀ ਸਰਕਾਰ ਵਿੱਚ ਆਏ ਸਨ।
ਸ਼ਾਹਬਾਜ਼ ਸ਼ਰੀਫ਼ ਦੇ ਸਾਹਮਣੇ ਕਈ ਵਾਰ ਪਾਕਿਸਤਾਨ ਦੀ ਸੱਤਾ ਸੰਭਾਲਣ ਦੇ ਮੌਕੇ ਆਏ ਪਰ ਉਨ੍ਹਾਂ ਨੇ ਭਰਾ ਦੇ ਨਾਲ ਚਲਦਿਆਂ ਹੋਇਆ ਕਦੇ ਆਪਣਾ ਰਾਹ ਨਹੀਂ ਬਦਲਿਆ।
ਪੰਜਾਬ ਅਸੈਂਬਲੀ ਦੇ ਵਿਧਾਇਕ ਚੁਣੇ ਜਾਣ ਤੋਂ ਲੈਕੇ ਦੇਸ਼ ਦੇ ਸੰਸਦ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ਤੱਕ ਦਾ ਉਨ੍ਹਾਂ ਦਾ ਸਫ਼ਰ ਬਹੁਤ ਦਿਲਚਸਪ ਹੈ।
ਕਾਰੋਬਾਰੀ ਪਰਿਵਾਰ ਵਿੱਚ ਜਨਮ
ਸ਼ਾਹਬਾਜ਼ ਦਾ ਜਨਮ 23 ਸਤੰਬਰ, 1951 ਨੂੰ ਲਾਹੌਰ (ਪੰਜਾਬ) ਪਾਕਿਸਤਾਨ ਵਿਖੇ ਮੀਆਂ ਮੁਹੰਮਦ ਸ਼ਰੀਫ਼ ਅਤੇ ਸ਼ਮੀਮ ਅਖ਼ਤਰ ਦੇ ਘਰ ਹੋਇਆ।
ਉਹ ਜੰਮੂ ਅਤੇ ਕਸ਼ਮੀਰ ਦੇ ਮੀਆਂ ਕਬੀਲੇ ਨਾਲ ਸਬੰਧਤ ਹਨ ਅਤੇ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਉਨ੍ਹਾਂ ਦੇ ਵੱਡੇ ਭਰਾ ਹਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸ਼ਰੀਫ਼ ਪਰਿਵਾਰ ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਇਹ ਪਰਿਵਾਰ ਅੰਮ੍ਰਿਤਸਰ ਦੇ ਜੱਟੀ ਉਮਰਾ ਪਿੰਡ ਤੋਂ ਹੁੰਦਾ ਹੋਇਆ ਲਾਹੌਰ ਜਾ ਵਸਿਆ।
ਸ਼ਾਹਬਾਜ਼ ਦੀ ਮਾਂ ਦਾ ਪਰਿਵਾਰ ਕਸ਼ਮੀਰ ਦੇ ਪੁਲਵਾਨਾਮਾ ਤੋਂ ਸੀ।
ਸ਼ਾਹਬਾਜ਼ ਨੇ ਸਾਲ 1971 ਵਿੱਚ ਲਾਹੌਰ ਦੇ ਗਵਰਨਮੈਂਟ ਕਾਲਜ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਇਤਿਫ਼ਾਕ ਨਾਮ ਦੇ ਕਾਰੋਬਾਰੀ ਅਦਾਰੇ ਨੂੰ ਸੰਭਾਲਣ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ।
ਪਾਕਿਸਤਾਨ ਦੇ ਡਾਅਨ ਅਖ਼ਬਾਰ ਮੁਤਬਕ ਇਤਿਫ਼ਾਕ ਗਰੁੱਪ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਰੋਬਾਰੀ ਸਮੂਹ ਹੈ। ਇਹ ਸਮੂਹ ਸਟੀਲ, ਖੰਡ, ਕੱਪੜਾ, ਬੋਰਡ ਵਰਗੇ ਉਦਯੋਗਾਂ ਵਿੱਚ ਸ਼ਾਮਲ ਹੈ। ਸ਼ਾਹਬਾਜ਼ ਇਕ ਗਰੁੱਪ ਦੇ ਸਹਿ-ਮਾਲਕ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਸਿਆਸੀ ਵਿਸ਼ਲੇਸ਼ਕ ਸੁਹੈਲ ਵੜੈਚ ਕਹਿੰਦੇ ਹਨ,''ਸ਼ਾਹਬਾਜ਼ ਦਾ ਜਨਮ ਇੱਕ ਰਸੂਖਦਾਰ ਪਰਿਵਾਰ ਵਿੱਚ ਹੋਇਆ ਸੀ। ਸ਼ੁਰੂ ਵਿੱਚ ਉਹ ਆਪਣੇ ਵੱਡੇ ਭਰਾ ਦੇ ਕੰਮਾਂ ਵਿੱਚ ਮਦਦ ਕਰਦੇ ਸਨ ਫਿਰ ਭਰਾ ਦੀ ਮਦਦ ਨਾਲ ਹੀ ਉਹ ਸਿਆਸਤ ਵਿੱਚ ਦਾਖਲ ਹੋਏ।''
ਸ਼ਾਹਬਾਜ਼ ਨੇ ਤਿੰਨ ਵਾਰ ਵਿਆਹ ਕਰਵਾਏ ਪਹਿਲੀ ਪਤਨੀ ਨੁਸਰਤ ਸ਼ਾਹਬਾਜ਼ ਤੋਂ ਉਨ੍ਹਾਂ ਦੇ ਦੋ ਪੁੱਤਰ ਅਤੇ ਤਿੰਨ ਧੀਆਂ ਹਨ। ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਹਨ।
ਦੂਜੀ ਪਤਨੀ ਆਲੀਆ ਹਨੀ ਨਾਲ ਵੀ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ ਅਤੇ ਦੋਵਾਂ ਦੀ ਇੱਕ ਧੀ ਵੀ ਹੈ।
ਸ਼ਾਹਬਾਜ਼ ਦੀ ਤੀਜੀ ਪਤਨੀ ਤਹਿਮੀਨਾ ਦੁਰਾਨੀ ਇੱਕ ਲੇਖਕਾ ਅਤੇ ਮਹਿਲਾ ਅਧਿਕਾਰ ਕਾਰਕੁਨ ਹਨ।
ਸ਼ਾਹਬਾਜ਼ ਦੀ ਨਿੱਜੀ ਜ਼ਿੰਦਗੀ ਬਾਰੇ ਸੁਹੈਲ ਵੜੈਚ ਕਹਿੰਦੇ ਹਨ, ''ਸਾਲ 2003 ਵਿੱਚ ਸ਼ਾਹਬਾਜ਼ ਸ਼ਰੀਫ਼ ਨੇ ਤਹਮੀਨਾ ਦੁਰਾਨੀ ਨਾਲ ਤੀਜਾ ਵਿਆਹ ਕਰਵਾਇਆ। ਇਸ ਵਿਆਹ ਤੋਂ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੈ। ਪਹਿਲੀ ਖਾਤੂਨ ਤੋਂ ਦੇ ਬੇਟੇ ਹਨ। ਦੂਜੀ ਪਤਨੀ ਤੋਂ ਇੱਕ ਬੇਟੀ ਹੈ। ਜ਼ਿਆਦਾਤਰ ਸਮਾਂ ਉਹ ਆਪਣੀ ਪਹਿਲੀ ਪਤਨੀ ਨਾਲ ਹੀ ਰਹਿੰਦੇ ਹਨ।

ਤਸਵੀਰ ਸਰੋਤ, @CMShehbaz
ਸਿਆਸਤ 'ਚ ਕਦਮ
ਸ਼ਾਹਬਾਜ਼ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ 1988 ਵਿੱਚ ਹੋਈ ਸੀ ਜਦੋਂ ਉਹ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਵਿਧਾਨ ਸਭਾ ਲਈ ਚੁਣੇ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਸਾਲ 1985 ਵਿੱਚ ਉਨ੍ਹਾਂ ਨੂੰ ਲਾਹੌਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦਾ ਮੁਖੀ ਚੁਣ ਲਿਆ ਗਿਆ ਸੀ।
ਖੈਰ 1988 ਦੀ ਵਿਧਾਨ ਸਭਾ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ, ਜਿਸ ਕਾਰਨ ਸ਼ਾਹਬਾਜ਼ ਦਾ ਕਾਰਜਕਾਲ ਵੀ ਅਧੂਰਾ ਹੀ ਰਿਹਾ।
ਲਗਭਗ ਇੱਕ ਦਹਾਕੇ ਬਾਅਦ, ਉਹ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਚੁਣੇ ਗਏ।
ਸਾਲ 1990 ਵਿੱਚ ਉਨ੍ਹਾਂ ਨੇ ਕੌਮੀ ਸਿਆਸਤ ਵਿੱਚ ਪਹਿਲਕਦਮੀ ਕੀਤੀ ਅਤੇ ਨੈਸ਼ਨਲ ਅਸੈਂਬਲੀ ਵਿੱਚ ਚੁਣ ਲਏ ਗਏ। ਜਿੰਨੀ ਦੇਰ ਤੱਕ ਨਵਾਜ਼ ਸ਼ਰੀਫ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਉਨੀਂ ਹੀ ਦੇਰ ਸ਼ਾਹਬਾਜ਼ ਵੀ ਅਸੈਂਬਲੀ ਦੇ ਮੈਂਬਰ ਰਹੇ।
1997 ਵਿੱਚ ਉਹ ਤੀਜੀ ਵਾਰ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ ਅਤੇ ਮੁੱਖ ਮੰਤਰੀ ਬਣੇ। ਉਹ ਆਪਣੇ-ਆਪ ਨੂੰ ਮੁੱਖ ਮੰਤਰੀ ਦੀ ਬਜਾਏ ਖਾਦਮ-ਏ-ਆਲ੍ਹਾ ਪੰਜਾਬ (ਮੁੱਖ ਸੇਵਾਦਾਰ) ਕਹਾਉਣਾ ਪਸੰਦ ਕਰਦੇ ਸਨ।

ਤਸਵੀਰ ਸਰੋਤ, EPA
ਗ੍ਰਿਫ਼ਤਾਰੀ ਅਤੇ ਵਤਨ ਵਾਪਸੀ
ਸਾਲ 1999 ਵਿੱਚ ਪਰਵੇਜ਼ ਮੁਸ਼ੱਰਫ ਦੇ ਫੌਜੀ ਤਖਤਾਪਲਟ ਤੋਂ ਬਾਅਦ ਸ਼ਾਹਬਾਜ਼ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਭਰਾ ਨਵਾਜ਼ ਸ਼ਰੀਫ਼ ਨੂੰ 2000 ਵਿੱਚ ਦੇਸ਼ ਨਿਕਾਲਾ ਦੇ ਕੇ ਸਾਊਦੀ ਅਰਬ ਭੇਜ ਦਿੱਤਾ ਗਿਆ ਸੀ।
ਇਸ ਘਟਨਾਕ੍ਰਮ ਦੌਰਾਨ ਸ਼ਾਹਬਾਜ਼ ਸ਼ਰੀਫ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸਾਲ 2007 ਵਿੱਚ ਪਾਕਿਸਤਾਨ ਦੇ ਟੀਵੀ ਚੈਨਲ ਜੀਓ ਨਿਊਜ਼ ਦੇ ਮੁਤਾਬਹਕ 23 ਅਗਸਤ 2007 ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਸੁਣਿਆ। ਅਦਾਲਤ ਨੇ ਕਿਹਾ ਕਿ ਸ਼ਾਹਬਾਜ਼ ਅਤੇ ਨਵਾਜ਼ ਸ਼ਰੀਫ਼ ਪਾਕਿਸਤਾਨ ਵਾਪਸ ਆਕੇ ਸਿਆਸਤ ਵਿੱਚ ਹਿੱਸਾ ਲੈ ਸਕਦੇ ਹਨ।
ਫਿਰ ਸਾਲ 2007 ਵਿੱਚ ਉਹ ਪਾਕਿਸਤਾਨ ਵਾਪਸ ਪਰਤ ਆਏ ਅਤੇ ਉਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਲਗਾਤਾਰ ਦੋ ਵਾਰ, 2008 ਅਤੇ ਫਿਰ 2013 ਵਿੱਚ ਸੇਵਾ ਨਿਭਾਈ।
ਉਨ੍ਹਾਂ ਨੂੰ ਇੱਕ ਸ਼ਕਤੀਸ਼ਾਲੀ ਅਤੇ ਸਖ਼ਤ ਪ੍ਰਸ਼ਾਸਕ ਮੰਨਿਆ ਜਾਂਦਾ ਹੈ ਅਤੇ ਪੰਜਾਬ ਸੂਬੇ ਵਿੱਚ ਆਪਣੇ ਮੈਗਾ ਵਿਕਾਸ ਪ੍ਰੋਜੈਕਟਾਂ ਲਈ ਜਾਣਿਆ ਜਾਂਦਾ ਹੈ।
ਸਾਲ 2013 ਦੀਆਂ ਆਮ ਚੋਣਾਂ ਵਿੱਚ ਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਹੁਣ ਕੇਂਦਰ ਵਿੱਚ ਵੱਡੇ ਭਰਾ ਨਵਾਜ਼ ਅਤੇ ਪੰਜਾਬ ਵਿੱਚ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਸੀ।

ਤਸਵੀਰ ਸਰੋਤ, Getty Images
ਲਾਹੌਰ ਦੀ ਬਦਲੀ ਨੁਹਾਰ
ਪਾਕਿਸਤਾਨ ਦੇ ਸਿਆਸੀ ਵਿਸ਼ਲੇਸ਼ਕ ਸੁਹੈਲ ਵੜੈਚ ਦਾ ਮੰਨਣਾ ਹੈ ਕਿ ਸ਼ਾਹਬਾਜ਼ ਸ਼ਰੀਫ਼ ਇੱਕ ਕੁਸ਼ਲ ਪ੍ਰਬੰਧਕ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, ''ਸ਼ਾਹਬਾਜ਼ ਨੇ ਨਾ ਸਿਰਫ਼ ਲਾਹੌਰ ਸਗੋਂ ਪੂਰੇ ਪੰਜਾਬ ਦੀ ਨੁਹਾਰ ਬਦਲਣ ਦਾ ਕੰਮ ਕੀਤਾ ਹੈ। ਉਹ ਪੰਜਾਬ ਵਿੱਚ ਵਿਕਾਸ ਲਈ ਜਾਣੇ ਜਾਂਦੇ ਹਨ। ਮੈਟਰੋ ਬੱਸ ਅਚੇ ਔਰੈਂਜ ਟਰੇਨ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ।
ਸ਼ਾਹਬਾਜ਼ ਨੇ ਸਸਤੀ ਰੋਟੀ ਅਤੇ ਲੈਪਟਾਪ ਯੋਜਨਾ ਸ਼ੁਰੂ ਕਰਕੇ ਖੂਬ ਆਲੋਚਨਾ ਹੋਈ ਤਾਂ ਆਸ਼ਿਆਨਾ ਹਾਊਸਿੰਗ ਸਕੀਮ ਲਈ ਬੱਲੇ-ਬੱਲੇ ਵੀ ਬਹੁਤ ਹੋਈ।
ਇਮਰਾਨ ਖ਼ਾਨ ਦੀ ਘੇਰਾਬੰਦੀ
24 ਮਈ 2021 ਦਾ ਉਹ ਦਿਨ ਸੀ ਜਦੋਂ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ।
ਇਸਲਾਮਾਬਾਦ ਵਿੱਚ ਹੋਈ ਇਸ ਬੈਠਕ ਵਿੱਚ ਉਨ੍ਹਾਂ ਨੇ ਦੂਜੇ ਆਗੂਆਂ ਨੂੰ ਇਮਰਾਨ ਖ਼ਾਨ ਦੀ ਸਰਕਾਰ ਨੂੰ ਡੇਗਣ ਲਈ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਇਸ ਤੋਂ ਬਾਅਦ ਲਗਾਤਾਰ ਵਿਰੋਧੀ ਧਿਰ ਇਮਰਾਨ ਖ਼ਾਨ ਦੀ ਸਰਕਾਰ ਨੂੰ ਵੱਖ-ਵੱਖ ਮੋਰਚਿਆਂ ਉੱਪਰ ਘੇਰਦਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਦੀ ਸਿਆਸਤ ਨੇ ਕਈ ਰੰਗ ਦੇਖੇ ਹਨ।
ਸੱਤਾਧਾਰੀ ਤਹਿਰੀਕੇ ਇਨਸਾਫ਼ ਦੇ ਇੱਕ ਤੋਂ ਬਾਅਦ ਇੱਕ ਕਈ ਸਹਿਯੋਗੀਆਂ ਨੇ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲਈ ਅਤੇ ਵਿਰੋਧੀ ਧਿਰ ਨਾਲ ਹੱਥ ਮਿਲਾ ਲਿਆ। ਇਸ ਨਾਲ ਇਮਰਾਨ ਸਰਕਾਰ ਅਲਪਮਤ ਵਿੱਚ ਆ ਗਈ।
ਆਖਰ ਵਿਰੋਧੀ ਧਿਰ ਨੇ 342 ਮੈਂਬਰੀ ਨੈਸ਼ਨਲ ਅਸੈਂਬਲੀ ਵਿੱਚ 172 ਮੈਂਬਰਾਂ ਦੀ ਹਮਾਇਤ ਨਾਲ, ਇਮਰਾਨ ਸਰਕਾਰ ਨੂੰ ਸਰਕਾਰ ਤੋਂ ਬਾਹਰ ਕਰ ਦਿੱਤਾ।
ਸ਼ਾਹਬਾਜ਼ ਸ਼ਰੀਫ਼ ਦੇ ਫ਼ੌਜ ਨਾਲ ਰਿਸ਼ਤਿਆਂ ਬਾਰੇ ਬੀਬੀਸੀ ਨਾਲ ਗੱਲਬਾਤ ਦੌਰਾਨ ਸੁਹੈਲ ਵੜੈਚ ਕਹਿੰਦੇ ਹਨ, ''ਵੱਡੇ ਭਰਾ ਨਵਾਜ਼ ਸ਼ਰੀਫ਼ ਦੇ ਮੁਕਾਬਲੇ ਸ਼ਾਹਬਾਜ਼ ਸ਼ਰੀਫ਼ ਦੇ ਫ਼ੌਜ ਨਾਲ ਰਿਸ਼ਤੇ ਸ਼ੁਰੂ ਤੋਂ ਹੀ ਕਾਫ਼ੀ ਵਧੀਆ ਰਹੇ ਹਨ। ਉਨ੍ਹਾਂ ਨੂੰ ਲੰਬਾ ਸਿਆਸੀ ਤਜ਼ਰਬਾ ਹੈ। ਉਹ ਚੰਗੇ ਗਵਰਨਰ ਰਹੇ ਹਨ। ਕੰਟਰੋਲ ਕਰਨ ਦੀ ਉਨ੍ਹਾਂ ਵਿੱਚ ਵਧੀਆ ਸਮਰੱਥਾ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













