ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਡਿੱਗੀ ਤਾਂ ਭਾਰਤ 'ਤੇ ਕੀ ਅਸਰ ਹੋਵੇਗਾ

ਤਸਵੀਰ ਸਰੋਤ, Reuters
- ਲੇਖਕ, ਸਾਰਾ ਮਿਸ਼ਰਾ
- ਰੋਲ, ਬੀਬੀਸੀ ਮਾਨੀਟਰਿੰਗ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਵਿਰੋਧੀ ਪਾਰਟੀਆਂ ਵੱਲੋਂ ਬੇਭਰੋਸਗੀ ਮਤਾ ਲਿਆਉਣ ਤੋਂ ਬਾਅਦ ਉੱਥੇ ਸਿਆਸੀ ਤਣਾਅ ਵਧ ਗਿਆ ਹੈ। ਹੁਣ ਤਾਂ ਸੱਤਾ 'ਚ ਬੈਠੇ ਕਈ ਸਹਿਯੋਗੀ ਵੀ ਇਮਰਾਨ ਖ਼ਾਨ ਦਾ ਸਾਥ ਛੱਡ ਰਹੇ ਹਨ।
ਇਮਰਾਨ ਖ਼ਾਨ ਨੇ 27 ਮਾਰਚ ਨੂੰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੀ ਇਤਿਹਾਸਕ ਸਭਾ ਦਾ ਆਯੋਜਨ ਕੀਤਾ। ਇਸ ਸਭਾ 'ਚ ਉਨ੍ਹਾਂ ਨੇ ਆਪਣਾ ਮਜ਼ਬੂਤ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਰੈਲੀ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪਾਕਿਸਤਾਨ ਵਿੱਚ ਵਿਦੇਸ਼ੀ ਫੰਡਾਂ ਦੀ ਮਦਦ ਨਾਲ ਸਰਕਾਰ ਡਿਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਵਿਰੋਧੀ ਧਿਰ ਨੇ ਇਮਰਾਨ ਖ਼ਾਨ ਦੇ ਇਸ ਬਿਆਨ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਇਮਰਾਨ ਖ਼ਾਨ ਨੇ ਰੈਲੀ ਕਰਕੇ ਇਹ ਦਾਅਵਾ ਕੀਤਾ ਸੀ
ਹੁਣ ਸਾਰਾ ਧਿਆਨ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵੱਲ ਹੋ ਗਿਆ ਹੈ, ਜਿਸਦੇ ਏਜੰਡੇ 'ਚ ਇਮਰਾਨ ਖ਼ਾਨ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਹੈ। ਇਹ ਮਤਾ 28 ਮਾਰਚ ਨੂੰ ਪੇਸ਼ ਕੀਤਾ ਗਿਆ ਸੀ। ਉਮੀਦ ਹੈ ਕਿ ਇਸ ਹਫਤੇ ਦੇ ਅੰਤ ਤੱਕ ਇਸ ਮਤੇ 'ਤੇ ਵੋਟਿੰਗ ਹੋਵੇਗੀ।
ਇਸ ਦੌਰਾਨ ਭਾਰਤ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਮਰਾਨ ਸਰਕਾਰ ਖਿਲਾਫ਼ ਬੇਭਰੋਸਗੀ ਮਤੇ ਦਾ ਨਤੀਜਾ ਚਾਹੇ ਜੋ ਵੀ ਹੋਵੇ, ਪਾਕਿਸਤਾਨ ਨਾਲ ਭਾਰਤ ਦੇ ਸਬੰਧ ਤਣਾਅਪੂਰਨ ਹੀ ਰਹਿਣਗੇ।
ਘਰੇਲੂ ਕਾਰਨਾਂ ਕਰਕੇ ਨਾ ਤਾਂ ਨਵੀਂ ਦਿੱਲੀ ਅਤੇ ਨਾ ਹੀ ਇਸਲਾਮਾਬਾਦ ਦੀ ਨੀਤੀ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਦਿੱਸਦੀ ਹੈ।

ਨੈਸ਼ਨਲ ਅਸੈਂਬਲੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉੱਤੇ ਨੋ ਕੋਨਫੀਡੈਂਸ ਯਾਨਿ ਕਿ ਬੇਭਰੋਸਗੀ ਮਤਾ ਪੇਸ਼ ਕਰ ਦਿੱਤਾ ਗਿਆ ਹੈ। ਹਾਲਾਂਕਿ ਵੋਟਿੰਗ ਅਜੇ ਹੋਣ ਬਾਕੀ ਹੈ, ਜਿਸਦੇ ਲਈ 3 ਤੋਂ 7 ਦਿਨਾਂ ਦਾ ਸਮਾਂ ਹੁੰਦਾ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਹੈ ਕਿ 4 ਅਪ੍ਰੈਲ ਨੂੰ ਇਸ ਮਤੇ ਉੱਤੇ ਬਹਿਸ ਹੋਵੇਗੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਕਹਿ ਚੁੱਕੇ ਹਨ ਕਿ ਉਹ ਅਸਤੀਫਾ ਨਹੀਂ ਦੇਣਗੇ ਅਤੇ ਖੇਡ ਦੇ ਅਖੀਰ ਤੱਕ ਦਾਅ ਖੇਡਣਗੇ।
ਇਸਲਾਮਾਬਾਦ ਵਿੱਚ ਕੀਤੀ ਰੈਲੀ ਵਿੱਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਆਪਣਾ ਕਾਰਜਕਾਲ ਪੂਰਾ ਕਰਨਗੇ।
ਬੇਭਰੋਸਗੀ ਮਤੇ ਦੀ ਕਾਮਯਾਬੀ ਦੀ ਸੂਰਤ ਵਿੱਚ ਇਮਰਾਨ ਖ਼ਾਨ ਨੂੰ ਘਰ ਬੈਠਣਾ ਪੈ ਸਕਦਾ ਹੈ ਪਰ ਅਜਿਹਾ ਕਰਨ ਲਈ ਵਿਰੋਧੀ ਧਿਰ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਨ੍ਹਾਂ ਕੋਲ ਘੱਟੋ-ਘੱਟ 172 ਮੈਂਬਰਾਂ ਦੀ ਹਮਾਇਤ ਹੈ। ਇਸ ਵੇਲੇ ਨੈਸ਼ਨਲ ਅਸੈਂਬਲੀ ਵਿੱਚ 342 ਮੈਂਬਰ ਮੌਜੂਦ ਹਨ। ਜਿਨ੍ਹਾਂ ਵਿੱਚ ਪੀਟੀਆਈ ਦੇ 155 ਮੈਂਬਰ ਹਨ ਜਦਕਿ ਉਨ੍ਹਾਂ ਦੀ ਭਾਈਵਾਲੀ ਪਾਰਟੀਆਂ ਦੇ 23 ਮੈਂਬਰ ਹਨ। ਦੂਜੇ ਪਾਸੇ ਵਿਰੋਧੀ ਧਿਰਾਂ ਦੇ 162 ਮੈਂਬਰ ਹਨ।
ਇਸ ਵੇਲੇ ਨੈਸ਼ਨਲ ਅਸੈਂਬਲੀ ਦੀ ਇੱਕ ਸੀਟ ਖਾਲੀ ਹੈ, ਜਦਕਿ ਇੱਕ ਹੋਰ ਸੀਟ ਉੱਤੇ ਜਮਾਤੇ-ਇਸਲਾਮੀ ਨੇ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਕਿ ਉਹ ਸਰਕਾਰ ਦੇ ਨਾਲ ਹੈ ਜਾਂ ਵਿਰੋਧੀ ਧਿਰ ਨਾਲ।
ਪਰ ਇਹ ਜ਼ਰੂਰ ਸਾਹਮਣੇ ਆ ਚੁੱਕਿਆ ਹੈ ਕਿ ਪੀਟੀਆਈ ਦੇ ਘੱਟੋ-ਘੱਟ 12 ਮੈਂਬਰ ਅਜਿਹੇ ਹਨ ਜੋ ਮੁਮਕਿਨ ਤੌਰ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਵੋਟ ਕਰਨਗੇ।

ਪਾਕਿਸਤਾਨ ਦੇ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਇਹ ਸੈਸ਼ਨ 28 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ ਫਿਰ ਇਮਰਾਨ ਖ਼ਾਨ ਦੀ ਸਰਕਾਰ ਖਿਲਾਫ ਪਹਿਲਾਂ ਤੋਂ ਹੀ ਉਡੀਕਿਆ ਜਾ ਰਿਹਾ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ।
ਵਿਰੋਧੀ ਧਿਰ ਦੇ ਆਗੂ ਸ਼ਹਬਾਜ਼ ਸ਼ਰੀਫ ਨੇ ਇਹ ਮਤਾ ਪੇਸ਼ ਕਰਨ ਦੀ ਬੇਨਤੀ ਕੀਤੀ। ਇਸਦੇ ਹੱਕ ਵਿੱਚ ਨੈਸ਼ਨਲ ਅਸੈਂਬਲੀ ਦੇ 161 ਸੰਸਦ ਮੈਂਬਰਾਂ ਨੇ ਵੋਟ ਕੀਤਾ। ਇਸ ਮਗਰੋਂ ਸਦਨ ਦੇ ਉਪ-ਸਭਾਪਤੀ ਕਾਸਿਮ ਖ਼ਾਨ ਸੂਰੀ ਨੇ ਐਲਾਨ ਕੀਤਾ ਕਿ ਇਸ ਮਤੇ 'ਤੇ ਬਹਿਸ 31 ਮਾਰਚ ਨੂੰ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਸੰਵਿਧਾਨ ਦੇ ਅਨੁਸਾਰ, ਇੱਕ ਵਾਰ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਬਾਅਦ ਇਸ ਨੂੰ 14 ਦਿਨਾਂ ਦੇ ਅੰਦਰ ਨੈਸ਼ਨਲ ਅਸੈਂਬਲੀ ਵਿੱਚ ਜ਼ਰੂਰ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਨੈਸ਼ਨਲ ਅਸੈਂਬਲੀ ਦੇ ਸਭਾਪਤੀ ਇਸ ਮਤੇ ਨੂੰ ਤੈਅ ਕੀਤੇ ਸਮੇਂ ਦੇ ਅੰਦਰ ਪੇਸ਼ ਕਰਨ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਆਲੋਚਨਾ ਦੇ ਬਾਵਜੂਦ ਬੈਠਕ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ।
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਇਹ ਮਤਾ ਪੇਸ਼ ਹੋਣ ਤੋਂ ਬਾਅਦ ਸਰਕਾਰ ਵੋਟਿੰਗ ਲਈ 'ਵੱਧ ਤੋਂ ਵੱਧ' ਭਾਵ ਸੱਤ ਦਿਨਾਂ ਦਾ ਸਮਾਂ ਲਵੇਗੀ।
ਮਤਾ ਪੇਸ਼ ਕੀਤੇ ਜਾਣ ਤੋਂ ਬਾਅਦ, ਜਮਹੂਰੀ ਵਤਨ ਪਾਰਟੀ ਨੇ ਸੱਤਾਧਾਰੀ ਗੱਠਜੋੜ ਨੂੰ ਛੱਡਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਸੰਸਦ ਦੇ ਹੇਠਲੇ ਸਦਨ ਦੇ ਕੁੱਲ 342 ਮੈਂਬਰਾਂ ਵਿੱਚ ਸੱਤਾਧਾਰੀ ਗੱਠਜੋੜ ਦੇ ਮੈਂਬਰਾਂ ਦੀ ਗਿਣਤੀ 178 ਤੱਕ ਘੱਟ ਹੋ ਗਈ।
ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਮੁਤਾਬਕ, ਵਿਰੋਧੀ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੂੰ ਹੁਣ 163 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ।

ਤਸਵੀਰ ਸਰੋਤ, Farooq Naeem
ਸੱਤਾ ਵਿੱਚ ਬਣੇ ਰਹਿਣ ਲਈ, ਇਮਰਾਨ ਖ਼ਾਨ ਦੀ ਸਰਕਾਰ ਨੂੰ ਘੱਟੋ-ਘੱਟ 172 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਦੂਜੇ ਪਾਸੇ, ਵਿਰੋਧੀ ਧਿਰ ਨੂੰ ਵੀ ਬੇਭਰੋਸਗੀ ਮਤਾ ਪਾਸ ਕਰਵਾ ਕੇ ਸਰਕਾਰ ਨੂੰ ਡਿਗਾਉਣ ਲਈ 172 ਸੰਸਦ ਮੈਂਬਰਾਂ ਦੀ ਲੋੜ ਹੈ।
ਪਾਕਿਸਤਾਨ ਵਿੱਚ ਹੁਣ ਤੱਕ ਕੀ-ਕੀ ਹੋਇਆ
'ਭਾਰਤ ਨੂੰ ਬਦਲਾਅ ਨਾਲੋਂ ਜ਼ਿਆਦਾ ਨਿਰੰਤਰਤਾ ਦੀ ਲੋੜ'
ਬਹੁਤ ਸਾਰੇ ਭਾਰਤੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਜਿੰਨਾ ਚਿਰ ਪਾਕਿਸਤਾਨੀ ਫੌਜ ਦਾ ਸੱਤਾ 'ਚ ਦਖ਼ਲ ਰਹੇਗਾ, ਦਿੱਲੀ ਨਾਲ ਇਸਲਾਮਾਬਾਦ ਦੇ ਸਬੰਧ ਤਣਾਅਪੂਰਨ ਬਣੇ ਰਹਿਣ ਦੀ ਸੰਭਾਵਨਾ ਵਧੇਰੇ ਹੈ।
ਭਾਰਤ ਦੇ ਮੰਨੇ-ਪ੍ਰਮੰਨੇ ਥਿੰਕ-ਟੈਂਕ ਇੰਸਟੀਚਿਊਟ ਫਾਰ ਡਿਫੈਂਸ ਸਟਡੀਜ਼ ਐਂਡ ਐਨਾਲਿਸਿਸ (ਆਈਡੀਐੱਸਏ) ਦੇ ਸੀਨੀਅਰ ਫੈਲੋ ਡਾ. ਅਸ਼ੋਕ ਬੇਹੂਰਿਆ ਨੇ ਪਾਕਿਸਤਾਨ ਦੇ ਸਿਆਸੀ ਦ੍ਰਿਸ਼ ਨੂੰ 'ਮਿਊਜ਼ੀਕਲ ਚੇਅਰਜ਼ ਦੀ ਖੇਡ' ਕਰਾਰ ਦਿੰਦਿਆਂ ਕਿਹਾ ਹੈ ਕਿ ਭਾਰਤ ਲਈ ਮੌਜੂਦਾ ਸਥਿਤੀ ਵਿੱਚ ਸ਼ਾਇਦ ਹੀ ਕੋਈ ਬਦਲਾਅ ਹੋਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਪੀਐੱਮਐੱਲ-ਐੱਨ ਅਤੇ ਪੀਪੀਪੀ ਦੇ ਸੱਤਾ ਵਿੱਚ ਆਉਣ ਨਾਲ "ਫੌਜ ਨੂੰ ਖੁਸ਼ ਕਰਨ" ਦੀ ਮਜਬੂਰੀ 'ਚ ਉਨ੍ਹਾਂ ਨੂੰ ਭਾਰਤ ਪ੍ਰਤੀ ਵਧੇਰੇ ਸਖ਼ਤ ਰੁਖ ਅਪਣਾਉਣਾ ਪਵੇਗਾ, ਇਸ ਲਈ ਦਿੱਲੀ ਪ੍ਰਤੀ ਉਨ੍ਹਾਂ ਦੇ ਰੁਖ 'ਚ ਨਰਮੀ ਦੀ ਸੰਭਾਵਨਾ ਬਹੁਤ ਘੱਟ ਹੈ।
ਹਾਲਾਂਕਿ, ਪਾਕਿਸਤਾਨ ਦੀ ਸਿਆਸਤ ਦੇ ਮਾਹਿਰ ਸੁਸ਼ਾਂਤ ਸਰੀਨ ਦਾ ਮੰਨਣਾ ਹੈ ਕਿ ਜਦੋਂ ਤੱਕ ਇਮਰਾਨ ਖਾਨ ਸੱਤਾ 'ਚ ਰਹਿਣਗੇ, ਭਾਰਤ ਅਤੇ ਪਾਕਿਸਤਾਨ ਵਿਚਾਲੇ ਆਮ ਅਤੇ ਸੱਭਿਅਕ ਗੱਲਬਾਤ ਦੀ ਸੰਭਾਵਨਾ ਬਿਲਕੁਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਮਰਾਨ ਖ਼ਾਨ ਨੂੰ ਸੱਤਾ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਈ ਕਾਰਕਾਂ 'ਤੇ ਨਿਰਭਰ ਹੋਣਗੇ।

ਤਸਵੀਰ ਸਰੋਤ, Reuters
ਸੁਸ਼ਾਂਤ ਸਰੀਨ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਇਮਰਾਨ ਖ਼ਾਨ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਜੋ ਹੋ ਸਕਦਾ ਹੈ ਉਹ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸਬੰਧਾਂ ਦੀ ਪੂਰੀ ਤਰ੍ਹਾਂ ਬਹਾਲੀ ਹੋ ਜਾਵੇ, 'ਟਰੈਕ ਟੂ' ਦੇ ਪੱਧਰ 'ਤੇ ਗੱਲਬਾਤ 'ਤੇ ਕੁਝ ਸਰਗਰਮੀ ਸ਼ੁਰੂ ਹੋ ਜਾਵੇ, ਹੌਲੀ-ਹੌਲੀ ਵਪਾਰ ਮੁੜ ਖੋਲ੍ਹ ਦਿੱਤਾ ਜਾਵੇ। ਹਾਲਾਂਕਿ, ਦੋਵਾਂ ਦੇ ਸਬੰਧਾਂ ਵਿੱਚ ਕਿਸੇ ਬੁਨਿਆਦੀ ਤਬਦੀਲੀ ਦੀ ਕੋਈ ਸੰਭਾਵਨਾ ਨਹੀਂ ਹੈ''।
ਨਿਊਜ਼ ਚੈਨਲ ਐੱਨਡੀਟੀਵੀ ਦੀ ਐਂਕਰ ਨਿਧੀ ਰਾਜ਼ਦਾਨ ਨੇ 28 ਮਾਰਚ ਨੂੰ ਆਪਣੇ ਪ੍ਰਾਈਮ ਟਾਈਮ ਸ਼ੋਅ 'ਚ ਕਿਹਾ ਸੀ ਕਿ ਪਾਕਿਸਤਾਨ 'ਚ ਇਮਰਾਨ ਖ਼ਾਨ ਦੇ ਖਿਲਾਫ ਕਈ ਚੀਜ਼ਾਂ ਕੰਮ ਕਰ ਰਹੀਆਂ ਹਨ। ਇਸ ਸ਼ੋਅ 'ਚ ਉਨ੍ਹਾਂ ਨੇ ਇਹ ਵੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਇਮਰਾਨ ਖ਼ਾਨ ਹੁਣ ਪਾਕਿਸਤਾਨੀ ਫੌਜ ਦੇ 'ਡਾਰਲਿੰਗ' ਨਹੀਂ ਰਹੇ।
ਉਨ੍ਹਾਂ ਅੱਗੇ ਕਿਹਾ, "ਪਾਕਿਸਤਾਨ ਦੇ ਮੌਜੂਦਾ ਘਟਨਾਕ੍ਰਮ ਨੂੰ ਭਾਰਤ ਨੇੜਿਓਂ ਦੇਖ ਰਿਹਾ ਹੋਵੇਗਾ। ਇਮਰਾਨ ਖ਼ਾਨ ਨਾਲ ਰਿਸ਼ਤੇ ਠੰਡੇ ਪੈ ਗਏ ਹਨ। ਫੌਜ ਉਂਝ ਵੀ ਭਾਰਤ 'ਤੇ ਗੋਲੀਆਂ ਚਲਾਉਂਦੀ ਹੈ ਅਤੇ ਹਮੇਸ਼ਾ ਅਜਿਹਾ ਕਰਦੀ ਰਹੇਗੀ। ਅੱਗੇ ਜੋ ਵੀ ਹੋਣ ਵਾਲਾ ਹੈ, ਉਸ ਨਾਲ ਪਾਕਿਸਤਾਨ ਅਰਾਜਕਤਾ, ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਜਾਲ 'ਚ ਉਲਝਦਾ ਚਲਾ ਜਾਵੇਗਾ''।
ਫੌਜੀ ਮਾਮਲਿਆਂ ਦੇ ਜਾਣਕਾਰ ਏਅਰ ਮਾਰਸ਼ਲ (ਸੇਵਾਮੁਕਤ) ਵੀਕੇ ਵਰਮਾ ਨੇ ਕਿਹਾ ਕਿ ਪਾਕਿਸਤਾਨ ਦੇ ਗਠਨ ਤੋਂ ਬਾਅਦ ਤੋਂ ਹੀ ਉਸ ਦੀ ਫੌਜ ਦੇਸ਼ ਦੀ 'ਰੀੜ ਦੀ ਹੱਡੀ' ਬਣੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਰਕਾਰ ਬਦਲਣ ਨਾਲ ਨਾ ਤਾਂ ਉੱਥੋਂ ਦੇ ਲੋਕਾਂ ਲਈ ਅਤੇ ਨਾ ਹੀ ਭਾਰਤ ਲਈ ਕੁਝ ਬਦਲੇਗਾ।
ਰਿਸਰਚ ਕਰਨ ਵਾਲੇ ਪ੍ਰਤੀਕ ਜੋਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਪਾਰਟੀਆਂ ਅਤੇ ਉੱਥੋਂ ਦੀ ਫੌਜ ਵਿਚਕਾਰ ਇਸ ਗੱਲ 'ਤੇ 'ਮੂਕ ਸਹਿਮਤੀ' ਹੈ ਕਿ ਭਾਰਤ ਨਾਲ ਜੁੜੇ ਮਾਮਲਿਆਂ 'ਤੇ ਅੰਤਿਮ ਫੈਸਲਾ ਫੌਜ ਹੀ ਕਰੇਗੀ। ਇਸ ਲਈ ਉਨ੍ਹਾਂ ਮੁਤਾਬਕ, ਕਸ਼ਮੀਰ ਜਾਂ ਵਪਾਰ ਸਬੰਧੀ ਮੁੱਦਿਆਂ 'ਤੇ ਬੋਲਣ ਤੋਂ ਇਲਾਵਾ ਪਾਰਟੀਆਂ ਤੋਂ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਯੂਕਰੇਨ ਸੰਕਟ ਦਾ ਸਹਾਰਾ ਲੈ ਕੇ ਰੂਸ ਅਤੇ ਅਮਰੀਕਾ ਨਾਲ ਬਿਹਤਰ ਸੌਦੇਬਾਜ਼ੀ ਕਰਨਾ ਚਾਹੁੰਦਾ ਹੈ ਕਿਉਂਕਿ ਦੋਵੇਂ ਹੀ ਆਪਣਾ-ਆਪਣਾ ਗੁੱਟ ਬਣਾਉਣਾ ਚਾਹੁੰਦੇ ਹਨ।
ਇਮਰਾਨ ਖਾਨ ਨੇ ਕਿਉਂ ਕੀਤੀ ਭਾਰਤ ਦੀ ਤਾਰੀਫ?
ਇਸਲਾਮਾਬਾਦ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਵਿਚਕਾਰ, ਇਮਰਾਨ ਖ਼ਾਨ ਨੇ ਹਾਲ ਹੀ ਵਿੱਚ ਯੂਕਰੇਨ ਸੰਕਟ ਬਾਰੇ ਭਾਰਤ ਦੀ "ਆਜ਼ਾਦ ਵਿਦੇਸ਼ ਨੀਤੀ" ਦੀ ਕਾਫੀ ਪ੍ਰਸ਼ੰਸਾ ਕੀਤੀ ਹੈ।
ਉਨ੍ਹਾਂ ਨੇ 20 ਮਾਰਚ ਨੂੰ ਕਿਹਾ, "ਰੂਸ 'ਤੇ ਲੱਗੀਆਂ ਵਿਸ਼ਵ ਵਿਆਪੀ ਪਾਬੰਦੀਆਂ ਦੇ ਬਾਵਜੂਦ ਭਾਰਤ ਉਸ ਤੋਂ ਤੇਲ ਖਰੀਦ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਨੀਤੀ ਜਨਤਾ ਦੇ ਭਲੇ ਲਈ ਹੈ।''

ਤਸਵੀਰ ਸਰੋਤ, Reuters
ਹਾਲਾਂਕਿ, ਪਾਕਿਸਤਾਨ ਦੇ ਕਈ ਲੋਕਾਂ ਨੇ ਭਾਰਤ ਦੀ ਪ੍ਰਸ਼ੰਸਾ ਕਰਨ ਲਈ ਆਪਣੇ ਪ੍ਰਧਾਨ ਮੰਤਰੀ ਦੀ ਆਲੋਚਨਾ ਵੀ ਕੀਤੀ ਹੈ। ਪਾਕਿਸਤਾਨੀ ਪੱਤਰਕਾਰ ਕਾਮਰਾਨ ਸ਼ਾਹਿਦ ਨੇ 21 ਮਾਰਚ ਨੂੰ ਟਵਿੱਟਰ 'ਤੇ ਲਿਖਿਆ ਕਿ ਇਮਰਾਨ ਖਾਨ ''ਭਾਰਤ ਦੇ ਮੀਡੀਆ ਦੇ ਡਾਰਲਿੰਗ'' ਹਨ।
ਭਾਰਤ ਨੂੰ ਲੈ ਕੇ ਇਮਰਾਨ ਖ਼ਾਨ ਦਾ ਇਹ ਬਿਆਨ ਉਨ੍ਹਾਂ ਦੀ ਮੌਜੂਦਾ ਵਿਦੇਸ਼ ਨੀਤੀ ਤੋਂ ਵੱਖਰਾ ਹੈ, ਜੋ ਮੁੱਖ ਤੌਰ 'ਤੇ ਕਸ਼ਮੀਰ ਮੁੱਦੇ 'ਤੇ ਕੇਂਦਰਿਤ ਰਹੀ ਹੈ। ਉਨ੍ਹਾਂ ਦੀ ਸਰਕਾਰ ਨੇ ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਕੋਈ ਗੱਲਬਾਤ ਨਾ ਕਰਨ ਦਾ ਫੈਸਲਾ ਕੀਤਾ ਸੀ।
ਇਸ ਬਾਰੇ ਵਿੱਚ ਵਿਸ਼ਲੇਸ਼ਕ ਡਾ. ਅਸ਼ੋਕ ਬਹੂਰਿਆ ਨੇ ਕਿਹਾ, "ਭਾਰਤ ਕਈ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦਾ ਹੈ, ਪਰ ਪਾਕਿਸਤਾਨ ਦਾ ਧਿਆਨ ਸਿਰਫ਼ ਕਸ਼ਮੀਰ 'ਤੇ ਹੀ ਰਿਹਾ ਹੈ। ਪਾਕਿਸਤਾਨ ਦੀ ਇਸ ਮਾਮਲੇ 'ਚ ਖੇਡ ਵਿਗਾੜਨ ਵਾਲੀ ਭੂਮਿਕਾ ਰਹੀ ਹੈ।"
ਇਮਰਾਨ ਖ਼ਾਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵੱਡੇ ਆਲੋਚਕ ਰਹੇ ਹਨ। ਉਹ ਅਕਸਰ ਹੀ ਟਵਿੱਟਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਰਹੇ ਹਨ।
ਇਮਰਾਨ ਖ਼ਾਨ ਨੇ ਇਸੇ ਸਾਲ 10 ਜਨਵਰੀ ਨੂੰ ਇੱਕ ਟਵੀਟ ਵਿੱਚ ਕਿਹਾ ਸੀ, "ਭਾਜਪਾ ਅਤੇ ਮੋਦੀ ਸਰਕਾਰ ਦੀ ਕੱਟੜਪੰਥੀ ਵਿਚਾਰਧਾਰਾ ਦੇ ਤਹਿਤ, ਭਾਰਤ ਦੀਆਂ ਸਾਰੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਹਿੰਦੂਤਵ ਸੰਗਠਨਾਂ ਨੇ ਨਿਸ਼ਾਨਾ ਬਣਾਇਆ ਹੈ। ਮੋਦੀ ਸਰਕਾਰ ਦਾ ਕੱਟੜਪੰਥੀ ਏਜੰਡਾ ਸਾਡੇ ਖੇਤਰ ਵਿੱਚ ਸ਼ਾਂਤੀ ਲਈ ਇੱਕ ਅਸਲ ਤੇ ਮੌਜੂਦਾ ਖ਼ਤਰਾ ਹੈ''।
ਭਾਰਤ ਦੇ ਕੁਝ ਮੀਡੀਆ ਸੰਸਥਾਨਾਂ ਨੇ ਇਹ ਵੀ ਕਿਹਾ ਕਿ ਇਮਰਾਨ ਖਾਨ ਨੇ 'ਅਚਾਨਕ ਭਾਰਤ ਦੀ ਪ੍ਰਸ਼ੰਸਾ' ਇਸ ਲਈ ਕੀਤੀ ਕਿਉਂਕਿ 'ਪਾਕਿਸਤਾਨੀ ਫੌਜ ਉਨ੍ਹਾਂ ਨੂੰ ਸੱਤਾ ਤੋਂ ਹਟਾ ਰਹੀ ਹੈ'।
ਭਾਰਤ ਦੇ ਇੱਕ ਨਿਊਜ਼ ਚੈਨਲ ਟਾਈਮਜ਼ ਨਾਓ ਨੇ 25 ਮਾਰਚ ਨੂੰ ਆਪਣੀ ਵੈੱਬਸਾਈਟ 'ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ, ਇਸ ਵਿੱਚ ਕਿਹਾ ਗਿਆ ਕਿ "ਇਮਰਾਨ ਖ਼ਾਨ ਸਪਸ਼ਟ ਤੌਰ 'ਤੇ ਪਾਕਿਸਤਾਨੀ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਇਸ ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਨੂੰ ਡੰਪ ਕਰਨ ਦੇ ਮੂਡ ਵਿੱਚ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














