ਜਵਾਨੀ ਵੇਲ਼ੇ ਯਾਰੀਆਂ ਟੁੱਟਣ ਦੇ ਕਿਹੜੇ 5 ਕਾਰਨ ਹਨ, ਕਿਸ ਤਰ੍ਹਾਂ ਦੀ ਦੋਸਤੀ ਦੇ ਟੁੱਟਣ 'ਚ ਹੀ ਭਲਾਈ ਹੁੰਦੀ ਹੈ

ਦੋਸਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋਸਤੀਆਂ ਸਾਡੇ ਵਜੂਦ ਦਾ ਅਨਿੱਖੜਾਂ ਅੰਗ ਹਨ
    • ਲੇਖਕ, ਮੌਲੀ ਗੌਰਮੈਨ
    • ਰੋਲ, ਬੀਬੀਸੀ ਪੱਤਰਕਾਰ

ਦੋਸਤੀਆਂ ਸਾਡੇ ਵਜੂਦ ਦਾ ਅਨਿੱਖੜਾਂ ਅੰਗ ਹਨ - ਤਾਂ ਫਿਰ ਜਦੋਂ ਇਹ ‘ਤੜੱਕ’ ਕਰਕੇ ਟੁੱਟ ਜਾਂਦੀਆਂ ਹਨ ਤਾਂ ਕੀ ਹੁੰਦਾ ਹੈ?

2019 ਵਿੱਚ ਮੇਰੀ ਪਹਿਲੀ ਦੋਸਤੀ ਟੁੱਟੀ। ਇਸਦਾ ਅੰਤ ਇੱਕ ਕੁੜੱਤਣ ਭਰੀ ਬਹਿਸ, ਹੰਝੂਆਂ ਅਤੇ ਨਿਰਾਸ਼ਾ ਨਾਲ ਹੋਇਆ, ਅਸੀਂ ਉਦੋਂ ਤੋਂ ਹੀ ਮੁੜ ਕਦੇ ਗੱਲ ਨਹੀਂ ਕੀਤੀ। ਮੈਂ ਕਾਫ਼ੀ ਸਮੇਂ ਤੱਕ ਉਸ ਦੋਸਤੀ ਦੇ ਨੁਕਸਾਨ ਦਾ, ਉਸਦੇ ਆਪਣੀ ਜ਼ਿੰਦਗੀ ਵਿੱਚ ਹੋਣ ਦਾ ਸੋਗ ਮਨਾਇਆ।

ਹੁਣ ਪੰਜ ਸਾਲ ਬਾਅਦ ਵੀ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਮੁੜ ਜੁੜ ਸਕੀਏ। ਹਾਲਾਂਕਿ ਹੁਣ ਮੈਂ ਆਪਣੇ ਮਨ ਨੂੰ ਸਮਝਾ ਲਿਆ ਹੈ। ਜਿੰਨੇ ਸਮੇਂ ਲਈ ਵੀ ਸੀ ਇਹ ਬਹੁਤ ਵਧੀਆ ਦੋਸਤੀ ਰਹੀ।

ਸੰਜੋਗ ਵੱਸ ਮੇਰਾ ਪਹਿਲਾ ਰੁਮਾਂਟਿਕ ਰਿਸ਼ਤਾ ਵੀ, ਇਸ ਦੋਸਤੀ ਦੇ ਟੁੱਟਣ ਤੋਂ ਮਹਿਜ਼ ਪੰਜ ਮਹੀਨੇ ਬਾਅਦ ਹੀ ਟੁੱਟ ਗਿਆ।

ਮੇਰੇ ਲਈ ਇਸ ਬਾਰੇ ਗੱਲ ਕਰਨਾ ਬਹੁਤ ਸੌਖਾ ਸੀ। ਟੁੱਟੇ ਦਿਲ ਉੱਤੇ ਕਈ ਸਾਲਾਂ ਦੇ ਸੁਣੇ ਸੰਗੀਤ, ਫ਼ਿਲਮਾਂ ਅਤੇ ਕਿਤਾਬਾਂ ਨੇ ਮੈਨੂੰ ਇਸ ਬਾਰੇ ਤਿਆਰ ਵੀ ਕਰ ਦਿੱਤਾ ਸੀ।

ਮੈਂ ਮਹਿਸੂਸ ਕੀਤਾ ਹੈ ਕਿ ਕਿਸੇ ਰੁਮਾਂਟਿਕ ਰਿਸ਼ਤੇ ਦੇ ਟੁੱਟਣ ਨਾਲੋਂ ਦੋਸਤੀ ਦੇ ਟੁੱਟਣ ਬਾਰੇ ਬਹੁਤ ਘੱਟ ਚਰਚਾ ਹੁੰਦੀ ਹੈ।

ਦੋਸਤੀਆਂ ਦੇ ਸਾਡੀ ਜ਼ਿੰਦਗੀ ਵਿੱਚ ਕਈ ਫਾਇਦੇ ਹਨ। ਜਿਵੇਂ- ਲੰਬਾ ਜੀਵਨ, ਲੰਬੀ ਸਿਹਤ, ਤੰਦਰੁਸਤੀ ਅਤੇ ਜੀਵਨ ਤੋਂ ਸੰਤੁਸ਼ਟੀ ਆਦਿ। ਫਿਰ ਵੀ ਹੋਰ ਰਿਸ਼ਤਿਆਂ ਦੇ ਮੁਕਾਬਲੇ ਸਾਇੰਸਦਾਨਾਂ ਨੇ ਇਸ ਵੱਲ ਘੱਟ ਧਿਆਨ ਦਿੱਤਾ ਹੈ।

ਯੂਨੀਵਰਸਿਟੀ ਆਫ ਮਿਨੋਸੋਟਾ ਵਿੱਚ ਸਮਾਜਿਕ ਮਨੋ ਵਿਗਿਆਨ ਦੀ ਖੋਜਾਰਥੀ ਗਰੇਸ ਵੀਥ ਮੁਤਾਬਕ “ਮੈਨੂੰ ਲੱਗਦਾ ਹੈ ਕਿ ਪਾਠਕਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੋਸਤੀਆਂ ਕਿਵੇਂ ਟੁੱਟਦੀਆਂ ਹਨ, ਇਸ ਬਾਰੇ ਅਜੇ ਅਸੀਂ ਸਮਝਣਾ ਸ਼ੁਰੂ ਹੀ ਕੀਤਾ ਹੈ।” ਉਨ੍ਹਾਂ ਨੇ ਦੋਸਤੀਆਂ ਖ਼ਤਮ ਹੋਣ ਬਾਰੇ ਖੋਜ ਕਾਰਜ ਕੀਤਾ ਹੈ।

ਦੋਸਤੀਆਂ ਟੁੱਟਣ ਬਾਰੇ ਜ਼ਿਆਦਾ ਗੱਲਬਾਤ ਨਹੀਂ ਹੁੰਦੀ, ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਇਸ ਤੋਂ ਪੈਦਾ ਹੋਣ ਵਾਲੀਆਂ ਭਾਵਨਾਵਾਂ ਨਾਲ ਨਜਿੱਠਣ ਬਾਰੇ ਪੂਰੀ ਤਰ੍ਹਾਂ ਸਮਝ ਹੀ ਨਾ ਹੋਵੇ।

ਉਨ੍ਹਾਂ ਮੁਤਾਬਕ,“ਕਿਸੇ ਰੁਮਾਂਟਿਕ ਸਾਥੀ ਤੋਂ ਵੱਖ ਹੋਣ ਬਾਰੇ ਪੂਰਾ ਸਮਾਜਿਕ ਬਿਰਤਾਂਤ ਮੌਜੂਦ ਹੈ। ਲੇਕਿਨ ਦੋਸਤੀ ਦੇ ਟੁੱਟਣ ਉੱਤੇ ਕੀ ਕੀਤਾ ਜਾਵੇ ਇਸ ਬਾਰੇ ਜ਼ਿਆਦਾ ਨਸੀਹਤਾਂ ਨਹੀਂ ਮਿਲਦੀਆਂ ਹਨ।”

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੱਕੀ ਦੋਸਤੀ?

ਬਾਲਪਨ ਵਿੱਚ ਸਾਡੇ ਲਈ ਸਾਥ ਦੇ ਮੁੱਢਲੇ ਸਰੋਤ ਸਾਡੇ ਮਾਪੇ ਹੁੰਦੇ ਹਨ।

ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਹੈ, ਖ਼ਾਸ ਕਰਕੇ ਜਦੋਂ ਅਸੀਂ ਅਲੱੜ੍ਹਪੁਣੇ ਵੱਲ ਵੱਧਦੇ ਹਾਂ, ਅਸੀਂ ਆਪਣਾ ਜ਼ਿਆਦਾਤਰ ਸਮਾਂ ਆਪਣੇ ਹਾਣੀਆਂ ਨਾਲ ਬਿਤਾਉਣ ਲੱਗਦੇ ਹਾਂ। ਅਸੀਂ ਸਮਾਜਿਕ ਪ੍ਰਵਾਨਗੀ ਨੂੰ ਜ਼ਿਆਦਾ ਮਹੱਤਵ ਦੇਣ ਲੱਗਦੇ ਹਾਂ।

ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਕਾਲਜ ਕੋਰਟਲੈਂਡ ਵਿੱਚ ਮਨੋ-ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਕੈਟਲਿਨ ਫਲੈਨਰੀ ਮੁਤਾਬਕ,“ਦੋਸਤਾਂ ਨਾਲ ਸਾਡਾ ਅਲਹਿਦਾ ਸੰਬੰਧ ਹੁੰਦਾ ਹੈ, ਉਹ ਸਾਰੀ ਜ਼ਿੰਦਗੀ ਸਾਡੀ ਪਛਾਣ ਨੂੰ ਘੜਨ ਵਿੱਚ ਮਦਦ ਕਰਦੇ ਹਨ। ਅਸੀਂ ਆਪਣੇ ਦੋਸਤਾਂ ਨੂੰ ਸ਼ੀਸ਼ੇ ਅਤੇ ਮਾਰਗ ਦਰਸ਼ਕ ਵਜੋਂ ਵਰਤਦੇ ਹਾਂ।”

ਵੀਥ ਮੁਤਾਬਕ ਸ਼ੁਰੂ ਵਿੱਚ ਮਿੱਤਰਤਾ ਸਮਾਨਤਾ ਅਤੇ (ਭੂਗੋਲਿਕ) ਨਜ਼ਦੀਕੀ ਦੇ ਅਧਾਰ ਉੱਤੇ ਕਾਇਮ ਕੀਤੀ ਜਾਂਦੀ ਹੈ।

“ਅਸੀਂ ਸਮਾਜਿਕ ਪ੍ਰਾਣੀ ਹਾਂ, ਸਾਨੂੰ ਪ੍ਰਵਾਨਗੀ ਚਾਹੀਦੀ ਹੈ। ਸਾਨੂੰ ਆਪਣੇ ਮਾਪਿਆਂ ਤੋਂ ਹੀ ਨਹੀਂ ਸਗੋਂ ਹਮਉਮਰ ਹਾਣੀਆਂ ਤੋਂ ਵੀ ਮਾਨਤਾ ਚਾਹੀਦੀ ਹੁੰਦੀ ਹੈ। ਇਸੇ ਕਾਰਨ ਇੱਥੋਂ ਹੀ ਦੋਸਤੀਆਂ ਸਾਡੇ ਲਈ ਨਾ ਸਿਰਫ ਸਮਾਜਿਕ ਮਦਦ ਦਾ ਜ਼ਰੂਰੀ ਸਰੋਤ ਹਨ ਸਗੋਂ ਅਨੰਦ ਅਤੇ ਸਾਥ ਦਾ ਸਰੋਤ ਵੀ ਬਣ ਜਾਂਦੀਆਂ ਹਨ।”

ਦੋਸਤੀ ਉੱਤੇ ਜ਼ਿਆਦਾਤਰ ਰਿਸਚਰ ਬੱਚਿਆਂ ਅਤੇ ਅਲੱੜ੍ਹਾਂ ਨੂੰ ਕੇਂਦਰ ਵਿੱਚ ਰੱਖ ਕੇ ਹੋਈ ਹੈ। ਇਸ ਉਮਰ ਵਿੱਚ ਦੋਸਤੀਆਂ ਦਾ ਟੁੱਟਣਾ ਆਮ ਹੁੰਦਾ ਹੈ।

ਫਲੈਨਰੀ ਨੇ 354 ਮਿਡਲ ਸਕੂਲ ਵਿਦਿਆਰਥੀਆਂ (11 ਤੋਂ 14 ਸਾਲ ਦੇ) ਉੱਤੇ ਇੱਕ ਅਧਿਐਨ ਕੀਤਾ।

ਇਨ੍ਹਾਂ ਵਿੱਚੋਂ 86ਫ਼ੀਸਦਨੇ ਕਿਹਾ ਕਿ ਉਨ੍ਹਾਂ ਦੀ ਹਾਲ ਹੀ ਵਿੱਚ ਦੋਸਤੀ ਟੁੱਟੀ ਸੀ। ਜ਼ਿਆਦਾਤਰ ਲਈ ਇਸਦੀ ਮੁੱਖ ਵਜ੍ਹਾ ਧੋਖਾ ਜਾਂ ਟਕਰਾ ਸੀ।

ਦੂਜਾ ਕਾਰਕ ਦੋਸਤਾਂ ਤੋਂ ਸਾਥ ਦੀ ਕਮੀ ਸੀ। ਮਿਸਾਲ ਵਜੋਂ- ਕੰਪੈਨੀਅਨਸ਼ਿਪ ਜਾਂ ਇਕੱਠੇ ਸ਼ੁਗਲ-ਮੇਲਾ ਨਾ ਕਰਨਾ।

ਦੋਸਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋਸਤੀ ਟੁੱਟਣਾਂ ਆਪਣੇ ਆਪ ਵਿੱਚ ਮਨੁੱਖ ਨੂੰ ਮਾਨਸਿਕ ਤੌਰ ਉੱਤੇ ਪ੍ਰਭਾਵਿਤ ਕਰਦਾ ਹੈ

ਦੋਸਤੀਆਂ ਦੇ ਟੁੱਟਣ ਨੇ ਇਨ੍ਹਾਂ ਮਿਡਲ ਸਕੂਲ ਵਿਦਿਆਰਥੀਆਂ ਵਿੱਚ ਦੁੱਖ ਸਮੇਤ ਪੇਚੀਦਾ ਕਿਸਮ ਦੀਆਂ ਭਾਵਨਾਵਾਂ ਛੇੜ ਦਿੱਤੀਆਂ ਸਨ। ਉਨ੍ਹਾਂ ਨੂੰ ਪ੍ਰਸੰਨਤਾ ਅਤੇ ਰਾਹਤ ਵੀ ਮਹਿਸੂਸ ਹੋ ਰਹੀ ਸੀ। ਦੋਸਤੀ ਟੁੱਟਣ ਨਾਲ ਕਿੱਦਾਂ ਦਾ ਮਹਿਸੂਸ ਹੋਇਆ ਇਹ ਇਸ ਉੱਤੇ ਨਿਰਭਰ ਕਰਦਾ ਸੀ ਕਿ ਆੜੀ ਕਿਵੇਂ ਟੁੱਟੀ, ਅਤੇ ਤੋੜਨ ਦੀ ਪਹਿਲ ਕਿਸ ਨੇ ਕੀਤੀ।

ਕੁਝ ਮਾਮਲਿਆਂ ਵਿੱਚ ਦੋਸਤੀ ਦਾ ਦਰਜਾ ਘਟਾ ਕੇ- ‘ਸਭ ਤੋਂ ਵਧੀਆ’ ਤੋਂ ‘ਵਧੀਆ ਦੋਸਤ’ ਕਰ ਦਿੱਤਾ ਜਾਂਦਾ ਹੈ।

ਸੱਤਵੀਂ ਜਮਾਤ ਦੇ ਵਿਦਿਆਰਥੀਆਂ ਉੱਤੇ ਇੱਕ ਸਾਲ ਤੱਕ ਕੀਤੇ ਗਏ ਅਧਿਐਨ ਵਿੱਚ ਦੇਖਿਆ ਗਿਆ ਕਿ ਸਿਰਫ ‘ਸਭ ਤੋਂ ਵਧੀਆ ਦੋਸਤੀਆਂ’ ਵਿੱਚੋਂ ਸਿਰਫ ਅੱਧੀਆਂ ਹੀ ਪੂਰੇ ਸਕੂਲੀ ਸਾਲ ਦੌਰਾਨ ਟਿਕ ਸਕੀਆਂ

ਇਸਦੇ ਮੁਕਾਬਲੇ ਮਗਰਲੇ ਅੱਲੜ੍ਹਪੁਣੇ ਦੀਆਂ ਦੋਸਤੀਆਂ ਸਕੂਲ ਦੌਰਾਨ ਜ਼ਿਆਦਾ ਸਥਿਰ ਸਨ। ਇੱਕ ਅਕਾਦਮਿਕ ਪੇਪਰ ਮੁਤਾਬਕ ਅੱਲੜ੍ਹਾਂ ਲਈ ਪਤਝੜ ਵਿੱਚ ਬਣਿਆ ਕੋਈ ਕਰੀਬੀ ਦੋਸਤ ਬਸੰਤ ਤੱਕ (ਕਰੀਬ ਛੇ ਮਹੀਨੇ) ਨਾਲ ਰਹਿ ਸਕਦਾ ਹੈ।

ਅਜਿਹੀਆਂ ਦੋਸਤੀਆਂ ਜਦੋਂ ਬੱਚੇ ਯੂਨੀਵਰਸਿਟੀ ਜਾਂ ਕਾਲਜ ਜਾਂਦੇ ਹਨ ਜਾਂ ਤਾਂ ਟੁੱਟ ਜਾਂਦੀਆਂ ਹਨ ਜਾਂ ਕਮਜ਼ੋਰ ਹੋ ਜਾਂਦੀਆਂ ਹਨ।

ਇਸਦਾ ਕਾਰਨ ਸਰੀਰਕ ਦੂਰੀ ਵੱਧਣਾ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਇਹ ਬਣ ਰਹੇ ਬਾਲਗ ਜ਼ਿਆਦਾ ਪੇਚੀਦਾ ਸਮਾਜਿਕ ਤਾਣੇ-ਬਾਣੇ ਅਤੇ ਆਪਣੀਆਂ ਉਮੀਦਾਂ ਨਾਲ ਦੋ-ਚਾਰ ਹੁੰਦੇ ਹਨ। ਇਸ ਕਾਰਨ ਦੋਸਤੀਆਂ ਦੀ ਸਥਿਰਤਾ ਵਿੱਚ ਵੀ ਕਮੀ ਆ ਸਕਦੀ ਹੈ।

ਦੋਸਤੀ

ਤਸਵੀਰ ਸਰੋਤ, Javier Hirschfeld/ BBC

ਤਸਵੀਰ ਕੈਪਸ਼ਨ, ਛੋਟੀ ਉਮਰ ਦੇ ਪੜਾਵਾਂ ਵਾਂਗ ਹੀ ਦੋਸਤੀ ਵੀ ਮਨੁੱਖ ਲਈ ਅੱਗੇ ਵੱਧਣ ਦਾ ਇੱਕ ਮੌਕਾ ਦਿੰਦੀ ਹੈ

ਛੋਟੀ ਉਮਰ ਦੇ ਪੜਾਵਾਂ ਵਾਂਗ ਹੀ ਦੋਸਤੀ ਵੀ ਇਨ੍ਹਾਂ ਬੱਚਿਆਂ ਲਈ ਦੂਜਿਆਂ ਨਾਲ ਚਲਣ- ਸਿੱਖਣ ਦਾ ਇੱਕ ਮੌਕਾ ਦਿੰਦੀਆਂ ਹਨ।

ਮਿਸਾਲ ਵਜੋਂ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਰਿਸ਼ਤਿਆਂ ਬਾਰੇ ਵਿਕਾਸਵਾਦੀ ਸੋਚ (ਗਰੋਥ ਮਾਈਂਡਸੈੱਟ) ਵਾਲਿਆਂ ਨੂੰ ਲਗਦਾ ਹੈ ਕਿ ਰਿਸ਼ਤਿਆਂ ਨੂੰ ਵਧਾਉਣ ਅਤੇ ਵਿਕਸਿਤ ਕਰਨ ਲਈ ਯਤਨਾਂ ਦੀ ਲੋੜ ਹੁੰਦੀ ਹੈ। ਇਹ ਲੋਕ ਕਿਸੇ ਰਿਸ਼ਤੇ ਵਿੱਚ ਜ਼ਿਆਦਾ ਕੋਸ਼ਿਸ਼ ਕਰਦੇ ਹਨ। ਜਦਕਿ ਦੂਜੇ ਇਹ ਕਹਿ ਸਕਦੇ ਹਨ ਕਿ ਜਿਵੇਂ-ਜਿਵੇਂ ਜੀਵਨ ਵਿੱਚ ਦਿਲਚਸਪੀਆਂ ਬਦਲਦੀਆਂ ਹਨ, ਦੋਸਤ ਵੀ ਬਦਲਣੇ ਚਾਹੀਦੇ ਹਨ।

ਵੀਥ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਦੋਸਤੀਆਂ ਦਾ ਟੁੱਟਣਾ ਜ਼ਿੰਦਗੀ ਦਾ ਕੁਦਰਤੀ ਹਿੱਸਾ ਹੈ। ਇਹ ਅਹਿਮ ਨਹੀਂ ਕਿ ਤੁਹਾਡੇ ਕਿੰਨੇ ਦੋਸਤ ਹਨ-ਸਗੋਂ ਇਹ ਉਨ੍ਹਾਂ ਨਾਲ ਨੇੜਤਾ ਅਤੇ ਉਨ੍ਹਾਂ ਦੇ ਹੁੰਗਾਰਾ ਦੇਣ ਬਾਰੇ ਹੈ।”

ਸਾਰੀਆਂ ਦੋਸਤੀਆਂ ਦਾ ਟੁੱਟਣਾ ਦਰਦਨਾਕ ਅਤੇ ਨਾਟਕੀ ਨਹੀਂ ਹੁੰਦਾ, ਕਈ ਵਾਰ ਬਸ ਲਗਾਵ ਘੱਟ ਜਾਂਦਾ ਹੈ।

20 ਤੋਂ 28 ਸਾਲ ਦੇ ਬਾਲਗਾਂ ਉੱਤੇ ਕੀਤੀ ਗਈ 1980 ਦੇ ਦਹਾਕੇ ਦੀ ਇੱਕ ਸਟੱਡੀ ਨੇ ਇੱਕੋ ਲਿੰਗ ਦੀਆਂ ਦੋਸਤੀਆਂ ਦੇ ਟੁੱਟਣ ਦੇ ਪੰਜ ਸਭ ਤੋਂ ਆਮ ਕਾਰਨ ਦੱਸੇ ਹਨ।

  • ਸਥਾਨਕ ਨੇੜਤਾ ਦੀ ਕਮੀ
  • ਹੁਣ ਪੰਸਦ ਨਾ ਰਹਿਣਾ
  • ਗੱਲਬਾਤ ਦੀ ਕਮੀ
  • ਹੋਰ ਰਿਸ਼ਤਿਆਂ ਦਾ ਦਖ਼ਲ ਜਿਵੇਂ ਡੇਟਿੰਗ ਅਤੇ ਵਿਆਹ,
  • ਕੁਦਰਤੀ ਹੀ ਦੋਸਤੀ ਦਾ ਭਾਫ਼ ਹੋ ਜਾਣਾ

ਸਥਾਨਕ ਨੇੜਤਾ ਦੋਸਤੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਜਦਕਿ ਸਭ ਤੋਂ ਵਧੀਆ ਕਿਸਮ ਦੀਆਂ ਦੋਸਤੀਆਂ ਗੱਲਬਾਤ ਦੀ ਕਮੀ ਜਾਂ ਦੂਜੇ ਰਿਸ਼ਤਿਆਂ ਦੇ ਦਖ਼ਲ ਕਾਰਨ ਜ਼ਿਆਦਾ ਟੁੱਟਦੀਆਂ ਹਨ।

ਖੋਜ ਮੁਤਾਬਕ ਜਦਕਿ ਮਜ਼ਬੂਤ ਦੋਸਤੀਆਂ ਜੀਵਨ ਦੀਆਂ ਇਨ੍ਹਾਂ ਚੁਣੌਤੀਆਂ ਪ੍ਰਤੀ ਢਲ ਜਾਂਦੀਆਂ ਹਨ।

ਵੀਥ ਮੁਤਾਬਕ, “ਜਦੋਂ ਵੀ ਮੈਂ ਦੋਸਤੀ ਟੁੱਟਣ ਬਾਰੇ ਸੋਚਦੀ ਹਾਂ, ਮੈਨੂੰ ਲਗਦਾ ਹੈ ਕਿ ਜ਼ਿੰਦਗੀ ਦੇ ਕੁਝ ਪਹਿਲੂ ਹਨ ਜੋ ਦੋਸਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਲੇਕਿਨ ਦੋਸਤੀ ਦੀਆਂ ਅਜਿਹੀਆਂ ਵੀ ਮਿਸਾਲਾਂ ਹਨ, ਜਿਨ੍ਹਾਂ ਨੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਹੋਰ ਮਜ਼ਬੂਤ ਹੋਈਆਂ ਹਨ।”

ਦੋਸਤੀ

ਤਸਵੀਰ ਸਰੋਤ, Javier Hirschfeld/ BBC

ਤਸਵੀਰ ਕੈਪਸ਼ਨ, ਦੋਸਤੀ ਤੋਂ ਸਾਡੀਆਂ ਉਮੀਦਾਂ ਅਤੇ ਉਹ ਕਿਵੇਂ ਖ਼ਤਮ ਹੋਣਗੀਆਂ ਇਸ ਨੂੰ ਸਾਡਾ ਨਰ ਜਾਂ ਮਾਦਾ ਹੋਣਾ ਵੀ ਪ੍ਰਭਾਵਿਤ ਕਰਦਾ ਹੈ।

ਹਮੇਸ਼ਾ ਲਈ ਸਭ ਤੋਂ ਵਧੀਆ ਦੋਸਤ

ਦੋਸਤੀ ਤੋਂ ਸਾਡੀਆਂ ਉਮੀਦਾਂ ਅਤੇ ਉਹ ਕਿਵੇਂ ਖ਼ਤਮ ਹੋਣਗੀਆਂ ਇਸ ਨੂੰ ਸਾਡਾ ਨਰ ਜਾਂ ਮਾਦਾ ਹੋਣਾ ਵੀ ਪ੍ਰਭਾਵਿਤ ਕਰਦਾ ਹੈ।

ਅਮਰੀਕਾ ਦੇ ਬਾਲਗਾਂ ਉੱਤੇ ਕੀਤੇ ਸਰਵੇਖਣ ਵਿੱਚ ਜ਼ਿਆਦਾਤਰ (66%) ਦਾ ਕਹਿਣਾ ਸੀ ਕਿ ਉਨ੍ਹਾਂ ਦੇ ਜ਼ਿਆਦਾਤਰ ਨਜ਼ਦੀਕੀ ਦੋਸਤ ਉਨ੍ਹਾਂ ਦੇ ਲਿੰਗ ਦੇ ਹੀ ਹਨ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਜ਼ਿਆਦਾ (71% ਬਨਾਮ 61%) ਕਿਹਾ ਕਿ ਕੁੜੀਆਂ ਹੀ ਉਨ੍ਹਾਂ ਦੀਆਂ ਸਹੇਲੀਆਂ ਹਨ।

ਹਾਈ ਸਕੂਲ ਦੌਰਾਨ ਕੁੜੀਆਂ ਦੀ ਦੋਸਤੀ ਜ਼ਿਆਦਾਤਰ ਮਨੋਵਿਗਿਆਨਕ ਸਾਥ ਅਤੇ ਨਜ਼ਦੀਕੀ ਦੇ ਦੁਆਲੇ ਮਜ਼ਬੂਤ ਹੁੰਦੀ ਹੈ। ਜਦਕਿ ਮੁੰਡਿਆਂ ਦੀ ਦੋਸਤੀ ਸ਼ੁਗਲ-ਮੇਲੇ ਦੇ ਪਹਿਲੂਆਂ ਦੁਆਲੇ ਬੁਣੀ ਜਾਂਦੀ ਹੈ।

ਕੁੜੀਆਂ ਅਤੇ ਮੁੰਡਿਆਂ ਵਿੱਚ ਦੂਜਾ ਵੱਡਾ ਫਰਕ ਹੈ ਕਿ ਦੋਸਤੀਆਂ ਬਣਦੀਆਂ ਕਿਵੇਂ ਹਨ- ਜੋੜਿਆਂ ਵਿੱਚ ਜਾਂ ਸਮੂਹਾਂ ਵਿੱਚ। ਕੁੜੀਆਂ ਦੀਆਂ ਇੱਕ ਤੋਂ ਜ਼ਿਆਦਾ ਨਜ਼ਦੀਕੀ ਸਹੇਲੀਆਂ ਹੁੰਦੀਆਂ ਹਨ।

ਮੁੰਡਿਆਂ ਦਾ ਤਾਣਾ-ਬਾਣਾ ਜ਼ਿਆਦਾ ਸੰਘਣਾ ਹੁੰਦਾ ਹੈ, ਜਿੱਥੇ ਉਨ੍ਹਾਂ ਦਾ ਹਰੇਕ ਦੋਸਤ ਦੂਜੇ ਦਾ ਦੋਸਤ ਹੁੰਦਾ ਹੈ।

ਕੁੜੀਆਂ ਦੀ ਦੋਸਤੀ ਵਿੱਚ ਟਕਰਾਅ ਦੇ ਜ਼ਿਆਦਾ ਸਮੱਸਿਆਪੂਰਨ ਹੋਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ। ਜਿਵੇਂ ਕਿ ਫਲੈਨਰੀ ਦਾ ਕਹਿਣਾ ਹੈ – ਕੁੜੀਆਂ ਨੂੰ ਨਜ਼ਦੀਕੀ ਦੋਸਤੀਆਂ ਕਾਇਮ ਰੱਖਣ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।

ਫਲ਼ੈਨਰੀ ਦਾ ਕਹਿਣਾ ਹੈ, “[ਕੁੜੀਆਂ ਅਤੇ ਔਰਤਾਂ] ਆਪਣੀਆਂ ਸਹੇਲੀਆਂ ਨੂੰ ਵਫ਼ਾਦਾਰੀ ਅਤੇ ਭਾਵੁਕ ਸਾਥ ਦੇ ਪੱਖੋਂ ਉੱਚੀ ਕਸਵੱਟੀ ਉੱਤੇ ਰੱਖਦੀਆਂ ਹਨ... ਉਨ੍ਹਾਂ (ਕੁੜੀਆਂ) ਨੇ ਕਿਹਾ ਕਿ ਉਹ ਜ਼ਿਆਦਾ ਦੁਖੀ ਸਨ- ਉਨ੍ਹਾਂ ਨੇ ਇਸ ਬਾਰੇ ਜ਼ਿਆਦਾ ਉਗਾਲੀ (ਸੋਚੀ ਜਾਣਾ, ਜਿਵੇਂ ਜਾਨਵਰ ਖਾਧੇ ਹੋਏ ਚਾਰੇ ਨੂੰ ਮੂੰਹ ਵਿੱਚ ਚਿੱਥਦੇ ਰਹਿੰਦੇ ਹਨ) ਕੀਤੀ। ਦੋਸਤੀ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਮੁੰਡਿਆਂ ਦੇ ਮੁਕਾਬਲੇ ਜ਼ਿਆਦਾ ਇਕੱਲੀਆਂ ਅਤੇ ਤਣਾਅ ਗ੍ਰਸਤ ਮਹਿਸੂਸ ਕੀਤਾ।”

ਤਣਾਅ ਨਾਲ ਨਜਿੱਠਣ ਬਾਰੇ ਖੋਜ ਦਰਸਾਉਂਦੀ ਹੈ ਕਿ ਕੁੜੀਆਂ ਨੂੰ ਆਪਣੇ ਦੋਸਤਾਂ ਨਾਲ ਕਲੇਸ਼ ਕਰਨ ਮਗਰੋਂ ਸਮਝੌਤੇ ਵਿੱਚ ਜ਼ਿਆਦਾ ਸਮਾਂ ਲਗਦਾ ਹੈ। ਇਸ ਤੋਂ ਪੈਦਾ ਹੋਇਆ ਗੁੱਸਾ ਵੀ ਉਨ੍ਹਾਂ ਵਿੱਚ ਜਾਣ ਨੂੰ ਜ਼ਿਆਦਾ ਸਮਾਂ ਲੈਂਦਾ ਹੈ।

ਦੋਸਤੀਆਂ ਦੇ ਟੁੱਟਣ ਦੇ ਕਾਰਨ ਵੀ ਕੁੜੀਆਂ ਅਤੇ ਮੁੰਡਿਆਂ ਲਈ ਵੱਖੋ-ਵੱਖ ਦੇਖੇ ਗਏ ਹਨ।

ਅਮਰੀਕਾ ਦੀ ਮਿਡਵੈਸਟਰਨ ਯੂਨੀਵਰਸਿਟੀ ਦੇ ਵਿਦਿਆਰੀਆਂ ਦੇ ਇੱਕ ਅਧਿਐਨ ਮੁਤਾਬਕ ਡੇਟਿੰਗ ਅਤੇ ਵਿਆਹ ਨੇ ਕੁੜੀਆਂ ਦੀ ਮਿੱਤਰਤਾ ਵਿੱਚ ਜ਼ਿਆਦਾ ਦਖ਼ਲ ਦਿੰਦੇ ਹਨ।

ਦੋਸਤੀ

ਤਸਵੀਰ ਸਰੋਤ, Javier Hirschfeld/ BBC

ਤਸਵੀਰ ਕੈਪਸ਼ਨ, ਕਿਸੇ ਜ਼ਹਿਰੀਲੀ ਦੋਸਤੀ ਨੂੰ ਤੋੜਨਾ ਜਾਂ ਉਸ ਦੇ ਟੁੱਟ ਜਾਣ ਦੇਣ ਵਿੱਚ ਹੀ ਤੁਹਾਡੀ ਭਲਾਈ ਹੈ।

ਕਦੋਂ ਟੁੱਟੀ ਨੂੰ ਭਲੀ ਕਹਾਂਗੇ

ਇਹ ਸੋਚਦੇ ਹੋ ਕਿ ਤੁਸੀਂ ਫਿਰ ਕਰੀਬ ਹੋ ਸਕਦੇ ਹੋ, ਕੀ ਤੁਹਾਨੂੰ ਆਪਣੇ ਪੁਰਾਣੇ ਦੋਸਤਾਂ ਨਾਲ ਲੱਗੇ ਰਹਿਣਾ ਚਾਹੀਦਾ ਹੈ?

ਅਜਿਹਾ ਜ਼ਰੂਰੀ ਨਹੀਂ ਵੀਥ ਅਤੇ ਫਲੈਨਰੀ ਮੁਤਾਬਕ ਕਈ ਵਾਰ— ਜਾਣ ਦੇਣਾ ਵੀ ਬਿਹਤਰ ਹੁੰਦਾ ਹੈ।

ਮਿਸਾਲ ਵਜੋਂ ਕਿਸੇ ਜ਼ਹਿਰੀਲੀ ਦੋਸਤੀ ਨੂੰ ਤੋੜਨਾ ਜਾਂ ਟੁੱਟ ਜਾਣ ਦੇਣ ਵਿੱਚ ਹੀ ਤੁਹਾਡੀ ਭਲਾਈ ਹੈ।

“ਕਈ ਵਾਰ ਅਸੀਂ ਦੋਸਤੀਆਂ ਨੂੰ ਜ਼ਿਆਦਾ ਹੀ ਮਹੱਤਵ ਦੇ ਦਿੰਦੇ ਹਾਂ।”

“ਸਾਰੀਆਂ ਦੋਸਤੀਆਂ ਸਕਾਰਤਮਿਕ ਨਹੀਂ ਹੁੰਦੀਆਂ। ਇਸ ਲਈ ਜ਼ਿਆਦਾਤਰ ਦੋਸਤੀਆਂ ਦੇ ਬਹੁਤ ਫਾਇਦੇ ਹੁੰਦੇ ਹਨ ਲੇਕਿਨ ਅਸੀਂ ਦੇਖਣਾ ਹੁੰਦਾ ਹੈ ਕਿ ਕਿਹੜੇ ਦੋਸਤ ਸਾਡੇ ਮਦਦਗਾਰ ਹਨ।”

ਕੁਝ ਦੋਸਤ ਸਾਨੂੰ ਭਰਿਆ-ਭਰਿਆ ਮਹਿਸੂਸ ਕਰਵਾ ਸਕਦੇ ਹਨ ਜਦਕਿ ਦੂਜੇ ਹੋ ਸਕਦਾ ਹੈ ਸਾਨੂੰ ਥੱਕਿਆ-ਥੱਕਿਆ ਅਤੇ ਨੁੱਚੜਿਆ ਹੋਇਆ ਛੱਡ ਜਾਂਦੇ ਹਨ।

ਹਾਲਾਂਕਿ ਜਾਣ-ਬੁੱਝ ਕੇ ਕਿਸੇ ਦੋਸਤ ਨੂੰ ਜਾਣ ਦੇਣਾ ਇੱਕ ਹੋਰ ਚੁਣੌਤੀ ਪੇਸ਼ ਕਰ ਸਕਦਾ ਹੈ, ਕਿ ਕਿਸੇ ਦੋਸਤ ਦਾ ਦਿਲ ਦੁਖਾਏ ਬਿਨਾਂ ਉਸ ਨੂੰ ਕਿਵੇਂ ਜਾਣ ਦਿੱਤਾ ਜਾਵੇ।

ਇੱਕ ਵਿਵਾਦਿਤ ਅਤੇ ਆਮ ਵਿਧੀ ਹੈ ‘ਗੋਸਟਿੰਗ’। ਇਸਦੀ ਵਰਤੋਂ ਜ਼ਿਆਦਾਤਰ ਰੁਮਾਂਟਿਕ ਰਿਸ਼ਤੇ ਤੋੜਨ ਲਈ ਕੀਤੀ ਜਾਂਦੀ ਹੈ, ਕਿ ਜਾਣਬੁੱਝ ਕੇ ਗਾਇਬ ਹੋ ਜਾਣਾ। ਹੁਣ ਇਹ ਵਿਧੀ ਬਿਨਾਂ ਲੜਾਈ ਦੇ ਦੋਸਤੀ ਵਿੱਚ ਵੀ ਵਰਤੀ ਜਾਣ ਲੱਗੀ ਹੈ।

ਇਹ ਵੀ ਪੜ੍ਹੋ-
ਦੋਸਤੀ

ਤਸਵੀਰ ਸਰੋਤ, Javier Hirschfeld/ BBC

ਤਸਵੀਰ ਕੈਪਸ਼ਨ, ਧੀਮੀ ਗੋਸਟਿੰਗ ਤੋਂ ਭਾਵ ਹੈ ਇਕਦਮ ਤੋੜਨ ਦੀ ਥਾਂ ਕਿਸੇ ਦੋਸਤ ਤੋਂ ਹੌਲ-ਹੌਲੀ ਦੂਰ ਹੋ ਜਾਣਾ

ਇੱਕ ਅਧਿਐਨ ਵਿੱਚ 18 ਤੋਂ 25 ਸਾਲ ਦੇ ਆਪਣੇ ਕਿਸੇ ਦੋਸਤ ਉੱਤੇ ਗੋਸਟਿੰਗ ਕਰਨ ਵਾਲਿਆਂ ਨੂੰ ਇਸਦੀ ਵਜ੍ਹਾ ਪੁੱਛੀ ਗਈ

ਸਭ ਤੋਂ ਆਮ ਕਾਰਨ ਸੀ- ਜ਼ਹਿਰੀਲੀ ਦੋਸਤੀ, ਦੋਸਤੀ ਨੂੰ ਕਾਇਮ ਰੱਖਣ ਵਿੱਚ ਦਿਲਚਸਪੀ ਦਾ ਖ਼ਤਮ ਹੋ ਜਾਣਾ, ਕਿਸੇ ਦੋਸਤ ਤੋਂ ਚਿੜ੍ਹ ਜਾਣਾ, ਕਿਸੇ ਨੇ ਤੁਹਾਡੀਆਂ ਹੱਦਾਂ ਦਾ ਉਲੰਘਣ ਕੀਤਾ ਹੈ।

ਹਾਲਾਂਕਿ ਗੋਸਟਿੰਗ ਕਰਨ ਵਾਲਿਆਂ ਲਈ ਦੋਸਤੀ ਦੀ ਲੰਬੀ ਉਮਰ ਦਾ ਵੀ ਮਹੱਤਵ ਸੀ। ਲੇਕਿਨ ਇਸ ਨੇ ਉਨ੍ਹਾਂ ਨੂੰ ‘ਧੀਮੀ ਗੋਸਟਿੰਗ’ ਤੋਂ ਰੋਕਿਆ ਨਹੀਂ।

ਧੀਮੀ ਗੋਸਟਿੰਗ ਤੋਂ ਭਾਵ ਹੈ ਇਕਦਮ ਤੋੜਨ ਦੀ ਥਾਂ ਕਿਸੇ ਦੋਸਤ ਤੋਂ ਹੌਲ-ਹੌਲੀ ਦੂਰ ਹੋ ਜਾਣਾ। ਇਸ ਵਿਧੀ ਨਾਲ ਛੱਡੇ ਗਏ ਵਿਅਕਤੀ ਨੂੰ ਦੁੱਖ ਅਤੇ ਨਿਰਾਸ਼ਾ ਮਹਿਸੂਸ ਹੋਈ।

ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਗੋਸਟਿੰਗ ਬੁਰੀ ਦੋਸਤੀ ਦੇ ਖਿਲਾਫ਼ ਉਨ੍ਹਾਂ ਦੀ ਢਾਲ ਹੈ। ਉਨ੍ਹਾਂ ਮੁਤਾਬਕ ਸਾਹਮਣਾ ਕਰਨਾ ਕਾਰਗਰ ਸਾਬਤ ਨਹੀਂ ਹੋਣਾ ਸੀ।

ਵੀਥ ਕੋਲ ਇੱਕ ਹੋਰ ਬਿਹਤਰ ਰਾਹ ਹੈ। ਇਹ ਸਿੱਖਣਾ ਕਿ ਕਿਸੇ ਦੋਸਤੀ ਨੂੰ ਕਾਇਮ ਰੱਖਣ ਅਤੇ ਸੁਧਾਰਨ ਲਈ ਕੀ ਚਾਹੀਦਾ ਹੈ। ਦੋਸਤੀ ਵਿੱਚ ਆਏ ਤਣਾਅ ਅਤੇ ਸਵਾਲ-ਜਵਾਬ ਨਾਲ ਕਿਵੇਂ ਡੀਲ ਕੀਤਾ ਜਾਵੇ।

ਵੀਥ ਦੱਸਦੇ ਹਨ, “ਮੈਨੂੰ ਲਗਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਹੁੰਦਾ ਹੈ ਕਿ ਉਹ ਰੁਮਾਂਟਿਕ ਰਿਸ਼ਤਿਆਂ ਵਿੱਚ ਤਾਂ ਤਣਾਅ ਨਾਲ ਨਜਿੱਠਣਾ ਚਾਹੁੰਦੇ ਹਨ ਕਿਉਂਕਿ ਇਸ ਬਾਰੇ ਅਸੀਂ ਸਾਰੇ ਸਹਿਮਤ ਹਾਂ ਕਿ ਇਹ ਤਾਂ ਹੋਣਾ ਹੀ ਹੁੰਦਾ ਹੈ।”

ਲੇਕਿਨ ਦੋਸਤੀ ਦੇ ਮਾਮਲੇ ਵਿੱਚ ਅਸੀਂ ਉਮੀਦ ਕਰਦੇ ਹਾਂ ਸਭ ਕੁਝ ਆਪਣੇ-ਆਪ ਹੋ ਜਾਣਾ ਚਾਹੀਦਾ ਹੈ।

“ਮੈਂ ਜਾਣਦੀ ਹਾਂ ਕਿ ਲੋਕ ਆਪਣੇ ਦੋਸਤਾਂ ਵੱਲ ਦੇਖ ਕੇ ਸੋਚਦੇ ਹਨ ਕਿ ਇਹ ਰਿਸ਼ਤੇ ਤਾਂ ਸੌਖੇ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀ ਖੁਸ਼ੀ ਲਿਆਉਣੀ ਚਾਹੀਦੀ ਹੈ। ਇਹ ਸੱਚ ਵੀ ਹੈ, ਪਰ ਕਈ ਵਾਰ ਐਦਾਂ ਵੀ ਲਗਦਾ ਹੈ ਕਿ ਜੋ ਤਣਾਅ ਪੈਦਾ ਹੋਵੇਗਾ ਇਹ ਰਿਸ਼ਤਾ ਉਸਦੇ ਕਾਬਲ ਨਹੀਂ ਹੈ।”

ਭਾਵੇਂ ਕਿ ਰੁਮਾਂਟਿਕ ਰਿਸ਼ਤਿਆਂ ਅਤੇ ਦੋਸਤੀਆਂ ਦੇ ਲਗਭਗ ਇੱਕੋ-ਜਿਹੇ ਭਾਵੁਕ ਫਾਇਦੇ ਹੁੰਦੇ ਹਨ- ਜਿਵੇਂ ਕਿ ਨਿੱਘ ਅਤੇ ਅਨੰਦ। ਫਿਰ ਵੀ ਇਨ੍ਹਾਂ ਵਿੱਚ ਵੱਡੇ ਫਰਕ ਹਨ- ਇੱਕ ਰੁਮਾਂਟਿਕ ਰਿਸ਼ਤੇ ਵਿੱਚ ਇੱਕ ਸਾਥੀ ਨਾਲ ਵਫ਼ਾਦਾਰੀ ਦੀ ਉਮੀਦ ਹੁੰਦੀ ਹੈ, ਅਤੇ ਨਿਯਮ ਸਪਸ਼ਟ ਹੁੰਦੇ ਹਨ।

ਦੋਸਤੀ

ਤਸਵੀਰ ਸਰੋਤ, Javier Hirschfeld/ BBC

ਤਸਵੀਰ ਕੈਪਸ਼ਨ, ਜਦੋਂ ਸਾਡੇ ਕਿਸੇ ਨਜ਼ਦੀਕੀ ਦੋਸਤ ਦਾ ਕੋਈ ਹੋਰ ਵੀ ਨਜ਼ਦੀਕੀ ਦੋਸਤ ਹੁੰਦਾ ਹੈ ਸਾਨੂੰ ਚੰਗਾ ਨਹੀਂ ਲਗਦਾ।

ਫਲੈਨਰੀ ਮੁਤਾਬਕ ਜਦਕਿ “ਦੋਸਤੀ ਵਿੱਚ ਇਸ ਤਰ੍ਹਾਂ ਦੀ ਵਫ਼ਾਦਾਰੀ ਦੀ ਕੋਈ ਉਮੀਦ ਨਹੀਂ ਹੁੰਦੀ। ਇਹ ਸਥਿਤੀ ਪੇਚੀਦਗੀ ਨੂੰ ਵਧਾ ਦਿੰਦੀ ਹੈ, ਕਿਉਂਕਿ ਅਸੀਂ ਦੋਸਤੀਆਂ ਨੂੰ ਵੀ ਈਰਖਾ ਦੀ ਅੱਖ ਨਾਲ ਦੇਖਦੇ ਹਾਂ।”

ਜਦੋਂ ਸਾਡੇ ਕਿਸੇ ਨਜ਼ਦੀਕੀ ਦੋਸਤ ਦਾ ਕੋਈ ਹੋਰ ਵੀ ਨਜ਼ਦੀਕੀ ਦੋਸਤ ਹੁੰਦਾ ਹੈ ਸਾਨੂੰ ਵਧੀਆ ਨਹੀਂ ਲਗਦਾ। ਫਲੈਨਰੀ ਕਹਿੰਦੇ ਹਨ, “ਕਿਉਂਕਿ ਇਹ ਵਿਅਕਤੀ ਮੇਰੇ ਲਈ ਬਹੁਤ ਖਾਸ ਹੈ ਪਰ ਉਨ੍ਹਾਂ ਕੋਲ ਕੋਈ ਹੋਰ ਹੈ ਜੋ ਉਨ੍ਹਾਂ ਲਈ ਖਾਸ ਹੈ।” ਹਾਲਾਂਕਿ ਇਹ ਸਿਧਾਂਤ ਸਾਨੂੰ ਇਹ ਯਾਦ ਕਰਵਾਉਣ ਲਈ ਮਦਦਗਾਰ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੋਰ ਦੋਸਤ ਰੱਖਣ ਦੀ ਖੁੱਲ੍ਹ ਹੈ ਅਤੇ ਇਸ ਨਾਲ ਸਾਡੀ ਦੋਸਤੀ ਉੱਤੇ ਨੂੰ ਕੋਈ ਫਰਕ ਨਹੀਂ ਪੈਂਦਾ।

ਅਜੇ ਭਾਵੇਂ ਦੋਸਤੀ ਦੇ ਮਨੋ ਵਿਗਿਆਨ ਬਾਰੇ ਖੋਜ ਸਾਹਮਣੇ ਆ ਰਹੀ ਹੈ। ਇੱਥੇ ਕੁੜੀਆਂ ਮੁੰਡੇ ਵਿਆਹ ਕਰਵਾਉਣ ਲਈ 30 ਸਾਲ ਦੇ ਹੋਣ ਜਾਣ ਦੀ ਉਡੀਕ ਕਰਦੇ ਹਨ। ਇਹ ਰਿਸ਼ਤੇ ਸਾਡੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਅਤੇ ਊਰਜਾ ਲੈਂਦੇ ਹਨ।

ਪਿਊ ਰਿਸਰਚ ਸੈਂਟਰ ਦੀ ਤਾਜ਼ਾ ਖੋਜ ਮੁਤਾਬਕ 61% ਫੀਸਦੀ ਅਮਰੀਕੀ ਬਾਲਗਾਂ ਨੇ ਕਿਹਾ ਕਿ ਇੱਕ ਭਰਭੂਰ ਜ਼ਿੰਦਗੀ ਜਿਉਣ ਲਈ ਕਰੀਬੀ ਦੋਸਤ ਹੋਣਾ ਬਹੁਤ ਮਹੱਤਵਪੂਰਨ ਹੈ।

ਅਮਰੀਕਾ ਅਤੇ ਬ੍ਰਿਟੇਨ ਦੋਵਾਂ ਵਿੱਚ ਵੀ ਦੁਨੀਆਂ ਦੇ ਹੋਰ ਕਈ ਹਿੱਸਿਆਂ ਵਾਂਗ ਲੋਕਾਂ ਦੇ ਵਿਆਹ ਕਰਵਾਉਣ ਦੀ ਔਸਤ ਉਮਰ ਵੱਧਦੀ ਜਾ ਰਹੀ ਹੈ। ਇਸਦਾ ਮਤਲਬ ਹੈ ਕਿ ਦੋਸਤ ਸਾਡੀਆਂ ਜ਼ਿੰਦਗੀਆਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੰਬੇ ਸਮੇਂ ਤੱਕ ਸਥਿਰਤਾ ਅਤੇ ਮਦਦ ਮੁਹੱਈਆ ਕਰਨਗੇ।

ਰੁਮਾਂਟਿਕ ਰਿਸ਼ਿਤਿਆਂ ਵਿੱਚ ਜੋੜਿਆਂ ਲਈ ਰਿਸ਼ਤੇ ਤੋੜਨਾ ਕੋਈ ਅਸਧਾਰਨ ਗੱਲ ਨਹੀਂ ਹੈ। ਕਈ ਵਾਰ ਕੁਝ ਸੋਚ ਵਿਚਾਰ ਤੋਂ ਬਾਅਦ ਉਹ ਮੁੜ ਇਕੱਠੇ ਵੀ ਹੋ ਜਾਂਦੇ ਹਨ। ਕੀ ਅਜਿਹਾ ਕੁਝ ਅਸੀਂ ਆਪਣੇ ਸਾਬਕਾ ਦੋਸਤਾਂ ਬਾਰੇ ਵੀ ਸੋਚ ਸਕਦੇ ਹਾਂ? ਕੋਈ ਸਮਝੌਤਾ, ਦੂਜੀ ਕੋਸ਼ਿਸ਼? ਫਲੈਨਰੀ ਮੁਤਾਬਕ ਇਹ ਦੋਸਤੀ ਦੀ ਪ੍ਰਕਿਰਿਤੀ ਉੱਤੇ ਨਿਰਭਰ ਕਰਦਾ ਹੈ।

“ਮੈਂ ਸੋਚਦੀ ਹਾਂ ਕਿ ਜਦੋਂ ਕੋਈ ਦੋਸਤੀ ਠੀਕ ਹੁੰਦੀ ਹੈ ਅਤੇ ਜਦੋਂ ਨਹੀਂ ਹੁੰਦੀ ਤਾਂ ਇਹ ਵੱਖ-ਵੱਖ ਸਥਿਤੀਆਂ ਹੋਣਗੀਆਂ, ਜਦੋਂ ਇਸ ਨੂੰ ਟੁੱਟ ਜਾਣ ਦੇਣਾ ਹੀ ਬਿਹਤਰ ਹੋਵੇਗਾ।”

“(ਅਤੇ) ਇੱਕ ਵਾਰ ਫਿਰ ਇਹ ਨਿਰਭਰ ਕਰੇਗਾ ਕੀ ਤੁਹਾਨੂੰ ਰਾਹਤ ਮਹਿਸੂਸ ਹੋਈ ਹੈ ਕਿ ਦੋਸਤੀ ਖ਼ਤਮ ਹੋ ਗਈ? ਕੀ ਦੋਸਤੀ ਤੁਹਾਡੀ ਜ਼ਿੰਦਗੀ ਵਿੱਚ ਹਾਂਮੁਖੀ ਲਾਭ ਲੈ ਕੇ ਆ ਰਹੀ ਸੀ? ਜੇ ਤੁਹਾਨੂੰ ਅਜੇ ਵੀ ਲਗਦਾ ਹੈ ਕਿ ਤੁਹਾਨੂੰ ਉਨ੍ਹਾਂ ਦੀ ਘਾਟ ਰੜਕ ਰਹੀ ਹੈ ਤਾਂ ਮੁਰੰਮਤ ਦੀ ਕੋਸ਼ਿਸ਼ ਕਰਨੀ ਬਣਦੀ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)