ਬ੍ਰਿਟੇਨ ਦੇ ਇੱਕ ਸਿੱਖ ਗ੍ਰੰਥੀ ਨੇ ਕਈ ਬੱਚਿਆਂ ਨਾਲ ਬਦਫੈਲੀ ਕਰਨ ਦਾ ਦੋਸ਼ ਕਬੂਲਿਆ, ਹੋਈ ਸਜ਼ਾ, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਲੂਈਸ ਪੈਰੀ
- ਰੋਲ, ਬੀਬੀਸੀ ਨਿਊਜ਼
ਬ੍ਰਿਟੇਨ ਵਿੱਚ 1980ਵੇਂ ਦੇ ਦਹਾਕੇ ਵਿੱਚ ਬੱਚਿਆਂ ਨਾਲ ਬਦਫੈਲੀ ਕਰਨ ਦਾ ਗੁਨਾਹ ਮੰਨਣ ਵਾਲੇ ਇੱਕ ਗ੍ਰੰਥੀ ਨੂੰ 24 ਸਾਲ ਦੀ ਸਜ਼ਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਘਟਨਾਵਾਂ ਨੂੰ 1983 ਅਤੇ 1987 ਵਿਚਾਲੇ ਹਿਟਚਨ, ਹਰਟਫੋਰਡਸ਼ਾਇਰ ਸਣੇ ਇੱਕ ਗੁਰਦੁਆਰਾ ਵਿੱਚ ਅੰਜਾਮ ਦਿੱਤਾ ਗਿਆ ਸੀ।
ਪੁਲਿਸ ਮੁਤਾਬਕ ਦੋਸ਼ੀ ਮੱਖਣ ਸਿੰਘ ਮੌਜੀ ਉੱਤਰੀ ਪ੍ਰਾਇਅਰਜ਼ ਕੋਰਟ, ਨੌਰਥੈਂਪਟਨ ਵਿੱਚ ਇੱਕ ਗ੍ਰੰਥੀ ਸੀ, ਤੇ ਉਹ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਹੈ।

ਕੈਮਬ੍ਰਿਜ ਕਰਾਊਨ ਅਦਾਲਤ ਵਿੱਚ 71 ਸਾਲਾ ਦੋਸ਼ੀ ਨੇ ਸੁਣਵਾਈ ਦੌਰਾਨ ਕਈ ਤਰ੍ਹਾਂ ਦੇ ਜਿਨਸ਼ੀ ਸ਼ੋਸ਼ਣਾਂ ਦੀ ਗੱਲ ਕਬੂਲੀ ਤੇ 27 ਦਸੰਬਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ਜੱਜ ਹਰਸਟ ਨੇ ਕਿਹਾ ਕਿ ਮੌਜੀ ਨੇ "ਵਿਸ਼ਵਾਸ ਨੂੰ ਤੋੜ ਕੇ ਡੂੰਘੇ ਭਾਵਨਾਤਮਕ ਜ਼ਖ਼ਮ" ਦਿੱਤੇ ਹਨ ਅਤੇ ਇਹ ਸਜ਼ਾ ਉਸ ਵੱਲੋਂ ਕੀਤੇ ਅਪਰਾਧਾਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਦੋਸ਼ੀ ਵੱਲੋਂ ਕੀਤੇ ਅਪਰਾਧਾਂ ਵਿੱਚ ਤਿੰਨ ਪੀੜਤ ਅਜਿਹੇ ਸ਼ਾਮਲ ਸਨ, ਜਿਨ੍ਹਾਂ ਦੀ ਉਮਰ ਉਸ ਸਮੇਂ ਅੱਠ ਤੋਂ 14 ਸਾਲ ਦੇ ਵਿਚਕਾਰ ਸੀ।
ਉਸ ਨੂੰ 11 ਸਰੀਰਕ ਸ਼ੋਸਣ ਦੇ ਮਾਮਲਿਆਂ, ਇੱਕ ਬਲਾਤਕਾਰ ਕਰਨ ਦੀ ਕੋਸ਼ਿਸ਼ ਅਤੇ ਇੱਕ ਬੱਚੇ ਨਾਲ ਅਸ਼ਲੀਲਤਾ ਦੇ ਦੋ ਮਾਮਲਿਆਂ ਲਈ ਸਜ਼ਾ ਸੁਣਾਈ ਗਈ ਹੈ।
ਮੌਜੀ ਉਪਰ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਨਾਲ ਹੀ ਉਮਰ ਭਰ ਲਈ ਜਿਨਸੀ ਅਪਰਾਧੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ।
"ਮੌਕਾਪ੍ਰਸਤ ਸ਼ਿਕਾਰੀ"
ਇਸ ਕੇਸ ਤੋਂ ਬਾਅਦ ਹਰਟਫੋਰਡਸ਼ਾਇਰ ਪੁਲਿਸ ਦੇ ਡਿਟੈਕਟਿਵ ਐਲਿਜ਼ਾਬੈਥ ਮੈਕਗ੍ਰਾਥ ਨੇ ਕਿਹਾ, "ਮੈਂ ਸਿਰਫ਼ ਪੀੜਤਾਂ ਦੀ ਸ਼ਾਨਦਾਰ ਬਹਾਦਰੀ ਲਈ ਉਨ੍ਹਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ ਕਿ ਉਹ ਅੱਗੇ ਆਏ ਅਤੇ ਮੌਜੀ ਵੱਲੋਂ ਕੀਤੇ ਅਪਰਾਧਾਂ ਬਾਰੇ ਆਪਣੀ ਹੱਡਬੀਤੀ ਸੁਣਾਈ। ਉਨ੍ਹਾਂ ਤੋਂ ਬਿਨਾਂ ਮੌਜੀ ਕਦੇ ਵੀ ਆਪਣੇ ਗੁਨਾਹਾਂ ਨੂੰ ਕਬੂਲ ਨਹੀਂ ਸੀ ਕਰ ਸਕਦਾ।"
"ਮੌਜੀ ਵਰਗਾ ਜਿਨਸੀ ਸ਼ਿਕਾਰੀ ਸਾਲਾਂ ਤੱਕ ਜੇਲ੍ਹ ਵਿੱਚ ਬੰਦ ਰਹੇਗਾ, ਇਸ ਸਜ਼ਾ ਨਾਲ ਉਮੀਦ ਹੈ ਕਿ ਸਾਡੇ ਪੀੜਤਾਂ ਲਈ ਹੁਣ ਰਾਹਤ ਭਰਿਆ ਰਾਹ ਪੱਧਰਾ ਹੋ ਗਿਆ ਹੈ।"

ਤਸਵੀਰ ਸਰੋਤ, Hertfordshire Constabulary
ਮੌਜੀ ਦੇ ਹਿਚਿਨ ਤੋਂ ਬਾਹਰ ਵੀ ਨੌਰਥੈਂਪਟਨ, ਬੈੱਡਫੋਰਡ ਅਤੇ ਮਿਲਟਨ ਕੀਨਜ਼ ਇਲਾਕੇ ਦੇ ਕਈ ਹੋਰ ਗੁਰਦੁਆਰਿਆਂ ਨਾਲ ਸਬੰਧ ਸਨ।
ਹਿਟਚਨ ਵਿੱਚ ਸਿੱਖ ਭਾਈਚਾਰੇ ਦੇ ਇੱਕ ਨੁਮਾਇੰਦੇ ਨੇ ਕਿਹਾ, "ਅਸੀਂ ਇਨ੍ਹਾਂ ਅਪਰਾਧਾਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਜ਼ਾ ਸੁਣਾਉਣ ਵਾਲੇ ਜੱਜ ਦੀ ਸ਼ਲਾਘਾ ਕਰਦੇ ਹਾਂ। ਜਿਸ ਵਿੱਚ ਇਸ ਮੌਕਾਪ੍ਰਸਤ ਸ਼ਿਕਾਰੀ ਨੇ ਸਥਾਨਕ ਗ੍ਰੰਥੀ ਦੇ ਅਹੁਦੇ ਉਪਰ ਰਹਿੰਦਿਆਂ ਹੋਇਆਂ ਲੋਕਾਂ ਦੇ ਵਿਸ਼ਵਾਸ ਦਾ ਘਾਣ ਕੀਤਾ।"
"ਇੱਕ-ਦੂਜੇ ਦਾ ਸਹਿਯੋਗ ਕਰਨਾ ਅਤੇ ਇਹ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ ਕਿ ਸਾਰੇ ਭਾਈਚਾਰੇ ਅਜਿਹੇ ਘਿਣਾਉਣੇ ਵਿਵਹਾਰ ਪ੍ਰਤੀ ਚੌਕਸ ਰਹਿਣ।"
"ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਪੀੜਤਾਂ ਨੂੰ ਤਸੱਲੀ ਮਿਲੇਗੀ ਅਤੇ ਇਸ ਦੋਸ਼ੀ ਵਿਅਕਤੀ ਨੂੰ ਨਿਆਂ ਦੇ ਕਟਿਹਿਰੇ ਵਿੱਚ ਲਿਆਉਣ ਲਈ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕਰਨੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












