'ਡੰਕੀ': ਲਹਿੰਦੇ ਪੰਜਾਬ ਦਾ 14 ਸਾਲਾ ਮੁੰਡਾ ਯੂਰਪ ਜਾਂਦਾ ਭੂਮੱਧ ਸਾਗਰ 'ਚ ਵਹਿ ਗਿਆ, 'ਏਜੰਟਾਂ ਦੇ ਪਿੰਡ' ਦਾ ਬੱਚਾ-ਬੱਚਾ ਕੀ ਸੁਪਨਾ ਲੈਂਦਾ ਹੈ

ਆਬਿਦ ਜਾਵੇਦ
ਤਸਵੀਰ ਕੈਪਸ਼ਨ, 14 ਸਾਲਾ ਆਬਿਦ ਜਾਵੇਦ ਨੇ ਜਦੋਂ ਤੋਂ ਹੋਸ਼ ਸੰਭਾਲੀ ਉਦੋਂ ਤੋਂ ਹੀ ਵਿਦੇਸ਼ ਜਾਣ ਦਾ ਸੁਫ਼ਨਾ ਅੱਖਾਂ ਵਿੱਚ ਪਾਲ ਲਿਆ
    • ਲੇਖਕ, ਸ਼ਹਿਜ਼ਾਦ ਮਲਿਕ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਪੰਜਾਬ ਦਾ ਪਿੰਡ ਮੋਰੀਕਾ ਜੱਜਾ ਕਿਸੇ ਆਮ ਪਿੰਡ ਵਾਂਗ ਵਿਖਾਈ ਦਿੰਦਾ ਹੈ ਪਰ ਇਥੇ ਗਲੀਆਂ ਵਿੱਚ ਖੇਡਦੇ ਬੱਚੇ ਜਿਵੇਂ ਹੀ ਜਵਾਨੀ ਵਿੱਚ ਪੈਰ ਧਰਦੇ ਹਨ। ਇੱਕ ਅਜਿਹਾ ਸੁਪਨਾ ਵੇਖਣ ਲੱਗਦੇ ਹਨ ਜਿਸ ਨੂੰ ਪੂਰਿਆਂ ਕਰਨ ਲਈ ਕਈਆਂ ਨੂੰ ਜਾਨ ਗਵਾਉਣੀ ਪੈ ਜਾਂਦੀ ਹੈ।

ਇਹ ਸੁਪਨਾ ਜ਼ਿੰਦਗੀ ਯੂਰਪ ਵਿੱਚ ਬਿਤਾਉਣ ਦਾ ਹੈ, ਜਿਸ ਲਈ ਇਸ ਪਿੰਡ ਦੇ ਬਹੁਤ ਸਾਰੇ ਲੋਕ 'ਡੰਕੀ' ਵਰਗੇ ਗੈਰ-ਕਾਨੂੰਨੀ ਤਰੀਕੇ ਵੀ ਅਪਣਾਉਣ ਤੋਂ ਪਿਛੇ ਨਹੀਂ ਹੱਟਦੇ ।

ਇਹ ਹੀ ਉਹ ਪਿੰਡ ਹੈ ਜਿੱਥੋਂ ਦਾ 14 ਸਾਲਾ ਆਬਿਦ ਜਾਵੇਦ, ਜੋ ਕਿ ਗੈਰ-ਕਾਨੂੰਨੀ ਤੌਰ 'ਤੇ ਇਟਲੀ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ 13 ਦਸੰਬਰ ਨੂੰ ਗ੍ਰੀਸ ਨੇੜੇ ਵਾਪਰੇ ਕਿਸ਼ਤੀ ਹਾਦਸੇ ਵਿੱਚ ਭੂਮੱਧ ਸਾਗਰ ਦੇ ਪਾਣੀ ਵਿੱਚ ਵਹਿ ਗਿਆ।

ਇਸ ਹਾਦਸੇ ਵਿੱਚ ਮਰਨ ਵਾਲੇ ਬੱਚੇ 12 ਤੋਂ 16 ਸਾਲ ਦੀ ਉਮਰ ਦੇ ਸਨ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਨਾਲ ਸਬੰਧਤ ਸਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਪੈਸੇ ਪੱਖੋਂ ਚੰਗੇ ਪਰਿਵਾਰਾਂ ਤੋਂ ਸਨ।

ਆਬਿਦ ਦੇ ਤਾਇਆ ਮੁਹੰਮਦ ਜ਼ੁਲਫ਼ਿਕਾਰ ਦੇ ਮੁਤਾਬਕ,"ਆਬਿਦ ਦੇ ਪਿਤਾ ਪਿਛਲੇ 12 ਸਾਲਾਂ ਤੋਂ ਸਾਊਦੀ ਅਰਬ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਫਰਨੀਚਰ ਦਾ ਕਾਰੋਬਾਰ ਹੈ, ਨਾਲ ਹੀ ਦੋ ਰੈਸਟੋਰੈਂਟ ਵੀ ਹਨ।"

ਗੈਰ-ਕਾਨੂੰਨੀ ਇਮੀਗ੍ਰੇਸ਼ਨ ਬਾਰੇ ਆਮ ਧਾਰਨਾ ਰਹੀ ਹੈ ਕਿ ਦੇਸ਼ ਦੀਆਂ ਖਰਾਬ ਆਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਲੋਕ ਵਿਦੇਸ਼ਾਂ ਵਿੱਚ, ਖ਼ਾਸ ਕਰਕੇ ਯੂਰਪੀਅਨ ਦੇਸ਼ਾਂ ਵਿੱਚ ਬਿਹਤਰ ਭਵਿੱਖ ਦੀ ਆਸ ਵਿੱਚ ਆਪਣੀ ਜਾਨ ਜੋਖਮ ਵਿੱਚ ਪਾਉਣ ਤੋਂ ਵੀ ਨਹੀਂ ਝਿਜਕਦੇ।

ਤਾਂ ਫਿਰ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਵਿੱਤੀ ਤੌਰ 'ਤੇ ਸੁਰੱਖਿਅਤ ਹੋਣ ਦੇ ਬਾਵਜੂਦ ਵੀ ਇਹ ਔਖਾ ਕਦਮ ਕਿਉਂ ਚੁੱਕਿਆ?

ਬੀਬੀਸੀ ਨੇ ਇਸ ਦਾ ਜਵਾਬ ਜਾਣਨ ਲਈ ਮੋਰੀਕਾ ਜੱਜਾ ਦਾ ਦੌਰਾ ਕੀਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

'ਆਬਿਦ ਜਾਵੇਦ ਨੂੰ ਲੱਗਦਾ ਸੀ ਕਿ ਜ਼ਿੰਦਗੀ ਯੂਰਪ ਵਿੱਚ ਹੀ ਹੈ'

ਮੋਰੀਕਾ ਜੱਜਾ ਪਾਕਿਸਤਾਨ ਪੰਜਾਬ ਦੇ ਕਿਸੇ ਵੀ ਹੋਰ ਪਿੰਡ ਵਾਂਗ ਨਜ਼ਰ ਆਉਂਦਾ ਹੈ।

ਜਿੱਥੇ ਤੁਸੀਂ ਕੰਧਾਂ ਉੱਤੇ ਪਾਥੀਆਂ ਸੁਕਦੀਆਂ ਦੇਖ ਸਕਦੇ ਹੋ ਤੇ ਨਾਲ ਹੀ ਗੱਡੇ-ਰੇਹੜੇ ਖੇਤਾਂ ਵਿੱਚ ਨਜ਼ਰ ਆਉਂਦੇ ਹਨ।

ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਅਤੇ ਇਸ ਤੋਂ ਅੱਗੇ ਪੜ੍ਹਾਈ ਲਈ ਬੱਚਿਆਂ ਨੂੰ ਪਿੰਡ ਤੋਂ ਦੂਰ ਸ਼ਹਿਰ ਤੱਕ ਜਾਣਾ ਪੈਂਦਾ ਹੈ।

ਆਬਿਦ ਦੇ ਤਾਇਆ ਮੁਹੰਮਦ ਜ਼ੁਲਫਿ਼ਕਾਰ ਕਹਿੰਦੇ ਹਨ, "ਆਬਿਦ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਪਰ ਉਸਨੂੰ ਪੜ੍ਹਾਈ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਉਹ ਆਪਣੇ ਪਰਿਵਾਰ ਨੂੰ ਕਹਿੰਦਾ ਸੀ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਹੈ।"

ਉਨ੍ਹਾਂ ਨੇ ਕਿਹਾ ਕਿ ਕਿਉਂਕਿ ਆਬਿਦ ਦੇ ਪਿਤਾ ਸਾਊਦੀ ਅਰਬ ਵਿੱਚ ਸਨ ਅਤੇ ਘਰ ਵਿੱਚ ਸਿਰਫ਼ ਆਬਿਦ ਦੀ ਮਾਂ ਹੀ ਸੀ, ਇਸ ਲਈ ਉਨ੍ਹਾਂ ਨੇ ਆਬਿਦ ਦੇ ਜਿੱਦ ਕਰਨ ਦੇ ਬਾਵਜੂਦ ਉਸ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਜ਼ੁਲਫਿ਼ਕਾਰ ਕਹਿੰਦੇ ਹਨ, "ਜਦੋਂ ਉਸ ਦੀ ਮਾਂ ਨੇ ਇਨਕਾਰ ਕਰ ਦਿੱਤਾ, ਤਾਂ ਆਬਿਦ ਕਹਿੰਦਾ ਸੀ ਕਿ ਪਿੰਡ ਦੇ ਸੈਂਕੜੇ ਬੱਚੇ ਵਿਦੇਸ਼ ਚਲੇ ਗਏ ਹਨ, ਉਨ੍ਹਾਂ ਨੂੰ ਕੁਝ ਨਹੀਂ ਹੋਇਆ ਅਤੇ ਜੇਕਰ ਉਸ ਨੂੰ ਭੇਜਿਆ ਗਿਆ, ਤਾਂ ਉਸਨੂੰ ਵੀ ਕੁਝ ਨਹੀਂ ਹੋਵੇਗਾ।"

"ਉਹ ਕਹਿੰਦਾ ਸੀ ਵਿਦੇਸ਼ ਜਾਵਾਂਗਾ ਤੇ ਅਤੇ ਆਪਣੀ ਜ਼ਿੰਦਗੀ ਬਿਹਤਰ ਬਣਾਵਾਂਗਾ।"

ਆਖਿਰ ਆਬਿਦ ਦੀ ਮਾਂ ਨੇ ਆਪਣੇ ਪੁੱਤਰ ਦੀ ਜ਼ਿੱਦ ਅੱਗੇ ਝੁਕ ਕੇ ਉਸਨੂੰ ਵਿਦੇਸ਼ ਭੇਜਣ ਲਈ ਇੱਕ ਏਜੰਟ ਨਾਲ ਸੰਪਰਕ ਕੀਤਾ।

ਉਨ੍ਹਾਂ ਨੇ ਕਿਹਾ, "ਆਬਿਦ 12 ਨਵੰਬਰ ਨੂੰ ਇਟਲੀ ਜਾਣ ਲਈ ਇਸਲਾਮਾਬਾਦ ਤੋਂ ਦੁਬਈ ਲਈ ਰਵਾਨਾ ਹੋਇਆ, ਫਿਰ ਉੱਥੋਂ ਉਹ ਮਿਸਰ ਗਿਆ ਅਤੇ ਕੁਝ ਦਿਨ ਲੀਬੀਆ ਰਿਹਾ ਅਤੇ ਉੱਥੋਂ 12 ਦਸੰਬਰ ਨੂੰ ਗ੍ਰੀਸ ਜਾਣ ਲਈ ਇੱਕ ਕਿਸ਼ਤੀ ਵਿੱਚ ਸਵਾਰ ਹੋਇਆ।"

ਮੋਰੀਕਾ ਜੱਜਾ
ਤਸਵੀਰ ਕੈਪਸ਼ਨ, ਮੋਰੀਕਾ ਜੱਜਾ ਕਿਸੇ ਵੀ ਆਮ ਪੰਜਾਬੀ ਪਿੰਡ ਵਰਗਾ ਪਿੰਡ ਹੈ

ਆਬਿਦ ਦਾ ਇੱਕ ਕਰੀਬੀ ਦੋਸਤ, ਨੌਮਾਨ ਜੋ ਕੁਝ ਮਹੀਨੇ ਪਹਿਲਾਂ ਤੱਕ ਮੋਰੀਕਾ ਜੱਜਾ ਦੀਆਂ ਉਨ੍ਹਾਂ ਹੀ ਗਲੀਆਂ ਵਿੱਚ ਆਬਿਦ ਨਾਲ ਖੇਡਦਾ ਸੀ।

ਬੀਬੀਸੀ ਨਾਲ ਗੱਲ ਕਰਦੇ ਨੌਮਾਨ ਨੇ ਦੱਸਿਆ, "ਆਬਿਦ ਨੂੰ ਲੱਗਦਾ ਸੀ ਕਿ ਸਭ ਕੁਝ ਯੂਰਪ ਵਿੱਚ ਹੈ। ਜੇ ਉਹ ਉੱਥੇ ਜਾਂਵੇਗਾ, ਤਾਂ ਫਿਰ ਜ਼ਿੰਦਗੀ ਬਿਹਤਰ ਹੋ ਜਾਵੇਗੀ।"

ਆਬਿਦ ਦਾ ਭਰਾ ਵੀ ਇੱਕ ਯੂਰਪੀ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ 'ਤੇ ਗਿਆ ਸੀ।

ਨੌਮਾਨ ਕਹਿੰਦੇ ਹਨ, "ਜੋ ਵੀ ਯੂਰਪ ਜਾਂਦੇ ਹਨ, ਉਹ ਵੀਡੀਓ ਜ਼ਰੂਰ ਬਣਾਉਂਦੇ ਹਨ, ਆਬਿਦ ਵੀ ਇਨਾਂ ਵੀਡੀਓ ਨੂੰ ਦੇਖਦਾ ਸੀ ਅਤੇ ਬਾਹਰ ਜਾਣ ਲਈ ਬਜ਼ਿੰਦ ਸੀ।"

ਨਾ ਸਿਰਫ਼ ਆਬਿਦ ਦੇ ਪਿਤਾ, ਸਗੋਂ ਪਿੰਡ ਦੇ ਹੋਰ ਕਈ ਪਰਿਵਾਰਾਂ ਦੇ ਮੈਂਬਰ ਵੀ ਵਿਦੇਸ਼ਾਂ ਨੂੰ ਗਏ ਹੋਏ ਹਨ।

ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਹਨ ਜੋ ਜਵਾਨੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਗੈਰ-ਕਾਨੂੰਨੀ ਤੌਰ 'ਤੇ ਯੂਰਪ ਪਹੁੰਚ ਗਏ ਸਨ।

ਨੌਮਾਨ ਕਹਿੰਦੇ ਹਨ ਕਿ ਆਬਿਦ ਹਮੇਸ਼ਾ ਆਪਣੇ ਦੂਜੇ ਦੋਸਤਾਂ ਨਾਲ ਵਿਦੇਸ਼ ਜਾਣ ਦੀਆਂ ਯੋਜਨਾਵਾਂ ਬਣਾਉਂਦਾ ਰਹਿੰਦਾ ਸੀ ਅਤੇ ਉਨ੍ਹਾਂ ਨਾਲ ਆਪਣੇ ਮੋਬਾਈਲ ਫੋਨ 'ਤੇ ਵੀਡੀਓ ਵੀ ਸਾਂਝਾ ਕਰਦਾ ਸੀ ਜੋ ਉਸ ਦੇ ਭਰਾ ਅਤੇ ਹੋਰ ਦੋਸਤਾਂ ਨੇ ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ ਤੋਂ ਭੇਜੀਆਂ ਸਨ।

ਉਹ ਕਹਿੰਦੇ ਹਨ, "ਆਬਿਦ ਇਨ੍ਹਾਂ ਫੋਟੋਆਂ ਅਤੇ ਵੀਡੀਓਜ਼ ਤੋਂ ਬਹੁਤ ਪ੍ਰਭਾਵਿਤ ਸੀ।"

ਮੋਰੀਕਾ ਜੱਜਾ
ਤਸਵੀਰ ਕੈਪਸ਼ਨ, ਪਰਿਵਾਰਕ ਮੈਂਬਰ ਆਬਿਦ ਦੀ ਤਸਵੀਰ ਦਿਖਾਉਂਦੇ ਹੋਏ

'ਏਜੰਟਾਂ ਦਾ ਪਿੰਡ'

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਇਸ ਪਿੰਡ ਦਾ ਕੋਈ ਬੱਚਾ ਦਸ ਸਾਲ ਦਾ ਹੁੰਦਾ ਹੈ, ਤਾਂ ਉਸ ਦਾ ਪਰਿਵਾਰ ਅਤੇ ਪਿੰਡ ਦੇ ਲੋਕ ਉਸ ਨੂੰ ਦੱਸਦੇ ਹਨ ਕਿ ਉਸ ਦਾ ਭਵਿੱਖ ਪਾਕਿਸਤਾਨ ਵਿੱਚ ਨਹੀਂ ਸਗੋਂ ਵਿਦੇਸ਼ ਵਿੱਚ ਹੈ।

ਇਸ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਸਾਰੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਕੀਮਤੀ ਮੋਬਾਈਲ ਫੋਨ ਹਨ ਅਤੇ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਸਕੂਲ ਨਹੀਂ ਗਏ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਹੈ।

ਅਸਲ ਜਵਾਬ ਸੀ, "ਅਸੀਂ ਕੁਝ ਮਹੀਨਿਆਂ ਵਿੱਚ ਵਿਦੇਸ਼ ਜਾਵਾਂਗੇ, ਇਸ ਲਈ ਅਸੀਂ ਪੜ੍ਹਾਈ ਕਰਕੇ ਕੀ ਕਰਾਂਗੇ?"

ਆਬਿਦ ਦੇ ਗੁਆਂਢੀ ਨੇ ਪਿੰਡ ਨੂੰ 'ਏਜੰਟਾਂ ਦਾ ਪਿੰਡ' ਕਿਹਾ।

ਇਹ ਏਜੰਟ ਆਮ ਤੌਰ 'ਤੇ ਬੱਚਿਆਂ ਨੂੰ 25 ਤੋਂ 30 ਲੱਖ ਵਿੱਚ ਵਿਦੇਸ਼ ਭੇਜਣ ਦਾ ਵਾਅਦਾ ਕਰਦੇ ਹਨ।

ਪਿੰਡ ਦੇ ਵਾਸੀ ਮੁਹੰਮਦ ਰਮਜ਼ਾਨ ਮੁਤਾਬਕ, "ਇਸ ਪਿੰਡ ਵਿੱਚ ਪਾਕਿਸਤਾਨ ਦੇ ਕਿਸੇ ਵੀ ਹੋਰ ਵੱਡੇ ਕਸਬੇ ਜਾਂ ਸ਼ਹਿਰ ਨਾਲੋਂ ਜ਼ਿਆਦਾ ਏਜੰਟ ਹਨ।"

ਉਨ੍ਹਾਂ ਕਿਹਾ, "ਸਿਆਲਕੋਟ ਦੀ ਪਸਰੂਰ ਤਹਿਸੀਲ ਦੇ ਮੋਰੀਕਾ ਜੱਜਾ, ਖਾਨ ਜੱਜਾ ਅਤੇ ਕਿਲਾ ਕੱਲਰਵਾਲਾ ਪਿੰਡਾਂ ਤੋਂ ਇਲਾਵਾ, ਇਨ੍ਹਾਂ ਏਜੰਟਾਂ ਨੇ ਨਾਰੋਵਾਲ ਜ਼ਿਲ੍ਹੇ ਦੇ ਗਾਲੇ ਮਹਾਰਨ ਖੇਤਰ ਵਿੱਚ ਆਪਣੇ ਪੈਰ ਜਮਾ ਲਏ ਹਨ ਅਤੇ ਇਸ ਕੰਮ ਲਈ ਉਹ ਘਰੇਲੂ ਔਰਤਾਂ ਦੀ ਮਦਦ ਲੈਂਦੇ ਹਨ।"

"ਉਹ ਲੋਕਾਂ ਦੇ ਘਰਾਂ ਵਿੱਚ ਜਾਂਦੇ ਹਨ ਅਤੇ ਔਰਤਾਂ ਨੂੰ ਵਿਦੇਸ਼ਾਂ ਦੇ ਹਰੇ ਭਰੇ ਬਾਗ਼ ਦਿਖਾ ਕੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵਿਦੇਸ਼ ਭੇਜਣ ਲਈ ਉਤਸ਼ਾਹਿਤ ਕਰਦੇ ਹਨ।"

ਉਨ੍ਹਾਂ ਨੇ ਕਿਹਾ, "ਜਿਸ ਏਜੰਟ ਨੇ ਆਬਿਦ ਅਤੇ ਇਲਾਕੇ ਦੇ ਕੁਝ ਹੋਰ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਕਿਸ਼ਤੀ 'ਤੇ ਬਿਠਾਇਆ ਸੀ, ਉਹ ਆਬਿਦ ਜਾਵੇਦ ਦੇ ਗੁਆਂਢ ਤੋਂ ਹੀ ਸੀ।"

"ਪਰ ਹੁਣ ਇਨ੍ਹਾਂ ਏਜੰਟਾਂ ਦੇ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ ਤੇ ਉਹ ਆਪਣੇ ਪਰਿਵਾਰਾਂ ਸਮੇਤ ਹੀ ਕਿਸੇ ਦੂਜੀ ਥਾਂ ਜਾ ਲੁਕੇ ਹਨ।"

ਮੁਹੰਮਦ ਰਮਜ਼ਾਨ ਇੱਕ ਹੋਰ ਪਰਿਵਾਰ ਬਾਰੇ ਦੱਸਦੇ ਹਨ, "ਗੁਲਾ ਮਹਾਰਨ ਦੇ ਪੁੱਤਰ ਸੁਫਯਾਨ ਦੀ ਕਿਸ਼ਤੀ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਲੀਬੀਆ ਭੇਜਣ ਲਈ ਕਿਸ਼ਤੀ ਤੇ ਸਵਾਰ ਕੀਤਾ ਸੀ।"

ਸੁਫਯਾਨ ਵੀ ਇੱਕ ਸਥਾਨਕ ਸਕੂਲ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ।

ਮੁਹੰਮਦ ਰਮਜ਼ਾਨ ਨੇ ਕਿਹਾ, "ਲੋਕ ਇਨ੍ਹਾਂ ਏਜੰਟਾਂ ਵਿਰੁੱਧ ਨਹੀਂ ਬੋਲਦੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਇਸ ਨਾਲ ਪਿੰਡ ਵਿੱਚ ਦੁਸ਼ਮਣੀ ਪੈ ਜਾਵੇਗੀ ।"

ਇਹ ਗੱਲ ਉਦੋਂ ਵੀ ਦੇਖਣ ਨੂੰ ਮਿਲੀ ਜਦੋਂ ਬੀਬੀਸੀ ਦੀ ਟੀਮ ਕਵਰੇਜ ਲਈ ਇਲਾਕੇ ਵਿੱਚ ਗਈ।

ਸਥਾਨਕ ਲੋਕ ਸਾਡੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਅਸੀਂ ਇਸ ਇਲਾਕੇ ਵਿੱਚ ਕਿਸ ਮਕਸਦ ਨਾਲ ਆਏ ਹਾਂ।

ਮੋਰੀਕਾ ਜੱਜਾ
ਤਸਵੀਰ ਕੈਪਸ਼ਨ, ਐੱਫਆਈਏ ਅਤੇ ਪੁਲਿਸ ਅਧਿਕਾਰੀ ਏਜੰਟਾਂ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ ਕਰ ਰਹੇ ਹਨ, ਪਰ ਹੁਣ ਤੱਕ ਸਫਲਤਾ ਨਹੀਂ ਮਿਲੀ ਹੈ।

ਆਬਿਦ ਦੇ ਘਰ ਤੋਂ ਇਲਾਵਾ, ਗਲੀ ਦੇ ਸਿਰਫ਼ ਇੱਕ ਜਾਂ ਦੋ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਸਨ, ਜਦੋਂ ਕਿ ਗਲੀ ਦੇ ਬਾਕੀ ਘਰਾਂ ਨੂੰ ਤਾਲੇ ਲੱਗੇ ਹੋਏ ਸਨ।

ਇਸ ਬਾਰੇ ਪੁੱਛੇ ਜਾਣ 'ਤੇ ਪਿੰਡ ਵਾਸੀਆਂ ਨੇ ਕਿਹਾ, "ਇਸ ਗਲੀ ਵਿੱਚ ਬੰਦ ਘਰ ਕਥਿਤ ਤੌਰ 'ਤੇ ਏਜੰਟਾਂ ਦੇ ਘਰ ਹਨ ਜੋ ਕਿਸ਼ਤੀ ਹਾਦਸੇ ਤੋਂ ਬਾਅਦ ਆਪਣੇ ਪਰਿਵਾਰਾਂ ਨਾਲ ਕਿਤੇ ਜਾ ਕੇ ਲੁਕ ਗਏ ਹਨ।"

ਇੱਕ ਘਰ ਦੀ ਛੱਤ 'ਤੇ ਦੋ ਮਹਿਲਾ ਪੁਲਿਸ ਕਰਮੀ ਤਾਇਨਾਤ ਸਨ, ਪਰ ਘਰ ਨੂੰ ਤਾਲਾ ਲੱਗਿਆ ਹੋਇਆ ਸੀ।

ਪਿੰਡ ਦੇ ਵਾਸੀ ਤਨਵੀਰ ਉਸਮਾਨ ਨੇ ਦੱਸਿਆ, "ਜਿਸ ਘਰ ਦੀ ਛੱਤ 'ਤੇ ਮਹਿਲਾ ਪੁਲਿਸ ਕਰਮੀ ਮੌਜੂਦ ਹਨ, ਉਹ ਵੀ ਕਥਿਤ ਤੌਰ 'ਤੇ ਇੱਕ ਏਜੰਟ ਦਾ ਹੈ ਅਤੇ ਉਸ ਦੀ ਪਤਨੀ ਵੀ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਹੀ ਮਹਿਲਾ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ।"

ਸਥਾਨਕ ਪੱਤਰਕਾਰ ਅਮੀਰ ਭੱਟ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੂੰ ਕਿਸ਼ਤੀ ਡੁੱਬਣ ਦੀ ਘਟਨਾ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਹੋਰ ਪੱਤਰਕਾਰਾਂ ਨਾਲ ਇਲਾਕੇ ਦਾ ਦੌਰਾ ਕੀਤਾ, ਤਾਂ ਏਜੰਟਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨੂੰ ਘੇਰਾ ਪਾ ਲਿਆ, ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।

ਐੱਫਆਈਏ ਅਤੇ ਸਥਾਨਕ ਪੁਲਿਸ ਨੇ ਘਟਨਾ ਵਿੱਚ ਸ਼ਾਮਲ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਹੈ ਪਰ ਅਜੇ ਤੱਕ ਕਿਸੇ ਵੀ ਮੁੱਖ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਐੱਫਆਈਏ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਉਸੇ ਇਲਾਕੇ ਦਾ ਰਹਿਣ ਵਾਲਾ ਉਸਮਾਨ ਜੱਜਾ ਯੂਨਾਨੀ ਕਿਸ਼ਤੀ ਹਾਦਸੇ ਦੇ ਮੁੱਖ ਸ਼ੱਕੀਆਂ ਵਿੱਚੋਂ ਇੱਕ ਹੈ, ਅਤੇ ਉਸ ਦੀ ਗ੍ਰਿਫ਼ਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਫਆਈਏ ਅਧਿਕਾਰੀਆਂ ਮੁਤਾਬਕ, ਜਦੋਂ ਕਿਸ਼ਤੀ ਡੁੱਬਣ ਦੀ ਘਟਨਾ ਵਾਪਰੀ ਤਾਂ ਮੁਲਜ਼ਮ ਉਸਮਾਨ ਜੱਜਾ ਸਿਆਲਕੋਟ ਜੇਲ੍ਹ ਵਿੱਚ ਨਿਆਂਇਕ ਰਿਮਾਂਡ 'ਤੇ ਸੀ, ਪਰ ਸਥਾਨਕ ਅਦਾਲਤ ਵੱਲੋਂ ਜ਼ਮਾਨਤ ਮਿਲਣ ਮਗਰੋਂ ਫਰਾਰ ਹੈ।

ਐੱਫਆਈਏ ਦਾ ਕੀ ਰੁਖ਼ ਹੈ?

ਕਿਸ਼ਤੀ ਹਾਦਸੇ ਤੋਂ ਬਾਅਦ, ਜਦੋਂ ਇਹ ਪਤਾ ਲੱਗਾ ਕਿ ਨਾਰੋਵਾਲ ਅਤੇ ਸਿਆਲਕੋਟ ਜ਼ਿਲ੍ਹਿਆਂ ਦੇ ਸੈਂਕੜੇ ਬੱਚੇ ਗੈਰ-ਕਾਨੂੰਨੀ ਤੌਰ 'ਤੇ ਯੂਰਪੀਅਨ ਦੇਸ਼ਾਂ ਵਿੱਚ ਗਏ ਹਨ, ਤਾਂ ਅਸੀਂ ਪਹਿਲਾਂ ਨਾਰੋਵਾਲ ਜ਼ਿਲ੍ਹੇ ਦੇ ਗਲੇ ਮਹਾਰਨ ਖੇਤਰ ਵੱਲ ਰਵਾਨਾ ਹੋਏ।

ਇਸ ਪਿੰਡ ਦਾ ਸੁਫਯਾਨ ਬਹੁਤ ਛੋਟੀ ਉਮਰ ਦਾ ਸੀ ਜਦੋਂ ਉਸ ਦੀ ਗਰੀਸ ਵਿੱਚ ਇੱਕ ਕਿਸ਼ਤੀ ਹਾਦਸੇ ਵਿੱਚ ਮੌਤ ਹੋ ਗਈ ਸੀ।

ਜਦੋਂ ਅਸੀਂ ਇੱਕ ਸਥਾਨਕ ਪੱਤਰਕਾਰ, ਮੀਆਂ ਸ਼ਾਹਿਦ ਇਕਬਾਲ ਦੀ ਮਦਦ ਨਾਲ ਸੁਫਯਾਨ ਦੇ ਘਰ ਪਹੁੰਚੇ, ਤਾਂ ਦੇਖਿਆ ਕਿ ਉਸ ਦਾ ਘਰ ਇੱਕ ਖੁੱਲ੍ਹੇ ਇਲਾਕੇ ਪੰਜ ਕੁ ਮਰਲੇ ਦਾ ਸੀ। ਸੁਫਯਾਨ ਦੇ ਮਾਪਿਆਂ ਤੋਂ ਇਲਾਵਾ, ਉਨ੍ਹਾਂ ਦੇ ਦੋ ਚਾਚੇ ਵੀ ਘਰ 'ਚ ਮੌਜੂਦ ਸਨ।

ਸੁਫਯਾਨ ਦੇ ਚਾਚਾ ਇਸ ਘਟਨਾ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸੀ ਅਤੇ ਉਨ੍ਹਾਂ ਨੇ ਸਿਰਫ ਇਹ ਕਿਹਾ ਕਿ 'ਸੁਫਯਾਨ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਲਿਖੀ ਗਈ ਸੀ।'

ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫਆਈਏ) ਦੇ ਗੁਜਰਾਂਵਾਲਾ ਜ਼ੋਨ ਦੇ ਡਾਇਰੈਕਟਰ ਅਬਦੁਲ ਕਾਦਿਰ ਨੇ ਬੀਬੀਸੀ ਨੂੰ ਦੱਸਿਆ ਕਿ ਕਿਸ਼ਤੀ ਹਾਦਸੇ ਵਿੱਚ ਮਰਨ ਵਾਲੇ ਬੱਚਿਆਂ ਅਤੇ ਹੋਰਾਂ ਦੇ ਵਾਰਸ ਉਨ੍ਹਾਂ ਨਾਲ ਸਹਿਯੋਗ ਨਹੀਂ ਕਰ ਰਹੇ।

ਉਨ੍ਹਾਂ ਕਿਹਾ ਕਿ ਐੱਫਆਈਏ ਦੀ ਟੀਮ ਸਿਰਫ ਸੋਸ਼ਲ ਮੀਡੀਆ ਦੀ ਮਦਦ ਨਾਲ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰ ਰਹੀ ਹੈ।

ਉਨ੍ਹਾਂ ਕਿਹਾ,"ਕੋਈ ਵੀ ਮਾਮਲਾ ਆਪਣੀ ਜਾਂਚ ਵਿੱਚ ਅੱਗੇ ਨਹੀਂ ਵਧ ਸਕਦਾ ਜਦੋਂ ਤੱਕ ਪੀੜਤ ਜਾਂ ਉਸ ਦੇ ਸਬੰਧੀ ਏਜੰਸੀ ਨਾਲ ਸਹਿਯੋਗ ਨਹੀਂ ਕਰਦੇ।"

ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ, ਕੁਝ ਲੋਕਾਂ ਨੇ ਐੱਫਆਈਏ ਨਾਲ ਸੰਪਰਕ ਕੀਤਾ ਹੈ, ਜਿਸ ਤੋਂ ਬਾਅਦ ਮੁਲਜ਼ਿਮਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ।

ਐੱਫਆਈਏ ਦੇ ਡਾਇਰੈਕਟਰ ਨੇ ਕਿਹਾ, "ਇਸ ਖੇਤਰ ਵਿੱਚ ਏਜੰਟ ਵੱਖ-ਵੱਖ ਨਾਵਾਂ ਹੇਠ ਕੰਮ ਕਰਦੇ ਹਨ ਅਤੇ ਜੇਕਰ ਇੱਕ ਗਿਰੋਹ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਉਸੇ ਗਿਰੋਹ ਦੇ ਮੈਂਬਰ ਹੋਰ ਵੱਖ-ਵੱਖ ਨਾਵਾਂ ਹੇਠ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।"

ਉਨ੍ਹਾਂ ਕਿਹਾ ਕਿ ਐੱਫਆਈਏ ਅਤੇ ਪੁਲਿਸ ਅਧਿਕਾਰੀ ਇਨ੍ਹਾਂ ਏਜੰਟਾਂ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ ਕਰ ਰਹੇ ਹਨ, ਪਰ ਹੁਣ ਤੱਕ ਸਫਲਤਾ ਨਹੀਂ ਮਿਲੀ ਹੈ।

ਜੋ ਲੋਕ ਯੂਰਪ ਪਹੁੰਚੇ

ਮੋਰੀਕਾ ਜੱਜਾ

ਸਿਆਲਕੋਟ ਜ਼ਿਲ੍ਹੇ ਦੇ ਖਾਨ ਜੱਜਾ ਦੇ ਰਹਿਣ ਵਾਲੇ ਨਵੀਦ 2022 ਵਿੱਚ ਇਟਲੀ ਗਏ ਸਨ।

ਇਟਲੀ ਤੋਂ ਗੱਲ ਕਰਦਿਆਂ ਨਵੀਦ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕਰੀਬ ਪੰਜ ਮਹੀਨੇ ਬਾਅਦ ਇਟਲੀ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ। ਨਵੀਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਘਰ ਛੱਡਿਆ ਤਾਂ ਉਹ 16 ਸਾਲ ਦੇ ਸਨ।

ਨਵੀਦ ਨੇ ਕਿਹਾ ਕਿ ਏਜੰਟ ਨੇ 15 ਲੋਕਾਂ ਨੂੰ ਇਟਲੀ ਪਹੁੰਚਾਉਣ ਲਈ ਪੈਸੇ ਲਏ ਸਨ। ਇਨ੍ਹਾਂ ਨੂੰ 'ਦੁਬਈ ਤੋਂ ਮਿਸਰ, ਫਿਰ ਉੱਥੋਂ ਲੀਬੀਆ ਅਤੇ ਫਿਰ ਕਿਸ਼ਤੀ ਰਾਹੀਂ ਇਟਲੀ ਪਹੁੰਚਾਉਣਾ ਸੀ।'

ਉਨ੍ਹਾਂ ਨੇ ਕਿਹਾ, "ਉਹ ਇਟਲੀ ਦੀ ਰਾਜਧਾਨੀ ਰੋਮ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਲੁਕੇ ਹੋਏ ਹਨ। ਇੰਨੀ ਦਿਨੀਂ ਇੱਕ ਕਿਸਾਨ ਦੇ ਖੇਤਾਂ ਵਿੱਚ ਕੰਮ ਕਰ ਰਹੇ ਹਨ।"

ਉਹ ਕਹਿੰਦੇ ਹਨ ਕਿ "ਇੱਥੇ ਆ ਕੇ, ਮੈਨੂੰ ਅਹਿਸਾਸ ਹੋਇਆ ਕਿ ਰੋਜ਼ੀ-ਰੋਟੀ ਕਮਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ।"

"ਇੱਥੇ ਸਥਿਤੀ ਯੂਰਪ ਦੇ ਉਸ ਸੁਪਨੇ ਦੇ ਉਲਟ ਹੈ ਜੋ ਏਜੰਟਾਂ ਵੱਲੋਂ ਘਰ ਛੱਡਣ ਤੋਂ ਪਹਿਲਾਂ ਦਿਖਾਇਆ ਜਾਂਦਾ ਹੈ।"

ਉਨ੍ਹਾਂ ਨੇ ਕਿਹਾ ਕਿ ਉਹ ਹਾਲੇ ਤੱਕ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ ਅਤੇ "ਹਮੇਸ਼ਾ ਇਹ ਖ਼ਤਰਾ ਰਹਿੰਦਾ ਹੈ ਕਿ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਦੇਸ਼ਨਿਕਾਲਾ ਦਿੱਤਾ ਜਾ ਸਕਦਾ ਹੈ।"

ਨਵੀਦ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨ ਵਿੱਚ ਇੱਕ ਕਿਸਾਨ ਸਨ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਰਹਿੰਦਿਆਂ ਕਦੇ ਵੀ ਵਿੱਤੀ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ।

ਪਰ ਨਵੀਦ ਨੂੰ ਵਿਦੇਸ਼ ਜਾਣ ਦਾ ਜਨੂੰਨ ਸੀ ਅਤੇ ਅਖੀਰ ਪਰਿਵਾਰ ਨੇ ਉਨ੍ਹਾਂ ਦੀ ਇਸ ਜਿੱਦ ਨੂੰ ਸਵੀਕਾਰ ਲਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)