ਕਾਤਲਾਂ ਦੀ ਮਾਨਸਿਕਤਾ: ਇੱਕ ਸ਼ਖਸ ਨੇ 30 ਸਾਲ ਤੱਕ ਅਪਰਾਧੀਆਂ ਨਾਲ ਰਹਿਣ ਮਗਰੋਂ ਇਹ ਸਿੱਟਾ ਕੱਢਿਆ

ਤਸਵੀਰ ਸਰੋਤ, Getty Images
- ਲੇਖਕ, ਗਵੈਨ ਐਡਸ਼ੈਡ
- ਰੋਲ, ਫੋਰੈਂਸਿਕ ਮਨੋਚਕਿਤਸਕ ਅਤੇ ਬੀਬੀਸੀ ਸਹਿਯੋਗੀ
(ਚੇਤਾਵਨੀ- ਇਸ ਲੇਖ ਵਿੱਚ ਅਜਿਹੇ ਵੇਰਵੇ ਹਨ ਜੋ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)
20 ਅਗਸਤ 1989 ਦੀ ਰਾਤ ਨੂੰ ਦੋ ਭਰਾ ਇਰਿਕ ਅਤੇ ਲਾਇਲ ਮੈਨੇਨਡੇਜ਼ ਬਵਿਰਲੀ ਹਿੱਲ ਵਿੱਚ ਆਪਣੇ ਘਰ ਦੇ ਡ੍ਰਾਇੰਗ ਰੂਮ ਵਿੱਚ ਗਏ, ਜਿੱਥੇ ਉਨ੍ਹਾਂ ਦੇ ਮਾਪੇ "ਦਿ ਸਪਾਈ ਹੂ ਲਵਡ ਮੀ" ਫ਼ਿਲਮ ਦੇਖ ਰਹੇ ਸਨ। ਦੋਵਾਂ ਨੇ ਆਪਣੇ ਮਾਪਿਆਂ ਨੂੰ ਬਿਲਕੁਲ ਨੇੜਿਓਂ, ਸ਼ਾਟ ਗਨ ਨਾਲ ਗੋਲੀ ਮਾਰ ਦਿੱਤੀ।
ਉਨ੍ਹਾਂ ਨੂੰ ਬਿਨਾਂ ਪੇਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੀ ਕਹਾਣੀ ਕਈ ਸਾਲਾਂ ਤੱਕ ਕਿਸੇ ਦੇ ਧਿਆਨ ਵਿੱਚ ਨਹੀਂ ਆਈ।
ਉਨ੍ਹਾਂ ਦੀ ਕਹਾਣੀ ਕਈ ਸਾਲ ਗ਼ੁੰਮਨਾਮੀ ਵਿੱਚ ਰਹਿਣ ਮਗਰੋਂ ਇਸ ਸਾਲ ਨੈੱਟਫਲਿਕਸ ਉੱਤੇ ਇੱਕ ਦਸਤਾਵੇਜ਼ੀ ਲੜੀਵਾਰ ਵਿੱਚ ਦਿਖਾਏ ਜਾਣ ਤੋਂ ਬਾਅਦ ਸੁਰਖ਼ੀਆਂ ਵਿੱਚ ਆਈ ਹੈ।
ਇੱਕ ਸਬੂਤ ਸਾਹਮਣੇ ਆਉਣ ਤੋਂ ਬਾਅਦ (ਜੋ ਉਸ ਸਮੇਂ ਪੇਸ਼ ਨਹੀਂ ਕੀਤਾ ਗਿਆ ਸੀ), ਉਸ ਦੀ ਬਦੌਲਤ ਹੁਣ ਉਨ੍ਹਾਂ ਦਾ ਮੁਕੱਦਮਾ ਜੁਡੀਸ਼ੀਅਲ ਰੀਵਿਊ ਤਹਿਤ ਸੁਣਵਾਈ ਅਧੀਨ ਹੈ।

ਨਵੰਬਰ ਵਿੱਚ ਅਦਾਲਤ ਵਿੱਚ ਆਪਣੀ ਆਖ਼ਰੀ ਪੇਸ਼ੀ ਤੋਂ 28 ਸਾਲ ਬਾਅਦ, ਦੋਵਾਂ ਭਰਾਵਾਂ ਨੇ ਜੇਲ੍ਹ ਤੋਂ ਟੈਲੀ ਕਾਨਫਰੰਸਿੰਗ ਰਾਹੀਂ ਇੱਕ ਸੁਣਵਾਈ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਦੀ ਭੂਆ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ।
ਭੂਆ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਘਰ ਜਾਣ ਦਾ ਸਮਾਂ ਹੈ।"
ਜਦਕਿ ਉਨ੍ਹਾਂ ਦੇ ਚਾਚੇ ਨੇ ਦੋਵਾਂ ਭਰਾਵਾਂ ਨੂੰ "ਚਿੱਟੇ ਲਹੂ" ਵਾਲੇ ਦੱਸਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਬਾਕੀ ਜ਼ਿੰਦਗੀ ਜੇਲ੍ਹ ਵਿੱਚ ਹੀ ਬੀਤਣੀ ਚਾਹੀਦੀ ਹੈ।
ਜਦੋਂ ਮੈਂ ਸਾਰਾ ਮਾਮਲਾ ਦੇਖਿਆ ਤਾਂ ਮੇਰਾ ਧਿਆਨ ਇਸ ਗੱਲ ਨੇ ਖਿੱਚਿਆ ਕਿ ਕਿਵੇਂ ਉਨ੍ਹਾਂ ਦੇ ਪ੍ਰਤੀ ਦੇ ਉਨ੍ਹਾਂ ਦੇ ਆਪਣੇ ਰਿਸ਼ਤੇਦਾਰਾਂ ਦਾ ਨਜ਼ਰੀਆਂ ਹੀ ਵੱਖ-ਵੱਖ ਹੈ।
ਕੀ ਮਨੇਨਡੇਜ਼ ਭਰਾ (ਨੈੱਟਫਲਿਕਸ ਦਾ ਦਿੱਤਾ ਨਾਮ) ਵਾਕਈ ਹੈਵਾਨ ਸਨ ਜਾਂ ਜਿਵੇਂ ਉਨ੍ਹਾਂ ਦੀ ਭੂਆ ਦਾਅਵਾ ਕਰ ਰਹੀ ਹੈ ਕਿ ਉਹ ਬਦਲ ਗਏ ਹਨ?

ਬ੍ਰਿਟੇਨ ਦੀਆਂ ਜੇਲ੍ਹਾਂ ਵਿੱਚ ਫੌਰੈਂਸਿਕ ਮਨੋਚਕਿਸਤਕ ਵਜੋਂ ਪਿਛਲੇ 30 ਸਾਲ ਦੇ ਆਪਣੇ ਕੰਮ ਦੌਰਾਨ ਮੈਂ ਅਜਿਹੇ ਸੈਂਕੜੇ ਕੈਦੀਆਂ ਨੂੰ ਮਿਲੀ ਹਾਂ, ਜਿਨ੍ਹਾਂ ਨੇ ਘਿਨਾਉਣੇ ਅਪਰਾਧ ਕੀਤੇ ਸਨ। ਉਨ੍ਹਾਂ ਦੇ ਆਪਣੇ ਕੀਤੇ ਕੰਮਾਂ ਦੀ ਜ਼ਿੰਮੇਵਾਰੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਮੈਂ ਗੱਲਬਾਤ ਕੀਤੀ ਹੈ।
ਆਪਣੀ ਨੌਕਰੀ ਦੌਰਾਨ ਮੈਂ ਬ੍ਰਿਟੇਨ ਦੀ ਉੱਚ ਸੁਰੱਖਿਆ ਜੇਲ੍ਹ ਬਰੌਡਮੂਰ ਵਿੱਚ ਵੀ ਕੰਮ ਕੀਤਾ ਹੈ।
ਕੁਝ ਲੋਕ ਮੰਨਦੇ ਹਨ ਕਿ ਇਹ ਅਸੰਭਵ ਹੈ। ਮੈਨੂੰ ਲੋਕਾਂ ਨੇ ਪੁੱਛਿਆ ਹੈ, " ਕੀ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਮਦਦ ਲਈ ਕੁਝ ਨਹੀਂ ਕੀਤਾ ਜਾ ਸਕਦਾ? ਕੀ ਉਹ ਇਸੇ ਤਰ੍ਹਾਂ ਪੈਦਾ ਹੁੰਦੇ?"
ਇਸ ਦਾ ਅਰਥ ਹੈ ਕਿ ਸਿਰਫ਼ ਇੱਕ ਭਿਆਨਕ "ਸ਼ੈਤਾਨ" ਹੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਰੋਜ਼ ਵੈਸਟ ਜਾਂ ਹਾਰੋਲਡ ਸ਼ਿਪਮੈਨ, ਜਾਂ ਲੂਸੀ ਲੈਟਬੀ ਜਾਂ ਪੀਟਰ ਸਕੱਟਲਿਫ ਵਰਗੇ ਘਿਨਾਉਣੇ ਕਾਤਲ ਮਨੁੱਖ ਨਹੀਂ ਹਨ?
ਇਹ ਸੱਚ ਹੈ ਕਿ ਜਦੋਂ ਮੈਂ ਇਸ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਂ ਵੀ ਮੰਨਦੀ ਸੀ ਕਿ ਜਿਹੜੇ ਲੋਕਾਂ ਨੇ ਅਜਿਹੇ ਹਿੰਸਕ ਜਾਂ ਕਾਤਲ ਕੰਮ ਕੀਤੇ ਹਨ, ਉਹ ਸਾਡੇ ਬਾਕੀਆਂ ਨਾਲੋਂ ਵੱਖਰੇ ਹਨ।
ਲੇਕਿਨ ਹੁਣ ਮੈਂ ਇਸ ਤਰ੍ਹਾਂ ਨਹੀਂ ਸੋਚਦੀ।
ਮੈਂ ਸਿੱਖਿਆ ਹੈ ਕਿ ਹਿੰਸਕ ਦਿਮਾਗ਼ਾਂ ਦਾ ਅਸਲ ਕਾਰਨ (ਜਿਸ ਦੀ ਚਰਚਾ ਮੈਂ ਬੀਬੀਸੀ ਰੇਡੀਓ-4 ਦੇ ਚਾਰ ਲੜੀਆਂ ਦੇ ਪ੍ਰੋਗਰਾਮ ਵਿੱਚ ਕੀਤੀ ਹੈ।) ਤਾਂ ਅਪਰਾਧਿਕ ਨਾਟਕਾਂ ਜਾ ਅਦਾਲਤੀ ਦਸਤਾਵੇਜ਼ਾਂ ਵਿੱਚ ਦਿਖਾਏ ਹੀ ਨਹੀਂ ਜਾਂਦੇ।

ਤਸਵੀਰ ਸਰੋਤ, Getty Images
ʻਕਮਜ਼ੋਰʼ ਕਾਤਲ
ਮਨੋਚਕਿਤਸਕ ਦੀ ਸਿਖ਼ਲਾਈ ਤੋਂ ਬਾਅਦ ਮੈਂ ਬਰੌਡਮੋਰ ਜੇਲ੍ਹ ਵਿੱਚ ਕੰਮ ਸ਼ੁਰੂ ਕੀਤਾ ਅਤੇ ਕੁਝ ਸਮੇਂ ਬਾਅਦ ਹੀ 1996 ਵਿੱਚ ਮੈਂ ਟੋਨੀ ਨਾਮ ਦੇ ਮਰੀਜ਼ ਦੀ ਦੇਖ-ਭਾਲ ਕੀਤੀ।
ਉਸ ਨੇ ਤਿੰਨ ਜਣਿਆਂ ਦਾ ਕਤਲ ਕੀਤਾ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਗਲ਼ ਵੱਢ ਕੇ ਕਤਲ ਕੀਤਾ ਸੀ।
ਮੈਂ ਸੀਰੀਅਲ ਕਾਤਲਾਂ ਬਾਰੇ ਕਈ ਰਿਪੋਰਟਾਂ ਪੜ੍ਹੀਆਂ ਸਨ। ਲੇਕਿਨ ਉਨ੍ਹਾਂ ਵਿੱਚੋਂ ਕਿਸੇ ਦਾ ਇਲਾਜ ਕਰਨ ਲਈ ਉਸ ਨਾਲ ਗੱਲਬਾਤ ਕਰਨ ਬਾਰੇ ਬਹੁਤ ਸੀਮਤ ਜਾਣਕਾਰੀ ਮਿਲਦੀ ਸੀ। ਅੰਦਰੋਂ ਮੈਂ ਸ਼ੰਕੇ ਵਿੱਚ ਵੀ ਸੀ ਕਿ ਕੀ ਵਾਕਈ ਇਸ ਇਲਾਜ ਦੀ ਕੋਈ ਤੁਕ ਵੀ ਹੈ। ਕਿਵੇਂ ਪਤਾ ਲੱਗੇਗਾ ਕਿ ਉਹ "ਬਿਹਤਰ" ਹੈ?
ਟੋਨੀ ਨੇ ਦਸ ਸਾਲ ਦੀ ਸਜ਼ਾ ਪੂਰੀ ਕਰ ਲਈ ਸੀ ਜਦੋਂ ਤਿੰਨ ਹੋਰ ਸਹਿ ਕੈਦੀਆਂ ਨੇ ਉਸ ਦੇ ਦੰਦ ਸਾਫ਼ ਕਰਨ ਵਾਲਾ ਤਿੱਖਾ ਬੁਰਸ਼ ਖੋਭਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਟੋਨੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।

ਤਸਵੀਰ ਸਰੋਤ, Getty Images
ਪਹਿਲੀ ਮੁਲਾਕਾਤ ਵਿੱਚ ਮੁਕੰਮਲ ਖ਼ਾਮੋਸ਼ੀ ਸੀ। ਉਹ ਆਪਣੇ ਦੁਆਲੇ ਬਾਹਾਂ ਕਸੀ ਬੈਠਾ ਸੀ ਅਤੇ ਸਾਰੀ ਮੁਲਾਕਾਤ ਦੌਰਾਨ ਉਹ ਮੇਰੇ ਨਾਲ ਅੱਖ ਮਿਲਾਉਣ ਤੋਂ ਬਚਦਾ ਰਿਹਾ।
ਜਦੋਂ ਉਸ ਨੇ ਉੱਪਰ ਦੇਖਿਆ ਤਾਂ ਉਸ ਦੀਆਂ ਅੱਖਾਂ ਲਗਭਗ ਸਿਆਹ ਸਨ। ਉਹ ਤਣਾਅ ਅਤੇ ਮਾੜੇ ਸੁਫ਼ਨਿਆਂ ਤੋਂ ਪੀੜਤ ਸੀ। ਆਖ਼ਰ ਚੁੱਪੀ ਤੋੜਨ ਲਈ ਮੈਂ ਕਿਹਾ, "ਨਾਲ ਦੇ ਕਮਰੇ ਵਿੱਚ ਇੱਕ ਸ਼ਖਸ ਹੈ ਜੋ ਸਾਰੀ ਰਾਤ ਚੀਕਦਾ ਰਹਿੰਦਾ ਹੈ।"
ਉਸ ਨੂੰ ਖੁੱਲ੍ਹ ਕੇ ਗੱਲ ਕਰਨ ਅਤੇ ਵਾਰ-ਵਾਰ ਆਉਣ ਵਾਲੇ ਮਾੜੇ ਸੁਫ਼ਨੇ ਬਾਰੇ ਦੱਸਣ ਵਿੱਚ ਕਈ ਮਹੀਨੇ ਲੱਗ ਗਏ। ਇਸ ਵਿੱਚ ਉਹ ਕਿਸੇ ਨੌਜਵਾਨ ਦਾ ਗਲ਼ਾ ਘੋਟਦਾ ਹੈ ਜੋ ਉਸ ਦੇ ਪਿਤਾ ਵਿੱਚ ਬਦਲ ਜਾਂਦਾ ਹੈ।

ਤਸਵੀਰ ਸਰੋਤ, Getty Images
ਇਸ ਸੁਫ਼ਨੇ ਤੋਂ ਬਾਅਦ ਅਸੀਂ ਉਸ ਬਾਰੇ ਗੱਲਾਂ ਕਰਨ ਲੱਗੇ। ਉਸ ਦੇ ਅਪਰਾਧਾਂ ਬਾਰੇ, ਪਰਿਵਾਰ ਬਾਰੇ ਅਤੇ ਕਿਵੇਂ ਬਚਪਨ ਵਿੱਚ ਟੋਨੀ ਦੇ ਪਿਤਾ ਨੇ ਉਸ ਦਾ ਹਿੰਸਕ ਸ਼ੋਸ਼ਣ ਕੀਤਾ ਸੀ। ਬਦਲੇ ਵਿੱਚ ਉਹ ਹੋਰਾਂ ਨੂੰ ਸਤਾਉਣ ਲੱਗ ਪਿਆ।
ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਰਾਤਾਂ ਨੂੰ "ਦੂਜੇ ਕਮਰੇ ਵਿੱਚ" ਚੀਕਾਂ ਮਾਰਨ ਵਾਲਾ ਸ਼ਖਸ, ਕੋਈ ਹੋਰ ਨਹੀਂ ਟੋਨੀ ਹੀ ਸੀ।
ਮੈਂ ਉਸ ਨੂੰ ਕਿਹਾ ਕਿ ਸ਼ਾਇਦ ਚੀਕ ਕੇ ਉਹ, ਉਹ ਗੱਲਾਂ ਕਹਿਣਾ ਚਾਹੁੰਦਾ ਸੀ ਜੋ ਉਹ ਆਮ ਸਥਿਤੀ ਵਿੱਚ ਨਹੀਂ ਕਹਿ ਸਕਦਾ ਸੀ।
ਉਸ ਨੇ ਆਪਣਾ ਚਿਹਰਾ ਹੱਥਾਂ ਵਿੱਚ ਛੁਪਾ ਲਿਆ ਅਤੇ ਕਹਿਣ ਲੱਗਿਆ ਕਿ "ਨਹੀਂ ਮੈਂ ਇੰਨਾ ਕਮਜ਼ੋਰ ਨਹੀਂ ਹੋ ਸਕਦਾ"।
ਮੈਂ ਉਸ ਨਾਲ 18 ਮਹੀਨੇ ਕੰਮ ਕੀਤਾ ਅਤੇ ਹਾਲਾਂਕਿ ਮੈਂ ਅਜੇ ਵੀ ਉਸ ਵੱਲੋਂ ਕੀਤੇ ਗਏ ਭਿਆਨਕ ਨੁਕਸਾਨ ਪ੍ਰਤੀ ਸੁਚੇਤ ਸੀ ਫਿਰ ਵੀ ਮੈਨੂੰ ਉਸ ਪ੍ਰਤੀ ਲਗਾਵ ਅਤੇ ਉਸਦੀ ਇਮਾਨਦਾਰੀ ਪ੍ਰਤੀ ਸਤਿਕਾਰ ਪੈਦਾ ਹੋਣ ਲੱਗਿਆ।
ਇਹ ਤੱਥ ਕਿ ਟੋਨੀ ਨੇ ਖ਼ੁਦ ਹੀ ਇਲਾਜ ਦੀ ਮੰਗ ਕੀਤੀ ਸੀ, ਇਸ ਗੱਲ ਦਾ ਸਬੂਤ ਸੀ ਕਿ ਟੋਨੀ ਅੰਦਰ ਖ਼ੁਦ ਵੀ ਖ਼ਤਰੇ ਵਿੱਚ ਪੈਣ ਵਾਲਾ ਅੰਸ਼ ਪਿਆ ਸੀ।
ਇਸ ਸ਼ੁਰੂਆਤੀ ਅਨੁਭਵ ਨੇ ਮੈਨੂੰ ਸਿਖਾਇਆ ਕਿ ਉਨ੍ਹਾਂ ਦਾ ਇਤਿਹਾਸ ਕੁਝ ਵੀ ਹੋਵੇ, ਜੇ ਸੀਰੀਅਲ ਕਾਤਲ ਵੀ ਆਪਣੇ ਦਿਮਾਗ਼ ਪ੍ਰਤੀ ਉਤਸੁਕ ਹੋਣ ਲਗਦੇ ਹਨ ਤਾਂ ਸੰਭਾਵਨਾ ਹੋ ਸਕਦੀ ਹੈ ਕਿ ਅਸੀਂ ਉਨ੍ਹਾਂ ਵੱਲੋਂ ਪਾਏ ਖਿਲਾਰੇ ਨੂੰ ਸਮਝ ਸਕੀਏ।

ਤਸਵੀਰ ਸਰੋਤ, Getty Images
"ਬੁਰੇ ਲੋਕ" ਬਨਾਮ "ਬੁਰੇ ਮਨ"
ਜਦੋਂ ਸੀਰੀਅਲ ਕਾਤਲ ਦੀ ਗੱਲ ਆਉਂਦੀ ਹੈ ਤਾਂ ਅਕਸਰ ਹੀ ਉਨ੍ਹਾਂ ਨੂੰ ਮਨੋਰੋਗੀ ਸਮਝ ਲਿਆ ਜਾਂਦਾ ਹੈ, ਲੇਕਿਨ ਮੈਂ ਟੋਨੀ ਉੱਤੇ ਲਾਏ ਗਏ ਇਸ ਲੇਬਲ ਨਾਲ ਸਹਿਮਤ ਨਹੀਂ ਸੀ।
ਮਨੋ ਰੋਗੀਆਂ ਦੇ ਮਦਦ ਮੰਗਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿਉਂਕਿ ਉਹ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਨੂੰ ਉਹ ਘਟੀਆ ਸਮਝਦੇ ਹੋਣ। ਇਸ ਲਈ ਸਿਰਫ਼ ਇਸੇ ਕਾਰਨ ਟੋਨੀ ਉਸ ਕਸੌਟੀ ਉੱਤੇ ਖ਼ਰਾ ਨਹੀਂ ਉੱਤਰਦਾ ਸੀ।
ਆਮ ਧਾਰਨਾ ਦੇ ਉਲਟ ਬਹੁਤ ਥੋੜ੍ਹੇ ਕਾਤਲ, ਅਸਲ ਵਿੱਚ ਮਨੋ ਰੋਗੀ ਹੁੰਦੇ ਹਨ। ਖ਼ਾਸ ਕਰਕੇ ਮੈਨੇਨਡੇਜ਼ ਭਰਾਵਾਂ ਵਰਗੇ ਪਰਿਵਾਰਕ ਕਤਲ ਕਰਨ ਵਾਲੇ।
ਟੋਨੀ ਦੀ ਕਹਾਣੀ ਨੇ ਇਹ ਵੀ ਉਜਾਗਰ ਕੀਤਾ ਕਿ ਬਚਪਨ ਦੇ ਦੁੱਖ ਕਿਵੇਂ ਇੱਕ ਹਿੰਸਕ ਅਪਰਾਧ ਦਾ ਪਿਛੋਕੜ ਬਣ ਸਕਦੇ ਹਨ।
ਮੈਨੇਨਡੇਜ਼ ਭਰਾਵਾਂ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਉਹ ਆਪਣੇ ਪਿਤਾ ਦੇ ਹੱਥਾਂ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋਏ ਸਨ।
ਕੁਝ ਅਧਿਐਨਾਂ ਮੁਤਾਬਕ ਭਾਵੇਂ ਬ੍ਰਿਟੇਨ ਦੀ ਅਬਾਦੀ ਦੇ 10-12% ਹਿੱਸੇ ਨੇ ਬਚਪਨ ਵਿੱਚ ਸਦਮੇ ਝੱਲੇ ਹਨ ਪਰ ਇਨ੍ਹਾਂ ਵਿੱਚੋਂ ਥੋੜ੍ਹੇ ਹੀ ਅਪਰਾਧਿਕ ਹਿੰਸਾ ਕਰਦੇ ਹਨ।

ਤਸਵੀਰ ਸਰੋਤ, GWEN ADSHEAD
ਇਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਆਖਰ ਅਜਿਹਾ ਕੀ ਹੈ ਜੋ ਕੁਝ ਲੋਕਾਂ ਨੂੰ ਬਚਪਨ ਦੇ ਸਦਮੇ ਦਾ ਹਿੰਸਕ ਬਦਲਾ ਲੈਣ ਲਈ ਮਜਬੂਰ ਕਰਦਾ ਹੈ, ਜਦਕਿ ਦੂਜਿਆਂ ਨੂੰ ਨਹੀਂ? ਕੀ ਇਸਦਾ ਮਤਲਬ ਹੋ ਸਕਦਾ ਹੈ ਕਿ ਇਹ ਲੋਕ ਵਾਕਈ "ਸ਼ੈਤਾਨ" ਹਨ? ਜਾਂ ਜਿਵੇਂ ਕਿ ਮੇਰੇ ਕੁਝ ਮਰੀਜ਼ਾਂ ਨੇ ਕਿਹਾ ਸੀ, "ਮੈਂ ਬੁਰੇ ਕੰਮ ਕੀਤੇ ਹਨ, ਪਰ ਕੀ ਇਹ ਮੈਨੂੰ ਬੁਰਾ ਬਣਾ ਦਿੰਦਾ ਹੈ?"
ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਲੋਕ ਜਨਮ-ਜਾਤ ਹੀ ਬੁਰੇ ਹੁੰਦੇ ਹਨ।
ਮੇਰੇ ਅਨੁਭਵ ਵਿੱਚ ਤਾਂ ਬੁਰੇ ਵਿਅਕਤੀ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਹਾਂ ਬੁਰੀ ਮਾਨਸਿਕ ਸਥਿਤੀ ਜ਼ਰੂਰ ਹੁੰਦੀ ਹੈ।
ਮੈਂ ਆਮ ਤੌਰ ਕਹਿੰਦੀ ਹਾਂ ਕਿ ਹਰ ਕਿਸੇ ਵਿੱਚ ਉਸ ਸਥਿਤੀ ਤੱਕ ਪਹੁੰਚਣ ਦੀ ਸੰਭਾਵਨਾ ਹੁੰਦੀ ਹੈ।
ਧੁਰ ਅੰਦਰ ਤਲ ਵਿੱਚ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਵਿੱਚ ਵਹਿਸ਼ਤ ਦੀ ਸਮਰੱਥਾ ਹੁੰਦੀ ਹੈ ਪਰ ਕੁਝ ਲੋਕਾਂ ਦੇ ਅਜਿਹਾ ਕਰ ਗੁਜ਼ਰਨ ਦੇ ਕਾਰਨ ਵਿਸ਼ੇਸ਼ ਹੁੰਦੇ ਹਨ।
ਜਿਸ ਤਰ੍ਹਾਂ ਅੰਕਾਂ ਵਾਲੇ ਜਿੰਦੇ ਨੂੰ ਖੋਲ੍ਹਣ ਲਈ ਸਾਰੇ ਅੰਕਾਂ ਦੀ ਤਰਤੀਬ ਪੂਰੀ ਹੋਣਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਹਿੰਸਾ ਹੋਣ ਤੋਂ ਪਹਿਲਾਂ ਵੀ ਕਈ ਕਾਰਕਾਂ ਦਾ ਕ੍ਰਮਬੱਧ ਹੋਣਾ ਜ਼ਰੂਰੀ ਹੁੰਦਾ ਹੈ।

ਤਸਵੀਰ ਸਰੋਤ, Getty Images
ਖ਼ਤਰਨਾਕ ਕਾਰਕ
ਖ਼ਤਰੇ ਦਾ ਆਮ ਸੰਕੇਤ ਤਾਂ (ਗੁੱਸੇ ਅਤੇ ਬਹੁਤ ਜ਼ਿਆਦਾ ਭਾਵ ਆਵੇਸ਼ ਵਾਲੇ) ਜਵਾਨ ਅਤੇ ਮਰਦ ਹੋਣਾ, ਫਿਰ ਨਸ਼ੇ ਅਤੇ ਸ਼ਰਾਬ ਦੇ ਅਸਰ ਹੇਠ ਹੋਣਾ, ਪਰਿਵਾਰਕ ਤਣਾਅ ਅਤੇ ਸੰਕਟ ਦਾ ਇਤਿਹਾਸ ਹੋਣਾ ਕਨੂੰਨ ਦੀ ਉਲੰਘਣਾ ਦਾ ਇਤਿਹਾਸ ਹੈ।
ਦਿਮਾਗ਼ੀ ਸਥਿਤੀ ਕਾਰਨ ਪਾਗ਼ਲਪਣ ਦੀ ਸਥਿਤੀ ਹੋਣਾ ਭਾਵੇਂ ਕਿ ਬਹੁਤ ਦੁਰਲਭ ਹੈ ਪਰ ਫਿਰ ਵੀ ਇੱਕ ਖ਼ਤਰਨਾਕ ਕਾਰਕ ਹੋ ਸਕਦੀ ਹੈ।
ਹਾਲਾਂਕਿ ਕਤਲ ਲਈ ਸਭ ਤੋਂ ਅਹਿਮ ਖ਼ਤਰਨਾਕ ਕਾਰਕ ਤਾਂ ਪੀੜਤ ਨਾਲ ਰਿਸ਼ਤੇ ਦੀ ਪ੍ਰਕਿਰਤੀ ਹੈ, ਖ਼ਾਸ ਕਰਕੇ ਰਿਸ਼ਤਿਆਂ ਦਾ ਤਣਾਅ ਪੂਰਨ ਅਤੀਤ।
ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਔਰਤਾਂ ਦਾ ਕਤਲ ਜ਼ਿਆਦਾਤਰ ਉਨ੍ਹਾਂ ਦੇ ਮਰਦ ਸਾਥੀ ਜਾਂ ਪਰਿਵਾਕ ਮੈਂਬਰ ਕਰਦੇ ਹਨ। ਜਦਕਿ ਮਤਰੇਏ ਬੱਚਿਆਂ ਦੀ ਜਾਨ ਉਨ੍ਹਾਂ ਦੇ ਪਿਤਾ ਜਾਂ ਮਤਰੇਏ ਬਾਪ ਲੈਂਦੇ ਹਨ।
ਕਿਸੇ ਅਜਨਬੀ ਦਾ ਕਤਲ ਦੁਰਲਭ ਹੈ। ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਅਪਰਾਧੀ ਨੂੰ ਗੰਭੀਰ ਮਾਨਸਿਕ ਸਮੱਸਿਆ ਹੋਵੇ।
ਇਸ ਲਈ ਇਸ ਜਿੰਦੇ ਦੇ ਕਾਰਕ ਸਮਾਜਿਕ-ਸਿਆਸੀ ਹੋ ਸਕਦੇ ਹਨ ਅਤੇ ਦੂਜੇ ਅਪਰਾਧੀ ਦੇ ਨਿੱਜੀ ਕਾਰਕ ਹੋ ਸਕਦੇ ਹਨ।
ਅੰਕਾਂ ਦੀ ਤਰਤੀਬ ਨਾਲ ਜਿਸ ਤਰ੍ਹਾਂ ਜਿੰਦਾ ਖੁੱਲ੍ਹਦਾ ਹੈ, ਉਸੇ ਤਰ੍ਹਾਂ ਪੀੜਤ ਅਤੇ ਅਪਰਾਧੀ ਵਿਚਕਾਰ ਵੀ ਵਾਪਰ ਸਕਦਾ ਹੈ।

ਤਸਵੀਰ ਸਰੋਤ, Getty Images
ਜਦੋਂ ਜਿੰਦਾ ਕਲਿੱਕ ਕਰਦਾ ਹੈ, ਤਾਂ ਇਹ ਵਿਅਕਤੀ ਦੇ ਚੀਜ਼ਾਂ ਨੂੰ ਦੇਖਣ ਦੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਵਿਗਾੜ ਦਿੰਦਾ ਹੈ।
ਚੰਗੀ ਖ਼ਬਰ ਇਹ ਹੈ ਕਿ ਪਿਛਲੇ 20 ਸਾਲਾਂ ਦੌਰਾਨ ਬ੍ਰਿਟੇਨ ਅਤੇ ਹੋਰ ਥਾਵਾਂ ਵਿੱਚ ਕਤਲ ਦੇ ਮਾਮਲਿਆਂ ਵਿੱਚ ਕਮੀ ਦੇਖੀ ਗਈ ਹੈ। ਇਸ ਦੇ ਪਿੱਛੇ ਇੱਕ ਕਾਰਨ ਜਿੰਦੇ ਦੇ ਕਾਰਕਾਂ ਵਿੱਚ ਆਏ ਕੁਝ ਬਦਲਾਅ ਵੀ ਹੋ ਸਕਦੇ ਹਨ।
ਕੈਂਬਰਿਜ ਯੂਨੀਵਰਸਿਟੀ ਵਿੱਚ ਅਪਰਾਧ ਵਿਗਿਆਨ ਇੰਸਟੀਚਿਊਟ ਦੇ ਨਿਰਦੇਸ਼ਕ ਪ੍ਰੋਫੈਸਰ ਮੈਨੂਏਲ ਈਸਨਰ ਮੁਤਾਬਕ, "ਸਾਲ 2004 ਤੋਂ ਬਾਅਦ ਬ੍ਰਿਟੇਨ ਵਿੱਚ ਕਤਲ ਦਰ ਵਿੱਚ ਕਮੀ ਆਈ ਅਤੇ ਅਜਿਹਾ ਕਿ ਅਮਰੀਕਾ, ਸਪੇਨ, ਇਟਲੀ ਅਤੇ ਜਰਮਨੀ ਵਿੱਚ ਵੀ ਹੋਇਆ ਹੈ, ਇਸਦਾ ਵੱਡਾ ਕਾਰਨ ਜ਼ਿੰਦਗੀ ਵਿੱਚ ਆਏ ਬਦਲਾਅ ਹਨ। ਜਿਵੇਂ ਕਿ ਅੱਲੜ੍ਹਾਂ ਵਿੱਚ ਸ਼ਰਾਬ ਅਤੇ ਭੰਗ ਦੀ ਵਰਤੋਂ ਵਿੱਚ ਆਈ ਕਮੀ।"
"ਇਹ ਕੁਝ ਹੱਦ ਤੱਕ ਤਕਨੀਕ ਦਾ ਵੀ ਪ੍ਰਭਾਵ ਹੈ, ਜਿਵੇਂ ਮੋਬਾਈਲ ਫ਼ੋਨ ਅਤੇ ਸੀਸੀਟੀਵੀ ਕੈਮਰੇ, ਜਿਨ੍ਹਾਂ ਨੇ ਚੌਕਸੀ ਵਧਾਈ ਹੈ ਅਤੇ ਖ਼ਤਰਨਾਕ ਸਥਿਤੀਆਂ ਵਿੱਚ ਮਦਦ ਮੰਗ ਸਕਣ ਦੇ ਮੌਕਿਆਂ ਨੂੰ ਵਧਾਇਆ ਹੈ।"
ਇਸ ਤੋਂ ਇਲਾਵਾ ਈਸਨਰ ਇਸ ਕਮੀ ਲਈ ਵਡੇਰੀਆਂ ਤਬਦੀਲੀਆਂ ਜਿਵੇਂ ਕਿ ਬੁਲਿੰਗ, ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਹਿੰਸਾ ਦੇ ਵਿਰੁੱਧ ਸਖ਼ਤ ਹੋਏ ਸਭਿਆਚਾਰਕ ਨਿਯਮਾਂ ਨੂੰ ਕਾਰਨ ਮੰਨਦੇ ਹਨ।
ਜਦਕਿ ਘੱਟ-ਗਿਣਤੀ ਲੋਕ ਅਜਿਹੇ ਹਨ ਜਿਨ੍ਹਾਂ ਦੇ ਮਨ ਨਹੀਂ ਬਦਲੇ ਜਾ ਸਕਦੇ ਅਤੇ ਜੋ ਹਮੇਸ਼ਾ ਇੱਕ ਖ਼ਤਰਾ ਰਹਿਣਗੇ ਲੇਕਿਨ ਕੁਝ ਮਨਾਂ ਨੂੰ ਅਸੀਂ ਸਦਾ ਲਈ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਤਸਵੀਰ ਸਰੋਤ, Getty Images
ਬੁਨਿਆਦੀ ਬਦਲਾਅ ਨਾਲ ਹਿੰਸਾ ਦੀ ਰੋਕਥਾਮ
ਸਾਲ 2004 ਵਿੱਚ ਮੈਂ ਜੈਕ ਨੂੰ ਮਿਲੀ ਜਿਸ ਨੇ 20 ਸਾਲ ਦੀ ਉਮਰ ਵਿੱਚ ਆਪਣੀ ਮਾਂ ਨੂੰ ਮਾਰ ਦਿੱਤਾ ਸੀ। ਪਤਾ ਲੱਗਿਆ ਕਿ ਉਹ ਉਸ ਸਮੇਂ ਪੈਰਾਨੌਇਡ ਸਕਿਜ਼ੋਫਰੇਨੀਆ ਤੋਂ ਪੀੜਤ ਸੀ, ਇਸ ਲਈ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
ਫਿਰ ਉਹ ਬਰੌਡਮੂਰ ਵਿੱਚ ਮੇਰੇ ਦੁਆਰਾ ਚਲਾਏ ਜਾ ਰਹੇ ਥੈਰਿਪੀ ਗਰੁੱਪ ਵਿੱਚ ਸ਼ਾਮਲ ਹੋ ਗਿਆ।
ਇੱਕ-ਇੱਕ ਘੰਟੇ ਦੇ ਸੈਸ਼ਨਾਂ ਵਿੱਚ ਮਾਨਸਿਕ ਤੌਰ ਉੱਤੇ ਟੁੱਟੇ ਹੋਣ ਦੀ ਸਥਿਤੀ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਤਲ ਕਰਨ ਵਾਲੇ ਗੁਰੱਪ ਦੇ ਮੈਂਬਰ, ਚਰਚਾ ਕਰਦੇ ਸਨ ਕਿ ਉਹ ਭਵਿੱਖ ਵਿੱਚ ਹਿੰਸਾ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਨ।
ਸ਼ੁਰੂ ਵਿੱਚ ਜੈਕ ਹਮੇਸ਼ਾ ਇਸ ਲਈ ਵਚਨਬੱਧ ਨਜ਼ਰ ਨਹੀਂ ਆਇਆ। ਲੇਕਿਨ ਕਰੀਬ ਇੱਕ ਸਾਲ ਬਾਅਦ ਜਦੋਂ ਇੱਕ ਹੋਰ ਮੈਂਬਰ ਨੇ ਆਪਣੇ ਅਤੀਤ ਉੱਤੇ ਪਛਤਾਵਾ ਕੀਤਾ ਤਾਂ ਉਸ ਨੇ ਅਚਾਨਕ ਹਾਂ ਕੀਤੀ।
ਉਸ ਨੇ ਕਿਹਾ, "ਕਾਸ਼ ਮੈਂ ਜੋ ਕੀਤਾ ਉਸ ਲਈ ਆਪਣੀ ਮਾਂ ਤੋਂ ਮਾਫ਼ੀ ਮੰਗ ਸਕਦਾ। ਮੈਂ ਜਾਣਦਾ ਹਾਂ, ਮੈਂ ਬੀਮਾਰ ਸੀ, ਪਰ ਕਾਸ਼ ਮੈਂ ਤੁਹਾਨੂੰ ਦੱਸ ਸਕਦਾ ਕਿ ਮੈਂ ਕਿੰਨਾ ਸ਼ਰਮਿੰਦਾ ਹਾਂ ਅਤੇ ਮੈਨੂੰ ਮਾਫ਼ ਕਰ ਦਿਓ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝਦੇ ਹੋ ਕਿ ਮੈਂ ਕਿੰਨਾ ਸ਼ਰਮਿੰਦਾ ਹਾਂ।"
ਖੁਦ ਨੂੰ ਦੂਜੇ ਅਪਰਾਧੀਆਂ ਵਿੱਚ ਪ੍ਰਤੀਬਿੰਬਤ ਕਰਕੇ ਗਰੁੱਪ ਦੇ ਕੁਝ ਮੈਂਬਰ ਇਹ ਸਿੱਖਣ ਦੇ ਯੋਗ ਸਨ ਕਿ ਇਹ ਕਿਵੇਂ ਸੰਭਵ ਹੋਇਆ ਕਿ ਆਪਣੇ ਆਪ ਨੂੰ ਇਹ ਸੋਚ ਕੇ ਮੂਰਖ ਬਣਾਇਆ ਜਾਵੇ ਕਿ ਕਿਸੇ ਨੂੰ ਮਰਨਾ ਹੈ?
ਕਿਵੇਂ ਗੁੱਸੇ, ਸ਼ਰਮ ਅਤੇ ਡਰ ਦੀਆਂ ਲਹਿਰਾਂ ਉਹਨਾਂ ਨੂੰ ਕੰਮਾਂ ਅਤੇ ਸ਼ਬਦਾਂ ਦੀ ਗਲਤ ਵਿਆਖਿਆ ਕਰਨ ਵੱਲ ਲੈ ਜਾ ਸਕਦੀਆਂ ਹਨ।
ਉਸ ਦਿਨ ਤੋਂ ਬਾਅਦ ਜੈਕ ਦੀ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੋਣ ਲੱਗਿਆ ਅਤੇ ਉਸ ਨੂੰ ਮੁੜ-ਵਸੇਬੇ ਲਈ ਘੱਟ ਸੁਰੱਖਿਆ ਵਾਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

ਤਸਵੀਰ ਸਰੋਤ, Getty Images
ਸਮੂਹਿਕ ਇਲਾਜ ਵਿੱਚ ਸਮਾਂ ਲਗਦਾ ਹੈ। ਲੇਕਿਨ ਇਸ ਤੋਂ ਬਾਅਦ ਕਈ ਹੋਰ ਜਣਿਆਂ ਨੂੰ ਵੀ ਘੱਟ ਸੁਰੱਖਿਆ ਵਾਲੇ ਹਸਪਤਾਲ ਭੇਜ ਦਿੱਤਾ ਗਿਆ। ਇਹ ਸੁਧਾਰ ਦਾ ਸੰਕੇਤ ਹੈ ਅਤੇ ਸਭ ਤੋਂ ਅਹਿਮ ਕਿ ਉਨ੍ਹਾਂ ਨੇ ਜ਼ਿੰਮੇਵਾਰੀ ਲੈਣਾ ਵੀ ਸਿੱਖਿਆ।
ਜੈਕ ਨੇ ਮੈਨੂੰ ਸਮਝਣ ਵਿੱਚ ਮਦਦ ਕੀਤੀ ਕਿ ਕਤਲ ਕਰਨ ਵਾਲੇ ਲੋਕ ਬੇਦਿਮਾਗ਼ੇ ਵਹਿਸ਼ੀ ਨਹੀਂ ਹਨ ਜੋ ਇਸੇ ਤਰ੍ਹਾਂ ਪੈਦਾ ਹੋਏ ਹਨ। ਉਹ ਆਮ ਹੀ ਸੀ, ਜਿਸ ਨੇ ਹੋਰ ਕਈਆਂ ਵਾਂਗ ਕੁਝ ਅਸਧਾਰਨ ਕਰ ਦਿੱਤਾ ਸੀ।
ਇਨ੍ਹਾਂ ਵਿੱਚੋਂ ਕੁਝ ਵੀ ਹਿੰਸਾ ਦਾ ਬਹਾਨਾ ਨਹੀਂ ਹੈ ਅਤੇ ਹਰ ਹਿੰਸਕ ਅਪਰਾਧ ਇਸ ਵਿੱਚ ਸ਼ਾਮਲ ਹਰੇਕ ਜਣੇ ਲਈ ਦੁਖਾਂਤ ਹੈ। ਲੇਕਿਨ ਲੋਕਾਂ ਨੂੰ ਹੈਵਾਨ ਬਣਾ ਦੇਣਾ ਇਸ ਦੇ ਹੱਲ ਵਿੱਚ ਕੋਈ ਮਦਦ ਨਹੀਂ ਕਰਦਾ।
ਇਹ ਸਿਰਫ਼ ਆਪਣੇ ਗੁੱਸੇ ਅਤੇ ਡਰ ਨਾਲ ਨਜਿੱਠਣ ਦਾ ਢੰਗ ਹੈ ਅਤੇ ਜੇ ਅਸੀਂ ਸਾਰੇ ਮਾਰਨ ਵਾਲਿਆਂ ਨੂੰ ਜਾਂ ਸ਼ੋਸ਼ਣ ਕਰਨ ਵਾਲਿਆਂ ਨੂੰ ਹੈਵਾਨ ਕਹਿ ਕੇ ਰੱਦ ਕਰ ਦੇਵਾਂਗੇ ਤਾਂ ਅਸੀਂ ਹਿੰਸਾ ਨੂੰ ਘਟਾਉਣ ਜਾਂ ਰੋਕਣ ਦਾ ਮੌਕਾ ਵੀ ਖੁੰਝਾ ਦੇਵਾਂਗੇ।
ਕਿਸੇ ਅਜਿਹੇ ਨਾਲ ਬੈਠਣਾ ਜਿਸ ਨੇ ਆਪਣੀ ਸਾਥੀ ਦਾ ਸਿਰ ਵੱਢ ਕੇ ਹੱਤਿਆ ਕੀਤੀ ਹੋੇਵੇ ਜਾਂ ਅਜਿਹੀ ਔਰਤ ਜਿਸ ਨੇ ਆਪਣੀ ਸਹੇਲੀ ਦਾ ਛੁਰੇ ਨਾਲ ਕਤਲ ਕੀਤਾ ਹੋਵੇ, ਇਸ ਲਈ ਵੱਡੀ ਹਮ-ਭਾਵਨਾ ਚਾਹੀਦੀ ਹੈ।
ਲੇਕਿਨ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਅਤੇ ਆਪਣੇ ਬਾਰੇ ਨਵੀਂ ਸੂਝ ਹਾਸਲ ਕਰਨ ਲਈ ਜਿੱਥੇ ਉਹ ਤੁਰਦੇ ਹਨ ਉੱਥੇ ਤੁਰਨ ਦੀ ਅਤੇ ਜੋ ਉਹ ਦੇਖਦੇ ਹਨ, ਉਹ ਦੇਖਣ ਦੀ ਲੋੜ ਹੈ। ਆਖ਼ਰਕਾਰ ਇਸੇ ਨਾਲ ਬਦਲਾਅ ਆਉਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












