ਤਿੰਨ ਵਾਰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਮਿਲੀ ਰਿਹਾਈ, ਕਤਲ ਅਤੇ ਬਲਾਤਕਾਰ ਦੀ ਅਣਸੁਲਝੀ ਕਹਾਣੀ

ਤਸਵੀਰ ਸਰੋਤ, Antariksh Jain
- ਲੇਖਕ, ਉਮੰਗ ਪੋਦਾਰ
- ਰੋਲ, ਬੀਬੀਸੀ ਪੱਤਰਕਾਰ
ਇਸ ਕਹਾਣੀ ਦੀ ਸ਼ੁਰੂਆਤ 11 ਸਾਲ ਪਹਿਲਾਂ ਹੋਈ ਸੀ।
ਮੱਧ ਪ੍ਰਦੇਸ਼ 'ਚ 9 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ 21 ਸਾਲਾ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਘਟਨਾ ਹੋਣ ਅਤੇ ਸਜ਼ਾ ਦੀ ਸੁਣਵਾਈ ਵਿੱਚ ਸਿਰਫ਼ ਇੱਕ ਮਹੀਨੇ ਦਾ ਅੰਤਰ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਦੋ ਹੋਰ ਅਦਾਲਤਾਂ ਨੇ ਵੀ ਉਸ ਨੂੰ ਮੌਤ ਦੀ ਸਜ਼ਾ ਸੁਣਾਈ।
ਪਰ, ਇਸ ਕਹਾਣੀ ਨੇ ਇਸ ਸਾਲ ਮਾਰਚ ਵਿੱਚ ਇੱਕ ਨਵਾਂ ਮੋੜ ਲਿਆ। ਖੰਡਵਾ ਦੀ ਜ਼ਿਲ੍ਹਾ ਅਦਾਲਤ ਦਾ ਕਹਿਣਾ ਹੈ ਕਿ ਸਬੂਤਾਂ ਦਾ ਗਲਤ ਵਿਸ਼ਲੇਸ਼ਣ ਕੀਤਾ ਗਿਆ ਸੀ ਅਤੇ ਅਪਰਾਧ ਕਿਸੇ ਹੋਰ ਨੇ ਕੀਤਾ ਸੀ। ਅਦਾਲਤ ਵਲੋਂ ਇਸ ਵਿਅਕਤੀ ਨੂੰ ਜੁਰਮ ਤੋਂ ਬਰੀ ਕਰ ਦਿੱਤਾ ਗਿਆ।
ਹਾਲ ਹੀ 'ਚ ਬੀਬੀਸੀ ਦੀ ਟੀਮ ਇਸ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਮੱਧ ਪ੍ਰਦੇਸ਼ ਗਈ ਅਤੇ ਮਾਮਲੇ ਦੀ ਗੁੰਝਲਤਾ ਨੂੰ ਸਮਝਿਆ।
ਇਹ ਰਿਪੋਰਟ ਇਸ ਮੁਲਾਕਾਤ ਤੋਂ ਬਾਅਦ ਲਿਖੀ ਗਈ ਹੈ।

ਬਰੀ ਹੋਏ ਸ਼ਕਸ ਦਾ ਨਾਮ ਅਨੋਖੀ ਲਾਲ ਹੈ
ਜਦੋਂ ਅਨੋਖੀ ਲਾਲ 11 ਸਾਲ ਬਾਅਦ ਜੇਲ੍ਹ ਤੋਂ ਘਰ ਆਇਆ ਤਾਂ ਉਸ ਨੂੰ ਮਿਲਣ ਲਈ ਕਈ ਰਿਸ਼ਤੇਦਾਰ ਆਏ ਪਰ ਅਨੋਖੀ ਲਾਲ ਆਪਣੇ ਰਿਸ਼ਤੇਦਾਰਾਂ ਨੂੰ ਪਛਾਣ ਨਹੀਂ ਸਕਿਆ।
ਇੰਨਾ ਹੀ ਨਹੀਂ ਇੰਨੇ ਸਮੇਂ ਵਿੱਚ ਉਹ ਆਪਣੀ ਮਾਂ ਬੋਲੀ ਕੋਰਕੂ ਨੂੰ ਵੀ ਲਗਭਗ ਭੁੱਲ ਗਿਆ ਸੀ।
ਉਸ ਨੇ ਦੱਸਿਆ "ਇਨ੍ਹਾਂ 11 ਸਾਲਾਂ ਵਿੱਚ, ਮੈਂ ਬਹੁਤ ਕੁਝ ਭੁੱਲ ਗਿਆ ਹਾਂ। ਹਾਲਾਂਕਿ, ਹੁਣ ਹੌਲੀ-ਹੌਲੀ ਮੈਨੂੰ ਕੁਝ ਗੱਲਾਂ ਯਾਦ ਆ ਰਹੀਆਂ ਹਨ।"
ਅਨੋਖੀ ਲਾਲ ਨੇ ਲਗਭਗ 11 ਸਾਲ ਜਾਂ 4,033 ਦਿਨ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਵਜੋਂ ਮੌਤ ਦੇ ਸਾਏ ਹੇਠ ਬਿਤਾਏ।
ਇੰਨਾ ਹੀ ਨਹੀਂ ਇਹ ਕੇਸ ਪੰਜ ਵਾਰ ਵੱਖ-ਵੱਖ ਅਦਾਲਤਾਂ ਵਿੱਚੋਂ ਲੰਘਿਆ। ਉਸ ਨੂੰ ਤਿੰਨ ਵਾਰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਛੇਵੀਂ ਸੁਣਵਾਈ ਵਿੱਚ ਖੰਡਵਾ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ।
ਆਖਿਰ ਸਾਲਾਂ ਬਾਅਦ ਅਜਿਹਾ ਫੈਸਲਾ ਕਿਉਂ ਆਇਆ? ਉਤਰਾਅ-ਚੜ੍ਹਾਅ ਨਾਲ ਭਰੀ ਇਸ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਅਨੋਖੀ ਲਾਲ ਅਤੇ ਪੀੜਤ ਦੇ ਪਰਿਵਾਰ 'ਤੇ ਕੀ ਪ੍ਰਭਾਵ ਪਿਆ?
ਅਜਿਹੇ ਸਵਾਲਾਂ ਦੇ ਜਵਾਬ ਦੀ ਤਲਾਸ਼ ਵਿੱਚ ਅਸੀਂ ਅਨੋਖੀ ਲਾਲ ਅਤੇ ਪੀੜਤ ਪਰਿਵਾਰ ਦੇ ਪਿੰਡ ਗਏ।
ਬਲਾਤਕਾਰ, ਕਤਲ ਅਤੇ ਪੁਲਿਸ ਜਾਂਚ

ਤਸਵੀਰ ਸਰੋਤ, Antariksh Jain
ਇਹ 30 ਜਨਵਰੀ 2013 ਦਾ ਦਿਨ ਸੀ। ਇੱਕ ਨੌਂ ਸਾਲ ਦੀ ਬੱਚੀ ਘਰੋਂ ਬਾਹਰ ਜਾਂਦੀ ਹੈ ਪਰ ਵਾਪਸ ਨਹੀਂ ਆਉਂਦੀ। ਪਰਿਵਾਰ ਵਾਲਿਆਂ ਨੇ ਕਾਫੀ ਭਾਲ ਕੀਤੀ। ਨਾ ਮਿਲਣ 'ਤੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ।
ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਆਖਰੀ ਵਾਰ ਅਨੋਖੀ ਲਾਲ ਨਾਲ ਦੇਖਿਆ ਸੀ। ਇਸੇ ਪਿੰਡ ਦੇ ਇੱਕ ਵਿਅਕਤੀ ਨੇ ਬਾਅਦ ਵਿੱਚ ਅਦਾਲਤ ਵਿੱਚ ਵੀ ਇਸ ਦੀ ਪੁਸ਼ਟੀ ਕੀਤੀ।
ਅਨੋਖੀ ਲਾਲ ਉਸ ਸਮੇਂ 21 ਸਾਲਾਂ ਦਾ ਸੀ ਅਤੇ ਪਿੰਡ ਵਿੱਚ ਦੁੱਧ ਵੇਚਣ ਦਾ ਕੰਮ ਕਰਦਾ ਸੀ।
ਦੋ ਦਿਨ ਬਾਅਦ ਲੜਕੀ ਦੀ ਲਾਸ਼ ਖੇਤਾਂ ਵਿੱਚੋਂ ਮਿਲਦੀ ਹੈ। ਪੋਸਟ ਮਾਰਟਮ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਬੱਚੀ ਨਾਲ ਬਲਾਤਕਾਰ ਹੋਇਆ ਸੀ।
ਪੁਲਿਸ ਨੇ ਅਨੋਖੀ ਲਾਲ ਨੂੰ ਮੁਖ ਮੁਲਜ਼ਮ ਬਣਾਇਆ। ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।
ਹਾਲਾਂਕਿ, ਅਨੋਖੀ ਲਾਲ ਦਾ ਦਾਅਵਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਪਿੰਡ ਵਿੱਚ ਨਹੀਂ ਸੀ।
ਇਹ ਘਟਨਾ ਉਸ ਸਮੇਂ ਸੁਰਖੀਆਂ ਵਿੱਚ ਸੀ। ਘਟਨਾ ਦੀ ਰਿਪੋਰਟ ਕਰਨ ਵਾਲੇ ਸਥਾਨਕ ਪੱਤਰਕਾਰ ਜੈ ਨਾਗਦਾ ਦੱਸਦੇ ਹਨ, "ਲੋਕਾਂ ਵਿੱਚ ਬਹੁਤ ਗੁੱਸਾ ਸੀ। ਪੁਲਿਸ ਅਤੇ ਅਦਾਲਤ 'ਤੇ ਬਹੁਤ ਦਬਾਅ ਸੀ।"
ਇਸ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਦਿੱਲੀ ਵਿੱਚ ਨਿਰਭਯਾ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ।
ਪੂਰੇ ਦੇਸ਼ ਵਿਚ ਗੁੱਸਾ ਸੀ। ਹਿੰਸਾ ਵਿਰੁੱਧ ਅਤੇ ਇਨਸਾਫ਼ ਲਈ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਸਨ। ਲੋਕਾਂ ਨੇ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਜਲਦ ਤੋਂ ਜਲਦੀ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਕਈ ਪੱਤਰਕਾਰਾਂ ਨੇ ਦੱਸਿਆ ਕਿ ਨਿਰਭਯਾ ਦਾ ਗੁੱਸਾ ਇਸ ਜ਼ਿਲ੍ਹੇ ਅਤੇ ਪਿੰਡ ਵਿੱਚ ਵੀ ਪਹੁੰਚ ਗਿਆ ਸੀ। ਸ਼ਾਇਦ ਇਸੇ ਕਾਰਨ ਹੀ ਕੇਸ ਬਹੁਤ ਤੇਜ਼ੀ ਨਾਲ ਅੱਗੇ ਵਧਿਆ।
ਪੁਲਿਸ ਦੀ ਜਾਂਚ ਸਿਰਫ਼ ਨੌਂ ਦਿਨਾਂ ਵਿੱਚ ਪੂਰੀ ਹੋ ਜਾਂਦੀ ਹੈ। ਇਸ ਤੋਂ ਤੁਰੰਤ ਬਾਅਦ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਜਾਂਦੀ ਹੈ। ਇੰਨਾ ਹੀ ਨਹੀਂ ਸਿਰਫ 13 ਦਿਨਾਂ 'ਚ ਅਦਾਲਤ ਨੇ ਅਨੋਖੀ ਲਾਲ ਨੂੰ ਮੌਤ ਦੀ ਸਜ਼ਾ ਵੀ ਸੁਣਾ ਦਿੱਤੀ।
ਅਦਾਲਤ ਨੇ ਕਿਹਾ ਕਿ ਅਨੋਖੀਲਾਲ "ਸਮਾਜ ਲਈ ਖ਼ਤਰਾ" ਹੈ।
ਅਨੋਖੀ ਲਾਲ ਕਹਿੰਦਾ ਹੈ, "ਇਹ ਸਭ ਬਹੁਤ ਤੇਜ਼ੀ ਨਾਲ ਹੋਇਆ। ਨਾ ਤਾਂ ਮੈਨੂੰ, ਨਾ ਮੇਰੇ ਪਰਿਵਾਰ ਨੂੰ, ਨਾ ਹੀ ਮੇਰੇ ਵਕੀਲ ਕੋਲ ਇਹ ਸਮਝਣ ਦਾ ਸਮਾਂ ਸੀ ਕਿ ਕੀ ਹੋ ਰਿਹਾ ਹੈ।"
ਅਨੋਖੀ ਲਾਲ ਕਬਾਇਲੀ ਭਾਈਚਾਰੇ ਕੋਰਕੂ ਤੋਂ ਹੈ। ਉਹ ਕਾਫ਼ੀ ਗਰੀਬ ਹਨ। ਇਸ ਲਈ ਉਸ ਨੇ ਇਸ ਕੇਸ ਲਈ ਸਰਕਾਰ ਤੋਂ ਵਕੀਲ ਲਿਆ। ਕੇਸ ਦੀ ਸੁਣਵਾਈ ਦੇ ਪਹਿਲੇ ਦਿਨ ਹੀ ਵਕੀਲ ਅਤੇ ਉਨ੍ਹਾਂ ਦੀ ਮੁਲਾਕਾਤ ਹੋ ਸਕੀ।
ਜਦੋਂ ਮੈਂ ਉਸ ਨੂੰ ਸੁਣਵਾਈ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਕੀ ਹੋ ਰਿਹਾ ਹੈ।
ਅਨੋਖੀ ਲਾਲ ਨੇ ਦੱਸਿਆ , "ਮੈਂ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਸੀ। ਮੈਂ 10 ਸਾਲ ਦੀ ਉਮਰ ਤੋਂ ਕੰਮ ਕਰ ਰਿਹਾ ਹਾਂ।"
ਇਸ ਤੋਂ ਬਾਅਦ ਅਨੋਖੀ ਲਾਲ ਨੂੰ ਕਿਸੇ ਨੇ ਦੱਸਿਆ ਕਿ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਉਹ ਕਹਿੰਦਾ ਹੈ, "ਮੇਰੇ ਹੋਸ਼ ਉੱਡ ਗਏ। ਮੈਂ ਕੰਬਣ ਲੱਗ ਪਿਆ। ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਆਪਣੇ ਆਪ ਨੂੰ ਸੰਭਾਲਨ ਵਿੱਚ ਕੁਝ ਸਮਾਂ ਲੱਗਾ।"
ਉਸ ਸਮੇਂ ਪੁਲਿਸ ਦਾ ਕਹਿਣਾ ਸੀ ਕਿ ਇਹ ਔਖਾ ਮਾਮਲਾ ਹੈ। ਘਟਨਾ ਦਾ ਕੋਈ ਸਿੱਧਾ ਗਵਾਹ ਨਹੀਂ ਸੀ। ਹਾਲਾਤੀ ਸਬੂਤਾਂ ਤੋਂ ਇਲਾਵਾ ਇਸ ਕੇਸ ਦਾ ਮੁੱਖ ਸਬੂਤ ਡੀਐਨਏ ਰਿਪੋਰਟ ਸੀ।
ਹਾਲਾਂਕਿ ਉਸ ਸਮੇਂ ਵੀ ਜਿਸ ਰਫਤਾਰ ਨਾਲ ਸੁਣਵਾਈ ਹੋਈ ਸੀ, ਉਸ 'ਤੇ ਕਈ ਕਾਨੂੰਨੀ ਮਾਹਿਰਾਂ ਨੇ ਸਵਾਲ ਉਠਾਏ ਸਨ।
ਜੈ ਨਾਗਦਾ ਨੇ ਬੀਬੀਸੀ ਨੂੰ ਆਪਣੀ ਇੱਕ ਰਿਪੋਰਟ ਦਿਖਾਈ। ਉਸ ਵਿੱਚ ਮਾਮਲੇ ਸਬੰਧੀ ਵਕੀਲਾਂ ਦੀ ਗੱਲਬਾਤ ਸੀ। ਵਕੀਲ ਕਹਿ ਰਹੇ ਸਨ ਕਿ ਇਸ ਫੈਸਲੇ ਨੇ ਸੁਰਖੀਆਂ ਤਾਂ ਬਟੋਰ ਲਈਆਂ ਹਨ ਪਰ ਸਵਾਲ ਇਹ ਹੈ ਕਿ ਕੀ ਇਸ ਮਾਮਲੇ ਵਿੱਚ ਇਨਸਾਫ਼ ਹੋਇਆ?
ਇੱਕ ਅਦਾਲਤ ਤੋਂ ਦੂਜੀ ਅਦਾਲਤ ਤੱਕ: ਲੰਬੀ ਕਾਨੂੰਨੀ ਪ੍ਰਕਿਰਿਆ

ਤਸਵੀਰ ਸਰੋਤ, Antariksh Jain
ਇਸ ਤੋਂ ਬਾਅਦ ਇਹ ਮਾਮਲਾ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਤੱਕ ਪਹੁੰਚ ਗਿਆ। ਬਹੁਤ ਲੰਬਾ ਸਫ਼ਰ ਸ਼ੁਰੂ ਹੋਇਆ। ਸਾਲ 2013 ਵਿੱਚ ਮੱਧ ਪ੍ਰਦੇਸ਼ ਹਾਈ ਕੋਰਟ ਨੇ ਵੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।
ਸਜ਼ਾ ਦੀ ਸੁਣਵਾਈ ਤੋਂ ਬਾਅਦ ਦੇ ਦਿਨ ਅਨੋਖੀ ਲਾਲ ਲਈ ਬਹੁਤ ਔਖੇ ਸਨ। ਉਹ ਬਹੁਤ ਨਿਰਾਸ਼ਾ ਵਿੱਚ ਸੀ।
ਉਹ ਕਹਿੰਦਾ ਹੈ, "ਮੈਂ ਖਾਣਾ ਖਾਣ ਦੇ ਯੋਗ ਨਹੀਂ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜਾਨ ਲੈ ਲਵਾਂਗਾ। ਮੈਨੂੰ ਮੌਕਾ ਨਹੀਂ ਮਿਲਿਆ ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲੈਂਦਾ।"
(ਮੌਤ ਦੀ ਸਜ਼ਾ ਵਾਲੇ ਕੈਦੀਆਂ ਵਿੱਚ ਮਾਨਸਿਕ ਬਿਮਾਰੀ ਦਾ ਪੱਧਰ ਬਹੁਤ ਉੱਚਾ ਹੈ। 2021 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮੌਤ ਦੀ ਸਜ਼ਾ ਪਾਉਣ ਵਾਲੇ 80 ਕੈਦੀਆਂ ਵਿੱਚੋਂ ਲਗਭਗ 62 ਪ੍ਰਤੀਸ਼ਤ ਮਾਨਸਿਕ ਤੌਰ 'ਤੇ ਬਿਮਾਰ ਸਨ।)
ਹਾਈਕੋਰਟ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ।
ਛੇ ਸਾਲ ਬਾਅਦ 2019 ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਵਿੱਚ ਕਈ ਖਾਮੀਆਂ ਸਨ।
ਬਚਾਅ ਪੱਖ ਦੇ ਵਕੀਲ ਉਸੇ ਦਿਨ ਨਿਯੁਕਤ ਕੀਤੇ ਗਏ ਸਨ ਜਿਸ ਦਿਨ ਸੁਣਵਾਈ ਸ਼ੁਰੂ ਹੋ ਰਹੀ ਸੀ। ਉਸ ਕੋਲ ਕੇਸ ਨਾਲ ਸਬੰਧਤ ਦਸਤਾਵੇਜ਼ ਦੇਖਣ ਦਾ ਸਮਾਂ ਨਹੀਂ ਸੀ।
ਸੁਪਰੀਮ ਕੋਰਟ ਨੇ ਪੂਰੇ ਮਾਮਲੇ ਦੀ ਦੁਬਾਰਾ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ।
ਅਨੋਖੀ ਲਾਲ ਕਹਿੰਦਾ ਹੈ, "ਇਸ ਨਾਲ ਮੈਨੂੰ ਕੁਝ ਉਮੀਦ ਮਿਲੀ।"
ਇਸ ਸਮੇਂ ਤੱਕ ਉਸ ਨੇ ਜੇਲ੍ਹ ਦੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ। ਹੁਣ ਤਾਂ ਖ਼ੁਦਕੁਸ਼ੀ ਦੇ ਖ਼ਿਆਲ ਵੀ ਘੱਟ ਆਉਂਦੇ ਸਨ।
ਉਹ ਕਹਿੰਦਾ ਹੈ, "ਮੈਂ ਵੀ ਕੁਝ ਦੋਸਤ ਬਣਾਏ। ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ।"
ਅਨੋਖੀ ਲਾਲ ਨੇ ਦੱਸਿਆ, "ਉੱਥੇ ਕਿਸੇ ਨੇ ਮੈਨੂੰ ਕਿਹਾ ਕਿ ਮੈਨੂੰ ਆਪਣੇ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਜਦੋਂ ਮੈਂ ਬਾਹਰ ਆਵਾਂ ਤਾਂ ਮੈਨੂੰ ਇਹ ਨਾ ਲੱਗੇ ਕਿ ਮੈਂ ਆਪਣਾ ਸਮਾਂ ਬਰਬਾਦ ਕੀਤਾ ਹੈ।"
ਇਹ ਸੋਚ ਕੇ ਉਸ ਨੇ ਜੇਲ੍ਹ ਦੇ ਅੰਦਰ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਅਤੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ।
ਜੇਕਰ ਅਨੋਖੀ ਲਾਲ ਨੇ ਆਪਣੇ ਜੀਵਨ ਵਿੱਚ ਕਿਸੇ ਇੱਕ ਥਾਂ 'ਤੇ ਸਭ ਤੋਂ ਵੱਧ ਸਮਾਂ ਬਿਤਾਇਆ, ਤਾਂ ਉਹ ਇੰਦੌਰ ਦੀ ਕੇਂਦਰੀ ਜੇਲ੍ਹ ਸੀ।
ਉਹ ਕਹਿੰਦੇ ਹਨ, "ਪੜ੍ਹਾਈ ਦੇ ਨਾਲ-ਨਾਲ ਮੈਂ ਉੱਥੇ ਯੋਗਾ ਅਤੇ ਪੂਜਾ-ਪਾਠ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਮੇਰੀ ਮਾਨਸਿਕ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ।"
ਪਰ, ਉਮੀਦ ਦੀ ਕਿਰਨ ਬਹੁਤ ਜਲਦੀ ਫਿੱਕੀ ਪੈ ਗਈ। ਸਾਲ 2022 ਵਿੱਚ, ਖੰਡਵਾ ਦੀ ਸਥਾਨਕ ਅਦਾਲਤ ਨੇ ਉਸ ਨੂੰ ਫਿਰ ਮੌਤ ਦੀ ਸਜ਼ਾ ਸੁਣਾਈ।
ਇਸ ਮੋੜ 'ਤੇ ਪ੍ਰੋਜੈਕਟ-39ਏ ਨਾਲ ਜੁੜੇ ਲੋਕ ਅਨੋਖੀ ਲਾਲ ਦੇ ਮਾਮਲੇ ਨਾਲ ਜੁੜ ਜਾਂਦੇ ਹਨ। ਪ੍ਰੋਜੈਕਟ-39A ਇੱਕ ਖੋਜ ਅਤੇ ਵਕਾਲਤ ਸੰਸਥਾ ਹੈ।
ਇਹ ਮੁੱਖ ਤੌਰ 'ਤੇ ਮੌਤ ਦੀ ਸਜ਼ਾ ਵਾਲੇ ਲੋਕਾਂ ਦੇ ਮਾਮਲਿਆਂ ਨਾਲ ਨਜਿੱਠਦੇ ਹਨ। ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੇ ਹਨ।
ਅਨੋਖੀ ਲਾਲ ਦਾ ਕਹਿਣਾ ਹੈ, "ਇੰਨੇ ਦਿਨਾਂ ਵਿੱਚ ਕੋਈ ਵਕੀਲ ਮੈਨੂੰ ਜੇਲ੍ਹ ਵਿੱਚ ਮਿਲਣ ਨਹੀਂ ਆਇਆ ਸੀ। ਇਹੀ ਲੋਕ ਸਭ ਤੋਂ ਪਹਿਲਾਂ ਮੈਨੂੰ ਮਿਲਣ ਆਏ ਸਨ।"
ਪ੍ਰੋਜੈਕਟ-39ਏ ਨੇ ਫਾਂਸੀ ਦੀ ਸਜ਼ਾ ਦੇ ਫੈਸਲੇ ਖਿਲਾਫ ਮੱਧ ਪ੍ਰਦੇਸ਼ ਹਾਈ ਕੋਰਟ 'ਚ ਫਿਰ ਅਪੀਲ ਕੀਤੀ।
ਅਨੋਖੀ ਲਾਲ ਦੇ ਵਕੀਲ ਨੇ ਅਦਾਲਤ 'ਚ ਕਿਹਾ ਕਿ ਡੀਐਨਏ ਰਿਪੋਰਟ ਜਿਸ 'ਤੇ ਪੂਰਾ ਮਾਮਲਾ ਆਧਾਰਿਤ ਹੈ, ਉਸ 'ਚ ਕਈ ਖਾਮੀਆਂ ਹਨ।
ਪਿਛਲੇ ਦਸ ਸਾਲਾਂ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਹੋਈਆਂ ਸੁਣਵਾਈਆਂ ਦੌਰਾਨ ਇਹ ਖਾਮੀਆਂ ਦੇਖਿਆ ਨਹੀਂ ਗਈਆਂ।
ਉਨ੍ਹਾਂ ਨੇ ਹਾਈ ਕੋਰਟ ਨੂੰ ਕਿਹਾ ਕਿ ਇਸ ਰਿਪੋਰਟ ਦੇ ਸਾਰੇ ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕੀਤੇ ਜਾਣ।
ਇੰਨਾ ਹੀ ਨਹੀਂ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਮਾਹਿਰਾਂ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਬੁਲਾਇਆ ਜਾਵੇ। ਇਸ ਪਟੀਸ਼ਨ ਦੇ ਆਧਾਰ 'ਤੇ ਹਾਈ ਕੋਰਟ ਨੇ ਕੇਸ ਤੀਜੀ ਵਾਰ ਹੇਠਲੀ ਅਦਾਲਤ ਨੂੰ ਭੇਜ ਦਿੱਤਾ।
ਇਸ ਦਾ ਮਤਲਬ ਸੀ ਕਿ ਇਹ ਕੇਸ ਉਸੇ ਥਾਂ 'ਤੇ ਵਾਪਸ ਆ ਗਿਆ ਹੈ ਜਿੱਥੋਂ ਇਹ 2013 ਵਿੱਚ ਸ਼ੁਰੂ ਹੋਇਆ ਸੀ।
ਡੀਐਨਏ ਰਿਪੋਰਟ ਨੂੰ ਬਾਰੀਕੀ ਨਾਲ ਦੇਖਣ ਤੋਂ ਬਾਅਦ ਹੀ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਇਸ ਨਾਲ ਮਾਮਲੇ ਵਿਚ ਵੱਡਾ ਬਦਲਾਅ ਆਇਆ।
ਸਭ ਤੋਂ ਖਾਸ ਗੱਲ ਇਹ ਸੀ ਕਿ ਬੱਚੀ ਦੇ ਜਿਨਸੀ ਅੰਗਾਂ ਤੋਂ ਮਿਲਿਆ ਡੀਐਨਏ ਅਨੋਖੀ ਲਾਲ ਦਾ ਨਹੀਂ ਸੀ। ਇਹ ਕਿਸੇ ਹੋਰ ਆਦਮੀ ਦਾ ਸੀ। ਹੁਣ ਤੱਕ ਅਦਾਲਤ ਇਹ ਹੀ ਮੰਨ ਕੇ ਚੱਲ ਰਹੀ ਸੀ ਕਿ ਇਹ ਡੀਐਨਏ 'ਇੱਕ ਆਦਮੀ' ਦਾ ਹੈ।
ਜਿਸ ਦਾ ਮਤਲਬ ਕਿ ਇਹ ਅਨੋਖੀ ਲਾਲ ਦਾ ਵੀ ਹੋ ਸਕਦਾ ਹੈ। ਬਾਕੀ ਸਬੂਤ ਵੀ ਅਪਰਾਧ ਲਈ ਅਨੋਖੀ ਲਾਲ ਵੱਲ ਇਸ਼ਾਰਾ ਕਰ ਰਹੇ ਹਨ। ਇਸੇ ਲਈ ਅਦਾਲਤ ਨੇ ਅਨੋਖੀ ਲਾਲ ਨੂੰ ਅਪਰਾਧ ਦਾ ਦੋਸ਼ੀ ਮੰਨਿਆ।
ਹਾਲਾਂਕਿ ਇਸ ਵਾਰ ਅਦਾਲਤ ਨੇ ਕਿਹਾ ਕਿ ਇਹ ਸਾਫ਼ ਦਿਖਾਈ ਦੇ ਰਿਹਾ ਸੀ ਕਿ ਡੀਐਨਏ ਕਿਸੇ ਹੋਰ ਦਾ ਸੀ।
ਅਦਾਲਤ ਨੇ ਬਾਕੀ ਪੁਲਿਸ ਸਬੂਤਾਂ 'ਤੇ ਵੀ ਕਈ ਸਵਾਲ ਖੜ੍ਹੇ ਕੀਤੇ । ਕੱਪੜੇ ਅਤੇ ਵਾਲਾਂ ਤੋਂ ਮਿਲੇ ਡੀਐਨਏ ਤੋਂ ਪੁਲਿਸ ਨੇ ਅਨੋਖੀ ਲਾਲ ਦੀ ਪਛਾਣ ਕੀਤੀ ਸੀ।
ਅਦਾਲਤ ਨੇ ਕਿਹਾ ਕਿ ਇਨ੍ਹਾਂ ਨੂੰ ਇਕੱਠਾ ਕਰਨ ਅਤੇ ਟੈਸਟ ਕਰਨ ਵਿੱਚ ਕਈ ਗਲਤੀਆਂ ਹੋਈਆਂ ਹਨ। ਇਨ੍ਹਾਂ ਸਬੂਤਾਂ ਨਾਲ 'ਆਸਾਨੀ ਨਾਲ ਛੇੜਛਾੜ' ਕੀਤੀ ਜਾ ਸਕਦੀ ਹੈ।
ਉਹ ਸਥਾਨਕ ਅਦਾਲਤ ਜਿਸ ਨੇ ਅਨੋਖੀ ਲਾਲ ਨੂੰ 2013 ਅਤੇ 2022 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ ਇਹ ਕਹਿੰਦੇ ਹੋਏ ਕਿ ਪੁਲਿਸ ਨੂੰ ਇਹ ਸਾਬਤ ਕਰਨਾ ਚਾਹੀਦਾ ਸੀ ਕਿ ਸਬੂਤਾਂ ਨਾਲ ਕੋਈ ਛੇੜਛਾੜ ਨਹੀਂ ਹੋਈ ਪਰ ਇਸ ਵਿੱਚ ਉਹ ਨਾਕਾਮ ਰਹੇ ਹਨ, ਇਸ ਸਾਲ ਉਸ ਨੂੰ ਬਰੀ ਕਰ ਦਿੱਤਾ।
'ਉਹ ਮੇਰੇ ਦਿਲ ਦਾ ਟੁਕੜਾ ਸੀ'

ਤਸਵੀਰ ਸਰੋਤ, Antariksh Jain
ਅਨੋਖੀ ਲਾਲ ਕਹਿੰਦੇ ਹਨ, "ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਤਾਂ ਬਹੁਤ ਕੁਝ ਬਦਲ ਗਿਆ ਸੀ। ਦੇਸ਼ ਬਹੁਤ ਬਦਲ ਗਿਆ ਸੀ। ਸੜਕਾਂ ਬਦਲ ਗਈਆਂ ਸਨ। ਬਹੁਤ ਸਾਰੀਆਂ ਨਵੀਆਂ ਇਮਾਰਤਾਂ ਸਨ। ਕੁਝ ਦਿਨ ਮੈਨੂੰ ਲੱਗਾ ਜਿਵੇਂ ਮੈਂ ਸੁਪਨਾ ਦੇਖ ਰਿਹਾ ਹਾਂ?
ਦੂਜੇ ਪਾਸੇ ਅਦਾਲਤ ਤੋਂ ਕਈ ਸੌ ਕਿਲੋਮੀਟਰ ਦੂਰ ਬੈਠੇ ਪੀੜਤ ਦੇ ਪਿਤਾ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਨੋਖੀ ਲਾਲ ਨੂੰ ਬਰੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ, "ਕਿਸੇ ਅਣਜਾਣ ਵਿਅਕਤੀ ਨੇ ਮੈਨੂੰ ਫ਼ੋਨ ਕਰਕੇ ਇਸ ਬਾਰੇ ਦੱਸਿਆ।"
ਜਦੋਂ ਉਹ ਇਸ ਕੇਸ ਦੀ ਗੱਲ ਕਰਦੇ ਤਾਂ ਉਨ੍ਹਾਂ ਦੀ ਆਵਾਜ਼ ਵਿਚ ਪੁਲਿਸ ਅਤੇ ਨਿਆਂ ਪ੍ਰਣਾਲੀ ਪ੍ਰਤੀ ਡੂੰਘਾ ਦੁੱਖ ਅਤੇ ਗੁੱਸਾ ਸਾਫ਼ ਝਲਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਗਿਆ ਹੈ।
ਉਹ ਕਹਿੰਦਾ ਹਨ, "ਸਾਡੇ ਗੁੱਸੇ ਨੂੰ ਸ਼ਾਂਤ ਕਰਨ ਲਈ, ਉਸਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਹੁਣ ਉਹ ਬਾਹਰ ਆ ਗਿਆ ਹੈ। ਸਾਰਾ ਸਿਸਟਮ ਲਾਪਰਵਾਹ ਲੋਕਾਂ ਨਾਲ ਭਰਿਆ ਪਿਆ ਹੈ।"
ਉਹ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਜੇਕਰ ਉਨ੍ਹਾਂ ਕੋਲ ਪੈਸੇ ਹੁੰਦੇ ਤਾਂ ਉਹ ਕੇਸ ਲਈ ਨਿੱਜੀ ਵਕੀਲ ਰੱਖ ਲੈਂਦੇ।
ਉਹ ਕਹਿੰਦੇ ਹਨ, "ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮੈਂ ਇੱਕ ਗਰੀਬ ਆਦਮੀ ਹਾਂ।"
ਅੱਜ ਗਿਆਰਾਂ ਸਾਲਾਂ ਬਾਅਦ ਵੀ ਉਨ੍ਹਾਂ ਦੇ ਜ਼ਖ਼ਮ ਭਰੇ ਨਹੀਂ ਹਨ। ਇਹ ਘਟਨਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ।"
ਉਹ ਕਹਿੰਦੇ ਹਨ, "ਉਹ ਮੇਰੀ ਵੱਡੀ ਧੀ ਸੀ। ਉਹ ਮੈਨੂੰ ਬਹੁਤ ਪਿਆਰੀ ਸੀ। ਬਿਲਕੁਲ ਮੇਰੇ ਦਿਲ ਦਾ ਟੁਕੜਾ ਸੀ।"
"ਮੈਂ ਕਈ ਸਾਲਾਂ ਤੋਂ ਦਮ ਘੁੱਟ ਕੇ ਰਹਿ ਰਿਹਾ ਹਾਂ। ਜਦੋਂ ਵੀ ਮੈਂ ਅਖਬਾਰ ਜਾਂ ਟੀਵੀ 'ਤੇ ਅਜਿਹੀ ਘਟਨਾ ਦੀ ਖ਼ਬਰ ਪੜ੍ਹਦਾ ਹਾਂ, ਤਾਂ ਮੇਰੀਆਂ ਯਾਦਾਂ ਵਾਪਸ ਆ ਜਾਂਦੀਆਂ ਹਨ। ਇਸ ਲਈ ਮੈਂ ਹੁਣ ਇਹ ਸਭ ਦੇਖਣਾ ਛੱਡ ਦਿੱਤਾ ਹੈ।"
ਨਿਆਂ ਦੀ ਕੀਮਤ

ਤਸਵੀਰ ਸਰੋਤ, Antariksh Jain
ਇੰਨਾ ਹੀ ਨਹੀਂ ਅਨੋਖੀ ਲਾਲ ਨੇ ਪੂਰੇ ਸਿਸਟਮ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ, ਜਿਸ ਕਾਰਨ ਉਹ 11 ਸਾਲ ਤੱਕ ਮੌਤ ਦੇ ਸਾਏ ਹੇਠ ਰਹੇ।
ਅਨੋਖੀ ਲਾਲ ਦਾ ਕਹਿਣਾ ਹੈ ਕਿ ਹੁਣ ਉਹ ਆਜ਼ਾਦੀ ਦਾ ਅਸਲੀ ਮਤਲਬ ਸਮਝ ਗਿਆ ਹੈ।
ਉਹ ਕਹਿੰਦੇ ਹਨ, "ਆਜ਼ਾਦੀ ਬਹੁਤ ਵੱਡੀ ਚੀਜ਼ ਹੈ। ਜੇਕਰ ਮੈਂ ਆਪਣੀ ਜਾਨ ਲੈ ਲੈਂਦਾ ਤਾਂ ਕੀ ਹੁੰਦਾ? ਹਰ ਕੋਈ ਸੋਚਦਾ ਕਿ ਮੈਂ ਅਪਰਾਧ ਕੀਤਾ ਹੋਣਾ ਹੈ ਅਤੇ ਇਸ ਲਈ ਮੈਂ ਆਪਣੀ ਜਾਨ ਲੈ ਲਈ ਹੈ।"
"ਇਸ ਕੇਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਸਮਾਜ ਦੀਆਂ ਨਜ਼ਰਾਂ ਵਿੱਚ ਮੈਂ ਅੱਜ ਵੀ ਇੱਕ ਅਪਰਾਧੀ ਹਾਂ। ਮੈਨੂੰ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਸਮੱਸਿਆਵਾਂ ਪੇਸ਼ ਆਉਣਗੀਆਂ। ਜਿਵੇਂ ਕਿ ਵਿਆਹ ਕਰਵਾਉਣ 'ਚ।"
ਉਹ ਸ਼ਿਕਾਇਤ ਕਰਦਾ ਹੈ, "ਆਖ਼ਰ ਮੈਨੂੰ ਕਿਹੜਾ ਇਨਸਾਫ਼ ਮਿਲਿਆ? ਮੇਰੀ ਜ਼ਿੰਦਗੀ ਦੇ 11 ਸਾਲ ਗੁਜ਼ਰ ਗਏ। ਇਸ ਦੀ ਭਰਪਾਈ ਕੌਣ ਕਰੇਗਾ? ਮੇਰੇ ਸਾਰੇ ਦੋਸਤ ਆਪਣੇ ਕੰਮ ਵਿਚ ਅੱਗੇ ਵਧ ਗਏ ਹਨ। ਉਨ੍ਹਾਂ ਦੇ ਪਰਿਵਾਰ ਹਨ। ਬੱਚੇ ਵੱਡੇ ਹੋ ਗਏ ਹਨ। ਮੈਂ ਉੱਥੇ ਹੀ ਖੜਾ ਹਾਂ।"
ਇਸ ਮਾਮਲੇ ਨੇ ਨਾ ਸਿਰਫ਼ ਅਨੋਖੀ ਲਾਲ ਨੂੰ ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕੀਤਾ ਹੈ। ਅਨੋਖੀ ਲਾਲ ਦੀ ਮਾਂ ਅਤੇ ਭਰਾ ਆਪਣੀ ਝੌਂਪੜੀ ਦੇ ਸਾਹਮਣੇ ਬੈਠ ਬੀਬੀਸੀ ਨਾਲ ਗੱਲਬਾਤ ਕੀਤੀ।
ਇਸ ਤੋਂ ਪਤਾ ਲੱਗਦਾ ਹੈ ਕਿ ਪਰਿਵਾਰ ਵਿੱਚ ਪਹਿਲਾਂ ਹੀ ਆਰਥਿਕ ਸਮੱਸਿਆ ਸੀ। ਇਸ ਮਾਮਲੇ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ।
ਕੇਸ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਆਪਣੀ ਅੱਧੀ ਜ਼ਮੀਨ ਵੇਚਣੀ ਪਈ। ਇਸ ਤੋਂ ਮਿਲਣ ਵਾਲਾ ਪੈਸਾ ਵੀ ਜਲਦੀ ਹੀ ਖ਼ਤਮ ਹੋ ਗਿਆ।
ਅਨੋਖੀ ਲਾਲ ਦੇ ਭਰਾ ਤੇਜ ਰਾਮ ਦਾ ਕਹਿਣਾ ਹੈ, "ਸਾਡੇ ਪਿਤਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਏ। ਉਹ ਬਹੁਤ ਰੋਣ ਲੱਗੇ ਅਤੇ ਕਹਿੰਦੇ ਸਨ ਕਿ ਮੇਰੀ ਜ਼ਮੀਨ ਚਲੀ ਗਈ ਅਤੇ ਲੜਕਾ ਵੀ ਨਹੀਂ ਆਇਆ। ਇਸ ਮਾਮਲੇ ਦੀ ਚਿੰਤਾ ਕਾਰਨ ਉਨ੍ਹਾਂ ਦੀ ਮੌਤ ਹੋ ਗਈ।"
ਇਸ ਸਭ ਕਾਰਨ ਪਰਿਵਾਰ ਦੀਆਂ ਉਮੀਦਾਂ ਵੀ ਘੱਟ ਰਹੀਆਂ ਸਨ। ਉਨ੍ਹਾਂ ਦੀ ਮਾਂ ਰੀਮਾਬਾਈ ਕਹਿੰਦੇ ਹਨ, "ਕੁਝ ਸਮੇਂ ਬਾਅਦ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਹੁਣ ਮੇਰੇ ਪੁੱਤਰ ਨੂੰ ਫਾਂਸੀ ਦੇ ਦਿੱਤੀ ਜਾਵੇਗੀ।"
ਜਦੋਂ ਪੈਸਾ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ।
ਤੇਜ ਰਾਮ ਕਹਿੰਦੇ ਹਨ, "ਮੈਂ ਵਕੀਲ ਨੂੰ ਕਿਹਾ ਕਿ ਮੇਰੇ ਲਈ ਹੋਰ ਪੈਸੇ ਦੇਣਾ ਸੰਭਵ ਨਹੀਂ ਹੈ। ਮੇਰਾ ਭਰਾ ਬਾਹਰ ਆ ਜਾਵੇ ਤਾਂ ਠੀਕ ਰਹੇਗਾ, ਨਹੀਂ ਤਾਂ ਹੁਣ ਸਭ ਕੁਝ ਰੱਬ ਦੇ ਹੱਥ ਹੈ।"
ਹੌਲੀ-ਹੌਲੀ ਜੇਲ੍ਹ ਵਿੱਚ ਅਨੋਖੀ ਲਾਲ ਨੂੰ ਮਿਲਣ ਜਾਣ ਵਿੱਚ ਵੀ ਮੁਸ਼ਕਲਾਂ ਆਉਣ ਲੱਗੀਆਂ।
ਤੇਜ ਰਾਮ ਦਾ ਕਹਿਣਾ ਹੈ, "ਮੇਰੇ ਕੋਲ ਪੈਸੇ ਨਹੀਂ ਸਨ। ਜਦੋਂ ਵੀ ਮੈਂ ਆਪਣੇ ਭਰਾ ਨੂੰ ਮਿਲਣ ਜਾਂਦਾ ਸੀ ਤਾਂ ਰੇਲਵੇ ਪਲੇਟਫਾਰਮ 'ਤੇ ਸੌਂਦਾ ਸੀ।"
ਅਨੋਖੀ ਲਾਲ ਕਹਿੰਦੇ ਹਨ, "ਇਹ ਸਭ ਦੇਖ ਕੇ ਮੈਂ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।"
ਅਨੋਖੀ ਲਾਲ ਦੇ ਲਈ ਨਵੀਂ ਸ਼ੁਰੂਆਤ
ਅਨੋਖੀ ਲਾਲ ਦਾ ਕਹਿਣਾ ਹੈ ਕਿ ਜੇਲ੍ਹ 'ਚੋ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ।
ਹੁਣ ਉਹ ਮੱਧ ਪ੍ਰਦੇਸ਼ ਵਿੱਚ ਹੀ ਵੱਖ-ਵੱਖ ਤਰ੍ਹਾਂ ਦੇ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਦੱਸਿਆ, "ਹੁਣ ਮੈਂ ਜ਼ਿਆਦਾ ਬਾਹਰ ਨਹੀਂ ਜਾਂਦਾ। ਮੈਨੂੰ ਰਾਤ ਨੂੰ ਬਾਹਰ ਜਾਣਾ ਚੰਗਾ ਨਹੀਂ ਲੱਗਦਾ। ਮੈਂ ਸਵੇਰੇ ਕੰਮ 'ਤੇ ਜਾਂਦਾ ਹਾਂ ਅਤੇ ਸ਼ਾਮ ਨੂੰ ਆਪਣੇ ਕਮਰੇ 'ਚ ਵਾਪਸ ਆ ਜਾਂਦਾ ਹਾਂ। ਜੇਕਰ ਮੈਨੂੰ ਕੁਝ ਚਾਹੀਦਾ ਹੋਵੇ ਤਾਂ ਮੇਰੇ ਦੋਸਤ ਮੇਰੇ ਲਈ ਖਰੀਦਦਾਰੀ ਕਰ ਦਿੰਦੇ ਹਨ।"
ਅਨੋਖੀ ਲਾਲ ਇੱਕ ਦੋਸਤ ਨਾਲ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ।
ਉਸ ਦਾ ਆਪਣੇ ਪੁਰਾਣੇ ਦੋਸਤਾਂ ਨਾਲ ਰਾਬਤਾ ਟੁੱਟ ਗਿਆ ਹੈ।
ਉਹ ਦੱਸਦਾ ਹੈ, " ਜੇਲ੍ਹ ਚੋ ਬਾਹਰ ਆਉਣ ਤੋਂ ਬਾਅਦ ਮੈਨੂੰ ਕਿਸੇ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ। ਪੈਸੇ ਕਮਾਉਣ ਲਈ ਮੈਂ ਆਉਂਦਿਆਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ।"
"ਹੁਣ ਮੈਂ ਅਤੀਤ ਨੂੰ ਭੁੱਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਪੈਸੇ ਕਮਾਉਣੇ ਪੈਣਗੇ ਤਾਂ ਜੋ ਮੈਂ ਪਰਿਵਾਰ ਦਾ ਕਰਜ਼ਾ ਮੋੜ ਸਕਾਂ। ਮੈਂ ਆਪਣੇ ਘਰ ਨੂੰ ਪਲਸਤਰ ਕਰਵਾ ਸਕਾਂ।"
ਪਰ ਸਭ ਤੋਂ ਵੱਡਾ ਮੁੱਦਾ ਅਜੇ ਵੀ ਉੱਥੇ ਹੀ ਹੈ

ਤਸਵੀਰ ਸਰੋਤ, Antariksh Jain
ਇਸ ਮਾਮਲੇ ਨਾਲ ਜੁੜੇ ਕਈ ਸਵਾਲ ਅਜੇ ਵੀ ਖੜ੍ਹੇ ਹਨ। ਇੱਕ ਸਵਾਲ ਹੈ ਕਿ ਜੇਕਰ ਡੀਐਨਏ ਰਿਪੋਰਟ ਵਿੱਚ ਅਜਿਹੀਆਂ ਖਾਮੀਆਂ ਸਨ ਤਾਂ 11 ਸਾਲਾਂ ਤੱਕ ਇਸ ਦਾ ਪਤਾ ਕਿਉਂ ਨਹੀਂ ਲਗਾਇਆ ਗਿਆ?
ਸ਼੍ਰੇਆ ਰਸਤੋਗੀ ਇੱਕ ਵਕੀਲ ਹਨ ਅਤੇ ਪ੍ਰੋਜੈਕਟ-39ਏ ਨਾਲ ਜੁੜੀ ਹੋਏ ਹਨ। ਅਨੋਖੀ ਲਾਲ ਦਾ ਕੇਸ ਉਨ੍ਹਾਂ ਨੇ ਹੀ ਲੜਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਲੋਕ ਇਸ ਕੇਸ ਨਾਲ ਨਹੀਂ ਜੁੜੇ ਉਦੋਂ ਤੱਕ ਫੋਰੈਂਸਿਕ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ਸੀ।
ਉਹ ਕਹਿੰਦੇ ਹਨ ਕਿ ਭਾਰਤ ਵਿੱਚ ਅਜੇ ਵੀ ਫੋਰੈਂਸਿਕ ਅਤੇ ਡੀਐਨਏ ਦੀ ਸਮਝ ਬਹੁਤ ਘੱਟ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ, ਵਕੀਲਾਂ ਅਤੇ ਅਦਾਲਤ ਸੰਭੰਧਤ ਸੱਮਸਿਆਵਾਂ ਹਨ। ਇਸ ਸਬੰਧੀ ਬਿਹਤਰ ਸਿਖਲਾਈ ਦੇਣ ਦੀ ਲੋੜ ਹੈ।
ਸ਼੍ਰੇਆ ਰਸਤੋਗੀ ਨੇ ਸਾਨੂੰ ਇੱਕ ਕਿਤਾਬ ਦਿਖਾਈ। ਉਨ੍ਹਾਂ ਨੇ ਡੀਐਨਏ ਸਬੂਤਾਂ ਨੂੰ ਸਮਝਾਉਣ ਅਤੇ ਸਮਝਣ ਲਈ ਇਹ ਕਿਤਾਬ ਅਦਾਲਤ ਵਿੱਚ ਪੇਸ਼ ਕੀਤੀ। ਕੁਝ ਹੱਦ ਤੱਕ ਇਹ ਕਿਤਾਬ ਸਕੂਲ ਦੀ ਵਿਗਿਆਨ ਦੀ ਕਿਤਾਬ ਵਰਗੀ ਸੀ।
ਇਸ ਵਿੱਚ ਡੀਐਨਏ ਕੀ ਹੁੰਦਾ ਹੈ ਜਾਂ ਸੈੱਲ ਕੀ ਹੁੰਦਾ ਹੈ - ਇਹ ਸਭ ਸਮਝਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਇਸ ਲਈ ਕਰਨਾ ਪਿਆ ਤਾਂ ਜੋ ਅਦਾਲਤ ਨੂੰ ਸਮਝਾਇਆ ਜਾ ਸਕੇ ਕਿ ਡੀਐਨਏ ਰਿਪੋਰਟ ਵਿੱਚ ਕੀ ਗਲਤੀਆਂ ਸਨ।
ਹਾਲਾਂਕਿ, 11 ਸਾਲ ਬਾਅਦ, ਸਭ ਤੋਂ ਵੱਡਾ ਸਵਾਲ ਅਜੇ ਵੀ ਬਣਿਆ ਹੋਇਆ ਹੈ - ਦੋਸ਼ੀ ਕੌਣ ਹੈ? ਹੁਣ ਇਸ ਵਿੱਚ ਕੀ ਇਨਸਾਫ਼ ਹੋਵੇਗਾ? ਉਸ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਕੌਣ ਸਨ?
ਸ਼੍ਰੇਆ ਰਸਤੋਗੀ ਦਾ ਕਹਿਣਾ ਹੈ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਡੀਐਨਏ ਦੇ ਨਮੂਨੇ ਸਹੀ ਢੰਗ ਨਾਲ ਸਟੋਰ ਕੀਤੇ ਹੋਏ ਹੋਣਗੇ ਤਾਂ ਜੋ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾ ਸਕੇ। ਇਸ ਕੇਸ ਦਾ ਮੁਖ ਸਬੂਤ ਡੀਐਨਏ ਹੀ ਸੀ।
ਸ਼੍ਰੇਆ ਰਸਤੋਗੀ ਮੁਤਾਬਕ ਪੁਲਿਸ, ਫੋਰੈਂਸਿਕ ਟੀਮ ਅਤੇ ਇੱਥੋਂ ਤੱਕ ਕਿ ਅਦਾਲਤ ਨੇ ਵੀ ਇਸ ਮਾਮਲੇ ਵਿੱਚ ਗਲਤੀਆਂ ਕੀਤੀਆਂ ਹਨ।
ਖੰਡਵਾ ਦੇ ਐੱਸਪੀ ਮਨੋਜ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫੈਸਲੇ ਦੇ ਖਿਲਾਫ ਹਾਈਕੋਰਟ 'ਚ ਦੁਬਾਰਾ ਪਟੀਸ਼ਨ ਦਾਇਰ ਕੀਤੀ ਹੈ। ਹਾਲਾਂਕਿ ਅਦਾਲਤ ਨੇ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ।
ਅਨੋਖੀ ਲਾਲ ਦਾ ਕਹਿਣਾ ਹੈ ਕਿ ਮੀਡੀਆ ਨੇ ਵੀ ਇਸ ਮਾਮਲੇ ਨੂੰ ਸਹੀ ਤਰ੍ਹਾਂ ਪੇਸ਼ ਨਹੀਂ ਕੀਤੀ।
ਉਸ ਦੀ ਸ਼ਿਕਾਇਤ ਹੈ, "ਮੀਡਿਆ ਨੇ ਮੈਨੂੰ ਸ਼ੁਰੂ ਤੋਂ ਹੀ ਅਪਰਾਧੀ ਬਣਾ ਦਿੱਤਾ ਸੀ।"
ਇਹ ਕਈ ਤਰੀਕਿਆਂ ਨਾਲ ਹੈਰਾਨ ਕਰਨ ਵਾਲਾ ਮਾਮਲਾ ਹੈ ਪਰ ਇਹ ਇਕੱਲਾ ਨਹੀਂ ਹੈ।
ਪ੍ਰੋਜੈਕਟ-39ਏ ਦੁਆਰਾ ਕੀਤੀ ਗਈ ਇੱਕ ਖੋਜ ਤੋਂ ਪਤਾ ਚੱਲਦਾ ਹੈ ਕਿ 2000 ਤੋਂ 2015 ਦਰਮਿਆਨ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲੇ 1,498 ਲੋਕਾਂ ਵਿੱਚੋਂ 443 ਯਾਨੀ ਲਗਭਗ 30 ਪ੍ਰਤੀਸ਼ਤ ਕੈਦੀਆਂ ਨੂੰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ।
ਇੰਨਾ ਹੀ ਨਹੀਂ 970 ਲੋਕਾਂ ਦੀ ਸਜ਼ਾ ਯਾਨੀ ਕਰੀਬ 65 ਫੀਸਦੀ ਕੈਦੀਆਂ ਦੀ ਸਜ਼ਾ ਘਟਾਈ ਗਈ।
ਇਸ ਨਾਲ ਜਾਂਚ ਏਜੰਸੀਆਂ ਦੀ ਜਾਂਚ ਅਤੇ ਨਿਆਂ ਪ੍ਰਣਾਲੀ 'ਤੇ ਕਈ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਵਿਸ਼ੇਸ਼ ਤੌਰ 'ਤੇ ਹੇਠਲੀਆਂ ਅਦਾਲਤਾਂ 'ਤੇ ਸਵਾਲ ਉੱਠਦੇ ਹਨ।
ਆਖ਼ਰਕਾਰ ਜਦੋਂ ਉਨ੍ਹਾਂ ਵਲੋਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਕਿੰਨਾ ਕਿ ਇਨਸਾਫ਼ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












