ਰਾਜ ਕਪੂਰ : ਸੈੱਟ ਉੱਤੇ ਪੋਚਾ ਲਾਉਣ ਤੋਂ ਲੈ ਕੇ ਬਾਲੀਵੁੱਡ ਦੇ 'ਬਾਬਾ ਬੋਹੜ' ਬਣਨ ਦੀ ਰੋਚਕ ਕਹਾਣੀ

ਰਾਜ ਕਪੂਰ ਦੇ 100 ਸਾਲ

ਤਸਵੀਰ ਸਰੋਤ, Film Heritage Foundation

ਤਸਵੀਰ ਕੈਪਸ਼ਨ, ਰਾਜ ਕਪੂਰ ਦੇ 100 ਸਾਲ
    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

14 ਦਸੰਬਰ,1924 ਨੂੰ ਅਜੋਕੇ ਪਾਕਿਸਤਾਨ ਦੇ ਪੇਸ਼ਾਵਰ 'ਚ ਜਨਮੇ ਰਾਜ ਕਪੂਰ ਦੀ ਗਿਣਤੀ ਉਨ੍ਹਾਂ ਫਿਲਮ ਨਿਰਮਾਤਾਵਾਂ 'ਚ ਹੁੰਦੀ ਹੈ, ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਪੂਰੀ ਦੁਨੀਆ 'ਚ ਮਸ਼ਹੂਰ ਕੀਤਾ।

ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ, ਪਰ ਸੱਚਾਈ ਇਹੀ ਹੈ ਕਿ ਤੇਜ਼ ਰਫ਼ਤਾਰ ਇੰਟਰਨੈੱਟ ਅਤੇ ਆਧੁਨਿਕ ਤਕਨੀਕ ਦੀ ਅੱਜ ਦੀ ਦੁਨੀਆ ਤੋਂ ਲਗਭਗ 70 ਸਾਲ ਪਹਿਲਾਂ ਰਾਜ ਕਪੂਰ ਨੇ ਭਾਰਤੀ ਸਿਨੇਮਾ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾ ਦਿੱਤਾ ਸੀ।

ਰਾਜ ਕਪੂਰ ਦੀ ਫਿਲਮ 'ਅਵਾਰਾ' ਰੂਸ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ 'ਚ ਗਿਣੀ ਜਾਂਦੀ ਹੈ, ਪਰ ਰਾਜ ਕਪੂਰ ਦੀਆਂ ਸਮਾਜਵਾਦੀ ਸੁਨੇਹੇ ਵਾਲੀਆਂ ਫਿਲਮਾਂ ਦਾ ਜਾਦੂ ਚੀਨ, ਈਰਾਨ, ਤੁਰਕੀ, ਅਮਰੀਕਾ, ਪੂਰਬੀ ਯੂਰਪ ਦੇ ਕਈ ਦੇਸ਼ਾਂ 'ਚ ਮਹਿਸੂਸ ਕੀਤਾ ਜਾ ਸਕਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਬਤੌਰ ਇੱਕ ਫਿਲਮਕਾਰ ਵੱਜੋਂ ਉਨ੍ਹਾਂ ਦਾ ਕਰੀਅਰ ਤਕਰੀਬਨ 40 ਸਾਲ ਤੱਕ ਚੱਲਿਆ। ਪਰ ਉਨ੍ਹਾਂ ਨੇ ਸਫ਼ਲਤਾ, ਪ੍ਰਸਿੱਧੀ ਅਤੇ ਲੀਜੈਂਡ ਵਰਗਾ ਅਕਸ ਸਿਰਫ਼ 3 ਸਾਲਾਂ ਦੇ ਅੰਦਰ ਹੀ ਹਾਸਲ ਕਰ ਲਿਆ ਸੀ।

1947 'ਚ ਕੇਦਾਰ ਸ਼ਰਮਾ ਦੀ ਫਿਲਮ 'ਨੀਲਕਮਲ' 'ਚ ਹੀਰੋ ਬਣਨ ਵਾਲੇ ਰਾਜ ਕਪੂਰ 1948 'ਚ 'ਆਗ' ਫਿਲਮ ਦੇ ਨਾਲ ਆਰਕੇ ਫਿਲ਼ਮਜ਼ ਦੀ ਸਥਾਪਨਾ ਕਰਦੇ ਹਨ। ਇਸ ਫ਼ਿਲਮ ਦਾ ਖ਼ਿਆਲ ਉਨ੍ਹਾਂ ਦੇ ਦਿਮਾਗ 'ਚ ਕਿਤੇ ਬਾਹਰੋਂ ਨਹੀਂ ਆਇਆ ਸੀ।

ਰਾਜ ਕਪੂਰ ਦੇ ਪਿਤਾ ਪ੍ਰਿਥਵੀਰਾਜ ਉਨ੍ਹਾਂ ਨੂੰ ਸਮਾਜਿਕ ਰੁਤਬੇ ਦੇ ਲਿਹਾਜ਼ ਨਾਲ ਦਬਦਬੇ ਵਾਲੇ ਪੇਸ਼ੇ ਵਕਾਲਤ 'ਚ ਭੇਜਣਾ ਚਾਹੁੰਦੇ ਸਨ। ਪਰ ਪਰਿਵਾਰ ਵਾਲਿਆਂ ਨਾਲ ਲਗਭਗ ਬਗਾਵਤ ਕਰਕੇ ਰਾਜ ਕਪੂਰ ਨੇ ਥੀਏਟਰ ਅਤੇ ਫਿਲਮਾਂ ਦਾ ਰਾਹ ਚੁਣਿਆ।

ਰਾਜ ਕਪੂਰ ਨੇ ਆਪਣੇ ਪਿਤਾ ਦੇ ਇਸੇ ਅਨੁਭਵ ਨੂੰ ਆਪਣੀ ਫਿਲਮ 'ਆਗ' ਦੇ ਜ਼ਰੀਏ ਪਰਦੇ 'ਤੇ ਲਿਆਂਦਾ ਸੀ।

ਸਖ਼ਤ ਪਰਵਰਿਸ਼

ਪ੍ਰਿਥਵੀਰਾਜ ਕਪੂਰ ਪੇਸ਼ਾਵਰ ਤੋਂ ਕੋਲਕਾਤਾ ਆਏ ਸਨ ਅਤੇ ਫਿਰ ਤਤਕਾਲੀ ਮੁੰਬਈ ਪਹੁੰਚੇ ਅਤੇ ਭਾਰਤੀ ਸਿਨੇਮਾ ਦੇ ਇੱਕ ਪ੍ਰਮੁੱਖ ਕਲਾਕਾਰ ਵਜੋਂ ਸਥਾਪਿਤ ਹੁੰਦੇ ਗਏ।

ਰਾਜ ਕਪੂਰ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸਨ। ਇਸ ਲਈ ਉਹ ਬਚਪਨ ਤੋਂ ਹੀ ਫਿਲਮਾਂ ਦੇ ਪ੍ਰਭਾਵ ਹੇਠ ਆ ਗਏ।

ਉਨ੍ਹਾਂ ਨੇ ਪਿਤਾਂ ਦੀਆਂ ਫਿਲਮਾਂ 'ਚ ਬਾਲ ਕਲਾਕਾਰ ਦੀ ਭੂਮਿਕਾ ਵੀ ਨਿਭਾਈ ਅਤੇ ਵੇਖਦੇ ਹੀ ਵੇਖਦੇ ਪੜ੍ਹਾਈ ਤੋਂ ਉਨ੍ਹਾਂ ਦਾ ਮਨ ਪਿੱਛੇ ਹੱਟਦਾ ਗਿਆ।

1948 ਵਿੱਚ ਰਾਜ ਕਪੂਰ ਨੇ ਅੱਗ ਫਿਲਮ ਦੇ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ

ਤਸਵੀਰ ਸਰੋਤ, Film Heritage Foundation

ਤਸਵੀਰ ਕੈਪਸ਼ਨ, 1948 ਵਿੱਚ ਰਾਜ ਕਪੂਰ ਨੇ ਆਗ ਫਿਲਮ ਦੇ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ

ਮੈਟ੍ਰਿਕ 'ਚ ਫੇਲ੍ਹ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨਾਲ ਆਪਣੇ ਇਰਾਦੇ ਸਾਂਝੇ ਕੀਤੇ ਕਿ ਉਹ ਫਿਲਮ ਨਿਰਮਾਣ ਦੀ ਦੁਨੀਆ ਦੀਆਂ ਪੇਚੀਦਗੀਆਂ ਸਿੱਖਣਾ ਚਾਹੁੰਦੇ ਹਨ।

ਪ੍ਰਿਥਵੀਰਾਜ ਕਪੂਰ ਨੇ ਆਪਣੇ ਬੇਟੇ ਨੂੰ ਸ਼ੁਰੂਆਤੀ ਸਾਲਾਂ 'ਚ ਹੀ ਮਜ਼ਬੂਤ ਬਣਾ ਦਿੱਤਾ। ਰਾਜ ਕਪੂਰ ਨੇ ਕਈ ਮੌਕਿਆਂ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਸਾਲਾਂ 'ਚ ਆਪਣੇ ਪਿਤਾ ਦੇ ਨਾਮ ਦਾ ਬਹੁਤਾ ਫਾਇਦਾ ਨਹੀਂ ਹਾਸਲ ਹੋਇਆ।

ਬੀਬੀਸੀ ਦੇ ਚੈਨਲ ਫੋਰ ਦੇ ਲਈ ਸਿਮੀ ਗਰੇਵਾਲ ਨੇ 1986 'ਚ ਰਾਜ ਕਪੂਰ 'ਤੇ ਇੱਕ ' ਲਿਵਿੰਗ ਲੀਜੈਂਡ ਰਾਜ ਕਪੂਰ' ਨਾਮ ਦੀ ਇੱਕ ਡਾਕੂਮੈਂਟਰੀ ਬਣਾਈ ਸੀ।

ਇਸ ਡਾਕੂਮੈਂਟਰੀ 'ਚ ਰਾਜ ਕਪੂਰ ਨੇ ਕਿਹਾ ਸੀ, " ਪਾਪਾ ਜੀ ਨੇ ਕਹਿ ਦਿੱਤਾ ਕਿ ਫਿਲਮ ਬਣਾਉਣ ਦੀਆਂ ਬਾਰੀਕੀਆਂ ਸਿਖੋ। ਪਰ ਚੌਥੇ-ਪੰਜਵੇਂ ਅਸਿਸਟੈਂਟ ਵਜੋਂ। ਸੈੱਟ 'ਤੇ ਪੋਚਾ ਲਗਾਉਣ ਤੋਂ ਲੈ ਕੇ ਫਰਨੀਚਰ ਇਧਰ-ਉਧਰ ਕਰਨ ਤੱਕ ਦਾ ਕੰਮ ਕੀਤਾ। ਮੈਂ ਉਸ ਸਮੇਂ ਇੱਕ ਮਸ਼ਹੂਰ ਕਲਾਕਾਰ ਦਾ ਪੁੱਤਰ ਜ਼ਰੂਰ ਸੀ, ਪਰ ਫਿਰ ਮੈਂ ਨੋ ਬਡੀ ਸੀ। ਸਿਰਫ਼ ਦੋ ਜੋੜੀ ਪੈਂਟ-ਕਮੀਜ਼, ਰੇਨ ਕੋਟ ਅਤੇ ਛੱਤਰੀ ਤੋਂ ਇਲਾਵਾ ਇੱਕ ਗਮ ਬੂਟ ਮਿਲਦੇ ਸਨ। ਇਸ ਦੇ ਨਾਲ ਹੀ 10 ਰੁਪਏ ਪ੍ਰਤੀ ਮਹੀਨਾ ਜੇਬ ਖ਼ਰਚੇ ਵਜੋਂ ਵੀ ਦਿੰਦੇ ਸਨ।"

ਕਪੂਰ ਖਾਨਦਾਨ ਦੀਆਂ ਤਿੰਨ ਪੀੜ੍ਹੀਆਂ ਨੇ ਆਵਾਰਾ ਫਿਲਮ ਵਿੱਚ ਕੰਮ ਕੀਤਾ ਸੀ।

ਤਸਵੀਰ ਸਰੋਤ, Harper Collins

ਤਸਵੀਰ ਕੈਪਸ਼ਨ, ਕਪੂਰ ਖਾਨਦਾਨ ਦੀਆਂ ਤਿੰਨ ਪੀੜ੍ਹੀਆਂ ਨੇ ਆਵਾਰਾ ਫਿਲਮ ਵਿੱਚ ਕੰਮ ਕੀਤਾ ਸੀ।

ਹਾਲਾਂਕਿ ਇਹ ਸਖ਼ਤੀ ਸਕੂਲ ਦੇ ਸਮੇਂ ਤੋਂ ਹੀ ਸੀ। ਰਾਜ ਕਪੂਟ ਦੀ ਧੀ ਰਿਤੂ ਨੰਦਾ ਨੇ 'ਰਾਜ ਕਪੂਰ ਸਪੀਕਸ' ਨਾਮ ਦੀ ਇੱਕ ਕਿਤਾਬ 'ਚ ਲਿਖਿਆ ਹੈ, 'ਰਾਜ ਕਪੂਰ ਦੂਜੇ ਬੱਚਿਆਂ ਦੀ ਤਰ੍ਹਾਂ ਹੀ ਟਰਾਮ ਰਾਹੀਂ ਸਕੂਲ ਜਾਂਦੇ ਸਨ। ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ। ਰਾਜ ਨੇ ਆਪਣੀ ਮਾਂ ਤੋਂ ਪੁੱਛਿਆ ਕਿ ਕੀ ਉਹ ਅੱਜ ਕਾਰ ਰਾਹੀਂ ਸਕੂਲ ਜਾ ਸਕਦੇ ਹਨ? ਮਾਂ ਨੇ ਕਿਹਾ ਕਿ ਮੈਂ ਤੁਹਾਡੇ ਪਿਤਾ ਜੀ ਤੋਂ ਪੁੱਛ ਕੇ ਦੱਸਦੀ ਹਾਂ। ਪ੍ਰਿਥਵੀਰਾਜ ਕਪੂਰ ਨੇ ਜਦੋਂ ਇਹ ਸੁਣਿਆ ਤਾਂ ਉਨ੍ਹਾਂ ਨੇ ਕਿਹਾ ਇਸ ਮੀਂਹ 'ਚ ਪਾਣੀ ਦੀ ਮਾਰ ਝੱਲਦੇ ਹੋਏ ਸਕੂਲ ਜਾਣ 'ਚ ਵੀ ਇੱਕ 'ਥ੍ਰਿਲ' ਹੈ। ਉਸ ਨੂੰ ਇਸ ਦਾ ਵੀ ਅਨੁਭਵ ਲੈਣ ਦਿਓ।"

ਰਾਜ ਕਪੂਰ ਦਰਵਾਜ਼ੇ ਦੇ ਪਿੱਛੇ ਖੜ੍ਹੇ ਇਹ ਸਾਰੀ ਗੱਲਬਾਤ ਸੁਣ ਰਹੇ ਸਨ। ਉਨ੍ਹਾਂ ਨੇ ਆਪਣੇ ਪਿਤਾ ਨੂੰ ਖੁਦ ਕਿਹਾ, 'ਸਰ, ਮੈਂ ਟਰਾਮ ਰਾਹੀਂ ਹੀ ਸਕੂਲ ਜਾਵਾਂਗਾ।"

ਰਿਤੂ ਨੰਦਾ ਨੇ ਇਸ ਤੋਂ ਬਾਅਦ ਦਾ ਵੇਰਵਾ ਵੀ ਲਿਖਿਆ ਹੈ, "ਪ੍ਰਿਥਵੀਰਾਜ ਕਪੂਰ ਨੇ ਜਦੋਂ ਬਾਲਕੋਨੀ ਤੋਂ ਰਾਜ ਨੂੰ ਸਕੂਲ ਜਾਂਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਆਪਣੀ ਪਤਨੀ ਰਾਮਸਮੀ ਨੂੰ ਕਿਹਾ, ਇੱਕ ਦਿਨ ਇਸ ਮੁੰਡੇ ਦੇ ਕੋਲ ਆਪਣੇ ਪਿਤਾ ਤੋਂ ਕਿਤੇ ਫੈਂਸੀ ਕਾਰ ਹੋਵੇਗੀ।"

ਪਿਤਾ ਦੇ ਪਰਛਾਵੇਂ ਤੋਂ ਬਾਹਰ ਨਿਕਲਣਾ

ਕਪੂਰ ਖ਼ਾਨਦਾਨ 'ਤੇ ਮਸ਼ਹੂਰ ਕਿਤਾਬ 'ਦ ਕਪੂਰਜ਼- ਦ ਫਰਸਟ ਫੈਮਿਲੀ ਆਫ਼ ਇੰਡੀਅਨ ਸਿਨੇਮ' ਦੀ ਲੇਖਿਕਾ ਮਧੂ ਜੈਨ ਵੀ ਕੁਝ ਇਸੇ ਤਰ੍ਹਾਂ ਦਾ ਕਿੱਸੇ ਦੱਸਦੇ ਹਨ।

ਉਨ੍ਹਾਂ ਨੇ ਲਿਖਿਆ ਹੈ, ਇੱਕ ਵਾਰ ਜਦੋਂ ਪ੍ਰਿਥਵੀਰਾਜ ਕਪੂਰ ਆਪਣੇ ਘਰੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਵੇਖਿਆ ਕਿ ਰਾਜ ਕਪੂਰ ਖੜ੍ਹੇ ਹਨ। ਉਨ੍ਹਾ ਨੇ ਪੁੱਛਿਆ ਕਿ ਤੁਸੀਂ ਅਜੇ ਤੱਕ ਸਟੂਡੀਓ ਕਿਉਂ ਨਹੀਂ ਗਏ ਹੋ? ਇਸ ਤੋਂ ਬਾਅਦ ਉਹ ਆਪਣੀ ਕਾਰ 'ਚ ਬੈਠੇ ਅਤੇ ਤੇਜ਼ੀ ਨਾਲ ਅੱਗੇ ਨਿਕਲ ਗਏ। ਦੋਵਾਂ ਨੇ ਇੱਕੋ ਥਾਂ 'ਤੇ ਹੀ ਜਾਣਾ ਸੀ, ਪਰ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਆਪਣੀ ਕਾਰ 'ਚ ਨਹੀਂ ਬਿਠਾਇਆ ਅਤੇ ਰਾਜ ਕਪੂਰ ਬੱਸ ਲੈ ਕੇ ਸਟੂਡੀਓ ਪਹੁੰਚੇ।"

ਬਰਸਾਤ (1949) ਨੇ ਆਰ ਕੇ ਫਿਲਮਜ਼ ਨੂੰ ਸਟੂਡੀਓ ਦੇ ਤੌਰ ’ਤੇ ਸਥਾਪਤ ਕੀਤਾ

ਤਸਵੀਰ ਸਰੋਤ, Film Heritage Foundation

ਤਸਵੀਰ ਕੈਪਸ਼ਨ, ਬਰਸਾਤ (1949) ਨੇ ਆਰ ਕੇ ਫਿਲਮਜ਼ ਨੂੰ ਸਟੂਡੀਓ ਦੇ ਤੌਰ 'ਤੇ ਸਥਾਪਤ ਕੀਤਾ

ਕਿੰਨਾ ਦਿਲਚਸਪ ਇਤਫ਼ਾਕ ਹੈ ਕਿ ਆਪਣੀ ਪਹਿਲੀ ਕਾਮਯਾਬ ਫਿਲਮ 'ਬਰਸਾਤ' ਦੇ ਹਿੱਟ ਹੋਣ ਤੋਂ ਬਾਅਦ ਰਾਜ ਕਪੂਰ ਨੇ ਨਾ ਸਿਰਫ ਆਪਣੇ ਲਈ ਇੱਕ ਨਵੀਂ ਕੰਰਵੇਟਿਬਲ ਕਾਰ ਖਰੀਦੀ ਸਗੋਂ ਆਪਣੇ ਪਿਤਾ ਨੂੰ ਵੀ ਇੱਕ ਬਲੈਂਕ ਚੈੱਕ ਦਿੱਤਾ ਕਿ ਉਹ ਵੀ ਆਪਣੇ ਲਈ ਕਾਰ ਖਰੀਦਣ। ਪਰ ਉਨ੍ਹਾਂ ਦੇ ਪਿਤਾ ਜੀ ਨੇ ਉਸ ਚੈੱਕ ਨੂੰ ਕਦੇ ਕੈਸ਼ ਨਹੀਂ ਕਰਵਾਇਆ।

ਪਿਤਾ ਦੇ ਮਾਨ-ਸਨਮਾਨ ਨੂੰ ਵੇਖਦੇ ਹੋਏ ਰਾਜ ਕਪੂਰ ਨੇ ਸ਼ੁਰੂਆਤੀ ਦਿਨਾਂ 'ਚ ਇਹ ਤੈਅ ਕਰ ਲਿਆ ਸੀ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਕੁਝ ਵੱਖਰਾ ਕਰਨਾ ਹੋਵੇਗਾ, ਤਾਂ ਹੀ ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਬਣ ਸਕੇਗੀ।

ਉਨ੍ਹਾਂ ਨੇ ਆਪਣੇ ਪਿਤਾ ਦੇ ਦਬੰਗ ਅਕਸ ਅਤੇ ਭੂਮਿਕਾਵਾਂ ਤੋਂ ਹੱਟ ਕੇ ਆਮ ਲੋਕਾਂ ਦੀਆਂ ਭੂਮਿਕਾਵਾਂ ਨਿਭਾਉਣ 'ਤੇ ਜ਼ੋਰ ਦਿੱਤਾ। ਇੱਕ ਰੱਝੇ-ਪੁੱਜੇ ਘਰ ਦੇ ਨੌਜਵਾਨ ਅਤੇ ਆਕਰਸ਼ਕ ਦਿੱਖ ਦੇ ਮਾਲਕ ਹੋਣ ਦੇ ਬਾਵਜੂਦ, ਉਹ ਆਮ ਕਿਰਤੀ ਲੋਕਾਂ 'ਚ ਆਪਣੇ ਆਪ ਨੂੰ ਵੇਖਣ ਲੱਗੇ। ਆਪਣੇ ਪਿਤਾ ਦੀ ਉੱਚੀ-ਉੱਚੀ ਸੰਵਾਦ ਅਦਾਇਗੀ ਦੇ ਸਾਹਮਣੇ ਉਹ ਰੁੱਕ-ਰੁੱਕ ਕੇ ਸੰਵਾਦ ਬੋਲਣ ਵਾਲੇ ਨਾਇਕ ਵਜੋਂ ਉਭਰੇ।

ਇੰਨੇ ਫ਼ਰਕ ਦੇ ਨਾਲ ਉਨ੍ਹਾਂ ਨੇ ਆਪਣੀ ਪਹਿਲੀ ਹੀ ਫਿਲਮ 'ਆਗ' ਨਾਲ ਸਿਨੇਮਾ ਜਗਤ 'ਚ ਮਜ਼ਬੂਤ ਮੌਜੂਦਗੀ ਕਾਇਮ ਕੀਤੀ।

ਆਪਣੇ ਪਿਤਾ ਤੋਂ ਵੱਖਰੇ ਦਿਖਾਈ ਦੇਣ ਦੀ ਇੱਛਾ 'ਚ ਉਨ੍ਹਾਂ ਨੇ ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਦੀ ਵੀ ਚੋਣ ਕੀਤੀ। 'ਬਰਸਾਤ' ਉਨ੍ਹਾਂ ਦੀ ਦੂਜੀ ਫਿਲਮ ਸੀ ਅਤੇ ਨਰਗਿਸ ਦੇ ਨਾਲ ਉਨ੍ਹਾਂ ਦੀ ਜੋੜੀ ਸੁਪਰਹਿੱਟ ਸਾਬਤ ਹੋਈ।

ਹਾਲਾਂਕਿ ਰਾਜ ਕਪੂਰ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਜਲਦੀ ਹੀ ਆ ਗਿਆ। ਇਹ ਮੌਕਾ ਉਨ੍ਹਾਂ ਤੋਂ ਪਹਿਲਾਂ ਮਹਿਬੂਬ ਖ਼ਾਨ ਕੋਲ ਗਿਆ ਸੀ। ਖ਼ਵਾਜ਼ਾ ਅਹਿਮਦ ਅੱਬਾਸ ਨੇ ਜਦੋਂ 'ਅਵਾਰਾ' ਦੀ ਕਹਾਣੀ ਲਿਖੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮਹਿਬੂਬ ਖ਼ਾਨ ਨੂੰ ਇਹ ਕਹਾਣੀ ਸੁਣਾਈ ਸੀ।

ਅੱਬਾਸ ਇਸ ਫਿਲਮ ਦੇ ਲਈ ਪ੍ਰਿਥਵੀਰਾਜ ਕਪੂਰ ਅਤੇ ਰਾਜ ਕਪੂਰ ਨੂੰ ਲੈਣ ਦੀ ਵਕਾਲਤ ਕਰ ਰਹੇ ਸਨ ਅਤੇ ਮਹਿਬੂਬ ਖ਼ਾਨ ਪ੍ਰਿਥਵੀ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਨਾਲ ਇਹ ਫਿਲਮ ਕਰਨਾ ਚਾਹੁੰਦੇ ਸਨ।

ਇਸ ਤੋ ਠੀਕ ਪਹਿਲਾਂ 1949 'ਚ ਮਹਿਬੂਬ ਖ਼ਾਨ ਨੇ ਰਾਜ ਕਪੂਰ, ਨਰਗਿਸ ਅਤੇ ਦਿਲੀਪ ਕੁਮਾਰ ਨੂੰ ਕਾਸਟ ਕਰਕੇ 'ਅੰਦਾਜ਼' ਫਿਲਮ ਬਣਾਈ ਸੀ ਅਤੇ ਇਹ ਫਿਲਮ ਸੁਪਰਹਿੱਟ ਸਾਬਤ ਹੋਈ ਸੀ।

ਜੈਪ੍ਰਕਾਸ਼ ਚੌਕਸੇ ਨੇ ਰਾਜ ਕਪੂਰ ਦੀ ਰਚਨਾਤਮਕ ਪ੍ਰਕਿਰਿਆ 'ਚ ਲਿਖਿਆ ਹੈ ਕਿ ਮਹਿਬੂਬ ਖ਼ਾਨ ਅਤੇ ਅੱਬਾਸ ਦਰਮਿਆਨ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਕਿ ਪ੍ਰਿਥਵੀਰਾਜ ਕਪੂਰ ਦੇ ਬੇਟੇ ਦੀ ਭੂਮਿਕਾ ਕੌਣ ਬਿਹਤਰ ਨਿਭਾ ਸਕਦਾ ਹੈ।

ਅੱਬਾਸ ਦੀ ਦਲੀਲ ਸੀ ਕਿ ਅਸਲ ਜ਼ਿੰਦਗੀ 'ਚ ਪਿਓ-ਪੁੱਤਰ ਹੋਣ ਕਰਕੇ, ਜੇਕਰ ਪੁੱਤਰ ਦੀ ਭੂਮਿਕਾ ਰਾਜ ਕਪੂਰ ਨਿਭਾਉਣ ਤਾਂ ਫਿਲਮ ਨੂੰ ਵਧੇਰੇ ਲਾਭ ਹੋਵੇਗਾ। ਇਸ ਬਹਿਸ ਦੇ ਦੌਰਾਨ ਨਰਗਿਸ ਵੀ ਉੱਥੇ ਹੀ ਮੌਜੂਦ ਸਨ।

ਚੌਕਸੇ ਨੇ ਲਿਖਿਆ ਹੈ ਕਿ ਮਹਿਬੂਬ ਖ਼ਾਨ ਨੇ ਹੀ ਨਰਗਿਸ ਨੂੰ ਸਿਨੇਮਾ ਦੇ ਪਰਦੇ 'ਤੇ ਬ੍ਰੇਕ ਦਿੱਤਾ ਸੀ, ਪਰ 'ਬਰਸਾਤ' ਦੇ ਕਾਰਨ ਉਹ ਰਾਜ ਕਪੂਰ ਦੇ ਨਜ਼ਦੀਕ ਵੀ ਸਨ। ਉਨ੍ਹਾਂ ਨੇ ਇਸ ਬਹਿਸ ਬਾਰੇ ਰਾਜ ਕਪੂਰ ਨੂੰ ਦੱਸਿਆ ਹੋਵੇਗਾ।

ਰਾਜ ਕਪੂਰ ਨੇ ਆਵਾਰਾ ਦਾ ਨਿਰਦੇਸ਼ਿਤ ਵੀ ਕੀਤਾ ਸੀ ਤੇ ਉਸ ਵਿੱਚ ਕੰਮ ਵੀ ਕੀਤਾ ਸੀ।

ਤਸਵੀਰ ਸਰੋਤ, Harper Collins

ਤਸਵੀਰ ਕੈਪਸ਼ਨ, ਰਾਜ ਕਪੂਰ ਨੇ ਆਵਾਰਾ ਦਾ ਨਿਰਦੇਸ਼ਿਤ ਵੀ ਕੀਤਾ ਸੀ ਤੇ ਉਸ ਵਿੱਚ ਕੰਮ ਵੀ ਕੀਤਾ ਸੀ।

ਕਿਉਂਕਿ ਰਾਜ ਕਪੂਰ ਨੇ ਇਸ ਦੇ ਤੁਰੰਤ ਬਾਅਦ ਅੱਬਾਸ ਨਾਲ ਸੰਪਰਕ ਕੀਤਾ ਅਤੇ ਇਸ ਫਿਲ਼ਮ ਦੇ ਅਧਿਕਾਰ ਖਰੀਦ ਲਏ। ਫਿਰ ਉਨ੍ਹਾਂ ਨੇ ਪਰਦੇ 'ਤੇ ਜੋ ਕੀਤਾ, ਉਸ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ।

ਮਾਰਕਸਵਾਦੀ ਅੱਬਾਸ ਦੇ ਨਾਲ ਰਾਜ ਕਪੂਰ ਦੀ ਜੋੜੀ ਬਹੁਤ ਵਧੀਆ ਰਹੀ। ਅੱਬਾਸ ਨੇ ਲਿਖਿਆ ਹੈ, "ਅਵਾਰਾ ਤੋਂ ਸ਼ੁਰੂ ਹੋਏ ਸਫ਼ਰ 'ਚ ਰਾਜ ਕਪੂਰ ਦਾ ਦਬਦਬਾ ਵਧੇਰੇ ਹੁੰਦਾ ਗਿਆ ਅਤੇ 'ਬਾਬੀ' ਪੂਰੀ ਤਰ੍ਹਾਂ ਨਾਲ ਮੇਰੀ ਨਾ ਹੋ ਕੇ ਉਨ੍ਹਾਂ ਦੀ ਫਿਲਮ ਬਣ ਗਈ ਸੀ।"

'ਅਵਾਰਾ' ਫਿਲਮ ਨੂੰ ਬਣਾਉਂਦੇ ਸਮੇਂ ਰਾਜ ਕਪੂਰ ਦੀ ਆਰਕੇ ਫਿਲ਼ਮਜ਼ ਨੇ ਸਿਰਫ ਦੋ ਫਿਲਮਾਂ ਹੀ ਬਣਾਈਆਂ ਸਨ- 'ਆਗ' ਅਤੇ 'ਬਰਸਾਤ'। 'ਬਰਸਾਤ' ਦੀ ਸਫ਼ਲਤਾ ਨੇ ਰਾਜ ਕਪੂਰ ਨੂੰ ਇੰਨਾ ਯਕੀਨ ਦਿਵਾਇਆ ਸੀ ਕਿ ਉਹ 'ਅਵਾਰਾ' ਨੂੰ ਬਣਾਉਣ 'ਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਰਹੇ ਸਨ।

ਖਵਾਜ਼ਾ ਅਹਿਮਦ ਅੱਬਾਸ ਨੇ ਵੀ ਇਸ ਦੀ ਇੱਕ ਵਿਸ਼ੇਸ਼ਤਾ ਦਾ ਜ਼ਿਕਰ ਕੀਤਾ ਸੀ। ਉਹ ਅਵਾਰਾ ਦੇ ਲੇਖਕ ਸਨ।

ਉਨ੍ਹਾਂ ਨੇ ਲਿਖਿਆ ਹੈ, " ਇੱਕ ਸ਼ਾਮ ਫਿਲਮ ਦੀ ਸ਼ੂਟਿੰਗ ਦੌਰਾਨ ਮੈਂ ਰਾਜ ਕਪੂਰ ਦੇ ਨਾਲ ਸੀ। ਉਨ੍ਹਾਂ ਦੇ ਇਕ ਸਹਾਇਕ ਨੇ ਆ ਕੇ ਕਿਹਾ ਕਿ ਫਾਈਨੈਂਸਰ ਐਮਜੀ ਨੇ ਜੋ ਪੈਸੇ ਦਿੱਤੇ ਹਨ, ਉਹ ਖ਼ਤਮ ਹੋ ਗਏ ਹਨ ਅਤੇ ਹੁਣ ਕੋਈ ਪੈਸਾ ਨਹੀਂ ਬਚਿਆ ਹੈ। ਉਸੇ ਰਾਤ ਰਾਜ ਕਪੂਰ ਨੇ ਫਿਲਮ ਦੇ ਡਰੀਮ ਸੀਨ ਨੂੰ ਸ਼ੂਟ ਕਰਨਾ ਸ਼ੁਰੂ ਕੀਤਾ। ਉਸ ਕੜੀ ਨੂੰ ਸ਼ੂਟ ਕਰਨ 'ਚ 3 ਮਹੀਨੇ ਦਾ ਸਮਾਂ ਅਤੇ 3 ਲੱਖ ਰੁਪਏ ਦਾ ਖਰਚਾ ਹੋਇਆ ਸੀ।"

ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Keystone-France

ਤਸਵੀਰ ਕੈਪਸ਼ਨ, ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਸਾਬਕਾ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਨਿਕੋਲਾਈ ਬੁਲਗਾਨਿਨ

'ਅਵਾਰਾ' ਦੀ ਕਹਾਣੀ ਕਾਫੀ ਹੱਦ ਤੱਕ ਪ੍ਰਗਤੀਸ਼ੀਲ ਕਹਾਣੀ ਸੀ, ਜਿਸ 'ਚ ਇੱਕ ਵਕੀਲ (ਜੋ ਬਾਅਦ 'ਚ ਜੱਜ ਬਣਿਆ) ਨੇ ਆਪਣੀ ਪਤਨੀ ਨੂੰ ਘਰੋਂ ਕੱਢ ਦਿੱਤਾ ਅਤੇ ਉਨ੍ਹਾਂ ਦਾ ਪੁੱਤਰ ਗੁੰਡਿਆਂ ਦੀ ਸੰਗਤ 'ਚ ਅਪਰਾਧੀ ਬਣ ਜਾਂਦਾ ਹੈ।

ਫਿਰ ਅਦਾਲਤ 'ਚ ਉਹ ਆਪਣੇ ਹੀ ਪਿਤਾ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ। ਫਿਲਮ ਦੇ ਅੰਤ 'ਚ ਉਹ ਆਪਣੇ ਪਿਤਾ ਦੇ ਕੋਲ ਵਾਪਸ ਆ ਜਾਂਦਾ ਹੈ।

ਦਰਅਸਲ ਇਸ ਸਿਨੇਮਾ ਦਾ ਆਧਾਰ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਵਿਰਾਸਤ 'ਚ ਮਿਲੀ ਗਰੀਬੀ ਤੋਂ ਨਿਕਲਿਆ ਸੀ। 'ਅਵਾਰਾ' ਇੱਕ ਤਰ੍ਹਾਂ ਨਾਲ ਚਿੱਕੜ 'ਚ ਖਿੜਿਆ ਕਮਲ ਸੀ, ਜਿਸ 'ਚ ਲੋਕ ਆਪਣੇ ਜੀਵਨ 'ਚ ਬਦਲਾਅ ਦੀ ਝਲਕ ਵੇਖ ਰਹੇ ਸਨ।

ਇਹ ਇੱਕ ਅਜਿਹੀ ਫਿਲ਼ਮ ਸੀ, ਜਿਸ ਨੇ ਉਮੀਦ ਨੂੰ ਉਜਾਗਰ ਕੀਤਾ ਸੀ। ਜਿਸ 'ਚ ਰਾਜ ਕਪੂਰ ਦੀ ਅਦਾਕਾਰੀ ਆਪਣੇ ਸਭ ਤੋਂ ਉੱਚ ਪੱਧਰ 'ਤੇ ਵਿਖਾਈ ਦਿੱਤੀ ਅਤੇ ਉਨ੍ਹਾਂ ਦੇ ਅੰਦਰ ਦਾ ਟੌਪ ਕਲਾਸ ਦਾ ਨਿਰਦੇਸ਼ਕ ਵੀ ਜੱਗ ਜ਼ਾਹਿਰ ਹੋਇਆ। ਇਸ ਫਿਲਮ ਦੇ ਗੀਤ-ਸੰਗੀਤ ਦਾ ਜਾਦੂ ਅੱਜ ਤਕਰੀਬਨ 73 ਸਾਲ ਬਾਅਦ ਵੀ ਜਿਉਂ ਦਾ ਤਿਉਂ ਬਰਕਰਾਰ ਹੈ।

ਸਮਾਜਿਕ ਵਚਨਬੱਧਤਾ ਦੀ ਮੰਗ

14 ਦਸੰਬਰ, 1951 ਨੂੰ ਰਿਲੀਜ਼ ਹੋਈ ਇਸ ਫਿਲਮ ਨਾਲ ਰਾਜ ਕਪੂਰ ਦੀ ਸਮਾਜਿਕ ਵਚਨਬੱਧਤਾ ਵਾਲੀਆਂ ਫਿਲਮਾਂ ਦਾ ਦੌਰ ਸ਼ੁਰੂ ਹੁੰਦਾ ਹੈ, ਜਿਸ ਨੂੰ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' ਤੱਕ ਬਾਖੂਬੀ ਵੇਖਿਆ ਜਾ ਸਕਦਾ ਹੈ।

ਕਈ ਸਿਨੇਮਾ ਮੈਗਜ਼ੀਨਾਂ ਦਾ ਅੰਦਾਜ਼ਾ ਰਿਹਾ ਹੈ ਕਿ 'ਅਵਾਰਾ' ਭਾਰਤ 'ਚ ਬਣੀ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਵੇਖੀ ਗਈ ਫਿਲਮ ਰਹੀ ਹੈ।

ਮਨੋਰੰਜਨ ਦੀ ਦੁਨੀਆ 'ਚ ਇਹ ਪਹਿਲਾ ਮੌਕਾ ਸੀ, ਜਦੋਂ ਸੋਵੀਅਤ ਸੰਘ 'ਚ ਇੱਕ ਵਿਦੇਸ਼ੀ ਫਿਲਮ ਨੂੰ ਰਾਸ਼ਟਰੀ ਮਾਨਤਾ ਹਾਸਲ ਹੋਈ ਸੀ। ਉੱਥੇ ਉਸ ਦੌਰ 'ਚ ਜਨਮੇ ਬੱਚਿਆਂ ਦੇ ਨਾਮ ਰਾਜ ਅਤੇ ਰੀਤਾ ਦੇ ਨਾਮ 'ਤੇ ਰੱਖੇ ਗਏ ਸਨ।

ਦੂਜੇ ਵਿਸ਼ਵ ਯੁੱਧ ਦੇ ਦੁਖਾਂਤ ਤੋਂ ਉਭਰਦੇ ਹੋਏ ਰੂਸ ਨੂੰ 'ਅਵਾਰਾ' ਦੇ ਨਾਇਕ 'ਚ ਆਪਣੇ ਲੋਕ ਵਿਖਾਈ ਦਿੱਤੇ, ਜੋ ਇਹ ਗਾ ਸਕਦੇ ਸਨ,

' ਆਬਾਦ ਨਹੀਂ ਬਰਬਾਦ ਸਹੀ, ਗਾਤਾ ਹੂੰ ਖੁਸ਼ੀ ਕੇ ਗੀਤ ਮਗਰ'

ਜ਼ਖਮੋਂ ਸੇ ਭਰਾ ਸੀਨਾ ਹੈ ਮੇਰਾ, ਹੰਸਤੀ ਹੈ ਮਗਰ ਯੇ ਮਸਤ ਨਜ਼ਰ'।

'ਆਵਾਰਾ ਹੂੰ, ਆਵਾਰ ਹੂੰ,

ਗਰਦਿਸ਼ ਮੇਂ ਹੂੰ

ਆਸਮਾਨ ਕਾ ਤਾਰਾ ਹੂੰ' ਦੀ ਪ੍ਰਸਿੱਧੀ ਦੇ ਬਾਰੇ 'ਚ ਗੀਤਕਾਰ ਸ਼ੈਲੇਂਦਰ ਦੀ ਧੀ ਅਮਲਾ ਸ਼ੈਲੇਂਦਰ ਨੇ ਕੁਝ ਸਾਲ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ, " ਅਸੀਂ ਦੁਬਈ 'ਚ ਰਹਿ ਰਹੇ ਸੀ। ਸਾਡੇ ਗੁਆਂਢ 'ਚ ਇੱਕ ਤੁਰਕਮੇਨਿਸਤਾਨੀ ਪਰਿਵਾਰ ਰਹਿੰਦਾ ਸੀ। ਉਨ੍ਹਾ ਦੇ ਪਿਤਾ ਇੱਕ ਦਿਨ ਸਾਡੇ ਘਰ ਆ ਗਏ ਅਤੇ ਕਹਿਣ ਲੱਗੇ ਯੂਅਰ ਡੈਡ ਰੌਟ ਦਿਸ ਸੋਨਗ ਆਵਾਰ ਹੂੰ… ਅਤੇ ਉਸ ਨੂੰ ਰੂਸੀ ਭਾਸ਼ਾ 'ਚ ਗਾਉਣ ਲੱਗੇ।"

ਆਵਾਰਾ (1951) ਦਾ ਇੱਕ ਦ੍ਰਿਸ਼। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ

ਤਸਵੀਰ ਸਰੋਤ, Film Heritage Foundation

ਤਸਵੀਰ ਕੈਪਸ਼ਨ, ਆਵਾਰਾ (1951) ਦਾ ਇੱਕ ਦ੍ਰਿਸ਼। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ

ਰਾਜ ਕਪੂਰ ਦੇ ਬਾਰੇ 'ਚ ਇੱਕ ਕਹਾਣੀ ਵਾਰ-ਵਾਰ ਸੁਣਾਈ ਜਾਂਦੀ ਹੈ ਕਿ 50 ਦੇ ਦਹਾਕੇ 'ਚ ਜਦੋਂ ਨਹਿਰੂ ਰੂਸ ਗਏ ਸਨ ਤਾਂ ਸਰਕਾਰੀ ਦਾਅਵਤ ਦੌਰਾਨ ਜਦੋਂ ਨਹਿਰੂ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਨਿਕੋਲਾਈ ਬੁਲਗਾਨਿਨ ਦੇ ਬੋਲਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਆਪਣੇ ਮੰਤਰੀਆਂ ਨਾਲ 'ਆਵਾਰਾ ਹੂੰ' ਗਾ ਕੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।

ਵੈਸੇ ਦਿਲਚਸਪ ਇਹ ਵੀ ਹੈ ਕਿ ਨੋਬਲ ਪੁਰਸਕਾਰ ਜੇਤੂ ਰੂਸੀ ਸਾਹਿਤਕਾਰ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦੀ ਇੱਕ ਕਿਤਾਬ ਹੈ 'ਦ ਕੈਂਸਰ ਵਾਰਡ'। ਇਸ ਕਿਤਾਬ 'ਚ ਕੈਂਸਰ ਵਾਰਡ ਦਾ ਇੱਕ ਸੀਨ ਹੈ, ਜਿਸ 'ਚ ਇੱਕ ਨਰਸ ਇੱਕ ਕੈਂਸਰ ਮਰੀਜ਼ ਦੀ ਤਕਲੀਫ਼ 'ਆਵਾਰਾ ਹੂੰ' ਗਾ ਕੇ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ।

ਵੈਸੇ ਤਾਂ 1954 'ਚ ਰਾਜ ਕਪੂਰ ਅਤੇ ਨਰਗਿਸ ਇੱਕਠੇ 'ਆਵਾਰਾ' ਫਿਲਮ ਦੀ ਸਕ੍ਰੀਨਿੰਗ ਲਈ ਸੋਵੀਅਤ ਸੰਘ ਗਏ ਸਨ। ਉਨ੍ਹਾਂ ਦੀ ਵੀਡੀਓ ਫ਼ੁਟੇਜ ਅੱਜ ਵੀ ਵੇਖੀ ਜਾ ਸਕਦੀ ਹੈ, ਜਿੱਥੇ ਰਾਜ ਕਪੂਰ ਨੂੰ ਵੇਖਣ ਲਈ ਲੋਕ ਸੜਕਾਂ 'ਤੇ ਉਤਰ ਆਏ ਸਨ।

ਰਾਜ ਕਪੂਰ ਨੂੰ ਪੰਜਾਹ ਦੇ ਦਹਾਕੇ 'ਚ ਚੀਨ ਜਾਣ ਦਾ ਸੱਦਾ ਵੀ ਆਇਆ ਸੀ, ਪਰ ਉਹ ਨਾ ਜਾ ਸਕੇ ਅਤੇ ਕਈ ਦਹਾਕਿਆਂ ਬਾਅਦ 1996 'ਚ ਜਦੋਂ ਰਾਜ ਕਪੂਰ ਦੇ ਬੇਟੇ ਰਣਧੀਰ ਕਪੂਰ ਅਤੇ ਧੀ ਰਿਤੂ ਨੰਦਾ ਚੀਨ ਗਏ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਉਸ ਸਮੇਂ ਹੰਝੂ ਆ ਗਏ ਸਨ ਜਦੋਂ ਚੀਨੀ ਲੋਕ ਉਨ੍ਹਾਂ ਨੂੰ ਵੇਖਦੇ ਹੀ 'ਆਵਾਰਾ ਹੂੰ' ਗਾਉਣ ਲੱਗੇ ਸਨ।

ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਦੋਵੇਂ ਰਾਜ ਕਪੂਰ ਦੇ ਧੀ-ਪੁੱਤਰ ਹਨ, ਪਰ ਉਹ ਇਹ ਗੀਤ ਗਾ ਕੇ ਰਾਜ ਕਪੂਰ ਅਤੇ ਭਾਰਤ ਦਾ ਸਨਮਾਨ ਕਰ ਰਹੇ ਸਨ।

ਕਿਹਾ ਤਾਂ ਇਹ ਵੀ ਜਾਂਦਾ ਹੈ ਕਿ 'ਆਵਾਰਾ' ਮਾਓ ਜੇ ਤੁੰਗ ਦੀ ਪਸੰਦੀਦਾ ਫਿਲਮ ਸੀ। ਇਸ ਫਿਲਮ ਦੇ ਆਧਾਰ 'ਤੇ ਤੁਰਕੀ 'ਚ ਇੱਕ ਟੀਵੀ ਸੀਰੀਅਲ ਵੀ ਬਣਾਇਆ ਗਿਆ ਸੀ।

ਦੁਨੀਆ ਭਰ 'ਚ ਚੱਲਿਆ 'ਆਵਾਰਾ' ਦਾ ਜਾਦੂ

ਫਿਲਮ ਆਵਾਰਾ ਦੇ ਇੱਕ ਦ੍ਰਿਸ਼ ਵਿੱਚ ਰਾਜ ਕਪੂਰ

ਤਸਵੀਰ ਸਰੋਤ, RK Films and Studios

ਤਸਵੀਰ ਕੈਪਸ਼ਨ, 'ਆਵਾਰਾ' ਮਾਓ ਜੇ ਤੁੰਗ ਦੀ ਪਸੰਦੀਦਾ ਫਿਲਮ ਸੀ

ਰਿਤੂ ਨੰਦਾ ਨੇ 'ਰਾਜ ਕਪੂਰ ਸਪੀਕਸ' 'ਚ ਲਿਖਿਆ ਹੈ ਕਿ 1993 'ਚ ਜਦੋਂ ਰੂਸ ਦੇ ਤਤਕਾਲੀ ਰਾਸ਼ਟਰਪਤੀ ਬੋਰਿਸ ਯੇਲਤਸਿਨ ਭਾਰਤ ਆਏ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ ਤਾਂ ਨਾ ਸਿਰਫ ਉਹ ਇਸ ਲਈ ਤਿਆਰ ਹੋ ਗਏ, ਬਲਕਿ ਉਨ੍ਹਾਂ ਨੇ ਰਿਤੂ ਨੰਦਾ ਦੀ ਕਿਤਾਬ 'ਤੇ ਇਕ ਨੋਟ ਵੀ ਲਿਖਿਆ , " ਮੈਂ ਤੁਹਾਡੇ ਪਿਤਾ ਨੂੰ ਪਿਆਰ ਕਰਦਾ ਸੀ। ਉਹ ਸਾਡੀਆਂ ਯਾਦਾਂ 'ਚ ਅੱਜ ਵੀ ਮੌਜੂਦ ਹਨ।"

ਖ਼ਵਾਜ਼ਾ ਅਹਿਮਦ ਅੱਬਾਸ ਨੇ ਵੀ ਸੋਵੀਅਤ ਆਗੂ ਨਿਕਿਤਾ ਖਰੁਸ਼ਚੇਵ ਤੋਂ ਰੂਸ 'ਚ 'ਆਵਾਰਾ' ਦੀ ਪ੍ਰਸਿੱਧੀ ਦਾ ਰਾਜ਼ ਪੁੱਛਿਆ ਸੀ ਤਾਂ ਉਨ੍ਹਾਂ ਦਾ ਜਵਾਬ ਸੀ, " ਦੂਜੇ ਵਿਸ਼ਵ ਯੁੱਧ ਦੀ ਦਰਦਨਾਕ ਸਥਿਤੀ ਦਾ ਸਭ ਤੋਂ ਵੱਧ ਸਾਹਮਣਾ ਰੂਸੀ ਲੋਕਾਂ ਨੇ ਹੀ ਕੀਤਾ ਸੀ। ਬਹੁਤ ਸਾਰੇ ਰੂਸੀ ਫਿਲਮ ਨਿਰਮਾਤਾਵਾਂ ਨੇ ਇਸ ਵਿਸ਼ੇ 'ਤੇ ਫਿਲਮਾਂ ਬਣਾ ਕੇ ਉਨ੍ਹਾਂ ਨੂੰ ਇਸ ਦੁਖਾਂਤ ਨੂੰ ਯਾਦ ਕਰਵਾਉਣ ਦਾ ਯਤਨ ਕੀਤਾ ਸੀ। ਜਦੋਂ ਕਿ 'ਆਵਾਰਾ' ਦੇ ਜ਼ਰੀਏ ਰਾਜ ਕਪੂਰ ਨੇ ਲੋਕਾਂ 'ਚ ਉਮੀਦ ਦੀ ਇੱਕ ਕਿਰਨ ਜਗਾਈ ਸੀ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਭੁਲਾਉਣ 'ਚ ਮਦਦ ਕੀਤੀ ਸੀ।"

ਸਿਨੇਮਾ ਅਤੇ ਸਮਾਜਿਕ ਮਾਮਲਿਆਂ ਦੇ ਮਾਹਰ ਜਵਰੀਮੱਲ ਪਾਰਖ ਇਸ ਫਿਲ਼ਮ ਬਾਰੇ ਕਹਿੰਦੇ ਹਨ, " ਆਵਾਰਾ ਫਿਲਮ ਨਾਲ ਹੀ ਰਾਜ ਕਪੂਰ ਨੇ ਇਹ ਸਾਬਤ ਕੀਤਾ ਕਿ ਉਹ ਮੇਲੋਡਰਾਮਾ ਅਤੇ ਰਿਐਲਿਟੀ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕਰਕੇ ਦਰਸ਼ਕਾਂ ਦਾ ਬਹੁਤ ਵਧੀਆ ਤਰੀਕੇ ਨਾਲ ਮਨੋਰੰਜਨ ਕਰ ਸਕਦੇ ਹਨ। ਉਨ੍ਹਾਂ ਨੇ ਆਪਣੀ ਆਖ਼ਰੀ ਫਿਲਮ ਤੱਕ ਇਹ ਕੰਮ ਬਾਖੂਬੀ ਜਾਰੀ ਰੱਖਿਆ।"

'ਆਵਾਰਾ' ਇੱਕ ਕਲਟ ਫਿਲਮ ਹੋਣ ਦੇ ਨਾਲ-ਨਾਲ ਇੱਕ ਮੁਕੰਮਲ ਫਿਲਮ ਸੀ। ਗੀਤ, ਸੰਗੀਤ ਅਤੇ ਸਮਾਜਿਕ ਸੁਨੇਹੇ ਨਾਲ ਭਰਪੂਰ ਇਸ ਫਿਲਮ ਦੀ ਤਾਜ਼ਗੀ ਅੱਜ ਵੀ ਘੱਟ ਨਹੀਂ ਹੋਈ ਹੈ। ਪਰ ਇਸ ਦੀ ਵੀ ਇੱਕ ਸੀਮਾ ਸੀ।

ਇਸ ਬਾਰੇ 'ਚ ਜਵਰੀਮੱਲ ਪਾਰਖ਼ ਕਹਿੰਦੇ ਹਨ, " ਸਮੇਂ ਦੇ ਨਾਲ ਇਸ ਫਿਲਮ ਦਾ ਪ੍ਰਭਾਵ ਘੱਟ ਨਹੀਂ ਹੋਇਆ ਹੈ। ਪਰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਰਾਜ ਕਪੂਰ ਦੀ 'ਆਵਾਰਾ' ਜਿਨ੍ਹਾਂ ਉਦੇਸ਼ਾਂ ਦੀ ਵਕਾਲਤ ਕਰਦੀ ਹੈ, ਉਸ ਦੇ ਹੀ ਉਲਟ ਖੜ੍ਹੀ ਹੋ ਜਾਂਦੀ ਹੈ।"

ਫਿਲਮ ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਜ ਕਪੂਰ ਅਤੇ ਨਰਗਿਸ ਦੀ ਕੈਮਿਸਟਰੀ ਰਹੀ, ਆਰਕੇ ਫਿਲਮਜ਼ ਨੇ ਸ਼ਾਨਦਾਰ ਫਿਲਮਾਂ ਬਣਾਈਆਂ।

ਤਸਵੀਰ ਸਰੋਤ, jh thakker vimal thakker

ਤਸਵੀਰ ਕੈਪਸ਼ਨ, ਫਿਲਮ ਆਲੋਚਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਜ ਕਪੂਰ ਅਤੇ ਨਰਗਿਸ ਦੀ ਕੈਮਿਸਟਰੀ ਰਹੀ, ਆਰਕੇ ਫਿਲਮਜ਼ ਨੇ ਸ਼ਾਨਦਾਰ ਫਿਲਮਾਂ ਬਣਾਈਆਂ।

"ਇਸ 'ਚ ਇਹ ਵਿਖਾਇਆ ਗਿਆ ਹੈ ਕਿ ਇਨਸਾਨ ਜਿਸ ਤਰ੍ਹਾਂ ਦੇ ਹਾਲਾਤ ਦੇ ਪ੍ਰਭਾਵ ਹੇਠ ਆਉਂਦਾ ਹੈ, ਉਹ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਚੰਗੇ ਘਰ ਦਾ ਮੁੰਡਾ ਆਵਾਰਾਗਰਦੀ ਕਰਨ ਤੋਂ ਬਾਅਦ ਵੀ ਸ਼ਰਾਫ਼ਤ ਦੀ ਦੁਨੀਆ 'ਚ ਪਰਤਦਾ ਹੈ ਤਾਂ ਉਸ ਨੂੰ ਸਵੀਕਾਰ ਕੀਤਾ ਜਾਂਦਾ ਹੈ। ਇਸ ਫਿਲਮ ਦਾ ਨਾਇਕ ਰਾਜੂ ਤਾਂ ਸੁਧਰ ਜਾਂਦਾ ਹੈ, ਪਰ ਜੱਗਾ ਡਾਕੂ 'ਚ ਸੁਧਾਰ ਕਿਉਂ ਨਹੀਂ ਹੁੰਦਾ ਹੈ, ਇਹ ਫਿਲਮ ਇਹ ਦੱਸਣ ਤੋਂ ਅਸਮਰਥ ਹੈ।"

ਪਾਰਖ ਦੇ ਅਨੁਸਾਰ, "ਆਵਾਰਾ ਇੱਕ ਫਿਲਮ ਵਜੋਂ ਇੱਥੇ ਹੀ ਖੁੰਝ ਜਾਂਦੀ ਹੈ। ਜਾਣੇ-ਅਣਜਾਣੇ 'ਚ ਉਹ ਇਸ ਦੀ ਸੰਭਾਵਨਾ ਛੱਡ ਦਿੰਦੀ ਹੈ ਕਿ ਚੰਗੇ ਪਰਿਵਾਰ ਦਾ ਵਿਅਕਤੀ ਹਾਲਾਤਾਂ ਦਾ ਮਾਰਿਆ ਭਾਵੇਂ ਹੀ ਬੁਰੀ ਸੰਗਤ 'ਚ ਪੈ ਸਕਦਾ ਹੈ , ਪਰ ਉਹ ਸੁਧਰ ਸਕਦਾ ਹੈ ਅਤੇ ਉਸ ਦਾ ਸਮਾਜ ਉਸ ਨੂੰ ਸਵੀਕਾਰ ਵੀ ਕਰ ਸਕਦਾ ਹੈ। ਉੱਥੇ ਹੀ ਜਿਹੜਾ ਵਰਗ ਕੁਲੀਨ ਵਰਗ ਨਾਲ ਸਬੰਧਤ ਨਹੀਂ ਹੈ, ਉਹ ਸੁਧਰ ਨਹੀਂ ਸਕਦਾ ਹੈ ਅਤੇ ਜੇਕਰ ਸੁਧਰ ਵੀ ਜਾਵੇ ਤਾਂ ਉਸ ਨੂੰ ਸਮਾਜ ਵੱਲੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਫਿਲ਼ਮ ਸਮਾਜ ਦੀ ਮੁੱਖ ਧਾਰਾ ਨੂੰ ਬਦਲ ਨਹੀਂ ਪਾਉਂਦੀ ਹੈ।"

ਦਰਅਸਲ, ਇਸੇ ਤਰ੍ਹਾਂ ਦੇ ਸਵਾਲ ਰਾਜ ਕਪੂਰ ਦੀਆਂ ਦੂਜੀਆਂ ਸਮਾਜਵਾਦੀ ਰੁਝਾਨ ਵਾਲੀਆਂ ਫਿਲਮਾਂ ਬਾਰੇ ਵੀ ਉੱਠਦੇ ਰਹੇ ਹਨ। 1954 'ਚ ਉਨ੍ਹਾਂ ਨੇ 'ਬੂਟ ਪੋਲਿਸ਼' ਫਿਲਮ ਬਣਾਈ ਸੀ। ਇਸ ਫਿਲਮ 'ਚ ਬੰਬਈ ਦੇ ਹੇਠਲੇ ਮੱਧ ਵਰਗ ਦੇ ਗਰੀਬ ਪਰਿਵਾਰਾਂ ਦੇ ਬੱਚੇ ਫੁੱਟਪਾਥ 'ਤੇ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ।

ਉਨ੍ਹਾਂ ਦੇ ਸੁਪਨਿਆਂ ਦੀ ਕਹਾਣੀ ਰਾਜ ਕਪੂਰ ਦੱਸਦੇ ਹਨ, ਪਰ ਰਾਜ ਕਪੂਰ ਇਹ ਦਰਸਾਉਣ 'ਚ ਤਾਂ ਸਫਲ ਰਹੇ ਕਿ ਕਿਸ ਤਰ੍ਹਾਂ ਨਾਲ ਸਮਾਜ ਦੇ ਹੇਠਲੇ ਪੱਧਰ ਦੇ ਲੋਕਾਂ ਨੂੰ ਵਰਗ ਭੇਦ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਜਾਤੀ ਭੇਦ ਨੂੰ ਉਨ੍ਹਾਂ ਦਾ ਸਿਨੇਮਾ ਜ਼ਿਆਦਾ ਉਜਾਗਰ ਨਹੀਂ ਕਰਦਾ ਹੈ।

ਗਰੀਬ ਅਤੇ ਕਮਜ਼ੋਰ ਲੋਕਾਂ ਦਾ ਕਿਰਦਾਰ

ਸੰਗਮ (1964) ਰਾਜ ਕਪੂਰ ਦੀ ਪਹਿਲੀ ਕਲਰ ਫਿਲਮ ਸੀ

ਤਸਵੀਰ ਸਰੋਤ, Film Heritage Foundation

ਤਸਵੀਰ ਕੈਪਸ਼ਨ, ਸੰਗਮ (1964) ਰਾਜ ਕਪੂਰ ਦੀ ਪਹਿਲੀ ਕਲਰ ਫਿਲਮ ਸੀ

ਪਰ ਜਵਰੀਮੱਲ ਪਾਰਖ ਕਹਿੰਦੇ ਹਨ, " ਰਾਜ ਕਪੂਰ ਨੇ ਜਿਸ ਦੌਰ 'ਚ ਇਹ ਫਿਲਮਾਂ ਬਣਾਈਆਂ ਅਤੇ ਜਿਸ ਸਪਸ਼ਟਤਾ, ਨਿਡਰਤਾ ਨਾਲ ਗਰੀਬ, ਕਮਜ਼ੋਰ ਲੋਕਾਂ ਨੂੰ ਮੁੱਖ ਕਿਰਦਾਰ 'ਚ ਪੇਸ਼ ਕੀਤਾ, ਉਸ ਦੀ ਕੋਈ ਦੂਜੀ ਮਿਸਾਲ ਨਹੀਂ ਵਿਖਾਈ ਦਿੰਦੀ ਹੈ।"

'ਆਵਾਰਾ' ਤੋਂ ਬਾਅਦ 'ਬੂਟ ਪੋਲਿਸ਼' , 'ਸ਼੍ਰੀ 420' , 'ਜਾਗਦੇ ਰਹੋ', 'ਅਬ ਦਿੱਲੀ ਦੂਰ ਨਹੀਂ' ਅਤੇ 'ਜਿਸ ਦੇਸ਼ ਮੇਂ ਗੰਗਾ ਬਿਹਤੀ ਹੈ' ਵਰਗੀਆਂ ਫਿਲਮਾਂ ਦੇ ਰਾਹੀਂ ਰਾਜ ਕਪੂਰ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਅਤੇ ਉਨ੍ਹਾਂ ਦੀ ਕਮਜ਼ੋਰੀ ਨੂੰ ਸਿਨੇਮਾ ਦੇ ਪਰਦੇ 'ਤੇ ਉਤਾਰਿਆ।

'ਬੂਟ ਪੋਲਿਸ਼' 'ਚ ਭਾਵੇਂ ਉਨ੍ਹਾਂ ਨੇ ਕੰਮ ਨਹੀਂ ਕੀਤਾ ਹੋਵੇ, ਪਰ ਉਨ੍ਹਾਂ ਦੇ ਪ੍ਰੋਡਕਸ਼ਨ ਦੀ ਇਹ ਇੱਕ ਬਹੁਤ ਹੀ ਮਹੱਤਵਪੂਰਨ ਫਿਲਮ ਮੰਨੀ ਜਾ ਸਕਦੀ ਹੈ। 'ਨੰਨ੍ਹੇ ਮੁੰਨੇ ਬਚੇ ਤੇਰੀ ਮੁੱਠੀ ਮੇਂ ਕਿਆ ਹੈ' ਗੀਤ ਦਰਸਾਉਂਦਾ ਹੈ ਕਿ ਜਵਾਹਰਲਾਲ ਨਹਿਰੂ ਦੇ ਸਮਾਜਵਾਦ ਦਾ ਰਾਜ ਕਪੂਰ 'ਤੇ ਬਹੁਤ ਪ੍ਰਭਾਵ ਸੀ।

ਇਸੇ ਤਰ੍ਹਾਂ 'ਜਾਗਦੇ ਰਹੋ' 'ਚ ਪੇਂਡੂ ਨੌਜਵਾਨ ਦੀ ਭੂਮਿਕਾ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਨਿਭਾਈ, ਕੁਝ ਵਿਸ਼ਲੇਸ਼ਕ ਇਸ ਨੂੰ ਉਨ੍ਹਾਂ ਦੀ ਸਭ ਤੋਂ ਵਧੀਆ ਫਿਲਮ ਦੱਸਦੇ ਹਨ। ਇਸ ਫਿਲਮ ਦੇ ਨਾਇਕ ਨੂੰ ਮੁੰਬਈ 'ਚ ਪੀਣ ਵਾਲੇ ਪਾਣੀ ਲਈ ਦਰ-ਦਰ ਭਟਕਣਾ ਪੈਂਦਾ ਹੈ। ਇਹ ਰਾਜ ਕਪੂਰ ਅਤੇ ਨਰਗਿਸ ਦੀ ਆਖਰੀ ਫਿਲਮ ਸੀ।

ਬਤੌਰ ਅਭਿਨੇਤਾ 1959 'ਚ ਰਿਸ਼ੀਕੇਸ਼ ਮੁਖਰਜੀ ਵੱਲੋਂ ਨਿਰਦੇਸ਼ਿਤ ਫਿਲਮ 'ਅਨਾੜੀ' 'ਚ ਰਾਜ ਕਪੂਰ ਨੇ ਇੱਕ ਅਜਿਹੇ ਇਮਾਨਦਾਰ ਵਿਅਕਤੀ ਦੀ ਭੂਮਿਕਾ ਅਦਾ ਕੀਤੀ, ਜੋ ਇਹ ਗਾਉਂਦਾ ਹੈ, " ਸਭ ਕੁਛ ਸੀਖਾ ਹਮਨੇ ਨਾ ਸੀਖੀ ਹੁਸ਼ਿਆਰੀ, ਸੱਚ ਹੈ ਦੁਨੀਆ ਵਾਲੋ ਹਮ ਹੈ ਅਨਾੜੀ।"

ਆਪਣੇ ਪੇਂਡੂ ਅੰਦਾਜ਼ 'ਚ ਰਾਜ ਕਪੂਰ ਨੇ ਫਿਲਮ 'ਤੀਸਰੀ ਕਸਮ' ਨਾਲ ਵੀ ਲੋਕਾਂ ਨੂੰ ਬਹੁਤ ਹੈਰਾਨ ਕੀਤਾ ਸੀ। ਹਾਲਾਂਕਿ ਇਹ ਫਿਲਮ ਵੀ ਫਲਾਪ ਹੋ ਗਈ ਸੀ ਅਤੇ ਇਸ ਸਦਮੇ ਤੋਂ ਸ਼ੈਲੇਦਰ ਉਭਰ ਨਹੀਂ ਸਕੇ ਸਨ।

ਫਿਲਮ ਇਤਿਹਾਸਕਾਰ ਰਾਮਚੰਦਰਨ ਸ਼੍ਰੀਨਿਵਾਸਨ ਦਾ ਕਹਿਣਾ ਹੈ , " ਜੇਕਰ ਉਨ੍ਹਾਂ ਦੇ ਸ਼ੁਰੂਆਤੀ ਦੌਰ ਦੇ ਸਿਨੇਮਾ 'ਤੇ ਝਾਤ ਮਾਰੀ ਜਾਵੇ ਤਾਂ ਉਸ 'ਚ ਆਮ ਆਦਮੀ ਦੀ ਝਲਕ ਵਿਖਾਈ ਦਿੰਦੀ ਹੈ। ਉਹ ਕਾਫ਼ੀ ਹੱਦ ਤੱਕ ਚਾਰਲੀ ਚੈਪਲਿਨ ਦੇ ਪ੍ਰਭਾਵ ਹੇਠ ਨਜ਼ਰ ਆਉਂਦੇ ਹਨ।"

ਇਸ ਪ੍ਰਭਾਵ ਦੀ ਸਭ ਤੋਂ ਬਿਹਤਰੀਨ ਫਿਲਮ 'ਮੇਰਾ ਨਾਮ ਜੋਕਰ' ਸੀ, ਜਿਸ ਨੂੰ ਰਾਜ ਕਪੂਰ ਦੀ ਸਵੈ-ਜੀਵਨੀ ਫਿਲਮ ਵੀ ਕਿਹਾ ਜਾਂਦਾ ਹੈ। ਹਾਲਾਂਕਿ ਇਹ ਫਿਲਮ ਬੁਰੀ ਤਰ੍ਹਾਂ ਨਾਲ ਫਲਾਪ ਰਹੀ ਸੀ। ਇਸ ਫਿਲਮ ਕਾਰਨ ਰਾਜ ਕਪੂਰ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਫਿਲਮ ਆਲੋਚਕਾਂ ਨੇ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਖ਼ਤਮ ਮੰਨਣਾ ਸ਼ੁਰੂ ਕਰ ਦਿੱਤਾ ਸੀ। ਪਰ ਰਾਜ ਕਪੂਰ ਦੇ ਲਈ ਇਹ ਫਿਲਮ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਰਹੀ।

ਸਿਮੀ ਗਰੇਵਾਲ ਦੀ ਡਾਕੂਮੈਂਟਰੀ 'ਚ ਉਹ ਖੁਦ ਕਹਿੰਦੇ ਹਨ ਕਿ " ਕਿਸੇ ਇੱਕ ਫਿਲਮ ਦੇ ਬਾਰੇ 'ਚ ਪੁੱਛਣਾ ਕੁਝ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਮਾਂ ਤੋਂ ਪੁੱਛਿਆ ਜਾਵੇ ਕਿ ਕਿਹੜਾ ਬੇਟਾ ਚੰਗਾ ਹੈ। ਮੇਰੇ ਲਈ 'ਮੇਰਾ ਨਾਮ ਜੋਕਰ' ਅਜਿਹੀ ਹੀ ਇੱਕ ਤਸਵੀਰ ਹੈ।"

ਜਿਸ ਫਿਲਮ ਦੀ ਨਾਕਾਮੀ ਨੇ ਆਰਕੇ ਫਿਲਮਜ਼ ਨੂੰ ਕਰਜ਼ੇ ਦੇ ਭਾਰ ਹੇਠ ਦੱਬ ਦਿੱਤਾ, ਉਹ ਫਿਲਮ ਬਾਅਦ 'ਚ ਮੀਲ ਦਾ ਪੱਥਰ ਸਾਬਤ ਹੋਈ।

ਸਾਲ 2011 ਦੇ ਆਈਫਾ ਫਿਲਮ ਫੈਸਟੀਵਲ 'ਚ ਰਾਜ ਕਪੂਰ ਰੇਟ੍ਰੋਸਪੈਕਟਿਵ ਆਯੋਜਿਤ ਕੀਤਾ ਗਿਆ ਸੀ। ਇਸ ਦੇ ਬਾਰੇ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਰਣਧੀਰ ਕਪੂਰ ਨੇ ਕਿਹਾ ਸੀ, " ਫਿਲਮ 'ਮੇਰਾ ਨਾਮ ਜੋਕਰ' ਮੇਰੇ ਪਿਤਾ ਜੀ ਦੇ ਦਿਲ ਦੇ ਬਹੁਤ ਨਜ਼ਦੀਕ ਸੀ। ਉਨ੍ਹਾਂ ਨੇ ਇਸ ਨੂੰ ਬਹੁਤ ਹੀ ਸ਼ਿੱਦਤ , ਮਿਹਨਤ ਅਤੇ ਜਨੂੰਨ ਨਾਲ ਬਣਾਇਆ ਸੀ। ਪਰ ਜਦੋਂ ਇਹ ਫਿਲਮ ਨਹੀਂ ਚੱਲੀ ਤਾਂ ਉਨ੍ਹਾਂ ਦਾ ਦਿਲ ਟੁੱਟ ਗਿਆ ਸੀ।"

ਰਣਧੀਰ ਕਪੂਰ ਨੇ ਇਹ ਵੀ ਦੱਸਿਆ ਕਿ ਜਦੋਂ ਇਹ ਫਿਲਮ ਮੁੜ ਰਿਲੀਜ਼ ਹੋਈ ਤਾਂ ਇਹ ਖੂਬ ਚੱਲੀ। ਰਣਧੀਰ ਕਪੂਰ ਨੇ ਕਿਹਾ ਸੀ, " 'ਮੇਰਾ ਨਾਮ ਜੋਕਰ' ਆਰਕੇ ਫਿਲਮਜ਼ ਲਈ ਹੁਣ ਤੱਕ ਦੀ ਸਭ ਤੋਂ ਵੱਧ ਮੁਨਾਫ਼ੇ ਵਾਲਾ ਸੌਦਾ ਸਾਬਤ ਹੋਈ ਹੈ। ਹੁਣ ਵੀ ਇਸ ਦੇ ਟੀਵੀ ਰਾਈਟਸ ਵੇਚਣ 'ਤੇ ਸਾਨੂੰ ਸਭ ਤੋਂ ਵੱਧ ਪੈਸਾ ਮਿਲਦਾ ਹੈ।"

ਆਪਣੇ ਦੋ ਬੇਟਿਆਂ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ (ਸੱਜੇ) ਦੇ ਨਾਲ ਰਾਜ ਕਪੂਰ

ਤਸਵੀਰ ਸਰੋਤ, RK Films and Studios

ਤਸਵੀਰ ਕੈਪਸ਼ਨ, ਆਪਣੇ ਦੋ ਬੇਟਿਆਂ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ (ਸੱਜੇ) ਦੇ ਨਾਲ ਰਾਜ ਕਪੂਰ

ਰਾਜ ਕਪੂਰ ਦੀ ਡਰੀਮ ਟੀਮ

ਰਾਜ ਕਪੂਰ ਨੇ 'ਬਰਸਾਤ' ਦੀ ਸਫਲਤਾ ਤੋਂ ਬਾਅਦ ਹੀ ਇੱਕ ਟੀਮ ਬਣਾਈ ਅਤੇ ਉਸ ਟੀਮ ਦੀ ਬਦੌਲਤ ਉਹ ਇੱਕ ਤੋਂ ਬਾਅਦ ਇੱਕ ਸ਼ਾਹਕਾਰ ਕਾਇਮ ਕਰਦੇ ਗਏ।

ਆਰਕੇ ਫਿਲਮਜ਼ ਦੀ ਸਥਾਪਨਾ ਭਾਵੇਂ ਰਾਜ ਕਪੂਰ ਨੇ ਕੀਤੀ ਹੋਵੇ, ਪਰ 'ਬਰਸਾਤ' ਦੇ ਨਾਲ ਹੀ ਨਰਗਿਸ ਇਸ ਟੀਮ ਦਾ ਅਹਿਮ ਹਿੱਸਾ ਸੀ। ਇਨ੍ਹਾਂ ਦੋਵਾਂ ਦੀ ਕੈਮਿਸਟਰੀ ਨੂੰ ਲੈ ਕੇ ਕਾਫੀ ਗੱਲਾਂ ਹੁੰਦੀਆਂ ਹਨ।

ਜਦੋਂ 1948 'ਚ ਰਾਜ ਕਪੂਰ ਦੀ ਨਰਗਿਸ ਨਾਲ ਪਹਿਲੀ ਮੁਲਾਕਾਤ ਹੋਈ ਤਾਂ ਉਸ ਸਮੇਂ ਨਰਗਿਸ ਦੀ ਉਮਰ 16 ਸਾਲ ਦੀ ਸੀ ਅਤੇ ਉਹ ਉਦੋਂ ਤੱਕ 8 ਫਿਲਮਾਂ 'ਚ ਕੰਮ ਕਰ ਚੁੱਕੇ ਸਨ। ਉਸ ਸਮੇਂ ਰਾਜ ਕਪੂਰ ਦੀ ਉਮਰ 22 ਸਾਲ ਸੀ ਅਤੇ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਫਿਲਮ ਨਿਰਦੇਸ਼ਿਤ ਕਰਨ ਦਾ ਮੌਕਾ ਹਾਸਲ ਨਹੀਂ ਹੋਇਆ ਸੀ।

'ਬਰਸਾਤ' ਫਿਲਮ ਦੇ ਨਿਰਮਾਣ ਦੌਰਾਨ ਨਰਗਿਸ ਅਤੇ ਰਾਜ ਕਪੂਰ ਇੱਕ ਦੂਜੇ 'ਤੇ ਨਿਰਭਰ ਸਾਥੀ ਬਣ ਗਏ ਸਨ।

ਮਧੂ ਜੈਨ ਆਪਣੀ ਕਿਤਾਬ 'ਫਰਸਟ ਫੈਮਿਲੀ ਆਫ ਇੰਡੀਅਨ ਸਿਨੇਮਾ- ਦ ਕਪੂਰਸ' 'ਚ ਲਿਖਦੇ ਹਨ, " ਨਰਗਿਸ ਨੇ ਆਪਣਾ ਦਿਲ, ਆਪਣੀ ਆਤਮਾ ਅਤੇ ਇੱਥੋਂ ਤੱਕ ਕਿ ਆਪਣਾ ਪੈਸਾ ਵੀ ਰਾਜ ਕਪੂਰ ਦੀਆਂ ਫਿਲਮਾਂ 'ਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਆਰਕੇ ਫਿਲਮਜ਼ ਦੇ ਕੋਲ ਪੈਸਿਆਂ ਦੀ ਕਮੀ ਹੋਈ ਤਾਂ ਨਰਗਿਸ ਨੇ ਆਪਣੇ ਸੋਨੇ ਦੇ ਕੜੇ ਤੱਕ ਵੇਚ ਦਿੱਤੇ ਸਨ। ਉਨ੍ਹਾਂ ਨੇ ਆਰਕੇ ਫਿਲਮਜ਼ ਦੇ ਘਟਦੇ ਖਜ਼ਾਨੇ ਨੂੰ ਭਰਨ ਲਈ ਬਾਹਰੀ ਨਿਰਮਾਤਾਵਾਂ ਦੀਆਂ ਫਿਲਮਾਂ ਜਿਵੇਂ ਕਿ 'ਅਦਾਲਤ' , 'ਘਰ ਸੰਸਾਰ' ਅਤੇ 'ਲਾਜਵੰਤੀ' 'ਚ ਕੰਮ ਕੀਤਾ।"

ਰਾਜ ਕਪੂਰ ਦੇ ਛੋਟੇ ਭਰਾ ਸ਼ਸ਼ੀ ਕਪੂਰ ਨੇ 'ਲਿਵਿੰਗ ਲੀਜੈਂਡ ਰਾਜ ਕਪੂਰ' ਡਾਕੂਮੈਂਟਰੀ ਵਿੱਚ ਕਿਹਾ ਹੈ, ' ਨਰਗਿਸ ਆਰਕੇ ਫਿਲਮਜ਼ ਦੀ ਜਾਨ ਸਨ। ਉਨ੍ਹਾਂ ਦਾ ਕੋਈ ਸੀਨ ਨਾ ਹੋਣ 'ਤੇ ਵੀ ਉਹ ਸੈੱਟ ਉੱਤੇ ਮੌਜੂਦ ਰਹਿੰਦੇ ਸਨ।"

ਇਸ ਬਾਰੇ 'ਚ ਵੀ ਬਹੁਤ ਚਰਚਾ ਹੁੰਦੀ ਹੈ ਕਿ ਰਾਜ ਕਪੂਰ ਅਤੇ ਨਰਗਿਸ ਦਾ ਵਿਆਹ ਨਹੀਂ ਹੋ ਸਕਿਆ, ਕਿਉਂਕਿ ਰਾਜ ਕਪੂਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ। ਖਵਾਜ਼ਾ ਅਹਿਮਦ ਅੱਬਾਸ ਨੇ ਵੀ ਮੰਨਿਆ ਸੀ ਕਿ ਨਰਗਿਸ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਰਾਜ ਕਪੂਰ ਉਨ੍ਹਾਂ ਨਾਲ ਵਿਆਹ ਨਹੀਂ ਕਰਵਾਉਣਗੇ, ਇਸ ਲਈ ਉਨ੍ਹਾਂ ਨੇ ਵੱਖਰੀ ਰਾਹ ਚੁਣ ਲਈ ਸੀ।

ਨਰਗਿਸ ਨੂੰ ਕੇਂਦਰ 'ਚ ਰੱਖਦੇ ਹਏ ਹੀ ਰਾਜ ਕਪੂਰ ਨੇ ਸਿਮੀ ਗਰੇਵਾਲ ਦੀ ਦਸਤਾਵੇਜ਼ੀ ਫਿਲਮ 'ਚ ਕਿਹਾ ਸੀ ਕਿ " ਮੇਰੇ ਲਈ ਪਹਿਲੇ ਦਿਨ ਤੋਂ ਹੀ ਤੈਅ ਸੀ ਕਿ ਮੇਰੀ ਪਤਨੀ ਮੇਰੀ ਅਭਿਨੇਤਰੀ ਨਹੀਂ ਹੈ ਅਤੇ ਮੇਰੀਆਂ ਅਭਿਨੇਤਰੀਆਂ ਮੇਰੀ ਪਤਨੀ ਨਹੀਂ ਹਨ।"

ਸ਼ਾਇਦ ਇਸੇ ਵਿਹਾਰਕ ਨਜ਼ਰੀਏ ਦੇ ਕਾਰਨ ਨਰਗਿਸ ਦੇ ਆਰਕੇ ਫਿਲਮਜ਼ ਤੋਂ ਹਟਣ ਤੋਂ ਬਾਅਦ ਵੀ ਰਾਜ ਕਪੂਰ ਦਾ ਕਰਿਸ਼ਮਾ ਬਰਕਰਾਰ ਰਿਹਾ। ਉਹ ਵੈਜਯੰਤੀ ਮਾਲਾ, ਜ਼ੀਨਤ ਅਮਾਨ, ਪਦਮਿਨੀ ਕੋਲਹਾਪੁਰੇ ਅਤੇ ਮੰਦਾਕਿਨੀ ਨਾਲ ਵੀ ਸੁਪਰਹਿੱਟ ਫਿਲਮਾਂ ਬਣਾਉਣ 'ਚ ਸਫਲ ਰਹੇ।

ਪਰ ਇਨ੍ਹਾਂ ਫਿਲਮਾਂ 'ਚ ਉਹ ਆਪਣੀ ਬਿਹਤਰੀਨ ਅਦਾਕਾਰੀ ਤੱਕ ਨਹੀਂ ਪਹੁੰਚ ਸਕੇ, ਜਿਸ ਨੂੰ ਉਹ ਨਰਗਿਸ ਦੇ ਨਾਲ ਪਰਦੇ 'ਤੇ ਪੇਸ਼ ਕਰਨ 'ਚ ਸਫਲ ਰਹੇ ਸਨ।

ਸੰਗੀਤ 'ਚ ਵੀ ਰਾਜ ਕਪੂਰ ਦਾ ਦਖਲ

ਰਾਜ ਕਪੂਰ ਨਾ ਸਿਰਫ ਗਾਉਂਦੇ ਗੁਣਗੁਣਾਉਂਦੇ ਆਪਣੀਆਂ ਫਿਲਮਾਂ ਦੀ ਧੁਨ ਬਣਾ ਲੈਂਦੇ ਸਨ, ਸਗੋਂ ਗੀਤ ਵੀ ਤਿਆਰ ਕਰਵਾ ਲੈਂਦੇ ਸਨ। ਰਾਜ ਕਪੂਰ ਆਪਣੀ ਫਿਲਮ ਦੇ ਨਿਰਦੇਸ਼ਨ ਅਤੇ ਕਹਾਣੀ 'ਤੇ ਜਿੰਨਾ ਧਿਆਨ ਦਿੰਦੇ ਸਨ, ਓਨਾ ਹੀ ਉਸ ਦੇ ਸੰਗੀਤ 'ਤੇ ਵੀ ਧਿਆਨ ਕੇਂਦਰਿਤ ਕਰਦੇ ਸਨ।

ਲਤਾ ਮੰਗੇਸ਼ਕਰ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ, "ਮੈਂ ਅਤੇ ਮੰਨਾ ਡੇਅ 'ਘਰ ਆਇਆ ਪਰਦੇਸੀ' ਗੀਤ ਰਿਕਾਰਡ ਕਰ ਰਹੇ ਸੀ। ਸੰਗੀਤਕਾਰ ਸ਼ੰਕਰ ਜੈਕਿਸ਼ਨ ਨੇ ਸਾਨੂੰ ਦੋਵਾਂ ਨੂੰ ਗੀਤ ਦੇ ਬੋਲ ਅਤੇ ਧੁੰਨ ਯਾਦ ਕਰਵਾ ਦਿੱਤੇ ਸਨ, ਪਰ ਰਾਜ ਕਪੂਰ ਨੇ ਆਉਂਦੇ ਹੀ ਸਾਡੇ ਪੂਰੇ ਦਿਨ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਸੀ।"

ਰਾਹੁਲ ਰਵੈਲ ਨੂੰ ਵੀ ਰਾਜ ਕਪੂਰ ਦੇ ਸਹਾਇਕ ਵਜੋਂ ਕੰਮ ਕਰਨ ਦਾ ਮੌਕਾ ਹਾਸਲ ਹੋਇਆ। ਉਨ੍ਹਾਂ ਨੇ ਬੀਬੀਸੀ ਹਿੰਦੀ ਦੀ ਸਹਿਯੋਗੀ ਪੱਤਰਕਾਰ ਮਧੂਪਾਲ ਨੂੰ ਦੱਸਿਆ, " ਰਾਜ ਸਾਹਿਬ ਦੇ ਬਾਰੇ 'ਚ ਸਿਰਫ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਸਿਨੇਮਾ ਨੂੰ 360 ਡਿਗਰੀ ਤੱਕ ਸਮਝਦੇ ਸਨ। ਉਨ੍ਹਾਂ ਦਾ ਭਾਰਤੀ ਸਿਨੇਮਾ ਜਗਤ 'ਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ।"

ਫਿਲਮਕਾਰ ਅਨੀਸ ਬਜ਼ਮੀ ਨੂੰ 'ਰਾਮ ਤੇਰੀ ਗੰਗਾ ਮੈਲੀ' 'ਚ ਉਨ੍ਹਾਂ ਦੇ ਸਹਾਇਕ ਵਜੋਂ ਕੰਮ ਕਰਨ ਦਾ ਮੌਕਾ ਹਾਸਲ ਹੋਇਆ ਸੀ।

ਅਨੀਸ ਬਜ਼ਮੀ ਨੇ ਬੀਬੀਸੀ ਹਿੰਦੀ ਦੇ ਲਈ ਮੁੰਬਈ 'ਚ ਫਿਲ਼ਮ ਪੱਤਰਕਾਰ ਇਕਬਾਲ ਪਰਵੇਜ਼ ਨਾਲ ਗੱਲਬਾਤ ਦੌਰਾਨ ਕਿਹਾ, " ਮੈਂ ਤਾਂ ਖੁਸ਼ਕਿਸਮਤ ਰਿਹਾ ਕਿ ਮੈਨੂੰ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲਿਆ । ਮੈਂ 3-4 ਸਾਲਾਂ ਤੱਕ ਉਨ੍ਹਾਂ ਦੇ ਨਾਲ ਰਿਹਾ। ਮੈਨੂੰ ਉਨ੍ਹਾਂ ਤੋਂ ਇੰਨਾਂ ਕੁਝ ਸਿੱਖਣ ਨੂੰ ਮਿਲਿਆ ਜਿਸ ਨੂੰ ਸਿੱਖਣ 'ਚ ਸ਼ਾਇਦ ਮੈਨੂੰ 40 ਸਾਲ ਲੱਗ ਜਾਂਦੇ।"

ਆਰਕੇ ਫਿਲਮ ਸਟੂਡੀਓ 2019 ਵਿੱਚ ਵਿਕ ਗਿਆ

ਤਸਵੀਰ ਸਰੋਤ, Randhir Kapoor

ਜਦੋਂ ਆਰਕੇ ਸਟੂਡੀਓ ਵਿਕ ਗਿਆ

15 ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਤੋਂ ਠੀਕ 1 ਸਾਲ ਬਾਅਦ 1948 'ਚ ਰਾਜ ਕਪੂਰ ਨੇ ਆਰਕੇ ਫਿਲਮਜ਼ ਅਤੇ ਸਟੂਡੀਓ ਦੀ ਸਥਾਪਨਾ ਕੀਤੀ ਸੀ।

ਉਨ੍ਹਾਂ ਨੇ ਪਹਿਲੀ ਫਿਲਮ 'ਆਗ' ਬਣਾਈ ਸੀ। ਇਸ ਤੋਂ ਬਾਅਦ ਵੇਖਦੇ ਹੀ ਵੇਖਦੇ ਉਨ੍ਹਾਂ ਨੇ ਅਜਿਹੀਆਂ ਕਈ ਯਾਦਾਂ ਅਤੇ ਭਾਰਤੀ ਸਿਨੇਮਾ 'ਤੇ ਆਪਣੀ ਪਛਾਣ ਕਾਇਮ ਕਰਨ ਵਾਲੀਆਂ ਫਿਲਮਾਂ ਮਿਸਾਲਨ 'ਬਰਸਾਤ' , 'ਆਵਾਰਾ' , 'ਬੂਟ ਪੋਲਿਸ਼' , 'ਸ਼੍ਰੀ 420' , 'ਜਾਗਦੇ ਰਹੋ' , 'ਮੇਰਾ ਨਾਮ ਜੋਕਰ' , 'ਸਤਿਅਮ ਸ਼ਿਵਮ ਸੁੰਦਰਮ' , 'ਬੌਬੀ' , 'ਪ੍ਰੇਮ ਰੋਗ' , 'ਰਾਮ ਤੇਰੀ ਗੰਗਾ ਮੈਲੀ ਹੋ ਗਈ' ਬਣਾਈਆਂ।

'ਬਰਸਾਤ' ਫਿਲਮ ਦਾ ਇੱਕ ਸੀਨ ਆਰਕੇ ਫਿਲਮਜ਼ ਦਾ ਲੋਗੋ ਬਣਿਆ। ਜਿਸ 'ਚ ਹੀਰੋ ਦੇ ਇੱਕ 'ਚ ਅਭਿਨੇਤਰੀ ਅਤੇ ਦੂਜੇ ਹੱਥ 'ਚ ਵਾਇਲਨ ਹੈ। ਰਾਜ ਕਪੂਰ ਆਪਣੀਆਂ ਸਾਰੀਆਂ ਫਿਲਮਾਂ 'ਚ ਸੰਗੀਤ ਅਤੇ ਅਭਿਨੇਤਰੀਆਂ ਦੇ ਮਾਮਲੇ 'ਚ ਆਮ ਰਹੇ।

ਰਾਜ ਕਪੂਰ ਦੇ ਭਰਾ ਸ਼ਮੀ ਕਪੂਰ ਅਤੇ ਸ਼ਸ਼ੀ ਕਪੂਰ ਵੀ ਹਿੱਟ ਅਦਾਕਾਰ ਰਹੇ ਸਨ, ਪਰ ਰਾਜ ਕਪੂਰ ਨੇ ਉਨ੍ਹਾਂ ਦੇ ਨਾਲ ਉਦੋਂ ਹੀ ਕੰਮ ਕੀਤਾ ਜਦੋਂ ਉਹ ਉਨ੍ਹਾਂ ਦੇ ਲਈ ਭਰੋਸੇਯੋਗ ਭੂਮਿਕਾ ਲੱਭਣ 'ਚ ਕਾਮਯਾਬ ਰਹੇ। ਸ਼ਮੀ ਕਪੂਰ ਆਰਕੇ ਫਿਲ਼ਮਜ਼ ਦੇ ਬੈਨਰ ਹੇਠ ਬਣੀ ਫਿਲਮ 'ਪ੍ਰੇਮ ਰੋਗ' 'ਚ ਪਹਿਲੀ ਵਾਰ ਨਜ਼ਰ ਆਏ, ਜਦਕਿ ਸ਼ਸ਼ੀ ਕਪੂਰ ਬਤੌਰ ਹੀਰੋ 'ਸਤਿਅਮ ਸ਼ਿਵਮ ਸੁੰਦਰਮ' 'ਚ ਵਿਖਾਈ ਦਿੱਤੇ।

ਰਾਜ ਕਪੂਰ 'ਤੇ ਪਰਿਵਾਰਵਾਦ ਨੂੰ ਵਧਾਉਣ ਦਾ ਇਲਜ਼ਾਮ ਵੀ ਆਇਦ ਹੋਇਆ। ਹਾਲਾਂਕਿ ਉਹ ਵਾਰ-ਵਾਰ ਇਹ ਕਹਿੰਦੇ ਰਹੇ ਕਿ ਉਨ੍ਹਾਂ ਦੇ ਪਿਤਾ ਦੇ ਨਾਮ ਦਾ ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਮਿਲਿਆ। ਪਰ ਹਕੀਕਤ ਇਹੀ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਰਾਜ ਕਪੂਰ ਦੇ ਨਾਮ ਦਾ ਬਹੁਤ ਲਾਭ ਮਿਲਿਆ ।

ਵਿਦੇਸ਼ੀ ਸ਼ਰਾਬ ਪੀਣ ਦੇ ਸ਼ੌਕੀਨ ਰਾਜ ਕਪੂਰ ਫਰਸ਼ 'ਤੇ ਗੱਦੇ ਵਿਛਾ ਕੇ ਸੌਂਦੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦੇਸ਼ੀ ਸ਼ਰਾਬ ਪੀਣ ਦੇ ਸ਼ੌਕੀਨ ਰਾਜ ਕਪੂਰ ਫਰਸ਼ 'ਤੇ ਗੱਦੇ ਵਿਛਾ ਕੇ ਸੌਂਦੇ ਸਨ।

ਇਸ ਪਹਿਲੂ 'ਤੇ ਫਿਲਮ ਇਤਿਹਾਸਕਾਰ ਰਾਮਚੰਦਰਨ ਸ਼੍ਰੀਨਿਵਾਸਨ ਇੱਕ ਕਿੱਸਾ ਸਾਂਝਾ ਕਰਦੇ ਹਨ, " ਰਾਜ ਕਪੂਰ ਇੱਕ ਵਾਰ ਸੁਭਾਸ਼ ਦੇਸਾਈ ਦੇ ਨਾਲ ਇੱਕ ਫਿਲਮ ਬਾਰੇ ਗੱਲ ਕਰ ਰਹੇ ਸਨ ਅਤੇ ਦੇਸਾਈ ਵਾਰ-ਵਾਰ ਕਹਿ ਰਹੇ ਸਨ ਕਿ ਇਸ ਦੇ ਨਿਰਦੇਸ਼ਕ ਤਾਂ ਮਨੂ ਹੀ ਹੋਣਗੇ।

ਰਾਜ ਸਾਹਿਬ ਨੇ ਪੁੱਛਿਆ ਕਿ ਇਹ ਮਨੂ ਕੌਣ ਹਨ ਤਾਂ ਸੁਭਾਸ਼ ਦੇਸਾਈ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਹੈ। ਰਾਜ ਕਪੂਰ ਬੋਲੇ ਕਿ ਉਹ ਫਿਲਮ ਦਾ ਨਿਰਦੇਸ਼ਨ ਕਰ ਲਵੇਗਾ? ਤਾਂ ਸੁਭਾਸ਼ ਦੇਸਾਈ ਨੇ ਕਿਹਾ ਕਿ ਫਿਲਮ ਦਾ ਨਿਰਦੇਸ਼ਕ ਤਾਂ ਮਨੂ ਹੀ ਰਹੇਗਾ, ਭਾਵੇਂ ਤੁਹਾਡੀ ਥਾਂ 'ਤੇ ਮੈਨੂੰ ਕਿਸੇ ਹੋਰ ਹੀਰੋ ਨੂੰ ਕਾਸਟ ਕਿਉਂ ਨਾ ਕਰਨਾ ਪਵੇ।"

1959-60 ਦੀ ਇਹ ਸਥਿਤੀ ਉਦੋਂ ਸੀ ਜਦੋਂ ਰਾਜ ਕਪੂਰ ਦਾ ਨਾਮ ਚੱਲ ਰਿਹਾ ਸੀ, ਹਾਲਾਂਕਿ 'ਛਲੀਆ' ਨਾਮਕ ਫਿਲਮ ਰਾਜ ਕਪੂਰ ਨੇ ਕੀਤੀ ਅਤੇ ਮਨਮੋਹਨ ਦੇਸਾਈ ਦੇ ਰੂਪ 'ਚ ਭਾਰਤੀ ਸਿਨੇਮਾ ਨੂੰ ਨਵਾਂ ਫਿਲਮਕਾਰ ਮਿਲਿਆ।

ਸ਼੍ਰੀਨਿਵਾਸਨ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਇਸੇ ਕਾਰਨ ਹੀ ਰਾਜ ਕਪੂਰ ਨੇ ਆਪਣੇ ਬੱਚਿਆਂ ਦੇ ਲਈ ਫਿਲਮਾਂ ਬਣਾਉਣ ਬਾਰੇ ਫੈਸਲਾ ਲਿਆ ਹੋਵੇ।

ਆਰਕੇ ਸਟੂਡੀਓ 'ਚ ਫਿਲਮਾਂ ਬਣਾਉਣ ਦਾ ਸਿਲਸਿਲਾ ਸਿਰਫ ਰਾਜ ਕਪੂਰ ਤੱਕ ਹੀ ਸੀਮਤ ਨਹੀਂ ਰਿਹਾ। ਰਣਧੀਰ ਕਪੂਰ ਨੇ ਵੀ ਇਸ ਸਿਲਸਿਲੇ ਨੂੰ ਜਾਰੀ ਰੱਖਿਆ।

ਉਨ੍ਹਾਂ ਨੇ ਫਿਲਮ 'ਕਲ ਆਜ ਕਲ' ਨਾਲ ਇਸ ਪਰੰਪਰਾ ਨੂੰ ਅੱਗੇ ਵਧਾਇਆ, ਜਿਸ ਤੋਂ ਬਾਅਦ 2 ਹੋਰ ਫਿਲਮਾਂ 'ਧਰਮ ਕਰਮ' ਅਤੇ 'ਹਿਨਾ' ਬਣਾਈਆਂ।

ਰਾਜ ਕਪੂਰ ਦੇ ਦੂਜੇ ਬੇਟੇ ਰਾਜੀਵ ਕਪੂਰ ਨੇ 'ਪ੍ਰੇਮ ਗ੍ਰੰਥ' ਅਤੇ ਰਿਸ਼ੀ ਕਪੂਰ ਨੇ 'ਆ ਅਬ ਲੌਟ ਚਲੇਂ' ਨਾਮਕ ਫਿਲਮਾਂ ਬਣਾਈਆਂ। ਭਰਾਵਾਂ ਦੇ ਲਈ ਸਾਲਾਂ ਤੱਕ ਇਸ ਵਿਰਾਸਤ ਨੂੰ ਸੰਭਾਲਣਾ ਅਤੇ ਫਿਰ ਅਚਾਨਕ ਉਸ ਨੂੰ ਵੇਚ ਦੇਣਾ ਆਸਾਨ ਨਹੀਂ ਸੀ। ਪਰ ਸੱਚ ਇਹੀ ਹੈ ਕਿ ਆਰਕੇ ਸਟੂਡੀਓ ਹੁਣ ਨਹੀਂ ਰਿਹਾ ਹੈ।

ਉਨ੍ਹਾਂ ਨੇ ਆਪਣੇ ਸਟੂਡੀਓ ਦੇ ਬਾਰੇ 'ਚ ਕਿਹਾ ਸੀ ਕਿ " ਕਿੱਥੋਂ ਤੋਂ ਕਿੱਥੇ ਪਹੁੰਚ ਗਏ, ਇਸ ਸਟੂਡੀਓ ਦੇ ਸਹਾਰੇ। ਇੱਥੇ ਕੀ-ਕੀ ਨਹੀਂ ਬਣਿਆ। ਨਹੀਂ ਤਾਂ ਸਟੂਡੀਓ ਕੀ ਹੈ, ਇੱਟਾਂ ਹਨ, ਗਾਰਾ ਹੈ, ਸੀਮਿੰਟ ਹੈ ਅਤੇ ਇਸ ਤੋਂ ਇਲਾਵਾ ਹੋਰ ਕੀ ਹੈ।"

ਰਾਜ ਕਪੂਰ ਦੇ ਦੇਹਾਂਤ ਤੋਂ ਲਗਭਗ 21 ਸਾਲ ਬਾਅਦ ਆਰਕੇ ਸਟੂਡੀਓ ਦਾ ਮਾਲਕਾਨਾ ਹੱਕ ਬਦਲ ਗਿਆ। 33 ਹਜ਼ਾਰ ਵਰਗ ਮੀਟਰ 'ਚ ਫੈਲੇ ਇਸ ਸਟੂਡੀਓ ਨੂੰ ਰਿਸ਼ੀ ਕਪੂਰ, ਰਣਧੀਰ ਕਪੂਰ ਅਤੇ ਰਜੀਵ ਕਪੂਰ ਨੇ ਵੇਚ ਦਿੱਤਾ।

ਰਣਧੀਰ ਕਪੂਰ ਨੇ ਆਰਕੇ ਸਟੂਡੀਓ ਦੇ 2019 'ਚ ਵੇਚੇ ਜਾਣ 'ਤੇ ਬੀਬੀਸੀ ਹਿੰਦੀ ਨੂੰ ਕਿਹਾ ਸੀ ਕਿ " ਆਰਕੇ ਸਟੂਡੀਓ ਰਾਜ ਕਪੂਰ ਜੀ ਦੇ ਕਾਰਨ ਹੀ ਸੀ। ਉੱਥੋਂ ਦੀ ਸਿਰਫ ਜ਼ਮੀਨ ਹੀ ਨਹੀਂ, ਉੱਥੋਂ ਦੀ ਹਰ ਤਸਵੀਰ, ਹਰ ਫਿਲਮ ਉਨ੍ਹਾਂ ਦੇ ਰਾਹੀਂ ਹੀ ਬਣਾਈ ਗਈ ਸੀ। ਅਸੀਂ ਤਿੰਨੇ ਭਰਾਵਾਂ ਨੇ ਆਪਣਾ ਫਿਲਮੀ ਕਰਿਅਰ ਆਰਕੇ ਸਟੂਡੀਓ ਤੋਂ ਹੀ ਸ਼ੁਰੂ ਕੀਤਾ। ਕਈ ਪ੍ਰਸ਼ੰਸਕਾਂ ਦੀ ਤਰ੍ਹਾਂ ਸਾਡੇ ਲਈ ਵੀ ਇਹ ਇੱਕ ਮੰਦਰ ਹੀ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਸਾਡੀਆਂ ਕਈ ਯਾਦਾਂ ਇਸ ਨਾਲ ਜੁੜੀਆਂ ਹੋਈਆਂ ਹਨ, ਜੋ ਕਿ ਆਖਰੀ ਸਾਹਾਂ ਤੱਕ ਸਾਡੇ ਨਾਲ ਰਹਿਣਗੀਆਂ।"

2019 ਤੋਂ ਪਹਿਲਾਂ ਤੱਕ ਆਰਕੇ ਸਟੂਡੀਓ 'ਚ ਕਈ ਦੁਰਲੱਭ ਤਸਵੀਰਾਂ, ਯਾਦਗਾਰ ਫਿਲਮਾਂ ਦੇ ਪੋਸਟਰ, ਅਭਿਨੇਤਾ ਅਤੇ ਅਭਿਨੇਤਰੀਆਂ ਦੇ ਕੱਪੜੇ, ਗਹਿਣੇ, 'ਮੇਰਾ ਨਾਮ ਜੋਕਰ' ਦਾ ਕਲੋਨ ਮਾਸਕ, ਫਿਲਮਾਂ ਨਾਲ ਜੁੜੀਆਂ ਹੋਰ ਕਈ ਚੀਜ਼ਾਂ ਮੌਜੂਦ ਸਨ। ਪਰ ਸਟੂਡੀਓ 'ਚ ਅੱਗ ਲੱਗਣ ਦੇ ਕਰਕੇ ਕਈ ਚੀਜ਼ਾਂ ਤਬਾਹ ਹੋ ਗਈਆਂ ਸਨ, ਜਿਸ ਤੋਂ ਬਾਅਦ ਹੀ 2019 'ਚ ਆਰਕੇ ਸਟੂਡੀਓ ਨੂੰ ਵੀ ਗੋਦਰੇਜ਼ ਪ੍ਰਾਪਰਟੀਜ਼ ਲਿਮਟਿਡ ਕੰਪਨੀ ਨੇ ਖਰੀਦ ਲਿਆ ਸੀ।

ਕੀ ਆਰਕੇ ਸਟੂਡੀਓ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ, ਇਸ ਸਵਾਲ ਦੇ ਜਵਾਬ 'ਚ ਰਣਧੀਰ ਕਪੂਰ ਨੇ ਕਿਹਾ ਸੀ, " ਟ੍ਰੈਫਿਕ ਦੇ ਕਾਰਨ ਇੱਥੇ ਕੋਈ ਆਉਣਾ ਨਹੀਂ ਚਾਹੁੰਦਾ। ਜੇਕਰ ਅਸੀਂ ਇਸ 'ਤੇ ਪੈਸਾ ਖਰਚ ਕਰਕੇ ਇੱਕ ਵਾਰ ਹੋਰ ਬਣਵਾ ਵੀ ਦਿੰਦੇ ਤਾਂ ਇਹ ਸਾਡੀ ਬੇਵਕੂਫੀ ਹੁੰਦੀ। ਕਈ ਸਾਲਾਂ ਤੋਂ ਇੱਥੇ ਫਿਲਮਾਂ ਦੀ ਸ਼ੂਟਿੰਗ ਬੰਦ ਹੋ ਗਈ ਹੈ। ਅਸੀਂ ਕਪੂਰ ਪਰਿਵਾਰ ਹੀ ਆਪਣੀਆਂ ਤਸਵੀਰਾਂ ਖਿਚਵਉਂਦੇ ਸੀ, ਸ਼ੂਟਿੰਗ ਦੇ ਲਈ ਕੋਈ ਇੰਨੀ ਦੂਰ ਨਹੀਂ ਆਉਂਦਾ ਅਤੇ ਸਾਡਾ ਹੀ ਨੁਕਸਾਨ ਹੁੰਦਾ। ਅਜਿਹੀ ਸਥਿਤੀ 'ਚ ਕੁਝ ਕਰਵਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ।"

ਟੇਬਲ ਕੈਪਸ਼ਨ, ਰਾਮ ਤੇਰੀ ਗੰਗਾ ਮੈਲੀ (1985) ਰਾਜ ਕਪੂਰ ਦੁਆਰਾ ਨਿਰਦੇਸ਼ਿਤ ਆਖਰੀ ਫਿਲਮ ਸੀ।

ਤਸਵੀਰ ਸਰੋਤ, Film Heritage Foundation

ਤਸਵੀਰ ਕੈਪਸ਼ਨ, ਰਾਮ ਤੇਰੀ ਗੰਗਾ ਮੈਲੀ (1985) ਰਾਜ ਕਪੂਰ ਦੁਆਰਾ ਨਿਰਦੇਸ਼ਿਤ ਆਖਰੀ ਫਿਲਮ ਸੀ।

ਸਾਧਾਰਨ ਇਨਸਾਨ ਸਨ ਰਾਜ ਕਪੂਰ

ਰਾਜ ਕਪੂਰ ਜਿੰਨੇ ਵੱਡੇ ਫਿਲਮਸਾਜ਼ ਸਨ, ਓਨੇ ਹੀ ਸਾਧਾਰਨ ਇਨਸਾਨ ਸਨ। ਉਨ੍ਹਾਂ 'ਚ ਇਨਸਾਨਾਂ ਵਾਲੇ ਸਾਰੇ ਹੀ ਗੁਣ ਸਨ ਪਰ ਕੁਝ ਖਾਸ ਵਿਸ਼ੇਸ਼ਤਾਵਾਂ ਵੀ ਸਨ।

ਉਹ ਆਪਣੇ ਪਿਤਾ ਦੇ ਸਾਹਮਣੇ ਕਦੇ ਵੀ ਸਿਗਰਟ-ਸ਼ਰਾਬ ਨਹੀਂ ਪੀਂਦੇ ਸਨ। ਪਰ ਉਹ ਖਾਣ-ਪੀਣ ਦੇ ਸ਼ੌਕੀਨ ਬਹੁਤ ਸਨ। ਇਸ ਕਰਕੇ ਹੀ ਉਨ੍ਹਾਂ ਦਾ ਭਾਰ ਤੇਜ਼ੀ ਨਾਲ ਵਧਿਆ। ਵਿਦੇਸ਼ੀ ਸ਼ਰਾਬ ਪੀਣ ਦੇ ਸ਼ੌਕੀਨ ਰਾਜ ਕਪੂਰ ਜ਼ਮੀਨ 'ਤੇ ਗੱਦਾ ਵਿਛਾ ਕੇ ਸੌਂਦੇ ਸਨ। ਸਾਦੇ ਕੱਪੜੇ ਪਹਿਨਦੇ ਸਨ, ਪਰ ਜਦੋਂ ਵੀ ਵਿਦੇਸ਼ੀ ਸਿਨੇਮਾ ਦੀ ਗੱਲ ਸਾਹਮਣੇ ਆਉਂਦੀ ਸੀ ਤਾਂ ਉਨ੍ਹਾਂ ਦਾ ਹਮੇਸ਼ਾ ਅਸਾਧਾਰਨ ਰੂਪ ਸਾਹਮਣੇ ਆਉਂਦਾ ਸੀ।

ਰਾਜ ਕਪੂਰ, ਦੇਵ ਆਨੰਦ ਅਤੇ ਦਿਲੀਪ ਕੁਮਾਰ ਵਿਚਾਲੇ ਬਹੁਤ ਗੂੜ੍ਹੀ ਦੋਸਤੀ ਸੀ। ਪਰ ਰਾਜ ਕਪੂਰ ਇਨ੍ਹਾਂ ਦੋਵਾਂ ਦੇ ਮੁਕਾਬਲੇ ਬਹੁਤ ਘੱਟ ਸਾਲ ਜੀਵਿਤ ਰਹੇ। ਸਿਰਫ 64 ਸਾਲ ਦੀ ਉਮਰ 'ਚ ਰਾਸ਼ਟਰਪਤੀ ਤੋਂ ਦਾਦਾ ਸਾਹਿਬ ਫਾਲਕੇ ਪੁਰਸਕਾਰ ਲੈਂਦੇ ਸਮੇਂ ਉਨ੍ਹਾਂ ਨੂੰ ਦਮੇ ਦਾ ਦੌਰਾ ਪਿਆ।

ਰਾਸ਼ਟਰਪਤੀ ਨੇ ਪ੍ਰਟੋਕੋਲ ਤੋੜਦੇ ਹੋਏ ਰਾਜ ਕਪੂਰ ਦੇ ਕੋਲ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਰਾਜ ਕਪੂਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਫਿਰ ਇੱਕ ਮਹੀਨੇ ਬਾਅਦ ਉਹ ਜ਼ਿੰਦਗੀ ਦੀ ਜੰਗ ਹਾਰ ਗਏ।

ਪਰ ਉਨ੍ਹਾਂ ਦੀ ਯਾਰਬਾਜ਼ੀ, ਖਾਣ-ਪੀਣ ਦੀ ਮਿਹਫਿਲ ਦੀ ਚਰਚਾ ਅੱਜ ਵੀ ਹੁੰਦੀ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਬਾਲੀਵੁੱਡ 'ਚ ਰਾਜ ਕਪੂਰ ਦੀ ਹੋਲੀ ਦੀ ਬਹੁਤ ਚਰਚਾ ਹੁੰਦੀ ਸੀ। ਆਰਕੇ ਸਟੂਡੀਓ ਦੀ ਹੋਲੀ ਦਾ ਪੂਰੀ ਹਿੰਦੀ ਫਿਲਮੀ ਇੰਡਸਟਰੀ ਸਾਲ ਭਰ ਬੇਸਬਰੀ ਨਾਲ ਉਡੀਕ ਕਰਦੀ ਸੀ।

ਪੇਂਗੁਇਨ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ 'ਬਾਲੀਵੁੱਡ ਟੌਪ 20 ਸੁਪਰਸਟਾਰ ਆਫ ਇੰਡੀਅਨ ਸਿਨੇਮਾ' 'ਚ ਰਾਜ ਕਪੂਰ 'ਤੇ ਮੇਘਨਾਦ ਦੇਸਾਈ ਲਿਖਦੇ ਹਨ ਕਿ ਰਾਜ ਕਪੂਰ ਹਿੰਦੀ ਸਿਨੇਮਾ ਦੇ ਪਹਿਲੇ ਗਲੋਬਲ ਆਈਕਨ ਸਨ।

ਮੇਘਨਾਦ ਦੇਸਾਈ ਅਨੁਸਾਰ ਰਾਜ ਕਪੂਰ ਆਪਣੀ ਅਦਾਕਾਰੀ ਦੀ ਯੋਗਤਾ ਦੇ ਕਾਰਨ ਮਹਾਨ ਸਖਸ਼ੀਅਤਾਂ 'ਚ ਸ਼ਾਮਲ ਹੋਣ ਦੀ ਸਮਰੱਥਾ ਰੱਖਦੇ ਸਨ ਅਤੇ ਫਿਲਮ ਨਿਰਮਾਣ ਦੇ ਮਾਮਲੇ 'ਚ, ਉਹ ਮਹਾਨ ਫਿਲਮ ਨਿਰਮਾਤਵਾਂ 'ਚ ਗਿਣੇ ਜਾਂਦੇ ਸਨ।

100ਵੇਂ ਸਾਲ 'ਚ ਕੀ ਕੁਝ ਹੋ ਰਿਹਾ ਹੈ

ਰਾਜ ਕਪੂਰ ਦੇ 100ਵੇਂ ਜਨਮ ਦਿਨ 'ਤੇ ਦੇਸ਼ ਭਰ 'ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਆਰਕੇ ਫਿਲਮਜ਼, ਫਿਲ਼ਮ ਹੈਰੀਟੇਜ਼ ਫਾਊਂਡੇਸ਼ਨ ਅਤੇ ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਅ ਨੇ ਸਾਂਝੇ ਤੌਰ 'ਤੇ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸ਼ੋਮੈਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ 10 ਫਿਲਮਾਂ ਦਾ ਰੇਟ੍ਰੋਸਪੇਕਟਿਵ 13 ਤੋਂ 15 ਦਸੰਬਰ ਤੱਕ ਆਯੋਜਿਤ ਕੀਤਾ ਹੈ।

ਇਸ 'ਚ 'ਆਗ' , 'ਆਵਾਰਾ' , 'ਸ਼੍ਰੀ 420' , 'ਸੰਗਮ' , 'ਬੌਬੀ' , 'ਬਰਸਾਤ' , 'ਜਾਗਦੇ ਰਹੋ' , ਜਿਸ ਦੇਸ਼ ਮੇਂ ਗੰਗਾ ਬਹਤੀ ਹੈ' , 'ਮੇਰਾ ਨਾਮ ਜੋਕਰ' ਅਤੇ 'ਰਾਮ ਤੇਰੀ ਗੰਗਾ ਮੈਲੀ' ਵਰਗੀਆਂ ਸਦਾਬਹਾਰ ਫਿਲਮਾਂ ਸ਼ਾਮਲ ਹਨ।

ਇਨ੍ਹਾਂ ਫਿਲਮਾਂ ਨੂੰ ਦੇਸ਼ ਭਰ ਦੇ 40 ਸ਼ਹਿਰਾਂ ਦੇ 135 ਸਿਨੇਮਾਘਰਾਂ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ। ਪੀਵੀਆਰ ਆਈਨੋਕਸ ਅਤੇ ਸਿਨੇਪੋਲਿਸ ਦੇ ਥੀਏਟਰਾਂ 'ਚ ਆਮ ਦਰਸ਼ਕਾਂ ਦੇ ਲਈ ਟਿਕਟ ਦੀ ਦਰ 100 ਰੁਏ ਰਖੀ ਗਈ ਹੈ।

ਜਿਸ ਪ੍ਰਿਥਵੀ ਥੀਏਟਰ 'ਚ ਰਾਜ ਕਪੂਰ ਨੇ ਅਦਾਕਾਰੀ ਦੇ ਗੁਰ ਸਿੱਖੇ ਸਨ, ਉਸ ਪ੍ਰਿਥਵੀ ਥੀਏਟਰ 'ਚ ਉਨ੍ਹਾਂ ਦੇ 100ਵੇਂ ਜਨਮ ਦਿਨ 'ਤੇ ਦਾਸਤਾਨ-ਏ-ਰਾਜਕਪੂਰ' ਦਾ ਆਯੋਜਨ ਕੀਤਾ ਜਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)