ਘੱਟ ਉਮਰ 'ਚ ਰਿਟਾਇਰ ਹੋਣ ਦਾ ਕੀ ਹੈ ਮੰਤਰ, ਜਿਸ ਨਾਲ ਜੇਬ 'ਚ ਪੈਸੇ ਵੀ ਹੋਣ ਅਤੇ ਸੈਰ ਸਪਾਟੇ ਲਈ ਸਮਾਂ ਵੀ

ਵਿਭੂਤੀ ਕਾਲੀਆ

ਤਸਵੀਰ ਸਰੋਤ, Vibhuti Kalia

ਤਸਵੀਰ ਕੈਪਸ਼ਨ, ਵਿਭੂਤੀ ਕਾਲੀਆ
    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਬੀਤੇ ਦਿਨੀਂ ਭਾਰਤੀ ਕ੍ਰਿਕਟ ਖਿਡਾਰੀ ਅਦਿਤਿਆ ਬਿਰਲਾ ਨੇ 22 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।

ਬੇਸ਼ੱਕ ਅਦਿਤਿਆ ਲਈ ਇੱਕ ਵੱਡੇ ਕਾਰੋਬਾਰੀ ਅਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦੇ ਪੁੱਤ ਹੋਣ ਨਾਤੇ ਅਜਿਹਾ ਫ਼ੈਸਲਾ ਲੈਣਾ ਔਖਾ ਨਹੀਂ ਰਿਹਾ ਹੋਵੇਗਾ।

ਇਸ ਤੋਂ ਮਨ ਵਿੱਚ ਸਵਾਲ ਆਉਂਦਾ ਹੈ ਕਿ ਕੀ ਮੱਧ-ਵਰਗੀ ਪਰਿਵਾਰਾਂ ਦੇ ਨੌਜਵਾਨ ਵੀ ਨਿਰਧਾਰਿਤ ਉਮਰ ਤੋਂ ਪਹਿਲਾਂ ਰਿਟਾਇਰਮੈਂਟ ਦਾ ਸੁਫ਼ਨਾ ਲੈ ਸਕਦੇ ਹਨ।

ਫ਼ਿਰ ਮੇਰੀ ਗੱਲ ਵਿਭੂਤੀ ਨਾਲ ਹੋਈ ਜਿਸ ਨੇ ਪੰਜਾਬ ਦੇ ਇੱਕ ਸ਼ਹਿਰ ਵਿੱਚ ਰਹਿੰਦਿਆਂ ਵੀ ਕਰੀਬ 40 ਸਾਲ ਦੀ ਉਮਰ ਵਿੱਚ ਆਪਣੀ ਕਾਲਜ ਦੀ ਨੌਕਰੀ ਛੱਡੀ ਅਤੇ ਆਪਣੇ ਪਰਿਵਾਰ ਨਾਲ ਰਹਿਣ ਦਾ ਫ਼ੈਸਲਾ ਲਿਆ।

ਵਿਭੂਤੀ ਨੇ ਦੱਸਿਆ ਕਿ ਬੇਸ਼ੱਕ ਇਹ ਥੋੜ੍ਹਾ ਔਖਾ ਫ਼ੈਸਲਾ ਸੀ ਅਤੇ ਇਸ ਤੋਂ ਪਹਿਲਾਂ ਲੰਬੀ ਫ਼ਾਇਨਾਂਸ਼ੀਅਲ ਪਲੈਨਿੰਗ ਅਤੇ ਪਰਿਵਾਰਕ ਪੱਧਰ ਉੱਤੇ ਗੱਲਬਾਤ ਚੱਲੀ।

ਪਰ ਹੁਣ ਵਿਭੂਤੀ ਖ਼ੁਸ਼ ਹੈ ਕਿ ਉਹ ਆਪਣੇ ਅਲੱੜ੍ਹ ਉਮਰ ਦੇ ਬੱਚਿਆਂ ਨਾਲ ਸਮਾਂ ਬਿਤਾ ਸਕਦੀ ਅਤੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਵੀ ਕਰ ਸਕਦੀ ਹੈ।

ਇਸ ਛੋਟੀ ਉਮਰ 'ਚ ਰਿਟਾਇਰਮੈਂਟ ਲੈਣ ਦੇ ਚਲਣ ਨੂੰ 'ਫ਼ਾਇਨਾਸ਼ੀਅਲ ਇੰਡੀਪੈਨਡੈਂਸ, ਰਿਟਾਇਰ ਅਰਲੀ' (ਫ਼ਾਇਰ) ਨਾਮ ਦਿੱਤਾ ਗਿਆ ਹੈ।

ਸਮਝਦੇ ਹਾਂ ਆਖ਼ਿਰ ਸਮਾਂ ਰਹਿੰਦਿਆਂ ਕੀਤੀ ਪਲਾਨਿੰਗ ਤੁਹਾਨੂੰ 'ਫ਼ਾਇਰ' ਵਿੱਚ ਸਫ਼ਲਤਾ ਦਿਵਾ ਸਕਦੀ ਹੈ ਅਤੇ ਨਾਲ ਹੀ ਇਹ ਵੀ ਜਾਣਦੇ ਹਾਂ ਕਿ ਛੋਟੀ ਉਮਰ ਵਿੱਚ ਰਿਟਾਇਰ ਹੋਣ ਲਈ ਕਿਹੜੇ ਪੱਖ ਧਿਆਨ ਵਿੱਚ ਰੱਖਣ ਦੀ ਲੋੜ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਫ਼ਾਇਰ ਕੀ ਹੈ?

ਦੀਪਿੰਦਰ ਸਿੰਘ

ਫ਼ਾਇਰ ਯਾਨੀ 'ਫ਼ਾਇਨਾਸ਼ੀਅਲ ਇੰਡੀਪੈਨਡੈਂਸ, ਰਿਟਾਇਰ ਅਰਲੀ' ਇੱਕ ਅਜਿਹਾ ਪਲੈਨ ਹੈ ਜਿਸ ਤਹਿਤ ਲੋਕ ਸੇਵਾ-ਮੁਕਤੀ ਦੇ ਤੈਅ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਹੋਣ ਦੀ ਯੋਜਨਾ ਬਣਾ ਲੈਂਦੇ ਹਨ ਅਤੇ ਇਸ ਬਾਰੇ ਗੰਭੀਰਤਾ ਨਾਲ ਵਿੱਤੀ ਮਾਮਲਿਆਂ ਨੂੰ ਸਮਾਂ ਰਹਿੰਦਿਆਂ ਵਿਚਾਰਦੇ ਹਨ।

ਚਾਰਟਰਡ ਅਕਾਉਂਟੈਂਟ ਅਤੇ ਨਿਵੇਸ਼ ਸਲਾਹਕਾਰ ਦੀਪਿੰਦਰ ਸਿੰਘ ਕਹਿੰਦੇ ਹਨ ਇਹ ਇੱਕ ਅਜਿਹੀ ਯੋਜਨਾ ਹੈ ਜਿਸ ਵਿੱਚ ਲੋਕ ਜਿੰਨੀ ਸੰਭਵ ਹੋਵੇ ਬੱਚਤ ਕਰਦੇ ਹਨ।

ਉਹ ਦੱਸਦੇ ਹਨ ਕਿ ਇਸ ਤਹਿਤ ਪਹਿਲੀ ਤਰਜ਼ੀਹ ਹੁੰਦੀ ਹੈ ਕਿ ਇਸ ਤਰੀਕੇ ਨਾਲ ਨਿਵੇਸ਼ ਕੀਤਾ ਜਾਵੇ ਕਿ ਭਵਿੱਖ ਵਿੱਚ ਪੈਸੇ ਨਿਯਮਿਤ ਤੌਰ 'ਤੇ ਆਉਂਦੇ ਰਹਿਣ।

ਦੀਪਿੰਦਰ ਸਿੰਘ ਮੁਤਾਬਕ ਇਹ ਖ਼ਿਆਲ ਅਸਲ ਵਿੱਚ ਉਨ੍ਹਾਂ ਲਈ ਹੈ ਜਿਹੜੇ ਨੌਜਵਾਨ ਪੈਸੇ ਅਤੇ ਕਾਮਯਾਬ ਜ਼ਿੰਦਗੀ ਦੇ ਮਾਇਨਿਆਂ ਦੇ ਪਾਰ ਵਾਕਿਏ ਹੀ ਜਲਦੀ ਰਿਟਾਇਰ ਹੋਣਾ ਚਾਹੁੰਦੇ ਹਨ।

"ਕਈ ਲੋਕ ਰਿਟਾਇਰ ਹੋ ਕੇ ਦੇਸ਼-ਦੁਨੀਆ ਘੁੰਮਣਾ ਚਾਹੁੰਦੇ ਹਨ ਤਾਂ ਕਈ ਦੂਰ-ਦੁਰਾਡੇ ਕਿਤੇ ਕੁਦਰਤੀ ਵਾਤਾਵਰਣ ਵਿੱਚ ਰਹਿ ਕੇ ਰੋਜ਼-ਰੋਜ਼ ਦਫ਼ਤਰ ਜਾਣ ਦੇ ਚੱਕਰ ਤੋਂ ਬਾਹਰ ਨਿਕਲਣ ਲਈ 'ਅਰਲੀ ਰਿਟਾਇਰਮੈਂਟ' ਨੂੰ ਇੱਕ ਜ਼ਰੀਆ ਮੰਨ ਰਹੇ ਹਨ।"

ਸਮਾਂ ਰਹਿੰਦਿਆਂ ਪਲਾਨਿੰਗ ਕਰਨਾ

ਪੈਸੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਖ਼ਰਚਿਆਂ ਦੇ ਨਾਲ-ਨਾਲ ਭਵਿੱਖ ਲਈ ਬੱਚਤ ਬਾਰੇ ਗੰਭੀਰਤਾ ਨਾਲ ਯੋਜਨਾ ਬਣਾਉਣ ਦੀ ਲੋੜ ਹੈ

ਵਿਭੂਤੀ ਨੇ ਦੱਸਿਆ ਕਿ ਕਰੀਬ 17 ਸਾਲਾਂ ਦੀ ਨੌਕਰੀ ਤੋਂ ਬਾਅਦ ਵੀ ਇਹ ਫ਼ੈਸਲਾ ਆਰਥਿਕ ਪਲੈਨਿੰਗ ਨਾਲ ਹੀ ਲਿਆ ਜਾ ਸਕਿਆ।

ਉਹ ਕਹਿੰਦੇ ਹਨ ਕਿ ਕਈ ਖ਼ਰਚਿਆਂ ਨੂੰ ਕੰਟਰੋਲ ਕਰਨਾ ਪਿਆ ਅਤੇ ਪੈਸਿਵ ਇਨਕਮ ਦੇ ਤਰੀਕਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ।

ਅਸਲ ਵਿੱਚ ਜਦੋਂ ਅਸੀਂ ਘਰ ਬੈਠਿਆਂ ਹੀ ਥੋੜ੍ਹਾ ਸਮਾਂ ਕੰਮ ਵਿੱਚ ਲਗਾ ਕੇ ਪੈਸੇ ਕਮਾਉਣ ਦਾ ਜ਼ਰੀਆ ਲੱਭ ਲੈਂਦੇ ਹਾਂ ਤਾਂ ਉਸ ਨੂੰ ਪੈਸਿਵ ਇਨਕਮ ਕਿਹਾ ਜਾਂਦਾ ਹੈ।

ਦੀਪਿੰਦਰ ਸਿੰਘ ਕਹਿੰਦੇ ਹਨ, "ਇਸ ਲਈ ਆਪਣੀ ਆਮਦਨ ਦੇ ਹਿਸਾਬ ਨਾਲ ਸਮਾਂ ਰਹਿੰਦਿਆਂ ਪਲਾਨਿੰਗ ਕਰਨਾ ਬਹੁਤ ਜ਼ਰੂਰੀ ਹੈ। ਜਿਸ ਵਿੱਚ ਉਸ ਸਮੇਂ ਖ਼ਰਚਿਆਂ ਨੂੰ ਕਾਬੂ ਕਰਨਾ, ਜਦੋਂ ਹਾਲੇ ਤੁਸੀਂ ਕੰਮ ਕਰ ਰਹੇ ਹੋ ਅਤੇ ਪੈਸੇ ਤੁਹਾਡੀ ਜੇਬ ਵਿੱਚ ਆ ਰਹੇ ਦੀ ਅਹਿਮ ਭੂਮਿਕਾ ਹੈ।"

"ਤੁਹਾਨੂੰ ਹੁਣ ਦੇ ਖ਼ਰਚਿਆਂ ਦੇ ਨਾਲ-ਨਾਲ ਭਵਿੱਖ ਲਈ ਬੱਚਤ ਉੱਤੇ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ।"

ਮਹੀਨਾਵਾਰ ਖ਼ਰਚਿਆਂ ਨੂੰ ਨਿਰਧਾਰਿਤ ਕਰਨਾ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਵੇਸ਼ ਮਾਹਰਾਂ ਮੁਤਾਬਕ ਸਾਨੂੰ ਰਸੋਈ ਜਾਂ ਘਰ ਦੀਆਂ ਹੋਰ ਲੋੜਾਂ ਲਈ ਸਮਾਨ ਖ਼ਰੀਦਣ ਜਾਣ ਤੋਂ ਪਹਿਲਾਂ ਲਿਸਟ ਜ਼ਰੂਰ ਬਣਾਉਣੀ ਚਾਹੀਦੀ ਹੈ (ਸੰਕੇਤਕ ਤਸਵੀਰ)

ਦੀਪਿੰਦਰ ਸਿੰਘ ਕਹਿੰਦੇ ਹਨ ਕਿ ਕਿਸੇ ਵੀ ਵਿੱਤੀ ਪਲਾਨਿੰਗ ਲਈ ਸਾਨੂੰ ਆਪਣੀ ਆਮਦਨ ਅਤੇ ਖ਼ਰਚਿਆਂ ਬਾਰੇ ਸਪੱਸ਼ਟ ਪਤਾ ਹੋਣਾ ਬਹੁਤ ਜ਼ਰੂਰੀ ਹੈ।

"ਧਿਆਨ ਰੱਖੋ ਕਿ ਤੁਹਾਡੀ ਮਹੀਨਾਵਾਰ ਆਮਦਨ ਕਿੰਨੀ ਹੈ ਅਤੇ ਤੁਸੀਂ ਉਸ ਨੂੰ ਕਿੰਨਾਂ ਚੀਜ਼ਾਂ ਉੱਤੇ ਖ਼ਰਚ ਕਰਦੇ ਹੋ।"

"ਕੁਝ ਖ਼ਰਚੇ ਅਜਿਹੇ ਹੁੰਦੇ ਹਨ ਜੋ ਸਾਨੂੰ ਜਿਉਂਦੇ ਰਹਿਣ ਲਈ ਲੋੜੀਂਦੀਆਂ ਚੀਜ਼ਾਂ ਉੱਤੇ ਕਰਨੇ ਪੈਂਦੇ ਹਨ। ਜਿਵੇਂ ਕਿ ਘਰ ਦੀ ਰਸੋਈ ਦੇ ਖ਼ਰਚੇ, ਕੰਮ ਉੱਤੇ ਆਉਣ ਜਾਣ ਦੇ ਖ਼ਰਚੇ ਜਾਂ ਫ਼ਿਰ ਸਿਹਤ ਤੇ ਸਿੱਖਿਆ ਸਹੂਲਤਾਂ ਉੱਤੇ ਕੀਤੇ ਗਏ ਖ਼ਰਚ।"

ਉਹ ਤਨਜ਼ ਕਰਦੇ ਹਨ, "ਮਸਲਾ ਇਹ ਹੈ ਕਿ ਅਸੀਂ ਕਈ ਵਾਰ ਲੋੜ ਦੀਆਂ ਚੀਜ਼ਾਂ ਉੱਤੇ ਵੀ ਬੇਲੋੜਾ ਖ਼ਰਚ ਕਰ ਦਿੰਦੇ ਹਾਂ। ਯਾਨੀ ਸਾਨੂੰ ਆਪਣੀਆਂ ਜ਼ਰੂਰਤਾਂ ਦਾ ਹੀ ਸਹੀ ਅੰਦਾਜ਼ਾ ਨਹੀਂ ਹੁੰਦਾ।"

"ਪਹਿਲਾਂ ਰਾਸ਼ਨ ਵੱਧ ਖ਼ਰਦੀਦੇ ਹਾਂ, ਫ਼ਿਰ ਕਈ ਮਹੀਨੇ ਉਹ ਸਮਾਨ ਰਸੋਈ ਦੇ ਕਿਸੇ ਖੂੰਜੇ ਵਿੱਚ ਪਿਆ ਰਹਿੰਦਾ ਹੈ ਵਰਤਿਆ ਹੀ ਨਹੀਂ ਜਾਂਦਾ ਅਤੇ ਮਿਆਦ ਲੰਘੀ ਉੱਤੇ ਸਾਨੂੰ ਉਹ ਸੁੱਟਣਾ ਪੈਂਦਾ ਹੈ। ਪਰ ਉਸ ਉੱਤੇ ਖ਼ਰਚੇ ਪੈਸੇ ਵਾਪਸ ਨਹੀਂ ਮੁੜਨੇ ਹੁੰਦੇ।"

ਦੀਪਿੰਦਰ ਮੁਤਾਬਕ ਅਜਿਹੇ ਖ਼ਰਚਿਆਂ ਉੱਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ।

ਉਹ ਕਹਿੰਦੇ ਹਨ,"ਕਿਸੇ ਛੋਟੀ ਦੁਕਾਨ, ਵੱਡੇ ਮਾਲ ਜਾਂ ਆਨਲਾਈਨ ਕਿਸੇ ਵੀ ਥਾਂ ਤੋਂ ਰਸੋਈ ਦਾ ਸਮਾਨ ਖ਼ਰੀਦਣ ਤੋਂ ਪਹਿਲਾਂ ਲਿਸਟ ਜ਼ਰੂਰ ਬਣਾਓ ਇਸ ਨਾਲ ਤੁਸੀਂ ਬੇਲੋੜੇ ਸਮਾਨ ਦੀ ਖ਼ਰੀਦੋ-ਫ਼ਰੋਖ਼ਤ ਤੋਂ ਬਚ ਸਕਦੇ ਹੋ।"

ਦੀਪਿੰਦਰ ਸਲਾਹ ਦਿੰਦੇ ਹਨ ਕਿ ਖ਼ਰਚਿਆਂ ਨੂੰ ਨਿਯਮਿਤ ਕਰਨ ਲਈ ਮੌਜੂਦ ਡਿਜੀਟਲ ਐਪਸ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਬੱਚਤ ਨੂੰ ਆਦਤ ਬਣਾਓ

ਮਿੱਟੀ ਦੀਆਂ ਗੋਲਕਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੀਪਿੰਦਰ ਸਿੰਘ ਕਹਿੰਦੇ ਹਨ ਕਿ ਭਵਿੱਖ ਦੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਲਈ ਬੱਚਤ ਸਭ ਤੋਂ ਅਹਿਮ ਹੈ।

ਦੀਪਿੰਦਰ ਸਿੰਘ ਕਹਿੰਦੇ ਹਨ ਕਿ ਭਵਿੱਖ ਦੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਲਈ ਬੱਚਤ ਸਭ ਤੋਂ ਅਹਿਮ ਹੈ।

"ਅਸਲ ਵਿੱਚ ਬੱਚਤ ਵਧਾਉਣ ਦੀ ਲੋੜ ਹੈ ਅਤੇ ਇਸ ਦਾ ਇੱਕ ਹੀ ਮੰਤਰ ਹੈ ਬੇਲੋੜੇ ਖ਼ਰਚੇ ਘਟਾਉਣਾ।"

ਦੀਪਿੰਦਰ ਕਹਿੰਦੇ ਹਨ ਪੱਛਮੀ ਦੇਸ਼ਾਂ ਵਿੱਚ ਤਾਂ ਕੁੱਲ ਆਮਦਨ ਦਾ 20 ਤੋਂ 30 ਫ਼ੀਸਦ ਹਿੱਸਾ ਬਚਾਕੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਉੱਥੇ ਆਮਦਨ ਵਿੱਚ ਔਸਤਨ ਇਕਸਾਰਤਾ ਹੈ। ਪਰ ਭਾਰਤ ਵਰਗੇ ਦੇਸ਼ਾਂ ਵਿੱਚ ਕਿਸੇ ਦੀ ਮਹੀਨਾਵਾਰ ਆਮਦਨ 20 ਹਜ਼ਾਰ ਹੈ ਤਾਂ ਕਿਸੇ ਹੋਰ ਦੀ 2 ਲੱਖ ਰੁਪਏ ਵੀ ਹੋ ਸਕਦੀ ਹੈ।

ਦੀਪਿੰਦਰ ਕਹਿੰਦੇ ਹਨ, "ਇਸ ਲਈ ਸਾਡੇ ਵਰਗੇ ਦੇਸ਼ਾਂ ਵਿੱਚ ਹਰ ਇੱਕ ਨੂੰ ਆਪਣੀ ਨਿੱਜੀ ਆਮਦਨ ਅਤੇ ਖ਼ਰਚਿਆਂ ਦੇ ਹਿਸਾਬ ਨਾਲ ਬੱਚਤ ਕਰਨੀ ਚਾਹੀਦੀ ਹੈ।"

"ਇਸ ਦਾ ਨਿਵੇਸ਼ ਵੀ ਵੱਖ-ਵੱਖ ਘੱਟ ਮਿਆਦ ਅਤੇ ਵੱਧ ਮਿਆਦ ਦੀਆਂ ਸਕੀਮਾਂ ਵਿੱਚ ਕਰਨਾ ਚਾਹੀਦਾ ਹੈ। ਕੁਝ ਪੈਸੇ ਬੇਹੱਦ ਸੁਰੱਖਿਅਤ ਸਕੀਮਾਂ ਵਿੱਚ ਨਿਵੇਸ਼ ਕੀਤੇ ਜਾਣ ਤਾਂ ਕੁਝ ਪੈਸੇ ਵੱਧ ਰਿਟਰਨ ਦੇਣ ਵਾਲੀਆਂ ਥੋੜ੍ਹੇ ਜੋਖ਼ਮ ਵਾਲੀਆਂ ਸਕੀਮਾਂ ਵਿੱਚ ਵੀ ਨਿਵੇਸ਼ ਕੀਤੇ ਜਾ ਸਕਦੇ ਹਨ।"

ਆਪਣੀਆਂ ਦੇਣ-ਦਾਰੀਆਂ ਖ਼ਤਮ ਕਰੋ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਮੰਨਦੇ ਹਨ ਕਿ ਦੇਣ-ਦਾਰੀਆਂ ਨੂੰ ਕਿਸੇ ਵੀ ਰੂਪ ਵਿੱਚ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਨਿਭਾ ਦੇਣਾ ਚਾਹੀਦਾ ਹੈ। (ਸੰਕੇਤਕ ਤਸਵੀਰ)

ਨੌਕਰੀ ਪੇਸ਼ਾ ਲੋਕ ਖ਼ਾਸਕਰ ਮੱਧ ਵਰਗ ਵੱਲੋਂ ਕਈ ਖ਼ਰਚੇ ਪੂਰੇ ਕਰਨ ਲਈ ਬੈਂਕਾਂ ਤੋਂ ਕਰਜ਼ਾ ਲਿਆ ਜਾਣਾ ਆਮ ਗੱਲ ਹੈ। ਫ਼ਿਰ ਚਾਹੇ ਉਹ ਕਾਰ ਲੋਨ ਹੋਵੇ ਜਾਂ ਫ਼ਿਰ ਆਪਣੇ ਘਰ ਦਾ ਸੁਫ਼ਨਾ ਪੂਰਾ ਕਰਨ ਲਈ ਲਿਆ ਗਿਆ ਲੋਨ ਹੋਵੇ।

ਮਾਹਰ ਮੰਨਦੇ ਹਨ ਕਿ ਦੇਣ-ਦਾਰੀਆਂ ਨੂੰ ਕਿਸੇ ਵੀ ਰੂਪ ਵਿੱਚ ਆਪਣੀ ਰਿਟਾਇਰਮੈਂਟ ਤੱਕ ਲੈ ਜਾਣਾ ਗ਼ਲਤ ਹੈ।

ਦੀਪਿੰਦਰ ਇਸ ਮਸਲੇ ਉੱਤੇ ਕਹਿੰਦੇ ਹਨ,"ਅੱਜ-ਕੱਲ੍ਹ ਸਰਕਾਰੀ ਅਤੇ ਗ਼ੈਰ-ਸਰਕਾਰੀ ਦੋਵਾਂ ਖੇਤਰਾਂ ਵਿੱਚ ਪੈਨਸ਼ਨ ਬਹੁਤ ਘੱਟ ਵਿਭਾਗਾਂ ਵਿੱਚ ਮਿਲਦੀ ਹੈ। ਇਸ ਲਈ ਜੇ ਤੁਸੀਂ ਕਿਸੇ ਵੀ ਈਐੱਮਆਈ ਨੂੰ ਰਿਟਾਇਰਮੈਂਟ ਤੋਂ ਬਾਅਦ ਦੇ ਸਮੇਂ ਤੱਕ ਲਟਕਾਉਂਦੇ ਹੋ ਤਾਂ ਆਰਥਿਕ ਮਾਮਲੇ ਵਿਗੜਨੇ ਸੁਭਾਵਿਕ ਹਨ।"

"ਕੋਸ਼ਿਸ਼ ਕਰੋ ਘੱਟ ਤੋਂ ਘੱਟ ਰਕਮ ਕਰਜ਼ੇ ਦੇ ਰੂਪ ਵਿੱਚ ਲਈ ਜਾਵੇ ਅਤੇ ਈਐੱਮਆਈ ਵੀ ਘੱਟ ਮਿਆਦ ਦੀ ਰੱਖੀ ਜਾਵੇ। ਵੱਧ ਰਕਮ ਈਐੱਮਆਈ ਦੇ ਰੂਪ ਵਿੱਚ ਨਿਰਧਾਰਿਤ ਕਰੋ ਤਾਂ ਜੋ ਕਰਜ਼ਾ ਜਿੰਨਾ ਜਲਦ ਹੋ ਸਕੇ ਅਦਾ ਕੀਤਾ ਜਾ ਸਕੇ।"

"ਜਦੋਂ ਵੀ ਬੋਨਸ ਵਜੋਂ ਮਿਲੇ ਪੈਸੇ ਜਾਂ ਤੁਹਾਡੇ ਖ਼ਰਚਿਆਂ ਅਤੇ ਬੱਚਤ ਤੋਂ ਬਾਅਦ ਵਾਧੂ ਪੈਸੇ ਬਚ ਜਾਣ ਉਨ੍ਹਾਂ ਨੂੰ ਇੱਕ ਵਾਧੂ ਈਐੱਮਆਈ ਦੇਣ ਲਈ ਵਰਤੋਂ।"

ਦੀਪਿੰਦਰ ਕਹਿੰਦੇ ਹਨ ਕਿ ਥੋੜ੍ਹੀ ਜਿਹੀ ਪਲਾਨਿੰਗ ਨਾਲ ਤੁਸੀਂ ਆਪਣੀ ਸੇਵਾ-ਮੁਕਤੀ ਲਈ ਜਿੰਨੀ ਵੀ ਉਮਰ ਨਿਰਧਾਰਿਤ ਕਰਦੇ ਹੋ ਉਸ ਤੋਂ ਪਹਿਲਾਂ ਸਿਰ ਤੋਂ ਕਰਜ਼ਾ ਲਾਹ ਸਕਦੇ ਹੋ।

ਚੁਣੌਤੀਆਂ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਟਾਇਰਮੈਂਟ ਤੋਂ ਬਾਅਦ ਸ਼ੌਕ ਪੂਰੇ ਕਰਨ ਦੇ ਨਾਲ ਨਾਲ ਸਿਹਤ ਅਤੇ ਹੋਰ ਜ਼ਰੂਰੀ ਮਸਲਿਆਂ ਲਈ ਪੈਸੇ ਬਚਾਉਣ ਸਬੰਧੀ ਮਾਹਰ ਸਲਾਹ ਦਿੰਦੇ ਹਨ (ਸੰਕੇਤਕ ਤਸਵੀਰ)

ਅਸਲ ਵਿੱਚ ਜਦੋਂ ਅਸੀਂ 45 ਤੋਂ 50 ਸਾਲ ਦੀ ਉਮਰ ਵਿੱਚ ਵੀ ਰਿਟਾਇਰ ਹੋਣ ਦੀ ਗੱਲ ਕਰਦੇ ਹਾਂ। ਤਾਂ ਇਹ ਉਹ ਉਮਰ ਹੈ ਜਦੋਂ ਸਾਡੇ ਮਾਪੇ ਬਜ਼ੁਰਗ ਹੁੰਦੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਸਿਖ਼ਰ ਉੱਤੇ ਹਨ।

ਦੀਪਿੰਦਰ ਕਹਿੰਦੇ ਹਨ ਕਿ ਜੇ ਇਹ ਜ਼ਿੰਮੇਵਾਰੀਆਂ ਨਾ ਹੋਣ ਤਾਂ ਵੀ ਆਪਣੀ ਸਿਹਤ ਅਤੇ ਆਪਣੇ ਸੰਭਾਵਿਤ ਭਵਿੱਖੀ ਖ਼ਰਚਿਆਂ ਨੂੰ ਗੰਭੀਰਤਾ ਨਾਲ ਵਿਚਾਰਣਾ ਚਾਹੀਦਾ ਹੈ। ਜਿਨ੍ਹਾਂ ਵਿੱਚ ਸਿਹਤ, ਘਰ ਦੀ ਸਾਂਭ ਸੰਭਾਲ ਅਤੇ ਕਈ ਅਣਗੌਲਿਆਂ ਨਾ ਕੀਤੀਆ ਜਾ ਸਕਣ ਵਾਲੀਆਂ ਸਮਾਜਿਕ ਜ਼ਿੰਮੇਵਾਰੀਆਂ 'ਤੇ ਹੋਣ ਵਾਲੇ ਖ਼ਰਚੇ ਸ਼ਾਮਲ ਹੋ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)