ਭਗਤ ਸਿੰਘ ਨੂੰ ਜੇਲ੍ਹ ਤੋਂ ਛੁਡਾਉਣ ਲਈ ਰੇਲ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਸ਼ੇਰ ਜੰਗ ਕੌਣ ਸੀ, ਜਿਸ ਨੂੰ ਇਤਿਹਾਸ ਨੇ ਵਿਸਾਰਿਆ

ਸ਼ੇਰ ਜੰਗ

ਤਸਵੀਰ ਸਰੋਤ, sumresh jung

ਤਸਵੀਰ ਕੈਪਸ਼ਨ, ਸ਼ੇਰ ਜੰਗ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸ਼ੇਰ ਜੰਗ ਭਾਰਤ ਦੀ ਬਰਤਾਨਵੀਂ ਹਕੂਮਤ ਖ਼ਿਲਾਫ਼ ਆਜ਼ਾਦੀ ਦੀ ਲੜਾਈ ਦੌਰਾਨ ਭਗਤ ਸਿੰਘ ਅਤੇ ਕਈ ਹੋਰ ਸਿਰਕੱਢ ਇਨਕਲਾਬੀਆਂ ਦੇ ਸਾਥੀ ਰਹੇ।

ਉਹ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੂੰ ਜੇਲ੍ਹ ਵਿਚੋਂ ਛੁਡਾਉਣ ਲਈ ਅਹਿਮਦਗੜ੍ਹ, ਲੁਧਿਆਣਾ ਵਿੱਚ ਰੇਲ ਲੁੱਟਣ, ਜੈਤੋਂ ਮੋਰਚੇ ਅਤੇ ਆਜ਼ਾਦੀ ਦੇ ਹੋਰ ਕਈ ਅੰਦੋਲਨਾਂ ਦੌਰਾਨ ਕਰੀਬ 14 ਸਾਲ ਜੇਲ੍ਹਾਂ ਵਿੱਚ ਰਹੇ।

ਸ਼ੇਰ ਜੰਗ ਆਜ਼ਾਦੀ ਮਗਰੋਂ ਵੀ ਲੋਕ ਮਸਲਿਆਂ ਉੱਤੇ ਲੜਦੇ ਰਹੇ ਪਰ ਇਤਿਹਾਸ ਵਿੱਚ ਉਨ੍ਹਾਂ ਦਾ ਨਾਂ ਅਣਗੌਲ਼ੇ ਆਜ਼ਾਦੀ ਘੁਲਾਟੀਏ ਵਜੋਂ ਵਿਸਰਿਆ ਰਿਹਾ।

15 ਦਸੰਬਰ ਨੂੰ ਸ਼ੇਰ ਜੰਗ ਦੀ ਬਰਸੀ ਹੈ। ਇਸ ਮੌਕੇ ਅਸੀਂ ਦੋ ਇਤਿਹਾਸਕਾਰਾਂ ਸ਼ਕਤੀ ਐੱਸ ਚੰਦੇਲ ਅਤੇ ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸ਼ੇਰ ਜੰਗ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੁਨਾਮ ਦੇ ਰਹਿਣ ਵਾਲੇ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਸ਼ੇਰ ਸਿੰਘ ਬਾਰੇ ਇੱਕ ਪੁਸਤਕ ਲਿਖੀ ਹੈ। ਜਿਸਦਾ ਨਾਮ 'ਕ੍ਰਾਂਤੀਕਾਰੀ ਸ਼ੇਰ ਸਿੰਘ- ਸ਼ੇਰਾਂ ਵਰਗਾ ਸ਼ੇਰ' ਹੈ ਅਤੇ ਹਾਲ ਹੀ ਵਿੱਚ ਭਾਸ਼ਾ ਵਿਭਾਗ ਵੱਲੋਂ ਇਸ ਪੁਸਤਕ ਲਈ ਲੇਖਕ ਰਾਕੇਸ਼ ਕੁਮਾਰ ਨੂੰ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸ਼ਕਤੀ ਐੱਸ ਚੰਦੇਲ 'ਸ਼ੇਰ ਜੰਗ-ਦਿ ਵਾਰਿਅਰ ਸੰਨ ਆਫ ਇੰਡੀਆ' ਦੇ ਲੇਖਕ ਹਨ।

ਸ਼ਕਤੀ ਐੱਸ ਚੰਦੇਲ ਦੱਸਦੇ ਹਨ, "ਸ਼ੇਰ ਜੰਗ ਦਾ ਨਾਂ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ ਸੂਰਬੀਰਤਾ ਦੇ ਗੀਤ ਗਾਏ ਗਏ ਹਨ, ਨਾ ਹੀ ਉਹ ਭਾਰਤੀ ਰਾਜਨੀਤਿਕ ਦ੍ਰਿਸ਼ 'ਤੇ ਕੋਈ ਵੱਡੇ ਵਿਅਕਤੀ ਰਹੇ ਹਨ। ਭਾਵੇਂ ਕਿ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਸਨ।''

ਭਾਸ਼ਾ ਵਿਭਾਗ ਵੱਲੋਂ ਲੇਖਕ ਰਾਕੇਸ਼ ਕੁਮਾਰ ਨੂੰ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਭਾਸ਼ਾ ਵਿਭਾਗ ਵੱਲੋਂ ਲੇਖਕ ਰਾਕੇਸ਼ ਕੁਮਾਰ ਨੂੰ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਤਿਹਾਸਕਾਰ ਰਾਕੇਸ਼ ਕੁਮਾਰ ਦੱਸਦੇ ਹਨ, "ਸ਼ੇਰ ਜੰਗ ਨੇ ਆਪਣੀ ਜ਼ਿੰਦਗੀ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਕੌਮ ਦੀ ਸੇਵਾ ਵਿੱਚ ਲਗਾ ਦਿੱਤੀ। ਆਪਣੀ ਜਵਾਨੀ ਦੀ ਉਮਰ ਸੁੱਖ ਅਰਾਮ ਅਤੇ ਐਸ਼ੋ-ਇਸ਼ਰਤ ਵਿੱਚ ਗੁਜ਼ਾਰਨ ਦੀ ਥਾਂ, ਜੇਲ੍ਹ ਦੀਆਂ ਕਾਲ-ਕੋਠੜੀਆਂ, ਹਵਾਲਤਾਂ, ਕੁੱਟਾਂਮਾਰਾਂ ਸਹਿੰਦਿਆਂ, ਬੇੜੀਆਂ, ਹੱਥ ਕੜੀਆਂ, ਭੁੱਖ ਹੜਤਾਲਾਂ, ਤਸੀਹੇ ਝੱਲਦਿਆਂ, ਸਖ਼ਤ ਮੁਸ਼ੱਕਤਾਂ, ਕੋਹਲੂ, ਮੁੰਝ ਕਟਾਈ ਅਤੇ ਚੱਕੀ ਨਾਲ ਅਨਾਜ਼ ਪੀਹਣ ਵਰਗੀਆਂ ਸਜ਼ਾਵਾਂ ਨਾਲ ਜੇਲ੍ਹਾਂ ਵਿੱਚ ਗੁਜ਼ਾਰੀ। ਪਰ ਫਿਰ ਵੀ ਉਸ ਨੂੰ ਇਤਿਹਾਸ ਦੀ ਮੁੱਖ ਧਾਰਾ ਵਿੱਚ ਅਣਗੋਲ਼ਿਆਂ ਕੀਤਾ ਗਿਆ।"

ਸ਼ੇਰ ਜੰਗ ਦਾ ਪਰਿਵਾਰ ਅਤੇ ਬਚਪਨ

ਸ਼ੇਰ ਜੰਗ ਦੇ ਪੋਤਰੇ ਸੁਮਰੇਸ਼ ਜੰਗ (54), ਕੌਮਾਂਤਰੀ ਨਿਸ਼ਾਨੇਬਾਜ਼ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਸ਼ੇਰ ਜੰਗ ਦਾ ਜਨਮ 27 ਨਵੰਬਰ 1904 ਨੂੰ ਨਾਹਨ, ਹੁਣ ਹਿਮਾਚਲ ਪ੍ਰਦੇਸ਼ ਵਿਖੇ ਹੋਇਆ ਸੀ।

ਸ਼ੇਰ ਸਿੰਘ ਦੇ ਪਿਤਾ ਪ੍ਰਤਾਪ ਸਿੰਘ ਸਿਰਮੌਰ ਰਿਆਸਤ (ਹਿਮਾਚਲ) ਵਿੱਚ ਕੁਲੈਕਟਰ ਸਨ। ਮਾਤਾ ਜੀ ਦਾ ਨਾਮ ਮੁੰਨੀ ਸੀ। ਇਹ ਛੇ ਭੈਣ ਭਰਾ ਸਨ।

ਉਨ੍ਹਾਂ ਦੱਸਿਆ ਕਿ ਸ਼ੇਰ ਜੰਗ ਚੌਥੀ ਜਮਾਤ ਤੱਕ ਨਾਹਨ ਦੇ ਇੱਕ ਸਕੂਲ ਵਿੱਚ ਪੜ੍ਹੇ ਅਤੇ ਫਿਰ ਸਕੂਲ ਛੱਡ ਦਿੱਤਾ। ਇਸ ਮਗਰੋਂ ਉਨ੍ਹਾਂ ਦੇ ਪਿਤਾ ਨੇ ਸ਼ੇਰ ਸਿੰਘ ਵਾਸਤੇ ਇੱਕ ਫਰੈਂਚ ਅਧਿਆਪਕ ਰੱਖ ਲਿਆ ਸੀ। ਸ਼ੇਰ ਜੰਗ ਨੂੰ ਚੀਤਿਆਂ ਬਾਰੇ ਬਹੁਤ ਜਨੂੰਨ ਸੀ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਇੱਕ ਆਦਮਖੋਰ ਚੀਤੇ ਦਾ ਸ਼ਿਕਾਰ ਕੀਤਾ ਸੀ।

ਭਗਤ ਸਿੰਘ ਨਾਲ ਸੰਪਰਕ ਤੇ ਕ੍ਰਾਂਤੀਕਾਰੀ ਬਣਨ ਦੀ ਕਹਾਣੀ

ਸ਼ੇਰ ਜੰਗ ਨੇ ਕਈ ਪੁਸਤਕਾਂ ਵੀ ਲਿਖੀਆਂ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਸ਼ੇਰ ਜੰਗ ਨੇ ਕਈ ਪੁਸਤਕਾਂ ਵੀ ਲਿਖੀਆਂ

ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ੇਰ ਜੰਗ ਕਿਸ਼ੋਰ ਅਵਸਥਾ ਤੋਂ ਹੀ ਬਾਗੀ ਖਿਆਲਾਂ ਵਾਲੇ ਸਨ। ਇਸ ਕਰਕੇ ਜੰਗ ਦੇ ਪਿਤਾ ਨੇ ਉਨ੍ਹਾਂ ਨੂੰ ਆਪਣੀ ਵੱਡੀ ਧੀ ਵਿੱਦਿਆ ਦੇਵੀ ਕੋਲ ਲਾਹੌਰ ਭੇਜ ਦਿੱਤਾ ਸੀ। ਵਿਦਿਆ ਦੇ ਪਤੀ ਉਦੈ ਵੀਰ ਸ਼ਾਸਤਰੀ ਨੈਸ਼ਨਲ ਕਾਲਜ ਲਾਹੌਰ ਵਿੱਚ ਸੰਸਕ੍ਰਿਤ ਪੜ੍ਹਾਉਂਦੇ ਸਨ। ਇਨ੍ਹਾਂ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਸੀ।

ਰਾਕੇਸ਼ ਮੁਤਾਬਕ ਇੱਥੇ ਹੀ ਸ਼ੇਰ ਜੰਗ ਦੀ ਮੁਲਾਕਾਤ ਭਗਤ ਸਿੰਘ, ਭਗਵਤੀ ਚਰਨ ਵੋਹਰਾ ਤੇ ਦੁਰਗਾ ਭਾਬੀ ਨਾਲ ਹੋਈ। ਇਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਉਹ ਪ੍ਰਭਾਵਿਤ ਹੋ ਗਿਆ। ਉਹ ਨੌਜਵਾਨ ਭਾਰਤ ਸਭਾ ਦੇ ਸਰਗਰਮ ਕਾਰਕੁਨ ਬਣ ਗਏ ਅਤੇ ਜਵਾਨੀ ਵਿੱਚ ਹੀ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋ ਗਏ।

ਸੁਮਰੇਸ਼ ਜੰਗ ਨੇ ਵੀ ਦੱਸਿਆ ਕਿ ਉਨ੍ਹਾਂ ਦਾ ਦਾਦਾ ਆਪਣੇ ਜੀਜਾ, ਉਦੈ ਵੀਰ ਸ਼ਾਸਤਰੀ, ਜੋ ਨੈਸ਼ਨਲ ਕਾਲਜ, ਲਾਹੌਰ ਦੇ ਪ੍ਰੋਫੈਸਰ ਸਨ, ਰਾਹੀਂ ਹੀ ਮਹਾਨ ਕ੍ਰਾਂਤੀਕਾਰੀਆਂ ਭਗਤ ਸਿੰਘ ਅਤੇ ਭਗਵਤੀ ਚਰਨ ਵੋਹਰਾ ਦੇ ਸੰਪਰਕ ਵਿੱਚ ਆਏ ਸਨ। ਉਹ ਦੋਵੇਂ ਸ਼ੂਟਿੰਗ ਦੇ ਅਭਿਆਸ ਲਈ ਸਿਰਮੌਰ ਸਥਿਤ ਸ਼ੇਰ ਜੰਗ ਦੇ ਜੱਦੀ ਪਿੰਡ ਹਰੀਪੁਰ ਖੋਲ ਜਾਂਦੇ ਸਨ।

ਅਹਿਮਦਗੜ੍ਹ ਰੇਲ ਡਕੈਤੀ

8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ, ਨਵੀਂ ਦਿੱਲੀ ਵਿੱਚ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਦੋ ਬੰਬ ਸੁੱਟੇ ਸਨ। ਇਸ ਕੇਸ ਵਿੱਚ 16 ਜੂਨ 1929 ਨੂੰ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।

ਰਾਕੇਸ਼ ਕੁਮਾਰ ਦੱਸਦੇ ਹਨ ਕਿ ਇਸ ਦੌਰਾਨ ਕ੍ਰਾਂਤੀਕਾਰੀ ਦੋਵਾਂ ਨੂੰ ਜੇਲ੍ਹ ਵਿੱਚੋਂ ਛੁਡਾਉਣ ਦੀਆਂ ਸਕੀਮਾਂ ਘੜ੍ਹ ਰਹੇ ਸਨ। ਇਸ ਲਈ ਪੈਸੇ ਦੀ ਲੋੜ ਸੀ। ਇਸ ਵਾਸਤੇ ਕ੍ਰਾਂਤੀਕਾਰੀਆਂ ਨੇ ਜਾਖ਼ਲ ਤੋਂ ਵਾਇਆ ਸੰਗਰੂਰ ਹੋ ਕੇ ਲਾਹੌਰ ਜਾਂਦੀ ਰੇਲ ਗੱਡੀ ਲੁੱਟਣ ਦੀ ਯੋਜਨਾ ਘੜ੍ਹੀ। ਇਸ ਗੱਡੀ ਨੂੰ ਲੁੱਟਣ ਦੀ ਤਾਰੀਖ਼ 15 ਅਕਤੂਬਰ 1929 ਤੈਅ ਕੀਤੀ ਗਈ ਸੀ।

"ਇਸ ਡਕੈਤੀ ਵਿੱਚ ਸ਼ੇਰ ਜੰਗ, ਸਾਹਿਬ ਸਿੰਘ ਸਾਲਾਣਾ, ਜਸਵੰਤ ਸਿੰਘ, ਮਾਸਟਰ ਗੁਰਦਿਆਲ ਸਿੰਘ, ਚਰਨ ਸਿੰਘ ਅਤੇ ਹਰਨਾਮ ਸਿੰਘ ਚਮਕ ਸ਼ਾਮਲ ਸਨ।"

ਡਕੈਤੀ ਵਾਲੇ ਦਿਨ ਕੀ-ਕੀ ਵਾਪਰਿਆ

ਰਾਕੇਸ਼ ਕੁਮਾਰ ਨੇ ਸ਼ੇਰ ਜੰਗ ਉਪਰ ਪੁਸਤਕ ਲਿਖੀ ਹੈ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਰਾਕੇਸ਼ ਕੁਮਾਰ ਨੇ ਸ਼ੇਰ ਜੰਗ ਉਪਰ ਪੁਸਤਕ ਲਿਖੀ ਹੈ

ਰਾਕੇਸ਼ ਕੁਮਾਰ ਨੇ ਦੱਸਿਆ ਕਿ ਯੋਜਨਾ ਮੁਤਾਬਕ ਹੀ ਸਾਰੇ ਸਾਥੀ ਧੂਰੀ ਵਿੱਚ ਇਕੱਠੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਧੂਰੀ ਤੋਂ ਪੁਲਿਸ ਦੀ ਇੱਕ ਹਥਿਆਰਬੰਦ ਗਾਰਦ ਗੱਡੀ ਚੜ੍ਹੀ ਸੀ, ਜੋ ਮਾਲੇਰਕੋਟਲਾ ਆ ਕੇ ਉੱਤਰ ਗਈ। ਇਸ ਤੋਂ ਇਲਾਵਾ ਹੋਰ ਕੋਈ ਹਥਿਆਰਬੰਦ ਆਦਮੀ ਗੱਡੀ ਵਿੱਚ ਨਹੀਂ ਸੀ।

ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਜਦੋਂ ਗੱਡੀ ਲੁੱਟਣ ਵਾਲੇ ਟਿਕਾਣੇ (ਯੋਜਨਾ ਮੁਤਾਬਕ) 'ਤੇ ਪੁੱਜੇ ਤਾਂ ਗੱਡੀ ਰੁਕਵਾ ਲਈ ਗਈ। ਸਾਰੇ ਰੇਲ ਵਿੱਚੋਂ ਉਤਰ ਗਏ ਅਤੇ ਆਪਣੀਆਂ ਡਿਊਟੀਆਂ ਸਾਂਭ ਲਈਆਂ।

ਇਸ ਦੌਰਾਨ ਸ਼ੇਰ ਜੰਗ ਅਤੇ ਉਹਦੇ ਸਾਥੀਆਂ ਤੋਂ ਖਜ਼ਾਨੇ ਵਾਲਾ ਸੰਦੂਕ ਖੁੱਲ੍ਹ ਨਹੀਂ ਰਿਹਾ ਸੀ ਅਤੇ ਨਾ ਹੀ ਟੁੱਟ ਰਿਹਾ ਸੀ। ਦਰਅਸਲ ਕ੍ਰਾਂਤੀਕਾਰੀਆਂ ਨੂੰ ਚਾਬੀ ਮਿਲਣ ਦੀ ਆਸ ਸੀ, ਇਸੇ ਲਈ ਉਹ ਸੰਦੂਕ ਤੋੜਨ ਦਾ ਸਾਮਾਨ ਨਾਲ ਲੈ ਕੇ ਨਹੀਂ ਗਏ ਸਨ।

ਉਂਝ ਉਹ ਹੱਥੋੜੀ ਅਤੇ ਸੈਣੀ ਨਾਲ ਲੈ ਗਏ ਸੀ ਕਿ ਕਿਤੇ ਲੋੜ ਪੈ ਸਕਦੀ ਹੈ ਪਰ ਇਹ ਹਥੋੜਾ ਤੇ ਸੈਣੀ ਸੰਦੂਕ ਤੋੜਨ ਦੇ ਕਾਬਲ ਨਹੀਂ ਸਨ। ਇਸ ਦੌਰਾਨ ਸੰਦੂਕ ਰੇਲ ਤੋਂ ਹੇਠਾਂ ਸੁੱਟ ਕੇ ਲੈ ਜਾਣ ਦਾ ਵਿਚਾਰ ਵੀ ਆਇਆ ਪਰ ਇਹ ਸੰਦੂਕ ਬਹੁਤ ਭਾਰੀ ਸੀ। ਇਸ ਨੂੰ ਚੁੱਕ ਕੇ ਲਿਜਾਣਾ ਅਸੰਭਵ ਸੀ।

ਤਕਰੀਬਨ ਸਵਾ ਘੰਟਾ ਗੁਜ਼ਰ ਚੁੱਕਾ ਸੀ। ਸੰਦੂਕ ਟੁੱਟਣ ਦੀ ਕੋਈ ਆਸ ਨਹੀਂ ਸੀ। ਇੱਥੇ ਹੋਰ ਠਹਿਰਨਾ ਖਤਰਨਾਕ ਹੋ ਸਕਦਾ ਸੀ। ਇਸ ਲਈ ਸਾਰਿਆਂ ਨੇ ਇਥੋਂ ਚੱਲਣ ਦੀ ਸਲਾਹ ਕੀਤੀ।

ਆਤਮ ਸਮਰਪਣ ਕਿਉਂ ਕੀਤਾ

ਸ਼ੇਰ ਜੰਗ ਤੇ ਨਿਰਮਲਾ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਸ਼ੇਰ ਜੰਗ ਤੇ ਨਿਰਮਲਾ

ਰਾਕੇਸ਼ ਕੁਮਾਰ ਕਹਿੰਦੇ ਹਨ ਕਿ ਸ਼ੇਰ ਜੰਗ ਨੇ ਆਪਣੇ ਦੋਵੇਂ ਜੀਜਿਆਂ ਉਦੈਵੀਰ ਸ਼ਾਸਤਰੀ ਤੇ ਡਾਕਟਰ ਹਰਦੁਆਰੀ ਸਿੰਘ ਰਾਹੀਂ ਪੁਲਿਸ ਕੋਲ ਮਾਰਚ, 1930 ਵਿੱਚ ਆਤਮ ਸਮਰਪਣ ਕੀਤਾ ਸੀ।

ਉਨ੍ਹਾਂ ਨੂੰ 31 ਮਈ 1930 ਨੂੰ ਲੁਧਿਆਣਾ ਅਦਾਲਤ ਵਿੱਚ ਸਜ਼ਾ ਸੁਣਾਈ ਗਈ ਤੇ ਸਿੱਧੇ ਕਚਹਿਰੀ ਤੋਂ ਸੈਂਟਰਲ ਜੇਲ੍ਹ ਲਾਹੌਰ ਲਿਆਂਦਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਫ਼ਿਰੋਜ਼ਪੁਰ, ਲੁਧਿਆਣਾ, ਸੈਂਟਰਲ ਜੇਲ੍ਹ ਲਾਹੌਰ, ਪੁਰਾਣੀ ਸੈਂਟਰਲ ਮੁਲਤਾਨ, ਨਵੀਂ ਸੈਂਟਰਲ ਮੁਲਤਾਨ ਵਿੱਚ ਰੱਖਿਆ ਗਿਆ।

ਰਾਕੇਸ਼ ਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਆਤਮ ਸਮਰਪਣ ਦਾ ਫ਼ੈਸਲਾ ਆਜ਼ਾਦੀ ਦੇ ਅੰਦੋਲਨ ਵਿੱਚ ਨਵੀਂ ਚੇਤਨਾ ਅਤੇ ਜੋਸ਼ ਭਰਨ ਲਈ ਕੀਤਾ ਸੀ। ਇਸ ਤੋਂ ਇਲਾਵਾ ਜਿਹੜੇ ਇਨਾਮ ਉਹਨਾਂ ਦੇ ਸਾਥੀ ਨੂੰ ਮਿਲਿਆ, ਉਹ ਉਨ੍ਹਾਂ ਦੀ ਸੰਸਥਾ ਨੂੰ ਮਿਲ ਗਿਆ। ਇਹ ਆਤਮ ਸਮਰਪਣ ਯੋਜਨਾ ਅਨੁਸਾਰ ਕੀਤਾ ਗਿਆ ਸੀ।

ਇਸ ਆਤਮ ਸਮਰਪਣ ਬਾਰੇ ਸ਼ੇਰ ਜੰਗ ਨੇ ਆਪਣੇ ਜੇਲ੍ਹ ਦੇ ਦਿਨਾਂ ਦੌਰਾਨ ਕਿਹਾ ਸੀ, "ਸਾਡੀ ਕ੍ਰਾਂਤੀਕਾਰੀ ਸੰਸਥਾ ਨੇ ਫੈਸਲਾ ਲਿਆ ਹੈ ਕਿ ਸਾਡੇ ਵਿੱਚੋਂ ਕਿਸੇ ਇੱਕ ਨੂੰ ਜਿਸ ਨੂੰ ਮੌਤ ਦੀ ਸਜ਼ਾ ਮਿਲਣ ਦੀ ਸੰਭਾਵਨਾ ਹੈ, ਉਸ ਨੂੰ ਆਤਮ ਸਮਰਪਣ ਕਰਨਾ ਹੋਵੇਗਾ। ਇਸ ਨਾਲ ਲੋਕਾਂ ਵਿੱਚ ਨਵੀਂ ਚੇਤਨਾ ਤੇ ਆਜ਼ਾਦੀ ਦੇ ਅੰਦੋਲਨ ਵਿੱਚ ਨਵਾਂ ਜੋਸ਼ ਆਵੇਗਾ। ਇਸ ਕੰਮ ਲਈ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਤੇ ਗ੍ਰਿਫ਼ਤਾਰੀ ਦੇ ਦਿੱਤੀ। ਗ੍ਰਿਫ਼ਤਾਰੀ ਦੇਣ ਦਾ ਕੰਮ ਆਪ ਕੀਤਾ ਸੀ। ਇਸਦਾ ਪ੍ਰਬੰਧ ਪਾਰਟੀ ਦੇ ਸਹਾਇਕ ਵਰਕਰ ਅਤੇ ਦੋਸਤ ਨੇ ਕਰਵਾਇਆ ਸੀ। ਉਸ ਨੇ ਪੁਲਿਸ ਨੂੰ ਮੇਰੇ ਉਸ ਟਿਕਾਣੇ ਦੀ ਸੂਚਨਾ ਦੇ ਦਿੱਤੀ ਸੀ ਜਿਹੜਾ ਆਤਮ ਸਮਰਪਣ ਕਰਨ ਤੋਂ ਪਹਿਲਾਂ ਤੈਅ ਕੀਤਾ ਗਿਆ ਸੀ। ਇਸ ਤਰ੍ਹਾਂ ਕਰਨ ਨਾਲ ਜਿਹੜਾ ਇਨਾਮ ਮਿਲਿਆ ਉਹ ਪਾਰਟੀ ਨੂੰ ਦੇ ਦਿੱਤਾ ਗਿਆ।"

ਆਪਣੀ ਜੇਲ੍ਹ ਜ਼ਿੰਦਗੀ ਬਾਰੇ ਸ਼ੇਰ ਜੰਗ ਨੇ ਸਾਲ 1991 ਵਿੱਚ ਇੱਕ ਅੰਗਰੇਜ਼ੀ ਕਿਤਾਬ "ਪ੍ਰੀਜ਼ਨ ਡੇਜ਼ ਰੀਕੁਲੈਕਸ਼ਨ ਐਂਡ ਰਿਫਲੈਕ਼ਸ਼ਨ" ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜੇਲ੍ਹ ਦੇ ਦਿਨਾਂ ਦਾ ਜ਼ਿਕਰ ਕੀਤਾ ਸੀ।

ਰਿਹਾਈ ਅਤੇ ਵਿਆਹ

ਸ਼ੇਰ ਜੰਗ ਦਾ ਵਿਆਹ 1938 ਵਿੱਚ ਨਿਰਮਲਾ ਸ਼ੇਰ ਜੰਗ ਨਾਲ ਹੋਇਆ ਸੀ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਸ਼ੇਰ ਜੰਗ ਦਾ ਵਿਆਹ 1938 ਵਿੱਚ ਨਿਰਮਲਾ ਸ਼ੇਰ ਜੰਗ ਨਾਲ ਹੋਇਆ ਸੀ

ਲੇਖਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਿਰਮਲਾ ਸ਼ੇਰ ਜੰਗ ਦਾ ਜਨਮ 31 ਦਸੰਬਰ 1914 ਨੂੰ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਫਕੀਰ ਚੰਦ ਵਕੀਲ ਸਨ। ਸਾਲ 1936 ਵਿੱਚ ਜਦੋਂ ਇਹ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਵਿਦਿਆਰਥਣ ਸਨ ਤਾਂ ਉਨ੍ਹਾਂ ਦਿਨਾਂ ਵਿੱਚ ਸ਼ੇਰ ਜੰਗ ਸੈਂਟਰਲ ਜੇਲ੍ਹ ਵਿੱਚ ਬੰਦ ਸਨ।

ਇਸ ਦੌਰਾਨ ਉਹ ਆਪਣੇ ਇੱਕ ਵਕੀਲ ਮਿੱਤਰ ਨਾਲ ਪਹਿਲੀ ਵਾਰ ਸ਼ੇਰ ਜੰਗ ਨੂੰ ਮਿਲਣ ਗਏ ਸਨ। ਇਸ ਤੋਂ ਮਗਰੋਂ ਨਿਰਮਲਾ ਦੀਆਂ ਸ਼ੇਰ ਜੰਗ ਨਾਲ ਲਗਾਤਾਰ ਮੁਲਾਕਾਤਾਂ ਹੋਣ ਲੱਗ ਪਈਆਂ।

ਨਿਰਮਲਾ ਸ਼ੇਰ ਜੰਗ ਨੇ ਸ਼ੇਰ ਜੰਗ ਉੱਤੇ ਇੱਕ ਪੁਸਤਕ "ਹਿਮਾਚਲ ਦਾ ਸ਼ੇਰ: ਸ਼ੇਰ ਜੰਗ ਸਿੰਘ" ਲਿਖੀ ਸੀ। ਇਸ ਪੁਸਤਕ ਵਿੱਚ ਉਹਨਾਂ ਨੇ ਸ਼ੇਰ ਜੰਗ ਨਾਲ ਮੁਲਾਕਾਤਾਂ ਬਾਰੇ ਲਿਖਿਆ ਹੈ।

ਸ਼ੇਰ ਜੰਗ ਨੂੰ 2 ਮਈ 1938 ਨੂੰ ਰਿਹਾਅ ਕਰ ਦਿੱਤਾ ਗਿਆ ਅਤੇ 12 ਮਈ ਨੂੰ ਨਿਰਮਲਾ ਦਾ ਸ਼ੇਰ ਜੰਗ ਨਾਲ ਵਿਆਹ ਹੋਇਆ ਸੀ। ਸਾਲ 1940 ਵਿੱਚ ਇਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਸ਼ਿਲਿਸ਼ ਜੰਗ ਰੱਖਿਆ ਗਿਆ।

ਜੈਤੋਂ ਦਾ ਮੋਰਚਾ, ਬੱਬਰਾਂ ਨਾਲ ਸੰਪਰਕ ਅਤੇ ਹੋਰ ਸਰਗਰਮੀਆਂ

ਸ਼ੇਰ ਜੰਗ ਤੇ ਨਿਰਮਲਾ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਸ਼ੇਰ ਜੰਗ ਤੇ ਨਿਰਮਲਾ

ਰਾਕੇਸ਼ ਕੁਮਾਰ ਦੱਸਦੇ ਹਨ ਕਿ ਸ਼ੇਰ ਜੰਗ ਨੇ ਜੈਤੋਂ ਦੇ ਮੋਰਚੇ ਵਿੱਚ ਵੀ ਹਿੱਸਾ ਲਿਆ ਸੀ। ਉਹ ਬੱਬਰਾਂ ਨਾਲ ਸੰਪਰਕ ਵਿੱਚ ਵੀ ਰਹੇ ਸਨ ਅਤੇ ਅੰਗਰੇਜ਼ਾਂ ਵਿਰੁੱਧ ਲਗਭਗ ਹਰ ਸੰਘਰਸ਼ ਵਿੱਚ ਹਿੱਸਾ ਲੈਂਦੇ ਸਨ।

ਰਾਕੇਸ਼ ਕੁਮਾਰ ਮੁਤਾਬਕ ਸ਼ੇਰ ਜੰਗ ਦੀ ਭੈਣ ਲੀਲਾਵਤੀ ਨੇ ਨਿਰਮਲਾ ਸ਼ੇਰ ਜੰਗ ਨੂੰ ਦੱਸਿਆ ਸੀ ਕਿ ਬਚਪਨ ਵਿੱਚ ਸ਼ੇਰ ਜੰਗ ਬਿਨਾਂ ਘਰ ਦੱਸੇ ਚੁੱਪਚਾਪ ਮੋਰਚੇ ਵਿੱਚ ਸ਼ਾਮਿਲ ਹੋ ਗਿਆ ਸੀ। ਇਸ ਦੌਰਾਨ ਉਸ ਨੂੰ ਤਿੰਨ ਮਹੀਨਿਆਂ ਦੀ ਸਜ਼ਾ ਵੀ ਹੋਈ ਸੀ ਤੇ ਇੱਕ ਵਾਰੀ ਪੁਲਿਸ ਦੇ ਡੰਡੇ ਵੀ ਖਾਣੇ ਪਏ ਸਨ, ਜਿਸ ਕਾਰਨ ਉਹ ਜ਼ਖ਼ਮੀ ਵੀ ਹੋ ਗਿਆ ਸੀ।

ਲੇਖਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਲ 1923 ਵਿੱਚ ਜਦੋਂ ਬੱਬਰ ਅਕਾਲੀ ਲਹਿਰ ਨੇ ਜ਼ੋਰ ਫੜਿਆ ਸੀ ਤਾਂ ਸ਼ੇਰ ਜੰਗ ਦਾ ਬੱਬਰਾਂ ਨਾਲ ਵੀ ਸੰਪਰਕ ਹੋਇਆ ਸੀ। ਉਨ੍ਹਾਂ ਨੇ ਸਾਹਿਬ ਸਿੰਘ ਸਲਾਣਾ, ਜੋ ਰੇਲ ਡਕੈਤੀ ਵਿੱਚ ਸ਼ਾਮਿਲ ਸਨ, ਨਾਲ ਪਿੰਡ ਸ਼ੇਖਾ ਵਿੱਚ ਹੋਈ ਬੱਬਰ ਅਕਾਲੀਆਂ ਦੀ ਇਕ ਮੀਟਿੰਗ ਵਿੱਚ ਹਿੱਸਾ ਵੀ ਲਿਆ ਸੀ।

ਵਿਆਹ ਮਗਰੋਂ ਵੀ ਸ਼ੇਰ ਜੰਗ ਕਈਆਂ ਢੰਗਾਂ ਅਤੇ ਅੰਦੋਲਨਾਂ ਰਾਹੀਂ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜਦੇ ਰਹੇ ਅਤੇ 1940 ਤੋਂ 1944 ਤੱਕ ਦਿੱਲੀ ਸੈਂਟਰਲ ਜੇਲ੍ਹ ਅਤੇ ਦਿਉਲੀ ਡਿਟੈਂਸ਼ਨ ਕੈਂਪ ਵਿੱਚ ਬੰਦ ਰਹੇ। ਉਨ੍ਹਾਂ ਨੇ ਕਈ ਗੁਰੀਲਾ ਸਰਗਰਮੀਆਂ ਵਿੱਚ ਵੀ ਹਿੱਸਾ ਲਿਆ ਸੀ।

ਵੰਡ ਮਗਰੋਂ ਸ਼ੇਰ ਜੰਗ ਨੇ ਸ਼ਰਨਾਰਥੀਆਂ ਅਤੇ ਮੁਸਲਮਾਨਾਂ ਦੀ ਕਿਵੇਂ ਮਦਦ ਕੀਤੀ

ਜਵਾਹਰ ਲਾਲ ਨਹਿਰੂ ਨਾਲ ਸ਼ੇਰ ਜੰਗ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਜਵਾਹਰ ਲਾਲ ਨਹਿਰੂ ਨਾਲ ਸ਼ੇਰ ਜੰਗ

ਸ਼ਕਤੀ ਐੱਸ ਚੰਦੇਲ ਨੇ ਦੱਸਿਆ, "ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਨਜ਼ਰਾਂ ਵਿੱਚ ਸ਼ੇਰ ਜੰਗ ਦੀ ਬਹੁਤ ਇੱਜ਼ਤ ਸੀ। ਉਹ ਕਈ ਵਾਰੀ ਸ਼ੇਰ ਜੰਗ ਵੱਲੋਂ ਦੇਸ਼ ਦੀ ਵੰਡ ਮਗਰੋਂ ਦੰਗਿਆਂ ਨੂੰ ਰੋਕਣ ਅਤੇ ਸ਼ਰਨਾਰਥੀਆਂ ਦੀ ਸੰਭਾਲ ਵਾਸਤੇ ਕੀਤੇ ਗਏ ਕੰਮ ਦੀ ਤਾਰੀਫ਼ ਵੀ ਕਰਦੇ ਸਨ।"

ਉਹ ਦੱਸਦੇ ਹਨ ਕਿ ਸਾਲ 1947 ਵਿੱਚ ਫਿਰਕੂ ਦੰਗੇ ਗੰਭੀਰ ਸਮੱਸਿਆ ਬਣ ਗਏ ਸਨ। ਇਸ ਦੌਰਾਨ ਸ਼ੇਰ ਜੰਗ ਨੇ ਆਪਣੀ ਜ਼ਿੰਦਗੀ ਸ਼ਰਨਾਰਥੀਆਂ ਨੂੰ ਵਸਾਉਣ ਅਤੇ ਮੁਸਲਮਾਨਾਂ ਨੂੰ ਬਚਾਉਣ ਵਿੱਚ ਲਗਾ ਦਿੱਤੀ। ਸ਼ਰਨਾਰਥੀਆਂ ਵਾਸਤੇ ਕਈ ਸ਼ਰਨਾਰਥੀ ਕੈਂਪ ਬਣੇ ਅਤੇ ਸ਼ੇਰ ਸਿੰਘ ਉਨ੍ਹਾਂ ਦੇ ਇੰਚਾਰਜ ਸਨ।

ਲੇਖਕ ਰਾਕੇਸ਼ ਕੁਮਾਰ ਦੱਸਦੇ ਹਨ ਕਿ ਸ਼ੇਰ ਜੰਗ ਦਾ ਦਿੱਲੀ ਵਾਲਾ ਘਰ ਵੀ ਸ਼ਰਨਾਰਥੀ ਕੈਂਪ ਬਣ ਗਿਆ ਸੀ। ਕਈ ਡਰੇ ਹੋਏ ਮੁਸਲਮਾਨ ਉਨ੍ਹਾਂ ਦੇ ਘਰ ਰਹਿਣ ਲੱਗੇ।

ਦੇਸ਼ ਆਜ਼ਾਦ ਹੋਣ ਮਗਰੋਂ ਸ਼ੇਰ ਜੰਗ ਨੂੰ ਕਈ ਜ਼ਿੰਮੇਵਾਰੀਆਂ ਮਿਲੀਆਂ

ਸ਼ੇਰ ਜੰਗ

ਤਸਵੀਰ ਸਰੋਤ, rakesh kumar

ਤਸਵੀਰ ਕੈਪਸ਼ਨ, ਸ਼ੇਰ ਜੰਗ

ਲੇਖਕ ਰਾਕੇਸ਼ ਕੁਮਾਰ ਅਤੇ ਸ਼ਕਤੀ ਐੱਸ ਚੰਦੇਲ ਮੁਤਾਬਕ ਦੇਸ਼ ਦੀ ਵੰਡ ਮਗਰੋਂ ਦੰਗਿਆਂ ਨੂੰ ਰੋਕਣ ਵਾਸਤੇ ਸ਼ੇਰ ਜੰਗ ਨੂੰ ਸਥਾਨਕ ਮੈਜਿਸਟ੍ਰੇਟ ਵੀ ਲਗਾਇਆ ਗਿਆ ਸੀ।

ਰਾਕੇਸ਼ ਕੁਮਾਰ ਕਹਿੰਦੇ ਹਨ ਕਿ ਸ਼ੇਰ ਜੰਗ ਦਾ ਟਾਊਨ ਹਾਲ (ਚਾਂਦਨੀ ਚੌਕ) ਵਿੱਚ ਦਫਤਰ ਬਣਾਇਆ ਗਿਆ ਸੀ, ਜਿੱਥੇ ਵੀ ਕਿਤੇ ਗੜਬੜ ਹੁੰਦੀ ਸੀ, ਉਹ ਉਸ ਵੇਲੇ ਉੱਥੇ ਪਹੁੰਚ ਜਾਂਦੇ ਸਨ। ਉਨ੍ਹਾਂ ਦਾ ਮਕਸਦ ਦਿੱਲੀ ਵਿੱਚ ਦੰਗੇ ਨਹੀਂ ਹੋਣ ਦੇਣਾ ਸੀ।

ਰਾਕੇਸ਼ ਕੁਮਾਰ ਦੱਸਦੇ ਹਨ, "ਇਸ ਤੋਂ ਮਗਰੋਂ ਅਕਤੂਬਰ 1947 ਵਿੱਚ ਪਾਕਿਸਤਾਨੀ ਮਜਾਹੀਦੀਨ ਨੇ ਜੰਮੂ-ਕਸ਼ਮੀਰ ਵਿੱਚ ਹਮਲਾ ਕਰ ਦਿੱਤਾ। ਇਸ ਕਰਕੇ 25 ਅਕਤੂਬਰ 1947 ਨੂੰ ਸ਼ੇਰ ਜੰਗ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਭੇਜਿਆ ਗਿਆ। ਕਸ਼ਮੀਰ ਸਰਕਾਰ ਨੇ ਜਵਾਹਰ ਲਾਲ ਨਹਿਰੂ ਦੀ ਮੌਜੂਦਗੀ ਵਿੱਚ 28 ਮਾਰਚ 1948 ਨੂੰ ਸ਼ੇਰ ਜੰਗ ਨੂੰ ਕਰਨਲ ਦਾ ਅਹੁਦਾ ਵੀ ਦਿੱਤਾ ਸੀ।"

ਇਸਦਾ ਜ਼ਿਕਰ ਸ਼ਕਤੀ ਐਸ ਚੰਦੇਲ ਨੇ ਵੀ ਆਪਣੀ ਕਿਤਾਬ ਵਿੱਚ ਕੀਤਾ ਹੈ।

ਸ਼ੇਰ ਸਿੰਘ ਨੇ ਆਖ਼ਰੀ ਸਾਹ ਕਿੱਥੇ ਲਏ?

ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ੇਰ ਜੰਗ ਆਖਰੀ ਸਮੇਂ ਬੂਟਾ ਸਿੰਘ ਬਿਲਡਿੰਗ ਖੈਬਰਪਾਸ ਦਿੱਲੀ ਆਪਣੀ ਪਤਨੀ, ਪੁੱਤਰ ਅਤੇ ਉਸ ਦੇ ਪਰਿਵਾਰ ਨਾਲ ਰਹੇ। ਉਹ ਆਖਰੀ ਸਮੇਂ ਤੱਕ ਪੜ੍ਹਨ ਲਿਖਣ ਵਿੱਚ ਰੁੱਝੇ ਰਹੇ। ਉਨ੍ਹਾਂ ਆਖ਼ਰੀ ਸਾਹ 15 ਦਸੰਬਰ 1996 ਦੀ ਸਵੇਰ ਨੂੰ ਮੂੰਹ ਹਨੇਰੇ ਲਏ।

14 ਦਸੰਬਰ 1996 ਦੀ ਸ਼ਾਮ ਨੂੰ ਸ਼ੇਰ ਜੰਗ ਦੇ ਪੋਤੇ ਦੇ ਵਿਆਹ ਦਾ ਸਮਾਰੋਹ ਸੀ। ਇਹ ਸਮਾਰੋਹ ਸਵੇਰੇ ਤਿੰਨ ਵਜੇ ਤੱਕ ਚੱਲਿਆ। ਇਹ ਸਮਾਗਮ ਸਮਾਪਤ ਹੋਣ ਤੋਂ ਮਗਰੋਂ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਉਸ ਸਮੇਂ ਉਨ੍ਹਾਂ ਦੀ ਉਮਰ 92 ਸਾਲ ਦੀ ਸੀ।

15 ਦਸੰਬਰ 1996 ਨੂੰ ਦਿੱਲੀ ਵਿੱਚ ਆਪਣੇ ਘਰ ਵਿੱਚ ਹੀ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)