ਗੂਗਲ ਮੈਪ ਦੀ ਵਰਤੋਂ ਕਰਕੇ ਸਫ਼ਰ ਕਰਨ ਵੇਲੇ ਕਿਹੜੀਆਂ ਸਾਵਧਾਨੀਆਂ ਜ਼ਰੂਰੀ ਹਨ ਤਾਂ ਜੋ ਤੁਸੀਂ ਰਾਹ ਨਾ ਭਟਕੋ

ਗੱਡੀ ਚਲਾਉਂਦੀ ਕੁੜੀ

ਤਸਵੀਰ ਸਰੋਤ, Getty Images

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਪੱਤਰਕਾਰ

28 ਸਾਲਾ ਰਾਜ ਦਾਸ ਹਮੇਸ਼ਾ ਕਾਰ ਰਾਹੀਂ ਦੇਸ਼ ਭਰ ਵਿੱਚ ਸਫ਼ਰ ਕਰਦੇ ਰਹਿੰਦੇ ਹਨ, ਭਾਵੇਂ ਕੋਈ ਵੀ ਥਾਂ ਹੋਵੇ ਤੇ ਕਿੰਨੀ ਵੀ ਦੂਰ ਹੋਵੇ।

ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਉਹ ਵੀ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸੈਟੇਲਾਈਟ-ਅਧਾਰਤ ਨੈਵੀਗੇਸ਼ਨ ਟੂਲ ਦੀ ਵਰਤੋਂ ਕਰਦੇ ਹਨ।

ਪਰ ਪਿਛਲੇ ਹਫ਼ਤੇ ਉਨ੍ਹਾਂ ਨੇ ਜੋ ਝੱਲਿਆ ਉਸ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।

ਦਰਅਸਲ, ਉਨ੍ਹਾਂ ਨੇ ਗੂਗਲ ਮੈਪ 'ਤੇ ਪਣਜੀ, ਗੋਆ ਦੀ ਲੋਕੇਸ਼ਨ ਪਾਈ ਸੀ। ਫਿਰ ਉਹ ਆਪਣੇ ਸਾਥੀ ਅਤੇ ਦੋ ਰਿਸ਼ਤੇਦਾਰਾਂ ਨਾਲ ਸੇਡਾਨ ਕਾਰ ਵਿੱਚ ਰਵਾਨਾ ਹੋ ਗਏ।

ਇਸ ਦੌਰਾਨ ਉਨ੍ਹਾਂ ਨੇ ਕਰਨਾਟਕ ਦੇ ਬੇਲਾਗਾਵੀ ਜ਼ਿਲ੍ਹੇ ਦਾ ਇੱਕ ਸ਼ਾਰਟ ਕੱਟ ਲੈ ਲਿਆ ਪਰ ਇਸ ਰਾਹੇ ਜਾਂਦੇ ਹੋਏ ਉਹ ਪੱਛਮੀ ਘਾਟ ਦੇ ਖਾਨਪੁਰ ਜੰਗਲਾਂ ਵਿੱਚ ਫ਼ਸ ਗਏ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਾਸ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਇਹ ਇੱਕ ਅਜਿਹੀ ਸੜਕ ਸੀ ਜਿੱਥੇ ਅਸੀਂ ਯੂ-ਟਰਨ ਵੀ ਨਹੀਂ ਲੈ ਸਕਦੇ ਸੀ।"

"ਉਸ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਅੱਗੇ ਕੋਈ ਸੜਕ ਨਹੀਂ ਹੈ ਅਤੇ ਅਸੀਂ ਜੰਗਲ ਵਿੱਚ ਫ਼ਸ ਗਏ ਸੀ।"

ਚੰਗੀ ਖ਼ਬਰ ਇਹ ਹੈ ਕਿ ਇਹ ਉੱਤਰ ਪ੍ਰਦੇਸ਼ ਦੇ ਬਰੇਲੀ ਵਾਂਗ ਅਧੂਰਾ ਫਲਾਈਓਵਰ ਨਹੀਂ ਸੀ।

ਜਿੱਥੇ ਕਾਰ ਕਈ ਫੁੱਟ ਥੱਲੇ ਡਿੱਗ ਗਈ ਅਤੇ ਇਸ ਵਿੱਚ ਸਵਾਰ ਤਿੰਨਾਂ ਯਾਤਰੀਆਂ ਦੀ ਮੌਤ ਹੋ ਗਈ।

ਦਾਸ ਅਤੇ ਉਨ੍ਹਾਂ ਦੇ ਦੋਸਤਾਂ ਲਈ ਇਹ ਬਿਲਕੁਲ ਨਵਾਂ ਤਜ਼ਰਬਾ ਸੀ। ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਕੋਈ ਸਿਗਨਲ ਨਹੀਂ ਸੀ ਅਤੇ ਉਸ ਨੂੰ ਦੱਸਿਆ ਗਿਆ ਸੀ ਕਿ ਇਹ ਖ਼ਤਰਨਾਕ ਜੰਗਲ ਹੈ।

ਜੰਗਲ ਤੱਕ ਕਿਵੇਂ ਪਹੁੰਚੇ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਾਸ ਨੇ ਜੋ ਰਸਤਾ ਚੁਣਿਆ ਸੀ, ਉਹ ਉਨ੍ਹਾਂ ਨੂੰ ਇੱਕ ਜੰਗਲ ਵਿੱਚ ਲੈ ਗਿਆ ਜਿੱਥੇ ਕੋਈ ਫ਼ੋਨ ਸਿਗਨਲ ਨਹੀਂ ਸੀ।

ਦਾਸ ਅਤੇ ਉਨ੍ਹਾਂ ਦੇ ਸਾਥੀ ਇੱਕ ਪੇਮੈਂਟ ਗੇਟਵੇ ਕੰਪਨੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਪਣਜੀ ਵਿੱਚ ਇੱਕ ਕਾਨਫ਼ਰੰਸ ਵਿੱਚ ਜਾਣਾ ਸੀ।

ਪਰ ਕੰਮ ਦੇ ਨਾਲ-ਨਾਲ ਉਨ੍ਹਾਂ ਨੇ ਗੋਆ ਵਿੱਚ ਕੁਝ ਵਿਹਲਾ ਸਮਾਂ ਬਿਤਾਉਣ ਦੀ ਯੋਜਨਾ ਵੀ ਬਣਾਈ ਅਤੇ ਇਸ ਲਈ ਦੋ ਰਿਸ਼ਤੇਦਾਰ ਵੀ ਉਨ੍ਹਾਂ ਦੇ ਨਾਲ ਚਲੇ ਗਏ।

ਦਾਸ ਦੇ ਭਤੀਜੇ ਆਕਾਸ਼ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਅਸੀਂ ਪੂਰਾ ਸਮਾਂ ਰਾਹ ਲਈ ਗੂਗਲ ਮੈਪਸ ਦੀ ਵਰਤੋਂ ਕੀਤੀ ਅਤੇ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ।"

ਦਾਸ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਤੋਂ ਕਾਰ ਰਾਹੀਂ ਬੇਲਗਾਵੀ ਪਹੁੰਚੇ ਤਾਂ ਰਾਸ਼ਟਰੀ ਰਾਜਮਾਰਗ ਖ਼ਤਮ ਹੁੰਦਾ ਦਿਖਾਈ ਦਿੱਤਾ।

ਇਸ ਦੌਰਾਨ ਗੂਗਲ ਮੈਪਸ ਨੇ ਨੇੜੇ ਤੋਂ ਲੰਘਦੀ ਇੱਕ ਸੜਕ ਦਿਖਾਈ, ਜੋ ਗੋਆ ਵੱਲ ਜਾ ਰਹੀ ਸੀ। ਫਿਰ ਦਾਸ ਨੇ ਨਾਲ ਲੱਗਦੀ ਸੜਕ ਤੋਂ ਅੱਗੇ ਜਾਣ ਦਾ ਫ਼ੈਸਲਾ ਲਿਆ।

ਦਾਸ ਨੇ ਦੱਸਿਆ ਕਿ ਹਾਲਾਂਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ "ਸੜਕ ਦੇ ਗੇਟ ਸਵੇਰੇ 6 ਵਜੇ ਹੀ ਖੁੱਲ੍ਹਣਗੇ। ਪਰ ਅਸੀਂ ਉੱਥੇ ਰਾਤ ਦੇ 2 ਤੋਂ 3 ਵਜੇ ਦੇ ਵਿਚਕਾਰ ਮੌਜੂਦ ਸੀ।"

"ਅਧਿਕਾਰੀਆਂ ਨੇ ਹਾਈਵੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਸੱਜੇ ਪਾਸੇ ਮੁੜਨ ਦਾ ਸੁਝਾਅ ਦਿੱਤਾ ਸੀ।"

ਦਾਸ ਨੇ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਹਿਸੂਸ ਕੀਤਾ ਕਿ ਉਥੇ ਕੱਚੀ ਸੜਕ ਸੀ ਅਤੇ ਉਸ ਸਮੇਂ ਕੁਝ ਵਾਹਨ ਲੰਘਦੇ ਨਜ਼ਰ ਆ ਰਹੇ ਸਨ।

ਦਾਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਇਸ ਸੜਕ 'ਤੇ ਕਰੀਬ ਸਾਢੇ ਚਾਰ ਕਿਲੋਮੀਟਰ ਪੈਦਲ ਚੱਲ ਕੇ ਉਹ ਹਾਈਵੇਅ 'ਤੇ ਪਹੁੰਚਿਆ ਜਾਵੇਗਾ।

ਦਾਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਸੜਕ 'ਤੇ ਗੱਡੀ ਚਲਾਉਣ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਉਹ ਚਾਰ ਲੋਕ ਸਨ।

ਉਨ੍ਹਾਂ ਨੇ ਕਿਹਾ, "ਮੈਂ ਉਸ ਦਿਨ ਤੋਂ ਪਹਿਲਾਂ ਅਜਿਹੀ ਸੜਕ ਕਦੇ ਨਹੀਂ ਦੇਖੀ ਸੀ। ਸੜਕ ਦੀ ਹਾਲਤ ਬਹੁਤ ਖ਼ਰਾਬ ਸੀ। ਤਕਰੀਬਨ ਦੋ-ਤਿੰਨ ਕਿਲੋਮੀਟਰ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਉੱਥੇ ਕੋਈ ਸੜਕ ਨਹੀਂ ਸੀ।

ਸਭ ਤੋਂ ਮਾੜੀ ਗੱਲ ਇਹ ਸੀ ਕਿ ਉੱਥੇ ਯੂ-ਟਰਨ ਲੈਣਾ ਅਸੰਭਵ ਸੀ।

ਯਾਨੀ ਇਹ ਚਾਰੇ ਉਸ ਥਾਂ ਵਾਪਸ ਵੀ ਨਹੀਂ ਜਾ ਸਕੇ ਜਿੱਥੋਂ ਇਨ੍ਹਾਂ ਨੇ ਇੱਕ ਗ਼ਲਤ ਮੋੜ ਲਿਆ ਸੀ।

ਉਹ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਸੁਣਿਆ ਸੀ ਕਿ 'ਇਹ ਇੱਕ ਖਤਰਨਾਕ ਜੰਗਲ' ਸੀ।

ਨਿਰਾਸ਼ਾ ਦੇ ਮਾਹੌਲ ਵਿੱਚ ਇਹ ਚਾਰੇ ਸਵੇਰ ਤੱਕ ਕਾਰ ਵਿੱਚ ਹੀ ਬੈਠੇ ਰਹੇ। ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਇਲਾਕੇ ਵਿੱਚ ਕੋਈ ਫ਼ੋਨ ਕਨੈਕਟੀਵਿਟੀ ਨਹੀਂ ਸੀ।

ਇਹ ਲੋਕ ਫ਼ੋਨ ਨੈੱਟਵਰਕ ਲੈਣ ਲਈ ਕੁਝ ਕਿਲੋਮੀਟਰ ਇੱਧਰ ਉੱਧਰ ਪੈਦਲ ਵੀ ਤੁਰੇ ਪਰ ਨੈੱਟਵਰਕ ਨਾ ਮਿਲਿਆ।

ਉਨ੍ਹਾਂ ਨੇ ਜੰਗਲਾਤ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ 112 'ਤੇ ਕਾਲ ਕਰਕੇ ਪੁਲਿਸ ਨਾਲ ਸੰਪਰਕ ਕੀਤਾ।

ਕੁਝ ਘੰਟਿਆਂ ਬਾਅਦ ਸਵੇਰੇ 6 ਵਜੇ ਦੇ ਕਰੀਬ ਪੁਲਿਸ ਸਬ-ਇੰਸਪੈਕਟਰ ਕੇ.ਐੱਲ.ਬੁੱਡੀਗਰ ਉਨ੍ਹਾਂ ਨੂੰ ਜੰਗਲ 'ਚੋਂ ਕੱਢਣ ਲਈ ਉੱਥੇ ਪਹੁੰਚੇ।

ਚੜ੍ਹਦੇ ਸੂਰਜ ਨੇ ਪੁਲਿਸ ਵਾਲਿਆਂ ਦੀ ਉਡੀਕ ਵਿੱਚ ਬੈਠੇ ਚਾਰ ਲੋਕਾਂ ਦੀਆਂ ਆਸਾਂ ਨੂੰ ਥੋੜ੍ਹਾ ਜਿਹਾ ਹੁਲਾਰਾ ਦਿੱਤਾ, ਪਰ ਫਿਰ ਦਾਸ ਅਤੇ ਉਨ੍ਹਾਂ ਦੇ ਭਤੀਜੇ ਨੂੰ ਅਹਿਸਾਸ ਹੋਇਆ ਅੱਗੇ ਰਸਤਾ ਇੱਕ ਛੋਟੇ ਨਾਲੇ ਵੱਲ ਜਾ ਰਿਹਾ ਸੀ।

ਕੁਝ ਅਣਸੁਲਝੇ ਸਵਾਲ ਵੀ ਹਨ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਾਸ ਹੈਰਾਨ ਸੀ ਕਿ ਜਦੋਂ ਕੋਈ ਰਸਤਾ ਨਹੀਂ ਸੀ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਕਿਉਂ ਭੇਜਿਆ।

ਦਾਸ ਨੇ ਹੈਰਾਨੀ ਨਾਲ ਕਿਹਾ, "ਜੇ ਸੜਕ ਨਹੀਂ ਸੀ ਤਾਂ ਜੰਗਲਾਤ ਅਧਿਕਾਰੀਆਂ ਨੇ ਸਾਨੂੰ ਉਸ ਸੜਕ 'ਤੇ ਜਾਣ ਲਈ ਕਿਉਂ ਕਿਹਾ। ਸੜਕ 'ਤੇ ਅਜਿਹਾ ਕੋਈ ਬੋਰਡ ਨਹੀਂ ਸੀ ਜੋ ਇਹ ਦਰਸਾਉਂਦਾ ਹੋਵੇ ਕਿ ਇਹ ਜੰਗਲ ਦਾ ਇਲਾਕਾ ਹੈ।"

ਉਨ੍ਹਾਂ ਨੇ ਕਿਹਾ, "ਗੂਗਲ ਮੈਪਸ ਵੀ ਅੱਜਕੱਲ੍ਹ ਕਈ ਗ਼ਲਤ ਰਸਤੇ ਦਿਖਾ ਰਿਹਾ ਹੈ। ਪਰ ਅਸੀਂ ਇੰਨਾ ਗ਼ਲਤ ਰਾਹ ਪਹਿਲਾਂ ਕਦੇ ਨਹੀਂ ਦੇਖਿਆ ਸੀ।"

ਗੂਗਲ ਮੈਪਸ ਦੀ ਅੱਖਾਂ ਬੰਦ ਕਰਕੇ ਵਰਤੋਂ ਕਰਨ ਵਾਲਿਆਂ ਨੂੰ ਦਾਸ ਨੇ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਮੈਂ ਗੂਗਲ ਮੈਪਸ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ।"

"ਮੈਂ ਇਸ ਘਟਨਾ ਤੋਂ ਬਾਅਦ ਵੀ ਇਸਦੀ ਵਰਤੋਂ ਕੀਤੀ, ਪਰ ਉਸੇ ਤਰ੍ਹਾਂ ਨਹੀਂ ਜਿਵੇਂ ਮੈਂ ਪਹਿਲਾਂ ਕਰਦਾ ਸੀ।"

"ਪਹਿਲਾਂ ਮੈਂ ਪੂਰੀ ਤਰ੍ਹਾਂ ਗੂਗਲ ਮੈਪਸ 'ਤੇ ਨਿਰਭਰ ਸੀ, ਕਿਉਂਕਿ ਜਦੋਂ ਤੁਸੀਂ ਇਕੱਲੇ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਦੇ ਹੋ ਅਤੇ ਉਹ ਵੀ ਕਿਸੇ ਅਣਜਾਣ ਥਾਂ 'ਤੇ, ਤਾਂ ਇਸ ਤਰ੍ਹਾਂ ਦੀ ਐਪ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।"

ਦਾਸ ਕਹਿੰਦੇ ਹਨ, "ਮੈਂ ਲੋਕਾਂ ਨੂੰ ਇੱਕ ਸਲਾਹ ਦੇਣੀ ਚਾਹਾਂਗਾ ਕਿ ਇਸ ਐਪ ਨੂੰ ਇੱਕ ਹੱਦ ਤੱਕ ਵਰਤਣ ਅਤੇ ਇਸ 'ਤੇ ਭਰੋਸਾ ਕਰਨਾ ਚੰਗਾ ਹੈ, ਪਰ ਸਾਨੂੰ ਇਸ 'ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਰਹਿਣਾ ਚਾਹੀਦਾ।"

"ਗੂਗਲ ਦੇ ਨਾਲ-ਨਾਲ ਸਾਨੂੰ ਸਥਾਨਕ ਲੋਕਾਂ ਤੋਂ ਵੀ ਪੁੱਛ-ਪੜਤਾਲ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ।''

ਗੂਗਲ ਦੀ ਗੱਲ

ਗੂਗਲ ਮੈਪਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਪਨੀ ਨੇ ਕਿਹਾ, "ਅਜੇ ਵੀ ਕੰਮ ਕਰਨਾ ਬਾਕੀ ਹੈ। ਅਸੀਂ ਇਸ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ।"

ਗੂਗਲ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਕੰਪਨੀ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੀ ਗੁਣਵੱਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।

ਕੰਪਨੀ ਦਾ ਕਹਿਣਾ ਹੈ ਕਿ 'ਅਸੀਂ ਉਪਭੋਗਤਾਵਾਂ ਨੂੰ ਉਪਯੋਗੀ ਜਾਣਕਾਰੀ ਪ੍ਰਦਾਨ ਕਰਨ ਅਤੇ ਸੁਰੱਖਿਅਤ ਯਾਤਰਾ ਕਰਨ ਵਿੱਚ ਉਨ੍ਹਾਂ ਦੀ ਬਿਹਤਰੀਨ ਮਦਦ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ।'

ਗੂਗਲ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਇੰਨੇ ਵੱਡੇ ਪੈਮਾਨੇ 'ਤੇ ਬਦਲਾਅ ਹੋ ਰਹੇ ਹਨ ਕਿ ਇਹ ਉਨ੍ਹਾਂ ਲਈ ਉਪਲੱਬਧ ਡਾਟਾ ਨੂੰ ਹਾਸਲ ਕਰਨਾ ਚੁਣੌਤੀ ਬਣ ਸਕਦਾ ਹੈ।

ਉਦਾਹਰਨ ਲਈ, "ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਦਾ ਸਭ ਤੋਂ ਵਧੀਆ ਅਤੇ ਸੁਰੱਖਿਅਤ ਤਰੀਕੇ ਨਾਲ ਰਸਤਾ ਵੀ ਮੌਸਮ ਵਿੱਚ ਅਚਾਨਕ ਤਬਦੀਲੀਆਂ ਵਰਗੇ ਕਾਰਕਾਂ ਦੇ ਚਲਦਿਆਂ ਨਾਟਕੀ ਢੰਗ ਨਾਲ ਬਦਲ ਸਕਦਾ ਹੈ।"

ਨਕਸ਼ੇ ਨੂੰ ਅਪਡੇਟ ਰੱਖਣ ਲਈ, ਕੰਪਨੀ ਏਆਈ ਤਕਨੀਕ, ਡਾਟਾ ਪਾਰਟਨਰਜ਼ ਸਣੇ ਕਈ ਥਾਵਾਂ ਤੋਂ ਹਰ ਰੋਜ਼ ਲੱਖਾਂ ਇਨਪੁਟਸ ਦੀ ਵਰਤੋਂ ਕਰ ਰਹੀ ਹੈ।

ਗੂਗਲ ਨੇ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀਆਂ ਨਾਲ ਸਾਂਝੇਦਾਰੀ ਕੀਤੀ ਹੈ।

ਇਸ ਦਾ ਮਕਸਦ ਸੜਕ ਦੇ ਬੰਦ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਵਿਘਨ ਦੀ ਸਥਿਤੀ ਵਿੱਚ ਅਧਿਕਾਰਤ ਜਾਣਕਾਰੀ ਮੁਹੱਈਆ ਕਰਵਾਉਣਾ ਹੈ।

ਅਜਿਹਾ ਪਿਛਲੇ ਸਾਲ ਦਿੱਲੀ 'ਚ ਜੀ-20 ਸੰਮੇਲਨ ਅਤੇ ਕਈ ਸ਼ਹਿਰਾਂ 'ਚ ਆਯੋਜਿਤ ਵਿਸ਼ਵ ਕੱਪ ਦੌਰਾਨ ਦੇਖਣ ਨੂੰ ਮਿਲਿਆ ਸੀ।

ਇਸ ਤੋਂ ਇਲਾਵਾ, ਕੰਪਨੀ ਐਲਗੋਰਿਦਮ, ਆਪਰੇਸ਼ਨ ਚੈਨਲਾਂ ਅਤੇ ਉਪਭੋਗਤਾਵਾਂ ਵੱਲੋਂ ਦਿੱਤੀਆਂ ਗਈਆਂ ਰਿਪੋਰਟਾਂ ਦੇ ਅਧਾਰ 'ਤੇ ਸੜਕਾਂ ਦੀ ਬਦਲਦੀ ਸਥਿਤੀ ਬਾਰੇ ਲਗਾਤਾਰ ਅਪਡੇਟ ਦਿੰਦੀ ਰਹਿੰਦੀ ਹੈ।

ਕੰਪਨੀ ਨੇ ਕਿਹਾ, "ਪਰ ਅਜੇ ਕੰਮ ਕਰਨਾ ਬਾਕੀ ਹੈ। ਅਸੀਂ ਇਸ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਾਂ।"

ਇਸੇ ਤਰ੍ਹਾਂ ਦੋ ਹਫ਼ਤੇ ਪਹਿਲਾਂ ਨਿਤਿਨ, ਅਜੀਤ ਅਤੇ ਅਮਿਤ ਨਾਮ ਦੇ ਤਿੰਨ ਭਰਾ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਬਦਾਯੂੰ ਤੋਂ ਬਰੇਲੀ ਜਾ ਰਹੇ ਸਨ।

ਉਹ ਵੀ ਗੂਗਲ ਮੈਪਸ ਦੀ ਵਰਤੋਂ ਕਰ ਰਹੇ ਸਨ ਪਰ ਇਸ ਰਾਹੀਂ ਉਹ ਇੱਕ ਅਧੂਰੇ ਪੁਲ 'ਤੇ ਪਹੁੰਚ ਗਏ ਸਨ।

ਜਿਸ ਦਾ ਇੱਕ ਹਿੱਸਾ ਹੜ੍ਹਾਂ ਦੌਰਾਨ ਟੁੱਟ ਚੁੱਕਾ ਸੀ ਅਤੇ ਉਨ੍ਹਾਂ ਦੀ ਕਾਰ ਰਾਮਗੰਗਾ ਨਦੀ ਵਿੱਚ ਡਿੱਗ ਗਈ।

ਇਸ ਮਾਮਲੇ ਵਿੱਚ ਗੂਗਲ ਮੈਪਸ ਦੇ ਚਾਰ ਇੰਜਨੀਅਰਾਂ ਅਤੇ ਇੱਕ ਬੇਨਾਮ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)