ਗੁਰੂਦੱਤ ਦਾ ਪਾਲੀ ਹਿੱਲ ਦਾ ਬੰਗਲਾ ਨੰਬਰ 48, ਜੋ ਕਦੇ ʻਘਰʼ ਨਾ ਬਣ ਸਕਿਆ

ਤਸਵੀਰ ਸਰੋਤ, SIMON & SCHUSTER PUBLISHER
- ਲੇਖਕ, ਯਾਸਿਰ ਉਸਮਾਨ
- ਰੋਲ, ਫਿਲਮ ਇਤਿਹਾਸਕਾਰ, ਬੀਬੀਸੀ ਲਈ
ਫਿਲਮ ਬਣਾਉਣ ਵਾਲੇ ਪਰਦੇ 'ਤੇ ਸੁਪਨੇ ਸਿਰਜਦੇ ਹਨ। ਪਰ ਅਕਸਰ ਉਨ੍ਹਾਂ ਦਾ ਆਪਣਾ ਸੁਪਨਾ ਇੱਕ ਘਰ ਦਾ ਹੀ ਹੁੰਦਾ ਹੈ। ਹਰ ਫਿਲਮ ਸਟਾਰ ਦੀ ਇੱਛਾ ਹੁੰਦੀ ਹੈ, 'ਇੱਕ ਬੰਗਲਾ ਬਣੇ ਨਿਆਰਾ।'
ਮੁੰਬਈ ਦੇ ਪਾਲੀ ਹਿੱਲ ਦਾ ਬੰਗਲਾ ਨੰਬਰ 48 ਦੇਖਣ ਵਾਲੇ ਇਸ ਦੀ ਸ਼ਾਨ ਨੂੰ ਕਦੇ ਨਹੀਂ ਭੁੱਲ ਸਕੇ। ਇਹ ਮਹਾਨ ਫਿਲਮਕਾਰ ਗੁਰੂਦੱਤ ਦੇ ਸੁਪਨਿਆਂ ਦਾ ਘਰ ਸੀ। ਗੁਰੂ ਅਤੇ ਗੀਤਾ ਦੱਤ ਦਾ ਆਲੀਸ਼ਾਨ, ਐਸ਼-ਓ-ਆਰਾਮ ਵਾਲਾ ਬੰਗਲਾ ਨੰਬਰ 48।
ਪਰ ਇਹ ਬੰਗਲਾ ‘ਘਰ’ ਨਾ ਬਣ ਸਕਿਆ ਅਤੇ ਫਿਰ, ਗੁਰੂ ਦੱਤ ਨੇ ਜਿਸ ਜਜ਼ਬੇ ਨਾਲ ਇਹ ਬੰਗਲਾ ਬਣਵਾਇਆ ਸੀ, ਓਨੇ ਹੀ ਜਨੂੰਨ ਨਾਲ ਇੱਕ ਦੁਪਹਿਰ ਨੂੰ ਉਸ ਨੂੰ ਵੀ ਢਾਹ ਵੀ ਦਿੱਤਾ ਸੀ।
ਗੁਰੂਦੱਤ 'ਤੇ ਆਪਣੀ ਕਿਤਾਬ ਲਿਖਣ ਵੇਲੇ ਉਨ੍ਹਾਂ ਦੀ ਬੇਮਿਸਾਲ ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਦੇ ਇਸ ਪਹਿਲੂ ਨੇ ਮੈਨੂੰ ਸਭ ਤੋਂ ਵੱਧ ਸੋਚ ਵਿੱਚ ਪਾਇਆ। ਬੰਗਲੇ ਦੀ ਇਹ ਕਹਾਣੀ ਗੁਰੂਦੱਤ ਦੇ ਜੀਵਨ ਦੀ ਦਾਸਤਾਂ ਵੀ ਹੈ।

1950 ਦੇ ਦਹਾਕੇ ਵਿੱਚ, ਮੁੰਬਈ (ਉਸ ਸਮੇਂ ਬੰਬਈ) ਦੇ ਬਾਂਦਰਾ (ਪੱਛਮੀ) ਵਿੱਚ ਪਾਲੀ ਹਿੱਲ ਇੱਕ ਸੰਘਣੇ ਰੁੱਖ ਵਾਲਾ ਇਲਾਕਾ ਸੀ।
ਢਲਾਣ ਵਾਲੀ ਪਹਾੜੀ 'ਤੇ ਸਥਿਤ ਹੋਣ ਕਾਰਨ ਇਸ ਦਾ ਨਾਂ ਪਾਲੀ ਹਿੱਲ ਪੈ ਗਿਆ ਸੀ। ਉਸ ਦੌਰ ਦੇ ਪਾਲੀ ਹਿੱਲ ਵਿੱਚ ਜ਼ਿਆਦਾਤਰ ਲੋਕ ਕੋਟੇਜ ਜਾਂ ਬੰਗਲਿਆਂ ਵਿੱਚ ਰਹਿੰਦੇ ਸਨ।
ਬੰਗਲਿਆਂ ਦੇ ਮਾਲਕ ਸ਼ੁਰੂ ਵਿੱਚ ਬ੍ਰਿਟਿਸ਼, ਪਾਰਸੀ ਅਤੇ ਕੈਥੋਲਿਕ ਲੋਕ ਸਨ। ਬਾਅਦ ਵਿੱਚ ਦਿਲੀਪ ਕੁਮਾਰ, ਦੇਵ ਆਨੰਦ ਅਤੇ ਮੀਨਾ ਕੁਮਾਰੀ ਵਰਗੇ ਹਿੰਦੀ ਫਿਲਮਾਂ ਦੇ ਸਿਤਾਰੇ ਉੱਥੇ ਰਹਿਣ ਲੱਗੇ।
ਸਮੇਂ ਦੇ ਬੀਤਣ ਦੇ ਨਾਲ, ਪਾਲੀ ਹਿੱਲ ਇੱਕ ਪ੍ਰਭਾਵਸ਼ਾਲੀ ਅਤੇ ਮਹਿੰਗੇ ਇਲਾਕੇ ਵਜੋਂ ਵਿਕਸਤ ਹੋ ਗਿਆ।
ਇਸ ਸਭ ਤੋਂ ਦੂਰ, 1925 ਵਿੱਚ ਬੰਗਲੌਰ ਨੇੜੇ ਪੰਨੰਬੂਰ ਵਿੱਚ ਜਨਮੇ ਗੁਰੂਦੱਤ ਪਾਦੁਕੋਣ ਦਾ ਆਪਣਾ ਬਚਪਨ ਸਖ਼ਤ ਆਰਥਿਕ ਸੰਘਰਸ਼ ਵਿੱਚ ਬੀਤਿਆ। ਇੰਜ ਜਾਪਦਾ ਸੀ ਜਿਵੇਂ ਪਰੇਸ਼ਾਨੀਆਂ ਦਾ ਕੋਈ ਅੰਤ ਹੀ ਨਹੀਂ ਸੀ।
ਉਨ੍ਹਾਂ ਦੀ ਛੋਟੀ ਭੈਣ ਲਲਿਤਾ ਲਾਜਮੀ ਨੇ ਮੈਨੂੰ ਦੱਸਿਆ, “ਸਾਡੇ ਬਚਪਨ ਵਿੱਚ ਸਾਡੇ ਕੋਲ ਕੋਈ ਢੰਗ ਦਾ ਘਰ ਨਹੀਂ ਸੀ। ਸਾਡਾ ਵੱਡਾ ਪਰਿਵਾਰ ਸਾਧਨਾਂ ਦੀ ਘਾਟ ਨਾਲ ਲਗਾਤਾਰ ਜੂਝਦਾ ਰਿਹਾ। ਉਹ ਜੀਵਨ ਆਰਥਿਕ ਤੌਰ 'ਤੇ ਮੁਸ਼ਕਲ ਸੀ।"

ਤਸਵੀਰ ਸਰੋਤ, SIMON & SCHUSTER PUBLISHER
ਦੇਵ ਆਨੰਦ ਦਾ ਘਰ ਅਤੇ ਗੁਰੂਦੱਤ ਦਾ ਸੁਪਨਾ
ਉਸ ਸਮੇਂ ਗੁਰੂਦੱਤ ਲਈ ਘਰ ਬਾਰੇ ਸੋਚਣਾ ਵੀ ਦੂਰ ਦਾ ਸੁਪਨਾ ਜਾਪਦਾ ਸੀ। ਕਲਕੱਤਾ, ਅਲਮੋੜਾ ਅਤੇ ਪੂਣੇ ਵਿੱਚ ਆਪਣੇ ਸ਼ੁਰੂਆਤੀ ਸਾਲ ਬਿਤਾਉਣ ਤੋਂ ਬਾਅਦ, ਕਿਸਮਤ ਉਨ੍ਹਾਂ ਨੂੰ ਮੁੰਬਈ ਲੈ ਆਈ ਸੀ।
ਇੱਥੇ ਗੁਰੂਦੱਤ ਦੀ ਮੁਲਾਕਾਤ ਹੋਈ ਆਪਣੇ ਦੋਸਤ ਅਦਾਕਾਰ ਦੇਵ ਆਨੰਦ ਨਾਲ। ਉਨ੍ਹਾਂ ਦੀ ਦੋਸਤੀ ਕੁਝ ਸਾਲ ਪਹਿਲਾਂ ਪੁਣੇ ਦੇ ਪ੍ਰਭਾਤ ਸਟੂਡੀਓ ਵਿੱਚ ਸ਼ੁਰੂ ਹੋਈ ਸੀ ਜਦੋਂ ਦੇਵ ਵੀ ਫਿਲਮਾਂ ਵਿੱਚ ਕੰਮ ਕਰਨ ਲਈ ਸੰਘਰਸ਼ ਕਰ ਰਹੇ ਸਨ।
ਦੇਵ ਆਨੰਦ ਨੇ ਆਪਣੀ ਸਵੈ-ਜੀਵਨੀ 'ਰੋਮਾਂਸਿੰਗ ਵਿਦ ਲਾਈਫ' 'ਚ ਲਿਖਿਆ, "ਅਸੀਂ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਜਿਸ ਦਿਨ ਮੈਂ ਨਿਰਮਾਤਾ ਬਣਾਂਗਾ, ਮੈਂ ਗੁਰੂ ਨੂੰ ਨਿਰਦੇਸ਼ਕ ਦੇ ਤੌਰ 'ਤੇ ਲਵਾਂਗਾ ਅਤੇ ਜਿਸ ਦਿਨ ਉਹ ਕਿਸੇ ਫਿਲਮ ਦਾ ਨਿਰਦੇਸ਼ਨ ਕਰਨਗੇ, ਉਹ ਮੈਨੂੰ ਹੀਰੋ ਵਜੋਂ ਲੈਣਗੇ।"
ਦੇਵ ਆਨੰਦ ਨੂੰ ਆਪਣਾ ਵਾਅਦਾ ਯਾਦ ਰਿਹਾ। ਗੁਰੂਦੱਤ 'ਤੇ ਦਾਅ ਲਗਾ ਕੇ ਉਨ੍ਹਾਂ ਨੇ ਆਪਣੀ ਫਿਲਮ 'ਬਾਜ਼ੀ' ਦਾ ਨਿਰਦੇਸ਼ਨ ਉਨ੍ਹਾਂ ਨੂੰ ਦੇ ਦਿੱਤਾ। ਗੁਰੂ ਦੀ ਇਹ ਪਹਿਲੀ ਫਿਲਮ ਸੀ।

ਤਸਵੀਰ ਸਰੋਤ, YASEER USMAN
ਫਿਲਮਸਟਾਰ ਦੇਵ ਆਨੰਦ ਦਾ ਖ਼ੂਬਸੂਰਤ ਘਰ ਪਾਲੀ ਹਿੱਲ 'ਚ ਸੀ। ਫਿਲਮ ਦੇ ਨਿਰਮਾਣ ਦੌਰਾਨ, ਗੁਰੂਦੱਤ ਅਕਸਰ ਦੇਵ ਦੇ ਪਾਲੀ ਹਿੱਲ ਬੰਗਲੇ 'ਤੇ ਆਉਣ-ਜਾਣ ਲੱਗੇ।
ਗੁਰੂ ਦੱਤ 'ਤੇ ਆਪਣੀ ਕਿਤਾਬ 'ਗੁਰੂਦੱਤ ਐਨ ਅਨਫਿਨੀਸ਼ਡ ਸਟੋਰੀ' ਲਈ ਖੋਜ ਕਰਦੇ ਸਮੇਂ, ਗੁਰੂਦੱਤ ਦੀ ਭੈਣ ਅਤੇ ਮਸ਼ਹੂਰ ਕਲਾਕਾਰ ਲਲਿਤਾ ਲਾਜਮੀ ਨੇ ਮੈਨੂੰ ਦੱਸਿਆ, "ਉਹ ਦੇਵ ਆਨੰਦ ਦੇ ਬੰਗਲੇ ਦੀ ਵਾਰ-ਵਾਰ ਬੇਹੱਦ ਤਾਰੀਫ਼ ਕਰਦੇ ਸਨ।"
"ਅਸੀਂ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣਦੇ। ਉਹ ਕਹਿੰਦਾ ਸੀ ਕਿ ਘਰ ਤਾਂ ਅਜਿਹਾ ਹੀ ਹੋਣਾ ਚਾਹੀਦਾ ਹੈ। ਆਪਣਾ ਘਰ ਬਣਾਉਣ ਦੀ ਇੱਛਾ ਸਾਡੇ ਸਾਰਿਆਂ ਅੰਦਰ ਸੀ ਕਿਉਂਕਿ ਸਾਡੇ ਕੋਲ ਕਦੇ ਘਰ ਨਹੀਂ ਸੀ।"
ਦੇਵ ਆਨੰਦ ਦੇ ਘਰ ਆਉਣ-ਜਾਣ ਦੌਰਾਨ ਹੀ ਗੁਰੂ ਨੇ ਮਨ ਵਿੱਚ ਇਹ ਹਸਰਤ ਪਾਲੀ ਕਿ ਜੇਕਰ ਜ਼ਿੰਦਗੀ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਪਾਲੀ ਹਿੱਲ ਵਿੱਚ ਆਪਣਾ ਬੰਗਲਾ ਬਣਵਾਉਣਗੇ। ਇਹ ਉਨ੍ਹਾਂ ਦੇ ਸੁਪਨਿਆਂ ਦਾ ਘਰ ਹੋਵੇਗਾ।

ਤਸਵੀਰ ਸਰੋਤ, SIMON & SCHUSTER PUBLISHER
'ਮੈਂ ਤੇਰੇ ਭਰਾ ਨਾਲ ਵਿਆਹ ਕਰਵਾਉਣ ਜਾ ਰਹੀ ਹਾਂ, ਆਪਾਂ ਮਿਲ ਕੇ ਘਰ ਬਣਾਵਾਂਗੇ'
ਇਸ ਫਿਲਮ ਨੇ ਬੰਗਲੇ ਦੀ ਇੱਛਾ ਪੈਦਾ ਕੀਤੀ ਅਤੇ ਇਸੇ ਫਿਲਮ 'ਬਾਜ਼ੀ' ਦੇ ਨਿਰਮਾਣ ਦੌਰਾਨ ਪਿਆਰ ਨੇ ਵੀ ਦਸਤਕ ਦਿੱਤੀ।
ਸੰਘਰਸ਼ਸ਼ੀਲ ਨਿਰਦੇਸ਼ਕ ਗੁਰੂਦੱਤ ਅਤੇ ਉਸ ਜ਼ਮਾਨੇ ਦੀ ਸਟਾਰ ਪਲੇਬੈਕ ਗਾਇਕਾ ਗੀਤਾ ਰਾਏ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਗੁਰੂ ਦੇ ਪਰਿਵਾਰ ਵੀ ਗੀਤਾ ʼਤੇ ਜਾਨ ਛਿੜਕਦਾ ਸੀ।
ਗੁਰੂ ਦੱਤ ਦੀ ਭੈਣ ਲਲਿਤਾ ਲਾਜਮੀ ਨੇ ਮੈਨੂੰ ਦੱਸਿਆ, "ਗੀਤਾ ਸਟਾਰ ਸੀ। ਪਰ ਸਾਦਗੀ ਪਸੰਦ ਸੀ। ਸਾਡੀ ਦੋਸਤੀ ਹੋ ਗਈ ਸੀ। ਉਹ ਮੇਰੇ ਬਹੁਤ ਨੇੜੇ ਸੀ। ਉਹ ਆਪਣੇ ਪਰਿਵਾਰ ਨਾਲ ਇੱਕ ਬੰਗਲੇ ਵਿੱਚ ਰਹਿੰਦੀ ਸੀ ਜਿਸ ਦਾ ਨਾਮ ‘ਅਮੀਆ ਕੁਟੀਰ’ ਸੀ।"
"ਮੈਨੂੰ ਯਾਦ ਹੈ ਕਿ ਇੱਕ ਰਾਤ ਆਪਣੇ ਬੰਗਲੇ ਦੀ ਬਾਲਕੋਨੀ ਵਿੱਚ ਖੜ੍ਹੀ ਹੋ ਕੇ ਗੀਤਾ ਨੇ ਮੈਨੂੰ ਕਿਹਾ, 'ਮੈਂ ਤੇਰੇ ਭਰਾ ਨਾਲ ਵਿਆਹ ਕਰਵਾਉਣ ਜਾ ਰਹੀ ਹਾਂ। ਅਸੀਂ ਮਿਲ ਕੇ ਆਪਣਾ ਘਰ ਬਣਾਵਾਂਗੇ।”
26 ਮਈ 1953 ਨੂੰ ਦੋਵਾਂ ਦਾ ਵਿਆਹ ਹੋਇਆ। ਵਿਆਹ ਵੇਲੇ ਵੀ ਗੀਤਾ ਰਾਏ ਗੁਰੂਦੱਤ ਤੋਂ ਵੱਧ ਪ੍ਰਸਿੱਧ ਸੀ।

ਤਸਵੀਰ ਸਰੋਤ, SIMON & SCHUSTER PUBLISHER
ਪਿਆਰ ਵਿੱਚ ਡੁੱਬੀ ਸਟਾਰ ਗਾਇਕਾ ਗੀਤਾ ਰਾਏ ਨੇ ਆਪਣਾ ਨਾਮ ਬਦਲ ਕੇ ਗੀਤਾ ਦੱਤ ਰੱਖ ਲਿਆ ਸੀ।
ਹਾਲਾਂਕਿ, ਜਿਉਂ-ਜਿਉਂ ਜ਼ਿੰਦਗੀ ਅੱਗੇ ਵਧਦੀ ਗਈ, ਉਸ ਨੂੰ ਅਹਿਸਾਸ ਹੋਣ ਲੱਗਾ ਕਿ ਤਬਦੀਲੀ ਸਿਰਫ਼ ਉਨ੍ਹਾਂ ਦੇ ਨਾਂ ਵਿੱਚ ਹੀ ਨਹੀਂ ਹੋਈ ਸੀ। ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ ਸੀ।
ਗੁਰੂਦੱਤ ਚਾਹੁੰਦੇ ਸਨ ਕਿ ਗੀਤਾ ਹੁਣ ਸਿਰਫ ਉਨ੍ਹਾਂ ਦੀਆਂ ਫਿਲਮਾਂ ਵਿੱਚ ਗਾਵੇ। ਗੁਰੂ ਦਾ ਕਰੀਅਰ ਵੀ ਬਹੁਤ ਤੇਜ਼ੀ ਨਾਲ ਚੜ੍ਹਿਆ।
'ਆਰ ਪਾਰ', 'ਮਿਸਟਰ ਐਂਡ ਮਿਸਿਜ਼ 55' ਅਤੇ ਫਿਰ 'ਪਿਆਸਾ' ਦੀ ਸਫ਼ਲਤਾ ਨਾਲ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਦੀ ਗਿਣਤੀ ਹਿੰਦੀ ਸਿਨੇਮਾ ਦੇ ਸਫ਼ਲ ਫਿਲਮਕਾਰਾਂ ਵਿੱਚ ਹੋਣ ਲੱਗੀ।
ਜਦਕਿ ਗੀਤਾ ਦਾ ਕਰੀਅਰ ਵਿਆਹ ਤੋਂ ਬਾਅਦ ਠੱਪ ਜਿਹਾ ਹੋ ਗਿਆ ਸੀ। ਲਲਿਤਾ ਲਾਜਮੀ ਨੇ ਮੈਨੂੰ ਦੱਸਿਆ ਸੀ ਕਿ ਗੀਤਾ ਆਪਣੇ ਕਰੀਅਰ 'ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੀ ਸੀ ਪਰ ਗੁਰੂ ਚਾਹੁੰਦੇ ਸਨ ਕਿ ਉਹ ਘਰ, ਪਰਿਵਾਰ ਅਤੇ ਬੱਚਿਆਂ ਦਾ ਧਿਆਨ ਰੱਖੇ ਅਤੇ ਸਿਰਫ਼ ਉਨ੍ਹਾਂ ਦੀਆਂ ਫਿਲਮਾਂ 'ਚ ਗੀਤ ਹੀ ਗਾਵੇ।
ਗੀਤਾ ਨੂੰ ਇਹ ਗੱਲ ਚੁਭਣ ਲੱਗੀ। ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਝਗੜੇ ਹੁੰਦੇ ਰਹੇ ਪਰ ਪਹਿਲਾਂ ਤਾਂ ਦੋਵੇਂ ਹੀ ਇਸ ਨੂੰ ਸੁਲਝਾ ਵੀ ਲੈਂਦੇ ਸਨ।
ਜਦੋਂ ਸੁਪਨਾ ਹਕੀਕਤ ਬਣ ਗਿਆ
ਫਿਰ ਇੱਕ ਦਿਨ ਗੁਰੂਦੱਤ ਨੇ ਅਖ਼ਬਾਰ ਵਿੱਚ ਇੱਕ ਇਸ਼ਤਿਹਾਰ ਦੇਖਿਆ ਕਿ ਪਾਲੀ ਹਿੱਲ ਵਿੱਚ ਇੱਕ ਪੁਰਾਣਾ ਬੰਗਲਾ ਵਿਕਾਊ ਹੈ।
ਉਨ੍ਹਾਂ ਨੇ ਇਸ ਨੂੰ ਇਕ ਲੱਖ ਰੁਪਏ ਵਿੱਚ ਖਰੀਦ ਲਿਆ, ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ। ਬੰਗਲਾ ਨੰਬਰ 48, ਪਾਲੀ ਹਿੱਲ: ਗੁਰੂਦੱਤ ਦੇ ਸੁਪਨੇ ਦਾ ਪਤਾ ਸੀ ਜੋ ਹੁਣ ਹਕੀਕਤ ਬਣ ਗਿਆ ਸੀ।
ਇਹ ਬੰਗਲਾ ਕਰੀਬ ਤਿੰਨ ਵਿੱਘੇ ਜ਼ਮੀਨ ਵਿੱਚ ਫੈਲਿਆ ਹੋਇਆ ਸੀ। ਇਹ ਸੰਘਣੇ ਰੁੱਖਾਂ ਅਤੇ ਬਾਗਾਂ ਨਾਲ ਘਿਰਿਆ ਹੋਇਆ ਸੀ।
ਦੇਵ ਆਨੰਦ ਦੇ ਬੰਗਲੇ ਤੋਂ ਵੀ ਵੱਡਾ। ਗੁਰੂ ਅਤੇ ਗੀਤਾ ਨੇ ਇਸ ਨੂੰ ਘਰ ਬਣਾਉਣ ਲਈ ਬਹੁਤ ਸਾਰਾ ਸਮਾਂ ਅਤੇ ਪੈਸਾ ਖਰਚ ਕੀਤਾ। ਕਸ਼ਮੀਰ ਤੋਂ ਲੱਕੜ, ਲੰਡਨ ਤੋਂ ਕਾਰਪੇਟ ਅਤੇ ਬਾਥਰੂਮਾਂ ਲਈ ਸ਼ੁੱਧ ਇਤਾਲਵੀ ਸੰਗਮਰਮਰ ਮੰਗਵਾਇਆ ਗਿਆ।
ਗੁਰੂ ਦੱਤ ਦੀ ਮਾਂ ਵਾਸੰਤੀ ਨੇ ਆਪਣੀ ਕਿਤਾਬ 'ਮਾਈ ਸਨ ਗੁਰੂਦੱਤ' 'ਚ ਲਿਖਿਆ ਸੀ, "ਪਾਲੀ ਹਿੱਲ ਦੇ ਬੰਗਲੇ ਨੂੰ ਵੱਡੇ ਬਗੀਚੇ ਅਤੇ ਸਾਹਮਣੇ ਲਾਅਨ ਦੇ ਨਾਲ ਸੋਹਣੇ ਮਕਾਨ ਦਾ ਰੂਪ ਦਿੱਤਾ ਗਿਆ।"
"ਪੌੜੀਆਂ ਤੋਂ ਪੱਛਮ ਵਾਲੇ ਪਾਸੇ ਤੋਂ ਸਮੁੰਦਰ ਅਤੇ ਸੂਰਜ ਡੁੱਬਦਾ ਦਿਖਾਈ ਦਿੰਦਾ ਸੀ। ਉਸ ਨੇ ਹਰ ਕਿਸਮ ਦੇ ਕੁੱਤੇ, ਸੋਹਣੀਆਂ ਚਿੜੀਆਂ, ਇੱਕ ਸਿਆਮੀ ਬਿੱਲੀ ਅਤੇ ਇੱਕ ਬਾਂਦਰ ਵੀ ਖਰੀਦਿਆ ਸੀ। ਉਹ ਇੱਕ ਪੋਲਟਰੀ ਫਾਰਮ ਵੀ ਸ਼ੁਰੂ ਕਰਨਾ ਚਾਹੁੰਦਾ ਸੀ।"
ਦੂਜੇ ਬੇਟੇ ਅਰੁਣ ਦੇ ਜਨਮ ਤੋਂ ਬਾਅਦ, ਗੁਰੂਦੱਤ ਅਤੇ ਉਨ੍ਹਾਂ ਦਾ ਪਰਿਵਾਰ ਪਾਲੀ ਹਿੱਲ ਦੇ ਆਪਣੇ ਖਰ ਵਾਲੇ ਫਲੈਟ ਤੋਂ ਬੰਗਲਾ ਨੰਬਰ 48 ਵਿੱਚ ਚਲੇ ਗਏ ਸਨ।
ਖੁਸ਼ੀਆਂ ਨਾਲ ਭਰੇ ਇਸ ਪਰਿਵਾਰ ਵਿੱਚ ਗੁਰੂ-ਗੀਤਾ ਦੇ ਦੋ ਬੱਚੇ ਸਨ, ਕਾਮਯਾਬੀ ਅਤੇ ਸੁਖੀ ਜੀਵਨ ਦੀ ਕਾਮਨਾ ਸੀ।
ਸ਼ੁਰੂਆਤੀ ਸਾਲਾਂ ਵਿੱਚ, ਇਹ ਬੰਗਲਾ ਸੈਂਕੜੇ ਕਹਾਣੀਆਂ, ਫਿਲਮਾਂ ʼਤੇ ਚਰਚਾ, ਪਾਰਟੀਆਂ ਅਤੇ ਸੰਗੀਤਕ ਸ਼ਾਮਾਂ ਦਾ ਗਵਾਹ ਬਣਿਆ। ਪਰ ਇਨ੍ਹਾਂ ਸਾਲਾਂ ਦੌਰਾਨ ਗੁਰੂ ਅਤੇ ਗੀਤਾ ਦੇ ਸਮੀਕਰਨ ਕਾਫੀ ਬਦਲ ਗਏ ਸਨ।

ਤਸਵੀਰ ਸਰੋਤ, SIMON & SCHUSTER PUBLISHER
ਹੁਣ ਗੁਰੂਦੱਤ ਸਟਾਰ ਸੀ ਅਤੇ ਗੀਤਾ ਪਿੱਛੜ ਗਈ ਸੀ
ਗੁਰੂਦੱਤ ਹੁਣ ਇੱਕ ਸਟਾਰ ਨਿਰਦੇਸ਼ਕ ਸੀ ਜਦਕਿ ਗੀਤਾ ਦਾ ਸਟਾਰਡਮ ਇਹਨਾਂ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਘਟਿਆ ਸੀ।
ਇਸ ਸਮੇਂ ਦੌਰਾਨ ਹੀ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨੇ ਪਲੇਬੈਕ ਗਾਇਕੀ ਵਿੱਚ ਤੇਜ਼ੀ ਨਾਲ ਵਾਧਾ ਕੀਤਾ।
ਗੀਤਾ ਇਸ ਦੌੜ ਵਿਚ ਪਛੜ ਗਈ ਸੀ, ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਪੁਰਾਣੇ ਜ਼ਮਾਨੇ ਦੀ ਗਾਇਕਾ ਬਣ ਗਈ ਹੋਵੇ।
ਗੁਰੂਦੱਤ ਕੰਮ ਵਿੱਚ ਡੁੱਬੇ ਰਹਿੰਦੇ ਸਨ। ਹੁਣ ਉਨ੍ਹਾਂ ਦਾ ਆਪਣਾ ਸਟੂਡੀਓ ਸੀ ਅਤੇ ਲਗਾਤਾਰ ਫ਼ਿਲਮਾਂ ਦਾ ਨਿਰਮਾਣ ਕਰਨਾ ਸੀ।
ਉਨ੍ਹਾਂ ਕੋਲ ਗੀਤਾ ਲਈ ਜ਼ਿਆਦਾ ਸਮਾਂ ਨਹੀਂ ਸੀ। ਅਭਿਨੇਤਰੀਆਂ ਨਾਲ ਉਨ੍ਹਾਂ ਦੇ ਸਬੰਧਾਂ ਦੀ ਵੀ ਫਿਲਮੀ ਹਲਕਿਆਂ 'ਚ ਕਾਫੀ ਚਰਚਾ ਹੋਣ ਲੱਗੀ ਸੀ।
ਮੇਰੀ ਕਿਤਾਬ 'ਗੁਰੂਦੱਤ ਐਨ ਅਨਫਿਨੀਸ਼ਡ ਸਟੋਰੀ' ਲਈ ਦਿੱਤੇ ਇੰਟਰਵਿਊ 'ਚ ਲਲਿਤਾ ਲਾਜਮੀ ਨੇ ਮੈਨੂੰ ਦੱਸਿਆ ਸੀ, "ਗੀਤਾ ਸ਼ੱਕੀ ਸੁਭਾਅ ਦੀ ਸੀ ਅਤੇ ਬਹੁਤ ਹੀ ਪਜ਼ੇਸਿਵ ਵੀ। ਇੱਕ ਫਿਲਮ ਨਿਰਮਾਤਾ ਜਾਂ ਅਦਾਕਾਰ ਕਈ ਅਭਿਨੇਤਰੀਆਂ ਨਾਲ ਕੰਮ ਕਰਦਾ ਹੈ ਪਰ ਗੀਤਾ ਲਈ ਇਹ ਸਵੀਕਾਰ ਕਰਨਾ ਮੁਸ਼ਕਲ ਹੋ ਰਿਹਾ ਸੀ।"

ਤਸਵੀਰ ਸਰੋਤ, SIMON & SCHUSTER PUBLISHER
ਝਗੜੇ ਵਧਦੇ ਗਏ। ਇਕੱਲੇਪਣ ਤੋਂ ਵੱਧ, ਸਟਾਰਡਮ ਗੁਆਉਣ ਦੇ ਅਹਿਸਾਸ ਨੇ ਵੀ ਗੀਤਾ ਨੂੰ ਘੇਰਿਆ। ਨਿੱਜੀ ਅਤੇ ਪੇਸ਼ੇਵਰ ਨਿਰਾਸ਼ਾ ਨਾਲ ਨਜਿੱਠਣ ਵਿੱਚ ਨਾਕਾਮ ਹੋ ਕੇ ਗੁਰੂਦੱਤ ਨੇ ਸ਼ਰਾਬ ਵਿੱਚ ਸ਼ਾਂਤੀ ਭਾਲ ਲਈ।
ਗੁਰੂਦੱਤ ਦੀ ਮਾਂ ਵਾਸੰਤੀ ਨੇ ਆਪਣੀ ਕਿਤਾਬ ʻਮਾਈ ਸਨ ਗੁਰੂਦੱਤ' ਵਿੱਚ ਲਿਖਿਆ, "ਘਰ ਤਾਂ ਬਣਾ ਲਿਆ ਪਰ ਗੁਰੂਦੱਤ ਮਸਰੂਫ਼ ਹੋਣ ਕਾਰਨ ਆਪਣੇ ਖ਼ੁਦ ਦੇ ਘਰ ʼਤੇ ਧਿਆਨ ਨਹੀਂ ਦੇ ਸਕਿਆ।"
ਬੰਬਈ ਦੀ ਪ੍ਰਮੁੱਖ ਰੀਅਲ ਅਸਟੇਟ ਦੇ ਸਭ ਤੋਂ ਖ਼ੂਬਸੂਰਤ ਬੰਗਲਿਆਂ ਵਿੱਚੋਂ ਇੱਕ ਇਸ ਘਰ ਵਿੱਚ ਨੀਂਦ ਤੱਕ ਨਹੀਂ ਆਉਂਦੀ ਸੀ।
ਗੁਰੂਦੱਤ ਦੇ ਮਿੱਤਰ ਲੇਖਕ ਬਿਮਲ ਮਿੱਤਰ ਦੀ ਪੁਸਤਕ ‘ਬਿਨੀਦਰ’ ਵਿੱਚ ਦਰਜ ਹੈ ਕਿ ਗੁਰੂਦੱਤ ਨੇ ਇੱਕ ਵਾਰ ਉਨ੍ਹਾਂ ਨੂੰ ਕਿਹਾ ਸੀ, “ਮੈਂ ਹਮੇਸ਼ਾ ਆਪਣੇ ਮਕਾਨ ਵਿੱਚ ਖੁਸ਼ ਰਹਿਣਾ ਚਾਹੁੰਦਾ ਸੀ।"
"ਮੇਰਾ ਘਰ ਪਾਲੀ ਹਿੱਲ ਦੀਆਂ ਸਾਰੀਆਂ ਇਮਾਰਤਾਂ ਵਿੱਚੋਂ ਸਭ ਤੋਂ ਸੋਹਣਾ ਹੈ। ਉਸ ਮਕਾਨ ਵਿੱਚ ਬੈਠ ਕੇ ਲੱਗਦਾ ਹੀ ਨਹੀਂ ਕਿ ਤੁਸੀਂ ਬੰਬਈ ਵਿਚ ਹੋ। ਉਹ ਬਗ਼ੀਚਾ, ਉਹ ਮਾਹੌਲ ਹੋਰ ਕਿੱਥੇ ਮਿਲੇਗਾ ਮੈਨੂੰ? ਇਸ ਦੇ ਬਾਵਜੂਦ ਮੈਂ ਇਸ ਵਿੱਚ ਜ਼ਿਆਦਾ ਦੇਰ ਨਹੀਂ ਰੁੱਕ ਸਕਦਾ।"
ਅਕਸਰ ਸਵੇਰੇ-ਸਵੇਰੇ, ਉਹ ਨੀਂਦ ਭਰੀਆਂ ਅੱਖਾਂ ਨਾਲ ਉਹ ਆਪਣੇ ਸਟੂਡੀਓ ਪਹੁੰਚ ਜਾਂਦੇ। ਇੱਥੇ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਚੁੱਪਚਾਪ ਲੇਟ ਜਾਂਦੇ ਅਤੇ ਇੱਥੇ ਹੀ ਉਨ੍ਹਾਂ ਨੂੰ ਨੀਂਦ ਆਉਂਦੀ ਸੀ।
ਕਦੀ ਸਕੂਨ ਦੀ ਭਾਲ ਵਿੱਚ ਉਹ ਬੰਬਈ ਤੋਂ ਭੱਜ ਕੇ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ ਚਲੇ ਜਾਂਦੇ ਅਤੇ ਕਈ ਦਿਨ ਉੱਥੇ ਖੇਤੀ ਕਰਦੇ।

ਤਸਵੀਰ ਸਰੋਤ, SIMON & SCHUSTER PUBLISHER
ਬੰਗਲੇ ਵਿੱਚ ਇੱਕ ਭੂਤ ਰਹਿੰਦਾ ਹੈ!
ਗੁਰੂ ਅਤੇ ਗੀਤਾ ਦੇ ਰਿਸ਼ਤੇ ਵਿੱਚ ਦੂਰੀ ਵਧਦੀ ਗਈ। ਆਪਸੀ ਸਬੰਧਾਂ ਨੂੰ ਸੁਧਾਰਨ ਲਈ ਨਿਰਦੇਸ਼ਕ ਗੁਰੂਦੱਤ ਨੇ ਗੀਤਾ ਨੂੰ ਬਤੌਰ ਹੀਰੋਇਨ ਲੈ ਕੇ ਵੱਡੀ ਫ਼ਿਲਮ ‘ਗੌਰੀ’ ਸ਼ੁਰੂ ਕੀਤੀ।
ਪਰ ਸ਼ੂਟਿੰਗ ਦੌਰਾਨ ਹੀ ਦੋਵਾਂ ਵਿਚਾਲੇ ਲੜਾਈ ਇੰਨੀ ਵਧ ਗਈ ਕਿ ਗੁਰੂਦੱਤ ਨੇ ਸ਼ੁਰੂਆਤੀ ਸ਼ੂਟਿੰਗ ਤੋਂ ਬਾਅਦ 'ਗੌਰੀ' ਨੂੰ ਰੱਦ ਕਰ ਦਿੱਤਾ।
ਇਹ ਉਨ੍ਹਾਂ ਦੇ ਰਿਸ਼ਤੇ ਵਿੱਚ ਇੱਕ ਵੱਡਾ ਝਟਕਾ ਸੀ। ਤਣਾਅ ਕਾਰਨ ਗੀਤਾ ਲਗਾਤਾਰ ਅੰਧਵਿਸ਼ਵਾਸੀ ਹੁੰਦੀ ਗਈ। ਉਨ੍ਹਾਂ ਨੇ ਖ਼ਰਾਬ ਹੁੰਦੇ ਰਿਸ਼ਤੇ ਲਈ ਉਨ੍ਹਾਂ ਨੇ ਬੰਗਲੇ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੱਤਾ।
ਅੰਦਰੋਂ, ਉਨ੍ਹਾਂ ਦਾ ਮੰਨਣਾ ਸੀ ਕਿ ਪਾਲੀ ਹਿੱਲ ਦੇ ਪੌਸ਼ ਇਲਾਕੇ ਵਿੱਚ ਇਸ ਬੰਗਲੇ ਵਿੱਚ ਸ਼ਿਫਟ ਹੋਣ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਅਤੇ ਗੁਰੂਦੱਤ ਦੇ ਰਿਸ਼ਤੇ ਵਿੱਚ ਕਦੇ ਨਾ ਭਰਨ ਵਾਲੀ ਦਰਾਰ ਪੈਦਾ ਹੋ ਗਈ ਸੀ।
ਉਹ ਮੰਨਣ ਲੱਗੀ ਕਿ ਬੰਗਲਾ ਨੰਬਰ 48 ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਅਸ਼ੁਭ ਸਾਬਤ ਹੋਇਆ ਸੀ।
ਗੁਰੂ-ਗੀਤਾ ਦੀਆਂ ਸ਼ੁਰੂਆਤੀ ਮੁਲਾਕਾਤ ਤੋਂ ਲੈ ਕੇ ਅੰਤ ਤੱਕ ਰਿਸ਼ਤੇ ਦੀ ਗਵਾਹ ਰਹੀ ਲਲਿਤਾ ਲਾਜਮੀ ਨੇ ਮੈਨੂੰ ਦੱਸਿਆ, “ਗੀਤਾ ਮੰਨਣ ਲੱਗੀ ਸੀ ਕਿ ਬੰਗਲੇ ਵਿੱਚ ਭੂਤ ਹੈ।"
"ਘਰ ਦੇ ਲਾਅਨ ਵਿੱਚ ਇੱਕ ਖਾਸ ਕਿਸਮ ਦਾ ਦਰੱਖਤ ਸੀ ਅਤੇ ਉਹ ਕਹਿੰਦੀ ਸੀ ਕਿ ਉਸ ਦਰੱਖਤ ਉੱਤੇ ਕੋਈ ਭੂਤ ਰਹਿੰਦਾ ਸੀ ਜੋ ਉਨ੍ਹਾਂ ਦਾ ਵਿਆਹ ਬਰਬਾਦ ਕਰ ਰਿਹਾ ਸੀ। ਉਸ ਦੇ ਵਿਸ਼ਾਲ ਡਰਾਇੰਗ ਰੂਮ ਵਿਚ ਬੁੱਧ ਦੀ ਮੂਰਤੀ ਵੀ ਸੀ।"
"ਉਸ ਨੂੰ ਇਸ 'ਤੇ ਕੁਝ ਇਤਰਾਜ਼ ਵੀ ਸਨ। ਦੋਵਾਂ ਵਿਚਾਲੇ ਕਈ ਲੜਾਈਆਂ ਹੋਈਆਂ। ਉਸ ਨੇ ਵਾਰ-ਵਾਰ ਗੁਰੂ ਨੂੰ ਬੰਗਲਾ ਛੱਡ ਕੇ ਕਿਤੇ ਹੋਰ ਰਹਿਣ ਲਈ ਕਹਿੰਦੀ ਸੀ।"

ਤਸਵੀਰ ਸਰੋਤ, Getty Images/BBC
ਇਹ ਖ਼ਿਆਲ ਹੀ ਗੁਰੂਦੱਤ ਲਈ ਦਿਲ ਤੋੜਨ ਵਾਲਾ ਸੀ। ਇਹ ਉਨ੍ਹਾਂ ਦੇ ਸੁਪਨਿਆਂ ਦਾ ਘਰ ਸੀ। ਪਰ ਗੁਰੂਦੱਤ ਨੇ ਕੌੜੀ ਸੱਚਾਈ ਦਾ ਅਹਿਸਾਸ ਹੋਣ ਲੱਗਾ ਸੀ ਕਿ ਇਹ ਉਹ ਘਰ ਨਹੀਂ ਬਣ ਸਕਿਆ ਜਿਸ ਦੀ ਉਨ੍ਹਾਂ ਨੂੰ ਚਾਹਤ ਸੀ।
ਲਲਿਤਾ ਲਾਜਮੀ ਨੇ ਆਪਣੇ ਇੰਟਰਵਿਊ ਦੱਸਿਆ ਮੈਨੂੰ ਦੱਸਿਆ, "ਜੋ ਗੀਤਾ ਚਾਹੁੰਦੀ ਸੀ ਗੁਰੂਦੱਤ ਆਖ਼ਰਕਾਰ ਬੰਗਲਾ ਛੱਡਣ ਲਈ ਸਹਿਮਤ ਹੋ ਗਏ ਪਰ ਉਨ੍ਹਾਂ ਦਾ ਦਿਲ ਟੁੱਟ ਗਿਆ। ਉਹ ਗੀਤਾ ਨੂੰ ਦੋਸ਼ ਦਿੰਦੇ ਸਨ।"
ਤਣਾਅ ਇੰਨਾ ਵੱਧ ਗਿਆ ਕਿ ਜਿਸ ਬੰਗਲੇ ਵਿੱਚ ਰਹਿੰਦੇ ਹੋਏ ਗੁਰੂਦੱਤ ਨੇ ਭਾਰਤੀ ਸਿਨੇਮਾ ਦੀਆਂ ਯਾਦਗਾਰ ਫਿਲਮਾਂ ਬਣਾਈਆਂ ਸਨ, ਉਸੇ ਬੰਗਲੇ ਵਿੱਚ ਰਹਿੰਦੇ ਹੋਏ ਉਨ੍ਹਾਂ ਦੇ ਦੋ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ।
ਲਲਿਤਾ ਲਾਜਮੀ ਨੇ ਮੈਨੂੰ ਦੱਸਿਆ ਸੀ ਕਿ ਦੋਵੇਂ ਵਾਰ ਗੁਰੂਦੱਤ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਜਾ ਸਕੀ।
ਉਨ੍ਹਾਂ ਨੇ ਦੱਸਿਆ ਸੀ, "ਕਈ ਵਾਰ ਜਦੋਂ ਗੀਤਾ ਨਾਲ ਲੜਾਈ ਹੁੰਦੀ ਸੀ ਤਾਂ ਉਹ ਮੈਨੂੰ ਬੁਲਾ ਲੈਂਦੇ ਸੀ। ਮੈਂ ਅੱਧੀ ਰਾਤ ਨੂੰ ਭੱਜ ਕੇ ਉਨ੍ਹਾਂ ਕੋਲ ਪਹੁੰਚਦੀ ਪਰ ਉਹ ਚੁੱਪਚਾਪ ਬੈਠਾ ਰਹਿੰਦੇ।"
"ਮੈਨੂੰ ਲੱਗਦਾ ਸੀ ਕਿ ਉਹ ਕੁਝ ਕਹਿਣਾ ਚਾਹੁੰਦੇ ਹਨ ਪਰ ਉਹ ਖ਼ਾਮੋਸ਼ ਬੈਠੇ ਰਹਿੰਦੇ। ਕਦੇ ਕੁਝ ਨਹੀਂ ਕਿਹਾ। ਕਦੇ ਕੁਝ ਨਹੀਂ ਕਿਹਾ। ਕਦੇ ਵੀ ਨਹੀਂ।”
ਦੋ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੇ ਇਸ ਦੇ ਬਾਰੇ ਕਦੇ ਪਰਿਵਾਰ ਨਾਲ ਗੱਲ ਤੱਕ ਨਹੀਂ ਕੀਤੀ ਸੀ। ਫਿਰ 1963 ਵਿੱਚ ਆਪਣੇ ਜਨਮ ਦਿਨ 'ਤੇ ਗੁਰੂਦੱਤ ਨੇ ਇਕ ਅਜੀਬ ਫ਼ੈਸਲਾ ਲਿਆ।
ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।

ਤਸਵੀਰ ਸਰੋਤ, SIMON & SCHUSTER PUBLISHER
'ਬੰਗਲਾ ਢਾਹੁਣ ਦਿਓ! ਮੈਂ ਹੀ ਉਨ੍ਹਾਂ ਨੂੰ ਕਿਹਾ ਹੈ'
ਉਸ ਦਿਨ ਦੁਪਹਿਰ ਨੂੰ ਗੀਤਾ ਬੰਗਲੇ ਵਿੱਚ ਸੁੱਤੀ ਹੋਈ ਸੀ ਜਦੋਂ ਉਨ੍ਹਾਂ ਨੂੰ ਕੁਝ ਰੌਲਾ ਜਿਹਾ ਸੁਣਾਈ ਦਿੱਤਾ। ਉਨ੍ਹਾਂ ਨੇ ਦੇਖਿਆ ਕਿ ਕੁਝ ਮਜ਼ਦੂਰ ਬੰਗਲੇ ਦੀ ਕੰਧ ਤੋੜ ਰਹੇ ਸਨ। ਉਸ ਨੇ ਤੁਰੰਤ ਗੁਰੂਦੱਤ ਨੂੰ ਸਟੂਡੀਓ ਵਿੱਚ ਫੋਨ ਕੀਤਾ।
ਗੁਰੂਦੱਤ ਨੇ ਗੀਤਾ ਨੂੰ ਕਿਹਾ, “ਇਨ੍ਹਾਂ ਨੂੰ ਤੋੜਨ ਦਿਓ, ਗੀਤਾ। ਮੈਂ ਹੀ ਉਨ੍ਹਾਂ ਨੂੰ ਕਿਹਾ ਹੈ। ਅਸੀਂ ਕੁਝ ਦਿਨ ਹੋਟਲ ਵਿੱਚ ਰਹਾਂਗੇ। ਮੈਂ ਪਹਿਲਾਂ ਹੀ ਇੱਕ ਕਮਰਾ ਬੁੱਕ ਕਰ ਲਿਆ ਹੈ।"
ਗੀਤਾ ਅਤੇ ਉਨ੍ਹਾਂ ਦੇ ਬੱਚਿਆਂ ਨੇ ਸੋਚਿਆ ਸੀ ਕਿ ਗੁਰੂ ਸ਼ਾਇਦ ਕੋਈ ਉਸਾਰੀ ਦਾ ਕੰਮ ਕਰਵਾ ਰਹੇ ਹਨ ਅਤੇ ਜਿਵੇਂ ਹੀ ਇਹ ਪੂਰਾ ਹੋਵੇਗਾ, ਉਹ ਸਾਰੇ ਇਸ ਬੰਗਲੇ ਵਿੱਚ ਵਾਪਸ ਆ ਜਾਣਗੇ।
ਗੁਰੂਦੱਤ ਨੇ ਇਹ ਸਭ ਕੁਝ ਇੰਨੀ ਬੇਫ਼ਿਕਰੀ ਨਾਲ ਕਿਹਾ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਸੈੱਟ ਨੂੰ ਢਾਹਿਆ ਜਾ ਰਿਹਾ ਹੋਵੇ। ਇਸ ਵਾਰ ਇਹ ਸੈੱਟ ਫਿਲਮੀ ਨਹੀਂ ਸੀ।
ਜਿਸ ਬੰਗਲੇ ਨੂੰ ਢਾਹਿਆ ਜਾ ਰਿਹਾ ਸੀਸ ਜਿਸ ਦੇ 'ਘਰ' ਬਣਨ ਦਾ ਸੁਪਨਾ ਲਿਆ ਸੀ। ਕੁਝ ਹੀ ਦਿਨਾਂ ਵਿੱਚ ਬੰਗਲਾ ਨੰਬਰ 48 ਨੂੰ ਜ਼ਮੀਂਦੋਜ਼ ਕਰ ਦਿੱਤਾ ਗਿਆ। ਬੰਗਲੇ ਦੇ ਮਲਬੇ ਵਿੱਚ ਕਮਰਿਆਂ ਦੀਆਂ ਕੰਧਾਂ ਸਨ, ਟੁੱਟਿਆ ਨੀਲਾ ਸੰਗਮਰਮਰ ਸੀ, ਖਿੱਲਰੀ ਹੋਈ ਲੱਕੜ ਅਤੇ ਪਲਾਸਟਰ ਦੇ ਟੁਕੜੇ ਸਨ। ਪਰ ਇਨ੍ਹਾਂ ਦੇ ਨਾਲ-ਨਾਲ ਇੱਕ ਸੁਪਨੇ ਦੇ ਟੁਕੜੇ ਵੀ ਸਨ।
ਗੁਰੂ ਦੱਤ ਦੀ ਭੈਣ ਲਲਿਤਾ ਲਾਜਮੀ ਨੇ ਮੈਨੂੰ ਦੱਸਿਆ, "ਮੈਨੂੰ ਯਾਦ ਹੈ ਕਿ ਉਸ ਦਿਨ ਉਨ੍ਹਾਂ ਦਾ ਜਨਮ ਦਿਨ ਸੀ। ਉਹ ਉਸ ਬੰਗਲੇ ਨੂੰ ਪਿਆਰ ਕਰਦੇ ਸਨ ਅਤੇ ਜਦੋਂ ਇਹ ਢਾਹਿਆ ਗਿਆ ਤਾਂ ਪਤਾ ਨਹੀਂ ਉਨ੍ਹਾਂ ਦੇ ਦਿਲ ʼਤੇ ਕੀ ਬੀਤਿਆ ਹੋਵੇਗਾ।"
ਕਿਤਾਬ ʻਬਿੰਨਿਦਰʼ ਵਿੱਚ ਦਰਜ ਹੈ ਕਿ ਉਨ੍ਹਾਂ ਨੇ ਆਪਣੇ ਦੋਸਤ ਅਤੇ ‘ਸਾਹਿਬ, ਬੀਬੀ ਔਰ ਗੁਲਾਮ’ ਦੇ ਲੇਖਕ ਬਿਮਲ ਮਿੱਤਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਗੀਤਾ ਕਾਰਨ ਆਪਣਾ ਬੰਗਲਾ ਢਾਹ ਦਿੱਤਾ ਹੈ।
ਬੰਗਲਾ ਨੰਬਰ 48 ਦੇ ਢਹਿ ਜਾਣ ਤੋਂ ਬਾਅਦ ਗੁਰੂਦੱਤ ਦੀ ਜ਼ਿੰਦਗੀ ਅਤੇ ਪਰਿਵਾਰ ਦੀਆਂ ਖੁਸ਼ੀਆਂ ਵੀ ਹਰ ਗੁਜ਼ਰਦੇ ਦਿਨ ਦੇ ਨਾਲ ਢਹਿੰਦੀ ਚਲੀ ਗਈ ਸੀ।

ਤਸਵੀਰ ਸਰੋਤ, SIMON & SCHUSTER PUBLISHER
ਬੰਗਲੇ ਵਿੱਚੋਂ ਨਿਕਲਣ ਤੋਂ ਬਾਅਦ ਗੀਤਾ ਅਤੇ ਬੱਚਿਆਂ ਦੇ ਨਾਲ ਪਾਲੀ ਹਿੱਲ ਵਿੱਚ ਦਿਲੀਪ ਕੁਮਾਰ ਦੇ ਬੰਗਲੇ ਦੇ ਸਾਹਮਣੇ ਆਸ਼ੀਸ਼ ਨਾਮ ਦੀ ਇਮਾਰਤ ਵਿੱਚ ਸ਼ਿਫਟ ਹੋ ਗਏ। ਪਰ ਉਨ੍ਹਾਂ ਦਾ ਅਤੇ ਗੀਤਾ ਦਾ ਰਿਸ਼ਤਾ ਨਹੀਂ ਸੁਧਰਿਆ।
ਕੁਝ ਸਮੇਂ ਬਾਅਦ, ਗੀਤਾ ਆਪਣੇ ਬੱਚਿਆਂ ਨਾਲ ਬਾਂਦਰਾ ਵਿੱਚ ਕਿਰਾਏ ਦੇ ਇੱਕ ਹੋਰ ਮਕਾਨ ਵਿੱਚ ਰਹਿਣ ਲਈ ਚਲੀ ਗਈ।
ਆਪਣੇ ਸ਼ਾਨਦਾਰ ਬੰਗਲੇ ਦੀਆਂ ਯਾਦਾਂ ਨੂੰ ਪਿੱਛੇ ਛੱਡ ਕੇ, ਗੁਰੂਦੱਤ ਬੰਬਈ ਦੇ ਪੇਡਰ ਰੋਡ 'ਤੇ ਆਰਚ ਰਾਇਲ ਅਪਾਰਟਮੈਂਟ ਵਿੱਚ ਇਕੱਲੇ ਰਹਿਣ ਲੱਗ ਪਏ।
ਗੁਰੂਦੱਤ ਦੀ ਮਾਂ ਨੇ ‘ਮਾਈ ਸਨ ਗੁਰੂਦੱਤ’ ਵਿੱਚ ਲਿਖਿਆ, "ਗੁਰੂ ਦੇ ਤਾਰੇ ਗਰਦਿਸ਼ ਵਿੱਚ ਸਨ। ਉਨ੍ਹਾਂ ਨੇ ਆਪਣੇ ਸੋਹਣੇ ਬੰਗਲੇ ਨੂੰ ਤਬਾਹ ਕਰ ਦਿੱਤਾ। ਜਦੋਂ ਤੋਂ ਬੰਗਲਾ ਢਾਹਿਆ ਗਿਆ ਸੀ, ਗੁਰੂ ਦਾ ਪਰਿਵਾਰਿਕ ਜੀਵਨ ਵੀ ਟੁਕੜੇ-ਟੁਕੜੇ ਹੁੰਦਾ ਚਲਾ ਗਿਆ।"
ਲਗਭਗ ਇੱਕ ਸਾਲ ਬਾਅਦ, 10 ਅਕਤੂਬਰ ਦੀ ਸਵੇਰ ਨੂੰ, ਗੁਰੂਦੱਤ ਉਸੇ ਫਲੈਟ ਵਿੱਚ ਆਪਣੇ ਕਮਰੇ ਵਿੱਚ ਮ੍ਰਿਤਕ ਪਾਏ ਗਏ।
ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਲਲਿਤਾ ਲਾਜਮੀ ਨੇ ਅਫ਼ਸੋਸ ਦੇ ਨਾਲ ਮੈਨੂੰ ਕਿਹਾ ਸੀ ਕਿ ਜੇਕਰ ਖੁਸ਼ਹਾਲ ਘਰ ਬਣਿਆ ਹੁੰਦਾ ਤਾਂ ਉਨ੍ਹਾਂ ਦਾ ਭਰਾ ਦਾ ਅੰਤ ਇੰਨੀ ਜਲਦੀ ਨਾ ਹੁੰਦਾ।
ਗੁਰੂਦੱਤ ਆਪਣੀਆਂ ਫਿਲਮਾਂ ਨਾਲ ਅਮਰ ਹੋ ਗਏ ਪਰ ਬੰਗਲਾ ਨੰਬਰ 48 ਦਾ ਹੁਣ ਨਾਮੋ-ਨਿਸ਼ਾਨ ਤੱਕ ਨਹੀਂ ਹੈ.
ਗੁਰੂਦੱਤ ਨੇ ਕਿਹਾ ਸੀ, "ਘਰ ਨਾ ਹੋਣ ਦੀ ਤਕਲੀਫ ਨਾਲ, ਘਰ ਹੋਣ ਦੀ ਤਕਲੀਫ ਅਤੇ ਭਿਆਨਕ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












