'ਮੈਂ ਹੁਣ ਕਾਮਿਆਂ ਨੂੰ ਤਨਖ਼ਾਹ ਕਿਵੇਂ ਦੇਵਾਂਗਾ', ਟਰੰਪ ਦੇ ਟੈਰਿਫ਼ ਦਾ ਪੰਜਾਬ ਦੇ ਕਿਸਾਨਾਂ ਸਣੇ ਕਾਰੋਬਾਰਾਂ ਉੱਤੇ ਕਿੰਨਾ ਅਸਰ ਪਵੇਗਾ

ਟਰੰਪ ਦੇ ਟੈਰਿਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੇ ਟੈਰਿਫ਼ ਦਾ ਭਾਰਤ ਦੇ ਚਮੜਾ ਅਤੇ ਕੱਪੜਾ ਉਦਯੋਗ ਉੱਤੇ ਵੀ ਅਸਰ ਪਵੇਗਾ
    • ਲੇਖਕ, ਹਰਮਨਦੀਪ ਸਿੰਘ, ਅਰਚਨਾ ਸ਼ੁਕਲਾ, ਰੌਕਸੀ ਗਗਡੇਕਰ ਛਾਰਾ ਅਤੇ ਜੀ ਉਮਾਕਾਂਤ
    • ਰੋਲ, ਬੀਬੀਸੀ ਪੱਤਰਕਾਰ

ਚਮੜਾ ਕਾਰੋਬਾਰ ਦਾ ਹੱਬ ਮੰਨੇ ਜਾਂਦੇ ਜਲੰਧਰ ਵਿੱਚ ਕਾਰੋਬਾਰੀ ਕੁਝ ਫ਼ਿਕਰਮੰਦ ਹਨ। ਇਸ ਪਿੱਛੇ ਕਾਰਨ ਹੈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਭਾਰਤ 'ਤੇ ਲਾਏ ਗਏ 50 ਫ਼ੀਸਦ ਟੈਰਿਫ਼ ਨੂੰ ਲਾਗੂ ਕਰਨ ਦਾ ਐਲਾਨ। ਇਹ ਟੈਰਿਫ਼ 27 ਅਗਸਤ ਤੋਂ ਲਾਗੂ ਹੋ ਗਏ ਹਨ।

ਟਰੰਪ ਦੇ ਟੈਰਿਫ਼ ਦਾ ਅਸਰ ਪੰਜਾਬ ਦੇ ਬਾਸਮਤੀ ਚੋਲਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਉੱਤੇ ਵੀ ਪਵੇਗਾ।

ਅਮਰੀਕੀ ਸਰਕਾਰ ਨੇ ਭਾਰਤ ਉੱਤੇ ਲਾਏ ਵਾਧੂ 25 ਫੀਸਦ ਟੈਰਿਫ਼ ਨੂੰ ਲਾਗੂ ਕਰਨ ਦਾ ਰਸਮੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਟੈਰਿਫ਼ 27 ਅਗਸਤ 2025 ਨੂੰ ਭਾਰਤੀ ਸਮੇਂ 9.30 ਵਜੇ ਤੋਂ ਲਾਗੂ ਹੋਏ ਹਨ।

ਭਾਰਤ ਅਮਰੀਕਾ ਨੂੰ ਕੱਪੜੇ, ਝੀਂਗਾ ਮੱਛੀ, ਬਾਸਮਤੀ ਚੌਲ, ਚਮੜੇ ਦੀਆਂ ਵਸਤਾਂ ਸਣੇ ਬਹੁਤ ਸਾਰੀਆਂ ਚੀਜ਼ਾਂ ਦਾ ਇੱਕ ਵੱਡਾ ਨਿਰਯਾਤਕ ਹੈ।

ਵਪਾਰ ਮਾਹਰਾਂ ਦਾ ਕਹਿਣਾ ਹੈ ਕਿ ਇੰਨੇ ਜ਼ਿਆਦਾ ਟੈਰਿਫ਼ ਅਤੇ ਰੂਸ ਤੋਂ ਤੇਲ ਖਰੀਦਣ ਉੱਤੇ 25 ਫ਼ੀਸਦ ਵਾਧੂ ਜੁਰਮਾਨਾ ਭਾਰਤੀ ਸਾਮਾਨ 'ਤੇ ਤਕਰੀਬਨ ਪਾਬੰਦੀ ਲਗਾਉਣ ਦੇ ਬਰਾਬਰ ਹੋਵੇਗਾ।

ਟਰੰਪ ਦੇ ਇਸ ਫ਼ੈਸਲੇ ਦਾ ਅਸਰ ਪੰਜਾਬ ਦੇ ਚਮੜਾ ਉਦਯੋਗ ਸਣੇ ਭਾਰਤ ਦੇ ਹੋਰ ਵੀ ਕਈ ਉਦਯੋਗਾਂ ਉੱਤੇ ਕਿੰਨਾ ਕੁ ਪੈ ਸਕਦਾ ਹੈ। ਇਹ ਦੇਖਣ ਲਈ ਬੀਬੀਸੀ ਪੱਤਰਕਾਰਾਂ ਨੇ ਭਾਰਤ ਦੇ ਕਈ ਪ੍ਰਮੁੱਖ ਦਰਾਮਦ ਕੇਂਦਰਾਂ ਦਾ ਦੌਰਾ ਕੀਤਾ।

ਜਾਣੋ ਇਹ ਵਪਾਰਕ ਬੇਭਰੋਸਦੀ ਕਾਰੋਬਾਰਾਂ ਅਤੇ ਰੁਜ਼ਗਾਰ ਨੂੰ ਕਿਵੇਂ ਪ੍ਰਭਾਵਤ ਕਰ ਰਹੀ ਹੈ।

ਪੰਜਾਬ ਦੇ ਚਮੜਾ ਉਦਯੋਗ ਉੱਤੇ ਕਿੰਨਾ ਅਸਰ ਹੈ

ਅਮਨਦੀਪ ਸਿੰਘ ਸੰਧੂ
ਤਸਵੀਰ ਕੈਪਸ਼ਨ, ਅਮਨਦੀਪ ਸਿੰਘ ਸੰਧੂ ਨੇ 1991 ਵਿੱਚ ਜਲੰਧਰ 'ਚ ਕਾਰਖਾਨਾ ਖੋਲ੍ਹਿਆ ਸੀ।

ਪੰਜਾਬ ਵਿੱਚ ਜਲੰਧਰ ਚਮੜੇ ਦੇ ਕਾਰੋਬਾਰ ਦਾ ਵੱਡਾ ਕੇਂਦਰ ਹੈ। ਇੱਥੋਂ ਦੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਟਰੰਪ ਦੇ ਟੈਰਿਫ਼ ਦੇ ਫ਼ੈਸਲੇ ਨਾਲ ਉਨ੍ਹਾਂ ਦੇ ਕਾਰੋਬਾਰ ਉੱਤੇ ਬਹੁਤ ਅਸਰ ਪਵੇਗਾ।

ਚਮੜਾ ਕਾਰੋਬਾਰੀ ਅਤੇ ਪੰਜਾਬ ਲੈਦਰ ਫ਼ੈਡਰੇਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ 1991 ਵਿੱਚ ਪੰਜਾਬ ਦੇ ਚਮੜਾ ਹੱਬ ਵਜੋਂ ਜਾਣੇ ਜਾਂਦੇ 'ਲੈਦਰ ਕੰਪਲੈਕਸ" (ਜਲੰਧਰ) ਵਿੱਚ ਸਭ ਤੋਂ ਪਹਿਲਾ ਕਾਰਖਾਨਾ ਖੋਲ੍ਹਿਆ ਸੀ।

ਪਰ ਹੁਣ ਆਪਣੇ ਕਾਰੋਬਾਰ ਨੂੰ ਲੈ ਕੇ ਉਹ ਕੁਝ ਫਿਕਰਮੰਦ ਹਨ।

ਉਹ ਕਹਿੰਦੇ ਹਨ, "ਭਾਰਤ ਤੋਂ ਵਿਦੇਸ਼ਾਂ ਨੂੰ ਬਰਾਮਦ ਹੋਣ ਵਾਲੇ ਕੁੱਲ ਲੈਦਰ ਉਤਪਾਦਨ ਦਾ 17 ਫ਼ੀਸਦ ਹਿੱਸਾ ਅਮਰੀਕਾ ਨੂੰ ਜਾਂਦਾ ਹੈ। ਪਰ ਟਰੰਪ ਦੇ ਇਸ ਫ਼ੈਸਲੇ ਨਾਲ ਹੁਣ ਬਰਾਮਦ ਘਟਣ ਦਾ ਖ਼ਤਰਾ ਹੈ।"

ਚਮੜਾ ਉਦਯੋਗ
ਤਸਵੀਰ ਕੈਪਸ਼ਨ, ਜਲੰਧਰ ਦੀ ਇੱਕ ਚਮੜਾ ਫੈਕਟਰੀ ਵਿੱਚ ਕੰਮ ਕਰਦਾ ਵਿਅਕਤੀ
ਇਹ ਵੀ ਪੜ੍ਹੋ-

"ਭਾਰਤ ਦੇ ਚਮੜਾ ਉਦਯੋਗ ਦਾ ਮੁਕਾਬਲਾ ਪਾਕਿਸਤਾਨ, ਬੰਗਲਾਦੇਸ਼ ਅਤੇ ਵੀਅਤਨਾਮ ਦੇ ਉਦਯੋਗਾਂ ਨਾਲ ਹੈ। ਇਸ ਟੈਰਿਫ਼ ਨਾਲ ਸਾਡੀਆਂ ਵਸਤੂਆਂ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਦੇ ਮੁਕਾਬਲੇ ਮਹਿੰਗੀਆਂ ਹੋ ਜਾਣਗੀਆਂ ਅਤੇ ਸੁਭਾਵਿਕ ਹੈ ਕਿ ਸਾਡੇ ਉਤਪਾਦ ਦੀ ਮੰਗ ਘੱਟ ਜਾਵੇਗੀ।"

"ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਮਾੜੇ ਦੌਰ ਵਿੱਚ ਹੈ ਅਤੇ ਟਰੰਪ ਟੈਰਿਫ਼ ਕਰਕੇ ਇੰਡਸਟਰੀ ਬੰਦ ਹੋਣ ਦੀ ਕਗਾਰ ਉੱਤੇ ਆ ਜਾਵੇਗੀ।"

ਇੱਕ ਹੋਰ ਨਿੱਜੀ ਕੰਪਨੀ ਦੇ ਜਨਰਲ ਮੈਨੇਜਰ ਅਨੁਪਮ ਪਿਛਲੇ 35 ਸਾਲ ਤੋਂ ਲੈਦਰ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇੰਡਸਟਰੀ ਪਹਿਲਾਂ ਤੋਂ ਹੀ ਮੁਸ਼ਕਲ ਦੌਰ ਵਿੱਚ ਚੱਲ ਰਹੀ ਸੀ। ਟਰੰਪ ਵੱਲੋਂ ਟੈਰਿਫ਼ ਦਾ ਐਲਾਨ ਕਰਨ ਤੋਂ ਬਾਅਦ ਸਾਡੇ ਖਰੀਦਦਾਰਾਂ ਨੇ ਉਤਪਾਦਨ ਹੋਲਡ ਕਰਨ ਨੂੰ ਕਿਹਾ ਹੈ। ਜਿਸ ਦਾ ਅਸਰ ਹੈ ਕਿ ਟੈਰਿਫ਼ ਤੋਂ ਬਾਅਦ ਸਾਡੇ ਉਤਪਾਦਨ ਦੀ ਮੰਗ ਘਟੇਗੀ।

ਪੰਜਾਬ ਦੀ ਬਾਸਮਤੀ ਦੀ ਖੇਤੀ ਉੱਤੇ ਵੀ ਅਸਰ ਪਵੇਗਾ

ਖੇਤ ਵਿੱਚ ਖਾਦ ਪਾਉਂਦਾ ਕਿਸਾਨ
ਤਸਵੀਰ ਕੈਪਸ਼ਨ, ਪੰਜਾਬ ਵਿੱਚ ਪਿਛਲੇ ਸਾਲ 5,96,000 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਬਿਜਾਈ ਹੋਈ ਸੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਭਾਰਤ ਉੱਤੇ ਲਾਏ ਗਏ ਟੈਰਿਫ਼ ਨੇ ਬਾਸਮਤੀ ਦੀ ਬਰਾਮਦ ਕਰਨ ਵਾਲੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਵਪਾਰੀਆਂ ਨੂੰ ਡਰ ਹੈ ਹੁਣ ਭਾਰਤ ਬਾਸਮਤੀ ਅਮਰੀਕਾ ਦੇ ਬਾਜ਼ਾਰ ਵਿੱਚ ਮੁਕਾਬਲੇ ਤੋਂ ਬਾਹਰ ਹੋ ਜਾਵੇਗੀ ਅਤੇ ਪਾਕਿਸਤਾਨ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਉਸਦਾ ਫ਼ਾਇਦਾ ਮਿਲਣ ਦੀ ਸੰਭਾਵਨਾ ਹੈ।

ਵਪਾਰੀ ਦੱਸਦੇ ਹਨ ਕਿ ਪੂਰੇ ਵਿਸ਼ਵ ਵਿੱਚ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿੱਚ ਹੀ ਵੱਡੇ ਪੱਧਰ ਉੱਤੇ ਬਾਸਮਤੀ ਚੌਲਾਂ ਦੀ ਖੇਤੀ ਹੁੰਦੀ ਹੈ।

ਟੈਰਿਫ਼ ਲੱਗਣ ਨਾਲ ਜਦੋਂ ਭਾਰਤ ਵਿੱਚ ਹੋਣ ਵਾਲੀ ਬਾਸਮਤੀ ਦੀ ਦਰਾਮਦ ਮਹਿੰਗੀ ਹੋਵੇਗੀ ਤਾਂ ਅਮਰੀਕਾ ਵਿੱਚ ਪਾਕਿਸਤਾਨ ਦੀ ਬਾਸਮਤੀ ਜ਼ਿਆਦਾ ਵਿਕੇਗੀ, ਕਿਉਂਕਿ ਪਾਕਿਸਤਾਨ ਉੱਤੇ ਟੈਰਿਫ਼ ਭਾਰਤ ਦੇ ਮੁਕਾਬਲੇ 31 ਫ਼ੀਸਦ ਘੱਟ ਹੈ।

ਟਰੰਪ ਦੇ ਟੈਰਿਫ਼
ਤਸਵੀਰ ਕੈਪਸ਼ਨ, ਅਮਰੀਕਾ ਨੂੰ ਹੁੰਦੇ ਬਾਸਮਤੀ ਐਕਸਪੋਰਟ ਵਿੱਚ ਵੀ ਪੰਜਾਬ ਦਾ ਵੱਡਾ ਹਿੱਸਾ ਹੈ

ਬਾਸਮਤੀ ਚੌਲ ਮਿੱਲਰਜ਼ ਅਤੇ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੁਤਾਬਕ ਦੇਸ਼ ਵਿੱਚ ਬਾਸਮਤੀ ਦੇ ਉਤਪਾਦਨ ਵਿੱਚ ਪੰਜਾਬ ਦਾ 40 ਫ਼ੀਸਦੀ ਹਿੱਸਾ ਹੈ।

ਭਾਰਤ ਹਰ ਸਾਲ ਅਮਰੀਕਾ ਨੂੰ ਤਕਰੀਬਨ 3 ਲੱਖ ਟਨ ਬਾਸਮਤੀ ਚੌਲ ਐਕਸਪੋਰਟ ਕਰਦਾ ਹੈ, ਜਿਸਦੀ ਕੀਮਤ ਤਕਰੀਬਨ 350 ਮਿਲੀਅਨ ਡਾਲਰ ਹੈ।

ਉਤਪਾਦਨ ਵਿੱਚ ਵੱਧ ਹਿੱਸਾ ਹੋਣ ਕਰਕੇ ਅਮਰੀਕਾ ਨੂੰ ਹੁੰਦੇ ਐਕਸਪੋਰਟ ਵਿੱਚ ਵੀ ਪੰਜਾਬ ਦਾ ਵੱਡਾ ਹਿੱਸਾ ਹੈ। ਪਰ ਹੁਣ ਇਸ ਵਪਾਰ ਨੂੰ ਵੱਡੀ ਢਾਹ ਲੱਗਣ ਦੀ ਸੰਭਾਵਨਾ ਹੈ।

ਪਿਛਲੇ 11 ਸਾਲਾਂ ਤੋਂ ਬਾਸਮਤੀ ਐਕਸਪੋਰਟ ਕਰ ਰਹੇ ਰਾਜੀਵ ਮੰਗਲ ਦੱਸਦੇ ਹਨ ਕਿ ਜਦੋਂ ਦਾ ਟੈਰਿਫ਼ ਲੱਗਣ ਦਾ ਐਲਾਨ ਹੋਇਆ ਹੈ, ਉਨ੍ਹਾਂ ਦੇ ਅਮਰੀਕਾ ਸਥਿਤ ਗਾਹਕਾਂ ਦੀ ਰੁਚੀ ਬਦਲ ਗਈ ਹੈ। ਉਹ ਹੁਣ ਪਾਕਿਸਤਾਨ ਵੱਲ ਦੇਖਣ ਲੱਗੇ ਹਨ।

ਪੰਜਾਬ ਚੌਲ
ਤਸਵੀਰ ਕੈਪਸ਼ਨ, ਪੰਜਾਬ ਤੋਂ ਵੱਡੇ ਪੱਧਰ ਉੱਤੇ ਬਾਸਮਤੀ ਚੌਲ ਅਮਰੀਕਾ ਨੂੰ ਬਰਾਮਦ ਕੀਤੇ ਜਾਂਦੇ ਹਨ

ਲੰਬੇ ਸਮੇਂ ਤੋਂ ਬਾਸਮਤੀ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਪੰਜਾਬ ਵਿੱਚ ਪਿਛਲੇ ਸਾਲ 5,96,000 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਬਿਜਾਈ ਹੋਈ ਸੀ।

ਬਾਸਮਤੀ ਉੱਤੇ ਐੱਮਐੱਸਪੀ ਨਿਰਧਾਰਤ ਨਾ ਹੋਣ ਕਰਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸੋਢੀਵਾਲਾ ਪਿੰਡ ਦੇ ਨੌਜਵਾਨ ਕਿਸਾਨ ਜਸਪ੍ਰੀਤ ਸਿੰਘ ਨੂੰ ਖ਼ਦਸ਼ਾ ਹੈ ਕਿ ਇਸ ਵਾਰ ਬਾਸਮਤੀ ਦੀ ਕੀਮਤ ਹੋਰ ਡਿੱਗ ਜਾਵੇਗੀ। ਕਿਉਂਕਿ ਪਹਿਲਾਂ ਬਾਸਮਤੀ ਦੀ ਅਮਰੀਕਾ ਨੂੰ ਬਰਾਮਦ ਹੋਣ ਕਰਕੇ ਪੈਦਾਵਰ ਦਾ ਮੁੱਲ ਪੈ ਜਾਂਦਾ ਸੀ।

ਬੀਬੀਸੀ ਪੰਜਾਬੀ ਵੱਲੋਂ ਉਦਯੋਗ ਮੰਤਰੀ ਸੰਜੀਵ ਅਰੋੜਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

'ਪਤਾ ਨਹੀਂ ਸਤੰਬਰ ਵਿੱਚ ਕੀ ਹੋਵੇਗਾ'

ਜਲੰਧਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਲੰਧਰ ਵਿੱਚ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰ ਰਹੇ ਲੋਕ

ਭਾਰਤ ਦੇ 16 ਅਰਬ ਡਾਲਰ ਦੇ ਰੈਡੀਮੇਡ ਕੱਪੜਿਆਂ ਦੀ ਦਰਾਮਦ ਦਾ ਲਗਭਗ ਤੀਜਾ ਹਿੱਸਾ ਤਿਰੂਪੁਰਾ ਵਿੱਚ ਤਿਆਰ ਹੁੰਦਾ ਹੈ, ਜੋ ਟਾਰਗੇਟ, ਵਾਲਮਾਰਟ, ਗੈਪ ਅਤੇ ਜ਼ਾਰਾ ਵਰਗੇ ਬ੍ਰਾਂਡਾਂ ਨੂੰ ਕੱਪੜਾ ਸਪਲਾਈ ਕਰਦਾ ਹੈ। ਪਰ ਟੈਰਿਫ਼ ਦੇ ਐਲਾਨ ਤੋਂ ਬਾਅਦ ਇੱਥੇ ਭਵਿੱਖ ਬਾਰੇ ਡੂੰਘੀ ਚਿੰਤਾ ਹੈ।

ਕੱਪੜਾ ਉਦਯੋਗਪਤੀ ਕ੍ਰਿਸ਼ਨਾਮੂਰਤੀ ਕਹਿੰਦੇ ਹਨ, "ਹੋ ਸਕਦਾ ਹੈ ਸਤੰਬਰ ਤੋਂ ਬਾਅਦ ਸਾਡੇ ਕੋਲ ਕਰਨ ਲਈ ਕੁਝ ਵੀ ਨਾ ਹੋਵੇ ਕਿਉਂਕਿ ਗਾਹਕਾਂ ਨੇ ਸਾਰੇ ਆਰਡਰ ਹੋਲਡ ਕਰ ਦਿੱਤੇ ਹਨ।"

ਟੈਰਿਫ਼ ਸੰਕਟ ਕਾਰਨ ਉਨ੍ਹਾਂ ਨੇ ਆਪਣੀਆਂ ਫ਼ਿਲਹਾਲ ਵਿਸਥਾਰ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਨਵ-ਨਿਯੁਕਤ 250 ਕਰਮਚਾਰੀਆਂ ਨੂੰ ਨੌਕਰੀ ਤੋਂ ਜਵਾਬ ਦੇਣਾ ਪਿਆ ਹੈ।

ਡੌਨਲਡ ਟਰੰਪ ਨੇ ਟੈਰਿਫ਼ ਦਾ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਟੈਕਸਟਾਈਲ ਯੂਨਿਟਾਂ ਦੀ ਵਿਕਰੀ ਪਹਿਲਾਂ ਤੋਂ ਹੀ ਅੱਧੀ ਰਹਿ ਚੁੱਕੀ ਹੈ। ਕ੍ਰਿਸਮਸ ਤੋਂ ਪਹਿਲਾਂ ਦਾ ਸਮਾਂ ਵਿਕਰੀ ਲਈ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ।

ਹੁਣ ਇਹ ਟੈਕਸਟਾਈਲ ਯੂਨਿਟ ਘਰੇਲੂ ਬਾਜ਼ਾਰ ਅਤੇ ਆਉਣ ਵਾਲੇ ਦੀਵਾਲੀ ਸੀਜ਼ਨ 'ਤੇ ਨਿਰਭਰ ਹਨ।

ਟਰੰਪ ਟੈਰਿਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਿਰਪੁਰਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਕਾਮੇ

ਅਸੀਂ ਇੱਕ ਹੋਰ ਅੰਡਰਵੀਅਰ ਬਣਾਉਣ ਵਾਲੀ ਫੈਕਟਰੀ ਵਿੱਚ 10 ਲੱਖ ਡਾਲਰ ਦੇ ਸਮਾਨ ਦਾ ਸਟਾਕ ਦੇਖਿਆ। ਇਹ ਸਭ ਕੁਝ ਅਮਰੀਕੀ ਸਟੋਰਾਂ ਲਈ ਸੀ ਪਰ ਹੁਣ ਇਨ੍ਹਾਂ ਲਈ ਕੋਈ ਖਰੀਦਦਾਰ ਨਹੀਂ ਹੈ।

ਇਸ ਫੈਕਟਰੀ ਵਿੱਚ ਉਤਪਾਦਨ ਕਰਨ ਵਾਲੀ ਕੰਪਨੀ ਰਾਫਟ ਗਾਰਮੈਂਟਸ ਦੇ ਮਾਲਕ ਸ਼ਿਵਾ ਸੁਬਰਾਮਨੀਅਮ ਨੇ ਕਿਹਾ, "ਅਸੀਂ ਉਮੀਦ ਕਰ ਰਹੇ ਸੀ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਵਪਾਰਕ ਸਮਝੌਤਾ ਹੋਵੇਗਾ। ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਪਿਛਲੇ ਮਹੀਨੇ ਤੋਂ ਉਤਪਾਦਨ ਪੂਰੀ ਤਰ੍ਹਾਂ ਠੱਪ ਹੈ। ਜੇਕਰ ਇਹ ਜਾਰੀ ਰਿਹਾ ਤਾਂ ਮੈਂ ਆਪਣੇ ਮੁਲਾਜ਼ਮਾਂ ਨੂੰ ਕਿਵੇਂ ਤਨਖ਼ਾਹ ਦੇਵਾਂਗਾ?"

ਟਰੰਪ ਵੱਲੋਂ ਲਗਾਏ ਗਏ 50 ਪ੍ਰਤੀਸ਼ਤ ਟੈਰਿਫ਼ ਤੋਂ ਬਾਅਦ ਭਾਰਤ ਵਿੱਚ ਬਣੀ 10 ਡਾਲਰ ਦੀ ਕਮੀਜ਼ ਦੀ ਕੀਮਤ ਸਿੱਧੇ ਤੌਰ 'ਤੇ ਵੱਧ ਕੇ 16.4 ਡਾਲਰ ਹੋ ਜਾਵੇਗੀ। ਜਦੋਂ ਕਿ ਬੰਗਲਾਦੇਸ਼ ਵਿੱਚ ਬਣੀ ਟੀ-ਸ਼ਰਟ ਦੀ ਕੀਮਤ 13.2 ਡਾਲਰ ਅਤੇ ਚੀਨ ਵਿੱਚ ਬਣੀ ਟੀ-ਸ਼ਰਟ ਦੀ ਕੀਮਤ 14.2 ਡਾਲਰ ਹੋਵੇਗੀ। ਵੀਅਤਨਾਮ ਵਿੱਚ ਬਣੀ ਟੀ-ਸ਼ਰਟ 12 ਡਾਲਰ ਵਿੱਚ ਉਪਲਬਧ ਹੋ ਸਕਦੀ ਹੈ।

ਹੀਰਿਆਂ ਦੇ ਕਾਰੋਬਾਰ ਉੱਤੇ ਕੀ ਅਸਰ ਪੈਣਾ

ਹੀਰਾ ਫ਼ੈਕਟਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆ ਦੇ 90 ਫ਼ੀਸਦ ਹੀਰੇ ਗੁਜਰਾਤ ਦੇ ਸੂਰਤ ਦੀਆਂ ਫੈਕਟਰੀਆਂ 'ਚ ਕੱਟੇ ਜਾਂਦੇ ਹਨ

ਭਾਵੇਂ ਟੈਰਿਫ 25 ਫ਼ੀਸਦ ਤੱਕ ਘਟਾ ਦਿੱਤੇ ਜਾਣ ਫਿਰ ਵੀ ਭਾਰਤ ਆਪਣੇ ਏਸ਼ੀਆਈ ਵਿਰੋਧੀਆਂ ਨਾਲੋਂ ਘੱਟ ਪ੍ਰਤੀਯੋਗੀ ਰਹੇਗਾ।

ਇਸ ਝਟਕੇ ਨੂੰ ਘੱਟ ਕਰਨ ਲਈ ਸਰਕਾਰ ਨੇ ਕੁਝ ਉਪਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਕੱਚੇ ਮਾਲ 'ਤੇ ਦਰਾਮਦ ਡਿਊਟੀ ਮੁਅੱਤਲ ਕਰਨ ਵਰਗੇ ਕਦਮ ਸ਼ਾਮਲ ਹਨ।

ਦੁਨੀਆਂ ਵਿੱਚ ਭਾਰਤੀ ਵਸਤੂਆਂ ਲਈ ਨਵੇਂ ਬਾਜ਼ਾਰਾਂ ਦੀ ਭਾਲ ਵਿੱਚ ਕਈ ਦੇਸ਼ਾਂ ਨਾਲ ਵਪਾਰਕ ਗੱਲਬਾਤ ਵੀ ਤੇਜ਼ ਹੋ ਗਈ ਹੈ।

ਪਰ ਬਹੁਤ ਸਾਰੇ ਲੋਕ ਡਰਦੇ ਹਨ ਕਿ ਇਹ ਸਭ ਕਰਨ ਵਿੱਚ ਬਹੁਤ ਦੇਰ ਹੋ ਗਈ ਹੈ।

ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੇ ਅਜੇ ਸ਼੍ਰੀਵਾਸਤਵ ਕਹਿੰਦੇ ਹਨ, "ਅਮਰੀਕੀ ਖਰੀਦਦਾਰ ਮੈਕਸੀਕੋ, ਵੀਅਤਨਾਮ ਅਤੇ ਬੰਗਲਾਦੇਸ਼ ਵੱਲ ਮੁੜ ਰਹੇ ਹਨ।"

ਮੁੰਬਈ ਦੇ ਇੱਕ ਨਿਰਯਾਤ ਖੇਤਰ ਵਿੱਚ ਸੈਂਕੜੇ ਕਾਮੇ ਹੀਰਿਆਂ ਨੂੰ ਪਾਲਿਸ਼ ਕਰਨ ਅਤੇ ਪੈਕ ਕਰਨ ਵਿੱਚ ਰੁੱਝੇ ਹੋਏ ਹਨ। ਭਾਰਤ ਅਰਬਾਂ ਡਾਲਰ ਦੇ ਹੀਰੇ ਅਤੇ ਗਹਿਣਿਆਂ ਦੀ ਬਰਾਮਦ ਕਰਦਾ ਹੈ।

ਪਰ ਹੁਣ ਗਹਿਣਿਆਂ ਦੇ ਬ੍ਰਾਂਡ ਸਤੰਬਰ ਅਤੇ ਅਕਤੂਬਰ ਦੌਰਾਨ ਆਪਣੀ ਵਿਕਰੀ 'ਤੇ ਟੈਰਿਫ ਦੇ ਸੰਭਾਵੀ ਪ੍ਰਭਾਵ ਬਾਰੇ ਚਿੰਤਤ ਹਨ। ਇਨ੍ਹਾਂ ਦੋ ਮਹੀਨਿਆਂ ਵਿੱਚ ਅਮਰੀਕਾ ਨੂੰ ਤਿੰਨ ਤੋਂ ਚਾਰ ਅਰਬ ਡਾਲਰ ਦੇ ਗਹਿਣੇ ਬਰਾਮਦ ਕੀਤੇ ਜਾਂਦੇ ਹਨ।

ਹਾਲਾਂਕਿ, ਬ੍ਰਿਟੇਨ ਅਤੇ ਆਸਟ੍ਰੇਲੀਆ ਨਾਲ ਭਾਰਤ ਦੇ ਨਵੀਂ ਵਪਾਰਕ ਭਾਈਵਾਲੀ ਨੇ ਨਵੇਂ ਮੌਕੇ ਖੋਲ੍ਹੇ ਹਨ।

ਪਰ ਕ੍ਰਿਏਸ਼ਨ ਜਿਊਲਰੀ ਦੇ ਆਦਿਲ ਕੋਤਵਾਲ ਦਾ ਕਹਿਣਾ ਹੈ ਕਿ ਅਮਰੀਕੀ ਬਾਜ਼ਾਰ 'ਤੇ ਕਬਜ਼ਾ ਕਰਨ ਲਈ ਸਾਲਾਂ ਤੋਂ ਕੀਤੇ ਗਏ ਯਤਨ ਕੁਝ ਮਹੀਨਿਆਂ ਵਿੱਚ ਹੀ ਅਸਫ਼ਲ ਹੋ ਸਕਦੇ ਹਨ।

ਹੀਰਾ ਫ਼ੈਕਟਰੀ
ਤਸਵੀਰ ਕੈਪਸ਼ਨ, ਸੂਰਤ ਦੀ ਇੱਕਹੀਰਾ ਫ਼ੈਕਟਰੀ ਵਿੱਚ ਵਿਹਲੇ ਪਏ ਕਾਰੀਗਰ

ਕੋਤਵਾਲ ਦੀ ਕੰਪਨੀ ਵਿੱਚ ਬਣੇ ਹੀਰਿਆਂ ਨਾਲ ਜੜੇ ਗਹਿਣਿਆਂ ਦਾ 90 ਫ਼ੀਸਦ ਅਮਰੀਕਾ ਭੇਜਿਆ ਜਾਂਦਾ ਹੈ।

ਆਦਿਲ ਕੋਤਵਾਲ ਮੁਤਾਬਕ ਉਹ 3 ਤੋਂ 4 ਫ਼ੀਸਦ ਦੇ ਘੱਟ ਮਾਰਜਿਨ 'ਤੇ ਕੰਮ ਕਰਦੇ ਹਨ, ਇਸ ਲਈ 10 ਫ਼ੀਸਦ ਵਾਧੂ ਟੈਰਿਫ਼ ਵੀ ਉਨ੍ਹਾਂ 'ਤੇ ਬੋਝ ਸਾਬਤ ਹੋ ਸਕਦਾ ਹੈ।

ਕੋਤਵਾਲ ਨੇ ਦੱਸਿਆ, "ਇਹ ਟੈਰਿਫ਼ ਕੌਣ ਬਰਦਾਸ਼ਤ ਕਰ ਸਕਦਾ ਹੈ? ਅਮਰੀਕੀ ਪ੍ਰਚੂਨ ਵਿਕਰੇਤਾ ਵੀ ਅਜਿਹਾ ਨਹੀਂ ਕਰ ਸਕਣਗੇ।"

ਕੋਤਵਾਲ ਆਪਣੇ ਹੀਰੇ ਸੂਰਤ ਤੋਂ ਲਿਆਉਂਦੇ ਹਨ, ਜੋ ਕਿ ਹੀਰਾ ਕੱਟਣ ਅਤੇ ਪਾਲਿਸ਼ ਕਰਨ ਦਾ ਦੁਨੀਆਂ ਦਾ ਇੱਕ ਵੱਡਾ ਕੇਂਦਰ ਹੈ।

ਸੂਰਤ ਪਹਿਲਾਂ ਹੀ ਵਿਸ਼ਵਵਿਆਪੀ ਮੰਗ ਵਿੱਚ ਗਿਰਾਵਟ ਅਤੇ ਪ੍ਰਯੋਗਸ਼ਾਲਾ ਵਿੱਚ ਤਿਆਰ ਹੀਰਿਆਂ ਨਾਲ ਮੁਕਾਬਲੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।

ਹੁਣ ਇਹ ਟੈਰਿਫ਼ ਇਸ ਸ਼ਹਿਰ ਲਈ ਦੋਹਰਾ ਝਟਕਾ ਹੈ।

ਜਲੰਧਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਲੰਧਰ ਦੀ ਚਮੜਾ ਫੈਕਟਰੀ ਵਿੱਚ ਕੰਮ ਕਰਦੀ ਮਹਿਲਾ

ਅਮਰੀਕੀ ਗਾਹਕ ਗਾਇਬ ਹੋ ਗਏ ਹਨ ਅਤੇ ਤਕਰੀਬਨ 5 ਲੱਖ ਲੋਕਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਨ ਵਾਲੀਆਂ ਫੈਕਟਰੀਆਂ ਹੁਣ ਮਹੀਨੇ ਵਿੱਚ 15 ਦਿਨ ਵੀ ਮੁਸ਼ਕਿਲ ਨਾਲ ਚੱਲ ਸਕਣਗੀਆਂ। ਸੈਂਕੜੇ ਮੁਲਾਜ਼ਮਾਂ ਨੂੰ ਅਣਮਿੱਥੇ ਸਮੇਂ ਲਈ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।

ਸੂਰਤ ਵਿੱਚ ਇੱਕ ਮੱਧਮ ਰੌਸ਼ਨੀ ਵਾਲੀ ਹੀਰਾ ਪਾਲਿਸ਼ਿੰਗ ਯੂਨਿਟ ਦੇ ਅੰਦਰ, ਧੂੜ ਭਰੀ ਹੈ, ਮੇਜ਼ਾਂ ਉੱਤੇ ਕੋਈ ਕੰਮ ਨਹੀਂ ਕਰ ਰਿਹਾ ਅਤੇ ਹਰ ਪਾਸੇ ਚੁੱਪ ਫੈਲੀ ਹੋਈ ਹੈ। ਟੁੱਟੇ ਹੋਏ ਸੀਪੀਯੂ ਵੀ ਨੇੜੇ ਹੀ ਪਏ ਹੋਏ ਹਨ।

ਇੱਕ ਮਜ਼ਦੂਰ ਨੇ ਕਿਹਾ, "ਇਹ ਜਗ੍ਹਾ ਪਹਿਲਾਂ ਬਹੁਤ ਵਿਅਸਤ ਹੁੰਦੀ ਸੀ। ਹਾਲ ਹੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਹੈ। ਸਾਨੂੰ ਨਹੀਂ ਪਤਾ ਕਿ ਹੁਣ ਸਾਡਾ ਕੀ ਬਣੇਗਾ।"

ਇਸ ਯੂਨਿਟ ਦੇ ਮਾਲਕ ਸ਼ੈਲੇਸ਼ ਮੰਗੁਕੀਆ ਕਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਕੋਲ 300 ਕਰਮਚਾਰੀ ਸਨ। ਹੁਣ ਸਿਰਫ਼ 70 ਹੀ ਬਚੇ ਹਨ। ਹਰ ਮਹੀਨੇ ਪਾਲਿਸ਼ ਕੀਤੇ ਜਾਣ ਵਾਲੇ ਹੀਰਿਆਂ ਦੀ ਗਿਣਤੀ 2,000 ਤੋਂ ਘੱਟ ਕੇ ਸਿਰਫ਼ 300 ਰਹਿ ਗਈ ਹੈ।

ਸਥਾਨਕ ਟਰੇਡ ਯੂਨੀਅਨ ਆਗੂਆਂ ਜਿਵੇਂ ਕਿ ਭਾਵੇਸ਼ ਟਾਂਕ ਦਾ ਕਹਿਣਾ ਹੈ ਕਿ ਸੂਰਤ ਵਿੱਚ ਕਾਮੇ "ਘੱਟ ਉਜਰਤਾਂ, ਜਬਰੀ ਛੁੱਟੀਆਂ ਅਤੇ ਘਟਦੀ ਮਾਸਿਕ ਆਮਦਨ" ਦਾ ਸਾਹਮਣਾ ਕਰ ਰਹੇ ਹਨ।

ਕਸ਼ਮਕਸ਼ ਜਾਰੀ ਹੈ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਲਈ ਮਾਹੌਲ ਕਾਫ਼ੀ ਖਰਾਬ ਹੋ ਗਿਆ ਹੈ।

ਇਸ ਵੇਲੇ ਭਾਰਤ ਅਤੇ ਅਮਰੀਕਾ ਵਿਚਕਾਰ ਕਸ਼ਮਕਸ਼ ਜਾਰੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਅੱਗੇ ਵਪਾਰਕ ਗੱਲਬਾਤ ਲਈ ਮਾਹੌਲ ਕਾਫ਼ੀ ਖਰਾਬ ਹੋ ਗਿਆ ਹੈ।

ਇਸ ਹਫ਼ਤੇ ਦਿੱਲੀ ਵਿੱਚ ਸ਼ੁਰੂ ਹੋਣ ਵਾਲੀ ਵਪਾਰਕ ਗੱਲਬਾਤ ਦਾ ਇੱਕ ਆਉਣ ਵਾਲਾ ਦੌਰ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ, ਅਮਰੀਕੀ ਅਧਿਕਾਰੀਆਂ ਨੇ ਭਾਰਤ ਦੀ ਆਲੋਚਨਾ ਤੇਜ਼ ਕਰ ਦਿੱਤੀ ਹੈ।

ਏਸ਼ੀਆ ਗਰੁੱਪ ਸਲਾਹਕਾਰ ਫ਼ਰਮ ਦੇ ਗੋਪਾਲ ਨਾਦੁਰ ਨੇ ਬੀਬੀਸੀ ਨੂੰ ਦੱਸਿਆ, "ਭਾਰਤ-ਅਮਰੀਕਾ ਗੱਲਬਾਤ ਦਾ ਭਵਿੱਖ ਹੁਣ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ 'ਤੇ ਨਿਰਭਰ ਕਰਦਾ ਹੈ। ਭਾਰਤੀ ਨੀਤੀ ਨਿਰਮਾਤਾਵਾਂ ਲਈ ਸਿਰਫ਼ ਇੱਕ ਹੀ ਸਬਕ ਹੈ ਅਤੇ ਉਹ ਹੈ ਸਵੈ-ਨਿਰਭਰਤਾ ਪ੍ਰਾਪਤ ਕਰਨ ਅਤੇ ਨਵੇਂ ਬਾਜ਼ਾਰ ਲੱਭਣ ਵਿੱਚ ਕੋਈ ਕਸਰ ਨਾ ਛੱਡਣ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)