ਇਸ ਦੇਸ ਵਿੱਚ ਬਰੈੱਡ ਅਤੇ ਦੁੱਧ ਤੋਂ ਮਹਿੰਗੀ ਕਿਉਂ ਵਿਕ ਰਹੀ ਹੈ ਬਰਫ਼

ਬਰਫ਼ ਦੇ ਟੁਕੜੇ

ਤਸਵੀਰ ਸਰੋਤ, GETTY IMAGES

    • ਲੇਖਕ, ਪ੍ਰਿਆ ਸਿੱਪੀ
    • ਰੋਲ, ਬੀਬੀਸੀ ਪੱਤਰਕਾਰ

ਇਹ ਗਰਮੀਆਂ ਦਾ ਮੌਸਮ ਹੈ ਅਤੇ ਭਾਰਤ ਹੀ ਨਹੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕ ਇਸ ਤੋਂ ਪ੍ਰੇਸ਼ਾਨ ਹਨ।

ਪੱਛਮੀ ਅਫ਼ਰੀਕਾ ਦੇ ਦੇਸ਼ ਮਾਲੀ ਵਿੱਚ ਵੀ ਰਿਕਾਰਡ ਤੋੜ ਗਰਮੀ ਪੈ ਰਹੀ ਹੈ, ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ

ਬਰਫ਼ ਦੇ ਕਿਊਬ ਬਰੈੱਡ ਅਤੇ ਦੁੱਧ ਤੋਂ ਵੀ ਮਹਿੰਗੇ ਵਿਕ ਰਹੇ ਹਨ।

ਮਾਲੀ ਦੀ ਰਾਜਧਾਨੀ ਬਮਾਕੋ ਵਿੱਚ ਇੱਕ ਦੁਕਾਨ ਦੇ ਬਾਹਰ ਮਿਲੀ ਫਾਤੁੂਮਾ ਯਤਾਰਾ ਨੇ ਕਿਹਾ, "ਬਹੁਤ ਗਰਮੀ ਹੈ। ਮੈਂ ਇੱਥੇ ਬਰਫ਼ ਖਰੀਦਣ ਆਈ ਹਾਂ।"

ਬਿਜਲੀ ਦੀ ਵੀ ਸਮੱਸਿਆ ਹੈ। ਬਿਜਲੀ ਕੱਟਾਂ ਦਾ ਇਹ ਹਾਲ ਹੈ ਕਿ ਲੋਕਾਂ ਦੇ ਘਰਾਂ ਵਿੱਚ ਫਰਿੱਜ ਵੀ ਕੰਮ ਨਹੀਂ ਕਰ ਰਹੇ ਹਨ।

ਅਜਿਹੀ ਸਥਿਤੀ ਵਿੱਚ, ਫਾਤੂਮਾ ਨੂੰ ਲੂਅ ਦੌਰਾਨ ਭੋਜਨ ਨੂੰ ਸੁਰੱਖਿਅਤ ਅਤੇ ਠੰਡਾ ਰੱਖਣ ਲਈ ਬਰਫ਼ ਦੇ ਕਿਊਬ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਇਨ੍ਹੀਂ ਦਿਨੀਂ ਬਮਾਕੋ ਵਿੱਚ ਪਾਰਾ 48 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।

ਹਾਲਾਂਕਿ, ਇਨ੍ਹਾਂ ਹਾਲਾਤਾਂ ਵਿੱਚ, ਬਰਫ਼ ਦੇ ਕਿਊਬ ਇੱਕ ਸੀਮਤ ਹੱਦ ਤੱਕ ਹੀ ਮਦਦ ਕਰ ਸਕਦੇ ਹਨ ਅਤੇ ਜਿਸ ਰਫ਼ਤਾਰ ਨਾਲ ਇਹਨਾਂ ਦੀ ਕੀਮਤ ਵੱਧ ਰਹੀ ਹੈ, ਉਸ ਨਾਲ ਜ਼ਿੰਦਗੀ ਹੋਰ ਮੁਸ਼ਕਿਲ ਹੋ ਰਹੀ ਹੈ।

ਫਾਤੁੂਮਾ ਯਤਾਰਾ

ਤਸਵੀਰ ਸਰੋਤ, COURTESY OF FATOUMA YATTARA

ਤਸਵੀਰ ਕੈਪਸ਼ਨ, ਫਾਤੁੂਮਾ ਯਤਾਰਾ

ਫਾਤੂਮਾ ਦਾ ਕਹਿਣਾ ਹੈ, "ਕੁਝ ਥਾਵਾਂ 'ਤੇ ਆਈਸ ਕਿਊਬ ਦੇ ਇੱਕ ਬੈਗ ਦੀ ਕੀਮਤ 300 ਤੋਂ 500 ਫ੍ਰੈਂਕ ਸੀਐੱਫਏ ਤੱਕ ਪਹੁੰਚ ਗਈ ਹੈ। ਇਹ ਬਹੁਤ ਮਹਿੰਗਾ ਹੈ।"

ਬਾਮਾਕੋ ਵਿੱਚ ਆਈਸ ਕਿਊਬ ਦੀ ਇਸ ਕੀਮਤ ਨੇ ਉਨ੍ਹਾਂ ਨੂੰ ਰੋਟੀ ਨਾਲੋਂ ਮਹਿੰਗੀ ਚੀਜ਼ ਬਣਾ ਦਿੱਤੀ ਹੈ, ਜਿਸਦੀ ਕੀਮਤ ਆਮ ਤੌਰ 'ਤੇ 250 ਫ੍ਰੈਂਕ ਸੀਐੱਫਏ ਰਹਿੰਦੀ ਹੈ।

ਨਾਨਾ ਕੋਨਾਤੇ ਤਰਾਓਰੇ ਇਹ ਗਰਮੀ ਲਈ ਇੱਕ ਹੋਰ ਵੱਡੀ ਸਮੱਸਿਆ ਲੈ ਕੇ ਆਈ ਹੈ। ਪਹਿਲਾਂ ਉਹ ਹਫ਼ਤੇ ਵਿੱਚ ਇੱਕ ਵਾਰ ਹੀ ਖਾਣਾ ਬਣਾਉਂਦੇ ਸਨ ਪਰ ਹੁਣ ਉਨ੍ਹਾਂ ਨੂੰ ਹਰ ਰੋਜ਼ ਖਾਣਾ ਬਣਾਉਣਾ ਪੈਂਦਾ ਹੈ।

ਉਹ ਕਹਿੰਦੀ ਹੈ, "ਕਦੇ-ਕਦੇ ਤਾਂ ਸਾਰਾ ਦਿਨ ਬਿਜਲੀ ਗੁੱਲ ਰਹਿੰਦੀ ਹੈ। ਇਸ ਕਾਰਨ ਖਾਣਾ ਖ਼ਰਾਬ ਹੋ ਜਾਂਦਾ ਹੈ ਅਤੇ ਤੁਹਾਨੂੰ ਸੁੱਟਣਾ ਪੈਂਦਾ ਹੈ।"

ਮਾਲੀ ਵਿੱਚ ਬਿਜਲੀ ਦੀ ਸਮੱਸਿਆ ਕਰੀਬ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਸੀ।

ਸਰਕਾਰੀ ਬਿਜਲੀ ਕੰਪਨੀ ਉੱਤੇ ਪਿਛਲੇ ਸਾਲਾਂ ਦੌਰਾਨ ਲੱਖਾਂ ਡਾਲਰਾਂ ਦਾ ਕਰਜ਼ਾ ਚੜ੍ਹ ਗਿਆ ਹੈ ਅਤੇ ਮੰਗ ਅਨੁਸਾਰ ਬਿਜਲੀ ਦੀ ਪੂਰਤੀ ਕਰਨ ਵਿੱਚ ਅਸਫਲ ਰਹੀ ਹੈ।

ਮਾਲੀ ਦੇ ਇੱਕ ਵੱਡੇ ਹਿੱਸੇ ਕੋਲ ਜਨਰੇਟਰ ਦੀ ਸਹੂਲਤ ਨਹੀਂ ਹੈ ਕਿਉਂਕਿ ਡੀਜ਼ਲ ਜਾਂ ਪੈਟਰੋਲ ਨਾਲ ਭਰਨਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ।

ਸੌਮਲਾ ਮਾਗਾ ਦਾ ਕਹਿਣਾ ਹੈ ਕਿ ਰਾਤ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜੋ ਕਿ ਅਸਹਿ ਹੈ
ਤਸਵੀਰ ਕੈਪਸ਼ਨ, ਸੌਮੈਲਾ ਮਾਗਾ ਦਾ ਕਹਿਣਾ ਹੈ ਕਿ ਰਾਤ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜੋ ਕਿ ਅਸਹਿ ਹੈ।

ਬਿਜਲੀ ਨਾ ਹੋਣ ਦਾ ਇੱਕ ਮਤਲਬ ਇਹ ਹੈ ਕਿ ਰਾਤ ਨੂੰ ਪੱਖੇ ਨਹੀਂ ਚੱਲ ਸਕਣਗੇ। ਇਸ ਕਾਰਨ ਲੋਕ ਘਰਾਂ ਤੋਂ ਬਾਹਰ ਸੌਣ ਲਈ ਮਜਬੂਰ ਹਨ।

ਬਾਮਾਕੋ ਦੇ ਬਾਹਰਵਾਰ, ਸੌਮੈਲਾ ਮੈਗਾ ਨਾਂ ਦੇ ਨੌਜਵਾਨ ਨੇ ਕਿਹਾ, "ਅਸੀਂ ਸੱਚਮੁੱਚ ਬਹੁਤ ਪ੍ਰੇਸ਼ਾਨ ਹਾਂ। ਰਾਤ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਜੋ ਕਿ ਅਸਹਿ ਹੈ। ਗਰਮੀ ਵਧਣ ਨਾਲ ਮੈਂ ਬੇਹੋਸ਼ ਹੋਣ ਲਗਦਾ ਹਾਂ। ਮੈਂ ਆਪਣੇ ਆਪ ਨੂੰ ਸ਼ਾਂਤ ਰੱਖਣ ਲਈ, ਮੈਨੂੰ ਆਪਣੇ ਆਪ 'ਤੇ ਪਾਣੀ ਛਿੜਕਣਾ ਪੈਂਦਾ ਹੈ।"

ਮਾਰਚ ਤੋਂ ਮਾਲੀ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਗਰਮੀ ਵਿੱਚ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਖ਼ਤਰਾ ਹੈ।

ਬਾਮਾਕੋ ਦੇ ਯੂਨੀਵਰਸਿਟੀ ਹਸਪਤਾਲ ਦੇ ਪ੍ਰੋਫੈਸਰ ਯਾਕੂਬਾ ਤੋਲੋਬਾ ਨੇ ਬੀਬੀਸੀ ਨੂੰ ਦੱਸਿਆ, "ਮੈਂ ਹਰ ਰੋਜ਼ ਲਗਭਗ 15 ਜਣਿਆ ਨੂੰ ਦਾਖਲ ਕਰਵਾ ਰਿਹਾ ਹਾਂ। ਬਹੁਤ ਸਾਰੇ ਮਰੀਜ਼ਾਂ ਨੂੰ ਡੀਹਾਈਡਰੇਸ਼ਨ (ਸਰੀਰ ਵਿੱਚ ਪਾਣੀ ਦੀ ਕਮੀ) ਹੋ ਗਈ ਹੈ। ਲੋਕਾਂ ਨੂੰ ਖੰਘ ਅਤੇ ਸਾਹ ਦੀਆਂ ਹੋਰ ਸਮੱਸਿਆਵਾਂ ਤੋਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

ਅਹਿਤਿਆਤ ਵਜੋਂ ਕੁਝ ਇਲਾਕਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।

ਮੁਸਲਿਮ ਬਸੰਖਿਆ ਮਾਲੀ ਵਿੱਚ, ਲੋਕਾਂ ਨੂੰ ਰਮਜ਼ਾਨ ਦੇ ਮਹੀਨੇ ਵਿੱਚ ਵਰਤ ਨਾ ਰੱਖਣ ਦੀ ਸਲਾਹ ਦਿੱਤੀ ਗਈ ਸੀ।

ਬਰਫ਼ ਦੇ ਟੁਕੜੇ

ਪ੍ਰੋਫੈਸਰ ਟੋਲੋਬਾ ਕਹਿੰਦੇ ਹਨ, "ਸਾਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਸਾਨੂੰ ਹੋਰ ਯੋਜਨਾਵਾਂ ਬਣਾਉਣ ਦੀ ਲੋੜ ਹੈ। ਸ਼ਾਇਦ ਅਜਿਹੇ ਹਾਲਾਤ ਵਾਰ-ਵਾਰ ਆ ਸਕਦੇ ਹਨ। ਇਸ ਵਾਰ ਗਰਮੀ ਨੇ ਸਾਨੂੰ ਹੈਰਾਨ ਕਰ ਦਿੱਤਾ ਸੀ।"

ਅਜਿਹਾ ਨਹੀਂ ਹੈ ਕਿ ਸਿਰਫ ਬਾਗਬਾਨ ਹੀ ਗਰਮੀ ਤੋਂ ਦੁਖੀ ਹਨ। ਸੇਨੇਗਲ, ਗਿਨੀ, ਬੁਰਕੀਨਾ ਫਾਸੋ, ਨਾਈਜੀਰੀਆ, ਨਿਗੇਰ ਅਤੇ ਚਾਡ ਵਰਗੇ ਗੁਆਂਢੀ ਦੇਸ਼ਾਂ ਦੀ ਵੀ ਇਹੀ ਹਾਲਤ ਹੈ।

ਵਰਲਡ ਵੈਦਰ ਐਟ੍ਰਬਿਊਸ਼ਨ ਦੇ ਵਿਗਿਆਨੀਆਂ ਦੇ ਅਨੁਸਾਰ, ਮਨੁੱਖੀ ਗਤੀਵਿਧੀਆਂ ਕਾਰਨ ਹੋਣ ਵਾਲੀ ਜਲਵਾਯੂ ਤਬਦੀਲੀ ਇਸ ਅਤਿ ਦੀ ਗਰਮੀ ਲਈ ਜ਼ਿੰਮੇਵਾਰ ਹੈ।

ਸੰਸਥਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਮਨੁੱਖ ਨੇ ਜੈਵਿਕ ਬਾਲਣ (ਪੈਟਰੋਲ, ਡੀਜ਼ਲ, ਗੈਸ ਵਰਗੇ ਜੈਵਿਕ ਬਾਲਣ) ਨੂੰ ਸਾੜ ਕੇ ਧਰਤੀ ਨੂੰ ਗਰਮ ਨਾ ਕੀਤਾ ਹੁੰਦਾ, ਤਾਂ ਮਾਲੀ ਬੁਰਕੀਨਾ ਫਾਸੋ ਦੇ ਖੇਤਰ ਵਿੱਚ ਔਸਤ ਤਾਪਮਾਨ 1.4 ਤੋਂ 1.5 ਘੱਟ ਹੋਣਾ ਸੀ।

ਬਮਾਕੋ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਹਿਣ ਵਾਲਾ ਹੈ, ਇਸ ਲਈ ਲੋਕ ਅਜਿਹੇ ਹਾਲਾਤਾਂ ਵਿੱਚ ਆਪਣੇ ਆਪ ਨੂੰ ਢਾਲ ਰਹੇ ਹਨ।

ਜਿਵੇਂ ਹੀ ਰਾਜਧਾਨੀ ਵਿੱਚ ਸੂਰਜ ਡੁੱਬਣਾ ਸ਼ੁਰੂ ਹੁੰਦਾ ਹੈ, ਕੋਨਾਤੇ ਤਰਾਓਰੇ ਵਿਹੜੇ ਵਿੱਚ ਕਈ ਵੱਡੀਆਂ ਚਟਾਈ ਲਿਆ ਕੇ ਉਨ੍ਹਾਂ ਨੂੰ ਵਿਹੜੇ ਵਿੱਚ ਵਿਛਾ ਦਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਗਰਮੀ ਕਾਰਨ ਅਸੀਂ ਬਾਹਰ ਹੀ ਰਹਿੰਦੇ ਹਾਂ। ਜਦੋਂ ਗਰਮੀ ਵੱਧ ਜਾਂਦੀ ਹੈ ਤਾਂ ਮੈਂ ਬਿਮਾਰ ਹੋ ਜਾਂਦੀ ਹਾਂ। ਜ਼ਿੰਦਗੀ ਇੰਨੀ ਆਰਾਮਦਾਇਕ ਵੀ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)