ਜਿਨਸੀ ਸ਼ੋਸ਼ਣ ਦੇ ਕਥਿਤ ਵੀਡੀਓ, ਜਿਨ੍ਹਾਂ ਨੇ ਹਿਲਾਈ ਕਰਨਾਟਕ ਦੀ ਸਿਆਸਤ, ਜਾਣੋ ਪੂਰਾ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ ਬੀਬੀਸੀ ਲਈ
ਕਰਨਾਟਕ ਵਿੱਚ ਭਾਜਪਾ-ਜੇਡੀਐੱਸ ਗਠਜੋੜ ਦੇ ਉਮੀਦਵਾਰ ਪ੍ਰਜਵਲ ਰੇਵੱਨਾ ਦੇ ਕਥਿਤ ਯੌਨ ਸ਼ੋਸ਼ਣ ਦੇ ਵੀਡੀਓ ਨੂੰ ਪੈੱਨ ਡਰਾਈਵ ਰਾਹੀ ਵੰਡੇ ਜਾਣ ਨੇ ਸੂਬੇ ਦੀ ਸਿਆਸਤ ਵਿੱਚ ਹੜਕੰਪ ਮਚਾ ਦਿੱਤਾ ਹੈ।
ਇਸ ਨੂੰ ਜਨਤਕ ਕਰਨ ਦੇ ਤਰੀਕੇ ਨੇ ਕਰਨਾਟਕ ਵਿੱਚ ਕਿਸੇ ਸਕੈਂਡਲ ਦਾ ਭਾਂਡਾ ਭੰਨਣ ਨੂੰ ਇੱਕ ਨਵਾਂ ਤਰੀਕਾ ਕਿਹਾ ਜਾ ਸਕਦਾ ਹੈ।
ਉਹ ਵੀ ਅਜਿਹੇ ਵੇਲੇ ਜਦੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਸਿਆਸਤ ਤੇਜ਼ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਸੂਬੇ ਦੇ ਚੋਣ ਇਤਿਹਾਸ ਵਿੱਚ ਕਿਸੇ ਕਥਿਤ ਸੈਕਸ ਸਕੈਂਡਲ ਦਾ ਇਸ ਤਰੀਕੇ ਨਾਲ ਭਾਂਡਾ ਨਹੀਂ ਭੰਨਿਆ ਗਿਆ ਸੀ।
ਹਰ ਤਰ੍ਹਾਂ ਦੇ ਪਾਰਟੀ ਕਾਰਕੁਨ ਸੋਸ਼ਲ ਮੀਡੀਆ ਪਲੇਫਾਰਮਜ਼ ਦੀ ਥਾਂ ਇਸ ਤਰੀਕੇ ਪੈੱਨ ਡਰਾਈਵ ਨੂੰ ਬੱਸ ਅੱਡਿਆਂ, ਪਾਰਕਾਂ, ਪਿੰਡਾਂ ਵਿੱਚ ਲੱਗਣ ਵਾਲੇ ਮੇਲਿਆਂ ਅਤੇ ਇੱਥੋਂ ਤੱਕ ਕਿ ਘਰਾਂ ਵਿੱਚ ਡੰਪ ਕੀਤੇ ਜਾਣ ਤੋਂ ਨਿਰਾਸ਼ ਹਨ।
ਇਹ ਪੈੱਨਡਰਾਈਵ ਅਜਿਹੇ ਸਮੇਂ ਜਨਤਕ ਕੀਤੇ ਗਏ ਹਨ ਜਦੋਂ ਹਾਸਨ ਲੋਕ ਸਭਾ ਸੀਟ ਉੱਤੇ ਵੋਟਿੰਗ ਵਿੱਚ ਸਿਰਫ਼ ਪੰਜ ਦਿਨ ਬਚੇ ਸੀ।
ਕਰਨਾਟਕ ਵਿੱਚ ਹਾਸਨ ਲੋਕ ਸਭਾ ਉਨ੍ਹਾਂ 14 ਸੀਟਾਂ ਵਿੱਚੋਂ ਇੱਕ ਹੈ, ਜਿੱਥੇ ਸੂਬੇ ਦੇ ਪਹਿਲੇ ਅਤੇ ਦੇਸ਼ ਦੇ ਦੂਜੇ ਗੇੜ ਵਿੱਚ ਚੋਣਾਂ ਹੋਈਆਂ।
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵਿੱਚ ਪਾਲਿਸੀ ਐਂਡ ਗਵਰਨੈਂਸ ਦੇ ਪ੍ਰੋਫ਼ੈਸਰ ਨਰਾਇਣਾ ਬੀਬੀਸੀ ਹਿੰਦੀ ਨੂੰ ਦੱਸਦੇ ਹਨ, “ਭਾਰਤ ਵਿੱਚ ਤਕਨੀਕ ਦੀ ਮਦਦ ਨਾਲ ਨਵੇਂ ਸਿਆਸੀ ਪੈਂਤੜੇ ਵਧਦੇ ਜਾ ਰਹੇ ਹਨ। ਪਰ ਜੋ ਹੋਇਆ ਹੈ, ਉਹ ਸਿਆਸੀ ਚਲਾਕੀ ਹੈ। ਸ਼ਾਇਦ ਇਹ ਜੂਨ 2023 ਵਿੱਚ ਮੀਡੀਆ ਘਰਾਣਿਆਂ ਨੂੰ ਵੀਡੀਓ ਦੇ ਹਿੱਸੇ ਦਿਖਾਉਣ ਤੋਂ ਰੋਕਣ ਦੇ ਲਈ ਪ੍ਰਜਵਲ ਰੇਵੱਨਾ ਦੀ ਕੋਸ਼ਿਸ਼ ਨਾਲ ਲਿਆਂਦੇ ਗਏ, ਰੋਕ ਦੇ ਹੁਕਮਾਂ ਨੂੰ ਬਾਈਪਾਸ ਕਰਨ ਲਈ ਕੀਤਾ ਗਿਆ ਹੈ।”

ਕੀ ਸਿਆਸੀ ਅਸਰ ਹੋ ਸਕਦਾ ਹੈ?

ਤਸਵੀਰ ਸਰੋਤ, ANI
ਇਸ ਸਕੈਂਡਲ ਨੂੰ ਸਾਹਮਣੇ ਲਿਆਉਣ ਦੇ ਵੱਖ-ਵੱਖ ਸਿਆਸੀ ਅਸਰ ਹੋ ਸਕਦੇ ਹਨ। ਇਹ ਥੋੜ੍ਹੀ ਅਤੇ ਲੰਬੀ ਮਿਆਦ ਵਿੱਚ ਜੇਡੀਐੱਸ ਅਤੇ ਭਾਜਪਾ ਨੂੰ ਇਕੱਠਿਆਂ ਜਾਂ ਵੱਖਰੇ-ਵੱਖਰੇ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਭਾਜਪਾ ਦੇ ਆਗੂ ਗੱਲਬਾਤ ਵਿੱਚ ਇਹ ਮੰਨਦੇ ਹਨ ਕਿ ਸ਼ਰਮਸਾਰ ਕਰਨ ਵਾਲੀ ਗੱਲ ਹੈ।
ਫ਼ਿਲਹਾਲ ਤਾਂ ਅਜਿਹਾ ਲੱਗਦਾ ਹੈ ਕਿ ਭਾਜਪਾ ਅਤੇ ਜੇਡੀਐੱਸ ਗਠਜੋੜ ਇਸ ਤੂਫ਼ਾਨ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਲੈ ਜਾਵੇਗਾ।
ਹਾਲਾਂਕਿ ਸਿਆਸੀ ਮਾਹਰਾਂ ਦੇ ਮੁਤਾਬਕ ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਕਰਨਾਟਕ ਵਿੱਚ ਅਗਲੇ ਗੇੜ ਵਿੱਚ ਬਚੀਆਂ 14 ਲੋਕ ਸਭਾਂ ਸੀਟਾਂ ਵਿੱਚ ਕਾਂਗਰਸ ਆਪਣੇ ਪ੍ਰਚਾਰ ਕਿਵੇਂ ਕਰਦੀ ਹੈ।
ਕਰਨਾਕਟ ਸਰਕਾਰ ਨੇ ਇਸ ਪੂਰੇ ਮਾਮਲੇ ਵਿੱਚ ਜਾਂਚ ਦੇ ਲਈ ਐੱਸਆਈਟੀ ਗਠਿਤ ਕੀਤੀ ਹੈ। ਮੁੱਖ ਮੰਤਰੀ ਸਿੱਧਾਰਾਮਈਆ ਨੇ ਕਿਹਾ, “ਹਾਸਨ ਜ਼ਿਲ੍ਹੇ ਵਿੱਚ ਅਸ਼ਲੀਲ ਵੀਡੀਓ ਸਰਕੂਲੇਟ ਹੋ ਰਹੇ ਹਨ, ਇਹ ਦੇਖਿਆ ਗਿਆ ਹੈ ਕਿ ਔਰਤਾਂ ਦੇ ਖ਼ਿਲਾਫ਼ ਯੌਨ ਸ਼ੋਸ਼ਣ ਦੀ ਘਟਨਾ ਹੋਈ ਹੈ।”
ਐੱਸਆਈਟੀ ਦੀ ਅਗਵਾਈ ਸੂਬੇ ਦੇ ਏਡੀਜੀਪੀ ਬੀਕੇ ਸਿੰਘ ਕਰ ਰਹੇ ਹਨ। ਬੀਕੇ ਸਿੰਘ ਨੇ ਹੀ ਪੱਤਰਕਾਰ ਗੌਰੀ ਲੰਕੇਸ਼ ਅਤੇ ਕਾਰਕੁਨ ਐੱਮਐੱਮ ਕਾਲਬੁਰਗੀ ਦੇ ਕਤਲ ਦੀ ਜਾਂਚ ਦੀ ਅਗਵਾਈ ਕੀਤੀ ਸੀ।
ਸਾਹਮਣੇ ਆਇਆ ਨਵਾਂ ਪਹਿਲੂ

ਤਸਵੀਰ ਸਰੋਤ, ANI
ਹਾਸਨ ਜ਼ਿਲ੍ਹਾ ਸਾਬਕਾ ਪ੍ਰਧਾਨਮੰਤਰੀ ਐੱਚਡੀ ਦੇਵਗੌੜਾ ਦੇ ਪਰਿਵਾਰ ਦਾ ਮਜ਼ਬੂਤ ਗੜ੍ਹ ਰਿਹਾ ਹੈ। ਇਸ ਨੂੰ ਵੋਕਲਿੱਗਾ ਭਾਈਚਾਰੇ ਦੀ ਤਾਕਤ ਦਾ ਕੇਂਦਰ ਮੰਨਿਆ ਜਾਂਦਾ ਹੈ। ਹਾਲਾਂਕਿ ਵੋਕਾਲਿਗਾ ਭਾਈਚਾਰਾ ਦੱਖਣੀ ਕਰਨਾਟਕ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਫੈਲਿਆ ਹੋਇਆ ਹੈ।
2019 ਦੀਆਂ ਚੋਣਾਂ ਵਿੱਚ ਐੱਚਡੀ ਦੇਵਗੌੜਾ, ਪ੍ਰਜਵਲ ਰੇਵੱਨਾ(ਐੱਚਡੀ ਰੇਵੱਨਾ ਦੇ ਪੁੱਤਰ) ਦੇ ਲਈ ਹਾਸਨ ਸੀਟ ਛੱਡ ਕੇ ਟੁਮਕੁਰ ਸਿਫ਼ਟ ਹੋ ਗਏ ਸੀ।
ਉਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਸੰਤੁਲਨ ਬਣਾਉਣ ਦੇ ਲਈ ਅਜਿਹਾ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਦੂਜੇ ਪੋਤੇ ਨਿਖਿਲ ਕੁਮਾਰਸਵਾਮੀ (ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦੇ ਪੁੱਤਰ) ਮੰਡਿਆ ਤੋਂ ਚੋਣ ਲੜ ਰਹੇ ਸਨ। ਪਰ ਨਿਖਿਲ ਕੁਮਾਰਸਵਾਮੀ ਅਤੇ ਉਨ੍ਹਾਂ ਦੇ ਦਾਦਾ ਦੋਵੇਂ ਚੋਣ ਹਾਰ ਗਏ ਸੀ।
ਪੈੱਨਡਰਾਈਵ ਵੰਡਣ ਦਾ ਮਾਮਲਾ ਪਹਿਲੀ ਵਾਰ ਉੱਦੋਂ ਸਾਹਮਣੇ ਆਇਆ ਜਦੋਂ ਪ੍ਰਜਵਲ ਰੇਵੱਨਾ ਦੇ ਪੋਲਿੰਗ ਏਜੰਟ ਨੇ 21 ਅਪ੍ਰੈਲ ਨੂੰ ਹਾਸਨ ਪੁਲਿਸ ਥਾਣੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਕਿ ‘ਸਿਆਸੀ ਕਾਰਨਾਂ ਕਰਕੇ ਅਸ਼ਲੀਲ ਵੀਡੀਓ ਵਾਲੇ ਕੁਝ ਪੈੱਨ ਡਰਾਈਵ ਬਸ ਅੱਡਿਆਂ ਅਤੇ ਲੋਕਾਂ ਦੇ ਘਰਾਂ ਵਿੱਚ ਡੰਪ ਕੀਤੇ ਜਾ ਰਹੇ ਹਨ, ਇਨ੍ਹਾਂ ਵਿੱਚ ਰੇਵੱਨਾ ਦੀਆਂ ਛੇੜਛਾੜ ਕੀਤੀਆਂ ਹੋਈਆਂ ਤਸਵੀਰਾਂ ਹਨ।’
ਇਸ ਸ਼ਿਕਾਇਤ ਵਿੱਚ ਇੱਕ ਸ਼ਖ਼ਸ ਨਵੀਨ ਗੌੜਾ ਅਤੇ ਕੁਝ ਦੂਜੇ ਲੋਕਾਂ ਦੇ ਵੱਲ ਉਂਗਲੀਆਂ ਚੁੱਕੀਆਂ ਗਈਆਂ ਸਨ।
ਇਸ ਤੋਂ ਬਾਅਦ ਵਾਲੇ ਐਤਵਾਰ ਯਾਨਿ 28 ਅਪ੍ਰੈਲ ਨੂੰ ਦੇਵਗੌੜਾ ਪਰਿਵਾਰ ਹਮਲੇ ਦਾ ਇਹ ਇੱਕ ਨਵਾਂ ਪਹਿਲੂ ਸਾਹਮਣੇ ਆਇਆ।
ਐੱਚਡੀ ਰੇਵੱਨਾ ਦੇ ਘਰ ਵਿੱਚ ਖਾਣਾ ਬਣਾਉਣ ਦਾ ਕੰਮ ਕਰਨ ਵਾਲੀ ਇੱਕ 47 ਸਾਲ ਦੀ ਔਰਤ ਹੋਲੇਨਰਸਿਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਇਸ ਵਿੱਚ ਕਿਹਾ ਗਿਆ ਸੀ ਕਿ ਐੱਚਡੀ ਰੇਵੱਨਾ ਅਤੇ ਪ੍ਰਜਵਲ ਰੇਵੱਨਾ ਨੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਹੈ।
ਐੱਚਡੀ ਰੇਵੱਨਾ ਵੀ ਮੁਲਜ਼ਮ ਬਣੇ

ਤਸਵੀਰ ਸਰੋਤ, ANI
ਸ਼ਿਕਾਇਤ ਕਰਨ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਐੱਚਡੀ ਰੇਵੱਨਾ ਦੀ ਪਤਨੀ ਦੀ ਰਿਸ਼ਤੇਦਾਰ ਹਨ। ਉਹ ਰੇਵੱਨਾ ਦੇ ਵੱਡੇ ਪੁੱਤਰ ਸੂਰਜ ਦੇ ਵਿਆਹ ਦੇ ਦੌਰਾਨ ਘਰੇਲੂ ਕੰਮ ਵਿੱਚ ਮਦਦ ਕਰਨ ਦੇ ਲਈ ਰੇਵੱਨਾ ਪਰਿਵਾਰ ਵਿੱਚ ਆਏ ਸਨ ਪਰ ਬਾਅਦ ਵਿੱਚ ਉਹ ਖਾਣਾ ਬਣਾਉਣ ਦਾ ਕੰਮ ਕਰਨ ਲੱਗੀ। ਉਨ੍ਹਾਂ ਨੇ ਉੱਥੇ 2019 ਤੋਂ 2022 ਤੱਕ ਕੰਮ ਕੀਤਾ ਸੀ।
ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ, “ਮੈਂ ਜਦੋਂ ਕੰਮ ਸ਼ੁਰੂ ਕੀਤਾ ਤਾਂ ਉੱਥੇ ਕੰਮ ਕਰਨ ਵਾਲੀਆਂ ਹੋਰ ਛੇ ਔਰਤਾਂ ਨੇ ਦੱਸਿਆ ਕਿ ਉਹ ਪ੍ਰਜਵਲ ਤੋਂ ਡਰਦੀਆਂ ਹਨ। ਉੱਥੇ ਕੰਮ ਕਰਨ ਵਾਲੇ ਮਰਦ ਸਹਾਇਕਾਂ ਨੇ ਵੀ ਕਿਹਾ ਹੈ ਕਿ ਉਹ ਰੇਵੱਨਾ ਅਤੇ ਪ੍ਰਜਵਲ ਤੋਂ ਡਰ ਕੇ ਰਹਿਣ।”
“ਜਦੋਂ ਵੀ ਉਨ੍ਹਾਂ(ਐੱਚਡੀ ਰੇਵੱਨਾ) ਪਤਨੀ ਭਵਾਨੀ ਘਰ ਨਹੀਂ ਹੁੰਦੀ ਸੀ ਤਾਂ ਰੇਵੱਨਾ ਮੈਨੂੰ ਗਲਤ ਢੰਗ ਨਾਲ ਛੂੰਹਦੇ ਸੀ, ਉਨ੍ਹਾਂ ਨੇ ਮੇਰੇ ਉੱਤੇ ਯੌਨ ਹਮਲਾ ਕੀਤਾ। ਉਹ ਦੂਜੇ ਲੋਕਾਂ ਨੂੰ ਕਹਿੰਦੇ ਸੀ ਕਿ ਮੇਰੀ ਕੁੜੀ ਨੂੰ ਲੈ ਕੇ ਆਉਣ ਜੋ ਉਨ੍ਹਾਂ ਦੀ ਤੇਲ ਮਾਲਿਸ਼ ਕਰਨ, ਪ੍ਰਜਵਲ ਮੇਰੀ ਧੀ ਨੂੰ ਵੀਡੀਓ ਕਾਲ ਕਰਕੇ ਉਸ ਨਾਲ ਅਸ਼ਲੀਲ ਗੱਲਾਂ ਕਰਦੇ ਸੀ।”
ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਨੇ ਪ੍ਰਜਵਲ ਦਾ ਨੰਬਰ ਬਲੌਕ ਕਰ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਨੇ ਵੀ ਕੰਮ ਛੱਡ ਦਿਤਾ ਸੀ।
ਸ਼ਿਕਾਇਤ ਵਿੱਚ ਉਨ੍ਹਾਂ ਨੇ ਕਿਹਾ ਹੈ, “ਮੈਂ ਵੀਡੀਓ ਦੇਖੀ ਅਤੇ ਮੈਂ ਉਨ੍ਹਾਂ(ਔਰਤਾਂ) ਵਿੱਚੋਂ ਇੱਕ ਨੂੰ ਜਾਣਦੀ ਹਾਂ।”
ਪਰ ਇਸ ਮਾਮਲੇ ਨੂੰ ਲੈ ਕੇ ਐੱਚਡੀ ਰੇਵੱਨਾ ਨੇ ਪੱਤਰਕਾਰਾਂ ਨੂੰ ਕਿਹਾ, “ਹੁਣ ਐੱਸਆਈਟੀ ਬਣ ਗਈ ਹੈ, ਮੈਂ ਇਸ ਦੇ ਸਾਹਮਣੇ ਪੇਸ਼ ਹੋਵਾਂਗਾ, ਜਦੋਂ ਬੁਲਾਇਆ ਜਾਵੇਗਾ ਪ੍ਰਜਵਲ ਵੀ ਜਾਣਗੇ, ਐਫ਼ਆਈਆਰ ਕੱਲ੍ਹ ਦਰਜ ਕੀਤੀ ਗਈ ਹੈ, ਇਹ ਚਾਰ-ਪੰਜ ਸਾਲ ਪੁਰਾਣਾ ਮੁੱਦਾ ਹੈ।”
ਨਰਾਜ਼ ਐੱਚਡੀ ਕੁਮਾਰਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ, “ਇਨ੍ਹਾਂ ਰਿਪੋਰਟਾਂ ਵਿੱਚ ਤੁਸੀਂ ਸਾਰੇ ਦੇਵਗੌੜਾ ਦਾ ਨਾਮ ਕਿਉਂ ਪਾ ਰਹੇ ਹੋ, ਜੇਕਰ ਕਿਸੇ ਵਿਅਕਤੀ ਨੇ ਗਲਤੀ ਕੀਤੀ ਹੈ ਤਾਂ ਉਸ ਨੂੰ ਉਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ।”
ਸਿਆਸਤ ਉੱਤੇ ਕੀ ਅਸਰ ਹੋਵੇਗਾ

ਤਸਵੀਰ ਸਰੋਤ, ANI
ਪਿਛਲੇ ਸਾਲ ਜੂਨ ਵਿੱਚ ਰੇਵੱਨਾ ਨੇ ਇਨ੍ਹਾਂ ਵੀਡੀਓਜ਼ ਉੱਤੇ ਅਦਾਲਤ ਵੱਲੋਂ ਰੋਕ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਭਾਜਪਾ ਦੇ ਸਥਾਨਕ ਆਗੂ ਦੇਵਰਾਜੇ ਗੌੜਾ ਨੇ ਕਰਨਾਟਕ ਭਾਜਪਾ ਮੁਖੀ ਬੀਵਾਈ ਵਿਜੇਂਦਰ ਨੂੰ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਚਿੱਠੀ ਲਿਖੀ ਸੀ ਅਤੇ ਮੰਗ ਕੀਤੀ ਸੀ ਕਿ ਪ੍ਰਜਵਲ ਰੇਵੱਨਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗਠਜੋੜ ਨਾਲ ਉਮੀਦਵਾਰ ਨਾ ਬਣਾਇਆ ਜਾਵੇ।
ਹਾਲਾਂਕਿ ਭਾਜਪਾ ਦੀ ਲੀਡਰਸ਼ਿਪ ਨੇ ਤੈਅ ਕੀਤਾ ਸੀ ਕਿ ਇੱਕ ਵਾਰੀ ਗਠਜੋੜ ਵਿੱਚ ਸੀਟਾਂ ਦੀ ਵੰਡ ਤੈਅ ਹੋ ਜਾਵੇ ਤਾਂ ਕਿਸ ਨੂੰ ਉਮੀਦਵਾਰ ਬਣਾਉਣਾ ਹੈ ਅਤੇ ਕਿਸ ਨੂੰ ਨਹੀਂ ਇਹ ਗਠਜੋੜ ਸਹਿਯੋਗੀ ਉੱਤੇ ਛੱਡ ਦਿੱਤਾ ਜਾਵੇ।
ਪਾਰਟੀ ਦੇ ਬੁਲਾਰੇ ਪ੍ਰਕਾਸ਼ ਸ਼ੇਸ਼ਵਰਗਾਵਾਚਰ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਗਠਜੋੜ ਸਹਿਯੋਗੀ ਨੂੰ ਇਹ ਨਹੀਂ ਕਹਿ ਸਕਦੇ ਕਿ ਕਿਸ ਨੂੰ ਉਮੀਦਵਾਰ ਬਣਾਏ ਅਤੇ ਕਿਸ ਨੂੰ ਨਾ, ਇਹ ਪਾਰਟੀ ਉੱਤੇ ਛੱਡ ਦਿੱਤਾ ਗਿਆ ਸੀ।”
ਪਰ ਪ੍ਰੋਫ਼ੈਸਰ ਨਰਾਇਣਾ ਕਹਿੰਦੇ ਹਨ ਕਿ ਜੇਕਰ ਕੋਈ ਸਕੈਂਡਲ ਹਨ ‘ਤਾਂ ਉਸ ਦਾ ਬਹੁਤਾ ਜ਼ਿਆਦਾ ਅਸਰ ਨਹੀਂ ਹੋਵੇਗਾ ਕਿਉਂਕਿ ਜਦੋਂ ਵੋਟਿੰਗ ਹੋਈ ਉਦੋਂ ਕਥਿਤ ਵਡਿੀਓ ਦੀ ਪੈੱਨ ਡਰਾਈਵ ਸਿਰਫ਼ ਹਸਨ ਸ਼ਹਿਰ ਵਿੱਚ ਵੰਡੀ ਜਾ ਰਹੀ ਸੀ, ਇਸ ਦਾ ਕਰਨਾਟਕ ਵਿੱਚ ਹੋਈ ਪਹਿਲੇ ਗੇੜ ਦੀ ਵੋਟਿੰਗ ਉੱਤੇ ਕੋਈ ਅਸਰ ਨਹੀਂ ਹੋਇਆ ਹੈ ਪਰ ਜੇਕਰ ਕਾਂਗਰਸ ਬਚੀਆਂ ਹੋਈਆਂ 14 ਸੀਟਾਂ ਉੱਤੇ ਔਰਤਾਂ ਦੀਆਂ ਵੋਟਾਂ ਨੂੰ ਆਪਣੇ ਪਾਸੇ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਭਾਜਪਾ ਨੂੰ ਨੈਤਿਕ ਰੂਪ ਨਾਲ ਚੁਣੌਤੀ ਦੇ ਸਕਦਾ ਹੈ।”
ਸਿਆਸੀ ਮਾਹਰ ਡੀ ਉਮਾਪਤਿ ਕਹਿੰਦੇ ਹਨ ਕਿ ਇਸ ਸਕੈਂਡਲ ਨੇ ਭਾਜਪਾ ਦੇ ਹੱਥ ਵਿੱਚ ਉਹ ਸੋਟੀ ਦੇ ਦਿੱਤੀ ਹੈ ਜਿਸ ਨਾਲ ਉਹ ਭਵਿੱਖ ਵਿੱਚ ਜੇਡੀਐੱਸ ਉੱਤੇ ਭਾਰੀ ਪੈ ਸਕਦੀ ਹੈ।
ਉਮਾਪਤਿ ਕਹਿੰਦੇ ਹਨ, “ਤੁਸੀਂ ਇਹ ਮੰਨ ਸਕਦੇ ਹੋ ਕਿ ਭਾਜਪਾ ਜੇਡੀਐੱਸ ਨੂੰ ਨਿਗਲ ਜਾਵੇਗੀ। ਜੇਡੀਐੱਸ ਨੇ ਇਸ ਦਾ ਅੰਦਾਜ਼ਾ ਵੀ ਲਾ ਲਿਆ ਹੋਵੇਗਾ ਪਰ ਅੱਜ ਦੀ ਸਥਿਤੀ ਵਿੱਚ ਜੇਡੀਐੱਸ ਭਵਿੱਖ ਦੇ ਵੱਲ ਦੇਖਣ ਦੇ ਲਈ ਆਪਣਾ ਵਰਤਮਾਨ ਬਚਾਉਣਾ ਚਾਹੇਗੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਜੇਡੀਐੱਸ ਦੇ ਤਾਬੂਤ ਵਿੱਚ ਵੱਡੀ ਕਿੱਲ ਹੈ।”
ਪ੍ਰੋਫ਼ੈਸਰ ਨਾਰਾਇਣਾ ਵੀ ਕੁਝ ਹੱਦ ਤੱਕ ਉਮਾਪਤਿ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, “ਇਸ ਘਟਨਾਕ੍ਰਮ ਤੋਂ ਬਾਅਦ ਜੇਡੀਐੱਸ ਦਾ ਅੰਤ ਹੋਰ ਕਰੀਬ ਆ ਗਿਆ ਹੈ, ਇਹ ਜੇਡੀਐੱਸ ਦੇ ਭਾਜਪਾ ਨਾਲ ਵੱਖ ਹੋਣ ਦਾ ਕਾਰਨ ਬਣ ਸਕਦਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਜੇਡੀਐੱਸ ਆਗੂਆਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦੀ ਭੱਜਦੌੜ ਮਚ ਜਾਵੇਗੀ।”
ਹਾਲਾਂਕਿ, ਉਮਾਪਤਿ ਆਪਣੀ ਇਸ ਗੱਲ ਉੱਤੇ ਕਾਇਮ ਹਨ ਕਿ ਜੇਡੀਐੱਸ ਆਗੂ ਐੱਚਡੀ ਦੇਵਗੌੜਾ ਜਦੋਂ ਤੱਕ ਜ਼ਿੰਦਾ ਹਨ ਉਹ ਆਪਣੀ ਪਾਰਟੀ ਨੂੰ ਟੁੱਟਣ ਨਹੀਂ ਦੇਣਗੇ। ਪਰ ਜੇਕਰ ਜੇਡੀਐੱਸ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਕਾਂਗਰਸ ਦੀ ਸਿਆਸਤ ਦੋ ਧਰੁਵੀ ਰਹਿ ਜਾਵੇਗੀ ਅਤੇ ਭਾਜਪਾ ਦੇ ਲਈ ਬਹੁਮਤ ਹਾਸਲ ਕਰਨਾ ਹੁਣ ਸੁਪਨਾ ਨਹੀਂ ਰਹਿ ਜਾਵੇਗਾ।












