ਸਿੱਧੂ ਮੂਸੇਵਾਲਾ ਦੇ ਪਿਤਾ ਭਾਜਪਾ ਨਾਲ ਕਿਉਂ ਨਹੀਂ ਗਏ, ਕਾਂਗਰਸ ਨੇ ਕਿਵੇਂ ਕੀਤੇ ਸ਼ਿਕਵੇ ਦੂਰ

ਬਲਕੌਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, BBC/Surinder Mann

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਦੀ ਇਸ ਫੇਰੀ ਸਮੇਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਸਨ
    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣ ਨੂੰ ਲੈ ਕੇ ਸੂਬੇ ਵਿਚ ਚਰਚਾ ਛਿੜੀ ਹੋਈ ਹੈ।

ਇਸ ਚਰਚਾ ਦਾ ਮੁੱਢ ਉਸ ਵੇਲੇ ਬੱਝਿਆ ਸੀ, ਜਦੋਂ ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਸੀ।

ਇਸ ਤੋਂ ਤੁਰੰਤ ਬਾਅਦ ਲੋਕ ਸਭਾ ਹਲਕਾ ਬਠਿੰਡਾ ਨਾਲ ਸਬੰਧਤ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੇ ਕੁੱਝ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਬਲਕੌਰ ਸਿੰਘ ਨੂੰ ਆਜ਼ਾਦ ਤੌਰ 'ਤੇ ਚੋਣ ਲੜਨ ਦੀ ਸਲਾਹ ਦਿੱਤੀ ਸੀ।

ਠੀਕ ਇਸੇ ਸਮੇਂ ਹੀ ਬਲਕੌਰ ਸਿੰਘ ਵੱਲੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ 9 ਨੁਕਤਿਆਂ ਵਾਲੀ ਇੱਕ ਚਿੱਠੀ ਲਿਖ ਦਿੱਤੀ ਗਈ।

ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀ ਚੱਲ ਰਹੀ ਚਰਚਾ ਦੌਰਾਨ ਹੀ ਲਿਖੀ ਗਈ ਇਸ ਚਿੱਠੀ ਨੇ ਕਾਂਗਰਸ ਪਾਰਟੀ ਦੇ ਖੇਮੇ ਵਿੱਚ 'ਖਲਬਲੀ' ਪੈਦਾ ਕਰ ਦਿੱਤੀ ਸੀ।

ਇਸ ਚਿੱਠੀ ਤੋਂ ਬਾਅਦ ਹੀ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਵੀ ਛਿੜ ਗਈ ਸੀ ਕਿ ਮੂਸੇਵਾਲਾ ਦਾ ਪਰਿਵਾਰ ਕਾਂਗਰਸ ਪਾਰਟੀ ਤੋਂ ਨਾਰਾਜ਼ ਹੈ।

ਕੀ ਹਨ ਇਸ ਚਿੱਠੀ ਦੇ ਨੁਕਤੇ ?

ਬਲਕੌਰ ਸਿੰਘ

ਤਸਵੀਰ ਸਰੋਤ, BBC/Surinder Mann

ਤਸਵੀਰ ਕੈਪਸ਼ਨ, ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀ ਚੱਲ ਰਹੀ ਚਰਚਾ ਦੌਰਾਨ ਹੀ ਲਿਖੀ ਗਈ ਇਸ ਚਿੱਠੀ ਨੇ ਕਾਂਗਰਸ ਪਾਰਟੀ ਦੇ ਖੇਮੇ ਵਿੱਚ 'ਖਲਬਲੀ' ਪੈਦਾ ਕਰ ਦਿੱਤੀ ਸੀ

ਅਸਲ ਵਿੱਚ ਇਹ ਚਿੱਠੀ ਉਸ ਵੇਲੇ ਸਾਹਮਣੇ ਆਈ, ਜਦੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਪਿੰਡ ਮੂਸਾ ਪਹੁੰਚੇ ਸਨ।

ਇਹ ਚਿੱਠੀ ਬਲਕੌਰ ਸਿੰਘ ਦੇ ਦਸਤਖਤਾਂ ਹੇਠ ਲਿਖਿਆ ਗਿਆ ਹੈ। ਇਸ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀ ਪੋਸਟ ਕੀਤਾ ਹੈ।

ਇਸ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਹ 9 ਗੱਲਾਂ ਉਹ ਚੋਣਾਂ ਵਿੱਚ ਅਤੇ ਚੋਣਾਂ ਤੋਂ ਬਾਅਦ ਸੰਸਦ ਵਿੱਚ ਜ਼ਰੂਰ ਚੁੱਕਣਗੇ।

ਉਨ੍ਹਾਂ ਨੇ ਇਹ ਗੱਲ ਵੀ ਚੁੱਕੀ ਕਿ ਦਿੱਲੀ ਇੰਟੈਲੀਜੈਂਸ ਦੀ ਰਿਪੋਰਟ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਸਿਕਿਉਰਟੀ ਕਿਸ ਦੀ ਹੁਕਮਾਂ ਨਾਲ ਹਟਾਈ ਗਈ ਸੀ।

ਇੱਕ ਨੁਕਤਾ ਇਹ ਵੀ ਉਠਾਇਆ ਗਿਆ ਹੈ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਚਲਾਉਣ ਲਈ 'ਸੰਜੀਦਾ' ਨਹੀਂ ਹੈ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, GETTY IMAGES

ਬਲਕੌਰ ਸਿੰਘ ਨੇ ਇਸ ਪੱਤਰ ਵਿੱਚ ਲਿਖਿਆ ਹੈ, "ਸਿੱਧੂ ਦੇ ਕਤਲ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਅਸੀਂ ਕੁਝ ਨਾਮ ਸ਼ੱਕ ਦੇ ਅਧਾਰ 'ਤੇ ਸਬੂਤਾਂ ਸਮੇਤ ਦਿੱਤੇ ਸਨ ਪਰ ਉਨਾਂ ਨੂੰ ਜਾਂਚ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ।"

ਉਹ ਅੱਗੇ ਸਵਾਲ ਚੁੱਕਦੇ ਹਨ, "ਮਾਰਚ 2023 ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚ ਹੁੰਦੇ ਹੋਏ ਦੋ ਵਾਰ ਇੰਟਰਵਿਊ ਕਰਵਾਈ ਗਈ। ਇਹ ਇੰਟਰਵਿਊ ਕਿਸ ਦੇ ਹੁਕਮਾਂ ਨਾਲ ਕਰਵਾਈ ਗਈ ਅਤੇ ਇਸ ਦੇ ਪਿੱਛੇ ਮਨਸ਼ਾ ਕੀ ਸੀ।"

"ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਖਲ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਜਾਂਚ ਲਈ ਹੋਰ ਸਮਾਂ ਮੰਗ ਰਹੀ ਹੈ। ਇਹ ਸਮਾਂ ਚੋਣਾਂ ਲੰਘਾਉਣ ਲਈ ਮੰਗਿਆ ਗਿਆ ਹੈ।"

ਉਹ ਲਿਖਦੇ ਹਨ, "ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਾਲੇ ਪੱਤਰਕਾਰ ਦੇ ਬਿਆਨ ਪੁਲਿਸ ਕਿਉਂ ਨਹੀਂ ਦਰਜ ਕਰ ਰਹੀ ਜਦੋਂ ਕੇ ਅਦਾਲਤ ਇਸ ਬਾਰੇ ਹੁਕਮ ਜਾਰੀ ਕਰ ਚੁੱਕੀ ਹੈ।"

"ਸਰਕਾਰ 13 ਮਹੀਨਿਆਂ ਬਾਅਦ ਵੀ ਇਸ ਗੱਲ ਉੱਪਰ ਚੁੱਪ ਹੈ। ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਲੋਕਾਂ ਨੂੰ ਸੈਂਕੜੇ ਸਿਕਿਉਰਟੀ ਗਾਰਡਾਂ ਨਾਲ ਬਿਨਾਂ ਹੱਥਕੜੀਆਂ ਅਤੇ ਬਿਨਾਂ ਮੂੰਹ ਟੱਕੇ ਐਨਕਾਂ ਲਗਵਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਸਭ ਮੀਡੀਆ ਸਾਹਮਣੇ ਉਨਾਂ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਸਾਜਿਸ਼ ਹੈ।"

ਅਗਲੇ ਨੁਕਤੇ ਵਿੱਚ ਬਲਕੌਰ ਸਿੰਘ ਲਿਖਦੇ ਹਨ, "ਕੇਸ ਵਿੱਚ ਨਾਮਜ਼ਦ ਦੋਸ਼ੀਆਂ ਤੋਂ ਜੇਲ੍ਹਾਂ ਵਿਚ 14 ਵਾਰ ਮੋਬਾਈਲ ਫ਼ੋਨ ਫੜੇ ਗਏ ਹਨ। ਇਹ ਫ਼ੋਨ ਕੇਸ ਸਬੰਧੀ ਸਬੂਤਾਂ ਨੂੰ ਮਿਟਾਉਣ ਅਤੇ ਸਬੰਧਤ ਗਵਾਹਾਂ ਨੂੰ ਧਮਕਾਉਣ ਲਈ ਵਰਤੇ ਜਾ ਰਹੇ ਹਨ ਜੋ ਕਿ ਗੰਭੀਰ ਵਿਸ਼ਾ ਹੈ।"

ਆਪਣੇ ਆਖਰੀ ਨੁਕਤੇ ਵਿੱਚ ਬਲਕੌਰ ਸਿੰਘ ਲਿਖਦੇ ਹਨ, "ਭਾਰਤ ਸਰਕਾਰ ਵੱਲੋਂ ਅੱਤਵਾਦੀ ਘੋਸ਼ਿਤ ਕੀਤੇ ਗਏ ਅਤੇ ਇਸ ਕੇਸ ਵਿੱਚ ਨਾਮਜ਼ਦ ਗੋਲਡੀ ਬਰਾੜ ਨੂੰ ਭਾਰਤ ਲਿਆ ਕੇ ਸਜ਼ਾ ਦਵਾਉਣ ਲਈ ਸਰਕਾਰਾਂ ਸੰਜੀਦਾ ਨਹੀਂ ਹਨ।"

ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕੇ ਆਖ਼ਰਕਾਰ ਇਹ ਪੱਤਰ ਕਾਂਗਰਸ ਦੇ ਉਮੀਦਵਾਰ ਨੂੰ ਹੀ ਕਿਉਂ ਦਿੱਤਾ ਗਿਆ।

ਮੂਸੇਵਾਲਾ ਦੇ ਘਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ

ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, BBC/Surinder Mann

ਬਲਕੌਰ ਸਿੰਘ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜਨ ਦੀ ਚੱਲੀ ਚਰਚਾ ਅਤੇ ਇਸ ਪੱਤਰ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 29 ਅਪ੍ਰੈਲ ਨੂੰ ਦੇਰ ਸ਼ਾਮ ਮੂਸੇਵਾਲਾ ਦੇ ਘਰ ਪਹੁੰਚੇ।

ਕਾਂਗਰਸ ਪਾਰਟੀ ਦੇ ਖੇਮੇ ਵਿੱਚ ਇਸ ਨੂੰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਕਾਂਗਰਸ ਨਾਲ 'ਨਾਰਾਜ਼ਗੀ' ਵਜੋਂ ਲਿਆ ਗਿਆ।

ਪ੍ਰਤਾਪ ਸਿੰਘ ਬਾਜਵਾ ਦੀ ਇਸ ਫੇਰੀ ਸਮੇਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਸਨ।

ਇਨ੍ਹਾਂ ਆਗੂਆਂ ਦੀ ਬਲਕੌਰ ਸਿੰਘ ਨਾਲ ਹੋਈ ਬੰਦ ਕਮਰਾ ਮੀਟਿੰਗ ਤੋਂ ਬਾਅਦ ਇਹ ਗੱਲ ਸਾਫ਼ ਕਰ ਦਿੱਤੀ ਗਈ ਕਿ ਹੁਣ ਕਿਸੇ ਤਰ੍ਹਾਂ ਦਾ ਕੋਈ 'ਗਿਲਾ-ਸ਼ਿਕਵਾ' ਨਹੀਂ ਹੈ।

ਇਸ ਸਮੇਂ ਮੂਸੇਵਾਲਾ ਦੇ ਘਰ ਉਨਾਂ ਦੇ ਪ੍ਰਸ਼ੰਸਕ ਅਤੇ ਮਾਨਸਾ ਹਲਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।

ਪ੍ਰਤਾਪ ਸਿੰਘ ਬਾਜਵਾ, ਬਲਕੌਰ ਸਿੰਘ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਭਾਸ਼ਣ ਦੌਰਾਨ ਉਨਾਂ ਨੂੰ ਕਈ ਤਰ੍ਹਾਂ ਦੇ ਤਿੱਖੇ ਸਵਾਲ ਪੁੱਛੇ।

ਮੂਸੇਵਾਲਾ ਦੇ ਪਰਿਵਾਰ ਨੇ ਕਿਹੜੇ ਸ਼ਿਕਵੇ ਕੀਤੇ ਜ਼ਾਹਰ

ਬਲਕੌਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, BBC/Surinder Mann

ਬਲਕੌਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਚੋਣਾਂ ਦੇ ਦੌਰ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਇਨਸਾਫ਼ ਦਿਵਾਉਣ ਦੀ ਗੱਲ ਨਹੀਂ ਕਰ ਰਹੀ ਹੈ।

ਉਨਾਂ ਕਿਹਾ, "ਸਾਨੂੰ ਅਜਿਹੇ ਲੀਡਰ ਲੱਭਣ ਲਈ ਅੱਗੇ ਆਉਣਾ ਪਵੇਗਾ, ਜੋ ਦੀਨ-ਦੁਖੀਆਂ ਅਤੇ ਗਰੀਬਾਂ ਨੂੰ ਇਨਸਾਫ਼ ਦਵਾਉਣ ਲਈ ਵਚਨਬੱਧ ਹੋਣ।"

ਬਲਕੌਰ ਸਿੰਘ ਪੰਜਾਬ ਦੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਮਾਨਸਾ ਵਿਖੇ ਤੈਨਾਤ ਸਨ। ਉਹ 4 ਮਈ 2023 ਨੂੰ ਸੇਵਾ ਮੁਕਤ ਹੋਏ ਸਨ।

ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਮੂਸੇ ਵਾਲਾ ਦੇ ਕਤਲ ਨੂੰ ਸਾਜਿਸ਼ ਦੱਸਿਆ।

ਉਨਾਂ ਕਿਹਾ, "ਸਾਨੂੰ ਅੱਜ ਸਵੇਰ ਤੋਂ ਲਗਾਤਾਰ ਫ਼ੋਨ ਆ ਰਹੇ ਹਨ। ਸਾਨੂੰ ਰਾਜ ਸਭਾ ਲਈ ਮੈਂਬਰ ਨਾਮਜ਼ਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪਰ ਸਾਡੇ ਲਈ ਸਭ ਤੋਂ ਵੱਡੀ ਗੱਲ ਸਿੱਧੂ ਮੂਸੇਵਾਲੇ ਦੇ ਕਤਲ ਦਾ ਨਿਆਂ ਹਾਸਲ ਕਰਨਾ ਹੈ"।

"ਸਾਡੀ ਨਾ ਤਾਂ ਕੇਂਦਰ ਸਰਕਾਰ ਗੱਲ ਸੁਣ ਰਹੀ ਹੈ ਨਾ ਹੀ ਸੂਬਾ ਸਰਕਾਰ। ਰਾਜ ਸਭਾ ਦੀ ਸੀਟ ਤਾਂ ਦੂਰ ਦੀ ਗੱਲ ਅਸੀਂ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਚੱਲ ਸਕਦੇ। ਸਾਡੇ ਪੁੱਤਰ ਦੇ ਕਤਲ ਲਈ ਸਰਕਾਰਾਂ ਹੀ ਜ਼ਿੰਮੇਵਾਰ ਹਨ"।

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾ ਨੇ ਇਹ ਗਿਲਾ ਵੀ ਜ਼ਾਹਰ ਕੀਤਾ ਕਿ ਟਿਕਟ ਮਿਲਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਨੇ ਸਿੱਧੂ ਮੂਸੇਵਾਲੇ ਦਾ ਕਿਸੇ ਵੀ ਮੀਟਿੰਗ ਵਿੱਚ ਜ਼ਿਕਰ ਨਹੀਂ ਕੀਤਾ।

ਕੀ ਬੋਲੇ ਪ੍ਰਤਾਪ ਸਿੰਘ ਬਾਜਵਾ

 ਪ੍ਰਤਾਪ ਸਿੰਘ ਬਾਜਵਾ

ਤਸਵੀਰ ਸਰੋਤ, BBC/Surinder Mann

ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਥਾਨਕ ਪੱਧਰ ਉੱਤੇ ਕੁਝ ਮਤਭੇਦ ਜੀਤ ਮਹਿੰਦਰ ਸਿੰਘ ਸਿੱਧੂ ਨਾਲ ਜ਼ਰੂਰ ਉੱਭਰੇ ਸਨ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਲਈ ਸਭ ਤੋਂ ਪਹਿਲਾਂ ਬਲਕੌਰ ਸਿੰਘ ਤੱਕ ਚੋਣ ਲੜਨ ਦੀ ਕਈ ਵਾਰ ਪਹੁੰਚ ਕੀਤੀ ਗਈ ਸੀ।

"ਪਰ ਜਦੋਂ ਪਰਿਵਾਰ ਵੱਲੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਫਿਰ ਇਹ ਟਿਕਟ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਦਿੱਤੀ ਗਈ ਹੈ"।

"ਕਾਂਗਰਸ ਹਾਈ ਕਮਾਂਡ ਵੱਲੋਂ ਗੀਤ ਮਹਿੰਦਰ ਸਿੰਘ ਸਿੱਧੂ ਨੂੰ ਕਿਹਾ ਗਿਆ ਸੀ ਕਿ ਉਹ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਮਿਲ ਕੇ ਬਾਅਦ ਵਿੱਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਨ"।

"ਹੁਣ ਗਿਲੇ-ਸ਼ਿਕਵੇ ਦੂਰ ਹੋ ਗਏ ਹਨ। ਕਾਂਗਰਸ ਪਾਰਟੀ ਵਾਅਦਾ ਕਰਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਨਿਆਂ ਲੈਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ"।

ਇਸ ਮੌਕੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ, "ਮੈਂ ਸਿੱਧੂ ਪਰਿਵਾਰ ਕੋਲੋਂ ਆਸ਼ੀਰਵਾਦ ਲੈਣ ਆਇਆ ਸੀ। ਕੁਝ ਗਿਲਾ-ਸ਼ਿਕਵਾ, ਨਾਰਾਜ਼ਗੀ ਅਤੇ ਗਲਤ ਫ਼ਹਿਮੀ ਹੋ ਗਈ ਸੀ, ਜਿਸ ਨੂੰ ਦੂਰ ਕਰ ਲਿਆ ਗਿਆ ਹੈ"।

"ਜੇਕਰ ਮੈਂ ਜਿੱਤ ਦਰਜ ਕਰਦਾ ਹਾਂ ਤਾਂ ਮੇਰਾ ਪਹਿਲਾ ਮੁੱਦਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਨਿਆਂ ਦਵਾਉਣਾ ਹੋਵੇਗਾ"।

ਇਸ ਮੌਕੇ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਰਮਿਆਨ ਨੋਕ-ਝੋਕ ਵੀ ਹੋਈ, ਜਿਸ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਸ਼ਾਂਤ ਕਰਵਾ ਦਿੱਤਾ।

ਮੂਸੇਵਾਲਾ ਪਰਿਵਾਰ ਦਾ ਸਿਆਸੀ ਪਿਛੋਕੜ

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, FB/ CHARAN KAUR

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਉਨ੍ਹਾਂ ਦੀ ਮਾਂ ਚਰਨ ਕੌਰ ਨਾਲ ਤਸਵੀਰ

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਪਿਛਲੇ ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ।

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਹਿੱਸਾ ਲਿਆ ਸੀ ਅਤੇ ਉਹ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਅਪਣੇ ਪਿੰਡ ਮੂਸਾ ਦੇ ਸਰਪੰਚ ਚੁਣੇ ਗਏ ਸਨ।

ਇਸੇ ਤਰ੍ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਸਾਲ 2022 ਵਿੱਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਮਾਨਸਾ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ।

ਇਸ ਚੋਣ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮਾਨਸਾ ਪਹੁੰਚੇ ਸਨ।

ਇਹ ਵੱਖਰੀ ਗੱਲ ਹੈ ਕਿ ਉਹ ਇਹ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੇ ਸਿੰਗਲਾ ਤੋਂ ਹਾਰ ਗਏ ਸਨ।

ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਜ਼ਿਲਾ ਮਾਨਸਾ ਅਧੀਨ ਪੈਂਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਮੇਤ ਕਈਆਂ ਨੂੰ ਇਸ ਵਿੱਚ ਨਾਮਜ਼ਦ ਕੀਤਾ ਸੀ।

ਇਸ ਮਾਮਲੇ ਦੀ ਜਾਂਚ ਵਿਚ ਸ਼ਾਮਲ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਸੁਣਵਾਈ ਅਦਾਲਤ ਦੇ ਵਿਚਾਰ-ਅਧੀਨ ਹੈ।

ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦੀ ਇੱਛਾ ਸੀ ਕਿ ਬਲਕੌਰ ਸਿੰਘ ਖੁਦ ਲੋਕ ਸਭਾ ਦੀ ਚੋਣ ਲੜਨ।

"ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਪਣੇ ਕੁਝ ਘਰੇਲੂ ਕਾਰਨਾਂ ਕਰਕੇ ਚੋਣ ਨਾ ਲੜਨ ਦੀ ਗੱਲ ਕਹੀ ਹੈ। ਫਿਰ ਵੀ ਅਸੀਂ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਾਂ।"

ਉਨਾਂ ਕਿਹਾ, "ਸਿੱਧੂ ਮੂਸੇਵਾਲਾ ਦੇ ਕਤਲ ਵਾਲੇ ਦਿਨ ਤੋਂ ਲੈ ਕੇ ਹੀ ਕਾਂਗਰਸ ਪਾਰਟੀ ਉਨਾਂ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ।"

'ਕਾਂਗਰਸ ਪਾਰਟੀ ਨੂੰ ਹੋਵੇਗਾ ਫਾਇਦਾ'

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, @IBALKAURSIDHU

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨਾਲ ਤਸਵੀਰ

ਚੰਦਰ ਪ੍ਰਕਾਸ਼ ਬਠਿੰਡਾ ਸ਼ਹਿਰ ਦੇ ਵਸਨੀਕ ਹਨ ਅਤੇ ਉਹ ਲੰਬਾ ਸਮਾਂ ਪੱਤਰਕਾਰੀ ਨਾਲ ਜੁੜੇ ਰਹੇ ਹਨ। ਉਹ ਪੰਜਾਬ ਦੇ ਸੂਚਨਾ ਕਮਿਸ਼ਨਰ ਵੀ ਰਹਿ ਚੁੱਕੇ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ ਕਿ ਬਿਨਾਂ ਸ਼ੱਕ ਸਿੱਧੂ ਮੂਸੇਵਾਲਾ ਪੰਜਾਬੀਆਂ ਵਿੱਚ ਇੱਕ ਮਕਬੂਲ ਸ਼ਖਸ਼ੀਅਤ ਸਨ।

"ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਆਮ ਪੰਜਾਬੀਆਂ ਖਾਸ ਕਰਕੇ ਨੌਜਵਾਨਾਂ ਦੀਆਂ ਭਾਵਨਾਵਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ।"

ਉਹ ਕਹਿੰਦੇ ਹਨ, "ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਆਜ਼ਾਦ ਤੌਰ 'ਤੇ ਬਲਕੌਰ ਸਿੰਘ ਖੁਦ ਚੋਣ ਮੈਦਾਨ ਵਿੱਚ ਲੜਦੇ ਹਨ ਤਾਂ ਉਹ ਹਰ ਸਿਆਸੀ ਪਾਰਟੀ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੇ ਸਮਰੱਥ ਹਨ।"

ਉਹ ਕਹਿੰਦੇ ਹਨ, "ਹੁਣ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਵੇਂ ਦਾਅਵਾ ਕੀਤਾ ਗਿਆ ਹੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਗਿੱਲੇ-ਸ਼ਿਕਵੇ ਦੂਰ ਹੋ ਗਏ ਹਨ ਤਾਂ ਨਿਸ਼ਚਿਤ ਤੌਰ 'ਤੇ ਇਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਪਹੁੰਚੇਗਾ।"

ਭਾਰਤੀ ਜਨਤਾ ਪਾਰਟੀ ਨਾਲ ਵਖਰੇਵੇਂ ਦੇ ਸਬੰਧ ਵਿੱਚ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਵੱਲੋਂ ਕੀਤੀ ਗਈ ਟਿੱਪਣੀ ਨੂੰ ਉਹ ਇੱਕ ਵੱਖਰੇ ਸੰਦਰਭ ਵਿੱਚ ਦੇਖਦੇ ਹਨ।

ਉਹ ਕਹਿੰਦੇ ਹਨ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਰਾਜ ਸਭਾ ਦੀ ਸੀਟ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ ਇਹ ਵੱਡੀ ਗੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)