ਆਪ੍ਰੇਸ਼ਨ ਬਲੂ ਸਟਾਰ : ਲਾਸ਼ਾਂ ਦਾ ਨਿਪਟਾਰਾ ਕਰਨ ਵਾਲਿਆਂ 'ਚੋਂ ਇੱਕ ਸਫ਼ਾਈ ਸੇਵਕ ਨੇ ਦੱਸੀ ਪੂਰੇ ਹਾਲਾਤ ਦੀ ਕਹਾਣੀ

ਕੇਵਲ ਕੁਮਾਰ
ਤਸਵੀਰ ਕੈਪਸ਼ਨ, ਆਪਰੇਸ਼ ਬਲੂ ਸਟਾਰ ਦੌਰਾਨ ਕੇਵਲ ਕੁਮਾਰ ਨਗਰ ਨਿਗਮ ਅੰਮ੍ਰਿਤਸਰ ਵਿੱਚ ਸਫ਼ਾਈ ਸੇਵਕ ਸਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ

"ਦਰਬਾਰ ਸਾਹਿਬ ਤਾਂ ਛੱਡੋ ਮੈਂ ਉਨ੍ਹਾਂ ਦਿਨਾਂ ਤੋਂ ਬਾਅਦ ਦਰਬਾਰ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਵੀ ਨਹੀਂ ਗਿਆ। ਉਹ ਭਿਆਨਕ ਮੰਜ਼ਰ ਅਤੇ ਮਨੁੱਖੀ ਲਾਸ਼ਾਂ ਦੇ ਸੜਨ ਦੀ ਦੁਰਗੰਧ ਮੈਨੂੰ ਅੱਜ ਵੀ ਨਹੀਂ ਭੁੱਲਦੀ।"

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਿੱਖਾਂ ਦਾ ਸਿਰਮੌਰ ਰੂਹਾਨੀ ਅਸਥਾਨ ਹੈ। ਜਿਸ ਨੂੰ ਗੋਲਡਨ ਟੈਂਪਲ ਅਤੇ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ।

ਅੰਮ੍ਰਿਤਸਰ ਦਾ ਵਾਸੀ ਹੋ ਕੇ ਜੇਕਰ ਕੋਈ ਵਿਅਕਤੀ 41 ਸਾਲਾਂ ਤੋਂ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵੱਲ ਜਾਣ ਦੀ ਹਿੰਮਤ ਨਾ ਜੁਟਾ ਸਕਿਆ ਹੋਵੇ ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਖ਼ਸ਼ ਦੇ ਦਿਲੋ-ਦਿਮਾਗ਼ ਉੱਤੇ 'ਆਪਰੇਸ਼ਨ ਬਲੂ ਸਟਾਰ' ਦੇ ਹਾਲਾਤ ਦਾ ਕਿਹੋ ਜਿਹਾ ਅਸਰ ਪਿਆ ਹੋਵੇਗਾ।

ਮੈਂ ਗੱਲ ਕਰ ਰਿਹਾ ਹਾਂ, ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਸਫਾਈ ਮੁਲਾਜ਼ਮ 73 ਸਾਲਾ ਕੇਵਲ ਕੁਮਾਰ ਦੀ।

ਕੇਵਲ ਕੁਮਾਰ ਉਹ ਸਖ਼ਸ਼ ਹਨ, ਜਿਨ੍ਹਾਂ ਨੇ 'ਆਪਰੇਸ਼ਨ ਬਲੂ ਸਟਾਰ' ਮਗਰੋਂ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਆਸ-ਪਾਸ ਦੇ ਇਲਾਕੇ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਦੀ ਡਿਊਟੀ ਨਿਭਾਈ ਸੀ।

ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਦੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਕੀਤੇ ਹਮਲੇ ਨੂੰ 'ਆਪਰੇਸ਼ਨ ਬਲੂ ਸਟਾਰ' (ਸਾਕਾ ਨੀਲਾ ਤਾਰਾ) ਵਜੋਂ ਜਾਣਿਆ ਜਾਂਦਾ ਹੈ।

ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ।

ਜਰਨੈਲ ਸਿੰਘ ਭਿੰਡਰਾਵਾਲੇ ਸਿੱਖ ਧਰਮ ਦੀ ਪ੍ਰਚਾਰਕ ਸੰਸਥਾ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸਨ।

ਵੀਡੀਓ ਕੈਪਸ਼ਨ, ਆਪ੍ਰੇਸ਼ਨ ਬਲੂ ਸਟਾਰ: ਲਾਸ਼ਾਂ ਦਾ ਨਿਪਟਾਰਾ ਕਰਨ ਵਾਲਿਆਂ 'ਚੋਂ ਇੱਕ ਸਫ਼ਾਈ ਸੇਵਕ ਨੇ ਦੱਸੀ ਪੂਰੇ ਹਾਲਾਤ ਦੀ ਕਹਾਣੀ

ਸਰਕਾਰ ਦਾ ਦਾਅਵਾ ਹੈ ਕਿ ਭਿੰਡਰਾਵਾਲੇ ਨੇ ਹਥਿਆਰਬੰਦ ਹੋ ਕੇ ਕੰਪਲੈਕਸ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਹ ਅਲੱਗ ਦੇਸ ਖ਼ਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ।

ਪਰ ਕਈ ਸਿੱਖ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਇੰਦਰਾ ਗਾਂਧੀ ਸਰਕਾਰ ਦੀ ਧੁਰਵੀਕਰਨ ਦੀ ਸਿਅਆਸਤ ਦਾ ਨਤੀਜਾ ਸੀ।

ਸਰਕਾਰੀ ਵਾਈਟ ਪੇਪਰ ਮੁਤਾਬਕ 'ਆਪ੍ਰੇਸ਼ਨ ਬਲੂ ਸਟਾਰ' 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।

ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ।

ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ।

ਕੇਵਲ ਕੁਮਾਰ

'ਆਪ੍ਰੇਸ਼ਨ ਬਲੂ ਸਟਾਰ' ਦੌਰਾਨ ਹਾਲਾਤ

ਕੇਵਲ ਕੁਮਾਰ ਦੱਸਦੇ ਹਨ ਕਿ ਜਦੋਂ ਸਾਕਾ ਨੀਲਾ ਤਾਰਾ ਵਾਪਰਿਆ, ਉਦੋਂ ਉਹ 32 ਸਾਲ ਦੇ ਸਨ।

ਸਬ- ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਕੇਵਲ ਕੁਮਾਰ ਸਾਨੂੰ ਅੰਮ੍ਰਿਤਸਰ ਨਗਰ ਨਿਗਮ ਦੇ ਆਪਣੇ ਪੁਰਾਣੇ ਦਫ਼ਤਰ ਵਿੱਚ ਹੀ ਮਿਲੇ।

ਜਦੋਂ ਉਹ ਆਪਣੀ ਹੱਡਬੀਤੀ ਸਾਡੇ ਨਾਲ ਸਾਂਝੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ਉੱਤੋਂ ਦਰਦ ਸਾਫ਼ ਝਲਕਦਾ ਸੀ, ਇੰਝ ਲੱਗ ਰਿਹਾ ਸੀ ਜਿਵੇਂ ਉਹ ਅੱਜ ਵੀ ਹਾਲਾਤ ਬਾਰੇ ਦੱਸਣ ਤੋਂ ਹਿਚਕਚਾ ਰਹੇ ਹੋਣ।

ਕੇਵਲ ਕੁਮਾਰ ਕਹਿੰਦੇ ਹਨ, "ਕਿਤੇ ਚਾਰ ਲਾਸ਼ਾਂ ਪਈਆਂ ਸਨ, ਕਿਤੇ ਛੇ ਅਤੇ ਕਿਤੇ ਅੱਠ ਗਰਮੀ ਦਾ ਮੌਸਮ ਸੀ, ਮ੍ਰਿਤਕ ਦੇਹਾਂ ਗਲ਼ ਸੜ ਰਹੀਆਂ ਸਨ, ਬਹੁਤ ਬੁਰਾ ਹਾਲ ਸੀ। ਲਾਸ਼ਾਂ ਫੁੱਲ ਗਈਆਂ ਸਨ।"

ਉਹ ਅੱਗੇ ਦੱਸਦੇ ਹਨ, "ਜਦੋਂ ਅਸੀਂ ਬਾਹਵਾਂ ਜਾਂ ਲੱਤਾਂ ਤੋਂ ਲਾਸ਼ ਨੂੰ ਫੜ੍ਹਦੇ ਸੀ ਤਾਂ ਚਮੜੀ ਹੱਥ ਵਿੱਚ ਰਹਿ ਜਾਂਦੀ ਸੀ, ਆਸ-ਪਾਸ ਬਦਬੂ ਫੈਲੀ ਹੋਈ ਸੀ।"

ਕੇਵਲ ਕੁਮਾਰ

ਸਫਾਈ ਮੁਲਾਜ਼ਮਾਂ ਦੀ ਲੋੜ ਕਦੋਂ ਤੇ ਕਿਉਂ ਪਈ

ਪੁਲਿਸ ਨੇ ਗਲ਼ ਰਹੀਆਂ ਲਾਸ਼ਾਂ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਅਜਿਹੇ ਮੁਸ਼ਕਲ ਹਾਲਾਤ ਵਿੱਚ ਲਾਸ਼ਾਂ ਦਾ ਨਿਪਟਾਰਾ ਕਰਨ ਲਈ ਫੌਜ ਤੇ ਪ੍ਰਸਾਸ਼ਨ ਨੇ ਨਿਗਮ ਦੇ ਸਫਾਈ ਮੁਲਾਜ਼ਮਾਂ ਦੀ ਡਿਊਟੀ ਲਾਈ।

ਕੇਵਲ ਕੁਮਾਰ ਦੱਸਦੇ ਹਨ 6 ਜੂਨ 1984 ਦੀ ਸਵੇਰ ਨੂੰ ਫੌਜ ਅਤੇ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨੂੰ ਘਰੋਂ ਇਸ ਕੰਮ ਵਾਸਤੇ ਲੈਣ ਆਏ ਸਨ।

"ਮੈਂ ਆਪਣੇ ਘਰ ਵਿਹੜੇ ਵਿੱਚ ਬਾਹਰ ਸੁੱਤਾ ਹੋਇਆ ਸੀ। ਮੈਨੂੰ ਫੌਜ ਨੇ ਤੜਕੇ ਪੰਜ ਜਾਂ ਸਾਢੇ ਪੰਜ ਵਜੇ ਉਠਾਇਆ, ਨਾਲ ਡਾਕਟਰ ਰਾਜ ਪਾਲ ਭਾਟੀਆ ਵੀ ਸਨ। ਉੱਥੇ ਹੀ ਮੇਰਾ ਪਾਸ ਬਣਾਇਆ ਗਿਆ ਕਿਉਂਕਿ ਕਰਫਿਊ ਲੱਗਾ ਹੋਇਆ ਸੀ। ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਸੀ। ਫਿਰ ਸਾਨੂੰ ਲਾਸ਼ਾਂ ਚੁਕਵਾਉਣ ਲਈ ਕੂੜੇ ਵਾਲੀਆਂ ਤਿੰਨ ਚਾਰ ਟਰਾਲੀਆਂ ਮਿਲ ਗਈਆਂ।"

"ਇੰਝ ਦੁਪਹਿਰ ਤੱਕ ਅਸੀਂ ਲਾਸ਼ਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ।"

ਸ਼ਮਸ਼ਾਨ ਘਾਟ
ਤਸਵੀਰ ਕੈਪਸ਼ਨ, ਫੌਜੀ ਅਧਿਕਾਰੀ ਕੇਵਲ ਨੂੰ 6 ਜੂਨ ਨੂੰ ਤੜਕੇ ਘਰੋਂ ਉਠਾ ਕਿ ਲਿਆਏ ਸਨ

ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਡਾਕਟਰ ਰਾਜ ਪਾਲ ਭਾਟੀਆ ਨਗਰ ਨਿਗਮ ਵਿਭਾਗ ਵਿੱਚ ਬਤੌਰ ਸਿਹਤ ਅਧਿਕਾਰੀ ਤੈਨਾਤ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਹੀ ਨਿਗਮ ਕਰਮਚਾਰੀਆਂ ਨੂੰ ਲਾਸ਼ਾਂ ਚੁਕਵਾਉਣ ਲਈ ਸੱਦਿਆ ਗਿਆ ਸੀ।

ਰਮੇਸ਼ ਇੰਦਰ ਸਿੰਘ ਨੇ ਆਪ੍ਰੇਸ਼ਨ ਬਲੂ ਸਟਾਰ ਬਾਰੇ 'ਟਰਮੋਇਲ ਇਨ ਪੰਜਾਬ ਬੀਫੋਰ ਐਂਡ ਆਫਟਰ ਬਲੂ ਸਟਾਰ- ਐਨ ਇਨਸਾਈਡਰਜ਼ ਸਟੋਰੀ' ਨਾਂ ਦੀ ਕਿਤਾਬ ਲਿਖੀ ਹੈ, ਜਿਸ ਵਿੱਚ ਕੇਵਲ ਕੁਮਾਰ ਵਲੋਂ ਦੱਸੀ ਜਾਣਕਾਰੀ ਵਰਗੇ ਕਈ ਹੋਰ ਵੇਰਵੇ ਦਰਜ ਕੀਤੇ ਗਏ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਰਮੇਸ਼ ਇੰਦਰ ਸਿੰਘ ਨੇ ਦੱਸਿਆ ਕਿ 3 ਜੂਨ ਨੂੰ ਕਰਫਿਊ ਲੱਗਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ।

ਉਨ੍ਹਾਂ ਨੇ ਦੱਸਿਆ, "6 ਜੂਨ ਆਪ੍ਰੇਸ਼ਨ ਪੂਰਾ ਹੋਣ ਤੱਕ ਲਾਸ਼ਾਂ ਸੜਨ ਲੱਗ ਪਈਆਂ ਸਨ। ਫਿਰ ਪੰਜਾਬ ਸਰਕਾਰ ਨੇ ਲਾਸ਼ਾਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਕਾਮਿਆਂ ਨੂੰ ਸੌਂਪੀ। ਲਾਸ਼ਾਂ ਨੂੰ ਹਟਾਉਣ ਦਾ ਪ੍ਰਬੰਧ ਤਤਕਾਲੀ ਮਿਊਂਸਪਲ ਕਮਿਸ਼ਨਰ ਗੁਲਵੰਤ ਸਿੰਘ ਦੀ ਦੇਖ ਰੇਖ ਵਿੱਚ ਹੋਇਆ।"

ਰਮੇਸ਼ ਇੰਦਰ ਸਿੰਘ
ਤਸਵੀਰ ਕੈਪਸ਼ਨ, ਰਮੇਸ਼ ਇੰਦਰ ਸਿੰਘ ਉਸ ਵੇਲੇ ਅੰਮ੍ਰਿਤਸਰ ਦੇ ਡੀਸੀ ਸਨ

ਲਾਸ਼ਾਂ ਚੁੱਕਣ ਵਾਲਿਆਂ ਦੀ ਮਨੋਦਸ਼ਾ

ਲਾਸ਼ਾਂ ਚੁੱਕਣ ਵਾਲੇ ਦੱਸਦੇ ਹਨ ਕਿ ਮੰਜ਼ਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਨੀਂਦ ਆਉਣੀ ਬੰਦ ਹੋ ਗਈ ਗਈ ਸੀ।

ਉਨ੍ਹਾਂ ਨੂੰ ਵਾਰ-ਵਾਰ ਮੁਰਦਿਆਂ ਦੇ ਕੋਲ ਹੋਣ ਦੇ ਭੁਲੇਖੇ ਪੈਂਦੇ ਸੀ। ਕਈ ਵਾਰੀ ਆਵਾਜ਼ਾਂ ਵੀ ਸੁਣਦੀਆਂ ਸਨ ਅਤੇ ਕੁਝ ਵੀ ਖਾਣ-ਪੀਣ ਦਾ ਦਿਲ ਨਹੀਂ ਕਰਦਾ ਸੀ।

ਕੇਵਲ ਦੱਸਦੇ ਹਨ, "ਰਾਤ ਨੂੰ ਤਾਂ ਨੀਂਦ ਨਹੀਂ ਸੀ ਆਉਂਦੀ ਹੁੰਦੀ। ਚਾਰ ਪੰਜ ਦਿਨ ਤਾਂ ਏਦਾਂ ਲੱਗਦਾ ਸੀ ਕੋਲ ਕੋਈ (ਮੁਰਦਾ) ਖਲੋਤਾ ਹੈ, ਬੈਠਾ ਹੈ। ਕੋਈ ਪੁੱਛਦਾ ਸੀ ਮੇਰੇ ਵਾਲ ਕਿੱਥੇ ਹਨ।"

ਜਦੋਂ ਉਹ ਇਹ ਕੰਮ ਕਰਨ ਤੋਂ ਇਨਕਾਰ ਕਰਦੇ ਤਾਂ ਉਨ੍ਹਾਂ ਨੂੰ ਸ਼ਰਾਬ ਪਿਆਈ ਜਾਂਦੀ ਸੀ, ਪੁਲਿਸ ਥਾਣਿਆਂ ਵਿੱਚੋਂ ਸ਼ਰਾਬ ਦਿੱਤੀ ਜਾਂਦੀ ਅਤੇ ਸ਼ਰਾਬੀ ਕਰ ਕੇ ਲਾਸ਼ਾਂ ਚੁਕਵਾਈਆਂ ਜਾਂਦੀਆਂ ਸਨ।

ਕੇਵਲ ਕੁਮਾਰ ਕਹਿੰਦੇ ਹਨ, "ਵੈਸੇ ਵੀ ਕੋਈ ਬੰਦਾ ਆਮ ਹਾਲਤ ਵਿੱਚ ਅਜਿਹਾ ਕੰਮ ਕਰ ਹੀ ਨਹੀਂ ਸਕਦਾ, ਕੋਈ ਜਾਣ ਵਾਸਤੇ ਤਿਆਰ ਨਹੀਂ ਸੀ, ਅਸੀਂ ਸਫਾਈ ਵਾਲੇ ਮਜ਼ਦੂਰ ਸੀ, ਅਸੀਂ ਹੁਕਮ ਅਦੂਲੀ ਕਿਵੇ ਕਰਦੇ।"

ਕੈਮਰੇ ਉੱਤੇ ਨਾ ਆਉਣ ਦੀ ਸ਼ਰਤ ਉੱਤੇ ਇੱਕ ਹੋਰ ਸਫਾਈ ਸੇਵਕ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨੇੜਲੇ ਅਖਾੜਿਆਂ ਵਿੱਚ ਕੁਸ਼ਤੀ ਸਿੱਖਦਾ ਸੀ।

ਉਨ੍ਹਾਂ ਨੂੰ ਫੌਜ ਨੇ ਜ਼ਬਰੀ ਇਸ ਕੰਮ ਉੱਤੇ ਲਗਾਇਆ, ਪਰ ਉਹ ਮੌਕਾ ਮਿਲਦਿਆਂ ਹੀ ਭੱਜ ਕੇ ਲੁਕ ਗਿਆ।

ਉਹ ਉਸ ਸਮੇਂ ਬੇਰੁਜ਼ਗਾਰ ਸੀ, ਉਸ ਨੂੰ ਲ਼ਾਸ਼ਾਂ ਚੁੱਕਣ ਬਦਲੇ ਨਗਰ ਨਿਗਮ ਵਿੱਚ ਪੱਕੀ ਨੌਕਰੀ ਦਾ ਲਾਲਚ ਦਿੱਤਾ ਗਿਆ ਸੀ। ਪਰ ਉਸ ਨੇ ਭੱਜਣਾ ਹੀ ਬਿਹਤਰ ਸਮਝਿਆ।

ਇਸ ਤਰ੍ਹਾਂ ਦੇ ਕਈ ਹੋਰ ਸਫਾਈ ਮੁਲਾਜ਼ਮਾਂ ਨਾਲ ਸਾਡੀ ਮੁਲਾਕਾਤ ਹੋਈ, ਪਰ ਉਨ੍ਹਾਂ ਇਸ ਮਸਲੇ ਉੱਤੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਇਨ੍ਹਾਂ ਵਿੱਚੋਂ ਕਈਆਂ ਨੇ ਆਫ਼ ਦਾ ਰਿਕਾਰਡ ਦੱਸਿਆ, "ਅਸੀਂ ਤਾਂ ਫਸੇ ਹੋਏ ਸੀ, ਪਰ ਸਾਡੇ ਉੱਤੇ ਲਾਸ਼ਾਂ ਨੂੰ ਲੁੱਟਣ ਅਤੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਣ ਜਿਹੇ ਇਲਜ਼ਾਮ ਲੱਗਦੇ ਹਨ।"

ਇਹੀ ਕਾਰਨ ਹੈ ਕਿ ਇਹ ਲੋਕ ਅੱਜ ਵੀ ਇਸ ਬਾਰੇ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਹਨ।

ਰਮੇਸ਼ ਇੰਦਰ ਸਿੰਘ

ਲਾਸ਼ਾਂ ਕਿੱਥੋਂ-ਕਿੱਥੋਂ ਮਿਲੀਆਂ

ਕੇਵਲ ਕੁਮਾਰ ਦੱਸਦੇ ਹਨ ਕਿ ਲਾਸ਼ਾਂ ਹਰਮਿੰਦਰ ਸਾਹਿਬ ਕੰਪਲੈਕਸ ਦੇ ਅੰਦਰੋਂ ਅਤੇ ਬਾਹਰ ਬਾਜ਼ਾਰਾਂ ਵਿੱਚੋਂ ਵੀ ਮਿਲੀਆਂ ਸਨ। ਦਰਬਾਰ ਸਾਹਿਬ ਵਿੱਚ ਲਾਸ਼ਾਂ ਹੀ ਲਾਸ਼ਾਂ ਸਨ। ਅੰਦਰ ਪਰਿਕਰਮਾ ਵਿੱਚ ਵੀ ਲਾਸ਼ਾਂ ਸਨ।

"ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਲਾਸ਼ਾਂ ਸਨ। ਕਣਕ ਸਾਰੀ ਲਹੂ ਨਾਲ ਭਿੱਜੀ ਹੋਈ ਸੀ। ਸਰੋਵਰ ਵਿੱਚੋਂ ਵੀ ਲਾਸ਼ਾਂ ਮਿਲੀਆਂ ਸਨ। ਪਰ ਉਹ ਫੌਜੀਆਂ ਨੇ ਆਪ ਹੀ ਕਿਸੇ ਢੰਗ ਨਾਲ ਬਾਹਰ ਕੱਢ ਦਿੱਤੀਆਂ ਸਨ। ਕਿਉਂਕਿ ਅਸੀਂ ਕਹਿ ਦਿੱਤਾ ਸੀ ਕਿ ਅਸੀਂ ਅੰਦਰੋਂ ਲਾਸ਼ਾਂ ਨਹੀਂ ਕੱਢਾਂਗੇ। ਸਾਡੇ ਕਿਸੇ ਵੀ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਸੀ।"

ਕੇਵਲ ਕੁਮਾਰ ਮੁਤਾਬਕ, "ਉਨ੍ਹਾਂ ਨੇ ਮਾਈ ਸੇਵਾ ਬਾਜ਼ਾਰ, ਕਾਠੀਆਂ ਆਲੇ ਬਾਜ਼ਾਰ, ਆਟਾ ਮੰਡੀ ਅਤੇ ਘੰਟਾ ਘਰ ਚੌਕ ਵਿੱਚੋਂ ਵੀ ਲਾਸ਼ਾਂ ਚੁੱਕੀਆਂ ਸਨ। ਇਨ੍ਹਾਂ ਵਿੱਚ ਕਈ ਆਮ ਸ਼ਰਧਾਲੂ ਲੱਗ ਰਹੇ ਸਨ।"

ਕੇਵਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਕੋਲ ਮਨੁੱਖੀਂ ਦੇਹਾਂ ਨੂੰ ਕੂੜੇ ਵਾਲੀਆਂ ਟਰਾਲੀਆਂ ਵਿੱਚ ਪਸ਼ੂਆਂ ਵਾਂਗ ਸੁੱਟ ਕੇ ਲੈ ਕੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ, ਨਾ ਹੀ ਮਨੁੱਖੀ ਸਰੀਰਾਂ ਨੂੰ ਸਾਂਭਣ ਲਈ ਕੋਈ ਕੱਪੜਾ ਵਗੈਰਾ ਦਿੱਤਾ ਜਾਂਦਾ ਸੀ।

"ਸਾਨੂੰ ਹਰ ਰੋਜ਼ ਸਿਰਫ਼ ਦੋ ਮੀਟਰ ਕੱਪੜਾ ਮਿਲਦਾ ਸੀ, ਆਪਣੇ ਮੂੰਹ ਨਾਲ ਬੰਨ੍ਹਣ ਲਈ ਤਾਂ ਜੋ ਅਸੀਂ ਬਦਬੂ ਵਿੱਚ ਕੰਮ ਕਰ ਸਕੀਏ।"

ਟਰਾਲੀ
ਤਸਵੀਰ ਕੈਪਸ਼ਨ, ਕੇਵਲ ਸਿੰਘ ਦੱਸਦੇ ਹਨ ਕਿ ਇੱਕ ਟਰਾਲੀ ਵਿੱਚ ਲਗਭਗ ਦਸ ਲਾਸ਼ਾਂ ਪੈ ਜਾਂਦੀਆਂ ਸਨ (ਸੰਕੇਤਕ ਤਸਵੀਰ)

ਲਾਸ਼ਾਂ ਕਿਵੇਂ ਚੁੱਕਦੇ ਸੀ

ਕੇਵਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ਾਂ ਫੌਜ ਦੀ ਨਿਗਰਾਨੀ ਵਿੱਚ ਚੁੱਕੀਆਂ ਸਨ। ਫੌਜ ਦੇ ਦੋ-ਚਾਰ ਜਵਾਨ ਸਾਰਾ ਸਮਾਂ ਉਨ੍ਹਾਂ ਨਾਲ ਹੁੰਦੇ ਸੀ।

ਪੂਰੇ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਸਫਾਈ ਮੁਲਾਜ਼ਮਾਂ ਦੀਆਂ ਟੋਲੀਆਂ ਬਣਾ ਕੇ ਏਰੀਏ ਅਲਾਟ ਕਰ ਦਿੱਤੇ ਗਏ ਸਨ। ਫੌਜੀ ਉਨ੍ਹਾਂ ਨੂੰ ਲਾਸ਼ਾਂ ਕੋਲ ਲੈ ਕੇ ਜਾਂਦੇ ਅਤੇ ਉਹ ਚੁੱਕ ਕੇ ਟਰਾਲੀਆਂ ਵਿੱਚ ਭਰ ਲੈਂਦੇ।

ਕੇਵਲ ਦੱਸਦੇ ਹਨ ਕਿ ਲਾਸ਼ਾਂ ਚੁੱਕਣ ਵਾਸਤੇ ਤਿੰਨ ਤੋਂ ਚਾਰ ਦਿਨ ਲੱਗੇ। ਇੱਕ ਟਰਾਲੀ ਵਿੱਚ ਲਗਭਗ ਦਸ ਲਾਸ਼ਾਂ ਪੈ ਜਾਂਦੀਆਂ ਸਨ। ਇਹ ਲਾਸ਼ਾਂ ਭਰ ਕੇ ਪੋਸਟਮਾਰਟਮ ਵਾਸਤੇ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜੀਆਂ ਜਾਂਦੀਆਂ ਸਨ।

ਕੇਵਲ ਦੱਸਦੇ ਹਨ "ਲਾਸ਼ਾਂ ਇੰਨੀ ਬਦਬੂ ਮਾਰਦੀਆਂ ਸਨ ਕਿ ਪਾਣੀ ਨਾਲ ਫਰਸ਼ ਧੋਣ ਉੱਤੇ ਵੀ ਬਦਬੂ ਨਹੀਂ ਜਾਂਦੀ ਸੀ। ਸਾਡੇ ਆਪਣੇ ਸਰੀਰ ਵਿੱਚੋਂ ਮੁਸ਼ਕ ਆਉਣ ਲੱਗ ਪਈ ਸੀ।"

ਕੇਵਲ ਮੁਤਾਬਕ ਲਾਸ਼ਾਂ ਵਿੱਚ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸ਼ਾਮਲ ਹਨ।

ਰਮੇਸ਼ ਇੰਦਰ ਸਿੰਘ ਮੁਤਾਬਕ ਮਰਨ ਵਾਲੇ ਬੱਚੇ, ਔਰਤਾਂ ਅਤੇ ਬਜ਼ੁਰਗਾਂ ਦੀ ਦਰੁਸਤ ਗਿਣਤੀ ਨਹੀਂ ਹੋ ਸਕੀ ਸੀ ਕਿਉਂਕਿ ਸਫਾਈ ਕਰਮਚਾਰੀ ਕਈ ਲਾਸ਼ਾਂ ਨੂੰ ਸਿੱਧੇ ਸ਼ਮਸ਼ਾਨਘਾਟਾਂ ਵਿੱਚ ਲੈ ਗਏ ਸਨ।

ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ 7-18 ਜੂਨ ਤੱਕ ਸਿਰਫ਼ 536 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 495 ਮਰਦ, 33 ਔਰਤਾਂ 8 ਬੱਚੇ ਸਨ।

1984

ਮੁਰਦਿਆਂ ਵਿੱਚੋਂ ਜ਼ਿੰਦਾ ਵੀ ਮਿਲੇ

ਲਾਸ਼ਾਂ ਚੁੱਕਣ ਦੀ ਕਾਰਵਾਈ ਤੋਂ ਪਹਿਲਾਂ ਜਿੰਨੇ ਜ਼ਖ਼ਮੀ ਵਿਅਕਤੀ ਮਿਲੇ ਸਨ, ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਪਰ ਫਿਰ ਵੀ ਮੁਰਦਿਆਂ ਵਿੱਚੋਂ ਕਈ ਜ਼ਖ਼ਮੀ ਹਾਲਤ ਵਿੱਚ ਕੁਝ ਜ਼ਿੰਦਾ ਸਨ।

ਕੇਵਲ ਕੁਮਾਰ ਕਹਿੰਦੇ ਹਨ ਕਿ ਜਦੋਂ ਉਹ ਲਾਸ਼ਾਂ ਚੁੱਕ ਰਹੇ ਸੀ ਤਾਂ ਉਨ੍ਹਾਂ ਨੂੰ ਥੜਾ ਸਾਹਿਬ ਕੋਲ 1-2 ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲੇ ਸਨ। ਜੋ ਪਹਿਲੀ ਨਜ਼ਰੇ ਲਾਸ਼ਾਂ ਪ੍ਰਤੀਤ ਹੋ ਰਹੇ ਸਨ।

ਕੇਵਲ ਦੱਸਦੇ ਹਨ, "ਮਾਈ ਸੇਵਾ ਤੋਂ ਥੜਾ ਸਾਹਿਬ ਨੂੰ ਜਾਂਦੇ ਰਾਸਤੇ ਵਿੱਚ ਪੰਜ-ਛੇ ਵਿਅਕਤੀ ਮੁਰਦਾ ਪਏ ਸਨ। ਪਰ ਉਨ੍ਹਾਂ ਵਿੱਚ ਇੱਕ-ਦੋ ਵਿਅਕਤੀ ਅਜੇ ਜ਼ਿੰਦਾ ਸਨ। ਫੌਜ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ ਸੀ।"

ਰਮੇਸ਼ ਇੰਦਰ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਇੱਕ ਜ਼ਖ਼ਮੀ ਵਿਅਕਤੀ ਲਾਸ਼ਾਂ ਦੇ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਪਹੁੰਚ ਗਿਆ ਸੀ। ਉਹ ਮੁਰਦਾ ਲੱਗ ਰਿਹਾ ਸੀ।

"ਜਦੋਂ ਡਾਕਟਰਾਂ ਨੇ ਪੋਸਟਮਾਰਟਮ ਕਰਨ ਵਾਸਤੇ ਆਪਣੇ ਔਜ਼ਾਰ ਉਸ ਦੇ ਸਰੀਰ ਵਿੱਚ ਖਭੋਏ, ਉਹ ਚੀਕਿਆ। ਡਾਕਟਰਾਂ ਨੂੰ ਅਹਿਸਾਸ ਹੋਇਆ ਕਿ ਉਹ ਜ਼ਿੰਦਾ ਹੈ। ਫਿਰ ਉਸ ਨੂੰ ਇਲਾਜ ਕਰ ਕੇ ਘਰ ਭੇਜ ਦਿੱਤਾ ਗਿਆ ਸੀ।"

ਰਮੇਸ਼ ਇੰਦਰ ਦੱਸਦੇ ਹਨ ਕਿ ਮੁਰਦਾਘਰ ਵਿੱਚ ਪੋਸਟਮਾਰਟਮ ਵਾਸਤੇ ਅੱਠ ਲਾਸ਼ਾਂ ਅਜਿਹੀਆਂ ਪਹੁੰਚੀਆਂ ਸਨ, ਜਿਨ੍ਹਾਂ ਦੇ ਹੱਥ ਬੰਨੇ ਹੋਏ ਸਨ।

ਉਹ ਕਹਿੰਦੇ ਹਨ, "ਮੈਂ ਅੰਮ੍ਰਿਤਸਰ ਦੇ ਮੈਡੀਕਲ ਅਫਸਰ ਡਾ. ਦਲਬੀਰ ਨੂੰ ਇੱਕ ਚਿੱਠੀ ਲਿਖ ਕੇ ਪੁੱਛਿਆ ਸੀ ਅਤੇ ਉਨ੍ਹਾਂ ਦੱਸਿਆ ਸੀ ਕਿ 8 ਲਾਸ਼ਾਂ ਦੇ ਹੱਥ ਪਿੱਛੇ ਬੰਨੇ ਹੋਏ ਸਨ।"

1984

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਕਿੰਨੀਆਂ ਮੌਤਾਂ ਹੋਈਆਂ

ਸਾਕਾ ਨੀਲਾ ਤਾਰਾ ਦੇ 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਦੁਖਾਂਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਕਈ ਮਤਭੇਦ ਹਨ। ਇਸ ਸਾਕੇ ਵਿੱਚ ਹੋਈਆਂ ਮੌਤਾਂ ਸਬੰਧੀ ਸਮੇਂ-ਸਮੇਂ ਉੱਤੇ ਵੱਖ-ਵੱਖ ਅੰਕੜੇ ਸਾਹਮਣੇ ਆਏ ਹਨ।

ਭਾਰਤ ਸਰਕਾਰ ਵੱਲੋਂ 'ਆਪ੍ਰੇਸ਼ਨ ਬਲੂ ਸਟਾਰ' ਸਬੰਧੀ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਵਿੱਚ ਮਰਨ ਵਾਲਿਆਂ ਦੀ ਅਧਿਕਾਰਕ ਗਿਣਤੀ 493 ਦੱਸੀ ਗਈ ਹੈ। ਇਹਨਾਂ ਵਿੱਚ ਖਾੜਕੂ ਅਤੇ ਬੇਕਸੂਰ ਆਮ ਲੋਕ ਵੀ ਸ਼ਾਮਲ ਹਨ।

ਪੰਜਾਬ ਦੇ ਤਤਕਾਲੀ ਗਵਰਨਰ ਬੀਡੀ ਪਾਂਡੇ ਨੇ ਆਪਣੀ ਕਿਤਾਬ 'ਇੰਨ ਦੀ ਸਰਵਿਸ ਆਫ ਫਰੀ ਇੰਡੀਆ' ਵਿੱਚ ਅੰਕੜਾ 1200 ਦੱਸਿਆ ਹੈ।

ਰਮੇਸ਼ ਇੰਦਰ ਸਿੰਘ ਨੇ ਆਪਣੀ ਕਿਤਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ 783 ਦੱਸੀ ਹੈ। ਉਨ੍ਹਾਂ ਮੁਤਾਬਕ 26 ਮੌਤਾਂ ਆਮ ਨਿਰਦੋਸ਼ ਲੋਕਾਂ ਦੀਆਂ ਸਨ।

ਰਮੇਸ਼ ਇੰਦਰ ਸਿੰਘ ਮੁਤਾਬਕ 763 ਲਾਸ਼ਾਂ ਦਾ ਸਸਕਾਰ ਚਾਟੀਵਿੰਡ ਸ਼ਹੀਦਾਂ ਸ਼ਮਸ਼ਾਨਘਾਟ ਵਿੱਚ ਅਤੇ 20 ਲਾਸ਼ਾਂ ਦਾ ਸਸਕਾਰ ਸ਼ਿਵ ਪੁਰੀ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਸੀ।

ਉਨ੍ਹਾਂ ਮੁਤਾਬਕ 717 ਮੌਤਾਂ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਹੋਈਆਂ ਸਨ ਅਤੇ ਬਾਕੀ ਕੰਪਲੈਕਸ ਤੋਂ ਬਾਹਰ ਹੋਈਆਂ ਸਨ।

ਉਹ ਜ਼ਖ਼ਮੀਆਂ ਦੀ ਗਿਣਤੀ ਵੀ 178 ਦੱਸਦੇ ਹਨ, ਜਿਨ੍ਹਾਂ ਵਿੱਚੋਂ 102 ਜ਼ਖ਼ਮੀ ਆਮ ਸ਼ਰਧਾਲੂ ਸਨ।

ਸ਼੍ਰੋਮਣੀ ਕਮੇਟੀ ਨੇ ਇਸ ਸਾਕੇ ਵਿੱਚ ਮਰਨ ਵਾਲਿਆਂ ਦੇ ਵਾਰਿਸਾਂ ਨੂੰ ਵਿੱਤੀ ਗ੍ਰਾਂਟਾਂ ਦਿੱਤੀਆਂ ਸਨ ਅਤੇ ਇਹ ਗ੍ਰਾਂਟਾਂ ਪ੍ਰਾਪਤ ਕਰਨ ਵਾਲੇ 741 ਲਾਭਪਾਤਰੀਆਂ ਦੀ ਸੂਚੀ ਵੀ ਜਾਰੀ ਕੀਤੀ ਸੀ।

ਕੇਵਲ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ 1000 ਦੇ ਕਰੀਬ ਲਾਸ਼ਾਂ ਢੋਈਆਂ ਗਈਆਂ ਸਨ।

ਕੇਵਲ ਕੁਮਾਰ ਕਹਿੰਦੇ ਹਨ, "ਲਾਸ਼ਾਂ ਹਜ਼ਾਰ ਤੋਂ 10-20 ਵੱਧ ਜਾਂ 10-20 ਘੱਟ ਹੋਣਗੀਆਂ। ਜਦੋਂ ਲਾਸ਼ਾਂ ਖਿੱਲਰੀਆਂ ਪਈਆਂ ਸਨ ਤਾਂ 2000 ਦੇ ਕਰੀਬ ਲੱਗਦੀਆਂ ਸਨ ਪਰ ਜਦੋਂ ਗਿਣਤੀ ਹੋਈ ਤਾਂ 1000 ਦੇ ਆਸਪਾਸ ਹੀ ਸੀ।"

ਪ੍ਰਤਾਪ ਸਿੰਘ
ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਹਨ

ਮ੍ਰਿਤਕਾਂ ਦੀ ਸੰਭਾਲ ਦੇ ਤਰੀਕੇ ਦੀ ਆਲੋਚਨਾ

ਰਮੇਸ਼ ਇੰਦਰ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਲਾਸ਼ਾਂ ਦੇ ਸਸਕਾਰ ਦਾ ਕੰਮ ਅਕਸਰ ਆਲੋਚਨਾ ਦਾ ਕਾਰਨ ਬਣਿਆ।

ਉਹ ਲਿਖਦੇ ਹਨ ਕਿ ਮ੍ਰਿਤਕਾਂ ਨੂੰ ਲੈ ਕੇ ਜਾਣ ਲਈ ਸਫਾਈ ਕਰਮਚਾਰੀਆਂ ਅਤੇ ਮਿਊਂਸੀਪਲ ਟਰੱਕਾਂ ਦੀ ਵਰਤੋਂ ਕਰਨ ਲਈ ਪ੍ਰਸ਼ਾਸਨ ਦੀ ਨਿੰਦਾ ਕੀਤੀ ਗਈ।

ਕੁਝ ਇਤਿਹਾਸਕਾਰਾਂ ਨੇ ਇਸ ਨੂੰ ਦਿਲ ਦਹਿਲਾ ਦੇਣ ਵਾਲਾ ਬਿਰਤਾਂਤ ਦੱਸਿਆ ਕਿ ਕਿਸ ਤਰ੍ਹਾਂ ਮ੍ਰਿਤਕਾਂ ਨੂੰ ਕੂੜੇ ਦੇ ਟਰੱਕਾਂ ਵਿੱਚ ਢੋਇਆ ਗਿਆ ਅਤੇ ਸਮੂਹਿਕ ਸੰਸਕਾਰ ਕੀਤਾ ਗਿਆ।

"ਇਹ ਬਹੁਤ ਭਿਆਨਕ ਦ੍ਰਿਸ਼ ਸੀ। ਮੌਤ ਅਤੇ ਤਬਾਹੀ ਹਰ ਪਾਸੇ ਸੀ। ਅਕਾਲ ਤਖ਼ਤ ਸਾਹਿਬ ਦੀ ਇਮਾਰਤ ਲਗਭਗ ਢਹਿ ਗਈ ਸੀ।"

ਉਹ ਕਹਿੰਦੇ ਹਨ ਕਿ ਉੱਥੇ ਮਲਬਾ ਵੀ ਪਿਆ ਸੀ। ਹੋਰਨਾਂ ਇਮਾਰਤ ਵਿੱਚ ਵੀ ਗੋਲੀਆਂ ਲੱਗੀਆ ਸੀ। ਮਲਬਾ ਵੀ ਸੀ। ਲਾਸ਼ਾਂ ਵੀ ਸਨ। ਫੌਜ ਦੀਆਂ ਲਾਸ਼ਾਂ ਵੀ ਸੀ। ਆਮ ਨਾਗਰਿਕਾਂ ਦੀਆਂ ਲਾਸ਼ਾਂ ਵੀ ਸੀ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਲਾਸ਼ਾਂ ਦਾ ਨਿਰਾਦਰ ਕੀਤਾ ਗਿਆ।

"ਆਪ੍ਰੇਸ਼ਨ ਬਲੂ ਸਟਾਰ ਵਿੱਚ ਜਾਨਾਂ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਦਾ ਨਿਰਾਦਰ ਕੀਤਾ ਗਿਆ। ਉਹ ਵੀ ਕਿਸੇ ਦੇ ਪਰਿਵਾਰ ਦੇ ਮੈਂਬਰ ਸਨ। ਉਨ੍ਹਾਂ ਦਾ ਸਸਕਾਰ ਮਾਣ ਮਰਿਆਦਾ ਨਾਲ ਨਹੀਂ ਹੋਇਆ। ਉਨ੍ਹਾਂ ਦਾ ਸੰਸਕਾਰ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਹੋਣਾ ਚਾਹੀਦਾ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)